ਮੀਰਾਬਾਈ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੀਰਾਬਾਈ (1504–1571) : ਕ੍ਰਿਸ਼ਨ ਭਗਤ-ਕਵੀਆਂ ਵਿੱਚ ਮੀਰਾਬਾਈ ਦਾ ਸਥਾਨ ਪ੍ਰਮੁਖ ਹੈ। ਮੀਰਾ ਮੇੜਤਾ ਦੇ ਵੀਰ ਰਾਜਾ ਰਣ ਬਾਂਕੁਰੇ ਰਾਠੋਰ ਰਾਵ ਦੂਦਾ ਦੇ ਚੌਥੇ ਪੁੱਤਰ ਰਾਵ ਰਤਨ ਸਿੰਘ ਦੀ ਪੁੱਤਰੀ ਸੀ। ਮੀਰਾ ਦਾ ਜਨਮ 1504 ਦੇ ਲਗਪਗ ਕੁਡਕੀ ਨਾਮੀ ਪਿੰਡ ਵਿੱਚ ਹੋਇਆ। ਮਾਤਾ ਬਚਪਨ ਵਿੱਚ ਹੀ ਸਵਰਗਵਾਸ ਹੋ ਗਈ ਸੀ। ਪਿਤਾ ਰਾਵ ਰਤਨ ਸਿੰਘ ਯੁੱਧ ਵਿੱਚ ਲੀਨ ਰਹਿੰਦਾ ਸੀ, ਇਸ ਲਈ ਮੀਰਾ ਆਪਣੇ ਦਾਦਾ (ਰਾਵ ਦੂਦਾ) ਦੇ ਕੋਲ ਮੇੜਤਾ ਵਿੱਚ ਰਹਿਣ ਲੱਗੀ। ਉੱਥੇ ਬਚਪਨ ਵਿੱਚ ਖੇਲ-ਖੇਲ ਵਿੱਚ ਗਿਰਧਰ ਗੋਪਾਲ ਨੂੰ ਆਪਣਾ ਪਤੀ ਸਮਝ ਬੈਠੀ, ਇਸ ਤਰ੍ਹਾਂ ਦਾਦਾ ਦੀ ਵੈਸ਼ਨਵ ਭਗਤੀ ਨੇ ਮੀਰਾ ਨੂੰ ਪ੍ਰਭਾਵਿਤ ਕੀਤਾ।

     ਮੀਰਾ ਦਾ ਵਿਆਹ ਮੇਵਾੜ ਦੇ ਰਾਣਾ ਸਾਂਗਾ ਦੇ ਪੁੱਤਰ ਭੋਜਰਾਜ ਨਾਲ ਹੋਇਆ। ਵਿਆਹ ਦੇ ਕੁਝ ਸਮੇਂ ਬਾਅਦ ਮੀਰਾ ਦੇ ਪਤੀ ਭੋਜਰਾਜ ਦੀ ਮੌਤ ਹੋ ਗਈ ਅਤੇ ਮੀਰਾ ਸੰਸਾਰ ਤੋਂ ਨਿਰਾਸ਼ ਹੋ ਗਈ। ਕ੍ਰਿਸ਼ਨ ਦੀ ਉਪਾਸਨਾ ਵਿੱਚ ਲੀਨ ਹੋ ਕੇ ਰਹਿਣ ਲੱਗੀ। ਮੰਦਿਰਾਂ ਵਿੱਚ ਕ੍ਰਿਸ਼ਨ ਦੀ ਮੂਰਤੀ ਅੱਗੇ ਨੱਚਦੀ ਅਤੇ ਸਾਧੂ ਸੰਗਤੀ ਵਿੱਚ ਆਪਣਾ ਸਮਾਂ ਗੁਜ਼ਾਰਦੀ, ਉਸ ਦੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਵੇਖ ਕੇ ਉਸ ਦਾ ਦੇਵਰ ਰਾਣਾ ਨਰਾਜ਼ ਹੋ ਗਿਆ ਅਤੇ ਮੀਰਾ ਨੂੰ ਮਾਰਨ ਲਈ ਉਸ ਨੇ ਜ਼ਹਿਰ ਦਾ ਪਿਆਲਾ, ਸੂਲਾਂ ਦੀ ਸੇਜ਼, ਸੱਪ ਦੀ ਪਿਟਾਰੀ ਆਦਿ ਭੇਜੀ ਲੇਕਿਨ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਵਾਲੀ ਮੀਰਾ ਦਾ ਵਾਲ ਵੀ ਬਾਂਕਾ ਨਾ ਹੋਇਆ। ਮੀਰਾ ਦੀ ਮੌਤ ਲਗਪਗ 1571 ਵਿੱਚ ਹੋਈ।

