ਫਰੀਦਕੋਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫਰੀਦਕੋਟ. “ਮੋਕਲ ਨਗਰ” ਰਾਜਾ ਮੋਕਲਦੇਵ ਨੇ ਵਿਕ੍ਰਮੀ ਤੇਰਵੀਂ ਸਦੀ ਵਿਚ ਵਸਾਇਆ, ਪਰ ਫਰੀਦ ਜੀ ਦੇ ਚਰਣ ਪਾਉਣ ਸਮੇਂ ਰਾਜੇ ਨੇ ਆਪਣਾ ਨਾਉਂ ਹਟਾਕੇ ਦਰਵੇਸ਼ ਦੇ ਨਾਉਂ ਪੁਰ ਨਗਰ ਦਾ ਨਾਉਂ ਰੱਖਿਆ.1 ਇਹ ਲਹੌਰੋਂ ੭੯ ਅਤੇ ਫਿਰੋਜ਼ਪੁਰ ਤੋਂ ੨੨ ਮੀਲ ਦੱਖਣ ਪੂਰਵ ਹੈ ਅਤੇ N.W.R. ਦਾ ਸਟੇਸ਼ਨ ਹੈ.

ਫਰੀਦਕੋਟ ਚਿਰ ਤੀਕ ਅਨੇਕ ਲੋਕਾਂ ਦੇ ਹੱਥ ਰਿਹਾ, ਅੰਤ ਨੂੰ ਈਸਵੀ ਸੋਲਵੀਂ ਸਦੀ ਵਿੱਚ ਇਸ ਤੇ ਬਰਾੜਵੰਸ਼ ਦਾ ਕਬਜਾ ਹੋਇਆ. ਹੁਣ ਇਹ ਪ੍ਰਸਿੱਧ ਸਿੱਖ ਰਿਆਸਤ ਹੈ. ਜਿਸ ਦੀ ਸੰਖੇਪ ਕਥਾ ਇਹ ਹੈ—

ਜੈਸਲ ਭੱਟੀ ਰਾਜਪੂਤ ਦੀ ਵੰਸ਼ ਵਿੱਚ ਬਰਾੜ ਪ੍ਰਤਾਪੀ ਪੁਰਖ ਹੋਇਆ. ਜਿਸ ਦੇ ਵਡੇ ਪੁਤ੍ਰ ਪੌੜ ਤੋਂ ਫੂਲਵੰਸ਼ ਦੀ ਸ਼ਾਖ ਤੁਰੀ ਅਤੇ ਛੋਟੇ ਦੁੱਲ ਤੋਂ ਫਰੀਦਕੋਟ ਦਾ ਵੰਸ਼ ਚੱਲਿਆ. ਦੁੱਲ ਦੀ ਕੁਲ ਵਿੱਚ ਬਾਦਸ਼ਾਹ ਅਕਬਰ ਦੇ ਸਮੇਂ ਚੌਧਰੀ ਭੱਲਣ ਮਾਲਵੇ ਵਿੱਚ ਸਿਰਕਰਦਾ ਆਦਮੀ ਸੀ, ਕਿਉਂਕਿ ਭੱਲਣ ਦੇ ਪਿਤਾ ਸੰਘਰ ਨੇ ਕਈ ਜੰਗਾਂ ਵਿੱਚ ਬਾਦਸ਼ਾਹ ਨੂੰ ਭਾਰੀ ਸਹਾਇਤਾ ਦਿੱਤੀ ਸੀ. ਜਿਸ ਦਾ ਅਕਬਰ ਨੂੰ ਸਦਾ ਧਿਆਨ ਰਹਿੰਦਾ ਸੀ. ਪਰ ਭੱਲਣ ਦਾ ਮਨਸੂਰ ਨਾਲ , ਜੋ ਸਰਸੇ ਵੱਲ ਦੇ ਪਰਗਨੇ ਦਾ ਮਾਲਗੁਜਾਰ ਚੌਧਰੀ ਸੀ, ਇਲਾਕੇ ਦੀ ਸਰਦਾਰੀ ਬਾਬਤ ਝਗੜਾ ਬਣਿਆ ਰਹਿੰਦਾ ਸੀ. ਇਕ ਵਾਰ ਇਹ ਦੋਵੇਂ ਅਕਬਰ ਦੇ ਦਰਬਾਰ ਵਿੱਚ ਹਾਜਰ ਹੋਏ, ਤਾਂ ਮਨਸੂਰ ਨੂੰ ਬਾਦਸ਼ਾਹ ਵੱਲੋਂ ਸਰੋਪਾ ਮਿਲਿਆ. ਜਦ ਮਨਸੂਰ ਸਿਰ ਤੇ ਚੀਰਾ ਬੰਨ੍ਹਣ ਲੱਗਾ, ਤਾਂ ਭੱਲਣ ਨੇ ਆਪਣੇ ਸਰੋਪਾ ਦੀ ਉਡੀਕ ਕਰਨ ਤੋਂ ਪਹਿਲਾਂ ਹੀ, ਮਨਸੂਰ ਦਾ ਅੱਧਾ ਚੀਰਾ ਪਾੜਕੇ ਆਪਣੇ ਸਿਰ ਤੇ ਬੰਨ੍ਹ ਲਿਆ. ਇਸ ਪੁਰ ਅਕਬਰ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਵਿੱਚ ਬਰਾਬਰ ਦੇ ਇਲਾਕੇ ਵੰਡ ਦਿੱਤੇ.2

