ਸਪੰਜ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sponges (ਸਪੋਨਜਜ) ਸਪੰਜ: ਦਰਅਸਲ ਇਹ ਸਾਗਰੀ ਜੀਵਾਂ ਦੀਆਂ ਬਸਤੀਆਂ ਜੋ ਘੱਟ ਗਹਿਰੇ ਗਰਮ ਪਾਣੀ ਵਿੱਚ ਪਾਈਆਂ ਜਾਂਦੀਆਂ ਹਨ। ਇਹ ਗੋਤਾਖੋਰਾਂ ਦੁਆਰਾ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਹਨਾਂ ਦੇ ਅੰਦਰੂਨੀ ਨਰਮ ਲਚਕਦਾਰ ਪਿੰਜਰ ਹੁੰਦੇ ਹਨ। ਜਦੋਂ ਜਾਨਵਰ ਦੇ ਨਰਮ ਹਿੱਸੇ ਪਾਸੇ ਹਟ ਜਾਂਦੇ ਹਨ ਤਾਂ ਬਾਕੀ ਇਹ ਰਹਿ ਜਾਂਦੇ ਹਨ। ਪੂਰਬੀ ਰੂਮਸਾਗਰੀ ਮੁੱਖ ਸਪਲਾਈ ਖੇਤਰ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸਪੰਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਪੰਜ [ਨਾਂਪੁ] ਇੱਕ ਮੁਸਾਮਦਾਰ ਪਦਾਰਥ ਜੋ ਪਾਣੀ ਆਦਿ ਚੂਸ ਸਕਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਪੰਜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਪੰਜ (Sponge) : ਪੋਰੀਫ਼ਰਾ (Porifera) ਫਾਈਲਮ ਦੇ ਇਹ ਪ੍ਰਾਣੀ ਮੈਟਾਜ਼ੋਆ ਸਬ-ਕਿੰਗਡਮ ਦੇ ਬਹੁ-ਸੈੱਲੇ ਪ੍ਰਾਣੀਆਂ ਵਿਚੋਂ ਸਭ ਤੋਂ ਸਾਧਾਰਨ ਪ੍ਰਾਣੀ ਹਨ। ਪੋਰੀਫ਼ਰਾ ਸ਼ਬਦ ਦੋ ਲਾਤੀਨੀ ਸ਼ਬਦਾਂ ਪੋਰਸ (porous) ਅਤੇ ਫੇਰੋ (fero) ਦੇ ਮੇਲ ਤੋਂ ਬਣਿਆ ਹੈ, ਜਿਸ ਦਾ ਭਾਵ ਹੈ ਸੁਰਾਖ਼ਾਂ ਵਾਲਾ (porebearer)। ਸਪੰਜ ਦੇ ਸਾਰੇ ਸਰੀਰ ਉੱਤੇ ਛੋਟੇ ਛੋਟੇ ਸੁਰਾਖ਼ ਹੁੰਦੇ ਹਨ ਅਤੇ ਇਸੇ ਕਰਕੇ ਇਸ ਫਾਈਲਮ ਦਾ ਨਾਂ ਪੋਰੀਫ਼ਰਾ ਪਿਆ ਹੈ। ਸਪੰਜਾਂ ਦਾ ਸਰੀਰ ਸੈੱਲਾਂ ਦੇ ਇਕ ਸਮੂਹ ਦਾ ਬਣਿਆ ਹੁੰਦਾ ਹੈ। ਸੈੱਲਾਂ ਨੂੰ ਸਹਾਰਾ ਦੇਣ ਲਈ ਇਸ ਵਿਚ ਸਪਿਕਿਊਲਾਂ ਜਾ ਰੇਸ਼ਿਆਂ ਦਾ ਜਾਲ ਹੁੰਦਾ ਹੈ ਜਿਹੜਾ ਪਿੰਜਰ ਦਾ ਕੰਮ ਕਰਦਾ ਹੈ। ਸੈੱਲ ਪੂਰੀ ਤਰ੍ਹਾਂ ਨਾਲ ਵੱਖੋ ਵੱਖਰੇ ਤੰਤੂ ਨਹੀਂ ਬਣਾਉਂਦੇ ਅਤੇ ਸਰੀਰ ਦੇ ਵੱਖੋ ਵੱਖਰੇ ਹਿੱਸਿਆਂ ਵਿਚ ਬਹੁਤ ਹੀ ਘਟ ਤਾਲ ਮੇਲ ਹੁੰਦਾ ਹੈ।

          ਸਪੰਜਾਂ ਦਾ ਹੋਰ ਕੋਈ ਵੀ ਦੂਜਾ ਪ੍ਰਾਣੀ ਨਜ਼ਦੀਕੀ ਸਬੰਧੀ ਨਹੀਂ ਹੈ। ਅਨੁਮਾਨ ਲਾਇਆ ਜਾਂਦਾ ਹੈ ਕਿ ਇਹ ਜ਼ਰੂਰ ਕਿਸੇ ਪ੍ਰੋਟੈਰੋਸਪਾਂਜੀਆ (Proterospongia) ਵਰਗੇ ਕਾੱਲੋਨੀਅਲ ਕੋਐਨੋਫ਼ਲੈਜੈਲੇਟ ਪ੍ਰੋਟੋਜ਼ੋਆ ਪ੍ਰਾਣੀ ਤੋਂ ਵਿਕਸਿਤ ਹੋਏ ਹਨ ਅਤੇ ਹੋਰ ਕਿਸੇ ਵੀ ਉਚ ਦਰਜੇ ਦੇ ਫਾਈਲਮ ਦਾ ਇਨ੍ਹਾਂ ਤੋਂ ਵਿਕਾਸ ਨਹੀਂ ਹੋਇਆ। ਇਸੇ ਲਈ ਪ੍ਰਾਣੀ ਜਗਤ ਵਿਚ ਇਨ੍ਹਾਂ ਦੀ ਵਖਰੀ ਥਾਂ ਹੈ।

