ਲਕੋਕਤੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲਕੋਕਤੀ : ਪੰਜਾਬੀ ਵਿੱਚ ਲਕੋਕਤੀਆਂ ਲਈ ਅਖਾਣ, ਅਖੌਤਾਂ ਅਤੇ ਕਹਾਵਤਾਂ ਸ਼ਬਦ ਵੀ ਪ੍ਰਚਲਿਤ ਹਨ। ਲਕੋਕਤੀ ਲੋਕ ਅਤੇ ਉਕਤੀ ਦੀ ਸੰਧੀ ਜਾਪਦੀ ਹੈ। ਅਖਾਣ ਸ਼ਬਦ ਦਾ ਮੂਲ ਸੰਸਕ੍ਰਿਤ ਦਾ ਆਖਯਾਨ ਹੈ। ਉੱਥੇ ਇਸ ਦੇ ਅਰਥ ਆਮ ਕਰ ਕੇ ਲੋਕ-ਗਾਥਾ ਵਾਲੇ ਹਨ ਜਾਂ ਫਿਰ ਵਿਸ਼ੇਸ਼ ਅਰਥਾਂ ਵਾਲੀ ਅਲੰਕਾਰਕ ਸ਼ੈਲੀ ਹੈ। ਲਕੋਕਤੀ ਇੱਕ ਅਜਿਹਾ ਸੰਖੇਪ ਸੰਜਮੀ ਪਰ ਉਚਾਰਨ ਵਿੱਚ ਸੌਖਾਲਾ ਅਰਥ ਭਰਪੂਰ ਵਾਕ ਜਾਂ ਵਾਕ ਸਮੂਹ ਹੁੰਦਾ ਹੈ ਜਿਸ ਵਿੱਚ ਜ਼ਿੰਦਗੀ ਦਾ ਕੋਈ ਸੱਚ ਜਾਂ ਨਿਚੋੜ ਸਮਾਇਆ ਹੋਇਆ ਹੁੰਦਾ ਹੈ। ਐਨਸਾਈਕਲੋਪੀਡੀਆ ਆਫ਼ ਬ੍ਰਿਟੇਨਿਕਾ ਅਨੁਸਾਰ ਅਖਾਣ ਜ਼ਿੰਦਗੀ ਦੇ ਲੰਮੇ ਅਨੁਭਵ ਤੋਂ ਪੈਦਾ ਹੋਏ ਸੰਖੇਪ ਵਾਕ ਹਨ। ਅਸਲ ਵਿੱਚ ਲਕੋਕਤੀਆਂ ਵਿੱਚ ਕਿਸੇ ਜਾਤੀ ਦੇ ਇਤਿਹਾਸ ਦੇ ਅਨੁਭਵ ਨੂੰ ਸੂਤਰਿਕ ਸ਼ੈਲੀ ਵਿੱਚ ਪ੍ਰਗਟਾਇਆ ਹੁੰਦਾ ਹੈ। ਵਣਜਾਰਾ ਬੇਦੀ ਅਨੁਸਾਰ :

     ਅਖਾਣ ਨਿੱਤ ਦੀ ਬੋਲ-ਚਾਲ ਵਿੱਚ ਵਰਤੀਂਦੇ ਪ੍ਰਵਾਨ ਹੋਏ ਉਹ ਕਥਨ ਹਨ ਜਿਨ੍ਹਾਂ ਵਿੱਚ ਮਨੁੱਖੀ ਜੀਵਨ ਨਾਲ ਸੰਬੰਧਿਤ ਕੋਈ ਅਨੁਭਵ ਸੂਤਰਬੱਧ ਕਰ ਕੇ ਦਿਲ ਖਿੱਚਵੀਂ ਜਾਂ ਅਲੰਕਾਰਕ ਸ਼ੈਲੀ ਵਿੱਚ ਪੇਸ਼ ਕੀਤਾ ਗਿਆ ਹੈ।

     ਅਖਾਣ ਸੰਖੇਪ ਸਰਲ ਤੇ ਭਾਵਪੂਰਤ ਵਾਕ ਜਾਂ ਤੁਕਾਂ ਹਨ ਜੋ ਜਾਤੀ ਦਾ ਲੋਕ-ਦਰਸ਼ਨ ਹੋਣ ਕਰ ਕੇ ਬੜੇ ਲੋਕ- ਪ੍ਰਿਆ ਹੁੰਦੇ ਹਨ। ਵਣਜਾਰਾ ਬੇਦੀ ਅਨੁਸਾਰ ਅਖਾਣਾਂ ਦੇ ਚਾਰ ਮੁੱਖ ਲੱਛਣ ਹਨ :