ਸਨ ੧੬੩੦ (ਸੰਮਤ ੧੬੮੮) ਵਿੱਚ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਲਵੇ ਆਏ, ਤਾਂ ਭੱਲਣ ਨੇ ਗੁਰਸਿੱਖੀ ਧਾਰਨ ਕੀਤੀ ਅਤੇ ਤਨ ਮਨ ਤੋਂ ਆਪਣੀ ਬਿਰਾਦਰੀ ਸਮੇਤ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ. ਭੱਲਣ ਦੇ ਔਲਾਦ ਨਹੀਂ ਸੀ, ਇਸ ਲਈ ਉਸ ਦੇ ਦੇਹਾਂਤ ਪਿੱਛੋਂ ਸਨ ੧੬੪੩ ਵਿੱਚ ਉਸ ਦੇ ਭਾਈ ਲਾਲੇ ਦਾ ਪੁਤ੍ਰ ਕਪੂਰਾ, ਜਿਸ ਦਾ ਜਨਮ ਸਨ ੧੬੨੮ ਵਿੱਚ ਹੋਇਆ ਸੀ, ਚੌਧਰੀ ਥਾਪਿਆ ਗਿਆ. ਕਪੂਰੇ ਨੇ ਆਪਣੇ ਨਾਉਂ ਤੇ ਸਨ ੧੬੬੧ ਵਿੱਚ ਕੋਟਕਪੂਰਾ ਪਿੰਡ ਵਸਾਇਆ. ਇਹ ਉਦਾਰ ਬਹਾਦੁਰ ਅਤੇ ਨ੍ਯਾਯਕਾਰੀ ਸੀ. ਇਸ ਲਈ ਇਸ ਦੇ ਅਧੀਨ ਰਹਿਣਾ ਲੋਕ ਬਹੁਤ ਪਸੰਦ ਕਰਦੇ ਸਨ.

ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਵੱਲ ਸੰਮਤ ੧੭੬੧- ੬੨ (ਸਨ ੧੭੦੩- ੪) ਵਿੱਚ ਆਏ, ਤਦ ਇਸ ਨੇ ਸਿਰੀਏਵਾਲੇ ਪਿੰਡ ਕਲਗੀਧਰ ਤੋਂ ਅੰਮ੍ਰਿਤ ਛਕਿਆ ਅਰ ਨਾਮ ਕਪੂਰ ਸਿੰਘ ਹੋਇਆ. ਇਸ ਮੌਕੇ ਦਸ਼ਮੇਸ਼ ਨੇ ਇਸ ਨੂੰ ਇੱਕ ਤਲਵਾਰ ਤੇ ਢਾਲ ਬਖਸ਼ੀ. ਕਪੂਰ ਸਿੰਘ ਅੰਮ੍ਰਿਤ ਛਕਣ ਤੋਂ ਪਹਿਲਾਂ ਭੀ ਸਹਜਧਾਰੀ ਸਿੱਖ ਸੀ, ਇਸੇ ਲਈ ਆਨੰਦਪੁਰ ਸਤਿਗੁਰਾਂ ਦੀ ਸੇਵਾ ਵਿੱਚ ਭੇਟਾ ਭੇਜਦਾ ਰਹਿੰਦਾ ਸੀ. ਇੱਕ ਵਾਰ ਇਸ ਨੇ ਬਹੁਤ ਸੁੰਦਰ ਘੋੜਾ ਗੁਰੂ ਸਾਹਿਬ ਦੀ ਸਵਾਰੀ ਲਈ ਘੱਲਿਆ ਸੀ, ਜਿਸ ਬਾਬਤ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ3—

“ਜੰਗਲ ਬਿਖੇ ਕਪੂਰਾ ਜਾਟ,

ਕੇਤਿਕ ਗ੍ਰਾਮਨ ਕੋ ਪਤਿ ਰਾਠ ,

ਇਕ ਸੌ, ਇਕ ਹਜਾਰ4 ਧਨ ਦੈਕੈ,

ਚੰਚਲ ਬਲੀ ਤੁਰੰਗਮ ਲੈਕੈ,

ਸੋ ਹਜੂਰ ਮੇ ਦਯੋ ਪੁਚਾਈ,

ਦੇਖ੍ਯੋ ਬਹੁ ਬਲ ਸੋਂ ਚਪਲਾਈ,

ਅਪਨੇ ਚਢਬੇ ਹੇਤ ਬੰਧਾਯੋ,

ਦਲਸਿੰਗਾਰ ਤਿਂਹ ਨਾਮ ਬਤਾਯੋ”।5

(ਗੁਪ੍ਰਸੂ)

ਸਰਦਾਰ ਈਸਾਖ਼ਾਨ ਮੰਜ, ਜਿਸ ਦਾ ਇਲਾਕਾ ਕਪੂਰ ਸਿੰਘ ਦੇ ਨਾਲ ਲਗਦਾ ਸੀ, ਮਨ ਵਿੱਚ ਸਦਾ ਵੈਰ ਰੱਖਦਾ ਸੀ, ਇੱਕ ਵਾਰ ਮੌਕਾ ਪਾਕੇ ਧੋਖੇ ਨਾਲ ਕਪੂਰ ਸਿੰਘ ਨੂੰ ਫੜਕੇ ਉਸ ਨੇ ਮਾਰ ਦਿੱਤਾ. ਇਹ ਘਟਨਾ ਸਨ ੧੭੦੮ ਦੀ ਹੈ.

