ਪ੍ਰਯਾਯ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪ੍ਰਯਾਯ (ਸ੍ਰੀ ਗੁਰੂ ਗ੍ਰੰਥ ਸਾਹਿਬ): ਗੁਰੂ ਗ੍ਰੰਥ ਸਾਹਿਬ ਦੀ ਵਿਵਸਥਿਤ ਟੀਕਾਕਾਰੀ ਸ਼ੁਰੂ ਹੋਣ ਤੋਂ ਪਹਿਲਾਂ ਅਰਥ ਕਰਨ ਦੀ ਪ੍ਰਯਾਯ-ਵਿਧੀ ਪ੍ਰਚਲਿਤ ਸੀ। ਇਸ ਵਿਧੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਬਾਣੀ-ਕ੍ਰਮ ਅਨੁਸਾਰ ਔਖੇ ਸ਼ਬਦਾਂ ਦੀ ਚੋਣ ਕਰਕੇ ਉਨ੍ਹਾਂ ਦੇ ਕੇਵਲ ਅਰਥ ਲਿਖੇ ਜਾਂਦੇ ਸਨ। ਸਪੱਸ਼ਟ ਹੈ ਕਿ ‘ਪ੍ਰਯਾਯ’ ਦਾ ਅਰਥ ਕੋਸ਼ ਨਹੀਂ , ਕਿਉਂਕਿ ਇਸ ਵਿਚ ਕੋਸ਼ ਵਾਲੀ ਅਰਥ-ਵਿਵਸਥਾ ਨਹੀਂ ਹੁੰਦੀ।

            ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲਗਭਗ ਦੋ ਦਰਜਨ ਪ੍ਰਯਾਯ ਛਪੇ ਜਾਂ ਅਣਛਪੇ ਰੂਪ ਵਿਚ ਉਪਲਬਧ ਹਨ ਜਿਨ੍ਹਾਂ ਦਾ ਵਿਵਰਣ ਡਾ. ਹਰਨਾਮ ਸਿੰਘ ਸ਼ਾਨ ਨੇ ਆਪਣੀ ਪੁਸਤਕ ‘ਗੁਰੂ ਗ੍ਰੰਥ ਸਾਹਿਬ ਦੀ ਕੋਸ਼ਕਾਰੀ’ (ਭਾਸ਼ਾ ਵਿਭਾਗ , ਪਟਿਆਲਾ , 1994) ਵਿਚ ਦਿੱਤਾ ਹੈ। ਇਨ੍ਹਾਂ ਪ੍ਰਯਾਯਾਂ ਵਿਚੋਂ ਅਧਿਕ ਪ੍ਰਸਿੱਧ ਭਾਈ ਚੰਦਾ ਸਿੰਘ ਦੇ ਹਨ। ਭਾਈ ਚੰਦਾ ਸਿੰਘ ਗਿਆਨੀ ਸੰਪ੍ਰਦਾਇ ਨਾਲ ਸੰਬੰਧਿਤ ਸੀ, ਇਸ ਲਈ ਉਸ ਦੇ ਲਿਖੇ ਪ੍ਰਯਾਯ ਜ਼ਿਆਦਾ ਪ੍ਰਚਲਿਤ ਹੋਏ। ਭਾਈ ਜੀ ਨੇ ਆਪਣੇ ਲਿਖੇ ਪ੍ਰਯਾਯਾਂ ਨੂੰ ਦੋ ਸੁਤੰਤਰ ਰਚਨਾਵਾਂ ਦੇ ਰੂਪ ਵਿਚ ਸਿਰਜਿਆ ਹੈ। ਪਹਿਲਾ ਪ੍ਰਯਾਯ ‘ਪ੍ਰਿਯਾਇ ਫ਼ਾਰਸੀ ਪਦੋਂ ਕੇ’ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਫ਼ਾਰਸੀ ਸ਼ਬਦਾਂ ਦੇ ਅਰਥ ਹਨ। ਇਸ ਦਾ ਪ੍ਰਕਾਸ਼ਨ ਅਮਰ ਪ੍ਰੈਸ, ਅੰਮ੍ਰਿਤਸਰ ਵਲੋਂ 1887-88 ਈ. ਵਿਚ ਹੋਇਆ। ਦੂਜਾ ਪ੍ਰਯਾਯ ‘ਪ੍ਰਿਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ’ ਹੈ ਜਿਸ ਵਿਚ ਔਖੇ ਸ਼ਬਦਾਂ ਅਤੇ ਵਾਕਾਂਸ਼ਾਂ ਦੇ ਅਰਥ ਦਿੱਤੇ ਹਨ। ਇਹ ਪੁਸਤਕ ਪਹਿਲੀ ਵਾਰ ਚਸ਼ਮਾ-ਏ- ਨੂਰ ਪ੍ਰੈਸ, ਅੰਮ੍ਰਿਤਸਰ ਵਲੋਂ 1902 ਈ. ਵਿਚ ਛਪੀ ਸੀ।

