ਸਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤੀ [ਨਾਂਇ] ਆਪਣੇ ਮੋਏ ਪਤੀ ਦੇ ਨਾਲ਼ ਚਿਖਾ ਵਿੱਚ ਸੜ ਜਾਣ ਵਾਲ਼ੀ ਇਸਤਰੀ [ਵਿਸ਼ੇ] ਪਤੀ-ਵਰਤਾ, ਸਤਵੰਤੀ, ਸਤ-ਧਰਮ ਵਿੱਚ ਕਾਇਮ, ਵਫ਼ਾਦਾਰ ਔਰਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀ. ਵਿ—ਸਤ੍ਯਰੂਪ. ਅਵਿਨਾਸ਼ੀ. “ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ.” (ਵਡ ਛੰਤ ਮ: ੪) ੨ ਸਤ੍ਯਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ ਦਾ ਪੂਰਾ ਤ੍ਯਾਗ ਕੀਤਾ ਹੈ. ਦੇਖੋ, ਮੁਕਤਾ. “ਮੁਖ ਕਾ ਸਤੀ.” (ਰਤਨਮਾਲਾ ਬੰਨੋ) ੩ ਦਾਨੀ. ਉਦਾਰਾਤਮਾ. “ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ.” (ਵਾਰ ਆਸਾ) ੪ ਸੰਜਮੀ. ਸੰਤੋਖੀ. “ਅਸੰਖ ਸਤੀ, ਅਸੰਖ ਦਾਤਾਰੁ.” (ਜਪੁ) ੫ ਸੰਗ੍ਯਾ—੎ਤ੍ਰੀ. ਇਸਤ੍ਰੀ. “ਗਊਤਮ ਸਤੀ ਸਿਲਾ ਨਿਸਤਰੀ.” (ਗੌਂਡ ਨਾਮਦੇਵ) ਗੋਤਮ ਦੀ ਇਸਤ੍ਰੀ ਅਹਲ੍ਯਾ। ੬ ਸੰ. सती. ਪਤਿਵ੍ਰਤ ਧਾਰਨ ਵਾਲੀ ਇਸਤ੍ਰੀ. “ਬਿਨ ਸਤ ਸਤੀ ਹੋਇ ਕੈਸੇ ਨਾਰਿ?” (ਗਉ ਕਬੀਰ) “ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖਿ ਰਹੰਨਿ.” (ਮ: ੩ ਵਾਰ ਸੂਹੀ)

     ੭ ਮਨਹਠ ਨਾਲ ਮੋਏ ਪਤੀ ਨਾਲ ਪ੍ਰਾਣ ਦੇਣ ਵਾਲੀ. ਸਹਗਾਮਿਨੀ. “ਸਤੀਆਂ ਸਉਤ ਟੋਭੜੀ ਟੋਏ.” (ਭਾਗੁ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਸਤੀ ਹੋਣਾ ਵਡਾ ਪੁੰਨ-ਕਰਮ ਹੈ. ਪਾਰਾਸ਼ਰ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਲਿਖਿਆ ਹੈ ਕਿ ਜੋ ਪਤੀ ਨਾਲ ਸਤੀ ਹੁੰਦੀ ਹੈ, ਉਹ ਉਤਨੇ ਵਰ੍ਹੇ ਸ੍ਵਰਗ ਵਿੱਚ ਰਹਿੰਦੀ ਹੈ ਜਿਤਨੇ ਪਤੀ ਦੇ ਰੋਮ ਹਨ. ਐਸੀ ਹੀ ਆਗ੍ਯਾ ਦ੖ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਹੈ. ਗੁਰਬਾਣੀ ਵਿੱਚ ਸਤੀ ਹੋਣ ਦਾ ਖੰਡਨ ਹੈ— “ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ.” (ਮ: ੩ ਵਾਰ ਸੂਹੀ) ਪੁਰਾਣੇ ਸਮੇਂ ਵਿਚ ਬਹੁਤ ਇਸਤ੍ਰੀਆਂ ਜਬਰਨ ਚਿਤਾ ਵਿੱਚ ਮੁਰਦੇ ਨਾਲ ਫੂਕ ਦਿੰਦੇ ਸਨ। ਤੁਜ਼ਕ ਜਹਾਂਗੀਰੀ ਵਿੱਚ ਜ਼ਿਕਰ ਹੈ ਕਿ ਰਾਜਉਰ ਦੇ ਕਸ਼ਮੀਰੀ ਮੁਸਲਮਾਨ ਰਾਜਪੂਤ ਜਿਉਂਦੀਆਂ ਇਸਤ੍ਰੀਆਂ ਨੂੰ ਫੜ ਕੇ ਪਤੀ ਨਾਲ ਕ਼ਬਰ ਵਿੱਚ ਦੱਬ ਦਿੰਦੇ ਸਨ.