          ਸਭ ਤੋਂ ਪਹਿਲਾਂ ਸੰਨ 1765 ਵਿਚ ਜਾੱਨ ਐਲਿਸ (John Ellis) ਨੇ ਇਨ੍ਹਾਂ ਦੇ ਸਰੀਰ ਤੇ ਸੰਗੜਾਉ ਅਤੇ ਇਨ੍ਹਾਂ ਵਿਚ ਪਾਣੀ ਦਾ ਚੱਕਰ ਚਲਦਾ ਵੇਖ ਕੇ ਇਹ ਦਸਿਆ ਕਿ ਸਪੰਜ ਵੀ ਪ੍ਰਾਣੀ ਹੀ ਹਨ। ਉਸ ਤੋਂ ਬਾਅਦ ਬਹੁਤ ਸਮੇਂ ਤਕ ਇਨ੍ਹਾਂ ਨੂੰ ਸੀਲੈਂਟਰੇਟ ਪ੍ਰਾਣੀਆਂ ਨਾਲ ਇਕ ਹੀ ਗਰੁੱਪ ਵਿਚ ਰਖਿਆ ਗਿਆ। ਸੰਨ 1816 ਵਿਚ ਐਚ. ਐਮ. ਡੀ. ਦੇ ਬਲੈਨਵੀਲ (H. M. D. de Blainville) ਨੇ ਇਨ੍ਹਾਂ ਨੂੰ ਵਖਰੇ ਗਰੁੱਪ ਸਪੰਜੀਏਰੀਆ (Spongiaria) ਵਿਚ ਰਖਿਆ, ਜਿਸ ਨੂੰ ਉਸਨੇ ਪ੍ਰੋਟੋਜ਼ੋਆ ਨਾਲ ਸਬੰਧਿਤ ਦਸਿਆ। ਪਰ ਉਸ ਦੇ ਵਿਚਾਰ ਨੂੰ ਉਸਦੇ ਸਮਕਾਲੀਆਂ ਪਾਸੋਂ ਕੋਈ ਖਾਸ ਮਾਨਤਾ ਨਾ ਮਿਲੀ। ਸੰਨ 1836 ਵਿਚ ਆਰ. ਈ. ਗਰੈਂਟ (R. E. Grant) ਨੇ ਇਨ੍ਹਾਂ ਨੂੰ ਪੋਰੀਫ਼ਰਾ ਨਾਮ ਦਿੱਤਾ। ਟੀ. ਐਚ. ਹਕਸਲੇ (T. H. Huxley-1875) ਅਤੇ ਡਬਲਯੂ. ਜੇ. ਸੋਲਾਸ (W. J. Sollas-1884) ਨੇ ਸਪੰਜਾਂ ਨੂੰ ਦੂਜੇ ਬਹੁਸੈੱਲੇ (ਮੈਟਾਜ਼ੋਆ) ਪ੍ਰਾਣੀਆਂ ਤੋਂ ਵੱਖ  ਰੱਖਣ ਦੀ ਤਜਵੀਜ਼ ਦਿੱਤੀ। ਆਧੁਨਿਕ ਪ੍ਰਾਣੀ-ਵਿਗਿਆਨ ਵਿਚ ਇਨ੍ਹਾਂ ਨੂੰ ਮੋਟਾਜ਼ੋਆ ਦੀ ਇਕ ਵਖਰੀ ਸ਼ਾਖ਼ ਪੈਰਾਜ਼ੋਆ (Parazea) ਵਿਚ ਰਖਿਆ ਗਿਆ ਹੈ।

          ਸਪੰਜ ਲਗਭਗ ਸਾਰੀ ਦੁਨੀਆ ਵਿਚ ਹੀ ਮਿਲ ਜਾਂਦੇ ਹਨ। ਇਨ੍ਹਾਂ ਦੀਆਂ ਲਗਭਗ 5000 ਜਾਤੀਆਂ ਹਨ। ਅਲੂਣੇ ਪਾਣੀ ਵਾਲੀ ਸਿਰਫ਼ ਇਕ ਕੁਲ ਤੋਂ ਛੁੱਟ (ਜਿਸ ਦੀਆਂ ਲਗਭਗ 150 ਜਾਤੀਆਂ ਹਨ) ਬਾਕੀ ਸਾਰੇ ਸਪੰਜ ਸਮੁੰਦਰੀ ਹਨ। ਬਹੁਤੀਆਂ ਕਿਸਮਾਂ ਵਖੋ ਵਖਰੀ ਡੂੰਘਾਈ ਵਾਲੇ ਗਰਮ ਸਮੁੰਦਰੀ ਪਾਣੀ ਵਿਚ ਵੀ ਮਿਲਦੀਆਂ ਹਨ ਜਿਵੇਂ ਕਿ ਹਾੱਰਨੀ ਸਪੰਜ (ਕੈਰਾਟੋਸਾ) ਘਟ ਡੂੰਘੇ ਪਾਣੀ ਵਿਚ ਹੀ ਮਿਲਦੀ ਹੈ ਅਤੇ ਹੈਕਸੈਕਟੀਨੈਲਿਡਾ ਡੂੰਘੇ ਪਾਣੀ ਵਿਚ ਮਿਲਦਾ ਹੈ।

