ਮੱਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੱਕਾ 1 [ਨਾਂਪੁ] ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਸਥਾਨ ਜਿੱਥੇ ਮੁਸਲਮਾਨ ਹੱਜ ਲਈ ਜਾਂਦੇ ਹਨ 2 [ਨਾਂਪੁ] ਮੋਟੇ ਦਾਣਿਆਂ ਵਾਲ਼ੀ ਮੱਕੀ , ਇੱਕ ਫ਼ਸਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13379, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੱਕਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੱਕਾ: ਮੁਸਲਮਾਨਾਂ ਦਾ ਪਵਿੱਤਰ ਧਰਮ-ਧਾਮ ਜੋ ਅਰਬ ਦੇਸ਼ ਵਿਚ ਸਥਿਤ ਹੈ ਅਤੇ ਜਿਥੇ ਹਜ਼ਰਤ ਮੁਹੰਮਦ ਨੇ ਜਨਮ ਲਿਆ ਸੀ। ਇਹ ਨਗਰ ਜੱਦਹ ਦੀ ਬੰਦਰਗਾਹ ਤੋਂ ਲਗਭਗ 100 ਕਿ.ਮੀ. ਦੂਰ ਪਥਰੀਲੀ ਧਰਤੀ ਉਤੇ ਵਸਿਆ ਹੈ। ਇਸ ਦੇ ਇਰਦ-ਗਿਰਦ ਦਾ ਇਲਾਕਾ ਬੜਾ ਖ਼ੁਸ਼ਕ ਅਤੇ ਗ਼ੈਰਾਬਾਦ ਹੈ। ਇਸ ਦੇ ਮਹੱਤਵ ਦਾ ਮੁੱਖ ਕਾਰਣ ‘ਕਾਅਬਾ’ ਹੈ। ਹਜ਼ਰਤ ਮੁਹੰਮਦ ਨੇ ਜੀਵਨ ਵਿਚ ਇਕ ਵਾਰ ਇਸ ਦੀ ਜ਼ਿਆਰਤ ਕਰਨਾ ਹਰ ਮੁਸਲਮਾਨ ਲਈ ਜ਼ਰੂਰੀ ਦਸਿਆ ਹੈ।

ਕਾਅਬੇ ਨੂੰ ਕਿਸ ਨੇ ਬਣਵਾਇਆ, ਇਸ ਬਾਰੇ ਵਖ ਵਖ ਰਵਾਇਤਾਂ ਪ੍ਰਚਲਿਤ ਹਨ, ਪਰ ਸਭ ਤੋਂ ਮਹੱਤਵ- ਪੂਰਣ ਪਰੰਪਰਾ ਇਹ ਹੈ ਕਿ ਹਜ਼ਰਤ ਇਬਰਾਹੀਮ ਨੇ ਆਪਣੇ ਪੁੱਤਰ ਦੀ ਬਲੀ ਦੇਣ ਦੀ ਆਜ਼ਮਾਇਸ਼ ਵਿਚ ਸਫਲ ਹੋਣ ਉਪਰੰਤ ਆਪਣੇ ਪੁੱਤਰ ਇਸਮਾਈਲ ਦੇ ਸਹਿਯੋਗ ਨਾਲ ਧਰਮ-ਪ੍ਰਚਾਰ ਦੇ ਜਿਸ ਵਿਸ਼ਵਵਿਆਪੀ ਅੰਦੋਲਨ ਦਾ ਸੰਚਾਲਨ ਕੀਤਾ, ਉਸ ਦਾ ਆਰੰਭ ਕਾਅਬੇ ਵਾਲੀ ਥਾਂ ਤੋਂ ਹੋਇਆ ਸੀ। ਉਦੋਂ ਇਹ ਵੀ ਸਥਾਪਨਾ ਕੀਤੀ ਗਈ ਕਿ ਰੱਬ ਵਿਚ ਯਕੀਨ ਰਖਣ ਵਾਲੇ ਸਾਰੇ ਲੋਕ ਇਸ ਸਥਾਨ ਉਤੇ ਆ ਕੇ ਭਗਤੀ ਕਰਨ ਅਤੇ ਆਪਣੇ ਇਲਾਕਿਆਂ ਨੂੰ ਪਰਤ ਕੇ ਇਸਲਾਮ ਦਾ ਪ੍ਰਚਾਰ ਕਰਨ।

ਹਜ਼ਰਤ ਇਬਰਾਹੀਮ ਦੇ ਦੇਹਾਂਤ ਤੋਂ ਬਾਦ ਕਾਅਬਾ ਕਈ ਵਾਰ ਡਿਗਿਆ ਅਤੇ ਫਿਰ ਤੋਂ ਉਸਾਰਿਆ ਗਿਆ। ਇਕ ਵਾਰ ਹਜ਼ਰਤ ਮੁਹੰਮਦ ਸਾਹਿਬ ਤੋਂ ਵੀ ਇਸ ਦੀ ਨੀਂਹ ਰਖਵਾਈ ਗਈ ਦਸੀ ਜਾਂਦੀ ਹੈ। ਹਜ਼ਰਤ ਮੁਹੰਮਦ ਸਾਹਿਬ ਤੋਂ ਪਹਿਲਾਂ ਕਾਅਬਾ ਵਿਚ ਅਨੇਕ ਬੁਤ ਸਥਾਪਿਤ ਸਨ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ। ਪਰ ਇਕ ਅੱਲ੍ਹਾ ਵਿਚ ਵਿਸ਼ਵਾਸ ਰਖਣ ਵਾਲੇ ਹਜ਼ਰਤ ਮੁਹੰਮਦ ਨੇ ਸਾਰਿਆਂ ਬੁੱਤਾਂ ਨੂੰ ਉਥੋਂ ਹਟਵਾ ਦਿੱਤਾ। ਕਾਅਬੇ ਦੀ ਵਰਤਮਾਨ ਇਮਾਰਤ ਦੀ ਉਸਾਰੀ ਸੰਨ 1040 ਈ. ਵਿਚ ਰੂਮ ਦੇਸ਼ ਦੇ ਉਸਮਾਨੀ ਬਾਦਸ਼ਾਹ ਮੁਰਾਦ ਚੌਥੇ ਨੇ ਕਰਵਾਈ ਜਿਸ ਵਿਚ ਸਮੇਂ ਸਮੇਂ ਥੋੜਾ ਬਹੁਤ ਸੁਧਾਰ ਹੁੰਦਾ ਰਿਹਾ।

ਕਾਅਬੇ ਦੀ ਵਿਸ਼ਾਲ ਇਮਾਰਤ ਵਿਚ ਧਰਤੀ ਤੋਂ ਪੰਜ ਫੁਟ ਉੱਚਾਈ’ਤੇ ਸੰਗਿ-ਅਸਵਦ (ਕਾਲਾ ਪੱਥਰ) ਜੜ੍ਹਿਆ ਹੋਇਆ ਹੈ ਜਿਸ ਨੂੰ ਮੁਸਲਮਾਨ ਯਾਤ੍ਰੀ ਚੁੰਮਦੇ ਹਨ। ਕਾਅਬੇ ਦੇ ਇਰਦ-ਗਿਰਦ ਬਹੁਤ ਵਿਸ਼ਾਲ ਪਰਿਕ੍ਰਮਾ ਹੈ ਜਿਸ ਵਿਚ ਯਾਤ੍ਰੀ ਬੜੇ ਸੌਖ ਨਾਲ ਵਿਚਰ ਸਕਦੇ ਹਨ। ਕਾਅਬੇ ਦੀ ਇਮਾਰਤ ਕਾਲੇ ਰੇਸ਼ਮੀ ਕਪੜੇ ਨਾਲ ਢਕੀ ਰਹਿੰਦੀ ਹੈ ਜਿਸ ਉਤੇ ਕੁਰਾਨ ਵਿਚੋਂ ਆਇਤਾਂ ਲਿਖੀਆਂ ਹੁੰਦੀਆਂ ਹਨ। ‘ਹੱਜ ’ ਦੇ ਅਵਸਰ’ਤੇ ਲੱਖਾਂ ਵਿਅਕਤੀ ਜ਼ਿਆਰਤ ਕਰਨ ਲਈ ਇਥੇ ਪਹੁੰਚਦੇ ਹਨ। ਸੰਤਾਂ , ਫ਼ਕੀਰਾਂ ਨੇ ਇਸ ਧਰਮ-ਧਾਮ ਦੀਆਂ ਰੂੜ੍ਹ ਮਾਨਤਾਵਾਂ ਤੋਂ ਹਟ ਕੇ ਆਪਣੇ ਅੰਦਰ ਹੀ ਕਾਅਬੇ ਦੀ ਸਥਿਤੀ ਮੰਨੀ ਹੈ। ਗੁਰੂ ਨਾਨਕ ਦੇਵ ਜੀ ਨੇ ਸਚੀ ਕਰਣੀ ਨੂੰ ਕਾਅਬਾ ਦਸਿਆ ਹੈ—ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ (ਗੁ.ਗ੍ਰੰ.140)।