     ਰਾਜਾ ਰਾਮਮੋਹਨ ਰਾਇ, ਬ੍ਰਹਮਸਮਾਜ ਦੇ ਬਾਨੀ ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ (W. Bentinck) ਨੇ ੪ ਦਸੰਬਰ ਸਨ ੧੮੨੯ ਨੂੰ ਸਤੀ ਹੋਣ ਦੇ ਵਿਰੁੱਧ ਕਾਨੂੰਨ ਜਾਰੀ ਕੀਤਾ.1 ਪੰਜਾਬ ਅਤੇ ਰਾਜਪੂਤਾਨੇ ਵਿੱਚ ਸਤੀ ਦੀ ਬੰਦੀ ਸਨ ੧੮੪੭ ਵਿੱਚ ਹੋਈ ਹੈ।

     ੮ ਦ੖ ਦੀ ਪੁਤ੍ਰੀ ਮਹਾਦੇਵ ਦੀ ਇਸਤ੍ਰੀ. ਦੇਵੀ ਭਾਗਵਤ ਸਕੰਧ ੭ ਅਧ੍ਯਾਯ ੩੦ ਵਿੱਚ ਅਤੇ ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖਕੇ ਜੱਗਕੁੰਡ ਵਿੱਚ ਡਿਗਕੇ ਪ੍ਰਾਣ ਤਿਆਗੇ, ਤਦ ਸ਼ਿਵ ਨੇ ਆਕੇ ਦ੖ ਦਾ ਜੱਗ ਨਾਸ਼ ਕੀਤਾ ਅਰ ਮੋਹ ਦੇ ਵਸ਼ ਹੋ ਕੇ ਸਤੀ ਦੀ ਲੋਥ ਨੂੰ ਅਗਨਿਕੁੰਡ ਵਿੱਚੋਂ ਕੱਢਕੇ ਕੰਨ੍ਹੇ ਤੇ ਰੱਖ ਲੀਤਾ ਅਤੇ ਰਾਤ ਦਿਨ ਬਿਨਾ ਵਿਸ਼੍ਰਾਮ ਦੇ ਫਿਰਨ ਲੱਗਾ. ਵਿ੄ਨੁ ਨੇ ਸਤੀ ਦੀ ਲੋਥ ਦਾ ਇਸ ਤਰ੍ਹਾਂ ਹਾਲ ਦੇਖਕੇ ਸੁਦਰਸ਼ਨ ਚਕ੍ਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ. ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿਤ੍ਰ ਤੀਰਥ ਮੰਨੇ ਗਏ. ਤੰਤ੍ਰਚੂੜਾਮਣਿ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ ੫੧ ਥਾਂ ਡਿੱਗੇ ਹਨ ਜੋ “ਸ਼ਕ੍ਤਿਪੀਠ” ਕਹੇ ਜਾਂਦੇ ਹਨ। ਜਿਵੇਂ—ਹਿੰਗਲਾਜ—ਤਾਲੂਆ ਡਿੱਗਣ ਦਾ ਥਾਂ, ਜ੍ਵਾਲਾ ਮੁਖੀ—ਜੀਭ, ਵੈਦ੍ਯ ਨਾਥ—ਛਾਤੀ, ਵਿਰਜਾ ਕੇਤ੍ਰ—ਧੁੰਨੀ, ਗੰਡਕੀ—ਗਲ੍ਹਾਂ, ਨੈਣਾਂਦੇਵੀ —ਨੇਤ੍ਰ, ਕਰੁ੖੥ਤ੍ਰ—ਗਿੱਟੇ, ਸ਼੍ਰੀ ਸ਼ੈਲ—ਗਰਦਨ, ਵ੍ਰਿੰਦਾਵਨ—ਕੇਸ਼ਾਂ ਦਾ ਜੂੜਾ , ਸ਼੍ਰੀਪਰਵਤ—ਅੱਡੀ, ਪ੍ਰਭਾਸ—ਢਿੱਡ, ਕਾਮਾਖ੍ਯਾ—ਭਗ, ਆਦਿ, ਇਨ੍ਹਾਂ ਸ਼ਕ੍ਤਿ ਪੀਠਾਂ ਅਥਵਾ ਦੇਵੀ ਪੀਠਾਂ ਦੀ ਗਿਣਤੀ ਦੇਵੀਗੀਤਾ ਅਨੁਸਾਰ ੭੨ ਅਤੇ ਦੇਵੀ ਭਾਗਵਤ ਅਨੁਸਾਰ ੧੦੮ ਹੈ. ੯ ਸੰ. ਸ਼ਤੀ (शतिन्). ਸੈਂਕੜਾ. ਸੌ ਦਾ ਸਮੂਹ. ਦੇਖੋ, ਸਤਸਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਤੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਤੀ (ਸੰ.। ਸੰਸਕ੍ਰਿਤ ਸਤ੍ਯਾਈ ਪ੍ਰਤੇ , ਪੰਜਾਬੀ) ੧. ਸਤ ਰੂਪ ਪਰਮੇਸ਼ਰ। ਯਥਾ-‘ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ’।

