ਵਿਧਾਨਪਾਲਿਕਾ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਵਿਧਾਨਪਾਲਿਕਾ : ਸਰਕਾਰ ਦੇ ਤਿੰਨ ਅੰਗਾਂ-ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿੱਚੋਂ ਵਿਧਾਨਪਾਲਿਕਾ ਅਧਿਕ ਮਹੱਤਵਪੂਰਨ ਹੈ ਕਿਉਂਕਿ ਇਹ ਜਨਤਾ ਦੀ ਭਲਾਈ ਅਤੇ ਸੁਰੱਖਿਆ ਲਈ ਕਨੂੰਨ ਬਣਾਉਂਦੀ ਹੈ, ਜਿਸ ਨੂੰ ਕਾਰਜਪਾਲਿਕਾ ਲਾਗੂ ਕਰਦੀ ਹੈ ਅਤੇ ਨਿਆਂਪਾਲਿਕਾ ਉਹਨਾਂ ਦੀ ਨਿਆਂ ਸੰਗਤ ਹੋਣਾ ਨਿਸ਼ਚਿਤ ਕਰਦੀ ਹੈ। ਹਰੇਕ ਲੋਕਤੰਤਰ ਦੇਸ ਵਿੱਚ ਵਿਧਾਨਪਾਲਿਕਾ ਦੀ ਵਿਵਸਥਾ ਕੀਤੀ ਜਾਂਦੀ ਹੈ। ਭਾਰਤੀ ਸੰਵਿਧਾਨ ਵਿੱਚ ਰਾਜ ਸਰਕਾਰਾਂ ਅਤੇ ਕੇਂਦਰੀ ਸਰਕਾਰ ਲਈ ਵਿਧਾਨਪਾਲਿਕਾਵਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ।
ਵਿਧਾਨਪਾਲਿਕਾ ਇੱਕ ਸਦਨ ਵਾਲੀ ਜਾਂ ਦੋ ਸਦਨਾਂ ਵਾਲੀ ਹੋ ਸਕਦੀ ਹੈ। ਜੇ ਕਿਸੇ ਰਾਜ ਵਿੱਚ ਇਹ ਇੱਕ ਸਦਨੀ ਹੋਵੇ ਤਾਂ ਇਸ ਨੂੰ ਵਿਧਾਨ-ਸਭਾ ਕਿਹਾ ਜਾਂਦਾ ਹੈ। ਜੇ ਇਸ ਦੇ ਦੋ ਸਦਨ ਹੋਣਗੇ, ਹੇਠਲੇ ਸਦਨ ਨੂੰ ਵਿਧਾਨ-ਸਭਾ ਅਤੇ ਉੱਪਰਲੇ ਸਦਨ ਨੂੰ ਵਿਧਾਨ-ਪਰਿਸ਼ਦ ਕਿਹਾ ਜਾਂਦਾ ਹੈ। ਕੇਂਦਰੀ ਵਿਧਾਨਪਾਲਿਕਾ ਸੰਸਦ ਦੇ ਹੇਠਲੇ ਅਤੇ ਉੱਪਰਲੇ ਸਦਨ ਨੂੰ ਤਰਤੀਬਵਾਰ ਲੋਕ-ਸਭਾ ਅਤੇ ਰਾਜ-ਸਭਾ ਕਿਹਾ ਜਾਂਦਾ ਹੈ। ਵਿਧਾਨ-ਸਭਾ ਅਤੇ ਲੋਕ-ਸਭਾ ਵਿੱਚ ਜਨਤਾ ਦੇ ਪ੍ਰਤਿਨਿਧੀ ਉਹਨਾਂ ਵੱਲੋਂ ਚੁਣੇ ਜਾਂਦੇ ਹਨ। ਵਿਧਾਨ-ਪਰਿਸ਼ਦ ਦੇ ਮੈਂਬਰ ਵਿਸ਼ੇਸ਼ ਵਰਗਾਂ ਜਿਵੇਂ ਕਿ ਅਧਿਆਪਕਾਂ, ਸਥਾਨਕ ਸਰਕਾਰ, ਉਦਯੋਗਪਤੀਆਂ ਆਦਿ ਦੀ ਪ੍ਰਤਿਨਿਧਤਾ ਕਰਦੇ ਹਨ ਅਤੇ ਸਰਕਾਰ ਵੱਲੋਂ ਵੀ ਕੁਝ ਉੱਘੇ ਵਿਅਕਤੀ ਨਾਮਜ਼ਦ ਕੀਤੇ ਜਾਂਦੇ ਹਨ। ਰਾਜ-ਸਭਾ ਵਿੱਚ ਦੇਸ ਦੇ ਰਾਜਾਂ ਦੀਆਂ ਵਿਧਾਨ-ਸਭਾਵਾਂ ਆਪਣੇ ਵੱਲੋਂ ਪ੍ਰਤਿਨਿਧ ਚੁਣ ਕੇ ਭੇਜਦੀਆਂ ਹਨ। ਮੈਂਬਰ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਅਤੇ ਯੋਗਦਾਨ ਕਾਰਨ ਅਤੇ ਕੁਝ ਭਾਰਤ ਸਰਕਾਰ ਵੱਲੋਂ ਮਨੋਨੀਤ ਕੀਤੇ ਜਾਂਦੇ ਹਨ।
ਵਿਸ਼ਵ ਦੇ ਹੋਰ ਲੋਕਤੰਤਰਾਂ ਵਿੱਚ ਵੀ ਵਿਧਾਨ-ਮੰਡਲਾਂ ਦੇ ਦੋ ਸਦਨ ਹਨ ਜਿਵੇਂ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਪ੍ਰਤਿਨਿਧੀਆਂ ਦੀ ਸਭਾ (House of Representatives) ਅਤੇ ਸੈਨੇਟ (Senate) ਹੇਠਲੇ ਸਦਨ ਦੇ ਪ੍ਰਤਿਨਿਧੀ 50 ਰਾਜਾਂ ਦੇ ਮਤਦਾਤਾਵਾਂ ਵੱਲੋਂ ਚੁਣੇ ਜਾਂਦੇ ਹਨ ਅਤੇ ਸੈਨੇਟ ਲਈ ਹਰੇਕ ਰਾਜ ਦੋ ਪ੍ਰਤਿਨਿਧੀ ਚੁਣ ਕੇ ਭੇਜਦਾ ਹੈ। ਇਸੇ ਤਰ੍ਹਾਂ ਇੰਗਲੈਂਡ ਦੀ ਸੰਸਦ ਦੇ ਦੋ ਸਦਨ ਕਾਮਨਜ਼ ਸਦਨ (House of Commons) ਅਤੇ ਲਾਰਡ ਸਦਨ (House of Lords) ਹਨ।
ਸਾਡੇ ਦੇਸ ਵਿੱਚ ਵਿਧਾਨ-ਮੰਡਲਾਂ ਦੀ ਅਵਧੀ ਪੰਜ ਸਾਲ ਦੀ ਹੁੰਦੀ ਹੈ ਪਰ ਜੇ ਸਰਕਾਰ ਬਹੁਮਤ ਗਵਾ ਬੈਠੇ ਤਾਂ ਇਸ ਨੂੰ ਭੰਗ ਕਰਕੇ ਨਵੀਆਂ ਚੋਣਾਂ ਕਰਵਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਜੇ ਕੋਈ ਥਾਂ ਖ਼ਾਲੀ ਹੋ ਜਾਵੇ, ਕਿਸੇ ਮੈਂਬਰ ਦੀ ਮੌਤ ਹੋ ਜਾਣ ਕਾਰਨ, ਉਸ ਵੱਲੋਂ ਤਿਆਗ ਪੱਤਰ ਦੇ ਦਿੱਤੇ ਜਾਣ ਕਾਰਨ, ਜਾਂ ਉਸ ਦੀ ਚੋਣ ਅਦਾਲਤ ਵੱਲੋਂ ਅਵੈਧ ਘੋਸ਼ਿਤ ਕੀਤੇ ਜਾਣ ਕਾਰਨ ਤਾਂ ਉੱਥੇ ਨਵੀਂ ਚੋਣ ਕਰਵਾਈ ਜਾਂਦੀ ਹੈ। ਇਸ ਪ੍ਰਕਾਰ ਦੀ ਚੋਣ ਨੂੰ ਜ਼ਿਮਨੀ ਚੋਣ (bye election) ਕਿਹਾ ਜਾਂਦਾ ਹੈ।
ਵਿਧਾਨਕਾਰਾਂ ਦੀ ਚੋਣ ਭਾਰਤ ਦੇ ਚੋਣ ਆਯੋਗ ਦੁਆਰਾ ਕਰਾਈ ਜਾਂਦੀ ਹੈ। ਉਸ ਵੱਲੋਂ ਉਹਨਾਂ ਦੀ ਚੋਣ ਘੋਸ਼ਣਾ ਹੋਣ ਉਪਰੰਤ ਉਹਨਾਂ ਨੂੰ ਆਰਜ਼ੀ ਸਪੀਕਰ (Protem Speaker) ਦੁਆਰਾ ਸੰਵਿਧਾਨ ਪ੍ਰਤਿ ਵਫ਼ਾਦਾਰ ਰਹਿਣ ਦੀ ਸਹੁੰ ਚੁਕਾਈ ਜਾਂਦੀ ਹੈ। ਵਿਧਾਨਕਾਰ ਆਪਣੀ ਪਹਿਲੀ ਬੈਠਕ ਵਿੱਚ ਸਭਾ ਦੇ ਸਪੀਕਰ ਦੀ ਚੋਣ ਕਰਦੇ ਹਨ, ਜੋ ਉਹਨਾਂ ਦੀਆਂ ਬੈਠਕਾਂ ਦੀ ਕਾਰਵਾਈ ਸੰਚਾਲਨ ਕਰਦਾ ਹੈ ਅਤੇ ਉਹਨਾਂ ਵਿੱਚ ਅਨੁਸ਼ਾਸਨ ਕਾਇਮ ਰੱਖਦਾ ਹੈ। ਵਿਧਾਨਕਾਰ ਇੱਕ ਉਪਸਭਾਪਤੀ ਦੀ ਵੀ ਚੋਣ ਕਰਦੇ ਹਨ।
ਵਿਧਾਨਪਾਲਿਕਾ ਨਾ ਕੇਵਲ ਨਵੇਂ ਕਨੂੰਨ ਬਣਾਉਂਦੀ ਹੈ ਬਲਕਿ ਚਾਲੂ ਕਨੂੰਨਾਂ ਵਿੱਚ ਸੋਧ ਵੀ ਕਰਦੀ ਹੈ ਜਾਂ ਉਹਨਾਂ ਨੂੰ ਰੱਦ ਵੀ ਕਰ ਸਕਦੀ ਹੈ। ਸੰਸਦ ਸੰਵਿਧਾਨ ਵਿੱਚ ਸੰਸ਼ੋਧਨ ਕਰ ਸਕਦੀ ਹੈ, ਜਿਸ ਦਾ ਸਮਰਥਨ ਰਾਜ ਵਿਧਾਨ-ਮੰਡਲਾਂ ਵੱਲੋਂ ਵੀ ਕਈ ਹਾਲਤਾਂ ਵਿੱਚ ਕਰਵਾਉਣਾ ਲਾਜ਼ਮੀ ਹੁੰਦਾ ਹੈ। ਵਿਧਾਨ-ਮੰਡਲ ਅਤੇ ਸੰਸਦ ਰਾਜ/ਦੇਸ ਦਾ ਬਜਟ ਵੀ ਪਾਰਿਤ ਕਰਕੇ, ਨਵੇਂ ਟੈਕਸ ਲਗਾ ਕੇ ਪੁਰਾਣੇ ਟੈਕਸਾਂ ਵਿੱਚ ਫੇਰ ਬਦਲ ਵੀ ਕਰਦੀ ਹੈ। ਇਹ ਕਾਰਜਪਾਲਿਕਾ ਉੱਤੇ ਕਈ ਸਾਧਨਾਂ ਰਾਹੀਂ ਨਿਯੰਤਰਨ ਕਰਦੇ ਹਨ। ਮੰਤਰੀ-ਮੰਡਲ ਸੱਤਾ ਵਿੱਚ ਓਦੋਂ ਤੱਕ ਹੀ ਰਹਿ ਸਕਦੇ ਹਨ ਜਦੋਂ ਤੱਕ ਉਹਨਾਂ ਨੂੰ ਵਿਧਾਨ-ਸਭਾ/ਲੋਕ-ਸਭਾ ਦਾ ਬਹੁਮਤ ਪ੍ਰਾਪਤ ਹੁੰਦਾ ਹੈ।
