ਵੈਸ਼ਨਵ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵੈਸ਼ਨਵ [ਵਿਸ਼ੇ] ਵਿਸ਼ਨੂੰ ਭਗਵਾਨ ਦੀ ਉਪਾਸਨਾ ਕਰਨ ਵਾਲ਼ਾ; ਵਿਸ਼ਨੂੰ ਭਗਵਾਨ ਨਾਲ਼ ਸੰਬੰਧਿਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵੈਸ਼ਨਵ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਵੈਸ਼ਨਵ : ਵੈਸ਼ਨਵ ਜਾਂ ਵੈਸ਼ਨੋ ਹਿੰਦੂ ਧਰਮ ਦੀ ਇੱਕ ਸੰਪਰਦਾਇ ਜੋ ਵਿਸ਼ਨੂੰ ਦੇਵਤਾ ਅਤੇ ਉਸ ਦੇ ਅਵਤਾਰਾਂ, ਖ਼ਾਸ ਕਰਕੇ ਸ੍ਰੀ ਕ੍ਰਿਸ਼ਨ ਜੀ ਅਤੇ ਸ੍ਰੀ ਰਾਮ ਚੰਦਰ ਜੀ ਦੇ ਉਪਾਸਕ ਹਨ। ਹਿੰਦੂ ਮਤ ਅਨੁਸਾਰ ਵਿਸ਼ਨੂੰ ਨੂੰ ਧਰਤੀ ਦਾ ਪਾਲਕ ਮੰਨਿਆ ਗਿਆ ਹੈ ਜਦੋਂ ਕਿ ਬ੍ਰਹਮਾ ਇਸ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਸ਼ਿਵ ਸੰਘਾਰਕ। ਇਸ ਮਤ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਸ ਦਾ ਇੱਕ ਨਾਮ ਭਾਗਵਤ ਹੈ ਜਾਂ ਪਾਂਚਰਾਤ੍ਰ ਮਤ ਹੈ। ਇਸ ਦੇ ਪੂਜਨੀਕ ਦੇਵਤਾ ਦਾ ਨਾਮ ਵਾਸਦੇਵ ਹੈ। ਇਸ ਦੇ ਹੋਰ ਨਾਂ ਏਕਾਂਤਕ, ਨਾਰਾਣੀਯ ਅਤੇ ਸਾਤਵਤ ਹਨ।
ਭਾਗਵਤ ਮਤ ਅਰੰਭ ਵਿੱਚ ਬ੍ਰਾਹਮਣਾਂ ਦੇ ਹਿੰਸਾ ਪ੍ਰਧਾਨ ਯੱਗਾਂ ਦੇ ਵਿਰੋਧ ਵਿੱਚ ਖੱਤਰੀਆਂ ਦਾ ਚਲਾਇਆ ਹੋਇਆ ਇੱਕ ਉਪਾਸਨਾ ਮਾਰਗ ਸੀ। ਸਮਾਂ ਬੀਤਣ ਨਾਲ ਵੇਦ ਵਿਰੋਧੀ ਜੈਨ ਅਤੇ ਬੁੱਧ ਧਰਮ ਦਾ ਜ਼ੋਰ ਵਧਿਆ, ਇਹਨਾਂ ਧਰਮਾਂ ਦੇ ਮੁਕਾਬਲੇ ਲਈ ਬ੍ਰਾਹਮਣਾਂ ਨੇ ਇਸ ਮਤ ਨੂੰ ਅਪਣਾ ਲਿਆ। ਇਸ ਨੂੰ ਵੈਸ਼ਨਵ ਜਾਂ ਨਾਰਾਣੀਯ ਮਤ ਆਖਣ ਲੱਗੇ। ਅਹਿੰਸਾ, ਤਪ ਅਤੇ ਇੰਦਰੀਆਂ ਨੂੰ ਵੱਸ ਵਿੱਚ ਰੱਖਣ ਉੱਤੇ ਜ਼ੋਰ ਦਿੱਤਾ ਜਾਣ ਲੱਗਿਆ। ਮਹਾਂਭਾਰਤ ਕਾਲ ਵਿੱਚ ਵਾਸਦੇਵ ਅਤੇ ਵੇਦ-ਕਾਲ ਦੇ ਦੇਵਤਾ ਵਿਸ਼ਨੂੰ ਨੂੰ ਇੱਕ ਹੀ ਮੰਨ ਲਿਆ ਗਿਆ। ਇਸ ਤਰ੍ਹਾਂ ਭਾਗਵਤ ਧਰਮ ਵੈਸ਼ਨਵ ਧਰਮ ਅਖਵਾਉਣ ਲੱਗ ਪਿਆ। ਚੌਥੀ-ਪੰਜਵੀਂ ਸਦੀ ਵਿੱਚ ਗੁਪਤ ਸਮਰਾਟਾਂ ਨੇ ਵੈਸ਼ਨਵ ਮਤ ਨੂੰ ਉਤਸ਼ਾਹਿਤ ਕੀਤਾ। ਵਿਸ਼ਨੂੰ ਦੇਵਤਾ ਦੇ ਅਵਤਾਰਾਂ ਦੀ ਮਾਨਤਾ ਵੱਧ ਗਈ। ਕਈ ਪੁਰਾਣ ਲਿਖੇ ਗਏ, ਭਾਗਵਤ ਗੀਤਾ, ਰਾਮਾਇਣ, ਵਿਸ਼ਨੂੰ ਅਤੇ ਭਾਗਵਤ ਪੁਰਾਣ ਇਸ ਦੇ ਮੂਲ ਗ੍ਰੰਥ ਮੰਨੇ ਗਏ ਹਨ। ਪੁਰਾਣਾਂ ਦੀਆਂ ਭਗਤੀ ਭਾਵ ਨਾਲ ਭਰਪੂਰ ਅਨੇਕ ਸਾਖੀਆਂ ਦਾ ਖ਼ੂਬ ਪ੍ਰਚਾਰ ਹੋਇਆ, ਮੰਦਰ ਬਣ ਗਏ। ਮੂਰਤੀ ਪੂਜਾ ਸ਼ੁਰੂ ਹੋ ਗਈ। ਸਾਕਾਰ ਭਗਵਾਨ ਦੀ ਪੂਜਾ ਅਰਚਨਾ ਨੂੰ ਮੁਕਤੀ ਦਾ ਸਾਧਨ ਮੰਨ ਲਿਆ ਗਿਆ। ਇਹਨਾਂ ਲੋਕਾਂ ਦਾ ਵਿਸ਼ਵਾਸ ਹੈ ਕਿ ਵਿਸ਼ਨੂੰ ਭਗਵਾਨ ਸ਼ਾਂਤੀ ਸਰੂਪ, ਸ੍ਰਿਸ਼ਟੀ ਦੇ ਮਾਲਕ, ਖੀਰ ਸਾਗਰ ਵਿੱਚ ਸ਼ੇਸ਼ਨਾਗ ਦੀ ਸੇਜ ਉੱਤੇ ਬਿਰਾਜਮਾਨ ਹਨ। ਸੰਖ, ਚੱਕਰ, ਗਦਾ ਅਤੇ ਪਦਮ ਧਾਰਨ ਕੀਤਾ ਹੋਇਆ ਹੈ। ਭਗਤਾਂ ਦੀ ਰੱਖਿਆ ਲਈ ਉਹ ਸਮੇਂ ਸਮੇਂ ਅਵਤਾਰ ਧਾਰਦੇ ਹਨ।
ਛੇਵੀਂ ਸੱਤਵੀਂ ਸਦੀ ਵਿੱਚ ਬੁੱਧ ਧਰਮ ਨੇ ਵੈਸ਼ਨਵ ਮਤ ਦੀਆਂ ਕਈ ਗੱਲਾਂ ਮੰਨ ਲਈਆਂ। ਦੋਹਾਂ ਵਿੱਚ ਥੋੜ੍ਹਾ ਹੀ ਫ਼ਰਕ ਰਹਿ ਗਿਆ। ਇਸ ਕਰਕੇ ਉੱਤਰੀ ਭਾਰਤ ਵਿੱਚ ਵੈਸ਼ਨਵ ਧਰਮ ਦਾ ਵਾਧਾ ਰੁਕ ਗਿਆ। ਪਰੰਤੂ ਇਸੇ ਸਮੇਂ ਵਿੱਚ ਹੀ ਦੱਖਣ ਵਿੱਚ ਭਾਗਵਤ ਮਤ ਫੈਲਣ ਲੱਗਿਆ। ਏਥੇ ਨੌਂਵੀਂ ਸਦੀ ਤੱਕ ਬਾਰਾਂ ਆਲਵਰ ਸੰਤ ਹੋਏ। ਇਹਨਾਂ ਵਿੱਚ ਅੰਤਾਲਾ ਨਾਮ ਦੀ ਬਹੁਤ ਪ੍ਰਸਿੱਧ ਭਗਤਣੀ ਹੋਈ ਹੈ। ਇਸ ਨੂੰ ਦੱਖਣ ਦੀ ਮੀਰਾ ਆਖਦੇ ਹਨ, ਇਹਨਾਂ ਸੰਤਾਂ ਨੇ ਭਗਤੀ ਭਾਵ ਨਾਲ ਅਨੇਕ ਭਜਨ ਤਾਮਿਲ ਭਾਸ਼ਾ ਵਿੱਚ ਲਿਖੇ ਅਤੇ ਗਾਏ। ਇਹ ਭਜਨ ਪ੍ਰਬੰਧਮ ਨਾਮ ਦੇ ਗ੍ਰੰਥ ਵਿੱਚ ਦਰਜ ਹਨ। ਇਸ ਗ੍ਰੰਥ ਨੂੰ ਤਾਮਿਲ ਵੇਦ ਵੀ ਆਖਦੇ ਹਨ।
ਦੱਖਣ ਦੇਸ ਵਿੱਚ ਹੋਏ ਸ਼ੰਕਰਾਚਾਰੀਆ ਨੇ ਸਾਰੇ ਭਾਰਤ ਵਿੱਚ ਅਦ੍ਵੈਤਵਾਦ ਦਾ ਪ੍ਰਚਾਰ ਕੀਤਾ। ਅਦ੍ਵੈਤਵਾਦੀ ਗਿਆਨ ਮਾਰਗੀਆਂ ਨੇ ਵੈਸ਼ਨਵਾਂ ਦੇ ਭਗਤੀ ਮਤ ਨੂੰ ਬੜੀ ਹਾਨੀ ਪਹੁੰਚਾਈ। ਕੋਰੇ ਗਿਆਨ ਮਾਰਗ ਉੱਤੇ ਚੱਲ ਕੇ ਆਮ ਆਦਮੀ ਨੂੰ ਸੰਤੋਖ ਨਹੀਂ ਮਿਲਦਾ। ਉਹ ਤਾਂ ਅਜਿਹਾ ਸਾਕਾਰ ਰੂਪ ਪਰਮਾਤਮਾ ਚਾਹੁੰਦਾ ਹੈ ਜਿਸਨੂੰ ਉਹ ਪਿਆਰ ਕਰ ਸਕੇ, ਜਿਸ ਨੂੰ ਆਪਣੇ ਦੁੱਖ-ਸੁੱਖ ਦੱਸ ਸਕੇ। ਉਸ ਦੀ ਇਹ ਲੋੜ ਦੱਖਣ ਦੇਸ ਵਿੱਚ ਹੋਏ ਵੈਸ਼ਨਵ ਆਚਾਰੀਆ ਨੇ ਪੂਰੀ ਕੀਤੀ। ਇਹਨਾਂ ਵਿੱਚ ਵਿਸ਼ਨੂੰ, ਸਵਾਮੀ ਰਾਮਾਨੁਜ, ਮਾਧਵਾਚਾਰੀਆ ਅਤੇ ਨਿੰਬਾਰਕ ਪ੍ਰਸਿੱਧ ਹੋਏ। ਇਹ ਬਹੁਤ ਕ੍ਰਿਸ਼ਨ ਭਗਤ ਸਨ। ਇਹਨਾਂ ਨੇ ਆਪਣੀਆਂ-ਆਪਣੀਆਂ ਸੰਪਰਦਾਵਾਂ ਕਾਇਮ ਕੀਤੀਆਂ।
ਉੱਤਰੀ ਭਾਰਤ ਵਿੱਚ ਸ੍ਰੀ ਰਾਮਾਨੁਜ ਦੀ ਪੰਜਵੀਂ ਥਾਂਵੇਂ ਸ੍ਰੀ ਰਾਮਾਨੰਦ ਜੀ ਹੋਏ ਹਨ। ਇਹਨਾਂ ਦਾ ਸਮਾਂ ਚੌਦ੍ਹਵੀਂ ਸਦੀ ਦੇ ਅੰਤਲੇ ਵਰ੍ਹੇ ਹਨ। ਇਹਨਾਂ ਦਾ ਜਨਮ ਪਰਾਗ ਵਿੱਚ ਹੋਇਆ। ਇਹਨਾਂ ਨੇ ਵੈਸ਼ਨਵਾਂ ਵਿੱਚ ਵਿਰਾਗੀ ਸੰਪਰਦਾਇ ਚਲਾਈ। ਵੈਸ਼ਨਵ ਮਤ ਨੂੰ ਬ੍ਰਾਹਮਣਾਂ ਦੇ ਘੇਰੇ ਵਿੱਚੋਂ ਕੱਢ ਕੇ ਆਮ ਲੋਕਾਂ ਵਿੱਚ ਲੈ ਆਂਦਾ। ਸ਼ੂਦਰਾਂ ਨੂੰ ਵੀ ਭਗਤੀ ਦਾ ਅਧਿਕਾਰ ਕਰ ਦਿੱਤਾ ਗਿਆ। ਨਿਰਗੁਣੀ ਸੰਤ ਕਬੀਰ ਜੀ ਵੀ ਰਾਮਾਨੰਦ ਦੇ ਚੇਲੇ ਸਨ। ਰਾਮਾਨੰਦ ਜੀ ਨੇ ਕ੍ਰਿਸ਼ਨ ਭਗਤੀ ਦੀ ਥਾਂ ਰਾਮ ਭਗਤੀ ਦਾ ਪ੍ਰਚਾਰ ਕੀਤਾ। ‘ਰਾਮਨਾਮ’ ਇਹਨਾਂ ਦੀ ਸੰਪਰਦਾਇ ਦਾ ਗੁਰ-ਮੰਤਰ ਹੈ। ਵਿਰਾਗੀ ਇੱਕ ਦੂਜੇ ਨੂੰ ਮਿਲਣ ਸਮੇਂ ‘ਜੈ ਸੀਤਾ ਰਾਮ’ ਜਾਂ ‘ਜੈ ਸ੍ਰੀ ਰਾਮ’ ਕਹਿੰਦੇ ਹਨ। ਮੱਥੇ ਤੇ ਤਿਲਕ ਲਾਉਂਦੇ, ਵਿਭੂਤ ਮਲਦੇ ਅਤੇ ਧੂਣੀ ਤਾਪਦੇ ਹਨ। ਮੀਰਾ ਅਤੇ ਸੂਰਦਾਸ ਜੀ ਪ੍ਰਸਿੱਧ ਕ੍ਰਿਸ਼ਨ ਭਗਤ ਹੋਏ ਹਨ। ਸੰਤ ਤੁਲਸੀ ਦਾਸ ਜੀ ਨੇ ਰਾਮਾਇਣ ਲਿਖੀ ਅਤੇ ਰਾਮ ਭਗਤੀ ਦਾ ਪ੍ਰਚਾਰ ਕੀਤਾ, ਦੱਖਣੀ ਭਾਰਤ ਵਿੱਚੋਂ ਉਠਿਆ ਵੈਸ਼ਨਵ ਮਤ ਪੰਦਰ੍ਹਵੀਂ, ਸੋਲ੍ਹਵੀਂ ਸਦੀ ਵਿੱਚ ਸਾਰੇ ਉੱਤਰੀ ਭਾਰਤ ਵਿੱਚ ਛਾ ਗਿਆ।
ਸਮੁੱਚੇ ਤੌਰ ਉੱਤੇ ਵੈਸ਼ਨਵ ਮਤ ਦੇ ਮੋਟੇ-ਮੋਟੇ ਇਹ ਲੱਛਣ ਮੰਨੇ ਜਾਂਦੇ ਹਨ: 1. ਪਰਮਾਤਮਾ ਦਾ ਸਿਮਰਨ; 2. ਪ੍ਰਭੂ ਦੇ ਗੁਣ ਗਾਉਣੇ; 3. ਡੰਡੌਤ ਕਰਨਾ; 4. ਚਰਨ ਸੇਵਾ; 5. ਇੱਕ ਰਸ ਭਗਤੀ; 6. ਆਤਮ ਸਮਰਪਣਾ; 7. ਹੁਕਮ ਮੰਨਣਾ; 8. ਸਤਿ ਸੰਗਤ ਕਰਨੀ; 9. ਦੇਹੀ ਉੱਤੇ ਸੰਖ, ਤ੍ਰਿਸ਼ੂਲ ਆਦਿ ਦੇ ਚਿੰਨ੍ਹ ਬਣਾਉਣੇ; 10. ਮੱਥੇ ਉੱਤੇ ਤਿਲਕ ਲਾਉਣਾ; 11. ਮੰਤਰ ਜਾਪ; 12. ਚਰਨਾਮ੍ਰਿਤ ਪੀਣਾ; 13. ਸੀਤ ਪ੍ਰਸਾਦ ਗ੍ਰਹਿਣ ਕਰਨਾ; 14. ਭਗਤਾਂ ਦੀ ਸੇਵਾ; 15. ਇਕਾਦਸ਼ੀ ਦਾ ਵਰਤ; 16. ਭਗਵਾਨ ਦੀ ਮੂਰਤੀ ਅੱਗੇ ਤੁਲਸੀ ਪੱਤਰ ਭੇਟ ਕਰਨੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਵੈਸ਼ਨਵ ਮਤ ਦੇ ਫੋਕਟ ਕਰਮਾਂ ਦੀ ਆਲੋਚਨਾ ਕੀਤੀ ਗਈ ਹੈ, ਉੱਥੇ ਇੱਕ ਆਦਰਸ਼ ਵੈਸ਼ਨਵ ਦਾ ਸਰੂਪ ਵੀ ਬਿਆਨ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਨੇ ਸੁਖਮਨੀ ਸਾਹਿਬ ਵਿੱਚ ਦੱਸਿਆ ਹੈ, “ਜਿਹੜਾ ਮਨੁੱਖ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇ-ਦਾਗ ਹੈ, ਜਿਸ ਉੱਤੇ ਪ੍ਰਭੂ ਆਪ ਪ੍ਰਸੰਨ ਹੈ ਉਹ ਅਸਲੀ ਵੈਸ਼ਨਵ ਹੈ। ਉਸ ਵੈਸ਼ਨੋ ਦਾ ਧਰਮ ਪਵਿੱਤਰ ਹੈ ਜੋ ਕਰਮ ਕਰਦਾ ਹੋਇਆ, ਇਹਨਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ। ਜਿਹੜਾ ਮਨੁੱਖ ਭਗਤੀ ਤੇ ਕੀਰਤਨ ਵਿੱਚ ਮਗਨ ਰਹਿੰਦਾ ਹੈ, ਤੇ ਫਲ ਦੀ ਇੱਛਾ ਨਹੀਂ ਕਰਦਾ, ਜਿਸ ਦੇ ਮਨ ਤਨ ਵਿੱਚ ਪ੍ਰਭੂ ਦਾ ਸਿਮਰਨ ਵੱਸ ਰਿਹਾ ਹੈ, ਤੇ ਸਭ ਜੀਆਂ ਉਤੇ ਦਇਆ ਕਰਦਾ ਹੈ, ਜਿਹੜਾ ਆਪ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾਉਂਦਾ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ ਉਹ ਵੈਸ਼ਨੋ ਮੁਕਤੀ ਪ੍ਰਾਪਤ ਕਰਦਾ ਹੈ।”
ਲੇਖਕ : ਸੁਰਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-12-10-52-50, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First