੨. ਭਲਾ ਭਾਵ ਦਾਨੀ। ਯਥਾ-‘ਸਤੀ ਪਾਪੁ ਕਰਿ ਸਤੁ ਕਮਾਹਿ’।

੩. ਭਲੀ ਤੀਵੀਂ

੪. ਪਿਛਲੇ ਸਮੇਂ ਜੇ ਤ੍ਰੀਮਤ ਪਤੀ ਦੇ ਮਰ ਚੁਕੇ ਸਰੀਰ ਨਾਲ ਜੀਉਂਦੀ ਸੜ ਮਰੇ ਉਸ ਨੂੰ ਸਤੀ ਆਖਦੇ ਸਨ। ਯਥਾ-‘ਸਤੀਆ ਏਹਿ ਨ ਆਖੀਅਨਿ’।

੫. (ਦੇਖੋ, ਸਤ, ੮) ਸਤ, ੭। ਚਾਰ ਤੇ ਤਿੰਨ।

ਦੇਖੋ, ‘ਸਤੀ ਰੰਨੀ ਘਰੇ ਸਿਆਪਾ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਤੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਤੀ : ‘ਸਤੀ’ ਸ਼ਬਦ ‘ਸਤਯ’ (सत्य) ਤੋਂ ਨਿਕਲਿਆ ਹੈ ਜਿਸ ਦੇ ਅਰਥ ਸੱਚਾ, ਨੇਕ, ਸਹੀ ਅਤੇ ਵਾਸਤਵਿਕ ਹਨ। ਹੌਲੇ ਹੌਲੇ ਇਹ ਸ਼ਬਦ ਅਜਿਹੀ ਇਸਤਰੀ ਲਈ ਪ੍ਰਚਲਤ ਹੋ ਗਿਆ ਜਿਹੜੀ ਆਪਣੇ ਪਤੀ ਦੇ ਮਰਨ ਤੋਂ ਪਿੱਛੋਂ ਉਸ ਦੇ ਨਾਲ ਹੀ ਸੜ ਮਰਦੀ ਹੈ। ਇਸ ਪ੍ਰਕਾਰ ਦੀ ਇਸਤਰੀ ਧਰਮ ਦੇ ਪੱਖ ਤੋਂ ਨੇਕ, ਚੰਗੀ ਅਤੇ ਪਤੀਬਰਤਾ ਖ਼ਿਆਲ ਕੀਤੀ ਜਾਂਦੀ ਸੀ।