ਜਨਮਸਾਖੀ ਸਾਹਿਤ ਵਿਚ ਗੁਰੂ ਨਾਨਕ ਦੇਵ ਜੀ ਦਾ ਮੱਕੇ ਜਾਣ ਦਾ ਉੱਲੇਖ ਮਿਲਦਾ ਹੈ। ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਦੀਆਂ ਤਿੰਨ ਪਉੜੀਆਂ (32- 34) ਵਿਚ ਗੁਰੂ ਨਾਨਕ ਦੇਵ ਜੀ ਦੀ ਯਾਤ੍ਰਾ ਉਤੇ ਪ੍ਰਕਾਸ਼ ਪਾਉਂਦਿਆਂ ਲਿਖਿਆ ਹੈ—ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾਧਾਰੀ ... ਧਰੀ ਨੀਸਾਣੀ ਕਉਸ ਦੀ ਮਕੇ ਅੰਦਰਿ ਪੂਜ ਕਰਾਈ ਪਰ ਖੇਦ ਹੈ ਕਿ ਗੁਰੂ ਜੀ ਦੀ ਯਾਤ੍ਰਾ ਨਾਲ ਸੰਬੰਧਿਤ ਉਥੇ ਕੋਈ ਵੀ ਸਮਾਰਕ ਨਹੀਂ ਹੈ। ਖੜਾਵਾਂ (ਕਉਸ) ਬਾਰੇ ਦਸਿਆ ਜਾਂਦਾ ਹੈ ਕਿ ਉਹ ‘ਉਚ ਸ਼ਰੀਫ਼’ ਦੇ ਤੋਸ਼ਾਖ਼ਾਨੇ ਵਿਚ ਮੌਜੂਦ ਹਨ ਜੋ ਕਾਜ਼ੀ ਰੁਕਨਦੀਨ ਹਿੰਦੁਸਤਾਨ ਨੂੰ ਪਰਤਦਿਆਂ ਨਾਲ ਲੈ ਆਇਆ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੱਕਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੱਕਾ : ਅਰਬ ਦੇਸ਼ ਦਾ ਪ੍ਰਸਿੱਧ ਨਗਰ ਜਿਥੇ ਹਜ਼ਰਤ ਮੁਹੰਮਦ ਸਾਹਿਬ ਨੇ ਅਵਤਾਰ ਧਾਰਿਆ। ਇਥੇ ਮੁਸਲਮਾਨਾਂ ਦਾ ਸਰਵਉੱਚ ਧਰਮ ਅਸਥਾਨ ਕਾਅਬਾ ਸਥਿਤ ਹੈ ਜਿਸ ਦੀ ਜ਼ਿਆਰਤ ਕਰਨ ਦੂਰ ਦੁਰੇਡਿਉਂ ਯਾਤਰੀ ਆਉਂਦੇ ਹਨ। ਇਹ ਨਗਰ ਜੱਦ੍ਹਾ ਨਾਂ ਦੀ ਬੰਦਰਗਾਹ ਤੋਂ ਲਗਭਗ 100 ਕਿ. ਮੀ. ਦੂਰ ਪਥਰੀਲੀ ਧਰਤੀ ਉੱਤੇ ਵਸਿਆ ਹੋਇਆ ਹੈ। ਇਸ ਦੇ ਆਲੇ ਦੁਆਲੇ ਦਾ ਇਲਾਕਾ ਵੀ ਖੁਸ਼ਕ ਅਤੇ ਅਣਉਪਜਾਊ ਹੈ ਪਰ ਕਾਅਬੇ ਦੀ ਮੌਜੂਦਗੀ ਕਾਰਨ ਇਹ ਨਗਰ ਬਹੁਤ ਮਹੱਤਵਪੂਰਨ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਹਰ ਮੁਸਲਮਾਨ ਲਈ ਜ਼ਿੰਦਗੀ ਵਿਚ ਇਕ ਵਾਰੀ ਇਥੇ ਹੱਜ ਕਰਨ ਆਉਣਾ ਜ਼ਰੂਰੀ ਦੱਸਿਆ ਹੈ। ਇਸੇ ਲਈ ਹਰ ਸਾਲ ਅਣਗਿਣਤ ਹਾਜੀ ਇਥੇ ਹੱਜ ਕਰਨ ਆਉਂਦੇ ਹਨ। 