     ਨਰਸੀ ਜੀ ਕਾ ਮਾਯਰਾ, ਗੀਤ ਗੋਬਿੰਦ ਕੀ ਟੀਕਾ, ਰਾਗ ਗੋਬਿੰਦ, ਸੋਰਠ ਕੇ ਪਦ, ਪਦਾਵਲੀ ਆਦਿ ਮੀਰਾ ਦੀ ਪ੍ਰਮਾਣਿਤ ਰਚਨਾ ਹੈ।

     ਮੀਰਾ ਪ੍ਰਮੁਖ ਰੂਪ ਵਿੱਚ ਗੀਤਕਾਰ ਹੈ। ਉਸ ਦੇ ਪਦਾਂ ਵਿੱਚ ਭਗਤ ਦੇ ਦਿਲ ਦੀ ਪੁਕਾਰ ਹੈ। ਸਰਸਤਾ, ਮਧੁਰਤਾ ਅਤੇ ਮੌਲਿਕਤਾ ਦੀ ਦ੍ਰਿਸ਼ਟੀ ਤੋਂ ਮੀਰਾ ਦੇ ਪਦ ਬੇਜੋੜ ਹਨ। ਮਧੁਰ ਭਾਵ ਦੀ ਭਗਤੀ ਦੇ ਕਾਰਨ ਇਸ ਦੇ ਕਾਵਿ ਵਿੱਚ ਸ਼ਿੰਗਾਰ ਰਸ ਦੇ ਦੋਵੇਂ ਪੱਖਾਂ-ਸੰਜੋਗ ਅਤੇ ਵਿਯੋਗ ਦਾ ਸੁੰਦਰ ਸੁਮੇਲ ਹੋਇਆ ਹੈ।

     ਮੀਰਾ ਦੇ ਕਾਵਿ ਵਿੱਚ ਪ੍ਰਕਿਰਤੀ ਚਿਤਰਨ ਦੇ ਚਿੱਤਰ ਵੀ ਮਿਲਦੇ ਹਨ। ਪੀੜਾ-ਭਾਵ ਦੇ ਮਿਸ਼ਰਨ ਨੇ ਇਹਨਾਂ ਚਿੱਤਰਾਂ ਨੂੰ ਹੋਰ ਜ਼ਿਆਦਾ ਦੁੱਖਮਈ ਬਣਾ ਦਿੱਤਾ ਹੈ।

ਕਾਰੀ ਅੰਧਿਆਰੀ ਬਿਜੁਰੀ ਚਮਕੇ,

ਵਿਰਹਿਣਿ ਅਤਿ ਡਰਪਾਏ ਰੇ।

     ਮੀਰਾ ਦਾ ਮੂਲ ਸ੍ਵਰ ਪ੍ਰੇਮ ਹੈ। ਉਸ ਦੇ ਪਿਆਰੇ ਸ੍ਰੀ ਕ੍ਰਿਸ਼ਨ ਹਨ :