          ਕੱਦ, ਆਕਾਰ ਅਤੇ ਰੰਗ––ਸਪੰਜਾਂ ਦੇ ਆਕਾਰਾਂ ਅਤੇ ਨੁਹਾਰਾਂ ਵਿਚ ਬੜੇ ਹੀ ਵਖਰੇਵੇਂ ਹਨ। ਕਈਆਂ ਦਾ ਕੱਦ ਤਾਂ ਸਿਰਫ ਕੁਝ ਮਿ. ਮੀ. ਹੀ ਹੁੰਦਾ ਹੈ ਜਿਵੇਂ ਸਾਈਕਾੱਨ (Sycon) ਤੇ ਗ੍ਰੈਸ਼ੀਆ (Grantia) ਦਾ, ਪਰ ਕਈਆਂ ਦਾ ਵਿਆਸ ਕਈ ਮੀਟਰ ਹੁੰਦਾ ਹੈ। ਕੁਝ ਇਕ ਸਾਧਾਰਨ ਕਿਸਮਾਂ ਤਾਂ ਨਿਸ਼ਚਿਤ ਆਕਾਰ ਵਾਲੀਆਂ ਅਤੇ ਰੇਡੀਅਲੀ ਸਮਮਿਤ ਹੁੰਦੀਆਂ ਹਨ, ਪਰ ਬਹੁਤੀਆਂ ਵਖੋ ਵਖਰੇ ਆਕਾਰਾਂ ਵਾਲੀਆਂ ਅਤੇ ਕਈ ਤਾਂ ਬੇਢਬੀਆਂ ਜਿਹੀਆਂ ਹੁੰਦੀਆਂ ਹਨ। ਇਹ ਆਮ ਤੌਰ ਤੇ ਚਟਾਨਾਂ ਨਾਲ, ਸਮੁੰਦਰ ਦੇ ਤਲ ਉੱਤੇ ਜਾਂ ਪਾਣੀ ਵਿਚ ਡੁੱਬੀਆਂ ਹੋਰ ਚੀਜ਼ਾਂ ਨਾਲ ਜੁੜੇ ਹੁੰਦੇ ਹਨ। ਡੂੰਘੇ ਪਾਣੀ ਵਿਚ ਮਿਲਣ ਵਾਲੇ ਸਪੰਜਾਂ ਦਾ ਰੰਗ ਘਸਮੈਲਾ ਜਾਂ ਭੂਰਾ ਜਿਹਾ ਹੁੰਦਾ ਹੈ ਪਰ ਘੱਟ ਡੂੰਘੇ ਪਾਣੀ ਦੇ ਸਪੰਜਾਂ ਦਾ ਰੰਗ ਗੂੜ੍ਹਾ ਪੀਲਾ, ਹਰਾ, ਲਾਲ, ਸੰਧੂਰੀ ਜਾਂ ਜਾਮਣੀ ਹੁੰਦਾ ਹੈ।

          ਆਮ ਲਛਣ––ਇਹ ਗਤੀਹੀਨ, ਜਲੀ, ਆਮ ਤੌਰ ਤੇ ਸਮੁੰਦਰੀ ਪ੍ਰਾਣੀ ਹਨ, ਜਿਹੜੇ ਇਕੱਲੇ ਜਾਂ ਸਮੂਹਾਂ ਵਿਚ ਰਹਿੰਦੇ ਹਨ। ਇਨ੍ਹਾਂ ਬਹੁ-ਸੈੱਲੇ ਪ੍ਰਾਣੀਆਂ ਦਾ ਸਰੀਰ ਦੋ ਤਹਿਆਂ (diploblastic) ਦਾ ਬਣਿਆ ਹੁੰਦਾ ਹੈ। ਇਨ੍ਹਾਂ ਤਹਿਆਂ ਦੇ ਵਿਚਕਾਰ ਮੀਜ਼ੈਨਕਾਈਮ ਹੁੰਦੀ ਹੈ ਅਤੇ ਸੈੱਲ ਰਲ ਕੇ ਤੰਤੂ ਨਹੀਂ ਬਣਾਉਂਦੇ। ਸਰੀਰ ਵਿਚ ਕੋਈ ਨਿਸ਼ਚਿਤ ਅੰਗ ਅਤੇ ਸਿਸਟਮ ਵੀ ਨਹੀਂ ਹੁੰਦੇ।

          ਸਪੰਜਾਂ ਵਿਚ ਨਸ-ਪ੍ਰਣਾਲੀ ਅਤੇ ਸੰਵੇਦੀ ਸੈੱਲ ਬਿਲਕੁਲ ਹੀ ਨਹੀਂ ਹੁੰਦੇ। ਇਨ੍ਹਾਂ ਵਿਚ ਤੁਰਨ ਅੰਗ ਵੀ ਨਹੀਂ ਹੁੰਦੇ। ਸਿਰਫ਼ ਲਾਰਵੇ ਤੋਂ ਛੁੱਟ ਹੋਰ ਸਾਰੀਆਂ ਹਾਲਤਾਂ ਵਿਚ ਇਹ ਸਥਾਨ-ਬੱਧ ਹੁੰਦੇ ਹਨ। ਸਪੰਜਾਂ ਵਿਚ ਪੁਨਰ-ਜਣਨ ਜਾਂ ਸਰੀਰ ਦੇ ਖੋ ਚੁਕੇ ਭਾਗਾਂ ਨੂੰ ਦੁਬਾਰਾ ਬਣਾਉਣ ਦੀ ਸ਼ਕਤੀ ਬਹੁਤ ਜ਼ਿਆਦਾ ਹੈ। ਸੁਆਸ ਕ੍ਰਿਆ ਅਤੇ ਲਹੂ-ਗੇੜ ਲਈ ਕੋਈ ਵਿਸ਼ੇਸ਼ ਅੰਗ ਨਹੀਂ ਹੁੰਦੇ। ਸਰੀਰ ਦੇ ਤੰਤੂਆਂ ਅਤੇ ਪਾਣੀ ਵਿਚ ਗੈਸਾਂ ਦੀ ਸਿੱਧੀ ਅਦਲਾ ਬਦਲੀ ਹੁੰਦੀ ਹੈ ਅਤੇ ਇਸ ਵਟਾਂਦਰੇ ਦੀ ਦਰ ਨਾਲ ਹੀ ਮੈਟਾਬੋਲਿਜ਼ਮ ਦੀ ਦਰ ਕੰਟਰੋਲ ਹੁੰਦੀ ਹੈ।

          ਪਾਣੀ ਦਾ ਚੱਕਰ––ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ, ਸਪੰਜਾਂ ਦੇ ਸਰੀਰ ਉੱਤੇ ਛੋਟੇ ਛੋਟੇ ਸੁਰਾਖ਼ ਹੁੰਦੇ ਹਨ। ਸਰੀਰ ਦੇ ਅੰਦਰ ਛਾਂਟਾਨੁਮਾ-ਸੈੱਲ (flagellated cells) ਹੁੰਦੇ ਹਨ, ਜਿਨ੍ਹਾਂ ਵਿਚ ਫਲੈਜੈੱਲਾ ਦੀ ਹਿਲਜੁਲ ਨਾਲ ਮੋਰੀਆਂ ਰਾਹੀਂ ਸਰੀਰ ਵਿਚ ਪਾਣੀ ਦਾ ਚੱਕਰ ਚਲਦਾ ਰਹਿੰਦਾ ਹੈ। ਇਹ ਪਾਣੀ ਸਰੀਰ ਵਿਚ ਕੁਝ ਗੁੰਝਲਦਾਰ ਨਾਲੀਆਂ ਦੇ ਸਿਸਟਮ ਵਿਚੋਂ ਦੀ ਲੰਘਦਾ ਹੈ ਅਤੇ ਇਕ ਜਾਂ ਬਹੁਤੀਆਂ, ਵੱਡੀਆਂ ਮੋਰੀਆਂ, ਜਿਨ੍ਹਾਂ ਨੂੰ ਆੱਸਕੁਲਾ (oscula) ਆਖਦੇ ਹਨ, ਰਾਹੀਂ ਬਾਹਰ ਨਿਕਲ ਜਾਂਦਾ ਹੈ।

