ਮੌਸਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੌਸਮ (ਨਾਂ,ਪੁ) ਰੁੱਤ; ਸਰਦ ਗਰਮ ਜਾਂ ਮਿੱਸੀ ਰੁੱਤ ਦਾ ਸਮਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੌਸਮ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Weather (ਵੈੱਦਅ*) ਮੌਸਮ: ਕਿਸੇ ਸਥਾਨ ਤੇ ਸੀਮਿਤ ਸਮੇਂ ਦੌਰਾਨ ਵਾਯੂਮੰਡਲ ਦੀ ਵਿਸ਼ੇਸ਼ ਦਸ਼ਾ। ਅਜਿਹੀ ਦਸ਼ਾ ਅਨੇਕਾਂ ਵਾਯੂਮੰਡਲੀ ਤੱਤਾਂ ਤੇ ਨਿਰਭਰ ਕਰਦੀ ਹੈ, ਜਿਵੇਂ ਤਾਪਮਾਨ, ਧੁੱਪ, ਪੌਣ, ਵਾਯੂ-ਦਾਅਬ, ਬੱਦਲ, ਧੁੰਦ, ਅਦਰਤਾ, ਵਰਿਸ਼ਟਪਾਤ, ਆਦਿ। ਇਹ ਘੰਟੇ-ਘੰਟੇ ਬਾਅਦ ਜਾਂ ਹਰ-ਰੋਜ਼ ਪ੍ਰਤਿ ਦਿਨ ਲਗਾਤਾਰ ਪਰਿ-ਵਰਤਨਸ਼ੀਲ ਰਹਿੰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10191, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਮੌਸਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੌਸਮ [ਨਾਂਪੁ] ਰੁੱਤ , ਬਹਾਰ , ਸਮਾਂ, ਵਾਤਾਵਰਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੌਸਮ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਮੌਸਮ : ਕਿਸੇ ਥਾਂ ਉੱਤੇ ਕਿਸੇ ਵੀ ਸਮੇਂ ਥੋੜ੍ਹੇ ਜਿਹੇ ਵਕਤ ਲਈ ਜੋ ਵਾਯੂਮੰਡਲੀ ਅਵਸਥਾ ਹੁੰਦੀ ਹੈ, ਉਸ ਨੂੰ ਮੌਸਮ  (weather)  ਕਿਹਾ ਜਾਂਦਾ ਹੈ। ਵਾਯੂਮੰਡਲੀ ਅਵਸਥਾ ਵਿੱਚ ਤਾਪਮਾਨ, ਹਵਾ ਦਾ ਦਬਾਅ, ਗਰਮੀ ਦੀ ਮਾਤਰਾ, ਪੌਣਾਂ, ਧੁੱਪ ਦੀ ਮਾਤਰਾ, ਨਮੀ, ਮੀਂਹ ਜਾਂ ਬਰਫ਼ ਭਾਵ ਵਰਖਣ ਦੀ ਮਾਤਰਾ, ਬੱਦਲ ਆਦਿ ਸ਼ਾਮਲ ਕੀਤੇ ਜਾਂਦੇ ਹਨ। ਇਹਨਾਂ ਸਭ ਕਾਰਕਾਂ ਨੂੰ ਮੌਸਮ ਅਤੇ ਜਲਵਾਯੂ ਦੇ ਤੱਤ ਮੰਨਿਆ ਜਾਂਦਾ ਹੈ। ਮੌਸਮ ਅਤੇ ਜਲਵਾਯੂ ਵਿੱਚ ਅੰਤਰ ਹੈ। ਕਿਸੇ ਸਥਾਨ ਉੱਤੇ ਇੱਕ ਲੰਬੇ ਸਮੇਂ (25-30 ਸਾਲ) ਦੀਆਂ ਮੌਸਮੀ ਅਵਸਥਾਵਾਂ ਦੇ ਔਸਤ ਰੂਪ ਨੂੰ ਜਲਵਾਯੂ ਜਾਂ ਪੌਣ-ਪਾਣੀ ਕਿਹਾ ਜਾਂਦਾ ਹੈ।

ਦੂਸਰੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਵਾਯੂਮੰਡਲ ਦੀਆਂ ਅਵਸਥਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੀ ਆਪਸੀ ਪ੍ਰਤਿਕਿਰਿਆ (interaction)  ਨਾਲ ਬੜੇ ਘੱਟ ਸਮੇਂ ਲਈ ਜੋ ਸਮੁੱਚੀ ਵਾਯੂਮੰਡਲੀ ਤਸਵੀਰ ਬਣਦੀ ਹੈ, ਉਸ ਨੂੰ ਮੌਸਮ ਕਿਹਾ ਜਾਂਦਾ ਹੈ। ਮੌਸਮਾਂ ਦਾ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਮੌਸਮ-ਵਿਗਿਆਨ  (Meteorology)  ਕਿਹਾ ਜਾਂਦਾ ਹੈ।

ਕਿਸੇ ਸਮੇਂ ਦੇ ਮੌਸਮ ਦਾ ਨਾਂ ਆਮ ਤੌਰ ਤੇ ਉਸ ਸਮੇਂ ਦੇ ਮੌਸਮੀ ਤੱਤਾਂ ਵਿੱਚੋਂ ਜੋ ਇੱਕ ਤੱਤ ਜ਼ਿਆਦਾ ਪ੍ਰਭਾਵਸ਼ਾਲੀ ਹੋਵੇ, ਉਸ ਨਾਲ ਸੰਬੰਧਿਤ ਰੱਖਿਆ ਜਾਂਦਾ ਹੈ। ਜਿਸ ਤਰ੍ਹਾਂ, ਜੇ ਤਾਪਮਾਨ ਵੱਧ ਹੋਵੇ ਤਾਂ ਗਰਮ ਮੌਸਮ, ਜੇ ਤਾਪਮਾਨ ਬਹੁਤ ਘੱਟ ਹੋਵੇ ਤਾਂ ਠੰਢਾ ਮੌਸਮ, ਜੇ ਵਰਖਾ ਹੋ ਰਹੀ ਹੋਵੇ ਤਾਂ ਸਿੱਲ੍ਹਾ ਮੌਸਮ, ਜੇ ਪੌਣਾਂ ਤੇਜ਼ ਚੱਲ ਰਹੀਆਂ ਹੋਣ ਤਾਂ ਹਨੇਰੀ ਵਾਲਾ ਜਾਂ ਤੇਜ਼ ਪੌਣਾਂ ਵਾਲਾ ਮੌਸਮ, ਅਤੇ ਜੇ ਸਾਰੇ ਤੱਤ ਠੀਕ ਮਾਤਰਾ ਵਿੱਚ ਹੋਣ ਤਾਂ ਸੁਹਾਵਣਾ ਮੌਸਮ ਕਿਹਾ ਜਾਂਦਾ ਹੈ।