        ਸਕਰਾਡਰ ਦੇ ਵਿਚਾਰ ਅਨੁਸਾਰ, ਸਤੀ ਦੀ ਰਸਮ ਇੰਡੋ-ਜਰਮਨ ਪ੍ਰਥਾ ਦਾ ਸਿੱਟਾ ਹੈ ਜਿਸ ਦੇ ਮੁਤਾਬਕ ਇਸ ਰਸਮ ਦਾ ਮੁੱਦਾ ਇਹ ਸੀ ਕਿ ਮ੍ਰਿਤਕ ਨੂੰ ਉਹ ਚੀਜ਼ ਨਾਲ ਦਿੱਤੀ ਜਾਵੇ ਜਿਹੜੀ ਉਸ ਨੂੰ ਜੀਵਨ ਵਿਚ ਬਹੁਤ ਜ਼ਿਆਦਾ ਪਿਆਰੀ ਰਹੀ ਹੋਵੇ ਅਤੇ ਨਾਲ ਹੀ ਪਰਿਵਾਰ ਵਾਲਿਆਂ ਨੂੰ ਪਿੱਛੇ ਰਹੀ ਇਸਤਰੀ ਦੀ ਕੋਈ ਚਿੰਤਾ ਨਾ ਰਹੇ।

        ਸਤੀ ਦੀ ਰਸਮ ਬਹੁਤ ਹੀ ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਹੈ ਅਤੇ ਇਸ ਦਾ ਜ਼ਿਕਰ ‘ਅਥਰਵ ਵੇਦ’ ਵਿਚ ਵੀ ਮਿਲਦਾ ਹੈ। ਇਸ ਵਿਚ ਇਹ ਦੱਸਿਆ ਗਿਆ ਹੈ ਕਿ ਪਤੀ ਦੇ ਮਰਨ ਤੇ ਇਸਤਰੀ ਦਾ ਉਸ ਨਾਲ ਸਤੀ ਹੋਣਾ ਉਸ ਦਾ ਕਰਤੱਵ ਬਣਦਾ ਹੈ। ‘ਰਿਗ ਵੇਦ’ ਅਤੇ ‘ਅਥਰਵ ਵੇਦ’ ਦੋਹਾਂ ਵਿਚ ਇਸ ਰਸਮ ਨੂੰ ਚਿੰਨ੍ਹਾਤਮਕ ਰੂਪ ਵਿਚ ਪ੍ਰਗਟਾਇਆ ਗਿਆ ਹੈ। ਇਨ੍ਹਾਂ ਵਿਚ ਇਹ ਦੱਸਿਆ ਗਿਆ ਹੈ ਕਿ ਵਿਧਵਾ ਇਸਤਰੀ ਆਪਣੇ ਮ੍ਰਿਤਕ ਪਤੀ ਨਾਲ ਚਿਤਾ ਉੱਪਰ ਲੇਟਣ ਤੋਂ ਪਿੱਛੋਂ ਉਠ ਖੜੀ ਹੁੰਦੀ ਸੀ ਅਤੇ ਨਵੇਂ ਪਤੀ ਨਾਲ ਚਲੀ ਜਾਂਦੀ ਸੀ। ਇਸ ਤੋਂ ਪਤਾ ਲਗਦਾ ਹੈ ਕਿ ਪਤੀ ਦੀ ਮੌਤ ਤੋਂ ਪਿੱਛੋਂ ਇਸਤਰੀ ਦੇ ਜਲ ਮਰਨ ਦੀ ਰਸਮ ਇਸ ਤੋਂ ਵੀ ਕਾਫ਼ੀ ਪ੍ਰਾਚੀਨ ਸੀ ਪਰ ਵੈਦਿਕ ਕਾਲ ਵਿਚ ਦੂਜੇ ਵਿਆਹ ਦੀ ਆਗਿਆ ਦਿੱਤੇ ਜਾਣ ਕਾਰਨ ਇਸ ਦਾ ਸਰੂਪ ਬਦਲ ਗਿਆ ਸੀ। ਇਸ ਪ੍ਰਕਾਰ ਪ੍ਰਤੀਤ ਹੁੰਦਾ ਹੈ ਕਿ ਬ੍ਰਾਹਮਣਾਂ ਦਾ ਜ਼ੋਰ ਸਮਾਜ ਵਿਚ ਵਧਣ ਨਾਲ ਇਹ ਰਸਮ ਫਿਰ ਆਪਣੇ ਪੁਰਾਤਨ ਰੂਪ ਵਿਚ ਜ਼ੋਰ ਪਕੜਣ ਲੱਗੀ। ਇਸ ਰਸਮ ਦਾ ਵਧੇਰੇ ਜ਼ੋਰ ਗੰਗਾ ਦੀ ਘਾਟੀ, ਬੰਗਾਲ, ਅਵਧ ਅਤੇ ਰਾਜਪੂਤਾਨਾ ਵਿਚ ਹੋ ਗਿਆ ਅਤੇ ਛੇਵੀਂ ਸਦੀ ਤੋਂ ਬਾਅਦ ਵਿਚ ਰਸਮ ਕਾਫ਼ੀ ਜ਼ਿਆਦਾ ਪ੍ਰਚਲਤ ਹੋ ਗਈ। ਦੱਖਣੀ ਹਿੰਦੁਸਤਾਨ ਅਤੇ ਪੰਜਾਬ ਦੇ ਦੂਰ ਦਰਾਜ਼ ਦੇ ਖੇਤਰਾਂ ਵਿਚ ਸਤੀ ਦੀ ਰਸਮ ਚਿੰਨ੍ਹਾਤਮਕ ਰੂਪ ਵਿਚ ਹੀ ਕਾਇਮ ਰਹੀ।

