ਭਵਭੂਤੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਵਭੂਤੀ: ਸੰਸਕ੍ਰਿਤ ਨਾਟਕਕਾਰਾਂ ਦੀ ਦ੍ਰਿਸ਼ਟੀ ਤੋਂ ਕਾਲੀਦਾਸ ਤੋਂ ਮਗਰੋਂ ਭਵਭੂਤੀ ਦਾ ਨਾਂ ਹੀ ਸ੍ਰੇਸ਼ਠ ਨਾਟਕਕਾਰਾਂ ਦੇ ਰੂਪ ਵਿੱਚ ਲਿਆ ਜਾਂਦਾ ਹੈ। ਸੰਸਕ੍ਰਿਤ ਦੇ ਹੋਰ ਕਵੀਆਂ ਅਤੇ ਨਾਟਕਕਾਰਾਂ ਵਾਂਗ ਭਵਭੂਤੀ ਦੇ ਜੀਵਨ ਕਾਲ ਆਦਿ ਬਾਰੇ ਸਾਨੂੰ ਬਹੁਤੀ ਔਖਿਆਈ ਨਹੀਂ ਹੁੰਦੀ ਕਿਉਂਕਿ ਇਸ ਕਵੀ ਨੇ ਆਪਣੀਆਂ ਰਚਨਾਵਾਂ ਵਿੱਚ ਆਪਣੇ ਜਨਮ ਸਥਾਨ, ਵੰਸ਼ ਆਦਿ ਦਾ ਵਿਸਤਾਰ- ਪੂਰਬਕ ਵੇਰਵਾ ਦਿੱਤਾ ਹੈ ਜਿਸ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਭਵਭੂਤੀ ਦੱਖਣ ਭਾਰਤ ਦੇ ਪਦਮਪੁਰ ਨਗਰ ਦਾ ਰਹਿਣ ਵਾਲਾ ਸੀ ਅਤੇ ਕਸ਼ਯਪ ਗੋਤ ਦੇ ਉਦੰਬਰ ਵੰਸ਼ੀ ਬ੍ਰਾਹਮਣ ਪਰਿਵਾਰ ਵਿੱਚ ਇਸ ਦਾ ਜਨਮ ਹੋਇਆ ਸੀ। ਇਸ ਦੇ ਪੂਰਵਜ ਕ੍ਰਿਸ਼ਨ ਯਜੁਰਵੇਦ ਦੀ ਤੈਤਰੀਯ-ਸ਼ਾਖਾ ਦਾ ਅਧਿਐਨ ਕਰਨ ਵਾਲੇ ਸਨ ਅਤੇ ਉਹ ਸੋਮ ਯਗ ਕਰਨ ਕਰ ਕੇ ਹੀ ਬਹੁਤ ਪ੍ਰਸਿੱਧ ਸਨ। ਭਵਭੂਤੀ ਭੱਟ ਗੋਪਾਲ ਦਾ ਪੋਤਰਾ ਅਤੇ ਨੀਲ ਕੰਠ ਦਾ ਪੁੱਤਰ ਸੀ। ਉਸ ਦੀ ਮਾਤਾ ਦਾ ਨਾਂ ਜਾਤੁਕਰਨੀ ਸੀ। ਇਸ ਕਵੀ ਦਾ ਵਾਸਤਵਿਕ ਨਾਂ ਤਾਂ ਨੀਲ ਕੰਠ ਸੀ ਪਰ ਨਾਟਕਕਾਰ ਦੇ ਰੂਪ ਵਿੱਚ ਉਸ ਦੀ ਪ੍ਰਸਿੱਧੀ ਭਵਭੂਤੀ ਦੇ ਨਾਂ ਤੋਂ ਹੋਈ। ਉਸ ਦੇ ਗੁਰੂ ਦਾ ਨਾਂ ਗਿਆਨ ਨਿਧੀ ਸੀ ਜੋ ਸੰਪੂਰਨ ਸ਼ਾਸਤਰਾਂ ਦਾ ਮਹਾਨ ਪੰਡਤ ਮੰਨਿਆ ਜਾਂਦਾ ਸੀ।