ਮੇਰੇ ਤੋ ਗਿਰਿਧਰ ਗੋਪਾਲ,

ਦੂਸਰੋ ਨ ਕੋਈ।

     ਉਹ ਮੰਨਦੀ ਹੈ ਕਿ ਸ੍ਰੀ ਕ੍ਰਿਸ਼ਨ ਹੀ ਉਸ ਦੇ ਜੀਵਨ ਦਾ ਆਧਾਰ ਹੈ। ਸੱਚੀ ਪ੍ਰੇਮਿਕਾ ਵਾਂਗੂੰ ਉਹ ਵੀ ਆਪਣੇ ਪ੍ਰੀਤਮ ਸ੍ਰੀ ਕ੍ਰਿਸ਼ਨ ਦੀ ਉਡੀਕ ਕਰਦੀ ਹੈ। ਉਹ ਮੰਨਦੀ ਹੈ ਕਿ ਉਹ ਰੋਮ-ਰੋਮ ਵਿੱਚ ਸਮਾਏ ਹੋਏ ਹਨ। ਉਸ ਦੀ ਭਗਤੀ ਉਪਰ ਵੈਸ਼ਨਵ ਭਗਤੀ ਦਾ ਪੂਰਾ ਪ੍ਰਭਾਵ ਹੈ। ਉਹ ਬਾਰ-ਬਾਰ ਆਪਣੇ ਕਲਿਆਣ ਦੇ ਲਈ ਪ੍ਰਾਰਥਨਾ ਕਰਦੀ ਹੈ। ਉਹ ਮੰਨਦੀ ਹੈ ਕਿ ਉਸ ਦਾ ਪ੍ਰੀਤਮ ਉਸ ਦੇ ਅੰਦਰ ਹੀ ਹੈ। ਮੀਰਾ ਦੇ ਪਦਾਂ ਵਿੱਚ ਗਾਣ ਵਾਲੇ ਤੱਤ ਮਿਲਦੇ ਹਨ। ਸੰਗੀਤ ਦੇ ਪੱਖੋਂ ਪੂਰੇ ਉੱਤਰਦੇ ਹਨ। ਦੇਖਣ ਵਿੱਚ ਚਾਹੇ ਛੋਟੇ ਲੱਗਦੇ ਹਨ, ਪਰੰਤੂ ਗੰਭੀਰ ਭਾਵਾਂ ਨਾਲ ਭਰੇ ਹੋਏ ਹਨ।

     ਮੀਰਾ ਦੀ ਭਾਸ਼ਾ ਵਿੱਚ ਬ੍ਰਜ ਅਤੇ ਰਾਜਸਥਾਨੀ ਦੀ ਪ੍ਰਮੁਖਤਾ ਹੈ। ਲੇਕਿਨ ਉਸ ਵਿੱਚ ਪੰਜਾਬੀ, ਗੁਜਰਾਤੀ ਆਦਿ ਸ਼ਬਦਾਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਉਸ ਦੇ ਕਾਵਿ ਵਿੱਚ ਭਾਵਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ। ਮੀਰਾ ਨੇ ਆਪਣੀਆਂ ਰਚਨਾਵਾਂ ਵਿੱਚ ਸਰਲ, ਸਰਸ ਅਤੇ ਭਾਵਪੂਰਨ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਅਨੁਪ੍ਰਾਸ, ਰੂਪਕ, ਉਪਮਾ, ਸਲੇਸ਼, ਵੀਪਸਾ ਆਦਿ ਅਲੰਕਾਰਾਂ ਦਾ ਪ੍ਰਯੋਗ ਕੀਤਾ ਹੈ। ਮੀਰਾ ਦੇ ਪਦਾਂ ਵਿੱਚ ਸ਼ਿੰਗਾਰ ਰਸ ਦੇ ਦੋਵੇਂ ਪੱਖ ਮਿਲਦੇ ਹਨ। ਵਿਜੋਗ ਵਰਣਨ ਵਿੱਚ ਕਵਿਤਰੀ ਨੇ ਪ੍ਰਕਿਰਤੀ ਦੇ ਦ੍ਰਿਸ਼ਾਂ ਦਾ ਵਰਣਨ ਕੀਤਾ ਹੈ। ਕ੍ਰਿਸ਼ਨ ਭਗਤੀ ਕਾਵਿ ਵਿੱਚ ਮੀਰਾ ਦਾ ਸਥਾਨ ਬਹੁਤ ਉੱਚਾ ਹੈ। ਮੀਰਾ ਨੂੰ ਰਾਧਾ ਦਾ ਅਵਤਾਰ ਮੰਨਿਆ ਹੈ :


