ਮੀਰੀ-ਪੀਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੀਰੀ-ਪੀਰੀ: ਇਹ ਦੋਵੇਂ ਸ਼ਬਦ ਅਰਬੀ-ਫ਼ਾਰਸੀ ਪਿਛੋਕੜ ਵਾਲੇ ਹਨ। ‘ਮੀਰੀ’ ਦਾ ਸੰਬੰਧ ‘ਮੀਰ’ ਨਾਲ ਹੈ ਜੋ ਅਰਬੀ ਦੇ ‘ਅਮੀਰ ’ ਸ਼ਬਦ ਦਾ ਸੰਖਿਪਤ ਰੂਪ ਹੈ ਅਤੇ ਇਸ ਦਾ ਅਰਥ ਹੈ ਬਾਦਸ਼ਾਹ , ਸਰਦਾਰ। ‘ਮੀਰੀ’ ਤੋਂ ਭਾਵ ਹੈ ਬਾਦਸ਼ਾਹਤ ਜਾਂ ਸਰਦਾਰੀ। ‘ਪੀਰੀ’ ਸ਼ਬਦ ਦਾ ਸੰਬੰਧ ਫ਼ਾਰਸੀ ਦੇ ‘ਪੀਰ ’ ਸ਼ਬਦ ਨਾਲ ਹੈ ਜਿਸ ਦਾ ਅਰਥ ਹੈ ਧਰਮ ਆਗੂ , ਗੁਰੂ। ‘ਪੀਰੀ’ ਤੋਂ ਭਾਵ ਹੈ ਧਾਰਮਿਕ ਅਧਿਕਾਰ ਜਾਂ ਗੁਰਤਾ। ਇਨ੍ਹਾਂ ਦੋਹਾਂ ਸ਼ਬਦਾਂ ਦੀ ਇਕ ਵਿਅਕਤਿਤਵ ਲਈ ਵਰਤਣ ਦੀ ਪਰੰਪਰਾ ਦਾ ਆਰੰਭ ਸਿੱਖ ਜਗਤ ਵਿਚ ਗੁਰੂ ਹਰਿਗੋਬਿੰਦ ਸਾਹਿਬ ਤੋਂ ਹੋਇਆ। ਉਨ੍ਹਾਂ ਨੂੰ ‘ਮੀਰੀ ਪੀਰੀ ਦਾ ਮਾਲਿਕ’ ਕਿਹਾ ਗਿਆ। ਕਿਉਂਕਿ ਉਨ੍ਹਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਨੂੰ ਧਾਰਣ ਕੀਤਾ ਸੀ

ਮੀਰੀ (ਬਾਦਸ਼ਾਹਤ) ਅਤੇ ਪੀਰੀ (ਗੁਰਤਾ) ਨੂੰ ਸੰਯੁਕਤ ਕਰਨ ਪਿਛੇ ਉਸ ਸਮੇਂ ਦੀਆਂ ਇਤਿਹਾਸਿਕ ਪਰਿਸਥਿਤੀਆਂ ਹਨ। ਗੁਰੂ ਅਰਜਨ ਦੇਵ ਜੀ ਤਕ ਸਿੱਖ ਗੁਰੂ ਸਾਹਿਬਾਨ ਪੀਰੀ ਜਾਂ ਗੁਰਤਾ ਤਕ ਹੀ ਆਪਣੀਆਂ ਅਧਿਆਤਮਿਕ ਮਾਨਤਾਵਾਂ ਦਾ ਵਿਸਤਾਰ ਕਰਦੇ ਸਨ। ਉਂਜ ਇਹ ਵਖਰੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ , ਖ਼ਾਸ ਕਰਕੇ ‘ਬਾਬਰ ਵਾਣੀ ’ ਪ੍ਰਸੰਗ, ਵਿਚ ਵੀ ਮੁਗ਼ਲ ਸਰਕਾਰ ਦੇ ਅਤਿਆਚਾਰਾਂ ਵਿਰੁੱਧ ਰੋਸ ਦੀ ਭਾਵਨਾ ਮਿਲ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਮਾਨਸਿਕਤਾ ਨੂੰ ਝੰਝੋੜ ਦਿੱਤਾ। ਹਰਿ-ਭਗਤੀ ਦੇ ਨਾਲ ਆਤਮ-ਰਖਿਆ ਦਾ ਪ੍ਰਸ਼ਨ ਵੀ ਸਾਹਮਣੇ ਆਇਆ। ਗੁਰੂ ਹਰਿਗੋਬਿੰਦ ਸਾਹਿਬ ਨੇ ਪੀਰੀ ਦੇ ਹਰਿਮੰਦਿਰ ਸਾਹਿਬ ਦੇ ਨਾਲ ਹੀ ਮੀਰੀ ਸੂਚਕ ਅਕਾਲ ਤਖ਼ਤ ਦੀ ਸਥਾਪਨਾ ਕੀਤੀ ਅਤੇ ਆਪਣੀ ਜੀਵਨ-ਵਿਧੀ ਨੂੰ ਬਦਲ ਦਿੱਤਾ। ਹਰਿ- ਭਗਤੀ ਦੇ ਨਾਲ ਸ਼ਾਹੀ ਚਿੰਨ੍ਹ ਵੀ ਸ਼ਾਮਲ ਕਰ ਲਏ। ਭਗਤ ਧਰਮ ਸਾਧਕ ‘ਸਚਾ ਪਾਤਿਸ਼ਾਹ’ ਬਣ ਗਿਆ। ਫ਼ੌਜ ਰਖ ਲਈ, ਉਤਸਾਹ ਵਰਧਨ ਲਈ ਢਾਢੀਆਂ ਤੋਂ ਵਾਰਾਂ ਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਪੀਰ ਅਤੇ ਮੀਰ (ਬਾਦਸ਼ਾਹ) ਇਕੋ ਹੀ ਵਿਅਕਤਿਤਵ ਵਿਚ ਉਪਲਬਧ ਹੋ ਗਏ। ਭਾਈ ਗੁਰਦਾਸ ਨੇ ਲਿਖਿਆ ਹੈ—ਦਲ ਭੰਜਨ ਗੁਰੁ ਸੂਰਮਾ ਬਡ ਜੋਧਾ ਬਹੁ ਪਰਉਪਕਾਰੀ (1/48)।

ਗੁਰੂ ਹਰਿਗੋਬਿੰਦ ਸਾਹਿਬ ਤੋਂ ਬਾਦ ਗੁਰੂ ਹਰਿਰਾਇ ਜੀ ਨੇ ਵੀ ਗੁਰਤਾ ਦੇ ਨਾਲ ਸ਼ਾਹੀ ਠਾਠ ਵੀ ਕਾਇਮ ਰਖਿਆ, ਪਰ ਮੀਰੀ ਪੀਰੀ ਦੇ ਸਹੀ ਸਾਮੰਜਸ ਦਾ ਅਵਸਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਦ ਆਇਆ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਨਾ ਕਰਕੇ ਉਸ ਨੂੰ ‘ਸੰਤ ’ ਦੇ ਨਾਲ ‘ਸਿਪਾਹੀ’ ਵੀ ਬਣਾ ਦਿੱਤਾ। ਇਸ ਤਰ੍ਹਾਂ ਮੀਰੀ-ਪੀਰੀ ਦੇ ਸੰਯੁਕਤ ਰੂਪ ਦਾ ਪੂਰਣ ਦਿਗਦਰਸ਼ਨ ਖ਼ਾਲਸੇ ਦੀ ਸਿਰਜਨਾ ਨਾਲ ਸਾਹਮਣੇ ਆ ਸਕਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.