ਇਸ ਤਰ੍ਹਾਂ ਇੱਕੋ ਦਿਨ ਵਿੱਚ ਕਈ ਮੌਸਮਾਂ ਦਾ ਅਨੁਭਵ ਕੀਤਾ ਜਾ ਸਕਦਾ ਹੈ। ਮੌਸਮ ਘੰਟੇ-ਘੰਟੇ ਮਗਰੋਂ ਵੀ ਬਦਲ ਸਕਦਾ ਹੈ। ਕਈ ਵਾਰ ਸਵੇਰੇ ਸੰਘਣੇ ਬੱਦਲਾਂ ਅਤੇ ਮੀਂਹ ਵਾਲਾ ਮੌਸਮ ਹੋ ਸਕਦਾ ਹੈ ਜਦ ਕਿ ਬਾਅਦ ਦੁਪਹਿਰ ਕੜਕਦੀ ਧੁੱਪ ਵਾਲਾ ਮੌਸਮ ਹੋ ਸਕਦਾ ਹੈ। ਦੋ ਸਥਾਨਾਂ ਉੱਤੇ ਜੋ ਇੱਕ ਦੂਜੇ ਤੋਂ ਭਾਵੇਂ ਬਹੁਤ ਘੱਟ ਦੂਰੀ ਤੇ ਸਥਿਤ ਹੋਣ ਉਹਨਾਂ ਦਾ ਮੌਸਮ ਵੀ ਵੱਖਰਾ-ਵੱਖਰਾ ਹੋ ਸਕਦਾ ਹੈ ਜਿਵੇਂ ਕਿ ਸ਼ਹਿਰ ਦੇ ਇੱਕ ਭਾਗ ਵਿੱਚ ਵਰਖਾ ਹੋ ਰਹੀ ਹੁੰਦੀ ਹੈ ਅਤੇ ਦੂਜੇ ਵਿੱਚ ਧੁੱਪ ਖਿੜੀ ਹੁੰਦੀ ਹੈ। ਪਹਾੜੀ ਚੋਟੀ ਤੇ ਧੁੱਪ ਨਾਲ ਸੁਹਾਵਣਾ ਮੌਸਮ ਹੁੰਦਾ ਹੈ ਅਤੇ ਥੱਲੇ ਘਾਟੀ ਵਿੱਚ ਕੜਾਕੇ ਦੀ ਠੰਢ ਹੁੰਦੀ ਹੈ।

ਮੌਸਮ ਦਾ ਸਾਡੇ ਰੋਜ਼ਾਨਾ ਜੀਵਨ ਉੱਤੇ ਬਹੁਤ ਅਸਰ ਪੈਂਦਾ ਹੈ। ਸਾਡਾ ਖਾਣਾ-ਪੀਣਾ, ਪਹਿਰਾਵਾ, ਆਉਣਾ-ਜਾਣਾ, ਕੰਮ ਕਰਨਾ, ਖੇਡਣਾ ਆਦਿ ਸਭ ਮੌਸਮ ਉੱਤੇ ਨਿਰਭਰ ਕਰਦੇ ਹਨ, ਅਰਥਾਤ ਮਨੁੱਖਾਂ ਦਾ ਕੋਈ ਹੀ ਅਜਿਹਾ ਕਾਰਜ ਹੋਵੇਗਾ, ਜਿਸ ਉੱਤੇ ਮੌਸਮ ਦਾ ਪ੍ਰਭਾਵ ਨਾ ਪੈਂਦਾ ਹੋਵੇ। ਜਦੋਂ ਮੌਸਮ ਸੁਹਾਵਣਾ ਹੁੰਦਾ ਹੈ ਤਾਂ ਸੈਰ-ਸਪਾਟੇ ਨੂੰ ਜੀਅ ਕਰਦਾ ਹੈ। ਜੇਕਰ ਕੜਾਕੇ ਦੀ ਸਰਦੀ, ਗਰਮੀ ਜਾਂ ਵਰਖਾ ਪੈ ਰਹੀ ਹੋਵੇ ਤਾਂ ਘਰਾਂ ਦੇ ਅੰਦਰ ਹੀ ਰਹਿਣਾ ਪੈਂਦਾ ਹੈ। ਸੰਘਣੀ ਧੁੰਦ ਪੈ ਜਾਵੇ ਤਾਂ ਹਵਾਈ ਉਡਾਣਾਂ ਬੰਦ ਹੋ ਜਾਂਦੀਆਂ ਹਨ। ਸੜਕ ਅਤੇ ਰੇਲਾਂ ਦੀ ਆਵਾਜਾਈ ਉੱਤੇ ਵੀ ਅਸਰ ਪੈਂਦਾ ਹੈ। ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਸੱਭਿਆਚਾਰਕ ਸਰਗਰਮੀਆਂ ਦਾ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ। ਬੱਚਿਆਂ ਨੂੰ ਸਵੇਰ ਜਾਂ ਸ਼ਾਮ ਨੂੰ ਹੀ ਖੇਡਣ ਵਾਸਤੇ ਸਮਾਂ ਦਿੱਤਾ ਜਾਂਦਾ ਹੈ, ਕਿਉਂਕਿ ਉਸ ਸਮੇਂ ਖੇਡਣ ਵਾਸਤੇ ਮੌਸਮ ਚੰਗਾ ਹੁੰਦਾ ਹੈ। ਇਸੇ ਕਰਕੇ ਲੋਕ ਸੈਰ ਵੀ ਸਵੇਰ ਜਾਂ ਸ਼ਾਮ ਨੂੰ ਕਰਦੇ ਹਨ। ਸਿਰਫ਼ ਮਨੁੱਖਤਾ ਉੱਤੇ ਹੀ ਨਹੀਂ ਸਗੋਂ ਸਾਡੇ ਆਲੇ-ਦੁਆਲੇ ਦੀ ਬਨਸਪਤੀ, ਪਸ਼ੂ ਅਤੇ ਪੰਛੀਆਂ ਦੇ ਰਹਿਣ-ਸਹਿਣ ਉੱਤੇ ਵੀ ਮੌਸਮ ਦਾ ਅਸਰ ਪੈਂਦਾ ਹੈ। ਸਾਨੂੰ ਸਵੇਰ ਜਾਂ ਸ਼ਾਮ ਵੇਲੇ ਹੀ ਪੰਛੀਆਂ ਦੇ ਚਹਿਚਹਾਉਣ ਦੀਆਂ ਅਵਾਜ਼ਾਂ ਸੁਣਦੀਆਂ ਹਨ। ਬੂਟਿਆਂ ਦੇ ਫੁੱਲ ਸਵੇਰ ਅਤੇ ਸ਼ਾਮ ਨੂੰ ਖਿੜੇ ਹੁੰਦੇ ਹਨ, ਪਰੰਤੂ ਦੁਪਹਿਰ ਨੂੰ ਮੁਰਝਾ ਜਾਂਦੇ ਹਨ। ਸਪਸ਼ਟ ਹੈ ਕਿ ਸਾਡੇ ਚੁਗਿਰਦੇ ਦੀ ਹਰ ਕਿਰਿਆ ਮੌਸਮ ਤੋਂ ਪ੍ਰਭਾਵਿਤ ਹੁੰਦੀ ਹੈ।

ਸਾਡੀ ਆਰਥਿਕ ਅਵਸਥਾ ਦਾ ਵੀ ਮੌਸਮ ਨਾਲ ਗੂੜ੍ਹਾ ਸੰਬੰਧ ਹੈ। ਖੇਤੀ ਨਾਲ ਸੰਬੰਧਿਤ ਹਰੇਕ ਕੰਮ, ਜਿਵੇਂ ਕਿ ਬਿਜਾਈ, ਸਿੰਜਾਈ ਅਤੇ ਕਟਾਈ ਆਦਿ ਸਭ ਮੌਸਮ ਉੱਤੇ ਨਿਰਭਰ ਕਰਦੇ ਹਨ। ਫ਼ਸਲ ਭਾਵੇਂ ਹਰ ਤਰ੍ਹਾਂ ਦੀ ਮਿਹਨਤ ਕਰਕੇ ਚੰਗੀ ਤਿਆਰ ਕੀਤੀ ਹੋਵੇ ਪਰੰਤੂ ਜੇਕਰ ਕਟਾਈ ਸਮੇਂ ਮੌਸਮ ਖ਼ਰਾਬ ਹੋ ਜਾਵੇ ਜਾਂ ਵਰਖਾ ਪੈ ਜਾਵੇ ਤਾਂ ਸਾਰੀ ਫ਼ਸਲ ਖ਼ਰਾਬ ਹੋ ਜਾਂਦੀ ਹੈ। ਲਗਾਤਾਰ ਕਈ ਦਿਨ ਧੁੰਦ ਪੈ ਜਾਣ ਨਾਲ ਵੀ ਪੈਦਾਵਾਰ ਘੱਟ ਜਾਂਦੀ ਹੈ। ਸਮੇਂ ਸਿਰ ਵਰਖਾ ਨਾ ਹੋਣ ਨਾਲ ਜਾਂ ਜ਼ਰੂਰਤ ਤੋਂ ਵੱਧ ਹੋਣ ਨਾਲ ਵੀ ਪੈਦਾਵਾਰ ਘੱਟਦੀ ਹੈ। ਖੇਤੀ ਦੀ ਪੈਦਾਵਾਰ ਘੱਟਣ ਨਾਲ ਵਪਾਰ ਅਤੇ ਉਦਯੋਗਾਂ ਉੱਤੇ ਮਾੜਾ ਅਸਰ ਪੈਂਦਾ ਹੈ। ਮੌਸਮ ਦੀ ਖ਼ਰਾਬੀ ਕਰਕੇ ਫ਼ਸਲਾਂ ਅਤੇ ਜੀਵ-ਜੰਤੂਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਮਿਲਟਰੀ ਦੀ ਕਾਰਵਾਈ ਉੱਤੇ ਵੀ ਮੌਸਮ ਦਾ ਅਸਰ ਪੈਂਦਾ ਹੈ। ਸਮੁੰਦਰ ਵਿੱਚ ਮੱਛੀਆਂ ਫੜਨ ਵਾਲੇ ਮਛੇਰੇ ਵੀ ਮੌਸਮ ਦਾ ਧਿਆਨ ਰੱਖਦੇ ਹਨ। ਦਰਿਆਵਾਂ ਵਿੱਚ ਪਾਣੀ, ਪਹਾੜਾਂ ਉੱਤੇ ਬਰਫ਼ਬਾਰੀ, ਬਰਫ਼ ਦਾ ਪਿਘਲ ਕੇ ਪਾਣੀ ਬਣਨਾ, ਜਲ ਭੰਡਾਰਾਂ ਵਿੱਚ ਪਾਣੀ ਇਕੱਠਾ ਹੋਣਾ, ਉਸ ਤੋਂ ਬਿਜਲੀ ਬਣਨੀ ਜਾਂ ਕਿਸੇ ਹੋਰ ਕੰਮ ਆਉਣਾ, ਸਭ ਮੌਸਮ ਉੱਤੇ ਹੀ ਨਿਰਭਰ ਕਰਦਾ ਹੈ। ਇਸ ਲਈ, ਮੌਸਮ ਬਾਰੇ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਆਉਣ ਵਾਲੇ ਮੌਸਮ ਦਾ ਪਹਿਲਾਂ ਪਤਾ ਲੱਗ ਜਾਵੇ ਤਾਂ ਕਈ ਤਰ੍ਹਾਂ ਦੇ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ।

ਬਹੁਤ ਸਾਰੇ ਮਨੁੱਖੀ ਕਾਰਜਾਂ ਵਾਸਤੇ ਮੌਸਮ ਬਾਰੇ ਅਗੇਤੀ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ। ਇਸ ਕੰਮ ਨੂੰ ਮੌਸਮ ਦਾ ਪੂਰਵ ਅਨੁਮਾਨ ਜਾਂ ਭਵਿੱਖਬਾਣੀ ਕਿਹਾ ਜਾਂਦਾ ਹੈ। ਹਵਾਈ ਜਹਾਜ਼ਾਂ ਦੀ ਉਡਾਨ, ਪਰਬਤਾਂ ਉੱਤੇ ਚੜਾਈ, ਸੈਰ-ਸਪਾਟਾ, ਖੇਤੀ ਆਦਿ ਨਾਲ ਸੰਬੰਧਿਤ ਕੰਮ ਸੁਖਾਲੇ ਹੋ ਜਾਂਦੇ ਹਨ ਜੇਕਰ ਆਉਣ ਵਾਲੇ ਮੌਸਮ ਬਾਰੇ ਅਗੇਤੀ ਜਾਣਕਾਰੀ ਮਿਲ ਜਾਵੇ। ਲਗਪਗ ਹਰ ਦੇਸ ਦਾ ਆਪਣਾ-ਆਪਣਾ ਮੌਸਮ-ਵਿਗਿਆਨ ਵਿਭਾਗ ਹੁੰਦਾ ਹੈ ਜੋ ਇਹ ਕੰਮ ਕਰਦਾ ਹੈ ਅਤੇ ਆਉਣ ਵਾਲੇ 24 ਘੰਟਿਆਂ ਦੇ ਮੌਸਮ ਬਾਰੇ ਅਨੁਮਾਨ ਵੱਖ-ਵੱਖ ਪ੍ਰਸਾਰ ਸਾਧਨਾਂ, ਜਿਵੇਂ ਕਿ ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰਾਂ ਰਾਹੀਂ ਲੋਕਾਂ ਤੱਕ ਪਹੁੰਚਾਉਂਦਾ ਹੈ।