ਲੇਖਕ : ਕਮਲੇਸ਼ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਮੀਰਾਬਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੀਰਾਬਾਈ [ਨਿਇ] ਇੱਕ ਭਗਤ ਕਵਿਤਰੀ ਜੋ ਰਾਜਾ ਰਤਨ ਸਿੰਘ ਰਾਠੌਰ ਮੇਰਤਾਪਤੀ (ਰਾਜਸਥਾਨ) ਦੀ ਪੁੱਤਰੀ ਸੀ ਅਤੇ ਜੋ ਸ੍ਰੀ ਕ੍ਰਿਸ਼ਨ ਦੀ ਭਗਤਣੀ ਹੋਣ ਕਰਕੇ ਪ੍ਰਸਿੱਧ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੀਰਾਬਾਈ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੀਰਾਬਾਈ (1498-1563 ਈ.): ਮੱਧ ਯੁਗ ਦੇ ਭਗਤੀ ਅੰਦੋਲਨ ਨਾਲ ਸੰਬੰਧਿਤ ਇਕ ਪਵਿੱਤਰ ਭਗਤ ਇਸਤਰੀ , ਜਿਸ ਦਾ ਇਕ ਪਦ (ਮਨੁ ਹਮਾਰਾ ਬਾਧਿਓ ਮਾਈ ਕਵਲ ਨੈਨ ਆਪਨੇ ਗੁਨ...) ਗੁਰੂ ਗ੍ਰੰਥ ਸਾਹਿਬ ਦੀ ਭਾਈ ਬੰਨੋ ਦੇ ਨਾਂ ਨਾਲ ਪ੍ਰਸਿੱਧ ਬੀੜ ਦੇ ਮਾਰੂ ਰਾਗ ਅਧੀਨ ਦਰਜ ਹੈ। ਮੀਰਾਬਾਈ ਨੂੰ ‘ਰਾਜਸਥਾਨ ਦੀ ਕੋਇਲ’ (ਕੋਕਿਲ) ਵੀ ਕਿਹਾ ਜਾਂਦਾ ਹੈ।

            ਮੀਰਾਬਾਈ ਦੇ ਜਨਮ ਆਦਿ ਦੀਆਂ ਤਿਥੀਆਂ ਬਾਰੇ ਵਿਦਵਾਨਾਂ ਦੇ ਵਖ ਵਖ ਮਤ ਹਨ, ਪਰ ਨਵੀਨ ਖੋਜ ਅਨੁਸਾਰ ਮੀਰਾ ਦਾ ਜਨਮ ਸੰਨ 1498 ਈ. (1555 ਬਿ.) ਵਿਚ ਮੇੜਤਾ ਦੀ ਜਾਗੀਰ ਦੇ ਚੋਕੜੀ (ਕੁੜਕੀ) ਨਾਂ ਦੇ ਪਿੰਡ ਵਿਚ ਰਾਠੌਰ ਰਤਨ ਸਿੰਘ ਦੇ ਘਰ ਹੋਇਆ। ਇਹ ਰਾਉ ਦੂਦਾ ਦੀ ਪੋਤਰੀ ਅਤੇ ਜੋਧਪੁਰ ਨੂੰ ਵਸਾਉਣ ਵਾਲੇ ਰਾਉ ਜੋਧਾ ਦੀ ਪੜਪੋਤੀ ਸੀ