ਐਸਕਾਨਾੱਇਡ ਸਪੰਜ : (1) ਆੱਸਕੁਲਮ (2) ਕੋਐਨੋਸਾਈਟ ਸੈੱਲਾਂ ਦੀ ਤਹਿ (3) ਕੇਂਦਰੀ ਖੋਤ (4) ਐਪੀਡਰਮਿਸ (5) ਪੋਰੋਸਾਈਟ ਦੇ ਵਿਚ ਛੇਕ (6) ਪੋਰੋਸਾਈਟ (7) ਮੀਜ਼ੈਨਕਾਈਮ (8) ਐਮੀਬੋਸਾਈਟ (9) ਸਪਿਕਿਊਲ।

          ਤੰਤੂਆਂ ਨੂੰ ਸਹਾਰਾ ਦੇਣ ਲਈ ਸਰੀਰ ਵਿਚ ਖਣਿਜੀ ਸਪਿਕਿਊਲ ਜਾਂ ਲਚਕਦਾਰ ਰੇਸ਼ਿਆਂ ਦਾ ਪਿੰਜਰ ਬਣਿਆ ਹੁੰਦਾ ਹੈ। ਐਸਕਨੀ ਜਾਂ ਐਸਕਾਨਾੱਇਡ ਕਿਸਮ (Ascanoid type) ਦੇ ਸਪੰਜ ਸਭ ਤੋਂ ਸਾਧਾਰਨ ਸਪੰਜ ਹਨ। ਇਸ ਦੀਆਂ ਕੁਝ ਇਕ ਪ੍ਰਜਾਤੀਆਂ, ਲਿਊਕੋਸੋਲੀਨੀਆ (Leucosolenia), ਐਸਕਿਊਟ (Ascute), ਐਸਾਈਸਾ (Ascyssa) ਅਤੇ ਡੈਂਡੀਆ (Dendya) ਹਨ। ਐਸਕਨੀ ਕਿਸਮ ਦੇ ਸਪੰਜ ਦਾ ਸਰੀਰ ਇਕ ਫੁਲਦਾਨ ਵਰਗਾ ਹੁੰਦਾ ਹੈ। ਇਹ ਤੰਤੂਆਂ ਦੀਆਂ ਤਿੰਨ ਤਹਿਆਂ ਦਾ ਬਣਿਆਂ ਹੁੰਦਾ ਹੈ ਜਿਹੜੀਆਂ ਸਰੀਰ ਦੀ ਕੇਂਦਰੀ ਖੋੜ ਦੁਆਲੇ ਦੀਵਾਰ ਬਣਾਉਂਦੀਆਂ ਹਨ। ਬਾਹਰਲੀ ਤਹਿ ਐਪੀਡਰਮਿਸ ਦੀ ਬਣੀ ਹੁੰਦੀ ਹੈ ਜਿਸ ਵਿਚ ਪਤਲੇ ਅਤੇ ਚਮਟੇ ਸੈੱਲ ਹੁੰਦੇ ਹਨ। ਕੇਂਦਰੀ ਖੋੜ ਦੀ ਅੰਦਰਲੀ ਤਹਿ ਕਾੱਲਰ ਸੈੱਲਾਂ ਜਾਂ ਕੋਐਨੋਸਾਈਟ ਸੈੱਲਾਂ ਦੀ ਬਣੀ ਹੁੰਦੀ ਹੈ। ਹਰ ਕਾਲਰ ਸੈੱਲ ਵਿਚ ਇਕ ਫਲੈਜੈਲਮ ਹੁੰਦਾ ਹੈ। ਜਿਸ ਦੇ ਆਧਾਰ ਉੱਤੇ ਇਕ ਸੁੰਗੜਨਸ਼ੀਲ ਕਾੱਲਰ ਹੁੰਦਾ ਹੈ, ਇਸੇ ਕਰਕੇ ਇਨ੍ਹਾਂ ਦਾ ਇਹ ਨਾਂ ਪਿਆ। ਵਿਚਕਾਰਲੀ ਤਹਿ ਜਾਂ ਮੀਜ਼ੈਨਕਾਈਮ, ਜਿਲੈਟਿਨੀ ਮਾਦੇ ਦੀ ਬਾਣੀ ਹੁੰਦੀ ਹੈ, ਜਿਸ ਵਿਚ ਸਪਿਕਿਊਲ ਜਾਂ ਕੰਡੇ ਹੁੰਦੇ ਹਨ ਅਤੇ ਬਹੁਤ ਸਾਰੇ ਐਮੀਬਾਨੁਮਾ ਸੈੱਲ ਜਾਂ ਐਮੀਬੋਸਾਈਟ ਆਜ਼ਾਦੀ ਨਾਲ ਇਧਰ ਉਧਰ ਫਿਰਦੇ ਰਹਿੰਦੇ ਹਨ। ਆੱਸਟੀਆ, ਜਿਨ੍ਹਾਂ ਰਾਹੀਂ ਪਾਣੀ ਸਰੀਰ ਅੰਦਰ ਦਾਖ਼ਲ ਹੁੰਦਾ ਹੈ। ਸਾਧਾਰਨ ਮੋਰੀਆਂ ਹੀ ਨਹੀਂ ਸਗੋਂ ਅੰਤਰਾ-ਸੈੱਲੀ ਨਾਲੀਆਂ ਹੁੰਦੀਆਂ ਹਨ। ਇਹ ਇਕ ਖ਼ਾਸ ਕਿਸਮ ਦੇ ਸੈੱਲਾਂ ਅੰਦਰੋਂ ਲੰਘਦੀਆਂ ਹਨ ਜਿਨ੍ਹਾਂ ਨੂੰ ਪੋਰੋਸਾਈਟ ਆਖਦੇ ਹਨ। ਸਰੀਰ ਵਿਚੋਂ ਪਾਣੀ ਇਕ ਵੱਡੀ ਮੋਰੀ ਰਾਹੀਂ ਬਾਹਰ ਨਿਕਲਦਾ ਹੈ ਜਿਸ ਨੂੰ ਆੱਸਕੁਲਮ ਆਖਦੇ ਹਨ।