        ਗੁਰਬਾਣੀ ਵਿਚ ਸਤੀ ਪ੍ਰਥਾ ਦਾ ਖੰਡਨ ਕੀਤਾ ਗਿਆ ਹੈ–

        “ਸਤੀਆ ਏਹਿ ਨਾ ਆਖੀਅਨਿ ਜੋ ਮੜਿਆ ਲਗਿ ਜਲੰਨਿ॥

        ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮੰਰਨਿ”॥

        ਸਤੀ ਵਰਗੀ ਵਹਿਸ਼ੀਆਨਾ ਰਸਮ ਦੀ ਵਿਰੋਧਤਾ ਬ੍ਰਹਮ ਸਮਾਜ ਦੇ ਮੋਢੀ ਰਾਜਾ ਰਾਮ ਮੋਹਨ ਰਾਏ ਨੇ ਡਟ ਕੇ ਕੀਤੀ ਅਤੇ ਮਿਸਟਰ ਵਿਲੀਅਮ ਬੈਂਟਿੰਗ ਨੂੰ ਇਸ ਰਸਮ ਨੂੰ ਖ਼ਤਮ ਕਰਨ ਦੀ ਪ੍ਰੇਰਨਾ ਦਿੱਤੀ। ਇਸ ਦੇ ਨਤੀਜ਼ੇ ਵੱਜੋਂ 7 ਦਸੰਬਰ, 1829 ਨੂੰ ਸਤੀ ਦੇ ਵਿਰੁੱਧ ਕਾਨੂੰਨ ਜਾਰੀ ਕੀਤਾ ਗਿਆ। ਪੰਜਾਬ ਅਤੇ ਰਾਜਪੂਤਾਨੇ ਦੇ ਖੇਤਰ ਵਿਚ ਇਹ ਰਸਮ 1847 ਈ. ਵਿਚ ਬੰਦ ਹੋਈ।

        ਭਾਰਤ ਵਿਚ ਇਹ ਰਸਮ ਹੁਣ ਬਿਲਕੁਲ ਬੰਦ ਵਰਗੀ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-13-04-47-52, ਹਵਾਲੇ/ਟਿੱਪਣੀਆਂ: ਹ. ਪੁ.––ਐਨ. ਰਿ. ਐਥ. 11:207; ਮ. ਕੋ. 149.

ਸਤੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਤੀ, ਇਸਤਰੀ ਲਿੰਗ : ੧. ਸਤਵੰਤੀ, ਸਤ ਧਰਮ ਵਿਚ ਕਾਇਮ, ਪਤੀ ਬਰਤਾ, ਵਫਾਦਾਰ ਇਸਤਰੀ ੨. ਆਪਣੇ ਮੋਏ ਭਰਤੇ ਦੇ ਨਾਲ ਚਿਖਾ ਵਿਚ ਪੈ ਸੜਨ ਵਾਲੀ ਇਸਤਰੀ (ਲਾਗੂ ਕਿਰਿਆ : ਹੋਣਾ) / ਵਿਸ਼ੇਸ਼ਣ : ਸੱਚ ਬੋਲਣ ਵਾਲਾ, ਧਰਮ ਦੀ ਕਮਾਈ ਤੇ ਰਹਿਣ ਵਾਲਾ, ਧਰਮੀ (ਪੁਰਸ਼)

–ਸਤੀ ਹੋਣਾ, ਮੁਹਾਵਰਾ : ਕਿਸੇ ਪਿੱਛੇ ਮਰ ਮਿਟਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-02-33-35, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.