ਮੀਰਾਬਾਈ ਦਾ ਸਾਰਾ ਜੀਵਨ ਦੁਖਾਂ ਦੀ ਇਕ ਲੰਬੀ ਦਾਸਤਾਨ ਹੈ। ਬਚਪਨ ਵਿਚ ਮਾਤਾ ਵਿਛੋੜਾ ਦੇ ਗਈ। ਦਾਦੇ ਨੇ ਬੜੇ ਸਨੇਹ ਨਾਲ ਪਾਲਿਆ। ਉਸ ਦੀਆਂ ਵੈਸ਼ਣਵੀ ਪ੍ਰਵ੍ਰਿੱਤੀਆਂ ਨੇ ਮੀਰਾ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਦੇ ਮਰਨ ਉਪਰੰਤ ਮੀਰਾ ਦੇ ਤਾਏ ਵੀਰਮਦੇਵ ਨੇ ਇਸ ਦਾ ਵਿਆਹ ਸੰਨ 1516 ਈ. (1573 ਬਿ.) ਵਿਚ ਮੇਵਾੜ ਦੇ ਰਾਣਾ ਸਾਂਗਾ ਦੇ ਕੁੰਵਰ ਭੋਜਰਾਜ ਨਾਲ ਕਰ ਦਿੱਤਾ। ਸੰਨ 1523 ਈ. ਦੇ ਨੇੜੇ-ਤੇੜੇ ਭੋਜਰਾਜ ਦਾ ਦੇਹਾਂਤ ਹੋ ਗਿਆ। ਸੰਨ 1527 ਈ. ਵਿਚ ਪਿਤਾ ਰਤਨ ਸਿੰਘ ਖਾਮਵਾ ਦੇ ਯੁੱਧ ਵਿਚ ਮਾਰਿਆ ਗਿਆ। ਸੰਨ 1531 ਈ. ਵਿਚ ਭੋਜਰਾਜ ਦਾ ਛੋਟਾ ਭਰਾ ਅਤੇ ਮੀਰਾ ਦਾ ਦੇਵਰ ਵੀ ਮਰ ਗਿਆ। ਫਲਸਰੂਪ ਮੇਵਾੜ ਦੀ ਹਕੂਮਤ ਭੋਜਰਾਜ ਦੇ ਮਤਰੇਏ ਭਰਾ ਵਿਕ੍ਰਮਾਦਿਤੑਯ ਦੇ ਹੱਥ ਆਈ।

ਭੌਤਿਕ ਦੁਖਾਂ ਅਤੇ ਸੰਬੰਧੀਆਂ ਦੇ ਵਿਛੋੜੇ ਕਾਰਣ ਮੀਰਾ ਨਿਰਾਸ਼ ਹੋ ਕੇ ਇਕਾਂਤ ਵਿਚ ਗਿਰਧਰ ਗੋਪਾਲ ਦੀ ਭਗਤੀ ਕਰਨ ਲਗੀ। ਇਸ ਤੋਂ ਇਲਾਵਾ ਇਹ ਸੰਤਾਂ , ਸਾਧਾਂ ਦੀ ਸੰਗਤ ਵਿਚ ਵੀ ਜਾਣ ਲਗ ਗਈ। ਇਹ ਸਭ ਕੁਝ ਰਾਣਾ ਵਿਕ੍ਰਮਾਦਿਤੑਯ ਨੂੰ ਪਸੰਦ ਨਹੀਂ ਸੀ। ਉਸ ਨੇ ਮੀਰਾ ਨੂੰ ਅਨੇਕ ਕਸ਼ਟ ਦਿੱਤੇ , ਜਿਨ੍ਹਾਂ ਦਾ ਵਰਣਨ ‘ਮੀਰਾ ਪਦਾਵਲੀ’ ਵਿਚ ਮਿਲ ਜਾਂਦਾ ਹੈ। ਮੀਰਾ ਦਾ ਤਾਇਆ ਵੀਰਮਦੇਵ ਅਤੇ ਉਸ ਦਾ ਪੁੱਤਰ ਇਸ ਦਾ ਬਹੁਤ ਸਤਿਕਾਰ ਕਰਦੇ ਸਨ। ਸੰਨ 1533 ਈ. ਦੇ ਨੇੜੇ-ਤੇੜੇ ਮੀਰਾ ਆਪਣੇ ਪੇਕੇ ਮੇੜਤਾ ਆ ਗਈ। ਪਰ ਜਦੋਂ ਸੰਨ 1538 ਈ. ਵਿਚ ਜੋਧਪੁਰ ਦੇ ਰਾਉ ਮਾਲਦੇਵ ਨੇ ਵੀਰਮਦੇਵ ਤੋਂ ਮੇੜਤਾ ਦਾ ਸ਼ਾਸਨ ਖੋਹ ਲਿਆ ਤਾਂ ਮੀਰਾ ਪਹਿਲਾਂ ਉਥੋਂ ਬਿੰਦ੍ਰਾਬਨ ਗਈ ਅਤੇ ਫਿਰ 1543 ਈ. ਦੇ ਆਸ-ਪਾਸ ਦ੍ਵਾਰਿਕਾ ਚਲੀ ਗਈ ਅਤੇ ਰਣਛੋੜ ਮੰਦਿਰ ਵਿਚ ਰਹਿਣ ਲਗੀ। ਉਥੇ ਹੀ ਇਸ ਦਾ ਸੰਨ 1563 ਈ. ਦੇ ਆਸ-ਪਾਸ ਦੇਹਾਂਤ ਹੋਇਆ।

