ਮੁਲਤਾਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁਲਤਾਨ [ਨਿਪੁ] ਪੱਛਮੀ ਪੰਜਾਬ ਦਾ ਪ੍ਰਮੁੱਖ ਪੁਰਾਤਨ ਸ਼ਹਿਰ ਅਥਵਾ ਇਲਾਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੁਲਤਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੁਲਤਾਨ (ਨਗਰ): ਇਕ ਪੁਰਾਤਨ ਨਗਰ ਜੋ ਪੱਛਮੀ ਪੰਜਾਬ ਵਿਚ ਚਨਾਬ ਦਰਿਆ ਦੇ ਨੇੜੇ ਵਸਿਆ ਹੋਇਆ ਹੈ। ਇਸ ਦੀ ਹੋਂਦ ਸਿਕੰਦਰ ਦੇ ਹਮਲੇ ਤੋਂ ਪਹਿਲਾਂ ਦੀ ਹੈ ਕਿਉਂਕਿ ਸਿਕੰਦਰ ਦੁਆਰਾ ਜਿਤੇ ਹਿੰਦੁਸਤਾਨੀ ਇਲਾਕਿਆਂ ਵਿਚ ਇਸ ਦਾ ਨਾਂ ਗਿਣਿਆ ਜਾਂਦਾ ਹੈ। ਉਥੇ ਇਸ ਦਾ ਨਾਂ ‘ਮੁਲਸਤਾਂ’ ਲਿਖਿਆ ਹੋਇਆ ਹੈ। ਇਸ ਦਾ ਵਰਤਮਾਨ ਨਾਂ ‘ਮੂਲ-ਤ੍ਰਾਣ’ ਸ਼ਬਦ-ਜੁਟ ਤੋਂ ਵਿਕਸਿਤ ਹੋਇਆ ਮੰਨਿਆ ਜਾਂਦਾ ਹੈ। ਇਸ ਤੋਂ ਭਾਵ ਹੈ ਜਿਥੇ ਕਿਸੇ ਭਗਤ ਦੀ ਰਖਿਆ ਕੀਤੀ ਗਈ ਹੋਵੇ। ਇਹ ਨਗਰ, ਅਸਲ ਵਿਚ, ਹਿਰਣੑਯਾਕੑਸ਼ ਅਤੇ ਹਿਰਣੑਯਕਸ਼ਿਪੁ ਨਾਂ ਦੇ ਰਾਖਸ਼ ਰਾਜਿਆਂ ਦੀ ਰਾਜਧਾਨੀ ਸੀ। ਇਥੇ ਹੀ ਭਗਤ ਪ੍ਰਹਿਲਾਦ ਦੀ ਰਖਿਆ ਲਈ ਵਿਸ਼ਣੂ ਨੇ ਨਰਸਿੰਘ ਰੂਪ ਵਿਚ ਅਵਤਾਰ ਧਾਰਣ ਕੀਤਾ ਸੀ। ਉਸ ਘਟਨਾ ਨਾਲ ਸੰਬੰਧਿਤ ਮੰਦਿਰ ਹੁਣ ਵੀ ਇਥੇ ਮੌਜੂਦ ਹੈ।

ਮੁਸਲਮਾਨ ਹਮਲਾਵਰ ਚੂੰਕਿ ਪਹਿਲਾਂ ਸਿੰਧ ਖੇਤਰ ਵਲੋਂ ਹਿੰਦੁਸਤਾਨ ਵਿਚ ਦਾਖ਼ਲ ਹੋਏ ਸਨ , ਇਸ ਲਈ ਉਨ੍ਹਾਂ ਨਾਲ ਆਏ ਪੀਰ , ਫ਼ਕੀਰ ਅਤੇ ਮੁੱਲਾ ਲੋਗ ਅਧਿਕਤਰ ਇਸ ਨਗਰ ਵਿਚ ਹੀ ਵਸ ਗਏ ਸਨ। ਫਲਸਰੂਪ ਇਹ ਮੁਸਲਮਾਨਾਂ ਦੇ ਧਰਮ ਦਾ ਪ੍ਰਮੁਖ ਕੇਂਦਰ ਬਣ ਗਿਆ ਸੀ। ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਇਸ ਨਗਰ ਵਿਚ ਆਏ ਸਨ। ਭਾਈ ਗੁਰਦਾਸ ਅਨੁਸਾਰ ਉਥੋਂ ਦੇ ਪੀਰਾਂ ਫ਼ਕੀਰਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਦਾ ਕਟੋਰਾ ਪੇਸ਼ ਕੀਤਾ, ਇਹ ਸੰਕੇਤ ਕਰਨ ਲਈ ਕਿ ਇਹ ਨਗਰ ਅਗੇ ਹੀ ਪੀਰਾਂ ਨਾਲ ਭਰਿਆ ਹੋਇਆ ਹੈ, ਹੋਰ ਕਿਸੇ ਦੀ ਗੁੰਜਾਇਸ਼ ਨਹੀਂ। ਪਰ ਗੁਰੂ ਜੀ ਨੇ ਉਸ ਦੁੱਧ ਉਤੇ ਚੰਬੇਲੀ ਦਾ ਫੁਲ ਟਿਕਾ ਦਿੱਤਾ, ਇਹ ਦਸਣ ਲਈ ਕਿ ਮੈਂ ਬਿਨਾ ਕਿਸੇ ਨੂੰ ਪਰੇਸ਼ਾਨ ਕੀਤੇ ਇਸ ਵਿਚ ਸਮਾ ਜਾਵਾਂਗਾ—ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ ਅਗੋਂ ਪੀਰ ਮੁਤਲਾਨ ਦੇ ਦੁਧਿ ਕਟੋਰਾ ਭਰਿ ਲੈ ਆਈ ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧ ਵਿਚਿ ਮਿਲਾਈ ਜਿਉ ਸਾਗਰ ਵਿਚ ਗੰਗ ਸਮਾਈ (1/44)। ਪਰ ਮੁਸਲਮਾਨਾਂ ਦੀ ਅਧਿਕ ਆਬਾਦੀ ਹੋਣ ਕਾਰ ਇਸ ਨਗਰ ਵਿਚ ਕੋਈ ਗੁਰੂ-ਧਾਮ ਜਾਂ ਸਮਾਰਕ ਨ ਬਣ ਸਕਿਆ।

