ਸ਼ਬਦ-ਤਰਤੀਬ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸ਼ਬਦ-ਤਰਤੀਬ: ਭਾਸ਼ਾ ਦਾ ਵਿਸ਼ਲੇਸ਼ਣ ਦੋ ਪੱਖਾਂ ਤੋਂ ਕੀਤਾ ਜਾਂਦਾ ਹੈ : ਭਾਸ਼ਾ ਦਾ ਬਣਤਰਾਮਕ ਪੱਖ ਅਤੇ ਭਾਸ਼ਾ ਦਾ ਪਰਿਵਾਰਕ ਪੱਖ। ਮੁੱਢਲੇ ਭਾਸ਼ਾ ਸ਼ਾਸਤਰੀ\ਭਾਸ਼ਾ ਵਿਗਿਆਨੀ, ਭਾਸ਼ਾ ਦੇ ਪਰਿਵਾਰ ਦਾ ਅਧਿਅਨ ਕਰਨ ਵਿਚ ਰੁਚਿਤ ਸਨ ਪਰ ਭਾਸ਼ਾ ਦੀ ਬਣਤਰ ਦਾ ਅਧਿਅਨ ਕਰਨ ਲਈ ਭਾਸ਼ਾ ਦੇ ਬਣਤਰਾਤਮਕ ਪੱਖ ਨੂੰ ਅਧਿਅਨ ਦਾ ਕੇਂਦਰ ਬਣਾਇਆ ਜਾਂਦਾ ਹੈ। ਪਰਿਵਾਰ ਦੇ ਪੱਖ ਤੋਂ ਭਾਸ਼ਾਵਾਂ ਦੀ ਸੂਚੀ ਵਿਚ ਪਰਿਵਾਰਾਂ ਅਤੇ ਗੌਣ ਪਰਿਵਾਰਾਂ ਦੀ ਸੰਖਿਆ ਕਾਫੀ ਜਿਆਦਾ ਹੈ। ਦੂਜੇ ਪਾਸੇ ਭਾਸ਼ਾ ਦੀ ਬਣਤਰ ਦੇ ਅਧਾਰ ’ਤੇ ਕੁਝ ਸੀਮਤ ਗਰੁੱਪ ਬਣਦੇ ਹਨ। ਇਨ੍ਹਾਂ ਗਰੁੱਪਾਂ ਦੀ ਸਥਾਪਤੀ ਕਿਰਿਆ, ਕਰਤਾ, ਕਰਮ ਆਦਿ ਦੇ ਵਿਚਰਨ ਦੇ ਸਥਾਨ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਸਮੁੱਚੀਆਂ ਭਾਸ਼ਾਵਾਂ ਵਿਚੋਂ ਕੁਝ ਇਸ ਪਰਕਾਰ ਦੀਆਂ ਹਨ ਜਿਨ੍ਹਾਂ ਦੀ ਬਣਤਰ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ ਅਤੇ ਕੁਝ ਇਸ ਪਰਕਾਰ ਦੀਆਂ ਹਨ ਜਿਨ੍ਹਾਂ ਵਿਚ ਤਬਦੀਲੀ ਨਹੀਂ ਕੀਤੀ ਜਾ ਸਕਦੀ। ਪੰਜਾਬੀ ਪਹਿਲੇ ਪਰਕਾਰ ਦੀ ਭਾਸ਼ਾ ਹੈ। ਇਸ ਦੀ ਮੂਲ ਬਣਤਰ (SOV) ਵਾਲੀ ਹੈ। ਟਕਸਾਲੀ ਭਾਸ਼ਾ ਨੂੰ ਆਦਰਸ਼ਕ ਬੁਲਾਰਾ ਇਸੇ ਬਣਤਰ ਵਿਚ ਵਰਤਦਾ ਹੈ ਜਿਵੇਂ : ‘ਬੱਚਾ ਦੁੱਧ ਚੁੰਘਦਾ ਹੈ’ ਪਰ ਪੰਜਾਬੀ ਭਾਸ਼ੀ ਬੁਲਾਰੇ ‘ਦੁੱਧ ਚੁੰਘਦਾ ਹੈ ਬੱਚਾ’(OVS) ਅਤੇ ‘ਚੁੰਘਦਾ ਹੈ ਬੱਚਾ ਦੁੱਧ’ (VSO) ਆਦਿ ਬਣਤਰ ਵਿਚ ਵਰਤੋਂ ਕਰ ਸਕਦੇ ਹਨ। ਇਸ ਪਰਕਾਰ ਦੀਆਂ ਬਣਤਰਾਂ ਗੈਰ-ਵਿਆਕਰਨਕ ਨਹੀਂ ਹਨ। ਪੰਜਾਬੀ ਵਿਚ (SOV) ਤੋਂ ਇਲਾਵਾ ਹੋਰ ਪਰਕਾਰ ਦਾ ਸਥਾਨ ਪਰਿਵਰਤਨ ਸ਼ਬਦ ਪੱਧਰ ਤੇ ਸਾਰਥਕ ਨਹੀਂ ਹੁੰਦਾ ਜਿਵੇਂ : ‘ਬੱਚੇ ਨੇ ਦੁੱਧ ਪੀਤਾ’ ਦੀ ਥਾਂ ‘ਪੀਤਾ ਨੇ ਦੁੱਧ ਬੱਚੇ’* ਨਹੀਂ ਵਰਤਿਆ ਜਾ ਸਕਦਾ ਕਿਉਂਕਿ ਪੰਜਾਬੀ ਵਿਚ ਵਾਕੰਸ਼ ਪੱਧਰ ਦਾ ਸਥਾਨ ਪਰਿਵਰਤਨ ਸੰਭਵ ਹੈ, ਜਿਵੇਂ ‘ਦੁੱਧ ਬੱਚੇ ਨੇ ਪੀਤਾ, ਪੀਤਾ ਦੁੱਧ ਬੱਚੇ ਨੇ’ ਆਦਿ। ਪਰ ਦੂਜੇ ਪਾਸੇ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਸ਼ਬਦਾਂ ਦੀ ਤਰਤੀਬ ਨਿਸ਼ਚਤ ਹੈ : (i) ਵਿਸ਼ੇਸ਼ਣ ਹਮੇਸ਼ਾਂ ਨਾਂਵ ਤੋਂ ਪਹਿਲਾਂ ਵਿਚਰ ਕੇ ਨਾਂਵ ਨਾਲ ਲਿੰਗ ਤੇ ਵਚਨ ਦੇ ਪੱਧਰ ਦਾ ਮੇਲ ਸਥਾਪਤ ਕਰਦਾ ਹੈ ਜਿਵੇਂ : ‘ਘੋੜਾ ਕਾਲਾ ਹੈ, ਬੱਚਾ ਛੋਟਾ ਹੈ’। ਪੰਜਾਬੀ ਵਿਚ ਵਿਸ਼ੇਸ਼ਣ ਨਾਂਵ ਤੋਂ ਪਿਛੋਂ ਅਲੱਗ ਇਕਾਈ ਦੇ ਤੌਰ ’ਤੇ ਵਿਚਰ ਕੇ ਨਾਂਵ ਦੀ ਵਿਸ਼ੇਸ਼ਤਾ ਪਰਗਟਾਉਂਦਾ ਹੈ ਅਤੇ ਨਾਂਵ ਨਾਲ ਲਿੰਗ ਦੇ ਪੱਧਰ ’ਤੇ ਮੇਲ ਸਥਾਪਤ ਕਰਦਾ ਹੈ ਜਿਵੇਂ : ‘ਘੋੜਾ ਕਾਲਾ ਹੈ, ਬੱਚਾ ਛੋਟਾ ਹੈ’। ਇਥੇ ‘ਕਾਲਾ ਅਤੇ ਛੋਟਾ’ ਵਿਸ਼ੇਸ਼ਣ ਵਾਕੰਸ਼ ਵਜੋਂ ਵਿਚਰਦੇ ਹਨ (ii) ਸਹਾਇਕ ਕਿਰਿਆ, ਮੁੱਖ ਕਿਰਿਆ ਤੋਂ ਬਾਦ ਵਿਚਰਦੀ ਹੈ ਅਤੇ ਕਿਰਿਆ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਬਾਕੀ ਕਿਰਿਆ ਰੂਪ ਮੁੱਖ ਕਿਰਿਆ ਅਤੇ ਸਹਾਇਕ ਕਿਰਿਆ ਦੇ ਵਿਚਕਾਰ ਹਨ, ਜਿਵੇਂ : ‘ਪੜ੍ਹੀਆਂ ਜਾ ਰਹੀਆਂ ਹਨ’ ਵਿਚ ‘ਪੜ੍ਹੀਆਂ’ ਮੁੱਖ ਕਿਰਿਆ ਹੈ ਅਤੇ ‘ਹਨ’ ਸਹਾਇਕ ਹੈ, ਪਰ ਜੇ ਕਿਰਿਆ ਵਾਕੰਸ਼ ਨਾਂਹ-ਪੱਖੀ ਹੋਵੇ ਤਾਂ ਵਰਤਮਾਨ ਕਾਲੀ ਹੈ\ਹਨ ਆਦਿ ਕਿਰਿਆ ਦੀ ਵਰਤੋਂ ਨਹੀਂ ਹੁੰਦੀ ਜਿਵੇਂ : ‘ਉਹ ਜਾਂਦਾ ਹੈ, ਉਹ ਜਾਂਦਾ ਨਹੀਂ ਹੈ, ਉਹ ਜਾਂਦਾ ਨਹੀਂ ਸੀ’। (iii) ‘ਦਾ’ ਵਰਗ ਦੇ ਸਬੰਧਕ ਦੋ ਸ਼ਬਦਾਂ ਦੇ ਵਿਚਕਾਰ ਵਿਚਰ ਕੇ ਉਨ੍ਹਾਂ ਨਾਲ ਲਿੰਗ ਵਚਨ ਦਾ ਮੇਲ ਸਥਾਪਤ ਕਰਦੇ ਹਨ ਜਿਵੇਂ : ‘ਮੋਹਨ ਦਾ ਮੁੰਡਾ, ਸੋਹਨ ਦੀ ਕੁੜੀ’, ਕਈ ਵਾਰ ‘ਦਾ’ ਵਰਗ ਦੇ ਸ਼ਬਦ ਵਾਕ ਦੇ ਅੰਤ ’ਤੇ ਵਿਚਰਦੇ ਹਨ, ਇਸ ਪਰਕਾਰ ਦਾ ਵਰਤਾਰਾ ਕੇਵਲ ਇਕ ਵਾਕ-ਬਣਤਰ ਵਿਚ ਵਾਪਰਦਾ ਹੈ, ਜਿਵੇਂ : ‘ਇਹ ਕੁੜੀ ਪਿੰਡ ਦੀ ਹੈ’। (iv) ਕਿਰਿਆ ਵਿਸ਼ੇਸ਼ਣ , ਕਿਰਿਆ ਤੋਂ ਪਹਿਲਾਂ ਵਿਚਰਦੇ ਹਨ, ਜਿਵੇਂ : ‘ਕੁੱਤਾ ਬਹੁਤ ਭੌਂਕਦਾ ਹੈ’, ‘ਘੋੜਾ ਤੇਜ ਦੌੜਦਾ ਹੈ’। (v)    ਸੰਬੋਧਨੀ ਨਾਂਵ, ਵਾਕ ਤੋਂ ਪਹਿਲਾਂ ਵਿਚਰਦੇ ਹਨ, ਜਿਵੇਂ : ‘ਮੁੰਡਿਆ, ਘਰ ਜਾ’, ‘ਕੁੜੀਏ , ਰੋਟੀ ਖਾ ਲੈ।’ (vi) ਦਬਾ-ਸੂਚਕ ਅਤੇ ਨਾਂਹ-ਸੂਚਕ ਸ਼ਬਦਾਂ ਦਾ ਘੇਰਾ ਵਾਕੰਸ਼ ਤੋਂ ਲੈ ਕੇ ਵਾਕ ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਸ਼ਬਦਾਂ ‘ਹੀ, ਵੀ, ਨਾ, ਨਹੀਂ’, ਆਦਿ ਦੀ ਵਰਤੋਂ ਉਸ ਸ਼ਬਦ ਤੋਂ ਪਿਛੋਂ ਕੀਤੀ ਜਾਂਦੀ ਹੈ, ਕਰਮਵਾਰ ਜਿਸ ’ਤੇ ਦਬਾ ਦਿੱਤਾ ਗਿਆ ਹੋਵੇ ਜਾਂ ਜਿਸ ਨੂੰ ਨਾਂਹ-ਪੱਖੀ ਕਰਨਾ ਹੋਵੇ ਜਿਵੇਂ : ‘ਉਹ ਪਿੰਡ ਹੀ ਜਾਂਦਾ ਹੈ, ਉਹੀ ਹੀ ਪਿੰਡ ਜਾਂਦਾ ਹੈ, ਉਹ ਪਿੰਡ ਜਾਂਦਾ ਹੀ ਹੈ’। ਅਤੇ ਉਹ ਪਿੰਡ ਨਹੀਂ ਜਾਂਦਾ, ਉਹ ਨਹੀਂ ਪਿੰਡ ਜਾਂਦਾ, ਉਹ ਪਿੰਡ ਜਾਂਦਾ ਨਹੀਂ। (vii) ਵਾਕੰਸ਼ ਦੀ ਬਣਤਰ ਅਤੇ ਵਾਕ ਦੀ ਬਣਤਰ ਨੂੰ ਵਧਾਉਣ ਲਈ ਯੋਜਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ : ‘ਮੈਂ ਤੇ ਉਹ’, ਮੈਂ, ਤੂੰ ਤੇ ਉਹ, ਮੁੰਡਾ ਸ਼ਹਿਰੀ ਹੈ ਅਤੇ ਕੁੜੀ ਪੇਂਡੂ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.