          1. ਮਨੁੱਖੀ ਜੀਵਨ ਨਾਲ ਸੰਬੰਧਿਤ ਕੋਈ ਅਨੁਭਵ,

          2. ਸੰਖੇਪਤਾ ਅਤੇ ਸੰਜਮਤਾ,

          3. ਭਾਵੁਕ ਤੇ ਢੁੱਕਵੀਂ ਸ਼ੈਲੀ ,

          4. ਲੋਕ ਪ੍ਰਵਾਨਗੀ।

     ਲਕੋਕਤੀਆਂ ਵਿੱਚ ਮਨੁੱਖੀ ਜੀਵਨ ਦੇ ਅਨੁਭਵ ਨੂੰ ਤੱਤ ਰੂਪ ਵਿੱਚ ਪੇਸ਼ ਕੀਤਾ ਹੁੰਦਾ ਹੈ। ਲਕੋਕਤੀਆਂ ਰਾਹੀਂ ਸੰਬੰਧਿਤ ਭਾਈਚਾਰੇ ਦੇ ਸਮੁੱਚੇ ਆਰਥਿਕ, ਸਮਾਜਿਕ, ਰਾਜਨੀਤਿਕ ਤੇ ਸੱਭਿਆਚਾਰਿਕ ਜੀਵਨ ਦਾ ਚਿੱਤਰ ਪ੍ਰਾਪਤ ਕੀਤਾ ਜਾ ਸਕਦਾ ਹੈ। ਲਕੋਕਤੀਆਂ ਵਿੱਚ ਕੇਵਲ ਰਾਜਨੀਤਿਕ ਇਤਿਹਾਸ ਹੀ ਨਹੀਂ ਸਗੋਂ ਸੱਭਿਆਚਾਰਿਕ ਇਤਿਹਾਸ ਦਾ ਸਾਰ ਸਮਾਇਆ ਹੁੰਦਾ ਹੈ। ਆਕਾਰ ਪੱਖੋਂ ਲਕੋਕਤੀਆਂ ਛੋਟੀਆਂ ਹੁੰਦੀਆਂ ਹਨ ਅਤੇ ਸ਼ਬਦਾਂ ਨੂੰ ਸੰਜਮ ਨਾਲ ਵਰਤਿਆ ਹੁੰਦਾ ਹੈ ਪਰੰਤੂ ਉਹ ਮਨ ਵਿੱਚ ਇੱਕ ਵੱਡੇ ਦ੍ਰਿਸ਼ ਚਿੱਤਰ ਦਾ ਨਿਰਮਾਣ ਕਰਦੇ ਹਨ। ਲਕੋਕਤੀਆਂ ਵਿੱਚ ਆਮ ਕਰ ਕੇ ਢੁੱਕਵੀਆਂ ਸਾਹਿਤਿਕ ਜੁਗਤਾਂ ਮੌਜੂਦ ਹੁੰਦੀਆਂ ਹਨ। ਲਕੋਕਤੀਆਂ ਵਿੱਚ ਲੈਅ ਹੀ ਪ੍ਰਧਾਨ ਨਹੀਂ ਹੁੰਦੀ ਸਗੋਂ ਆਮ ਕਰ ਕੇ ਦੋ ਸਤਰਾਂ ਵਿੱਚ ਤੋਲ-ਤੁਕਾਂਤ ਦਾ ਮੇਲ ਵੀ ਕੀਤਾ ਹੁੰਦਾ ਹੈ। ਲਕੋਕਤੀਆਂ ਵਿੱਚ ਅਲੰਕਾਰਕ ਸੰਦ੍ਰਿਸ਼ਟਤਾ ਦੇ ਨਾਲੋ ਨਾਲ ਰੂਪਕੀ ਚਿੱਤਰ ਵੀ ਹੁੰਦੇ ਹਨ। ਲਕੋਕਤੀਆਂ ਵਿੱਚ ਕੋਈ ਜਾਹਰਾ ਕਥਾ ਨਹੀਂ ਹੁੰਦੀ ਪਰ ਬਹੁਤ ਸਾਰੀਆਂ ਲਕੋਕਤੀਆਂ ਕਿਸੇ ਕਥਾ ਵੱਲ ਸੰਕੇਤ ਕਰਦੀਆਂ ਹਨ। ਲਕੋਕਤੀਆਂ ਕੇਵਲ ਬੀਤੇ ਦਾ ਸਰਮਾਇਆ ਹੀ ਨਹੀਂ ਸਗੋਂ ਇਹ ਅੱਜ ਵੀ ਸੰਚਾਰ ਨੂੰ ਸੌਖਾਲਾ ਬਣਾਉਣ ਦੇ ਕੰਮ ਆਉਂਦੀਆਂ ਹਨ। ਇਹ ਕੇਵਲ ਭਾਸ਼ਾ ਨੂੰ ਸੁਹਜਵਾਦੀ ਅਤੇ ਰਸੀਲੀ ਹੀ ਨਹੀਂ ਬਣਾਉਂਦੀਆਂ ਸਗੋਂ ਸੱਚ-ਮੁੱਚ ਹੀ ਗਿਆਨ ਦੇ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦਿੰਦੀਆਂ ਹਨ। ਹੇਠ ਲਿਖੀ ਅਖਾਣ ਨੂੰਹ ਸੱਸ ਦੇ ਰਿਸ਼ਤੇ ਵਿੱਚ ਸੱਸ ਦਾ ਰੁਤਬੇ ਵਿੱਚ ਭਾਰੂ ਹੋਣ ਕਾਰਨ ਥੱਕੀ ਹੋਈ ਨੂੰਹ ਨੂੰ ਹੋਰ ਭਾਰੀ ਕੰਮ ਕਰਨ ਵੱਲ ਆਖਣਾ ਸਮੁੱਚੇ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਹੈ :

ਉਠ ਨੂੰਹੇਂ ਤੂੰ ਥੱਕੀ, ਮੈਂ ਵੇਲਣੇ ਤੂੰ ਚੱਕੀ,

   ਜਾਂ

          ਉਠ ਨੀ ਨੂਹੇਂ ਨਿੱਸਲ ਹੋ, ਚਰਖਾ ਛੱਡ ਤੇ ਚੱਕੀ ਝੋ।


ਲੇਖਕ : ਰਜਿੰਦਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.