ਵਿਉਂਤਬੰਦੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵਿਉਂਤਬੰਦੀ : ਵਿਉਂਤਬੰਦੀ  (Planning)  ਵਿਭਿੰਨ ਜਥੇਬੰਦਕ ਉਦੇਸ਼ਾਂ ਦੀ ਪੂਰਤੀ ਲਈ ਅਪਣਾਈ ਜਾਣ ਵਾਲੀ ਕਾਰਜ ਦਿਸ਼ਾ ਨਿਰਧਾਰਿਤ ਕਰਨ ਵਿੱਚ ਸਹਾਇਤਾ ਕਰਦੀ ਹੈ। ਇਹ ਇੱਕ ਅਗਾਊਂ ਫ਼ੈਸਲਾ ਹੈ। ਕਿਸ ਕੰਮ ਨੂੰ ਕਿਸ ਨੇ ਕਰਨਾ ਹੈ, ਕਦੋਂ ਕਰਨਾ ਹੈ ਅਤੇ ਕੀ ਕਰਨਾ ਹੈ? ਵਿਉਂਤਬੰਦੀ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਕਰਨ ਤੋਂ ਪਹਿਲਾਂ ਸੋਚਿਆ ਜਾਂਦਾ ਹੈ।

ਪਿਛਲੇ ਦਸ ਦਹਾਕਿਆਂ ਵਿੱਚ ਹਰ ਪ੍ਰਕਾਰ ਦੇ ਉਦਯੋਗ ਨੇ ਵਿਉਂਤਬੰਦੀ ਅਪਣਾਉਣ ਵਿੱਚ ਦਿਲਚਸਪੀ ਦਿਖਾਈ ਹੈ। ਵਿਉਂਤਬੰਦੀ ਪ੍ਰਬੰਧ ਦਾ ਇੱਕ ਲਾਜ਼ਮੀ ਅੰਗ ਹੈ। ਪ੍ਰਬੰਧਕ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਅਨੁਮਾਨ ਲਾਉਂਦਾ ਹੈ। ਇੱਕ ਵਿਉਂਤਕਾਰ ਨੂੰ ਹੇਠ ਲਿਖਿਆਂ ਪੱਖਾਂ ਬਾਰੇ ਸੋਚਣਾ ਜ਼ਰੂਰੀ ਹੈ:

1. ਕੀ ਕਰਨਾ ਹੈ?

2. ਕਿਵੇਂ ਕਰਨਾ ਹੈ?

3. ਕਦੋਂ ਕਰਨਾ ਹੈ?

4. ਕਿਸਨੇ ਕਰਨਾ ਹੈ?

ਵਿਉਂਤਬੰਦੀ ਕੁਝ ਕਰ ਸਕਣ ਦੇ ਯਤਨ ਦੀ ਸੰਭਾਵਨਾ ਬਾਰੇ ਇੱਕ ਕੋਸ਼ਿਸ਼ ਹੈ। ਬੰਦੋਬਸਤ ਦਾ ਪਹਿਲਾ ਕਦਮ ਵਿਉਂਤਬੰਦੀ ਹੈ, ਅਤੇ ਕਾਰੋਬਾਰ ਦੀਆਂ ਵਧਦੀਆਂ ਗੁੰਝਲਾਂ ਦੇ ਸੁਲਝਾਉਣ ਲਈ ਵਿਉਂਤਬੰਦੀ ਹੋਰ ਵੀ ਜ਼ਰੂਰੀ ਹੋ ਗਈ ਹੈ। ਅੱਜ-ਕੱਲ੍ਹ ਤਕਨਾਲੋਜੀ ਤੇਜ਼ੀ ਨਾਲ ਬਦਲ ਰਹੀ ਹੈ। ਜਿਹੜੀ ਮਸ਼ੀਨ ਅੱਜ ਵਰਤੀ ਜਾ ਰਹੀ ਹੈ, ਕੱਲ੍ਹ ਨੂੰ ਬੇਕਾਰ ਹੋ ਸਕਦੀ ਹੈ। ਇਹਨਾਂ ਪਰਿਵਰਤਨਾਂ ਨੂੰ ਘਟਾਉਣ ਲਈ ਵਿਉਂਤਬੰਦੀ ਬੜੀ ਜ਼ਰੂਰੀ ਹੋ ਗਈ ਹੈ। ਵਿਉਂਤਬੰਦੀ ਪ੍ਰਬੰਧ ਦੇ ਹੋਰ ਸਾਰੇ ਕਾਰਜਾਂ ਦਾ ਆਧਾਰ ਹੈ ਅਤੇ ਬਿਨਾਂ ਠੀਕ ਵਿਉਂਤਬੰਦੀ ਦੇ ਕੋਈ ਢੁੱਕਵੀਂ ਜੱਥੇਬੰਦੀ ਜਾਂ ਸੋਧ ਸੰਭਵ ਨਹੀਂ ਹੋ ਸਕਦੀ। ਇਹ ਜਥੇਬੰਦੀ ਦੇ ਟੀਚੇ ਸਪਸ਼ਟ ਰੂਪ ਵਿੱਚ ਮਿਥਣ ਵਿੱਚ ਸਹਾਇਤਾ ਕਰਦੀ ਹੈ। ਵਿਉਂਤਬੰਦੀ ਸਦਾ ਭਵਿੱਖ ਲਈ ਕੀਤੀ ਜਾਂਦੀ ਹੈ। ਜਿਸ ਵਿੱਚ ਭਵਿੱਖ ਦਾ ਅਨੁਮਾਨ ਲਾਉਣ ਦਾ ਅਤੇ ਹਰ ਸੰਭਵ ਤਰੀਕੇ ਨਾਲ ਯੋਜਨਾ ਬਣਾਉਣ ਦਾ ਇੱਕ ਯਤਨ ਹੈ। ਇੱਕ ਚੰਗੀ ਵਿਉਂਤਬੰਦੀ ਮੈਨੇਜਰਾਂ ਨੂੰ ਨਵੇਂ ਢੰਗ ਨਾਲ ਕਾਰਜ ਲਈ ਉਤਸ਼ਾਹਿਤ ਕਰਨ ਵਾਲੀ ਹੋਣੀ ਚਾਹੀਦੀ ਹੈ।