ਸੰਨ 1527 ਈ. ਵਿਚ ਇਸ ਉਤੇ ਬਾਬਰ ਨੇ ਕਬਜ਼ਾ ਕੀਤਾ। ਦਿੱਲੀ ਵਿਚ ਮੁਗ਼ਲ ਬਾਦਸ਼ਾਹੀ ਦੇ ਕਮਜ਼ੋਰ ਹੋਣ ਨਾਲ ਸੰਨ 1752 ਈ. ਵਿਚ ਇਹ ਅਹਿਮਦਸ਼ਾਹ ਦੁਰਾਨੀ ਦੇ ਅਧਿਕਾਰ ਵਿਚ ਆ ਗਿਆ। ਸੰਨ 1818 ਈ. ਵਿਚ ਇਸ ਉਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਅਧਿਕਾਰ ਜਮਾ ਲਿਆ। ਲਾਹੌਰ ਦਰਬਾਰ ਵਿਚ ਅੰਗ੍ਰੇਜ਼ਾਂ ਦਾ ਦਖ਼ਲ ਵਧ ਜਾਣ ਤੋਂ ਬਾਦ ਇਥੋਂ ਦੇ ਸਿੱਖ ਗਵਰਨਰ ਦੀਵਾਨ ਮੂਲਰਾਜ ਨੇ ਬਗ਼ਾਵਤ ਕਰ ਦਿੱਤੀ। ਅੰਗ੍ਰੇਜ਼ ਅਤੇ ਸਿੱਖਾਂ ਦੀ ਦੂਜੀ ਲੜਾਈ ਵਿਚ ਦੀਵਾਨ ਅੰਗ੍ਰੇਜ਼ਾਂ ਤੋਂ ਹਾਰ ਗਿਆ ਅਤੇ ਨਗਰ ਉਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ। ਦੇਸ਼ ਵੰਡ ਤੋਂ ਬਾਦ ਇਹ ਪੱਛਮੀ ਪੰਜਾਬ ਦਾ ਮੁਖ ਨਗਰ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੁਲਤਾਨ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੁਲਤਾਨ : ਜ਼ਿਲ੍ਹਾ– ਇਹ ਪੱਛਮੀ ਪੰਜਾਬ (ਪਾਕਿਸਤਾਨ) ਦਾ ਪ੍ਰਸਿੱਧ ਜ਼ਿਲ੍ਹਾ ਹੈ। ਇਹ ਜ਼ਿਲ੍ਹਾ ਚਨਾਬ ਅਤੇ ਸਤਲੁਜ ਦਰਿਆਵਾਂ ਨਾਲ ਘਿਰਿਆ ਹੋਇਆ ਹੈ। ਇਹ ਦੋਵੇਂ ਦਰਿਆ ਇਸ ਦੇ ਦੱਖਣੀ ਪੱਛਮੀ ਸਿਰਿਆਂ ਨੂੰ ਜੋੜਦੇ ਹਨ। ਬਾਰੀ ਦੋਆਬ ਇਸ ਨੂੰ ਪੂਰੀ ਤਰ੍ਹਾਂ ਕੱਟਦੀ ਹੈ। ਇਸ ਦੇ ਪੱਛਮ ਵੱਲ ਮਿੰਟਗੁਮਰੀ ਅਤੇ ਉੱਤਰ ਵੱਲ ਝੰਗ ਦੇ ਪ੍ਰਸਿੱਧ ਸ਼ਹਿਰ ਹਨ। ਚਨਾਬ ਦੇ ਪਿੱਛੇ ਵੱਲ ਮੁਜ਼ੱਫਰਨਗਰ ਹੈ ਅਤੇ ਸਤਲੁਜ ਦੇ ਪਿੱਛੇ ਦੱਖਣ ਵੱਲ ਬਹਾਵਲਪੁਰ ਹੈ। ਮੁਲਤਾਨ ਦੇ ਮੈਦਾਨ ਦੀਆਂ ਸੀਮਾਵਾਂ ਇਨ੍ਹਾਂ ਚਾਰ ਦਰਿਆਵਾਂ ਦੇ ਪੁਰਾਣੇ ਅਤੇ ਵਰਤਮਾਨ ਰਸਤਿਆਂ ਰਾਹੀਂ ਬਣਦੀਆਂ ਹਨ। ਸਤਲੁਜ ਮੈਦਾਨੀ ਇਲਾਕੇ ਦੀ ਦੱਖਣੀ ਸੀਮਾ ਬਣਾਉਂਦਾ ਹੈ ਅਤੇ ਚਨਾਬ ਉੱਤਰ ਪੱਛਮੀ ਸੀਮਾ। ਗਰਮੀ ਦੇ ਦਿਨਾਂ ਵਿਚ ਇਨ੍ਹਾਂ ਦਰਿਆਵਾਂ ਵਿਚ ਹੜ੍ਹ ਆ ਜਾਂਦਾ ਹੈ। ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਬਾਰ ਕਿਹਾ ਜਾਂਦਾ ਹੈ। ਇਹ ਇਲਾਕਾ ਮੁਲਤਾਨ ਤੋਂ ਮਿੰਟਗੁਮਰੀ ਤਕ ਦਾ ਹੈ। ਰਾਵੀ ਦਰਿਆ ਅਜੇ ਵੀ ਆਪਣੇ ਪੁਰਾਣੇ ਰਾਹਾਂ ਤੋਂ ਵਗਦਾ ਹੈ। ਗਰਮੀਆਂ ਵਿਚ ਇਸ ਦਰਿਆ ਵਿਚ ਹੜ੍ਹ ਆ ਜਾਂਦਾ ਹੈ ਅਤੇ ਸਰਦੀਆਂ ਵਿਚ ਇਹ ਜ਼ਿਆਦਾਤਰ ਸੁੱਕਾ ਰਹਿੰਦਾ ਹੈ।  

ਇੱਥੋਂ ਦੀ ਜ਼ਮੀਨ ਕਛਾਰੀ ਹੈ। ਇਥੇ ਨਹਿਰਾਂ ਰਾਹੀਂ ਸਿੰਜਾਈ ਕੀਤੀ ਜਾਂਦੀ ਹੈ। ਇਥੇ ਖਜੂਰ ਕਾਫ਼ੀ ਮਾਤਰਾ ਵਿਚ ਪਾਈ ਜਾਂਦੀ ਹੈ। ਇਕ ਵਿਸ਼ੇਸ਼ ਕਿਸਮ ਦਾ ਅੰਬ ਵੀ ਇਥੇ ਬਹੁਤ ਹੁੰਦਾ ਹੈ। ਮੁਲਤਾਨ ਦੀ ਮਿੱਟੀ ਅਤੇ ਗਰਮੀ ਬਾਰੇ ਬਹੁਤ ਸਾਰੀਆਂ ਕਹਾਵਤਾਂ ਪ੍ਰਸਿੱਧ ਹਨ। ਉਂਜ ਇੱਥੋਂ ਦਾ ਜਲਵਾਯੂ ਏਨਾ ਮਾੜਾ ਨਹੀਂ ਹੈ। ਸਰਦੀ ਦਾ ਮੌਸਮ ਲਗਭਗ ਸੁਖਾਵਾਂ ਹੀ ਹੈ। ਮਈ ਵਿਚ ਵੀ ਇੱਥੋਂ ਦੀਆਂ ਰਾਤਾਂ ਠੰਡੀਆਂ ਹੁੰਦੀਆਂ ਹਨ। ਇਥੇ ਵਰਖਾ ਘੱਟ ਹੁੰਦੀ ਹੈ।

ਪ੍ਰਾਚੀਨ ਕਾਲ ਵਿਚ ਮੁਲਤਾਨ ਨੂੰ ਕਸ਼ਯਪਪੁਰਾ ਕਿਹਾ ਜਾਂਦਾ ਸੀ ਜੋ ਰਾਖਸ਼ਾਂ ਅਤੇ ਦੇਵਤਿਆਂ ਦੇ ਪਿਤਾ ਦੇ ਨਾਂ ਤੇ ਪਿਆ ਸੀ। ਹਿੰਦੂ ਮਿੱਥ ਅਨੁਸਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਪੂਰਵ ਕਾਲ ਵਿਚ ਇਸ ਹੀ ਸਥਾਨ ਤੇ ਹਰਨਾਖਸ਼ ਅਤੇ ਪ੍ਰਹਿਲਾਦ ਹੋਏ। ਜਿਥੇ ਨਰਸਿੰਘ ਅਵਤਾਰ ਨੇ ਪ੍ਰਹਿਲਾਦ ਦੀ ਰਖਿਆ ਕੀਤੀ ਸੀ।  ਉਸ ਸਥਾਨ ਤੇ ਇਕ ਮੰਦਰ ਬਣਿਆ ਹੋਇਆ ਹੈ। ਬਹੁਤ ਸਾਰੇ ਗ੍ਰੰਥਾਂ ਵਿਚ ਇਸ ਦਾ ਨਾਂ ਪ੍ਰਹਲਾਦਪੁਰੀ ਲਿਖਿਆ ਹੈ। ਸਿਕੰਦਰ ਦੇ ਇਤਿਹਾਸ ਲੇਖਕਾਂ ਨੇ ਇਸ ਦਾ ਨਾਂ ਮੱਲਮੱਠ ਲਿਖਿਆ ਹੈ। ਇਹ ਸਿੰਧ ਦੀ ਰਾਜਧਾਨੀ ਸੀ ਅਤੇ ਇਸ ਉੱਤੇ ਰਾਏ ਬਾਦਸ਼ਾਹਾਂ ਨੇ ਰਾਜ ਕੀਤਾ ਜਿਨ੍ਹਾਂ ਵਿੱਚੋਂ ਅੰਤਮ ਬਾਦਸ਼ਾਹ 631 ਈ. ਵਿਚ ਮਰਿਆ। ਇਸ ਤੋਂ ਬਾਅਦ ਕਾਫ਼ੀ ਦੇਰ ਰਾਜ ਸਿੰਘਾਸਨ ਖ਼ਾਲੀ ਰਿਹਾ ਅਤੇ ਸਮਾਂ ਪਾ ਕੇ ਕੱਛ ਨਾਂ ਦੇ ਬ੍ਰਾਹਮਣ ਨੇ ਸੱਤਾ ਹਾਸਲ ਕਰ ਲਈ। ਸੰਨ 641 ਵਿਚ ਇਸ ਦੇ ਸ਼ਾਸਨਕਾਲ ਵਿਚ ਚੀਨੀ ਯਾਤਰੀ ਹਿਊਨਸਾਂਗ ਇਥੇ ਆਇਆ। ਇਥੇ ਉਸ ਨੇ ਸੂਰਜ ਦੀ ਸੁਨਹਿਰੀ ਪਰਛਾਈ ਵੇਖੀ। ਇਸ ਦਾ ਵਰਣਨ ਵਾਰ ਵਾਰ ਅਰਬੀ ਇਤਿਹਾਸਕਾਰਾਂ ਨੇ ਵੀ ਕੀਤਾ ਹੈ। ਸੰਨ 664 ਤੋਂ 772 ਈ. ਤੱਕ ਮੁਹੰਮਦ ਬਿਨ ਕਾਸਿਮ ਨੇ ਮੁਲਤਾਨ ਨੂੰ ਜਿੱਤ ਲਿਆ ਅਤੇ ਇਥੇ ਖਲੀਫ਼ਿਆਂ ਦਾ ਰਾਜ ਹੋ ਗਿਆ। ਇਸ ਸਮੇਂ ਦੌਰਾਨ ਮੁਲਤਾਨ ਇਸਲਾਮ ਦਾ ਗੜ੍ਹ ਰਿਹਾ। ਅਰਬਾਂ ਨੇ ਇਸ ਉੱਤੇ ਦੋ ਵਾਰੀ ਕਬਜ਼ਾ ਕੀਤਾ। ਇਸ ਤੋਂ ਬਾਅਦ ਸਿੰਧ ਘਾਟੀ ਵੀ ਯਾਕੂਬ ਬਿਨ ਲਾਯਮ ਦੇ ਕਬਜ਼ੇ ਵਿਚ ਆ ਗਈ ਅਤੇ ਜਲਦੀ ਹੀ ਮਨਸੂਰ ਅਤੇ ਮੁਲਤਾਨ ਦੋ ਰਾਜਧਾਨੀਆਂ ਬਣ ਗਈਆਂ।

ਸੰਨ 915 ਵਿਚ ਇਥੇ ਭੂਗੋਲਵੇਤਾ ਮਸੌਦੀ ਆਇਆ ਜਿਸਨੇ ਇਹ ਕਿਹਾ ਕਿ ਮੁਲਤਾਨ ਮੁੱਲਾ ਸਥਾਨਪੁਰਾ ਸ਼ਬਦ ਵਿੱਚੋਂ ਨਿਕਲਿਆ ਹੈ। ਬੁੱਧ ਦੇ ਸਮੇਂ ਵਿਚ ਇਸ ਨੂੰ ਇਸ ਨਾਂ ਨਾਲ ਹੀ ਜਾਣਿਆ ਜਾਂਦਾ ਸੀ। ਉਸ ਨੇ ਇਸ ਦਾ ਇਕ ਸ਼ਕਤੀਸ਼ਾਲੀ ਕੁਰਸ਼ ਰਾਜ ਦੇ ਰੂਪ ਵਿਚ ਵਰਣਨ ਕੀਤਾ। ਉਸ ਨੇ ਇਸ ਨੂੰ ਉਪਜਾਊ ਅਤੇ ਸੰਘਣੀ ਆਬਾਦੀ ਵਾਲਾ ਰਾਜ ਦਸਿਆ। ਸੰਨ 980 ਵਿਚ ਇਥੇ ਪੇਸ਼ਾਵਰ ਤੋਂ ਇਕ ਲੋਧੀ ਪਰਿਵਾਰ ਆਇਆ। ਮਹਿਮੂਦ ਗਜ਼ਨੀ ਨੇ ਅਬੁਲ ਫ਼ਤਹਿ ਲੋਧੀ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਅਤੇ ਇਸ ਨੂੰ ਅਨੰਦਪਾਲ ਨਾਲ ਜੋੜਿਆ। ਸੰਨ 1006 ਵਿਚ ਅਨੰਦਪਾਲ ਨੇ ਇਸ ਦਾ ਦੋਬਾਰਾ ਵਿਰੋਧ ਕੀਤਾ। ਸੰਨ 1010 ਵਿਚ ਮਸੌਦ ਮੁਹੰਮਦ ਨੇ ਇਸ ਨੂੰ ਦਬਾ ਦਿੱਤਾ ਅਤੇ ਉਸ ਦੇ ਪੁੱਤਰ ਨੂੰ ਗਵਰਨਰ ਬਣਾ ਦਿੱਤਾ ਗਿਆ।

