ਮੰਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੰਗ (ਨਾਂ,ਇ) 1 ਫ਼ਸਲ ਦੀ ਬਿਜਾਈ ਜਾਂ ਵਢਾਈ ਦੀ ਸਹਾਇਤਾ ਲਈ ਜਾਣੂਆਂ ਤੋਂ ਮੰਗ ਕੇ ਇਕੱਠੇ ਕੀਤੇ ਟੱਬਰ ਤੋਂ ਬਾਹਰਲੇ ਬੰਦੇ ਜਾਂ ਬਲਦਾਂ ਦੀਆਂ ਜੋਗਾਂ ਆਦਿ 2 ਮੰਗੀ ਹੋਈ ਵਸਤੂ 3 ਵਿਆਹ ਦਾ ਨਾਤਾ ਜੁੜ ਜਾਣ ਵਾਲੀ ਕੰਨਿਆਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੰਗ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Demand (ਡਿਮਾਨਡ) ਮੰਗ: ਅਰਥ-ਸ਼ਾਸਤਰ ਵਿੱਚ ਮੰਗ ਖ਼ਰੀਦਦਾਰ ਨਾਲ ਸੰਬੰਧਿਤ ਹੈ ਕਿ ਉਹ ਇਕ ਵਸਤੂ ਨੂੰ ਖ਼ਰੀਦਣ ਦੇ ਯੋਗ ਅਤੇ ਇੱਛਕ ਹੋਵੇ। ਇਹ ਉਸ ਦੀ ਆਮਦਨ ਅਤੇ ਤਰਜੀਹਾਂ, ਹੋਰਾਂ ਵਸਤੂਆਂ ਦੀਆਂ ਕੀਮਤਾਂ ਅਤੇ ਉਸ ਸੰਬੰਧਿਤ ਵਸਤੂ ਦੀ ਕੀਮਤ ਤੇ ਨਿਰਭਰ ਕਰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਮੰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੰਗ [ਨਾਂਇ] ਮੰਗਣ ਦਾ ਭਾਵ; ਲੋੜ, ਜ਼ਰੂਰਤ, ਚਾਹ , ਤਲਬ; ਉਹ ਜਿਸ ਨਾਲ਼ ਮੰਗਣੀ ਹੋਈ ਹੋਵੇ, ਵਾਢੀ ਆਦਿ ਕਿਸੇ ਕੰਮ ਲਈ ਦੂਜਿਆਂ ਦੀ ਮਦਦ ਲੈਣ ਦਾ ਭਾਵ, ਮਾਂਗੀ, ਆਵਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੰਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੰਗ ਮੰਗ, ਯਾਚਨਾ ਕਰ- ਸੰਤ ਜਨਾ ਕੀ ਧੂਰਿ ਮਨ ਮੰਗ। ਵੇਖੋ ਮਾਂਗਉ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13919, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਮੰਗ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਮੰਗ : ਮੰਗ ਤੋਂ ਭਾਵ ਕਿਸੇ ਵਸਤੂ ਜਾਂ ਸੇਵਾ ਦੀ ਉਹ ਮਾਤਰਾ ਹੈ, ਜੋ ਕਿਸੇ ਨਿਸ਼ਚਿਤ ਸਮੇਂ ਵਿੱਚ ਦਿੱਤੀ ਹੋਈ ਕੀਮਤ ਉੱਤੇ ਮੰਡੀ ਵਿੱਚ ਖ਼ਰੀਦੀ ਜਾਵੇਗੀ। ਵਸਤੂਆਂ/ਸੇਵਾਵਾਂ ਦੀ ਮੰਗ ਇਸ ਲਈ ਹੁੰਦੀ ਹੈ, ਕਿਉਂਕਿ ਇਹ ਉਪਯੋਗੀ ਹੁੰਦੀਆਂ ਹਨ। ਕਿਸੇ ਵਸਤੂ/ਸੇਵਾ ਦੀ ਇੱਛਾ ਜਾਂ ਲੋੜ ਨੂੰ ਮੰਗ ਨਹੀਂ ਕਿਹਾ ਜਾ ਸਕਦਾ। ਹਰੇਕ ਵਿਅਕਤੀ ਜੋ ਕਿਸੇ ਵਸਤੂ ਨੂੰ ਉਪਯੋਗੀ ਸਮਝਦਾ ਹੈ ਉਹ ਉਸ ਦੀ ਇੱਛਾ ਕਰੇਗਾ, ਫਿਰ ਮੰਗ ਕਰੇਗਾ। ਮੰਗ ਉੱਤੇ ਖ਼ਰੀਦ ਸ਼ਕਤੀ ਦਾ ਪ੍ਰਭਾਵਸ਼ਾਲੀ ਅਸਰ ਹੁੰਦਾ ਹੈ। ਮੰਗ ਦੇ ਲਈ ਤਿੰਨ ਗੱਲਾਂ ਦਾ ਹੋਣਾ ਜ਼ਰੂਰੀ ਹੈ। ਪਹਿਲੀ, ਇਹ ਕਿ ਵਸਤੂ ਨੂੰ ਹਾਸਲ ਕਰਨ ਲਈ ਸਾਧਨ ਹੋਣ, ਦੂਜੀ, ਇਹ ਕਿ ਉਸ ਵਸਤੂ ਨੂੰ ਹਾਸਲ ਕਰਨ ਦੀ ਇੱਛਾ ਹੋਵੇ ਅਤੇ ਤੀਜੀ, ਇਹ ਕਿ ਅਸੀਂ ਉਸ ਵਸਤੂ ਲਈ ਸਾਧਨਾਂ ਨੂੰ ਖ਼ਰਚਣ ਲਈ ਤਿਆਰ ਹੋਈਏ। ਜੇਕਰ ਤੁਸੀਂ ਸਕੂਲ ਵਿੱਚ ਅੱਧੀ ਛੁੱਟੀ ਵੇਲੇ ਬਿਸਕੁਟਾਂ ਦਾ ਪੈਕੇਟ ਲੈ ਕੇ ਬਿਸਕੁਟ ਖਾਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਲੋੜ ਜਾਂ ਇੱਛਾ ਹੈ ਪਰੰਤੂ ਜੇਕਰ ਤੁਸੀਂ ਆਪਣੇ ਘਰੋਂ ਦਸ ਰੁਪਏ ਲੈ ਕੇ ਆਏ ਹੋ ਤਾਂ ਤੁਹਾਡੇ ਕੋਲ ਬਿਸਕੁਟਾਂ ਦਾ ਪੈਕੇਟ ਖ਼ਰੀਦਣ ਲਈ ਸਾਧਨ ਹਨ। ਹੁਣ ਜੇ ਤੁਸੀਂ ਇਹਨਾਂ ਰੁਪਈਆਂ ਨੂੰ ਬਿਸਕੁਟਾਂ ਦੇ ਪੈਕੇਟ ਉੱਤੇ ਖ਼ਰਚਣ ਲਈ ਤਿਆਰ ਹੋ ਤਾਂ ਤੁਹਾਡੀ ਇੱਛਾ ਮੰਗ ਬਣ ਗਈ ਹੈ ਸੋ, ਮੰਗ ਉਸ ਨੂੰ ਕਿਹਾ ਜਾਂਦਾ ਹੈ, ਜਿਸ ਲਈ ਮੁੱਲ ਅਦਾ ਕਰਨ ਦੀ ਸਮਰੱਥਾ ਹੋਵੇ। ਉਪਭੋਗਤਾ ਦੇ ਪੱਖ ਤੋਂ ਕਿਸੇ ਵਸਤੂ ਦੀ ਲੋੜ, ਉਸ ਵਸਤੂ ਨੂੰ ਪ੍ਰਾਪਤ ਕਰਨ ਦੀ ਇੱਛਾ, ਉਸ ਦੇ ਮੁੱਲ ਦੀ ਅਦਾਇਗੀ ਦੀ ਸਮਰੱਥਾ ਅਤੇ ਉਸ ਦੀ ਖ਼ਰੀਦ ਲਈ ਤਿਆਰ ਹੋਣਾ ਹੀ ਮੰਗ ਹੈ।

ਵਸਤਾਂ ਦੀ ਮੰਗ : ਪ੍ਰਤੱਖ ਮੰਗ (direct demand), ਪਰੋਖ ਮੰਗ (derived demand), ਸਾਂਝੀ ਮੰਗ (joint demand) ਅਤੇ ਸੰਯੁਕਤ ਮੰਗ (composite demand), ਹੋ ਸਕਦੀ ਹੈ। ਕੁਝ ਵਸਤਾਂ ਦੀ ਅਸੀਂ ਪ੍ਰਤੱਖ ਮੰਗ ਕਰਦੇ ਹਾਂ ਪਰੰਤੂ ਕੁਝ ਵਸਤਾਂ ਦੀ ਮੰਗ ਪ੍ਰਤੱਖ ਨਹੀਂ ਹੁੰਦੀ, ਪਰੋਖ ਹੁੰਦੀ ਹੈ। ਜਿਨ੍ਹਾਂ ਵਸਤਾਂ ਦੀ ਮੰਗ ਅਸੀਂ ਸਿੱਧੇ ਉਪਭੋਗ/ਵਰਤੋਂ ਕਰਨ ਲਈ ਕਰਦੇ ਹਾਂ ਤਾਂ ਉਹ ਪ੍ਰਤੱਖ ਮੰਗ ਹੈ ਪਰੰਤੂ ਜਦੋਂ ਅਸੀਂ ਹੋਰ ਵਸਤੂ ਦੇ ਉਤਪਾਦਨ ਲਈ ਕਿਸੇ ਵਸਤੂ ਦੀ ਮੰਗ ਕਰਦੇ ਹਾਂ ਤਾਂ ਇਹ ਪ੍ਰਤੱਖ ਮੰਗ ਹੈ। ਜਦੋਂ ਉਪਭੋਗਤਾ ਰਜਾਈ ਭਰਨ ਲਈ ਰੂੰ ਦੀ ਮੰਗ ਕਰਦਾ ਹੈ ਤਾਂ ਇਹ ਪ੍ਰਤੱਖ ਮੰਗ ਹੈ ਪਰੰਤੂ ਜਦੋਂ ਉਤਪਾਦਕ ਕੱਪੜਾ ਬਣਾਉਣ ਲਈ ਰੂੰ ਦੀ ਮੰਗ ਕਰਦਾ ਹੈ ਤਾਂ ਰੂੰ ਦੀ ਮੰਗ ਪਰੋਖ ਮੰਗ ਹੈ। ਕੁਝ ਵਸਤਾਂ ਦੀ ਮੰਗ ਹਮੇਸ਼ਾਂ ਇਕੱਠਿਆਂ ਹੀ ਕੀਤੀ ਜਾਂਦੀ ਹੈ ਤਾਂ ਇਸ ਨੂੰ ਇਹਨਾਂ ਵਸਤਾਂ ਦੀ ਸਾਂਝੀ ਮੰਗ ਕਿਹਾ ਜਾਂਦਾ ਹੈ ਜਿਵੇਂ ਅਸੀਂ ਕੁਝ ਲਿਖਣਾ ਹੁੰਦਾ ਹੈ ਤਾਂ ਸਾਨੂੰ ਕਾਗਜ਼, ਪੈੱਨ ਅਤੇ ਸਿਆਹੀ ਦੀ ਲੋੜ ਹੁੰਦੀ ਹੈ ਅਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਇਕੱਠਿਆਂ ਮੰਗ ਕਰਦੇ ਹਾਂ। ਇਸੇ ਤਰ੍ਹਾਂ ਕੁਝ ਵਸਤਾਂ ਦੀ ਮੰਗ ਕਈ ਉਦੇਸ਼ਾਂ ਲਈ ਕੀਤੀ ਜਾਂਦੀ ਹੈ ਉਦਾਹਰਨ ਵੱਜੋਂ ਗੈਸ ਦੀ ਮੰਗ ਖਾਣਾ ਬਣਾਉਣ, ਗੀਜ਼ਰ ਚਲਾਉਣ, ਗੱਡੀ ਚਲਾਉਣ ਲਈ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਗੈਸ ਦੀ ਮੰਗ ਸੰਯੁਕਤ ਮੰਗ ਹੈ। ਸੰਬੰਧਤ ਵਸਤਾਂ ਨੂੰ ਪੂਰਕ ਵਸਤਾਂ ਅਤੇ ਪ੍ਰਤਿਸਥਾਪਕ ਵਸਤਾਂ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਪੂਰਕ ਵਸਤਾਂ ਜਿਵੇਂ ਕਾਰ ਅਤੇ ਪੈਟਰੋਲ, ਜੁੱਤਾ ਪਾਲਿਸ਼ ਅਤੇ ਬੁਰਸ਼, ਆਦਿ ਦੀ ਮੰਗ ਇਕੱਠਿਆਂ ਕੀਤੀ ਜਾਂਦੀ ਹੈ। ਪ੍ਰਤਿਸਥਾਪਨ ਵਸਤਾਂ ਜਿਵੇਂ ਚਾਹ ਅਤੇ ਕਾਫ਼ੀ, ਲਿਮਕਾ ਅਤੇ ਸਪਰਿਟ ਦੀ ਮੰਗ ਇੱਕ ਦੂਜੇ ਦੇ ਸਥਾਨ ਉੱਤੇ ਕੀਤੀ ਜਾਂਦੀ ਹੈ।

ਵਸਤੂ ਦੀ ਮੰਗ ਨੂੰ ਮੁੱਖ ਤੌਰ ’ਤੇ ਪ੍ਰਭਾਵਿਤ ਕਰਨ ਵਾਲੇ ਤੱਤਾਂ ਵਿੱਚ ਉਸ ਵਸਤੂ ਦੀ ਕੀਮਤ, ਸੰਬੰਧਤ ਵਸਤਾਂ ਦੀਆਂ ਕੀਮਤਾਂ, ਉਪਭੋਗਤਾ ਦਾ ਆਮਦਨ ਪੱਧਰ, ਰੁਚੀ ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ। ਪ੍ਰਸਿੱਧ ਅਰਥ-ਵਿਗਿਆਨੀ ਐਲਫਰਡ ਮਾਰਸ਼ਲ ਨੇ ਮੰਗ ਦੇ ਸਿਧਾਂਤ ਵਿੱਚ ਮੰਗ ਦੇ ਇਹਨਾਂ ਨਿਰਧਾਰਕਾਂ ਵਿੱਚੋਂ ਕੀਮਤ ਨੂੰ ਵਧੇਰੇ ਮਹੱਤਤਾ ਦਿੱਤੀ ਅਤੇ ਕਿਸੇ ਵਸਤੂ ਦੀ ਮੰਗੀ ਜਾਣ ਵਾਲੀ ਮਾਤਰਾ ਅਤੇ ਉਸ ਵਸਤੂ ਦੀ ਕੀਮਤ ਵਿਚਾਲੇ ਉਲਟ ਸੰਬੰਧ ਦੀ ਵਿਆਖਿਆ ਕੀਤੀ। ਮਾਰਸ਼ਲ ਅਨੁਸਾਰ :

ਬਾਕੀ ਗੱਲਾਂ ਸਮਾਨ ਰਹਿਣ ਤੇ, ਕਿਸੇ ਵਸਤੂ ਦੀ ਕੀਮਤ ਘਟਣ ਨਾਲ ਉਸ ਵਸਤੂ ਦੀ ਮੰਗ ਵੱਧ ਜਾਂਦੀ ਹੈ ਅਤੇ ਕੀਮਤ ਵੱਧਣ ਨਾਲ ਮੰਗ ਘੱਟ ਜਾਂਦੀ ਹੈ।

ਹਿਕਸ ਅਤੇ ਐਲਨ ਅਰਥ-ਵਿਗਿਆਨੀਆਂ ਨੇ ਵਸਤਾਂ ਦੀ ਮੰਗ ਦੀ ਮਾਤਰਾ ਉੱਤੇ ਕੀਮਤ ਪ੍ਰਭਾਵ, ਆਮਦਨ ਪ੍ਰਭਾਵ ਅਤੇ ਪ੍ਰਤਿਸਥਾਪਨ ਪ੍ਰਭਾਵ ਦੇ ਅਸਰ ਦੀ ਵੀ ਵਿਆਖਿਆ ਕੀਤੀ ਸੀ।