ਕਪੂਰ ਸਿੰਘ ਦੇ ਬੇਟੇ ਸੁੱਖਾ , ਸੇਮਾ ਮੁਖੀਆ ਸਨ, ਇਨ੍ਹਾਂ ਨੇ ਪਿਤਾ ਦਾ ਬਦਲਾ ਲੈਣ ਲਈ ਈਸਾਖ਼ਾਨ ਨੂੰ ਜੰਗ ਵਿੱਚ ਮਾਰਕੇ ਉਸ ਦਾ ਕਿਲਾ ਲੁੱਟਿਆ ਅਤੇ ਕੁਝ ਇਲਾਕਾ ਮੱਲਿਆ.

ਕਪੂਰ ਸਿੰਘ ਪਿੱਛੋਂ ਇਲਾਕੇ ਦਾ ਚੌਧਰੀ ਸੇਮਾ ਹੋਇਆ, ਜਿਸ ਨੇ ਦੋ ਵਰ੍ਹੇ ਚੌਧਰ ਕੀਤੀ. ਸਨ ੧੭੧੦ ਵਿੱਚ ਸੇਮੇ ਦੇ ਮਰਣ ਪੁਰ ਉਸ ਦਾ ਵਡਾ ਭਾਈ ਸੁੱਖਾ ਚੌਧਰੀ ਬਣਿਆ. ਇਸ ਨੇ ਆਪਣੇ ਉੱਦਮ ਨਾਲ ਕਈ ਲਾਗੇ ਦੇ ਪਿੰਡ ਆਪਣੀ ਸਰਦਾਰੀ ਹੇਠ ਲੈ ਆਂਦੇ. ਸੁੱਖੇ ਦਾ ਦੇਹਾਂਤ ਸਨ ੧੭੩੧ ਵਿੱਚ ਹੋਇਆ. ਇਸ ਦੇ ਪੁਤ੍ਰ ਜੋਧ, ਹਮੀਰ ਅਤੇ ਵੀਰ ਇਲਾਕੇ ਦੀ ਵੰਡ ਪਿੱਛੇ ਝਗੜਨ ਲੱਗੇ. ਉਸ ਵੇਲੇ ਦੇ ਮੁਖੀਏ ਸਿੰਘ ਸਰਦਾਰਾਂ ਨੇ ਵਿੱਚ ਪੈਕੇ ਫੈਸਲਾ ਕੀਤਾ ਕਿ ਫਰੀਦਕੋਟ ਹਮੀਰ ਸਿੰਘ ਪਾਸ ਰਹੇ ਅਤੇ ਕੋਟਕਪੂਰਾ ਜੋਧ ਪਾਸ ਅਰ ਮਾੜੀਮੁਸਤਫਾ ਵੀਰ ਨੂੰ ਦਿੱਤੀ ਜਾਵੇ. ਖਾਲਸਾਦਲ ਨੇ ਇਸ ਮੌਕੇ ਤੇਹਾਂ ਭਾਈਆਂ ਨੂੰ ਅਮ੍ਰਿਤ ਛਕਾਕੇ ਸਿੰਘ ਸਜਾਇਆ.

     ਸਨ ੧੭੩੨ ਵਿੱਚ ਸਰਦਾਰ ਹਮੀਰ ਸਿੰਘ ਨੇ ਫਰੀਦਕੋਟ ਸੰਭਾਲਕੇ ਰਾਜਸੀ ਠਾਟ ਬਣਾ ਲਿਆ ਅਰ ਸ਼ਹਿਰ ਨੂੰ ਬਹੁਤ ਰੌਣਕ ਦਿੱਤੀ. ਜੋਧ ਸਿੰਘ ਦਾ ਕਈ ਕਾਰਣਾਂ ਕਰਕੇ ਪਟਿਆਲੇ ਨਾਲ ਝਗੜਾ ਹੋ ਗਿਆ, ਜਿਸ ਤੋਂ ਉਹ ਸਨ ੧੭੫੭ ਵਿੱਚ ਜੰਗ ਅੰਦਰ ਮਾਰਿਆ ਗਿਆ.

ਸਨ ੧੭੮੨ ਵਿੱਚ ਹਮੀਰ ਸਿੰਘ ਦਾ ਦੇਹਾਂਤ ਹੋਣ ਪੁਰ ਰਾਜ ਦਾ ਮਾਲਿਕ ਮੋਹਰ ਸਿੰਘ ਹੋਇਆ.1 ਇਹ ਯੋਗ੍ਯ ਪ੍ਰਬੰਧਕ ਨਹੀਂ ਸੀ. ਇਸ ਲਈ ਇਸ ਦੇ ਪੁਤ੍ਰ ਚੜ੍ਹਤ ਸਿੰਘ ਨੇ ਬਾਪ ਨੂੰ ਹੁਕੂਮਤ ਤੋਂ ਕਿਨਾਰੇ ਕਰਕੇ ਸਰਦਾਰੀ ਆਪਣੇ ਹੱਥ ਲਈ. ਚੜ੍ਹਤ ਸਿੰਘ ਬਹੁਤ ਲਾਇਕ ਅਤੇ ਨਿਰਭੈ ਯੋਧਾ ਸੀ.