ਅਗਲੀਆਂ ਤਿੰਨ ਸਦੀਆਂ ਤਕ ਮੁਲਤਾਨ ਦਾ ਇਤਿਹਾਸ ਸੀਮਾ ਪ੍ਰਾਂਤ ਦੇ ਤੌਰ ਤੇ ਜਾਣਿਆ ਜਾਂਦਾ ਹੈ ਜੋ ਮੰਗੋਲ ਹਮਲਿਆਂ ਦੇ ਕਾਰਨ ਸੀ। ਦੱਰਾ ਖ਼ੈਬਰ ਦੀਆਂ ਕਠਿਨਾਈਆਂ ਕਾਰਨ ਅਤੇ ਗੱਖੜਾਂ ਦੇ ਅਤਿਥੀ ਸਤਿਕਾਰ ਦੀ ਭਾਵਨਾ ਕਾਰਣ ਹਮਲਾਵਰਾਂ ਨੇ ਹਿੰਦੁਸਤਾਨ ਆਉਣ ਲਈ ਮੁਲਤਾਨ ਦਾ ਰਸਤਾ ਅਪਣਾਇਆ। ਸੰਨ 1221 ਤੋਂ 1528 ਈ. ਤਕ 10 ਹਮਲਿਆਂ ਨੇ ਇਸ ਜ਼ਿਲ੍ਹੇ ਵਿਚ ਹੂੰਝਾ ਫੇਰ ਦਿੱਤਾ। ਇਹ ਹਮਲੇ ਜਲਾਲੂਦੀਨ ਖ਼ਵਾਰਿਜ਼ਮ ਤੋਂ ਸ਼ੁਰੂ ਹੋਏ ਅਤੇ 1528 ਈ. ਵਿਚ ਬਾਬਰ ਤੋਂ ਬਾਅਦ ਖ਼ਤਮ ਹੋਏ। ਜਦੋਂ ਕਿ ਇਸ ਸ਼ਹਿਰ ਨੂੰ ਬਹੁਤ ਨੁਕਸਾਨ ਪਹੁੰਚ ਚੁੱਕਾ ਸੀ। ਇਸ ਸਮੇਂ ਦੇ ਦੌਰਾਨ ਮੁਲਤਾਨ ਦਿੱਲੀ ਦਾ ਹੀ ਵਿਸ਼ੇਸ਼ ਭਾਗ ਸੀ ਪਰ ਦੋ ਵਾਰੀ ਇਹ ਅਲਗ ਅਤੇ ਸੁਤੰਤਰ ਰਾਜਧਾਨੀ ਮੰਨਿਆ ਗਿਆ।

ਕੁਤੁਬਦੀਨ ਅਤੇ ਨਸੀਰੂਦੀਨ ਦੀ ਮੌਤ ਤੋਂ ਬਾਅਦ ਕੁਬਾਚਾ ਨੇ ਮੁਲਤਾਨ ਨੂੰ ਕਬਜ਼ੇ ਵਿਚ ਕਰ ਲਿਆ ਅਤੇ 1227 ਈ. ਤਕ ਸਿੰਧ ਅਤੇ ਸੀਸਤਾਨ ਉੱਤੇ ਸੁਤੰਤਰਤਾ ਪੂਰਬਕ ਰਾਜ ਕਰਦਾ ਰਿਹਾ। ਇਸ ਤੋਂ ਬਾਅਦ 1228 ਈ. ਵਿਚ ਅਲਤਮਸ਼ ਨੇ ਇਸ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਤੇ ਇਸ ਨੂੰ ਦਿੱਲੀ ਦਾ ਹਿੱਸਾ ਬਣਾ ਲਿਆ। ਇਸ ਤੋਂ ਬਾਅਦ ਇਹ ਰਜ਼ੀਆ ਦੇ ਅਧੀਨ ਹੋ ਗਿਆ।