ਸਪੰਜ ਰਚਨਾ ਦੀਆਂ ਕਿਸਮਾਂ : (ੳ) ਐਸਕਾਨਾੱਇਡ (ਅ) ਸਾਈਕਾਨਾੱਇਡ (ਕਾੱਰਟੈਕਸ ਤੋਂ ਬਿਨਾ) (ੲ) ਸਾਈਕਾਨਾੱਇਡ (ਕਾੱਰਟੈਕਸ ਸਮੇਤ) (ਸ) ਲਿਊਕਾਨਾੱਇਡ (ਗੂੜ੍ਹਾ ਕਾਲਾ ਰੰਗ ਕੋਐਨੋਸਾਈਟ ਤਹਿ, ਲਾਈਨਦਾਰ ਹਿੱਸਾ ਮੀਜ਼ੈਨਕਾਈਮ ਅਤੇ ਤੀਰ ਪਾਦੀ ਦੇ ਚੱਕਰ ਦੀ ਦਿਸ਼ਾ ਦਰਸਾਉਂਦੇ ਹਨ।)

          ਅਗਲੀ ਜ਼ਿਆਦਾ ਗੁੰਝਲਦਾਰ ਕਿਸਮ ਵਿਚ ਸਾਈਕਾੱਨ (Sycon) ਪ੍ਰਜਾਤੀ ਆਉਂਦੀ ਹੈ ਅਤੇ ਇਸ ਨੂੰ ਸਾਈਕਾਨਾੱਇਡ ਕਿਸਮ ਆਖਦੇ ਹਨ। ਇਸ ਕਿਸਮ ਵਿਚ ਕੋਐਨੋਸਾਈਟਾਂ ਦੀ ਲਗਾਤਾਰ ਸਿਧੀ ਤਹਿ ਕਈ ਥਾਵਾਂ ਤੋਂ ਬਾਹਰ ਵਲ ਨੂੰ ਉਭਰ ਕੇ ਥੈਲੀਆਂ ਵਰਗੀਆਂ ਰੇਡੀਅਲ ਨਾਲੀਆਂ (radial canals) ਬਣਾਉਂਦੀ ਹੈ। ਨਾਲੀਆਂ ਦੀਆਂ ਦੀਵਾਰਾਂ ਕਈ ਵਾਰ ਇਕ ਦੂਜੇ ਨਾਲ ਜੁੜ ਜਾਂਦੀਆਂ ਹਨ ਅਤੇ ਉਨ੍ਹਾਂ ਵਿਚਲੀ ਥਾਂ, ਜਾਂ ਅੰਦਰ ਵਲ ਨੂੰ ਜਾਣ ਵਾਲੀਆਂ ਨਾਲੀਆਂ ਬਹੁਤ ਹੀ ਘਟ ਚੌੜੀਆਂ ਰਹਿ ਜਾਂਦੀਆਂ ਹਨ ਅਤੇ ਇਹ ਐਪੀਡਰਮਿਸ ਨਾਲ ਢੱਕੀਆਂ ਹੁੰਦੀਆਂ ਹਨ।

          ਇਸ ਤੋਂ ਵੀ ਇਕ ਹੋਰ ਜ਼ਿਆਦਾ ਗੁੰਝਲਦਾਰ ਕਿਸਮ ਹੁੰਦੀ ਹੈ ਜਿਸ ਨੂੰ ਲਿਊਕਾਨਾੱਇਡ (Leuconoid) ਕਿਸਮ ਆਖਦੇ ਹਨ। ਇਹ ਕਿਸਮ ਬਹੁਤ ਸਾਰੇ ਸਪੰਜਾਂ ਵਿਚ ਮਿਲਦੀ ਹੈ। ਇਸ ਕਿਸਮ ਵਿਚ ਬਹੁਤ ਸਰੇ ਛੋਟੇ ਛੋਦ ਖ਼ਾਨੇ ਹੁੰਦੇ ਹਨ ਜਿਹੜੇ ਐਸਕਨੀ ਕਿਸਮ ਦੀ ਕੋਐਨੋਸਾਈਟ ਤਹਿ ਦੇ ਦੁਬਾਰਾ ਬਾਹਰ ਵਲ ਨੂੰ ਉਭਰਨ ਨਾਲ ਬਣਦੇ ਹਨ। ਕੋਐਨੋਸਾਈਟ ਸੈੱਲ ਸਿਰਫ਼ ਇਨ੍ਹਾਂ ਖ਼ਾਨਿਆਂ ਵਿਚ ਹੀ ਹੁੰਦੇ ਹਨ। ਪਾਣੀ ਆੱਸਟੀਆ ਰਾਹੀਂ ਸਬ-ਡਰਮਲ ਥਾਵਾਂ (sub-dermal spaces), ਅੰਦਰ ਜਾਂਦੀਆਂ ਨਾਲੀਆਂ (inward leading canals) ਅਤੇ ਪ੍ਰੋਸੋਪਾਈਲ (prosopyle) ਸੁਰਾਖ਼ਾਂ ਵਿਚੋਂ ਲੰਘ ਕੇ ਛਾਂਟਾਨੁਮਾ ਸੈੱਲਾਂ ਦੇ ਖ਼ਾਨਿਆਂ (flagellated chambers) ਵਿਚ ਦਾਖ਼ਲ ਹੁੰਦਾ ਹੈ ਅਤੇ ਬਾਹਰ ਨਿਕਲਨ ਲਗਿਆਂ ਐਪੋਪਾਈਲ (apopyle) ਸੁਰਾਖ਼ਾਂ, ਬਾਹਰ ਨੂੰ ਜਾਂਦੀਆਂ ਨਾਲੀਆਂ ਤੇ ਵੱਡੀਆਂ ਨਾਲੀਆਂ ਵਿਚੋਂ ਹੁੰਦਾ ਹੋਇਆ ਅਖੀਰ ਆੱਸਕੁਲਾ ਰਾਹੀਂ ਬਾਹਰ ਨਿਕਲ ਜਾਂਦਾ ਹੈ। ਨਾਲੀਆਂ ਅਤੇ ਛਾਂਟਾਨੁਮਾ ਖ਼ਾਨਿਆਂ ਵਿਚਕਾਰ ਖ਼ਾਲੀ ਥਾਂ ਮੀਜ਼ੈਨਕਾਈਮ ਨਾਲ ਭਰੀ ਹੁੰਦੀ ਹੈ। ਐਸਕਨੀ ਕਿਸਮ ਦੀ ਵੱਡੀ ਸਾਰੀ ਕੇਂਦਰੀ ਖੋੜ ਲਿਊਕਾਨਾੱਇਡ ਕਿਸਮ ਵਿਚ ਬਿਲਕੁਲ ਖ਼ਤਮ ਹੋ ਜਾਂਦੀ ਹੈ ਅਤੇ ਇਸਦੇ ਸਾਰੇ ਸਰੀਰ ਵਿਚ ਨਾਲੀਆਂ ਅਤੇ ਛਾਂਟਾਨੁਮਾ ਖ਼ਾਨਿਆਂ ਦਾ ਗੁੰਝਲਦਾਰ ਜਾਲ ਜਿਹਾ ਬਣ ਜਾਂਦਾ ਹੈ, ਜਿਨ੍ਹਾਂ ਨੂੰ ਸਹਾਰਾ ਦੇਣ ਲਈ ਖਣਿਜੀ ਸਪਿਕਿਊਲਾਂ ਅਤੇ ਸਪੰਜਿਨ (spongin) ਰੇਸ਼ਿਆਂ ਦਾ ਬਣਿਆ ਪਿੰਜਰ ਹੁੰਦਾ ਹੈ। ਇਸ ਗੁੰਝਲਦਾਰ ਲਿਊਕਾਨਾੱਇਡ ਕਿਸਮ ਦੇ ਬਣਨ ਨਾਲ ਸਪੰਜ ਵਿਚ ਪਾਣੀ ਦਾ ਤੇਜ਼ ਵਹਾਉ ਪੈਦਾ ਕਰਨ ਤੇ ਕਾਇਮ ਰੱਖਣ ਦੀ ਸਮਰਥਾ ਵੱਧ ਜਾਂਦੀ ਹੈ, ਜਿਸ ਰਾਹੀਂ ਸਪੰਜ ਨੂੰ ਖ਼ੁਰਾਕ ਅਤੇ ਸਾਹ ਲੈਣ ਲਈ ਆੱਕਸੀਜਨ ਪ੍ਰਾਪਤ ਹੁੰਦੀ ਹੈ।