     ਭੰਡਾਰਕਰ ਦਾ ਅਨੁਮਾਨ ਹੈ ਕਿ ਇਸ ਕਵੀ ਦੇ ਪੂਰਵਜਾਂ ਦਾ ਸੰਬੰਧ ਵਿਦਰਭ ਦੇਸ਼ ਦੇ ਨਾਲ ਸੀ, ਇਸ ਕਰ ਕੇ ਕਵੀ ਦਾ ਜਨਮ ਸਥਾਨ ਨਾਗਪੁਰ ਦੇ ਨੇੜੇ ਚੰਦਰਪੁਰ ਨਾਂ ਦੇ ਕਸਬੇ ਦੇ ਆਸ-ਪਾਸ ਹੋਇਆ ਹੋਵੇਗਾ ਕਿਉਂਕਿ ਉੱਥੇ ਅੱਜ ਵੀ ਕ੍ਰਿਸ਼ਨ ਯਜੁਰਵੇਦ ਦੀ ਤੈਤਰੀਯ ਸ਼ਾਖਾ ਨੂੰ ਮੰਨਣ ਵਾਲੇ ਬ੍ਰਾਹਮਣ ਹਨ।

     ਭਵਭੂਤੀ ਨੇ ਆਪਣੇ ਕਾਲ ਬਾਰੇ ਤਾਂ ਆਪਣੀਆਂ ਰਚਨਾਵਾਂ ਵਿੱਚ ਕੋਈ ਸੰਕੇਤ ਨਹੀਂ ਦਿੱਤਾ ਪਰੰਤੂ ਸੰਸਕ੍ਰਿਤ ਸਾਹਿਤ ਦੇ ਅੱਠਵੀਂ ਸ਼ਤਾਬਦੀ ਤੋਂ ਲੈ ਕੇ ਗਿਆਰ੍ਹਵੀਂ ਸ਼ਤਾਬਦੀ ਤੱਕ ਦੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵਿੱਚ ਭਵਭੂਤੀ ਦੀਆਂ ਰਚਨਾਵਾਂ ਦੇ ਕਈ ਸਲੋਕ ਉਦਰਿਤ ਕੀਤੇ ਹਨ ਜਿਸ ਨਾਲ ਇਸ ਕਵੀ ਦਾ ਸਮਾਂ ਨਿਰਧਾਰਿਤ ਕਰਨ ਵਿੱਚ ਕਾਫ਼ੀ ਸਹਾਇਤਾ ਮਿਲਦੀ ਹੈ। ਰਾਜਸ਼ੇਖਰ ਨੇ ਤਾਂ ਬਾਲਰਾਮਾਇਣ ਵਿੱਚ ਆਪਣੇ-ਆਪ ਨੂੰ ਭਵਭੂਤੀ ਦਾ ਅਵਤਾਰ ਹੀ ਮੰਨਿਆ ਹੈ। ਬਾਣਭੱਟ (ਸਤਵੀਂ ਸਦੀ ਦਾ ਪਹਿਲਾ ਭਾਗ) ਨੇ ਕਾਲੀਦਾਸ, ਭਾਸ ਅਤੇ ਸੁਬੰਧੁ ਆਦਿ ਪ੍ਰਸਿੱਧ ਕਵੀਆਂ ਦਾ ਜ਼ਿਕਰ ਕੀਤਾ ਹੈ ਪਰ ਭਵਭੂਤੀ ਦਾ ਨਾਂ ਨਹੀਂ ਲਿਆ। ਰਾਜਤਰੰਗਿਣੀਕਾਰ ਕਲ੍ਹਨ ਨੇ ਭਵਭੂਤੀ ਨੂੰ ਕੰਨੋਜ ਦੇ ਰਾਜਾ ਯਸ਼ੋਵਰਮਾ ਦਾ ਆਸ਼੍ਰਿਤ ਕਵੀ ਕਿਹਾ ਹੈ। ਯਸ਼ੋਵਰਮਾ ਨੂੰ ਕਸ਼ਮੀਰ ਦੇ ਰਾਜਾ ਲਲਿਤਾਦਿੱਤਯ ਨੇ ਯੁੱਧ ਵਿੱਚ ਹਰਾਇਆ ਸੀ। ਲਲਿਤਾਦਿੱਤਯ ਦੇ ਸ਼ਾਸਨ ਦਾ ਸਮਾਂ ਅੱਠਵੀਂ ਸ਼ਤਾਬਦੀ ਦਾ ਪਹਿਲਾ ਭਾਗ ਮੰਨਿਆ ਜਾਂਦਾ ਹੈ। ਭਵਭੂਤੀ ਦੇ ਸਮਕਾਲੀ ਵਾਕਪਤੀਰਾਜ ਦਾ ਸਮਾਂ ਈਸਾ ਦੀ ਅੱਠਵੀਂ ਸਦੀ ਹੈ। ਇਸ ਕਰ ਕੇ ਵਿਦਵਾਨਾਂ ਨੇ ਭਵਭੂਤੀ ਦਾ ਸਮਾਂ ਸੱਤਵੀਂ ਸਦੀ ਦਾ ਅੰਤਲਾ ਭਾਗ ਮੰਨਿਆ ਹੈ।

ਭਵਭੂਤੀ ਦੀਆਂ ਤਿੰਨ ਰਚਨਾਵਾਂ ਮਾਲਤੀਮਾਧਵ, ਮਹਾਵੀਰਚਰਿਤ, ਉਤਰ ਰਾਮਚਰਿਤ ਪ੍ਰਾਪਤ ਹੁੰਦੀਆਂ ਹਨ।

     ਮਾਲਤੀਮਾਧਵ ਦਸ ਅੰਕਾਂ ਦਾ ਇੱਕ ਪ੍ਰਕਰਨ (ਨਾਟਕ ਦਾ ਇੱਕ ਪ੍ਰਕਾਰ ਜਿਸ ਵਿੱਚ ਨਾਇਕ, ਵਸਤੂ ਅਤੇ ਫਲ ਸਾਰੇ ਹੀ ਕਾਲਪਨਿਕ ਹੁੰਦੇ ਹਨ) ਹੈ, ਜਿਸ ਦਾ ਕਥਾਨਕ ਲੋਕ-ਕਥਾਵਾਂ ’ਤੇ ਆਧਾਰਿਤ ਅਤੇ ਮਹਾਂਕਵੀ ਭਾਸ ਦੇ ਅਵਿਮਾਰਕ ਨਾਟਕ ਤੋਂ ਪ੍ਰਭਾਵਿਤ ਹੈ। ਮਾਲਤੀ ਪਦਮਾਵਤੀ ਦੇ ਰਾਜੇ ਦੇ ਮੰਤਰੀ ਭੁਰੀਵਸੂ ਦੀ ਸਪੁੱਤਰੀ ਹੈ ਜੋ ਆਪਣੀ ਲੜਕੀ ਮਾਲਤੀ ਦਾ ਵਿਆਹ ਆਪਣੇ ਬਚਪਨ ਦੇ ਮਿੱਤਰ ਦੇਵਰਾਤ ਦੇ ਪੁੱਤਰ ਮਾਧਵ ਨਾਲ ਕਰਨਾ ਚਾਹੁੰਦਾ ਹੈ। ਕਿੰਤੂ ਉਸ ਰਾਜੇ ਦਾ ਸਾਲਾ ਨੰਦਨ ਮਾਲਤੀ ਦੇ ਰੂਪ ਉੱਤੇ ਮੋਹਿਤ ਹੈ। ਇਸ ਕਰ ਕੇ ਰਾਜਾ ਮਾਲਤੀ ਦਾ ਵਿਆਹ ਹਰ ਹਾਲ ਆਪਣੇ ਸਾਲੇ ਨੰਦਨ ਨਾਲ ਕਰਵਾਉਣ ’ਤੇ ਤੁੱਲਿਆ ਹੋਇਆ ਹੈ। ਨੰਦਨ ਦੀ ਭੈਣ ਮਦਯੰਤਿਕਾ ਮਾਲਤੀ ਦੀ ਸਹੇਲੀ ਹੈ ਜੋ ਮਾਧਵ ਦੇ ਮਿੱਤਰ ਮਕਰੰਦ ਨੂੰ ਪਿਆਰ ਕਰਦੀ ਹੈ। ਮਾਲਤੀ ਦਾ ਭੇਖ ਬਣਾ ਕੇ ਮਕਰੰਦ ਨੰਦਨ ਨਾਲ ਵਿਆਹ ਕਰਵਾ ਲੈਂਦਾ ਹੈ। ਦੂਸਰੇ ਪਾਸੇ ਮਕਰੰਦ ਅਤੇ ਮਦਯੰਤਿਕਾ ਦੀ ਸਹਾਇਤਾ ਨਾਲ ਮਾਲਤੀ ਘਰੋਂ ਭੱਜ ਜਾਂਦੀ ਹੈ ਅਤੇ ਮਾਧਵ ਨਾਲ ਵਿਆਹ ਕਰ ਲੈਂਦੀ ਹੈ। ਬਾਅਦ ਵਿੱਚ ਮਕਰੰਦ ਅਤੇ ਮਦਯੰਤਿਕਾ ਦਾ ਵਿਆਹ ਵੀ ਹੋ ਜਾਂਦਾ ਹੈ। ਸਾਰੀਆਂ ਘਟਨਾਵਾਂ ਏਨੀਆਂ ਵਿਚਿੱਤਰ, ਰੋਚਕ ਅਤੇ ਸੱਚੀਆਂ ਪ੍ਰਤੀਤ ਹੁੰਦੀਆਂ ਹਨ ਕਿ ਪਾਠਕ ਹੋਵੇ ਜਾਂ ਦਰਸ਼ਕ ਨਾਟਕ ਦੀ ਪ੍ਰਸੰਸਾ ਕਰਦਿਆਂ ਨਹੀਂ ਥੱਕਦੇ।