ਉਦਾਸੀ ਸੰਪ੍ਰਦਾਇ ਦੇ ਇਕ ਵਿਦਵਾਨ ਸਾਧੂ ਸੁਤੇ ਪ੍ਰਕਾਸ਼ ਨੇ ਵੀ ਇਕ ਮਹੱਤਵਪੂਰਣ ਪ੍ਰਯਾਯ ਦੀ ਰਚਨਾ ਕੀਤੀ ਸੀ ਜੋ ‘ਪ੍ਰਯਾਇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ’ ਨਾਂ ਅਧੀਨ ਸੰਨ 1898 ਈ. ਵਿਚ ਵਜ਼ੀਰ ਹਿੰਦ ਪ੍ਰੈਸ, ਅੰਮ੍ਰਿਤਸਰ ਵਲੋਂ ਛਪੀ ਸੀ। ਕੁਲ 1440 ਪੰਨਿਆਂ ਦੀ ਇਸ ਰਚਨਾ ਵਿਚੋਂ 110 ਪੰਨਿਆਂ ਵਿਚ ‘ਜਪੁਜੀ ’ ਦੀ ਵਿਆਖਿਆ ਕੀਤੀ ਗਈ ਹੈ। ਇਸ ਵਿਆਖਿਆ ਨੂੰ ਸਿੱਧਾਂ ਵਲੋਂ ਪ੍ਰਸ਼ਨ ਅਤੇ ਗੁਰੂ ਜੀ ਵਲੋਂ ਉਤਰ ਰੂਪ ਵਿਚ ਗੋਸਟਿ -ਵਿਧੀ ਰਾਹੀਂ ਦੇਣ ਦਾ ਯਤਨ ਕੀਤਾ ਗਿਆ ਹੈ। ਇਸ ਵਿਚ ਬਹੁਤ ਸਾਰੀਆਂ ਪੌਰਾਣਿਕ ਕਥਾਵਾਂ ਅਤੇ ਪ੍ਰਸੰਗਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਾਧ-ਭਾਖਾ ਵਿਚ ਲਿਖੀ ਇਸ ਰਚਨਾ ਦਾ ਝੁਕਾ ਹਿੰਦੂ ਧਰਮ-ਗ੍ਰੰਥਾਂ ਵਲ ਅਧਿਕ ਹੈ।

ਆਧੁਨਿਕ ਯੁਗ ਵਿਚ ਗੁਰੂ ਗ੍ਰੰਥ ਸਾਹਿਬ ਦੀ ਕੋਸ਼ਕਾਰੀ ਸੰਬੰਧੀ ਹੋਏ ਬਹੁ-ਪਸਾਰੀ ਨਿਗਰ ਕੰਮਾਂ ਦੀ ਉਪਲਬਧੀ ਕਰਕੇ ਭਾਵੇਂ ਇਨ੍ਹਾਂ ਪ੍ਰਯਾਯ-ਰਚਨਾਵਾਂ ਦਾ ਕੋਈ ਮਹੱਤਵ ਨਹੀਂ ਰਿਹਾ, ਪਰ ਗੁਰੂ ਗ੍ਰੰਥ ਸਾਹਿਬ ਦੀ ਕੋਸ਼ਕਾਰੀ ਦੇ ਇਤਿਹਾਸ ਵਿਚ ਇਨ੍ਹਾਂ ਦੀ ਬੁਨਿਆਦੀ ਭੂਮਿਕਾ ਜ਼ਰੂਰ ਰਹੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.