          ਕੋਐਨੋਸਾਈਟ ਸੈੱਲਾਂ ਦੇ ਫਲੈਜੈੱਲਾ ਦੀ ਹਿਲਜੁਲ ਨਾਲ ਪਾਣੀ ਦਾ ਚੱਕਰ ਚਲਦਾ ਰਹਿੰਦਾ ਹੈ ਅਤੇ ਇਸ ਨਾਲ ਖ਼ੁਰਾਕ ਅਤੇ ਆੱਕਸੀਜਨ ਸਰੀਰ ਵਿਚ ਦਾਖ਼ਲ ਹੁੰਦੀ ਹੈ ਅਤੇ ਮਲ-ਮੂਤਰ ਅਤੇ ਜਣਨ-ਮਾਦਾ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ। ਸਪੰਜਾਂ ਦੇ ਸਰੀਰ ਵਿਚ ਮੂੰਹ ਅਤੇ ਆਹਾਰ-ਨਾਲੀ ਨਹੀਂ ਹੁੰਦੀ। ਕੋਐਨੋਸਾਈਟ ਸਿੱਧੇ ਹੀ ਛੋਟੇ ਛੋਟੇ ਪ੍ਰਾਣੀ ਅਤੇ ਪੌਦੇ ਲੈ ਲੈਂਦੇ ਹਨ। ਇਸ ਤਰ੍ਹਾਂ ਪ੍ਰੋਟੋਜ਼ੋਆ ਪ੍ਰਾਣੀਆਂ ਵਾਂਗ ਪਾਚਨ ਅੰਤਰਾ-ਸੈੱਲੀ ਹੁੰਦਾ ਹੈ।

          ਪਿੰਜਰ––ਇਨ੍ਹਾਂ ਪ੍ਰਾਣੀਆਂ ਦੇ ਸਰੀਰ ਦੇ ਨਰਮ ਭਾਗਾਂ ਨੂੰ ਸਹਾਰਾ ਦੇਣ ਲਈ ਕੈਲਸੀਅਮੀ ਸਪੰਜਾਂ ਵਿਚ ਕੈਲਸਾਈਟ ਅਤੇ ਸਿਲੀਕਾਮਈ ਸਪੰਜਾਂ ਵਿਚ ਸਿਲੀਕਾ ਦੇ ਬਣੇ ਸਪਿਕਿਊਲਾਂ ਦਾ ਪਿੰਜਰ ਹੁੰਦਾ ਹੈ। ਹਾੱਰਨੀ ਸਪੰਜਾਂ ਵਿਚ ਸਪੰਜਿਨ ਦੇ ਲਚਕਦਾਰ ਰੇਸ਼ਿਆਂ ਦਾ ਇਕ ਜਾਲ ਵਿਛਿਆ ਹੁੰਦਾ ਹੈ, ਜਿਹੜਾ ਪਿੰਜਰ ਦਾ ਕੰਮ ਕਰਦਾ ਹੈ। ਸਪਿਕਿਊਲਾਂ ਦੇ ਕੱਦ, ਆਕਾਰ ਅਤੇ ਧੁਰਿਆਂ ਦੀ ਗਿਣਤੀ ਵਿਚ ਬੜੇ ਵਖਰੇਵੇਂ ਹੁੰਦੇ ਹਨ। ਸਪਿਕਿਊਲਾਂ ਦੀ ਕਿਸਮ ਨਾਲ ਹੀ ਸਪੰਜ ਦੀ ਕਿਸਮ ਪਹਿਚਾਣੀ ਜਾਂਦੀ ਹੈ। ਸਪਿਕਿਊਲ ਮੁਖ ਦੋ ਹੀ ਕਿਸਮਾਂ ਦੇ ਹੁੰਦੇ ਹਨ : ਇਕ ਵੱਡੇ ਜਾਂ ਮੈਗਾਸਕਲੀਰ (megasclere) ਜਿਹੜੇ ਸਪੰਜ ਦੇ ਸਰੀਰ ਦਾ ਢਾਂਚਾ ਬਣਾਉਂਦੇ ਹਨ ਅਤੇ ਦੂਜੇ ਛੋਟੇ ਜਾਂ ਮਾਈਕ੍ਰੋਸਕਲੀਰ (microsclere), ਜਿਹੜੇ ਤੰਤੂਆਂ ਵਿਚ ਖਿਲਰੇ ਹੁੰਦੇ ਹਨ।