     ਉਕਤ ਪ੍ਰਕਰਨ ਵਿੱਚ ਨਾਟਕਕਾਰ ਨੇ ਜਵਾਨੀ ਦੇ ਉਦਮਾਦਕ ਪ੍ਰੇਮ ਦਾ ਅਤਿਅੰਤ ਰਸਪੂਰਨ ਚਿਤਰਨ ਕੀਤਾ ਹੈ। ਇਸ ਦੇ ਗੱਦ ਭਾਗ ਬਹੁਤ ਲੰਬੇ-ਲੰਬੇ ਹਨ ਜਿਸ ਕਰ ਕੇ ਪ੍ਰਕਰਨ ਦੀ ਨਾਟਕੀਅਤਾ ਵਿੱਚ ਕਾਫ਼ੀ ਕਮੀ ਆਈ ਹੈ। ਇਸ ਪ੍ਰਕਰਨ ਦੀ ਭਾਸ਼ਾ ਮਧੁਰ, ਓਜਪੂਰਨ ਅਤੇ ਲੰਬੇ ਸਮਾਸਾਂ ਵਾਲੀ ਹੈ।

     ਮਹਾਂਵੀਰਚਰਿਤ ਸੱਤ ਅੰਕਾਂ ਦਾ ਇੱਕ ਨਾਟਕ ਹੈ। ਇਸ ਵਿੱਚ ਰਾਮਚੰਦਰ ਦੇ ਵਿਆਹ ਦੀ ਕਥਾ ਤੋਂ ਸ਼ੁਰੂ ਕਰ ਕੇ ਨਾਟਕਕਾਰ ਨੇ ਉਸ ਦੇ ਬਨਵਾਸ, ਸੀਤਾ-ਹਰਨ, ਰਾਵਣ ’ਤੇ ਜਿੱਤ ਪ੍ਰਾਪਤ ਕਰਨ ਅਤੇ ਵਾਪਸ ਆ ਕੇ ਰਾਜ-ਕਾਜ ਸੰਭਾਲਣ ਤੱਕ ਦੀ ਕਥਾ ਵਰਣਨ ਕੀਤੀ ਹੈ। ਇਸ ਨਾਟਕ ਵਿੱਚ ਨਾਟਕਕਾਰ ਨੂੰ ਨਾਇਕ ਦੇ ਚਰਿੱਤਰ ਨੂੰ ਉੱਤਮ ਕੋਟੀ ਦਾ ਬਣਾਉਣ ਲਈ ਮੂਲ ਰਾਮਾਇਣ ਤੋਂ ਕਈ ਪ੍ਰਕਾਰ ਦੇ ਪਰਿਵਰਤਨ ਕਰਨੇ ਪਏ ਹਨ ਜੋ ਭਵਭੂਤੀ ਦੀ ਕਲਪਨਾ ਸ਼ਕਤੀ ਦੇ ਸੂਚਕ ਹਨ। ਇਸ ਵਿੱਚ ਵੀਰ-ਰਸ ਦੀ ਪ੍ਰਧਾਨਤਾ ਹੈ ਅਤੇ ਓਜਗੁਣ ਦੀ ਵਰਤੋਂ ਕੀਤੀ ਗਈ ਹੈ।