ਆਧੁਨਿਕ ਸਮੇਂ ਵਿੱਚ ਉਪਭੋਗਤਾ/ਵਿਅਕਤੀਗਤ ਮੰਗ ਦੀ ਬਜਾਏ ਮੰਡੀ ਮੰਗ ਦੇ ਅਧਿਐਨ ਨੂੰ ਵਧੇਰੇ ਮਹੱਤਤਾ ਦਿੱਤੀ ਜਾ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵਸਤੂ ਦੀ ਮੰਗ ਮੰਡੀ ਮੰਗ ਨੂੰ ਵੀ ਇਸ ਦੀ ਕੀਮਤ, ਸੰਬੰਧਿਤ ਵਸਤਾਂ ਦੀਆਂ ਕੀਮਤਾਂ ਅਤੇ ਖਰੀਦਦਾਰਾਂ ਦਾ ਆਮਦਨ ਪੱਧਰ ਵੀ ਪ੍ਰਭਾਵਿਤ ਕਰਦੇ ਹਨ (ਪਰੰਪਰਾਗਤ ਅਰਥ-ਵਿਗਿਆਨੀਆਂ ਵੱਲੋਂ ਮੰਗ ਦੇ ਨਿਰਧਾਰਨ ਵਿੱਚ ਇਹਨਾਂ ਚਰਾਂ ਨੂੰ ਹੀ ਮਹੱਤਤਾ ਦਿੱਤੀ ਗਈ ਸੀ), ਪਰੰਤੂ ਇਹਨਾਂ ਤੋਂ ਇਲਾਵਾ ਜਨ-ਸੰਖਿਆ ਦਾ ਆਕਾਰ, ਮੰਡੀ ਦੀਆਂ ਸੰਭਾਵਨਾਵਾਂ, ਆਮਦਨ ਦੀ ਵੰਡ, ਸਾਖ ਉਪਲਬਧਤਾ, ਸਰਕਾਰੀ ਕਰ ਨੀਤੀ ਆਦਿ ਤੱਤ ਵੀ ਪ੍ਰਭਾਵਿਤ ਕਰਦੇ ਹਨ। ਵਸਤਾਂ ਦੀ ਮੰਗ ਉਹਨਾਂ ਦੀ ਕਿਸਮ ਉੱਤੇ ਵੀ ਨਿਰਭਰ ਕਰਦੀ ਹੈ, ਭਾਵ ਉਹ ਉਪਭੋਗਤਾ ਵਸਤੂ ਹੈ ਜਾਂ ਚਿਰਸਥਾਈ ਵਸਤੂ ਹੈ। ਜਿਸ ਉਪਭੋਗਤਾ ਵਸਤੂ ਨੂੰ ਵਰਤਣ ਦੇ ਅਸੀਂ ਆਦੀ ਹੋ ਜਾਂਦੇ ਹਾਂ ਭਾਵ ਜਿਨ੍ਹਾਂ ਵਸਤਾਂ ਦੀ ਅਸੀਂ ਪਿਛਲੇ ਕਈ ਸਾਲਾਂ ਤੋਂ ਵਰਤੋਂ ਕਰ ਰਹੇ ਹੁੰਦੇ ਹਾਂ (ਜਿਵੇਂ ਚਾਹਪੱਤੀ) ਅਜਿਹੀ ਵਸਤੂ ਦੀ ਇਸ ਸਮੇਂ ਮੰਗ ਇਸ ਦੀ ਇਸ ਸਮੇਂ ਦੀ ਕੀਮਤ, ਉਪਭੋਗਤਾ ਦੀ ਆਮਦਨ ਤੋਂ ਇਲਾਵਾ ਪਿਛਲੇ ਸਮਿਆਂ ਦੌਰਾਨ ਖ਼ਰੀਦੀ ਗਈ ਮਾਤਰਾ ਉੱਤੇ ਵੀ ਨਿਰਭਰ ਕਰਦੀ ਹੈ। ਦੂਜੇ ਪਾਸੇ, ਚਿਰਸਥਾਈ ਵਸਤਾਂ (ਜਿਵੇਂ ਟੈਲੀਵਿਜ਼ਨ, ਫਰਿੱਜ, ਕੱਪੜੇ ਧੋਣ ਵਾਲੀ ਮਸ਼ੀਨ, ਮੋਟਰ ਸਾਈਕਲ, ਕੰਪਿਊਟਰ ਆਦਿ) ਦੀ ਮੰਗ ਇਸ ਗੱਲ ਉੱਤੇ ਵੀ ਨਿਰਭਰ ਕਰਦੀ ਹੈ ਕਿ ਸਾਡਾ ਉਹਨਾਂ ਨੂੰ ਪ੍ਰਾਪਤ ਕਰਨ ਦਾ ਇੱਛਤ ਪੱਧਰ ਕੀ ਹੈ ਅਤੇ ਸਾਡੇ ਕੋਲ ਉਹਨਾਂ ਵਿੱਚੋਂ ਕਿਹੜੀਆਂ-ਕਿਹੜੀਆਂ ਵਸਤਾਂ ਪਹਿਲਾਂ ਹੀ ਉਪਲਬਧ ਹਨ। ਕਿਸੇ ਵਸਤੂ ਦੀ ਮੰਡੀ ਮੰਗ ਦੇ ਮਹੱਤਵਪੂਰਨ ਨਿਰਧਾਰਕਾਂ ਜਿਵੇਂ ਉਸ ਵਸਤੂ ਦੀ ਕੀਮਤ, ਉਪਭੋਗਤਾਵਾਂ ਦੀ ਆਮਦਨ ਅਤੇ ਸੰਬੰਧਤ ਵਸਤਾਂ ਦੀ ਕੀਮਤ ਆਦਿ ਤੱਤਾਂ ਦੀ ਸੰਬੰਧਿਤ ਮੰਗ ਲਚਕ ਭਾਵ ਕੀਮਤ ਲਚਕ ਆਮਦਨ ਲਚਕ ਅਤੇ ਪ੍ਰਤਿਸਥਾਪਨ ਲਚਕ ਦਾ ਪਤਾ ਕਰਨਾ ਵੀ ਲਾਜ਼ਮੀ ਹੈ। ਇਹਨਾਂ ਤੱਤਾਂ ਨੂੰ ਅਰਥ-ਵਿਗਿਆਨ ਵਿੱਚ ਚਰ (variable) ਕਿਹਾ ਜਾਂਦਾ ਹੈ ਕਿਉਂਕਿ ਇਹ ਬਦਲਣਸ਼ੀਲ ਹਨ ਅਤੇ ਇਹਨਾਂ ਦਾ ਮਾਤ੍ਰਾਤਮਿਕ ਮਾਪ ਕੀਤਾ ਜਾ ਸਕਦਾ ਹੈ। ਮੰਗ ਦੀ ਲਚਕ ਦਾ ਭਾਵ ਹੈ ਕਿ ਉਪਰੋਕਤ ਚਰਾਂ ਵਿੱਚੋਂ ਕਿਸੇ ਇੱਕ ਚਰ ਵਿੱਚ ਕਿੰਨੇ ਪ੍ਰਤਿਸ਼ਤ ਤਬਦੀਲੀ ਆਈ ਹੈ। ਜਦੋਂ ਸਧਾਰਨ ਤੌਰ ’ਤੇ ਮੰਗ ਦੀ ਲਚਕ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਦਾ ਭਾਵ ਮੰਗ ਦੀ ਕੀਮਤ ਲਚਕ ਹੁੰਦਾ ਹੈ। ਜ਼ਰੂਰੀ ਵਸਤਾਂ ਦੀ ਮੰਗ ਬੇਲਚਕ/ਘੱਟ ਲਚਕਦਾਰ ਹੁੰਦੀ ਹੈ ਅਤੇ ਵਿਲਾਸਤਾ ਵਾਲੀਆਂ ਵਸਤਾਂ ਦੀ ਮੰਗ ਵਧੇਰੇ ਲਚਕਦਾਰ ਹੁੰਦੀ ਹੈ। ਮੰਗ ਦੀ ਲਚਕ ਦਾ ਮਾਪ ਕਰਨਾ ਅਰਥ-ਵਿਗਿਆਨੀਆਂ, ਵਪਾਰੀਆਂ ਅਤੇ ਨੀਤੀ ਘਾੜਿਆਂ ਲਈ ਬਹੁਤ ਲਾਭਦਾਇਕ ਹੁੰਦਾ ਹੈ।


ਲੇਖਕ : ਹਰਵਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 4077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-03-04-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.