          ਸਪਿਕਿਊਲਾਂ ਨੂੰ ਧੁਰਿਆਂ ਜਾਂ ਰੇਜ਼ ਦੀ ਗਿਣਤੀ ਦੇ ਆਧਾਰ ਤੇ ਕਈ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ, ਜਿਵੇਂ ਕਿ ਮੋਨਐਕਸਾੱਨ (monaxon), ਜਿਹੜੇ ਸੂਈ ਵਰਗੇ ਇਕੋ ਧੁਰੇ ਵਾਲੇ ਸਪਿਕਿਊਲ ਹੁੰਦੇ ਹਨ; ਟੈਟ੍ਰੈਕਸਾੱਨ (tetraxon) ਕਿਸਮ ਦੇ ਸਪਿਕਿਊਲ ਵਿਚ ਇਕ ਬਿੰਦੂ ਤੋਂ ਵਖੋ ਵਖਰੀਆਂ ਦਿਸ਼ਾਵਾਂ ਵਿਚ ਚਾਰ ਭੁਜਾਵਾਂ ਨਿਕਲਦੀਆਂ ਹਨ; ਹੈਕਸੈਕਟੈਨੀਲਿਡ ਸਪੰਜ ਦੇ ਸਪਿਕਿਊਲ ਦੀਆਂ ਛੇ ਭੁਜਾਵਾਂ ਹੁੰਦੀਆਂ ਹਨ। ਇਨ੍ਹਾਂ ਨੂੰ ਛੇ-ਭੁਜੀ ਜਾਂ ਟ੍ਰਾਈਐਕਸਾੱਨ (triaxon) ਆਖਦੇ ਹਨ। ਜਦੋਂ ਇਕ ਬਿੰਦੂ ਤੋਂ ਬਹੁਤ ਸਾਰੀਆਂ ਰੇਜ਼ ਨਿਕਲਦੀਆਂ ਹਨ ਤਾਂ ਉਸ ਨੂੰ ਐਸਟਰ ਜਾਂ ਪਾੱਲੀਐਕਸਾੱਨ (polyaxon) ਸਪਿਕਿਊਲ ਆਖਦੇ ਹਨ। ਇਨ੍ਹਾਂ ਸਪਿਕਿਊਲਾਂ ਵਿਚ ਕਈ ਤਰ੍ਹਾਂ ਦੇ ਪਰਿਵਰਤਨ ਆਉਣ ਨਾਲ, ਜਿਵੇਂ ਕਿ ਕਿਸੇ ਭੁਜਾ ਦੇ ਖ਼ਤਮ ਹੋਣ ਜਾਂ ਧੁਰੇ ਦੇ ਮੁੜ ਜਾਣ ਨਾਲ, ਬਹੁਤ ਸਾਰੇ ਰੂਪ-ਭੇਦ ਮਿਲਦੇ ਹਨ ਅਤੇ ਸਪੰਜਾਂ ਦੇ ਵਰਗੀਕਰਨ ਅਤੇ ਸ਼ਬਦਾਵਲੀ ਵਿਚ ਹਰ ਅਜਿਹੀ ਕਿਸਮ ਨੂੰ ਇਕ ਨਵਾਂ ਨਾਂ ਦਿਤਾ ਗਿਆ ਹੈ।

          ਹਰ ਇਕ ਸਪਿਕਿਊਲ ਦੇ ਦਰਮਿਆਨ ਵਿਚ ਕਾਰਬਨੀ ਪਦਾਰਥ ਦਾ ਬਣਿਆ ਧੁਰਾ ਹੁੰਦਾ ਹੈ, ਜਿਸ ਦੁਆਲੇ ਖਣਿਜ ਪਦਾਰਥ ਜਮ੍ਹਾਂ ਹੋਇਆ ਹੁੰਦਾ ਹੈ। ਆਮ ਤੌਰ ਤੇ ਦੋ ਸਕਲੀਰੋਬਲਾਸਟ ਸੈੱਲ ਰਲ ਕੇ ਇਕ ਮਨੋਐਕਸਾੱਨ ਸਪਿਕਿਊਲ ਬਣਾਉਂਦੇ ਹਨ। ਉਨ੍ਹਾਂ ਵਿਚੋਂ ਇਕ ਨੂੰ ਫਾਊਂਡਰ (founder) ਆਖਦੇ ਹਨ, ਜਿਹੜਾ ਸਪਿਕਿਊਲ ਬਣਾਉਂਦਾ ਹੈ ਅਤੇ ਦੂਜਾ ਥਿਕਨਰ (thickener), ਉਸ ਉਤੇ ਖਣਿਜ ਪਦਾਰਥ ਜਮ੍ਹਾਂ ਹੁੰਦਾ ਹੈ। ਜਦੋ ਸਪਿਕਿਊਲ ਬਣ ਜਾਂਦਾ ਹੈ ਤਾਂ ਦੋਵੇਂ ਸੈੱਲ ਵਖ ਵਖ ਹੋ ਜਾਂਦੇ ਹਨ। ਸਪੰਜਿਨ ਰੇਸ਼ੇ ਅਤੇ ਜ਼ਿਆਦਾ ਗੁੰਝਲਦਾਰ ਸਪਿਕਿਊਲ ਬਣਾਉਣ ਲਈ ਸੈੱਲ ਮਿਲ ਕੇ ਕੰਮ ਕਰਦੇ ਹਨ।