ਮੁਸਲਮਾਨ ਇਸ ਨੂੰ ਰੱਬ ਦਾ ਘਰ ਤਸੱਵਰ ਕਰਦੇ ਹਨ। ਭਗਤ ਕਬੀਰ ਜੀ ਨੇ ਕੇਵਲ ਮੱਕੇ ਨੂੰ ਹੀ ਰੱਬ ਦਾ ਘਰ ਮੰਨਣ ਦਾ ਖੰਡਨ ਕੀਤਾ ਹੈ– 

 ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ‖ 

 ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿ ਫੁਰਮਾਈ ਗਾਇ । 

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਥੋਂ ਦੇ ਹਾਜ਼ਰ ਲੋਕਾਂ ਦੇ ਇਸ ਭਰਮ ਦਾ ਖੰਡਨ ਕਰਨ ਲਈ ਮੁਜਾਵਰ ਜੀਵਨ ਨੂੰ ਕਿਹਾ ਸੀ ਕਿ ‘ਮੇਰੇ ਪੈਰ ਉਧਰ ਕਰ ਦਿਓ ਜਿਧਰ ਰੱਬ ਦਾ ਘਰ ਨਹੀਂ’। ਸਬੰਧਤ ਸਾਖੀ ਅਨੁਸਾਰ ਜੀਵਨ ਨੇ ਜਿਧਰ ਜਿਧਰ ਵੀ ਗੁਰੂ ਜੀ ਦੇ ਪੈਰ ਘਸੀਟੇ, ਕਾਅਬਾ ਉਧਰ ਉਧਰ ਹੀ ਨਾਲ ਫਿਰਿਆ। ਅਜਿਹਾ ਕਰਨ ਨਾਲ ਗੁਰੂ ਜੀ ਨੇ ਲੋਕਾਂ ਨੂੰ ਦ੍ਰਿੜ ਕਰਵਾਇਆ ਕਿ ਰੱਬ ਹਰ ਥਾਂ ਮੌਜੂਦ ਹੈ। ਇਸ ਸਾਰੀ ਘਟਨਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ਬੱਤੀਵੀਂ ਪਉੜੀ ਵਿਚ ਕੀਤਾ ਹੈ – 

 ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰਿ ਬਨਵਾਰੀ। 

 ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ। 

 ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜਾਰੀ। 

ਜਾਂ ਬਾਬਾ ਸੁਤਾ ਰਾਤਿ ਨੋ ਵਾਲਿ ਮਰਹਾਬੇ ਪਾਇ ਪਸਾਰੀ। 

ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫਰ ਕੁਫਾਰੀ। 

ਲਤਾਂ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੁਇ ਬਜਗਾਰੀ। 

ਟੰਗੋਂ ਪਕੜਿ ਘਸੀਟਿਆਂ ਫਿਰਿਆ ਮਕਾ ਕਲਾ ਦਿਖਾਰੀ। 

ਹੋਇ ਹੈਰਾਨੁ ਕਰੇਨਿ ਜੁਹਾਰੀ। 

ਹਜ਼ਰਤ ਮੁਹੰਮਦ ਸਾਹਿਬ ਨੇ ਜਦੋਂ ਲੋਕਾਂ ਨੂੰ ਬੁੱਤਪ੍ਰਸਤੀ ਤੋਂ ਹਟਾਉਣ ਅਤੇ ਖ਼ੁਦਾ ਪ੍ਰਸਤੀ ਵੱਲ ਤੋਰਨ ਦਾ ਉਪਦੇਸ਼ ਦੇਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਕਾਰਨ 622 ਈ. ਵਿਚ ਆਪ ਹਿਜਰਤ ਕਰ ਕੇ ਇਹ ਨਗਰ ਛੱਡ ਕੇ ਮਦੀਨੇ ਚਲੇ ਗਏ। ਇਸ ਨਗਰ ਨੂੰ ਮੁਸਲਮਾਨਾਂ ਵਿਚ ਅਹਿਮਦਪੁਰ ਵੀ ਕਿਹਾ ਜਾਂਦਾ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-16-02-18-54, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਨਾਵਾਂ ਤੇ ਥਾਵਾਂ ਦਾ ਕੋਸ਼; ਪੰ. ਸਾ. ਸੰ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.