ਭਾਰਤ ਦਾ ਮੌਸਮ-ਵਿਗਿਆਨ ਵਿਭਾਗ ਪੂਨੇ ਵਿੱਚ ਸਥਿਤ ਹੈ। ਇਹ ਆਪਣੇ ਸੈਂਕੜੇ ਸਟੇਸ਼ਨਾਂ ਤੋਂ ਮੌਸਮੀ ਤੱਤਾਂ ਦੇ ਅੰਕੜੇ ਪ੍ਰਾਪਤ ਕਰਕੇ ਸਾਨੂੰ ਮੌਸਮ ਬਾਰੇ ਅਗੇਤੀ ਜਾਣਕਾਰੀ ਦਿੰਦਾ ਹੈ। ਭਾਰਤ ਵਿੱਚ ਇਹ ਵਿਭਾਗ ਸੰਨ 1898 ਵਿੱਚ ਸਥਾਪਿਤ ਹੋਇਆ ਸੀ। ਹੁਣ ਮੌਸਮ ਉਪਗ੍ਰਹਿ  (Weather Satellite)  ਦੁਆਰਾ ਵੀ ਮੌਸਮ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ। ਭਾਰਤ ਨੇ ਆਪਣਾ ਮੌਸਮ ਉਪਗ੍ਰਹਿ ਸੰਨ 2002 ਵਿੱਚ ਪੁਲਾੜ ਵਿੱਚ ਛੱਡਿਆ ਸੀ। ਇਸ ਤੋਂ ਪਹਿਲਾਂ ਬਹੁਤੀ ਵਾਰੀ ਮੌਸਮ ਦੀ ਭਵਿੱਖਬਾਣੀ ਗ਼ਲਤ ਸਾਬਤ ਹੁੰਦੀ ਸੀ, ਪਰੰਤੂ ਹੁਣ ਉਹ ਲਗਪਗ ਸਹੀ ਸਾਬਤ ਹੁੰਦੀ ਹੈ। ਭਾਰਤ ਦਾ ਮੌਸਮ ਵਿਭਾਗ 16 ਮਾਪਦੰਡਾਂ  (Parameters)  ਉੱਤੇ ਆਧਾਰਿਤ ਜਾਣਕਾਰੀ ਰਾਹੀਂ ਆਉਣ ਵਾਲੇ ਮੌਸਮ ਸੰਬੰਧੀ ਭਵਿੱਖਬਾਣੀ ਕਰਦਾ ਹੈ। ਇਹਨਾਂ 16 ਮਾਪਦੰਡਾਂ ਵਿੱਚੋਂ 6 ਤਾਪਮਾਨ ਨਾਲ, 5 ਵਾਯੂ ਦਬਾਅ ਨਾਲ, 3 ਪੌਣਾਂ ਨਾਲ, ਅਤੇ 2 ਬੱਦਲਾਂ ਦੇ ਢਕਣ  (Cloud cover)  ਨਾਲ ਸੰਬੰਧਿਤ ਹਨ। ਮੌਸਮ ਸੰਬੰਧੀ ਅਜਿਹੀ ਵਿਸਥਾਰਿਤ ਜਾਣਕਾਰੀ ਕਰਕੇ ਹੁਣ ਮੌਨਸੂਨੀ ਵਰਖਾ ਸੰਬੰਧੀ ਵੀ ਬਹੁਤ ਪਹਿਲਾਂ ਭਵਿੱਖਬਾਣੀ ਕਰ ਦਿੱਤੀ ਜਾਂਦੀ ਹੈ।


ਲੇਖਕ : ਐੱਮ. ਐੱਸ. ਚਿੱਬ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 2654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-05-11-02-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.