ਸੈਫ਼ਦੀਨ ਹਸਨ ਨੇ ਉਤਰਾਧਿਕਾਰੀ ਨਾ ਹੁੰਦੇ ਹੋਏ ਵੀ ਮੁਲਤਾਨ ਉੱਤੇ 1236 ਈ. ਵਿਚ ਹਮਲਾ ਕੀਤਾ। ਇਸ ਤੋਂ ਬਾਅਦ ਸ਼ੇਰ ਖ਼ਾਂ ਨੇ ਤੇ ਫਿਰ ਬਲਬਨ ਨੇ ਇਸ ਨੂੰ ਆਪਣੇ ਅਧੀਨ ਕਰ ਲਿਆ। ਦੋ ਸਦੀਆਂ ਤਕ ਇੱਥੋਂ ਦਾ ਗਵਰਨਰ ਸ਼ਾਹੀ ਖ਼ਾਨਦਾਨ ਵਿੱਚੋਂ ਬਣਦਾ ਰਿਹਾ। ਇਹ ਸਿਲਸਿਲਾ ਗਿਆਸੂਦੀਨ ਤੁਗ਼ਲਕ ਤਕ ਚਲਦਾ ਰਿਹਾ। ਸੰਨ 1527 ਵਿਚ ਮੁਲਤਾਨ ਉੱਤੇ ਬਾਬਰ ਦਾ ਕਬਜ਼ਾ ਹੋ ਗਿਆ। ਸੰਨ 1748 ਵਿਚ ਪੰਜਾਬ ਦੇ ਗਵਰਨਰ ਮੀਰ ਮੰਨੂੰ ਦੇ ਦੀਵਾਨ ਕੌੜਾ ਮੱਲ ਨੇ ਇਸ ਨੂੰ ਜਿੱਤ ਲਿਆ। ਸੰਨ 1771 ਵਿਚ ਇਸ ਉੱਤੇ ਸਿੱਖਾਂ ਨੇ ਕਬਜ਼ਾ ਕਰ ਲਿਆ ਪਰ ਤੈਮੂਰ ਸ਼ਾਹ ਨੇ ਇਹ ਕਬਜ਼ਾ ਦੇਰ ਤਕ ਨਾ ਰਹਿਣ ਦਿੱਤਾ। ਸੰਨ 1779 ਈ. ਤੋਂ 1818 ਤਕ ਮੁਲਤਾਨ, ਨਵਾਬ ਮੁਜ਼ਫਰ ਖ਼ਾਂ ਦੇ ਅਧੀਨ ਰਿਹਾ। ਸੰਨ 1818 ਵਿਚ ਮੁਲਤਾਨ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਹੋ ਗਿਆ। ਦੋ ਜਾਂ ਤਿੰਨ ਸਿੱਖ ਗਵਰਨਰਾਂ ਦੇ ਹੱਥਾਂ ਵਿਚ ਰਹਿਣ ਤੋਂ ਬਾਅਦ 1821 ਈ. ਵਿਚ ਦੀਵਾਨ ਸਾਵਣ ਮੱਲ ਇਥੋਂ ਦਾ ਦੀਵਾਨ ਬਣਾਇਆ ਗਿਆ। ਜਿਸ ਸਥਾਨ ਨੂੰ ਮਾਰ ਧਾੜ ਕਰਕੇ ਇਕ ਮਾਰੂਥਲ ਬਣਾ ਦਿੱਤਾ ਗਿਆ ਸੀ ਉਹ ਜਗ੍ਹਾ ਦੀਵਾਨ ਸਾਵਣ ਮੱਲ ਨੇ ਆਪਣੇ ਯਤਨਾਂ ਨਾਲ ਬਹੁਤ ਚੰਗੀ ਤਰ੍ਹਾਂ ਆਬਾਦ ਕਰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਸਾਵਣ ਮੱਲ ਅਤੇ ਰਾਜਾ ਗੁਲਾਬ ਸਿੰਘ ਵਿਚਕਾਰ ਝਗੜੇ ਸ਼ੁਰੂ ਹੋ ਗਏ ਅਤੇ 1844 ਈ. ਵਿਚ ਦੀਵਾਨ ਸਾਵਣ ਮੱਲ ਇਕ ਸਿਪਾਹੀ ਦੁਆਰਾ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਸ ਦਾ ਬੇਟਾ ਮੂਲ ਰਾਜ ਝਗੜੇ ਦੌਰਾਨ ਹੀ ਲਾਹੌਰ ਦਾ ਗਵਰਨਰ ਬਣਾ ਦਿੱਤਾ ਗਿਆ। ਇਸ ਝਗੜੇ ਕਾਰਨ ਇਸ ਨੂੰ ਅਸਤੀਫ਼ਾ ਦੇਣਾ ਪਿਆ। ਪਹਿਲੇ ਸਿੱਖ ਅੰਗਰੇਜ਼ ਯੁੱਧ ਦੇ ਫ਼ਲਸਰੂਪ ਲਾਹੌਰ ਵਿਚ ਕੌਂਸਲ ਆਫ਼ ਰੀਜੈਂਸੀ ਸਥਾਪਿਤ ਕਰ ਦਿੱਤੀ ਗਈ। ਇਸ ਕਾਰਨ ਦੀਵਾਨ ਮੂਲਰਾਜ ਅਤੇ ਅੰਗਰੇਜ਼ ਅਫ਼ਸਰਾਂ ਵਿਚ ਅਣਬਣ ਹੋ ਗਈ। ਇਸੇ ਕਾਰਨ ਹੀ ਮੁਲਤਾਨ ਵਿਚ ਬਗ਼ਾਵਤ ਹੋਈ ਅਤੇ ਇਹ ਹੀ ਦੂਜੇ ਸਿੱਖ ਅੰਗਰੇਜ਼ ਯੁੱਧ ਦਾ ਕਾਰਨ ਬਣਿਆ। ਸੰਨ 1849 ਵਿਚ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਸਖ਼ਤ ਲੜਾਈ ਹੋਈ ਪਰ ਮੂਲਰਾਜ ਨੇ 22 ਜਨਵਰੀ, 1849 ਨੂੰ ਆਪਣੀ ਮਰਜ਼ੀ ਨਾਲ ਹਾਰ ਮੰਨ ਲਈ। ਮੂਲਰਾਜ ਉੱਤੇ ਅੰਗਰੇਜ਼ ਅਫ਼ਸਰਾਂ ਨੂੰ ਕਤਲ ਕਰਨ ਦਾ ਇਲਜ਼ਾਮ ਲਾ ਕੇ ਮੁਕੱਦਮਾ ਚਲਾਇਆ ਗਿਆ ਅਤੇ ਮੌਤ ਦੀ ਸਜ਼ਾ ਦਿੱਤੀ ਗਈ ਤੇ ਜ਼ਿਲ੍ਹੇ ਉੱਤੇ ਸਿੱਧਾ ਅੰਗਰੇਜ਼ੀ ਰਾਜ ਕਰ ਦਿੱਤਾ ਗਿਆ।

ਮੁਲਤਾਨ ਦੀ ਗਰਮੀ ਤੇ ਰੇਤਲੇ ਝੱਖੜ, ਤਿੱਬਤ ਦੀ ਸਰਦੀ ਤੇ ਬਰਫ਼ ਨੂੰ ਵੀ ਮਾਤ ਕਰਨ ਵਾਲੇ ਹਨ ਪਰ ਸ਼ਹਿਰ ਦੀ ਚੰਗੇਰੀ ਪੁਜ਼ੀਸ਼ਨ ਤੇ ਆਸ ਪਾਸ ਦੀਆਂ ਜਲ ਭਰਪੂਰ ਨਦੀਆਂ ਨੇ ਇਸ ਨੂੰ ਬਹੁਤ ਪ੍ਰਸਿੱਧ ਕਰ ਦਿੱਤਾ। ਇਥੋਂ ਦੀ ਸਿਲਕ ਤੇ ਦਰੀਆਂ ਬਹੁਤ ਪ੍ਰਸਿੱਧ ਹਨ। ਕਣਕ, ਨੀਲ ਅਤੇ ਰੂੰ ਵੀ ਪ੍ਰਸਿੱਧ ਹੈ। ਹਿਮਾਲਾ ਦੀਆਂ ਦੱਖਣੀ ਢਲਾਨਾਂ ਵਿਚ ਕਦੇ ਕਦੇ ਬਾਰਸ਼ਾਂ ਨਾਲ ਹੜ੍ਹ ਆ ਜਾਂਦੇ ਹਨ।

