ਬਟਾਲਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਟਾਲਾ (ਨਗਰ): ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਪ੍ਰਸਿੱਧ ਨਗਰ, ਜਿਸ ਨੂੰ ਬਹਿਲੋਲ ਲੋਧੀ ਦੇ ਰਾਜ-ਕਾਲ ਵਿਚ ਇਕ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਵਸਾਇਆ ਸੀ। ਇਸ ਨਗਰ ਵਿਚ 24 ਸਤੰਬਰ 1487 ਈ. (ਭਾਦੋ

ਸੁਦੀ 7, 1544 ਬਿ.) ਨੂੰ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਮਾਤਾ ਸੁਲੱਖਣੀ ਜੀ ਦੇ ਪਿਤਾ ਭਾਈ ਮੂਲ ਚੰਦ ਭਾਵੇਂ ਪੱਖੋਕੇ ਪਿੰਡ ਦੇ ਨਿਵਾਸੀ ਸਨ , ਪਰ ਚੌਧਰੀ ਅਜਿਤੇ ਰੰਧਾਵੇ ਦੀ ਜਾਇਦਾਦ ਦੀ ਨਿਗਰਾਨੀ ਕਰਨ ਲਈ ਬਟਾਲੇ ਆ ਵਸੇ ਸਨ ਅਤੇ ਇਥੇ ਹੀ ਸੰਨ 1487 ਈ. (1544 ਬਿ.) ਮਾਤਾ ਸੁਲੱਖਣੀ ਦਾ ਵਿਆਹ ਸੰਪੰਨ ਕੀਤਾ ਸੀ। ਇਸ ਨਗਰ ਵਿਚ ਤਿੰਨ ਧਰਮ-ਧਾਮ ਹਨ :

(1)    ਗੁਰਦੁਆਰਾ ਡੇਹਰਾ ਸਾਹਿਬ (ਵਿਆਹ-ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ) ਜਿਥੇ ਭਾਈ ਮੂਲ ਚੰਦ ਰਹਿੰਦੇ ਸਨ ਅਤੇ ਜਿਥੇ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ ਸਨ। ਬਿਰਧ ਹੋਣ ’ਤੇ ਭਾਈ ਮੂਲ ਚੰਦ ਆਪਣੇ ਪਿੰਡ ਪੱਖੋਕੇ ਪਰਤ ਗਿਆ ਅਤੇ ਉਸ ਦਾ ਘਰ ਸਿੱਖਾਂ ਦਾ ਧਰਮ-ਧਾਮ ਬਣ ਗਿਆ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਬਾਬਾ ਗੁਰਦਿੱਤਾ ਨੂੰ ਬਟਾਲੇ ਵਿਆਹੁਣ ਆਏ ਤਾਂ ਇਸ ਥਾਂ ਉਤੇ ਵੀ ਪਧਾਰੇ ਸਨ। ਸਭ ਤੋਂ ਪਹਿਲਾਂ ਮਹਾਰਾਜਾ ਸ਼ੇਰ ਸਿੰਘ ਨੇ ਇਸ ਦੀ ਇਮਾਰਤ ਉਸਰਵਾਈ ਸੀ। ਇਥੋਂ ਦੀ ਸਾਂਭ-ਸੰਭਾਲ ਉਦਾਸੀ ਸਾਧ ਕਰਦੇ ਰਹੇ। ਗੁਰਦੁਆਰਾ ਸੁਧਾਰ ਲਹਿਰ ਤੋਂ ਬਾਦ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿਚ ਹੋ ਗਿਆ। ਗੁਰੂ ਜੀ ਦੇ ਵਿਆਹ ਵਾਲੇ ਦਿਨਾਂ ਵਿਚ ਇਥੇ ਸਾਲਾਨਾ ਮੇਲਾ ਲਗਦਾ ਹੈ।

(2)   ਗੁਰਦੁਆਰਾ ਕੰਧ ਸਾਹਿਬ ਉਸ ਥਾਂ ਉਤੇ ਉਸਰਿਆ ਹੋਇਆ ਹੈ ਜਿਥੇ ਗੁਰੂ ਜੀ ਦੀ ਬਰਾਤ ਆ ਕੇ ਰੁਕੀ ਸੀ ਅਤੇ ਗੁਰੂ ਨਾਨਕ ਦੇਵ ਜੀ ਇਕ ਕੱਚੀ ਦੀਵਾਰ ਪਾਸ ਬੈਠੇ ਸਨ। ਸ਼ਰਧਾ-ਵਸ ਸਿੱਖ ਅਨੁਯਾਈਆਂ ਨੇ ਉਸ ਦੀਵਾਰ ਦਾ ਕੁਝ ਹਿੱਸਾ ਸ਼ੀਸ਼ੇ ਦੇ ਇਕ ਬਕਸੇ ਵਿਚ ਗੁਰਦੁਆਰੇ ਅੰਦਰ ਪ੍ਰਦਰਸ਼ਿਤ ਕੀਤਾ ਹੋਇਆ ਹੈ। ਪਹਿਲਾਂ ਇਹ ਗੁਰੂ-ਧਾਮ ਨਿਜੀ ਹੱਥਾਂ ਵਿਚ ਸੀ, ਪਰ ‘ਸੇਵਾ ਕਮੇਟੀ ਗੁਰਦੁਆਰਾ ਕੰਧ ਸਾਹਿਬ’ ਨੇ ਇਹ ਸਥਾਨ ਖ਼ਰੀਦ ਕੇ 17 ਦਸੰਬਰ 1956 ਈ. ਨੂੰ ਗੁਰਦੁਆਰੇ ਦੀ ਨਵੀਂ ਇਮਾਰਤ ਦੀ ਨੀਂਹ ਰਖੀ ਸੀ। ਹੁਣ ਉਸ ਸਥਾਨ ਉਤੇ ਸੁੰਦਰ ਇਮਾਰਤ ਬਣ ਚੁਕੀ ਹੈ। ਇਸ ਦੀ ਵਿਵਸਥਾ ਸੇਵਾ ਕਮੇਟੀ ਹੀ ਕਰਦੀ ਹੈ। ਹਰ ਪੂਰਣਮਾਸੀ ਨੂੰ ਉਥੇ ਵੱਡੇ ਦੀਵਾਨ ਸਜਦੇ ਹਨ, ਪਰ ਸਾਲਾਨਾ ਸਮਾਗਮ ਗੁਰੂ ਜੀ ਦੇ ਵਿਆਹ ਵਾਲੇ ਦਿਨ ਹੁੰਦਾ ਹੈ।

(3)        ਗੁਰਦੁਆਰਾ ਸਤਕਰਤਾਰੀਆ ਉਸ ਸਥਾਨ ਉਤੇ ਬਣਿਆ ਹੋਇਆ ਹੈ, ਜਿਥੇ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਗੁਰਦਿੱਤਾ ਦੀ ਬਰਾਤ ਠਹਿਰਾਈ ਸੀ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।

ਬਟਾਲੇ ਦੇ ਨੇੜੇ ਪੰਜ ਕਿ.ਮੀ. ਦੀ ਵਿਥ ਉਤੇ ‘ਅਚਲ ਬਟਾਲਾ’ (ਵੇਖੋ) ਵਾਲੀ ਥਾਂ’ਤੇ ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਨਾਲ ਗੋਸ਼ਟਿ ਕੀਤੀ ਸੀ। ਉਸ ਸਥਾਨ ਉਤੇ ਵੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਕ ਗੁਰੂ -ਧਾਮ ਬਣਿਆ ਹੋਇਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.