ਵਿਧਾਨ-ਮੰਡਲਾਂ ਵਿੱਚ ਸੱਤਾਧਾਰੀ ਦਲ ਅਤੇ ਵਿਰੋਧੀ ਦਲ ਵਿੱਚ ਨੌਂਕ ਝੋਂਕ, ਖਿਚੋਤਾਣੀ ਚੱਲਦੀ ਰਹਿੰਦੀ ਹੈ। ਵਿਰੋਧੀ ਦਲ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਹੈ ਅਤੇ ਸਰਕਾਰ ਵਿਰੋਧੀ ਦਲ ਦਾ ਕਰਾਰਾ ਜਵਾਬ ਦੇ ਕੇ ਆਪਣੇ ਪੱਖ ਦੀ ਸੁਰੱਖਿਆ ਕਰਦੀ ਹੈ।
ਵਿਧਾਨ-ਮੰਡਲਾਂ ਵਿੱਚ ਕਿਸੇ ਇੱਕ ਦਲ ਨੂੰ ਬਹੁਮਤ ਪ੍ਰਾਪਤ ਹੋਣ ਕਰਕੇ ਵੱਖ-ਵੱਖ ਦਲਾਂ ਨੂੰ ਆਪਸ ਵਿੱਚ ਗਠਜੋੜ ਕਰਨਾ ਪੈਂਦਾ ਹੈ, ਜਿਸ ਕਾਰਨ ਇੱਕ ਸਥਾਈ ਸਰਕਾਰ ਦਾ ਸੰਗਠਨ ਮੁਸ਼ਕਿਲ ਹੋ ਜਾਂਦਾ ਹੈ।
ਵਿਧਾਨ-ਮੰਡਲ ਜਨਤਾ ਦੀ ਪ੍ਰਤਿਨਿਧਤਾ ਕਰਦਾ ਹੈ। ਇਸ ਦੇ ਉੱਪਰ ਬੜੀ ਭਾਰੀ ਜ਼ੁੰਮੇਵਾਰੀ ਹੈ ਕਿ ਉਹ ਆਪਣੇ ਵਿਹਾਰ, ਕਰਤੱਵਾਂ ਅਤੇ ਕਾਰਵਾਈਆਂ ਨਾਲ ਜਨਤਾ ਦਾ ਸਹਿਯੋਗ ਅਤੇ ਵਿਸ਼ਵਾਸ ਜਿੱਤੇ ਤਾਂ ਜੋ ਉਹ ਅਗਲੀਆਂ ਚੋਣਾਂ ਵਿੱਚ ਵੀ ਉਹਨਾਂ ਦੇ ਨੁਮਾਇੰਦੇ ਵੱਜੋਂ ਚੁਣੇ ਜਾ ਸਕਣ।
ਲੇਖਕ : ਡੀ. ਆਰ. ਸਚਦੇਵਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 786, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-12-10-49-16, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First