ਇਸ ਜ਼ਿਲ੍ਹੇ ਵਿਚ 6 ਕਸਬੇ ਅਤੇ 1851 ਪਿੰਡ ਹਨ। ਪਿਛਲੀ ਸਦੀ ਵਿਚ ਇਸ ਵਿਚ 11.7% ਵਾਧਾ ਹੋਇਆ। ਇਹ ਸ਼ਹਿਰ ਆਕਰਸ਼ਤ ਹੋਣ ਕਾਰਨ ਬਹੁਤ ਸਾਰੇ ਲੋਕ ਬਾਹਰੋਂ ਆ ਕੇ ਵਸ ਗਏ। ਇਸੇ ਕਾਰਨ ਜਨਸੰਖਿਆ ਵਿਚ ਵਾਧਾ ਹੋਇਆ। ਇਥੇ ਸਭ ਤੋਂ ਜ਼ਿਆਦਾ ਸੰਖਿਆ ਖੇਤੀਬਾੜੀ ਕਰਨ ਵਾਲਿਆਂ ਦੀ ਹੈ। ਇਸ ਤੋਂ ਬਾਅਦ ਰਾਜਪੂਤਾਂ ਦੀ ਗਿਣਤੀ ਹੈ। ਇਸ ਤੋਂ ਬਾਅਦ ਅਰਾਈਂ ਅਤੇ ਪਠਾਣਾਂ ਦੀ ਗਿਣਤੀ ਆਉਂਦੀ ਹੈ। ਸਈਅਦ ਅਤੇ ਕੁਰੈਸ਼ੀ ਬਹੁਤ ਘੱਟ ਸੰਖਿਆ ਵਿਚ ਹਨ। ਇਸ ਤੋਂ ਬਾਅਦ ਵਪਾਰੀਆਂ ਦੀ ਸੰਖਿਆ ਆਉਂਦੀ ਹੈ।

ਇਸ ਜ਼ਿਲ੍ਹੇ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ 5 ਤਹਿਸੀਲਾਂ ਵਿਚ ਵੰਡਿਆ ਹੋਇਆ ਹੈ। ਡਿਪਟੀ ਕਮਿਸ਼ਨਰ ਹੀ ਜ਼ਿਲ੍ਹਾ ਮੈਜਿਸਟਰੇਟ ਹੁੰਦਾ ਹੈ। ਸਿਵਲ ਜ਼ੁਡੀਸ਼ਲ ਕੰਮ ਡਿਸਟ੍ਰਿਕਟ ਜੱਜ ਦੇ ਅਧੀਨ ਹੈ ਅਤੇ ਦੋਵਾਂ ਜੱਜਾਂ ਉੱਤੇ ਮੁਲਤਾਨ ਸਿਵਿਲ ਡਵੀਜ਼ਨ ਦਾ ਜੱਜ ਹੁੰਦਾ ਹੈ।

ਇਥੇ ਸਿੱਖਿਆ ਲਈ ਹਾਈ, ਸੈਕੰਡਰੀ ਅਤੇ ਪਬਲਿਕ ਸਕੂਲਾਂ ਦਾ ਵਿਸ਼ੇਸ਼ ਪ੍ਰਬੰਧ ਹੈ। ਇਥੇ ਖੇਤੀਬਾੜੀ ਨਾਲ ਸਬੰਧਤ ਕਾਲਜ ਵੀ ਹੈ। ਸੰਨ 1903-04 ਵਿਚ ਸਿੱਖਿਆ ਉੱਤੇ ਲਗਭਗ 89000 ਰੁਪਿਆ ਖ਼ਰਚ ਕੀਤਾ ਜਾਂਦਾ ਸੀ। ਇਥੇ ਸਿਵਲ ਹਸਪਤਾਲਾਂ ਤੋਂ ਇਲਾਵਾ ਡਿਸਪੈਂਸਰੀਆਂ ਵੀ ਹਨ। ਇਕ ਵਿਕਟੋਰੀਆ ਜੁਬਲੀ ਹਸਪਤਾਲ ਕੇਵਲ ਔਰਤਾਂ ਲਈ ਹੈ। ਇਹ ਲਾਹੌਰ ਤੋਂ 207 ਅਤੇ ਕਰਾਚੀ ਤੋਂ 548 ਮੀਲ ਦੂਰ ਹੈ। ਇਹ ਉੱਤਰ ਪੱਛਮੀ ਰੇਲਵੇ ਦਾ ਭਾਰੀ ਸਟੇਸ਼ਨ ਹੈ। ਇਥੇ ਅੰਗਰੇਜ਼ੀ ਫ਼ੌਜ ਦੀ ਵੱਡੀ ਛਾਉਣੀ ਹੁੰਦੀ ਸੀ।

ਇਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਪੀਰਾਂ ਦੇ ਮਕਾਨਾਂ ਵਿਚ ਹੈ। ਆਪਣੀ ਯਾਤਰਾ ਦੇ ਦੌਰਾਨ ਗੁਰੂ ਸਾਹਿਬ ਕੁਰਮ ਤੋਂ ਹੋ ਕੇ ਮੁਲਤਾਨ ਪਹੁੰਚੇ। ਇੱਥੋਂ ਦੇ ਪੀਰਾਂ ਨੇ ਗੁਰੂ ਜੀ ਪਾਸ ਇਕ ਦੁੱਧ ਦਾ ਪਿਆਲਾ ਭਰ ਕੇ ਭੇਜਿਆ। ਗੁਰੂ ਸਾਹਿਬ ਨੇ ਇਸ ਪਿਆਲੇ ਉੱਤੇ ਫੁੱਲ ਰੱਖ ਦਿੱਤਾ ਜਿਸ ਦਾ ਭਾਵ ਸੀ ਕਿ ਅਸੀਂ ਭਰੇ ਹੋਏ ਪਿਆਲੇ ਵਿਚ ਫੁੱਲ ਵਾਂਗ ਹੀ ਪੀਰਾਂ ਦੇ ਇਕੱਠ ਵਿਚ ਸਮਾਅ ਸਕਦੇ ਹਾਂ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-11-21-41, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ.18 : 22; ਹਿੰ. ਵਿ. ਕੋ. : 344; ਮ. ਕੋ. : 989