ਵਿਉਂਤਬੰਦੀ ਲਾਭਦਾਇਕ ਤਾਂ ਹੋਵੇਗੀ ਜੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ ਜਿਵੇਂ ਕਿ ਇਸ ਲਈ ਢੁੱਕਵਾਂ ਵਾਤਾਵਰਨ ਅਤੇ ਵਿਭਿੰਨ ਪੱਧਰਾਂ ਤੇ ਠੀਕ ਸੰਪਰਕ ਬਹੁਤ ਜ਼ਰੂਰੀ ਹੈ। ਇਸ ਲਈ ਵਿਉਂਤਬੰਦੀ ਪ੍ਰਕਿਰਿਆ ਵਿੱਚ ਵਿਭਿੰਨ ਪੱਧਰ ਅਤੇ ਖੇਤਰ ਦੇ ਬੰਦਿਆਂ ਨੂੰ ਸੰਮਿਲਤ ਕਰਨਾ ਚਾਹੀਦਾ ਹੈ।

ਵਿਉਂਤਬੰਦੀ ਪ੍ਰਕਿਰਿਆ ਵਿੱਚ ਬਹੁਤ ਸਾਰੇ ਕਦਮ ਲੈਣੇ ਹੁੰਦੇ ਹਨ। ਇਹਨਾਂ ਵਿੱਚੋਂ ਮੁੱਖ ਕਦਮ ਹੇਠ ਲਿਖੇ ਅਨੁਸਾਰ ਹਨ:

1.       ਅਵਸਰ ਦੀ ਪਛਾਣ ਕਰਨੀ।

2.       ਜ਼ਰੂਰੀ ਸੂਚਨਾਵਾਂ ਨੂੰ ਇਕੱਠਾ ਕਰਨਾ।

3.       ਟੀਚਿਆਂ ਨੂੰ ਮਿੱਥਣਾ।

4.       ਵਿਉਂਤਬੰਦੀ ਸੰਬੰਧੀ ਮਾਨਤਾਵਾਂ ਦੀ ਸਥਾਪਨਾ   ਕਰਨੀ।

5.       ਵਿਕਲਪੀ ਕਾਰਜ ਪ੍ਰਕਿਰਿਆਵਾਂ ਦੀ ਪਛਾਣ ਕਰਨੀ।

6.       ਵਿਕਲਪੀ ਕਾਰਜ ਪ੍ਰਕਿਰਿਆਵਾਂ ਦੀ ਪਰਖ ਕਰਨੀ।

7.       ਸਭ ਤੋਂ ਵਧੀਆ ਵਿਕਲਪ ਦੀ ਚੋਣ ਕਰਨੀ।

8.       ਸਹਾਇਕ ਯੋਜਨਾਵਾਂ ਦਾ ਨਿਰਮਾਣ ਕਰਨਾ।

9.       ਯੋਜਨਾ ਤੇ ਅਮਲ ਕਰਨਾ।

ਵਿਉਂਤਬੰਦੀ ਸਦਾ ਇੱਕ ਨਿਸ਼ਚਿਤ ਭਵਿੱਖ ਖ਼ਾਤਰ ਹੁੰਦੀ ਹੈ। ਬੇਸ਼ਕ ਭਵਿੱਖ ਦਾ ਕੁਝ ਵੀ ਨਿਸ਼ਚਿਤ ਨਹੀਂ ਹੁੰਦਾ, ਫੇਰ ਵੀ ਇਸ ਲਈ ਕੁਝ ਧਾਰਨਾਵਾਂ ਤਾਂ ਬਣਾਉਣੀਆਂ ਹੀ ਪੈਣਗੀਆਂ, ਭਵਿੱਖਬਾਣੀ ਦਾ ਭਾਵ ਹੈ ਆਉਣ ਵਾਲੀਆਂ ਘਟਨਾਵਾਂ ਦੇ ਰੂਪ ਦੇ ਅਨੁਮਾਨ ਲਾਏ ਜਾਂਦੇ ਹਨ। ਜਦੋਂ ਮੁੱਖ ਯੋਜਨਾ ਬਣ ਜਾਵੇ ਤਾਂ ਫੇਰ ਦੂਜੀਆਂ ਸਹਾਇਕ ਯੋਜਨਾਵਾਂ ਦੀ ਲੋੜ ਪੈਂਦੀ ਹੈ। ਅਸਲ ਵਿੱਚ ਦੂਜੇ ਪੱਧਰ ਦੀਆਂ ਵਿਉਂਤਾਂ ਮੁੱਖ ਵਿਉਂਤ ਨੂੰ ਸਿਰੇ ਚਾੜ੍ਹਨ ਲਈ ਹੁੰਦੀਆਂ ਹਨ ਅਤੇ ਆਖ਼ਰੀ ਕਦਮ ਰਾਹੀਂ ਯੋਜਨਾ ਉੱਤੇ ਅਮਲ ਕੀਤਾ ਜਾਣਾ ਚਾਹੀਦਾ ਹੈ, ਤਾਂਕਿ ਕਾਰੋਬਾਰੀ ਉਦੇਸ਼ ਪ੍ਰਾਪਤ ਹੋ ਸਕਣ।

ਪਰ ਵਿਉਂਤਬੰਦੀ ਦੇ ਬਹੁਤ ਸਾਰੇ ਲਾਭਾਂ ਦੇ ਬਾਵਜੂਦ ਇਸ ਪ੍ਰਕਿਰਿਆ ਦੀਆਂ ਕੁਝ ਸੀਮਾਵਾਂ ਅਤੇ ਇਸ ਦੇ ਰਾਹ ਵਿੱਚ ਕਈ ਰੁਕਾਵਟਾਂ ਵੀ ਹੋ ਸਕਦੀਆਂ ਹਨ ਜਿਵੇਂ ਕਿ ਜੇ ਅੰਕੜੇ ਭਰੋਸੇਯੋਗ ਨਾ ਹੋਣ ਤਾਂ ਇਸ ਪ੍ਰਕਾਰ ਦੀ ਸੂਚਨਾ ਤੇ ਆਧਾਰਿਤ ਨਿਰਨੇ ਵੀ ਭਰੋਸੇਯੋਗ ਨਹੀਂ ਹੋਣਗੇ। ਕਈ ਵਾਰ ਸਮੇਂ ਦੇ ਕਾਰਨਾਂ ਕਰਕੇ ਵਿਉਂਤਬੰਦੀ ਦਾ ਕਿਰਿਆਤਮਕ  ਲਾਭ ਘੱਟ ਜਾਂਦਾ ਹੈ। ਬਹੁਤ ਸਾਰੇ ਲੋਕ ਆਮ ਕਰਕੇ ਪਰਿਵਰਤਨ ਪਸੰਦ ਨਹੀਂ ਕਰਦੇ। ਅੰਦਰੂਨੀ ਕਾਰਨਾਂ ਤੋਂ ਬਿਨਾਂ ਬਾਹਰੀ ਕਾਰਨ ਵੀ ਹਨ, ਜਿਹੜੇ ਵਿਉਂਤਬੰਦੀ ਉੱਤੇ ਬਹੁਤ ਪ੍ਰਭਾਵ ਪਾਉਂਦੇ ਹਨ। ਜੇ ਕੋਈ ਸੰਕਟ ਪੈਦਾ ਹੋ ਜਾਵੇ ਤਾਂ ਸਮੇਂ ਦੀ ਲੋੜ ਫੌਰਨ ਅਮਲ ਕਰਨ ਦੀ ਹੁੰਦੀ ਹੈ ਨਾ ਕਿ ਯੋਜਨਾਬੰਦੀ ਦੀ।


ਲੇਖਕ : ਮੀਨਾਕਸ਼ੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-07-04-17-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.