ਸਨ ੧੮੦੪ ਵਿੱਚ ਚੜ੍ਹਤ ਸਿੰਘ ਦਾ ਤਾਇਆ ਦਲ ਸਿੰਘ ਰਾਤ ਨੂੰ ਛਾਪਾ ਮਾਰਕੇ ਫਰੀਦਕੋਟ ਤੇ ਆ ਪਿਆ ਅਤੇ ਚੜ੍ਹਤ ਸਿੰਘ ਨੂੰ ਕਤਲ ਕਰਕੇ ਰਿਆਸਤ ਤੇ ਕਬਜਾ ਕਰ ਲਿਆ. ਉਸ ਵੇਲੇ ਚੜ੍ਹਤ ਸਿੰਘ ਦੇ ਬੇਟੇ ਗੁਲਾਬ ਸਿੰਘ , ਪਹਾੜ ਸਿੰਘ, ਸਾਹਿਬ ਸਿੰਘ ਅਤੇ ਮਤਾਬ ਸਿੰਘ ਬਹੁਤ ਛੋਟੇ ਸਨ, ਜੋ ਮਸੀਂ ਜਾਨ ਬਚਾਕੇ ਨੱਸੇ. ਪਰ ਦਲ ਸਿੰਘ ਇੱਕ ਮਹੀਨੇ ਤੋਂ ਵੱਧ ਰਿਆਸਤ ਦਾ ਆਨੰਦ ਨਹੀਂ ਭੋਗ ਸਕਿਆ. ਨਾਬਾਲਗ ਬੱਚਿਆਂ ਦੀ ਸਹਾਇਤਾ ਲਈ ਉਨ੍ਹਾਂ ਦੇ ਮਾਮੇ ਸਰਦਾਰ ਫੌਜਾ ਸਿੰਘ (ਸ਼ੇਰ ਸਿੰਘ ਵਾਲੇ ਦੇ ਗਿੱਲ ਸਰਦਾਰ) ਨੇ ਕੁਝ ਫੌਜ ਲੈਕੇ ਰਾਤ ਨੂੰ ਫਰੀਦਕੋਟ ਤੇ ਛਾਪਾ ਆ ਮਾਰਿਆ ਅਤੇ ਸੁੱਤੇ ਪਏ ਦਲ ਸਿੰਘ ਨੂੰ ਕਤਲ ਕਰਕੇ ਗੁਲਾਬ ਸਿੰਘ ਨੂੰ ਗੱਦੀ ਤੇ ਬੈਠਾਇਆ.

ਸਨ ੧੮੦੬-੭ ਵਿੱਚ ਦੀਵਾਨ ਮੁਹਕਮਚੰਦ, ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਫਰੀਦਕੋਟ ਤੇ ਚੜ੍ਹ ਆਇਆ ਅਤੇ ਸੱਤ ਹਜਾਰ ਰੁਪਯਾ ਖਿਰਾਜ ਵਸੂਲ ਕੀਤਾ. ੨੬ ਸਿਤੰਬਰ ਸਨ ੧੮੦੮ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਤੇ ਆਪਣਾ ਕਬਜਾ  ਆ ਜਮਾਇਆ ਅਤੇ ਰਈਸ ਨੂੰ ਗੁਜਾਰੇ ਲਈ ਕੇਵਲ ਪੰਜ ਪਿੰਡ ਦਿੱਤੇ.

ਸਰਕਾਰ ਅੰਗ੍ਰੇਜ਼ੀ ਨੇ ਜਦ ਸਤਲੁਜ ਉਰਾਰਦੀਆਂ ਰਿਆਸਤਾਂ ਆਪਣੀ ਰਖ੍ਯਾ ਅੰਦਰ ਲਈਆਂ, ਤਦ ੩ ਅਪ੍ਰੈਲ ਸਨ ੧੮੦੯ ਨੂੰ ਫਰੀਦਕੋਟ ਗੁਲਾਬ ਸਿੰਘ ਨੂੰ ਵਾਪਿਸ ਦਿਵਾਇਆ ਗਿਆ.

੫ ਨਵੰਬਰ ਸਨ ੧੮੨੬ ਨੂੰ ਗੁਲਾਬ ਸਿੰਘ ਦੁਸ਼ਮਨਾਂ ਦੇ ਹੱਥੋਂ ਹਵਾਖ਼ੋਰੀ ਕਰਦਾ ਮਾਰਿਆ ਗਿਆ ਅਰ ਕਾਤਲਾਂ ਦਾ ਕੁਝ ਪਤਾ ਨਾ ਮਿਲਿਆ.

ਗੁਲਾਬ ਸਿੰਘ ਪਿੱਛੋਂ ਉਸ ਦਾ ਪੁਤ੍ਰ ਅਤਰ ਸਿੰਘ , ਜੋ ਉਸ ਵੇਲੇ ਚਾਰ ਵਰ੍ਹੇ ਦਾ ਸੀ ਗੱਦੀ ਤੇ ਬੈਠਾ, ਪਰ ਇਸ ਦਾ ਦੇਹਾਂਤ ਸਨ ੧੮੨੭ ਵਿੱਚ ਹੋ ਗਿਆ, ਇਸ ਲਈ ਰਾਜ ਦਾ ਮਾਲਿਕ ਪਹਾੜ ਸਿੰਘ ਬਣਿਆ. ਇਹ ਦਾਨੀ, ਸੂਰਵੀਰ ਅਤੇ ਵਡਾ ਚਤੁਰ ਸੀ. ਇਸ ਨੇ ਰਾਜ ਨੂੰ ਵੱਡੀ ਤਰੱਕੀ ਦਿੱਤੀ, ਕਈ ਨਵੇਂ ਪਿੰਡ ਆਬਾਦ ਕੀਤੇ ਅਤੇ ਇਲਾਕੇ ਵਿੱਚ ਬਹੁਤ ਖੂਹ ਲਗਵਾਏ.

ਸਨ ੧੮੪੫ ਦੇ ਸਿੱਖਜੰਗ ਸਮੇਂ ਪਹਾੜ ਸਿੰਘ ਨੇ ਅੰਗ੍ਰੇਜ਼ਾਂ ਦੀ ਤਨ ਮਨ ਧਨ ਤੋਂ ਸਹਾਇਤਾ ਕੀਤੀ. ਇਸ ਲਈ ਸਰਕਾਰ ਨੇ ਸਨ ੧੮੪੬ ਵਿੱਚ “ਰਾਜਾ” ਪਦਵੀ ਅਤੇ ਨਾਭੇ ਦੇ ਜਬਤ ਕੀਤੇ ਇਲਾਕੇ ਵਿੱਚੋਂ ੩੫੬੧੨) ਸਾਲਾਨਾ ਆਮਦਨ ਦਾ ਇਲਾਕਾ ਦਿੱਤਾ.

ਰਾਜਾ ਪਹਾੜ ਸਿੰਘ ਦਾ ਦੇਹਾਂਤ ਅਪ੍ਰੈਲ ਸਨ ੧੮੪੯ ਵਿੱਚ ਹੋਇਆ ਅਤੇ ਉਸ ਦਾ ਸੁਪੁਤ੍ਰ ਵਜੀਰ ਸਿੰਘ2 ੨੧ ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੪੯ ਦੇ ਸਿੱਖਜੰਗ ਅਤੇ ਸਨ ੧੮੫੭ (ਸੰਮਤ ੧੯੧੪) ਦੇ ਗਦਰ ਵੇਲੇ ਸਰਕਾਰ ਨੂੰ ਪੂਰੀ ਸਹਾਇਤਾ ਦਿੱਤੀ, ਜਿਸ ਤੋਂ “ਬੈਰਾੜਬੰਸ ਰਾਜਾ ਸਾਹਿਬ ਬਹਾਦੁਰ” ਖ਼ਿਤਾਬ ਮਿਲਿਆ, ਸਲਾਮੀ ੧੧ ਤੋਪਾਂ ਦੀ ਕੀਤੀ ਗਈ ਅਤੇ ਖਿਲਤ ੧੧ ਪਾਰਚੇ ਦਾ ਹੋਇਆ. ੧੧ ਮਾਰਚ ਸਨ ੧੮੬੨ ਨੂੰ ਮੁਤਬੰਨਾ ਕਰਨ ਦੀ ਸਨਦ ਪ੍ਰਾਪਤ ਹੋਈ. ਰਾਜਾ ਵਜੀਰ ਸਿੰਘ ਨੇ ਹਜੂਰਸਾਹਿਬ ਜਾਕੇ ਅੰਮ੍ਰਿਤ ਛਕਿਆ ਅਤੇ ਪੂਰਣ ਸਿੱਖੀ ਦੀ ਰਹਿਤ ਧਾਰਣ ਕੀਤੀ. ਕੁਰੁ੖੥ਤ੍ਰ ਦੇ ਥਾਨਤੀਰਥ ਤੇ ਅਪ੍ਰੈਲ ਸਨ ੧੮੭੪ ਨੂੰ ਰਾਜਾ ਵਜੀਰ ਸਿੰਘ ਦਾ ਦੇਹਾਂਤ ਹੋਇਆ, ਜਿੱਥੇ ਰਿਆਸਤ ਵੱਲੋਂ ਸਮਾਧ ਬਣਾਈ ਗਈ ਅਤੇ ਗੁਰੂ ਗ੍ਰੰਥਸਾਹਿਬ ੎ਥਾਪਨ ਕਰਕੇ ਸਦਾਵ੍ਰਤ ਲਾਇਆ ਗਿਆ.

ਪਿਤਾ ਦੇ ਮਰਨ ਪੁਰ ਰਾਜਾ ਬਿਕ੍ਰਮ ਸਿੰਘ, ਜਿਸ ਦਾ ਜਨਮ ਸਰਦਾਰ ਸ਼ਾਮ ਸਿੰਘ ਮਾਨ ਦੀ ਸੁਪੁਤ੍ਰੀ ਰਾਣੀ ਇੰਦਕੌਰ ਦੀ ਕੁੱਖ ਤੋਂ ਮਾਘ ਸੁਦੀ ੧੧ ਸੰਮਤ ੧੮੯੮ (ਜਨਵਰੀ ਸਨ ੧੮੪੨) ਨੂੰ ਹੋਇਆ ਸੀ, ੩੨ ਵਰ੍ਹੇ ਦੀ ਉਮਰ ਵਿੱਚ ਫਰੀਦਕੋਟ ਦੀ ਗੱਦੀ ਤੇ ਬੈਠਾ ਅਤੇ ਰਿਆਸਤ ਦਾ ਉੱਤਮ ਪ੍ਰਬੰਧ ਕੀਤਾ. ਦੂਜੇ ਅਫ਼ਗਾਨ ਜੰਗ ਵਿੱਚ ਸਰਕਾਰ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਅਰ “ਫ਼ਰਜ਼ੰਦੇ ਸਾਦਤ ਨਿਸ਼ਾਨ ਹਜਰਤੇ ਕ਼ੈਸਰੇ ਹਿੰਦ” ਖ਼ਿਤਾਬ ਪ੍ਰਾਪਤ ਕੀਤਾ.