ਮੁਲਤਾਨ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੁਲਤਾਨ : ਇਹ ਪੱਛਮੀ ਪੰਜਾਬ (ਪਾਕਿਸਤਾਨ) ਦੇ ਮੁਲਤਾਨ ਜ਼ਿਲ੍ਹੇ ਦਾ ਸਦਰ ਮੁਕਾਮ ਹੈ।ਇਹ ਕਰਾਚੀ ਤੋਂ ਲਗਭਗ 887 ਕਿ. ਮੀ. ਦੂਰ ਹੈ। ਇਸ ਦੇ ਤਿੰਨੇ ਪਾਸੇ ਇਕ ਉੱਚੀ ਦੀਵਾਰ ਬਣੀ ਹੋਈ ਹੈ। ਇਹ ਦੀਵਾਰ ਦੱਖਣ ਵੱਲੋਂ ਖੁੱਲ੍ਹਦੀ ਹੈ ਜਿਸ ਪਾਸੇ ਵੱਲੋਂ ਰਾਵੀ ਦਰਿਆ ਸ਼ਹਿਰ ਵਿਚ ਪ੍ਰਵੇਸ਼ ਕਰਦਾ ਸੀ। ਮੁਲਤਾਨ ਨੂੰ ਪਹਿਲਾਂ ਕਸ਼ਤਪੁਰ, ਹੰਸਪੁਰ, ਬਾਗ਼ਪੁਰ ਅਤੇ ਅੰਤ ਵਿਚ ਮੁੱਲਾਸਥਾਨ ਨਾਂ ਦਿੱਤਾ ਗਿਆ ਜੋ ਮੁਸਲਮਾਨਾਂ ਤੋਂ ਪਹਿਲਾਂ ਇਕ ਸੂਰਜ ਦੇਵਤਾ ਦੇ ਮੰਦਰ ਦੇ ਨਾਂ ਤੋਂ ਨਿਕਲਿਆ ਸੀ। ਮੁੱਲਾਸਥਾਨ ਤੋਂ ਹੌਲੀ ਹੌਲੀ ਵਿਗੜ ਕੇ ਨਾਂ ਮੁਲਤਾਨ ਬਣ ਗਿਆ। ਭਾਰਤ ਦੀ ਸੀਮਾ ਤੇ ਹੋਣ ਕਾਰਨ ਇਹ ਵਿਸ਼ੇਸ਼ ਇਤਿਹਾਸਕ ਮਹੱਤਤਾ ਰੱਖਦਾ ਹੈ। ਮੁਲਤਾਨ ਨੂੰ ਪਹਿਲਾਂ ਕੁਸ਼ਾਣਾਂ ਨੇ ਜਿੱਤਿਆ ਅਤੇ ਬਾਅਦ ਵਿਚ ਹੂਣਾਂ ਨੇ।

ਪਹਿਲੇ ਸਮਿਆਂ ਵਿਚ ਮੁਲਤਾਨ ਸਬੰਧੀ ਇਕ ਸ਼ਿਅਰ ਬੜਾ ਪ੍ਰਚਲਿਤ ਸੀ :–

 ਚਾਰ ਗਾਫ ਅਸਤ ਤੁਹਫ਼ਾ-ਇ-ਮੁਲਤਾਨ।

 ਗਰਦ ਓ ਗਰਮਾ, ਗਦਾ ਓ ਗਰੋਸਤਾਨ।

ਅਰਥਾਤ ਫ਼ਾਰਸੀ ਲਿਪੀ ਦੇ ਗਾਫ਼ ਅੱਖਰ ਨਾਲ ਸ਼ੁਰੂ ਹੋਣ ਵਾਲੀਆਂ ਚਾਰ ਚੀਜ਼ਾਂ ਮੁਲਤਾਨ ਦੀ ਸੁਗ਼ਾਤ ਹਨ। ਪਹਿਲੀ ਗਰਦ (ਮਿੱਟੀ ਘੱਟਾ) ਦੂਜੀ ਗਰਮੀ, ਤੀਜੀ ਗਦਾ ਜਿਸ ਦਾ ਅਰਥ ਫ਼ਕੀਰ ਹੈ ਅਤੇ ਚੌਥਾ ਹੈ ਗੋਰਸਤਾਨ ਅਰਥਾਤ ਕਬਰਿਸਤਾਨ। ਇਥੇ ਹਜ਼ਾਰਾਂ ਪੀਰਾਂ ਦੇ ਮਕਬਰੇ ਅਤੇ ਮਜ਼ਾਰ ਹਨ ਜਿਥੇ ਹਰ ਵੀਰਵਾਰ ਅਤੇ ਬੁੱਧਵਾਰ ਨੂੰ ਮੇਲੇ ਲੱਗਦੇ ਹਨ ਜਿਨ੍ਹਾਂ ਵਿੱਚੋਂ ਪੀਰ ਸਾਹਿਬ ਸ਼ਮਸ ਤਬਰੇਜ਼ ਅਤੇ ਰੁਕਨ ਆਲਮ ਦੀ ਖਾਨਗਾਹ ਮਸ਼ਹੂਰ ਹਨ। ਇਥੇ ਹਿੰਦੂ ਅਤੇ ਮੁਸਲਮਾਨ ਦੋਵੇਂ ਧਰਮਾਂ ਦੇ ਲੋਕ ਜਾਂਦੇ ਹਨ ਅਤੇ ਬੰਦਗੀ ਕਰਦੇ ਹਨ। ਮੁਲਤਾਨ ਸ਼ਹਿਰ ਵਿਚ ਹਿੰਦੂਆਂ ਦੇ ਪੂਜਾ ਅਸਥਾਨਾਂ ਵਿੱਚੋਂ ਇਕ ਪ੍ਰਹਿਲਾਦਪੁਰੀ ਹੈ। ਇਹ ਕਿਲੇ ਦੇ ਅੰਦਰ ਹੈ ਤੇ ਮੂਲਰਾਜ ਨਾਲ ਲੜਾਈ ਦੇ ਸਮੇਂ ਢਹਿ ਗਈ ਸੀ ਪਰ ਬਾਅਦ ਵਿਚ ਇਸ ਨੂੰ ਫਿਰ ਉਸਾਰਨ ਦਾ ਪ੍ਰਬੰਧ ਕੀਤਾ ਗਿਆ। ਹਿੰਦੂ ਸ਼ਾਸਤਰਾਂ ਅਨੁਸਾਰ ਇਹ ਉਹ ਸਥਾਨ ਹੈ ਜਿਥੇ ਪਰਮਾਤਮਾ ਨੇ ਨਰਸਿੰਘ ਅਵਤਾਰ ਦਾ ਰੂਪ ਧਾਰਨ ਕਰ ਕੇ ਪਾਪੀ ਰਾਜੇ ਹਰਨਾਖਸ਼ ਨੂੰ ਮਾਰਿਆ ਅਤੇ ਉਸ ਦੇ ਪ੍ਰਭੂ ਭਗਤ ਪੁੱਤਰ ਪ੍ਰਹਿਲਾਦ ਨੂੰ ਬਚਾਇਆ ਸੀ। ਦੂਜਾ ਪੂਜਾ ਸਥਾਨ ਸੂਰਜ ਕੁੰਡ ਅਤੇ ਤੀਜਾ ਸਥਾਨ ਜੋਗ ਬਾਬਾ ਦਾ ਹੈ। ਇਸ ਤੋਂ ਇਲਾਵਾ ਹੋਰ ਵਿਸ਼ੇਸ਼ ਸਥਾਨ ਤੋਤਲਾਇਆ ਸ਼ਿਵ ਵਾਲਾ ਤੇ ਬਾਵਾ ਗੈਸ਼ੋਪੁਰੀ ਹਨ। ਮੁਲਤਾਨ ਦਾ ਕਿਲਾ ਬਹੁਤ ਮਜ਼ਬੂਤ ਬਣਿਆ ਹੋਇਆ ਹੈ ਜਿਸ ਦੇ 40 ਬੁਰਜ ਅਤੇ ਚਾਰ ਦਰਵਾਜ਼ੇ ਹਨ। ਇਸ ਦੀ ਦੀਵਾਰ ਦੀ ਉਚਾਈ ਬਾਹਰੋਂ 22 ਗਜ਼ ਤੇ ਅੰਦਰੋਂ ਕੁਝ ਘੱਟ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਆਲੇ ਦੁਆਲੇ ਪੱਕੀ ਖਾਈ ਬਣਵਾਈ ਸੀ। ਦਰਵਾਜ਼ਿਆਂ ਦੇ ਅੱਗੇ ਆਲੀਸ਼ਨ ਦਮਦਮੇ ਬਣੇ ਹੋਏ ਸਨ। ਇਸ ਤੋਂ ਇਲਾਵਾ ਵਲੀ ਮੁਹੰਮਦ ਸਾਹਿਬ ਦੀ ਮਸੀਤ ਅਤੇ ਈਦਗਾਹ ਵੇਖਣਯੋਗ ਸਥਾਨ ਹਨ।

