ਮਠ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mutt or math_ਮਠ : ਸਾਧਾਰਨ ਤੌਰ ਤੇ ਇਸ ਦਾ ਮਤਲਬ ਸਾਧ-ਆਸ਼੍ਰਮ ਅਰਥਾਤ ਸਾਧੂਆਂ ਜਾਂ ਵਿਰੱਕਤਾਂ ਦੇ ਰਹਿਣ ਦੀ ਥਾਂ ਤੋਂ ਲਿਆ ਜਾਂਦਾ ਹੈ। ਕਾਨੂੰਨੀ ਸ਼ਬਦਾਵਲੀ ਵਿਚ ਮੱਠ ਦਾ ਮਤਲਬ ਕਿਸੇ ਖ਼ਾਸ ਸਿਲਸਿਲੇ ਦੇ ਤਿਆਗੀਆਂ ਅਥਵਾ ਵਿਰੱਕਤਾਂ ਦੀ ਵਰਤੋਂ ਅਤੇ ਫ਼ਾਇਦੇ ਲਈ ਕਾਇਮ ਕੀਤੀ ਗਈ ਸੰਸਥਾ ਤੋਂ ਲਿਆ ਜਾਂਦਾ ਹੈ। ਉਸ ਦਾ ਮੁੱਖੀਆ ਆਮ ਤੌਰ ਤੇ ਉਸ ਸਿਲਸਿਲੇ ਦਾ ਧਰਮ ਗੁਰੂ ਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਉਸ ਸੰਸਥਾ ਦਾ ਮੁੱਖੀ ਕੋਈ ਦੇਵਤਾ ਜਾਂ ਮੂਰਤੀ ਹੋਵੇ। ਲੇਕਿਨ ਇਹ ਨਹੀਂ ਕਿਹਾ ਜਾ ਸਕਦਾ ਕਿ ਮੂਰਤੀ ਤੋਂ ਬਿਨਾਂ ਮੱਠ ਹੋ ਸਕਦਾ ਹੈ। ਮੰਦਰ ਜਾਂ ਦੇਵਤਾ ਦੇ ਪੂਜਾ ਸਥਲ ਅਥਵਾ ਜ਼ਿਆਰਤਗਾਹ ਦੀ ਸੂਰਤ ਵਿਚ ਉਸ ਮੰਦਰ ਜਾਂ ਸੱਥਲ ਦੀ ਸੰਪਤੀ ਦੇਵਤਾ ਦੇ ਕਾਨੂੰਨੀ ਵਿਅਕਤੀ ਹੋਣ ਕਾਰਨ , ਦੇਵਤਾ ਦੀ ਹੁੰਦੀ ਹੈ। ਪਰ ਮੱਠ ਦੀ ਸੂਰਤ ਵਿਚ ਸੰਪਤੀ ਉਸ ਤਰ੍ਹਾਂ ਮਹੰਤ ਦੀ ਨਹੀਂ ਹੁੰਦੀ ਜਿਵੇਂ ਦੇਵਤਾ ਦੀ ਹੁੰਦੀ ਹੈ। ਮਹੰਤ ਉਸ ਸੰਪਤੀ ਦਾ ਕੇਵਲ ਪ੍ਰਬੰਧਕ ਅਥਵਾ ਕਸਟੋਡੀਅਨ ਹੁੰਦਾ ਹੈ ਅਤੇ ਸੰਪਤੀ ਮੱਠ ਜਾਂ ਉਸ ਸੰਸਥਾ ਦੀ ਹੁੰਦੀ ਹੈ।

       ਮੱਠਾਧੀਸ਼ ਅਥਵਾ ਮਠ ਦੇ ਅਧਿਪਤੀ ਜਾਂ ਮਹੰਤ ਦੇ ਚੇਲੇ ਉਸ ਦੇ ਆਤਮਕ ਪਰਿਵਾਰ ਦੇ ਮੈਂਬਰ ਸਮਝੇ ਜਾਂਦੇ ਹਨ। ਉੱਤਰ-ਅਧਿਕਾਰ ਦੇ ਢੰਗ ਨੂੰ ਮੁੱਖ ਰਖ ਕੇ ਮੱਠ ਤਿੰਨ ਕਿਸਮ ਦੇ ਮੰਨੇ ਜਾਂਦੇ ਹਨ। ਜਿਨ੍ਹਾਂ ਮੱਠਾਂ ਦੀ ਸੂਰਤ ਵਿਚ ਮਹੰਤ ਆਪਣੇ ਚੇਲਿਆਂ ਵਿਚੋਂ ਕਿਸੇ ਇਕ ਨੂੰ ਆਪਣਾ ਉੱਤਰ-ਅਧਿਕਾਰੀ ਥਾਪਦਾ ਹੈ, ਉਹ ਜ਼ਿਆਦਾਤਰ ਮੌਰੂਸੀ ਮੱਠ ਹੁੰਦੇ ਹਨ। ਗੱਦੀ ਨਸ਼ੀਨ ਨਿਯੁਕਤ ਕਰਨ ਦਾ ਅਧਿਕਾਰ ਮਹੰਤ ਨੂੰ ਹਾਸਲ ਹੁੰਦਾ ਹੈ। ਦੂਜੀ ਕਿਸਮ ਦੇ ਮੱਠ ਪੰਚਾਇਤੀ ਮੱਠ ਕਹਾਉਂਦੇ ਹਨ ਅਤੇ ਪਹਿਲੇ ਮਹੰਤ ਦੇ ਸੁਵਰਗਵਾਸ ਹੋਣ ਤੇ ਉਸ ਦੇ ਚੇਲੇ ਇਕੱਠੇ ਹੋ ਕੇ ਨਵੇਂ ਮਹੰਤ ਦੀ ਚੋਣ ਕਰਦੇ ਹਨ। ਤੀਜੀ ਕਿਸਮ ਦੇ ਮਠ ਹਾਕਮੀ ਮੱਠ ਕਹਾਉਂਦੇ ਹਨ ਅਤੇ ਉਨ੍ਹਾਂ ਦੇ ਮਹੰਤ ਨਿਯੁਕਤ ਕਰਨ ਦਾ ਅਧਿਕਾਰ ਸਰਕਾਰ ਜਾਂ ਇੰਡੌਂਮੈਂਟ ਕਾਇਮ ਕਰਨ ਵਾਲੇ ਬਾਨੀ ਜਾਂ ਉਸ ਦੇ ਪ੍ਰਤੀਨਿਧ ਅਥਵਾ ਵਾਰਸ ਨੂੰ ਪ੍ਰਾਪਤ ਹੁੰਦਾ ਹੈ।

       ਬੁਨਿਆਦੀ ਤੌਰ ਤੇ ਮੱਠ ਇਕ ਆਤਮਕ ਸੰਸਥਾ ਹੈ ਜਿਸ ਦਾ ਉਦੇਸ਼ ਸੰਸਾਰ ਵਿਚ ਅਧਿਆਤਮਵਾਦੀ ਕੀਮਤਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੁੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 37592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

J koi v biik pdni hove taa kitho pdi javegi


Gurpreet, ( 2018/06/01 03:1719)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.