ਰਾਜਾ ਬਿਕ੍ਰਮ ਸਿੰਘ ਜੀ ਨੇ ਬਹੁਤ ਗੁਣੀ ਗ੍ਯਾਨੀ ਇਕੱਠੇ ਕਰਕੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਟੀਕਾ ਭਾਈ ਬਦਨ ਸਿੰਘ ਗ੍ਯਾਨੀ ਤੋਂ ਲਿਖਵਾਇਆ, ਜੋ ਰਿਆਸਤ ਵੱਲੋਂ ਬਹੁਤ ਧਨ ਖ਼ਰਚਕੇ ਦੋ ਵਾਰ ਛਪਵਾਇਆ ਗਿਆ ਹੈ.

ਅਮ੍ਰਿਤਸਰ ਜੀ ਗੁਰੂ ਕੇ ਲੰਗਰ ਦੀ ਇਮਾਰਤ ਲਈ ੭੫੦੦੦) ਅਤੇ ਦਰਬਾਰ ਸਾਹਿਬ ਬਿਜਲੀ ਲਾਉਣ ਲਈ ੨੫੦੦੦ ਰੁਪ੍ਯਾ ਅਰਪਨ ਕੀਤਾ.

੮ ਅਗਸਤ ਸਨ ੧੮੯੮ ਨੂੰ ਰਾਜਾ ਬਿਕ੍ਰਮ ਸਿੰਘ ਜੀ ਦਾ ਦੇਹਾਂਤ ਹੋਇਆ।

ਰਾਜਾ ਸਾਹਿਬ ਦਾ ਦੇਹਾਂਤ ਹੋਣ ਪੁਰ ਉਨ੍ਹਾਂ ਦੇ ਪੁਤ੍ਰ ਬਲਬੀਰ ਸਿੰਘ ਜੀ, ਜਿਨ੍ਹਾਂ ਦਾ ਜਨਮ ਰਾਣੀ ਬਿਸਨ ਕੌਰ (ਬਖ਼ਸ਼ੀ ਪ੍ਰਤਾਪ ਸਿੰਘ ਚਾਹਲ ਦੀ ਸੁਪੁਤ੍ਰੀ) ਦੇ ਉਦਰੋਂ ਭਾਦੋਂ ਬਦੀਸੋਮਵਾਰ ਸੰਮਤ ੧੯੨੬ (ਸਨ ੧੮੬੯) ਨੂੰ ਹੋਇਆ ਸੀ, ੧੬ ਦਿਸੰਬਰ ਸਨ ੧੮੯੮ ਨੂੰ ਗੱਦੀ ਤੇ ਬੈਠੇ। ਇਹ ਬਹੁਤ ਸੁੰਦਰ ਕੱਦਾਵਰ ਅਤੇ ਮਿਲਣਸਾਰ ਸਨ. ਇਨ੍ਹਾਂ ਨੇ ਸੁੰਦਰ ਇਮਾਰਤਾਂ ਬਣਵਾਈਆਂ ਅਤੇ ਬਾਗ ਲਾਏ, ਪਰ ਸ਼ੋਕ ਹੈ ਕਿ ਇਹ ਬਹੁਤ ਚਿਰ ਰਾਜ ਨਹੀਂ ਕਰ ਸਕੇ, ਸਨ ੧੯੦੬ ਵਿੱਚ ਦੇਹਾਂਤ ਹੋ ਗਿਆ. ਰਾਜਾ ਬਲਬੀਰ ਸਿੰਘ ਜੀ ਦੇ ਸੰਤਾਨ ਨਹੀਂ ਸੀ, ਇਸ ਲਈ ਉਨ੍ਹਾਂ ਨੇ ਆਪਣੇ ਛੋਟੇ ਭਾਈ ਕੌਰ ਗਜੇਂਦ੍ਰ ਸਿੰਘ ਦੇ ਸੁਪੁਤ੍ਰ ਬ੍ਰਿਜਇੰਦ੍ਰ ਸਿੰਘ ਜੀ ਨੂੰ ਜਿਨ੍ਹਾਂ ਦਾ ਜਨਮ ਸਨ ੧੮੯੬ ਵਿੱਚ ਹੋਇਆ ਸੀ. ਸਨ ੧੯੦੬ ਵਿੱਚ ਮੁਤਬੰਨਾ ਕਰ ਲਿਆ. ਤਾਏ ਦਾ ਦੇਹਾਂਤ ਹੋਣ ਪੁਰ ਰਾਜਕੁਮਾਰ ਬ੍ਰਿਜਇੰਦ੍ਰ ਸਿੰਘ ਜੀ ੧੫ ਮਾਰਚ ਸਨ ੧੯੦੬ ਨੂੰ ਗੱਦੀ ਤੇ ਬੈਠੇ.