     ਉਤਰ ਰਾਮਚਰਿਤ ਭਵਭੂਤੀ ਦਾ ਅੰਤਿਮ ਅਤੇ ਸਭ ਤੋਂ ਸ੍ਰੇਸ਼ਠ ਨਾਟਕ ਮੰਨਿਆ ਗਿਆ ਹੈ ਜੋ ਭਵਭੂਤੀ ਦੀ ਨਾਟਕਲਾ ਦਾ ਸੁੰਦਰ ਦ੍ਰਿਸ਼ਟਾਂਤ ਹੈ। ਇਸ ਨਾਟਕ ਦੇ ਸੱਤ ਅੰਕ ਹਨ ਜਿਸ ਵਿੱਚ ਰਾਮ ਦੇ ਰਾਜ ਪ੍ਰਾਪਤੀ ਤੱਕ ਦੀ ਕਥਾ ਦਾ ਵਰਣਨ ਹੈ। ਭਾਵੇਂ ਇਸ ਨਾਟਕ ਵਿੱਚ ਰਾਮਾਇਣ ਦੇ ਉੱਤਰ ਕਾਂਡ ਦੀ ਕਥਾ ਹੀ ਵਰਣਨ ਕੀਤੀ ਗਈ ਹੈ ਫਿਰ ਵੀ ਨਾਟਕਕਾਰ ਨੂੰ ਇਸ ਦੀ ਕਥਾ ਨੂੰ ਰੋਚਕ ਅਤੇ ਨਾਟਕੀ ਬਣਾਉਣ ਲਈ ਕਈ ਮੌਲਿਕ ਪਰਿਵਰਤਨ ਕਰਨੇ ਪਏ ਹਨ। ਵਾਲਮੀਕੀ ਰਾਮਾਇਣ ਦੀ ਕਥਾ ਦੇ ਅੰਤ ਵਿੱਚ ਧਰਤੀ ਪਾਟ ਜਾਂਦੀ ਹੈ ਅਤੇ ਸੀਤਾ ਆਪਣੀ ਪਵਿੱਤਰਤਾ ਨੂੰ ਪ੍ਰਮਾਣਿਤ ਕਰਦੀ ਹੋਈ ਜ਼ਮੀਨ ਦੇ ਅੰਦਰ ਸਮਾ ਜਾਂਦੀ ਹੈ। ਇਸ ਅਨੁਸਾਰ ਕਥਾ ਦੁਖਾਂਤ ਹੈ ਪਰ ਇਸ ਨਾਟਕ ਵਿੱਚ ਨਾਟਕਕਾਰ ਨੇ ਅੰਤ ਵਿੱਚ ਰਾਮ ਸੀਤਾ ਨੂੰ ਆਪਸ ਵਿੱਚ ਮਿਲਾ ਕੇ ਕਥਾ ਦਾ ਅੰਤ ਸੁਖਾਂਤ ਕੀਤਾ ਹੈ।