ਮੀਰਾ ਦਾ ਗੁਰੂ ਕੌਣ ਸੀ ? ਇਸ ਬਾਰੇ ਕੋਈ ਨਿਰਣਾਜਨਕ ਗੱਲ ਨਹੀਂ ਕਹੀ ਜਾ ਸਕਦੀ, ਕਿਉਂਕਿ ਭਗਤ ਰਵਿਦਾਸ, ਵਿੱਠਲਨਾਥ, ਤੁਲਸੀਦਾਸ, ਜੀਵਗੋਸੁਆਮੀ ਆਦਿ ਕਈ ਮਹਾਪੁਰਸ਼ਾਂ ਨੂੰ ਮੀਰਾ ਦਾ ਗੁਰੂ ਹੋਣ ਦੇ ਸੰਕੇਤ ਮਿਲਦੇ ਹਨ। ਪਰ ਵਾਸਤਵਿਕਤਾ ਇਹ ਹੈ ਕਿ ਮੀਰਾ ਦਾ ਕੋਈ ਵੀ ਵਿਵਸਥਿਤ ਰੂਪ ਵਿਚ ਗੁਰੂ ਨਹੀਂ ਸੀ।

ਮੀਰਾਬਾਈ ਦੀ ਪਦਾਵਲੀ ਵਿਚ ਦੀਨਤਾ, ਆਤਮ-ਸਮਰਪਣ ਅਤੇ ਪ੍ਰਮੇ ਦੇ ਭਾਵ ਬਹੁਤ ਉਘੜੇ ਹਨ। ਸਾਰੀ ਰਚਨਾ ਰਾਗ-ਬੱਧ ਹੈ। ਇਸ ਉਤੇ ਯੋਗੀਆਂ, ਸੰਤਾਂ ਅਤੇ ਵੈਸ਼ਣਵਾਂ ਦਾ ਮਿਲਿਆ ਜੁਲਿਆ ਅਸਰ ਹੈ। ਇਸ ਦੀ ਪਦਾਵਲੀ ਦੀ ਆਧਾਰ-ਭਾਸ਼ਾ ਰਾਜਸਥਾਨੀ ਹੈ, ਪਰ ਗੁਜਰਾਤੀ, ਪੰਜਾਬੀ , ਬ੍ਰਜ-ਭਾਸ਼ਾ ਆਦਿ ਦਾ ਪ੍ਰਭਾਵ ਵੀ ਬਹੁਤ ਪਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.