ਇਨ੍ਹਾਂ ਨੇ ਐਚੀਸਨ ਕਾਲਿਜ ਲਹੌਰ ਵਿੱਚ ਤਾਲੀਮ ਪਾਈ. ਸਨ ੧੯੧੪ ਦੇ ਮਹਾਨ ਜੰਗ ਵਿੱਚ ਸਰਕਾਰ ਨੂੰ ਧਨ ਅਤੇ ਰੰਗਰੂਟਾਂ ਦੀ ਭਰਤੀ ਦ੍ਵਾਰਾ ਬਹੁਤ ਸਹਾਇਤਾ ਦਿੱਤੀ. ਰਿਆਸਤ ਦੀ ਸਫਰਮੈਨਾਂ (Sappers) ਕੰਪਨੀ ਨੇ ਈਸਟ ਅਫਰੀਕਾ ਵਿੱਚ ਤਿੰਨ ਵਰ੍ਹੇ ਤੋਂ ਉੱਪਰ ਬਹੁਤ ਸ਼ਲਾਘਾ ਯੋਗ੍ਯ ਸੇਵਾ ਕੀਤੀ. ਰਾਜਾ ਸਾਹਿਬ ਦਾ ਸਰਕਾਰ ਵੱਲੋਂ ਧੰਨਵਾਦ ਹੋਇਆ ਅਤੇ ਮਹਾਰਾਜਾ ਪਦਵੀ ਮਿਲੀ. ਸਨ ੧੯੨੨ ਵਿੱਚ ਮਹਾਰਾਜਾ ਨੂੰ ਪ੍ਰਾਣਦੰਡ ਦੇਣ ਦੇ ਪੂਰੇ ਅਖਤਿਆਰ ਦਿੱਤੇ ਗਏ. ਇਹ ਮਹਾਰਾਜਾ ਸਾਹਿਬ ਬਹੁਤ ਚਤੁਰ, ਨੀਤਿਵੇੱਤਾ ਅਤੇ ਯੋਗ੍ਯ ਪ੍ਰਬੰਧਕ ਸਨ. ਸ਼ੋਕ ਹੈ ਕਿ ਉਮਰ ਵਿੱਚ ਬਰਕਤ ਨਾ ਹੋਈ. ੨੨ ਦਿਸੰਬਰ ਸਨ ੧੯੨੮ ਨੂੰ ਅਕਾਲਮ੍ਰਿਤ੍ਯੁ ਹੋਣ ਤੇ ਸਾਰੇ ਪੰਜਾਬ ਵਿੱਚ ਮਹਾਨ ਸ਼ੋਕ ਹੋਇਆ.

ਮਹਾਰਾਜਾ ਬ੍ਰਿਜਿੰਦਰ ਸਿੰਘ ਜੀ ਦਾ ਦੇਹਾਂਤ ਹੋਣ ਪੁਰ ਉਨ੍ਹਾਂ ਦੇ ਸੁਪੁਤ੍ਰ ਹਰਇੰਦ੍ਰ ਸਿੰਘ ਜੀ, ਜਿਨ੍ਹਾਂ ਦਾ ਜਨਮ ੨੯ ਜਨਵਰੀ ਸਨ ੧੯੧੫ ਨੂੰ ਮਹਾਰਾਣੀ ਮਹਿੰਦਰਕੌਰ ਜੀ (ਸਰਦਾਰ ਜੀਵਨ ਸਿੰਘ ਰਈਸ ਸ਼ਾਹਜ਼ਾਦਪੁਰ ਦੀ ਸੁਪੁਤ੍ਰੀ) ਦੇ ਉਦਰੋਂ ਹੋਇਆ, ੨੩ ਦਿਸੰਬਰ ਸਨ ੧੯੨੮ ਨੂੰ ਗੱਦੀ ਤੇ ਵਿਰਾਜੇ.

ਇਹ ਹੋਨਹਾਰ ਰਾਜਾਸਾਹਿਬ, ਐਚੀਸਨ ਕਾਲਿਜ ਵਿੱਚ ਆਪਣੇ ਛੋਟੇ ਭਾਈ ਕੌਰ ਮਨਜੀਤਇੰਦ੍ਰ ਸਿੰਘ ਜੀ ਸਮੇਤ ਵਿਦ੍ਯਾ ਪ੍ਰਾਪਤ ਕਰ ਰਹੇ ਹਨ. ਰਿਆਸਤ ਦਾ ਪ੍ਰਬੰਧ ਕੌਂਸਲ ਦੇ ਹੱਥ ਹੈ. ਜਿਸ ਦੇ ਪ੍ਰਧਾਨ (ਪ੍ਰੈਜ਼ੀਡੈਂਟ) ਸਰਦਾਰ ਬਹਾਦੁਰ ਸਰਦਾਰ ਇੰਦ੍ਰ ਸਿੰਘ ਜੀ ਬੀ. ਏ. ਅਤੇ ਮੈਂਬਰ ਸਰਦਾਰ ਫਤੇ ਸਿੰਘ ਜੀ, ਲਾਲਾ ਇੱੱਜ਼ਤ ਰਾਇ ਜੀ, ਸ਼ੇਖ ਅਲੀਮੁਹੰਮਦ ਸਾਹਿਬ, ਸਰਦਾਰ ਗੁਰਦਯਾਲ ਸਿੰਘ ਜੀ1 ਹਨ.

ਦਿਸੰਬਰ ੧੯੧੩ ਤੋਂ ਗਵਰਨਮੈਂਟ ਨਾਲ ਰਿਆਸਤ ਦਾ ਨੀਤਿਸੰਬੰਧ ਕਮਿਸ਼ਨਰ ਜਲੰਧਰ ਤੋਂ ਬਦਲਕੇ ਬਹਾਵਲਪੁਰ ਏਜੈਂਸੀ ਨਾਲ ਹੋਇਆ. ੧ ਨਵੰਬਰ ੧੯੨੧ ਤੋਂ ਏ. ਜੀ. ਪੰਜਾਬ ਸਟੇਟਸ ਨਾਲ ਹੈ.