     ਭਵਭੂਤੀ ਦਾ ਸੰਸਕ੍ਰਿਤ ਭਾਸ਼ਾ ’ਤੇ ਪੂਰਾ ਅਧਿਕਾਰ ਹੈ। ਭਾਸ਼ਾ ਪ੍ਰਭਾਵਸ਼ਾਲੀ, ਸਰਲ ਅਤੇ ਸੰਵਾਰੀ ਹੋਈ ਹੈ। ਉਸ ਨੇ ਆਪਣੇ ਨਾਟਕਾਂ ਵਿੱਚ ਭਾਵ, ਰਸ ਅਤੇ ਪਾਤਰਾਂ ਦੇ ਅਨੁਕੂਲ ਭਾਸ਼ਾ ਦੀ ਵਰਤੋਂ ਕੀਤੀ ਹੈ। ਜਿੱਥੇ ਮਾਲਤੀਮਾਧਵ ਅਤੇ ਮਹਾਂਵੀਰਚਰਿਤ ਵਿੱਚ ਸਮਾਸ ਯੁਕਤ, ਕਠਨ ਅਤੇ ਔਖੇ ਸ਼ਬਦਾਂ ਦਾ ਪ੍ਰਯੋਗ ਹੋਣ ਕਰ ਕੇ ਗੌੜੀ ਰੀਤੀ ਦਾ ਪ੍ਰਯੋਗ ਕੀਤਾ ਗਿਆ ਹੈ ਉੱਥੇ ਉੱਤਰ ਰਾਮ ਚਰਿਤ ਸਮਾਸ ਰਹਿਤ, ਸਰਲ ਨਾਲ ਹੀ ਮਧੁਰ ਪਦਾਵਲੀ ਦੀ ਵਰਤੋਂ ਕਰਦੀ ਵੈਦਰਭੀ ਰੀਤੀ ਦੀ ਸੁੰਦਰ ਮਿਸਾਲ ਹੈ। ਕਿਸੇ-ਕਿਸੇ ਜਗ੍ਹਾ ਤਾਂ ਕਵੀ ਨੇ ਇੱਕ ਹੀ ਸਲੋਕ ਦੇ ਪਹਿਲੇ ਭਾਗ ਵਿੱਚ ਵੈਦਰਭੀ ਅਤੇ ਦੂਸਰੇ ਭਾਗ ਵਿੱਚ ਗੌੜੀ ਰੀਤੀ ਦਾ ਪ੍ਰਯੋਗ ਕਰ ਕੇ ਆਪਣੀ ਵਿਲੱਖਣ ਕਾਵਿ-ਸ਼ਕਤੀ ਦਾ ਪਰੀਚੈ ਦਿੱਤਾ ਹੈ।

     ਭਵਭੂਤੀ ਦੇ ਅਲੰਕਾਰ ਪ੍ਰਯੋਗ ਵੀ ਸਹਿਜ ਅਤੇ ਸੁਭਾਵਿਕ ਹਨ। ਇਸ ਦੀਆਂ ਉਪਮਾਵਾਂ ਵੀ ਮੌਲਿਕ ਅਤੇ ਨਵੀਆਂ ਹਨ। ਭਾਵਨਾਵਾਂ ਦੇ ਅਨੁਕੂਲ ਹੀ ਛੰਦਾਂ ਦੀ ਵੀ ਵਰਤੋਂ ਕੀਤੀ ਗਈ ਹੈ। ਕੋਮਲ ਭਾਵਨਾਵਾਂ ਲਈ ਨਿੱਕੇ-ਨਿੱਕੇ ਅਤੇ ਕਠੋਰ ਭਾਵਾਂ ਲਈ ਲੰਮੇ ਛੰਦਾਂ ਦੇ ਪ੍ਰਯੋਗ ਵਿੱਚ ਕਵੀ ਮਾਹਰ ਹੈ।

     ਪ੍ਰਕਿਰਤੀ ਦੇ ਪ੍ਰਤਿ ਕਵੀ ਦਾ ਹਾਰਦਿਕ ਪਿਆਰ ਦ੍ਰਿਸ਼ਟੀਗੋਚਰ ਹੁੰਦਾ ਹੈ। ਉਸ ਦੇ ਆਪਣੇ ਨਾਟਕਾਂ ਵਿੱਚ ਪ੍ਰਕਿਰਤੀ ਦੇ ਕੋਮਲ ਰੂਪ ਦਾ ਹੀ ਚਿਤਰਨ ਨਹੀਂ ਕੀਤਾ ਬਲਕਿ ਪ੍ਰਕਿਰਤੀ ਦੇ ਡਰਾਵਣੇ ਅਤੇ ਭਿਆਨਕ ਰੂਪ ਦੇ ਪ੍ਰਤਿ ਵੀ ਆਪਣੀ ਦਿਲਚਸਪੀ ਪ੍ਰਗਟ ਕੀਤੀ ਹੈ।

