ਬਪਤਿਸਮਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Baptism_ਬਪਤਿਸਮਾ: ਗਾਸਪਲ ਵਿਚ ਈਸਾਈਆਂ ਲਈ ਹਜ਼ਰਤ ਈਸਾ ਮਸੀਹ ਦੁਆਰਾ ਦੋ ਸੰਸਕਾਰ ਜ਼ਰੂਰੀ ਕਰਾਰ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਇਕ ਬਪਤਿਸਮਾ ਅਤੇ ਦੂਜਾ ਸਪਰ ਔਫ਼ ਦਾ ਲਾਰਡ ਅਖਵਾਉਂਦਾ ਹੈ। ਬਪਤਿਸਮਾ ਸੰਸਕਾਰ ਬੱਚੇ ਨੂੰ ਈਸਾਈਅਤ ਵਿਚ ਲਿਆਉਣ ਲਈ ਜ਼ਰੂਰੀ ਹੁੰਦਾ ਹੈ ਇਸ ਲਈ ਬਚਪਨ ਵਿਚ ਹੀ ਹੋ ਜਾਣਾ ਚਾਹੀਦਾ ਹੈ। 1603 ਦੇ ਕੈਨਨ 81 ਵਿਚ ਹਦਾਇਤ ਕੀਤੀ ਗਈ ਹੈ ਕਿ ਹਰੇਕ ਗਿਰਜੇ ਵਿਚ ਇਕ ਪੱਥਰ ਦਾ ਬਰਤਨ ਹੋਣਾ ਚਾਹੀਦਾ ਹੈ ਅਤੇ ਕੇਵਲ ਉਸ ਵਿਚ ਹੀ ਬਪਤਿਸਮਾ ਦੀ ਰਸਮ ਅਦਾ ਕੀਤੀ ਜਾ ਸਕਦੀ ਹੈ। ਇਸ ਰਸਮ ਵਿਚ ਬੱਚੇ ਨੂੰ ਮਨਿਸਟਰ ਦੁਆਰਾ ਧਿਆਨ ਨਾਲ ਪਾਣੀ ਵਿਚ ਦੋ ਗੋਤੇ ਦਿਤੇ ਜਾਂਦੇ ਹਨ। ਜੇ ਬੱਚਾ ਕਮਜ਼ੋਰ ਹੋਵੇ ਤਾਂ ਉਸ ਦੇ ਪਾਣੀ ਛਿੜਕ ਦਿੱਤਾ ਜਾਂਦਾ ਹੈ। ਜੇ ਜ਼ਰੂਰੀ ਸਮਝਿਆ ਜਾਵੇ ਤਾਂ ਬਪਤਿਸਮਾ ਦੀ ਰਸਮ ਘਰ ਵਿਚ ਵੀ ਅਦਾ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਹੰਗਾਮੀ ਹਾਲਤ ਵਿਚ ਮਨਿਸਟਰ ਦੀ ਥਾਂ ਸਾਧਾਰਨ ਈਸਾਈ ਮਰਦ ਜਾਂ ਇਸਤਰੀ ਵੀ ਇਹ ਰਸਮ ਅਦਾ ਕਰਵਾ ਸਕਦੀ ਹੈ। ਇਹ ਰਸਮ ਐਤਵਾਰ ਜਾਂ ਕਿਸੇ ਹੋਰ ਪਵਿਤਰ ਦਿਨ ਨੂੰ ਵੀ ਕੀਤੀ ਜਾ ਸਕਦੀ ਹੈ। ਬਪਤਿਸਮਾ ਦੇਣ ਤੋਂ ਇਨਕਾਰ ਕਰਨਾ ਅਪਰਾਧ ਹੈ ਅਤੇ ਕਾਨਸਿਸਟਰੀ ਅਦਾਲਤ ਜੋ ਡਾਇਓਸਿਸ ਦੀ ਕਲੀਸਿਆਈ ਅਦਾਲਤ ਹੁੰਦੀ ਹੈ, ਦੀ ਅਧਿਕਾਰਤਾ ਵਿਚ ਆਉਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First