ਰਿਆਸਤ ਦਾ ਨੰਬਰ ਪੰਜਾਬ ਵਿੱਚ ਤੇਰ੍ਹਵਾਂ ਹੈ.

ਰਾਜਾ ਸਾਹਿਬ ਦਾ ਪੂਰਾ ਖਿਤਾਬ ਹੈ- ਹਿਜ਼ ਹਾਈਨੈਸ (His Highness) ਫ਼ਰਜ਼ੰਦੇ ਸਆ਼ਦਤ ਨਿਸ਼ਾਨ ਹ਼੒ਰਤੇ ਕ਼ੈਸਰੇ ਹਿੰਦ, ਬਰਾੜ ਬੰਸ ਰਾਜਾ ਹਰਇੰਦ੍ਰ ਸਿੰਘ ਸਾਹਿਬ ਬਹਾਦੁਰ ਰੂਲਰ (ruler) ਫਰੀਦਕੋਟ.

ਫਰੀਦਕੋਟ ਰਾਜ ਦਾ ਰਕਬਾ ੬੪੩ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੧੫੦, ੫੬੧ ਹੈ. ਸਾਲਾਨਾ ਆਮਦਨ ਕਰੀਬ ਅਠਾਰਾਂ ਲੱਖ ਦੀ ਹੈ. ਫੌਜ ੩੪੪, ਅਤੇ ਪੋਲੀਸ ਦੀ ਗਿਣਤੀ ੨੨੪ ਹੈ.

ਰਿਆਸਤ ਵਿੱਚ ਇੱਕ ਸਦਰ ਹਸਪਤਾਲ , ਜਿਸ ਵਿੱਚ ਵੀਹ ਬੀਮਾਰ ਰੱਖੇ ਜਾ ਸਕਦੇ ਹਨ ਅਤੇ ਇੱਕ ਜ਼ਨਾਨਾ ਹਸਪਤਾਲ, ਜਿਸ ਵਿੱਚ ਬਾਰਾਂ ਬਿਸਤਰ ਹਨ ਉੱਤਮ ਬਣੇ ਹੋਏ ਹਨ. ਅਤੇ ਛਾਵਨੀ ਦਾ ਸੁੰਦਰ ਹਸਪਤਾਲ ਹੈ, ਜਿਸ ਵਿੱਚ ਅੱਠ ਬੀਮਾਰ ਰਹਿ ਸਕਦੇ ਹਨ. ਇਲਾਕੇ ਵਿੱਚ ਚਾਰ ਡਿਸਪੈਂਸਰੀਆਂ ਹਨ.

ਸਕੂਲ ੫੯ ਹਨ, ਜਿਨ੍ਹਾਂ ਵਿੱਚੋਂ ੧ ਹਾਈ ਸਕੂਲ, ੧ ਗਰਲ ਸਕੂਲ, ੨ ਮਿਡਲ ਸਕੂਲ ਬਾਕੀ ੫੫ ਪ੍ਰਾਇਮਰੀ ਸਕੂਲ ਹਨ.

ਰਿਆਸਤ ਦੇ ਤੋਸ਼ੇਖਾਨੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖੜਗ ਅਤੇ ਢਾਲਾ ਹੈ, ਜੋ ਚੌਧਰੀ ਕਪੂਰ ਸਿੰਘ ਨੂੰ ਬਖਸ਼ੇ ਸਨ.2

ਇੱਕ ਪਤ੍ਰਾ ਸਾਢੇ ਸੋਲਾਂ ਇੰਚ ਦਾ ਲੰਮਾ ਦਸਮ ਗ੍ਰੰਥ ਦਾ ਹੈ, ਜੋ ਵਿਚਕਾਰੋਂ ਦੋ ਟੁਕੜੇ ਹੋ ਗਿਆ ਹੈ. ਇਸ ਦੀ ਲਿਖਤ ਬਹੁਤ ਪੁਰਾਣੀ ਹੈ, ਜੋ ਆਮ ਲੋਕਾਂ ਤੋਂ ਪੜ੍ਹੀ ਨਹੀਂ ਜਾਂਦੀ.3 ਰਿਆਸਤ ਦੇ ਕਰਮਚਾਰੀ ਆਖਦੇ ਹਨ ਕਿ ਇਹ ਪਤ੍ਰਾ ਭੀ ਦਸ਼ਮੇਸ਼ ਜੀ ਦੇ ਸਮੇਂ ਦਾ ਹੈ. ਇਸ ਵਿੱਚ ਅਜਰਾਜ ਦੀ ਕਥਾ ਵਿੱਚੋਂ ੫੭੧੬ ਛੰਦ ਤੋਂ ੫੭੪੦ ਤਕ ਪਾਠ ਹੈ. ਨਮੂਨੇ ਮਾਤ੍ਰ ਪਾਠ ਲਿਖਦੇ ਹਾਂ- ਦੇਖ੍ਯੋ ਵਿਚਾਰ. ਰਾਜਾ ਅਪਾਰ. ਆਨਾਨ ਚਿੱਤ. ਪਰਮੰ ਪਵਿੱਤ. ੫੭੧੭।4 ***

ਸੁੰਦਰ ਸਰੂਪ। ਸੌਂਦਰਜ ਭੂਪ। ਸੋਭਾ ਅਪਾਰ। ਸੋਭੇ ਸੁਧਾਰ । ੫੭੨੦।***


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.