     ਭਵਭੂਤੀ ਅਤਿਅੰਤ ਉੱਚ ਵਿਚਾਰਾਂ ਦਾ ਕਵੀ ਹੈ। ਇਸਤਰੀ ਦਾ ਵਰਣਨ ਕਰਨ ਵੇਲੇ ਉਸ ਦੀ ਦ੍ਰਿਸ਼ਟੀ ਉਸ ਦੇ ਗੁਣਾਂ ’ਤੇ ਟਿਕੀ ਰਹਿੰਦੀ ਹੈ। ਬਾਹਰੀ ਸੁੰਦਰਤਾ ਵੱਲ ਤਾਂ ਉਸ ਦੀ ਨਜ਼ਰ ਹੀ ਨਹੀਂ ਜਾਂਦੀ। ਸੰਸਕ੍ਰਿਤ ਸਾਹਿਤ ਦੇ ਹੋਰ ਕਵੀਆਂ ਨੇ ਪੁਰਸ਼ ਦੇ ਰੂਪ ਵਰਣਨ ਵੱਲ ਧਿਆਨ ਨਹੀਂ ਦਿੱਤਾ ਪਰ ਭਵਭੂਤੀ ਨੇ ਪੁਰਸ਼ ਦੇ ਰੂਪ ਦਾ ਵਰਣਨ ਕਰ ਕੇ ਸੰਸਕ੍ਰਿਤ ਸਾਹਿਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਇਸ ਦ੍ਰਿਸ਼ਟੀ ਤੋਂ ਉਹ ਹੋਰ ਕਵੀਆਂ (ਕਾਲੀਦਾਸ ਆਦਿ) ਤੋਂ ਵੀ ਅੱਗੇ ਹੈ।

     ਭਵਭੂਤੀ ਗੰਭੀਰ ਸੁਭਾਅ ਦਾ ਕਵੀ ਹੈ। ਇਹ ਗੰਭੀਰਤਾ ਉਸ ਦੇ ਹਾਸ-ਵਿਅੰਗ ਵਿੱਚ ਵੀ ਪ੍ਰਗਟ ਹੁੰਦੀ ਹੈ। ਉਸ ਦਾ ਹਾਸ ਅਤਿ ਉੱਤਮ ਅਤੇ ਗੰਭੀਰ ਪ੍ਰਕਾਰ ਦਾ ਹੈ। ਇਸ ਕਾਰਨ ਉਸ ਦੇ ਨਾਟਕਾਂ ਵਿੱਚ ਵਿਦੂਸ਼ਕ ਲਈ ਕੋਈ ਸਥਾਨ ਨਹੀਂ ਹੈ। ਭਵਭੂਤੀ ਨੇ ਜਿਨ੍ਹਾਂ ਆਦਰਸ਼ਾਂ ਦੀ ਸਥਾਪਨਾ ਕੀਤੀ ਹੈ, ਉਹਨਾਂ ਵਿੱਚ ਦੰਪਤੀ ਦੇ ਆਪਸੀ ਪ੍ਰੇਮ ਦਾ ਉਦਾਹਰਨ ਸਭ ਤੋਂ ਉੱਤਮ ਹੈ। ਦੰਪਤੀ ਪ੍ਰੇਮ ਨਾਲ ਸੰਬੰਧਿਤ ਉਸ ਦਾ ਚਿਤਰਨ ਅਤਿ ਉੱਜਲ ਅਤੇ ਨਿਰਮਲ ਹੈ, ਜਿਸ ਵਿੱਚ ਵਾਸਨਾ ਲਈ ਰਤੀ ਭਰ ਵੀ ਸਥਾਨ ਨਹੀਂ ਹੈ। ਕਵੀ ਅਨੁਸਾਰ ਪਤੀ- ਪਤਨੀ ਦੇ ਆਪਸੀ ਪਿਆਰ ਲਈ ਬਾਹਰਲੇ ਕਾਰਨਾਂ ਦੀ ਲੋੜ ਨਹੀਂ ਹੁੰਦੀ। ਭਵਭੂਤੀ ਦੀਆਂ ਰਚਨਾਵਾਂ ਦੀਆਂ ਅਜਿਹੀਆਂ ਸਾਰੀਆਂ ਵਿਸ਼ੇਸ਼ਤਾਵਾਂ ਕਰ ਕੇ ਹੀ ਭਵਭੂਤੀ ਦੀ ਪ੍ਰਸੰਸਾ ਕਰਦਿਆਂ ਕਿਸੇ ਕਵੀ ਨੇ ਕਿਹਾ ਹੈ ਕਿ-ਕਾਲੀਦਾਸ ਆਦਿ ਤਾਂ ਕਵੀ ਹਨ ਪਰ ਭਵਭੂਤੀ ਮਹਾਂਕਵੀ ਹੈ।


ਲੇਖਕ : ਸ਼ਰਨ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.