ਇਥੋਂ ਦਾ ਇਕ ਪਿੰਡ ਰਾਮ ਚੌਂਤਰਾ ਹੈ ਜਿਥੇ ਹਰ ਸਾਲ ਵਿਸਾਖੀ ਦੇ ਮੇਲੇ ਤੇ ਬੜੀ ਭੀੜ ਹੁੰਦੀ ਹੈ। ਦੂਰੋਂ ਦੂਰੋਂ ਲੋਕ ਇਸ਼ਨਾਨ ਕਰਨ ਲਈ ਆਉਂਦੇ ਹਨ। ਇਥੇ ਬ੍ਰਹਮਚਾਰੀ ਸਾਧੂ ਰਹਿੰਦੇ ਹਨ ਜੋ ਆਏ ਗਏ ਨੂੰ ਭੋਜਨ ਛਕਾਉਂਦੇ ਹਨ। ਦੀਵਾਨ ਸਾਵਣ ਮੱਲ ਨੇ ਨਦੀ ਦੇ ਸੱਜੇ ਕੰਢੇ ਉੱਤੇ ਇਕ ਪੱਕਾ ਘਾਟ ਬਣਵਾਇਆ ਸੀ। ਨਦੀ ਦੇ ਖੱਬੇ ਕਿਨਾਰੇ ਉੱਤੇ ਇਕ ਅਵਾਧੂਤ ਫ਼ਕੀਰ ਦਾ ਅਸਥਾਨ ਹੈ।

ਇਥੋਂ ਦੀ ਮਹੱਤਵਪੂਰਣ ਉਪਜ ਕਣਕ, ਛੋਲੇ, ਜੌਂ, ਜਵਾਰ, ਬਾਜਰਾ, ਮੂੰਗੀ, ਚਿੱਟਾ ਜ਼ੀਰਾ, ਸੌਂਫ, ਜਵੈਣ, ਧਨੀਆ ਆਦਿ ਹੈ। ਇਥੋਂ ਦਾ ਪ੍ਰਸਿੱਧ ਫ਼ਲ ਖਜੂਰ ਹੈ ਜੋ ਖੁਰਮਾਨੀ ਵਾਂਗ ਮਿੱਠਾ ਹੁੰਦਾ ਹੈ। ਇਥੇ ਦਰੀਆਂ, ਰੇਸ਼ਮ, ਕਾਲੀਨ, ਚਿਕਨ ਕਸੀਦੇ ਅਤੇ ਮੁਕੈਸ਼ ਦੀ ਕਢਾਈ ਦਾ ਕੰਮ ਬਹੁਤ ਵਧੀਆ ਹੁੰਦਾ ਹੈ। ਇਥੋਂ ਦੀ ਛੀਂਟ ਬਹੁਤ ਪ੍ਰਸਿੱਧ ਹੈ। ਇਸ ਤੋਂ ਇਲਾਵਾ ਇਥੋਂ ਦਾ ਰੇਸ਼ਮੀ ਕੱਪੜਾ, ਖੇਸ ਤੇ ਮੇਵੇ ਵੀ ਬਹੁਤ ਮਸ਼ਹੂਰ ਹਨ।

ਝਨਾਂ ਦਰਿਆ ਮੁਲਤਾਨ ਤੋਂ ਕੇਵਲ 5 ਕਿ. ਮੀ. ਦੇ ਫਾਸਲੇ ਤੇ ਵਗਦਾ ਹੈ ਅਤੇ ਨਾਲਾ ਸ਼ਾਹਪੁਰ ਵਾਲਾ, ਨਾਲਾ ਵਲੀ ਮੁਹੰਮਦ ਖਾਂ, ਸਕੰਦਰ ਆਬਾਦ ਵਾਲਾ ਅਤੇ ਹੋਰ ਨਾਲੇ ਜਿਨ੍ਹਾਂ ਦੀ ਗਿਣਤੀ 22 ਹੈ, ਇਸ ਇਲਾਕੇ ਵਿਚ ਵਗਦੇ ਹਨ। ਮੁਲਤਾਨ ਦੀ ਖੇਤੀਬਾੜੀ ਜ਼ਿਆਦਾਤਰ ਇਨ੍ਹਾਂ ਨਾਲਿਆਂ ਦੇ ਪਾਣੀ ਤੇ ਨਿਰਭਰ ਹੈ ਕਿਉਂਕਿ ਇਥੇ ਬਾਰਸ਼ ਬਹੁਤ ਘੱਟ ਹੁੰਦੀ ਹੈ।

ਇਥੇ ਵਿਦਿਆ ਪ੍ਰਾਪਤੀ ਲਈ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਹਨ। ਸਿਵਲ ਹਸਪਤਾਲ ਤੋਂ ਇਲਾਵਾ ਡਿਸਪੈਂਸਰੀਆਂ ਵੀ ਹਨ ਅਤੇ ਇਸਤਰੀਆਂ ਲਈ ਇਕ ਵਿਸ਼ੇਸ਼ ਹਸਪਤਾਲ ਦੀ ਵਿਵਸਥਾ ਵੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬਖ਼,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-11-22-49, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 18 : 35; ਐਨ. ਬ੍ਰਿ. 7 : 94; ਪੰਜਾਬ ਦੀ ਸੈਰ 128

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.