          ਜਣਨ ਕਿਰਿਆ––ਸਪੰਜ ਦੋ-ਲਿੰਗੀ ਵੀ ਹੁੰਦੇ ਹਨ ਅਤੇ ਇਕ-ਲਿੰਗੀ ਵੀ। ਜਣਨ ਕਿਰਿਆ ਅਲਿੰਗੀ ਢੰਗ ਨਾਲ ਬਡਾਂ (buds) ਜਾਂ ਜੈਮਿਊਲਾਂ ਰਾਹੀਂ ਹੁੰਦੀ ਹੈ ਅਤੇ ਲਿੰਗੀ ਜਣਨ ਅੰਡੇ ਅਤੇ ਸ਼ੁਕ੍ਰਾਣੂ ਦੇ ਮੇਲ ਨਾਲ ਹੁੰਦੀ ਹੈ। ਇਨ੍ਹਾਂ ਵਿਚ ਕੋਈ ਵਿਸ਼ੇਸ਼ ਗੋਨੈਡ (gonads) ਨਹੀਂ ਹੁੰਦੇ। ਅੰਡਾ ਅਤੇ ਸ਼ੁਕ੍ਰਾਣੂ ਆਰਕੀਓਸਾਈਟ ਸੈੱਲਾਂ ਤੋਂ ਹੀ ਪੈਦਾ ਹੁੰਦੇ ਹਨ। ਅੰਡੇ ਦਾ ਨਿਸ਼ੇਚਨ ਸਰੀਰ ਦੇ ਅੰਦਰ ਹੀ ਹੁੰਦਾ ਹੈ।

          ਭਰੂਣ ਦੇ ਵਿਕਾਸ ਸਮੇਂ ਇਕ ਸਿਲੀਆਮਈ ਲਾਰਵਾ ਬਣਦਾ ਹੈ ਜਿਹੜਾ ਪਹਿਲਾਂ ਬੜੀ ਚੁਸਤੀ ਨਾਲ ਤੈਰਦਾ ਹੈ ਅਤੇ ਅਖ਼ੀਰ ਕਿਸੇ ਥਾਂ ਨਾਲ ਜੁੜਕੇ ਕਾਇਆ-ਬਦਲੀ ਰਾਹੀਂ ਬਾਲਗ਼ ਹਾਲਤ ਵਿਚ ਆ ਜਾਂਦਾ ਹੈ।

          ਪਰਿਸਥਿਤੀ ਵਿਗਿਆਨ––ਸਪੰਜ ਸਾਰੇ ਸੰਸਾਰ ਵਿਚ ਸਮੁੰਦਰਾਂ, ਝੀਲਾਂ ਅਤੇ ਦਰਿਆਵਾਂ ਦੇ ਅਲੂਣੇ ਪਾਣੀਆਂ ਵਿਚ, ਘੱਟ ਡੂੰਘਾਈ ਤੋਂ ਅਥਾਹ ਡੂੰਘਾਈਆਂ ਤਕ ਹਰ ਤਰ੍ਹਾਂ ਦੀ ਥਾਂ ਤੇ ਮਿਲਦੇ ਹਨ। ਪਰ ਜ਼ਿਆਦਾ ਇਹ ਸਮੁੰਦਰੀ ਤਟਾਂ ਦੇ ਨਾਲ ਨਾਲ ਅਤੇ ਮੂੰਗਾ ਚਟਾਨਾਂ ਦੀਆਂ ਸਖ਼ਤ ਨੀਹਾਂ ਤੇ ਮਿਲਦੇ ਹਨ। ਸਪੰਜਾਂ ਦੇ ਹੋਰ ਰੀੜ੍ਹ-ਰਹਿਤ ਪ੍ਰਾਣੀਆਂ ਨਾਲ ਸੰਬੰਧ ਬਹੁਤ ਜ਼ਿਆਦਾ ਹਨ। ਕਈ ਇਸਦੇ ਛੇਕਾਂ ਅੰਦਰ ਰਹਿੰਦੇ ਅਤੇ ਕਈਆਂ ਦੇ ਉੱਤੇ ਇਹ ਆਪ ਰਹਿੰਦੇ ਹਨ ਅਤੇ ਇਸ ਤਰ੍ਹਾਂ ਦੋਹਾਂ ਨੂੰ ਇਕ ਦੂਜੇ ਤੋਂ ਲਾਭ ਪਹੁੰਚਦਾ ਰਹਿੰਦਾ ਹੈ।

          ਬਿਮਾਰੀਆਂ––ਫੰਜਾਈ ਵਰਗੇ ਸੂਖ਼ਮ ਜੀਵ, ਸਪੰਜੀਓਫੈਗਾ (Spongiophaga) ਦੀ ਲਾਗ ਨਾਲ ਵਪਾਰਕ ਸਪੰਜ ਬਹੁਤ ਗਿਣਤੀ ਵਿਚ ਮਰ ਜਾਂਦੇ ਹਨ। ਇਸ ਬਿਮਾਰੀ ਦੀ ਰੋਕ ਥਾਮ ਬਾਰੇ ਅਜੇ ਤਕ ਪੂਰਾ ਪਤਾ ਨਹੀਂ ਲਗਿਆ।

          ਸ਼੍ਰੇਣੀ ਵੰਡ––ਸਪੰਜਾਂ ਦੀ ਸ਼੍ਰੇਣੀ ਵੰਡ ਪਿੰਜਰ ਦੀ ਕਿਸਮ ਅਤੇ ਸਪਿਕਿਊਲਾਂ ਦੇ ਕੱਦ ਅਤੇ ਆਕਾਰ ਦੇ ਆਧਾਰ ਉੱਤੇ ਕੀਤੀ ਗਈ ਹੈ। ਪਿੰਜਰ ਦੀ ਰਸਾਇਣਿਕ ਬਣਤਰ, ਕੈਲਸੀਅਮੀ ਸਪੰਜਾਂ ਨੂੰ (ਜਿਨ੍ਹਾਂ ਵਿਚ ਸਪਿਕਿਊਲ ਕੈਲਸਾਈਟ ਦੇ ਬਣੇ ਹੁੰਦੇ ਹਨ,) ਸਿਲੀਕਾਮਈ ਸਪੰਜਾਂ ਤੋਂ (ਜਿਨ੍ਹਾਂ ਵਿਚ ਸਪਿਕਿਊਲ ਸਿਲੀਕਾ ਦੇ ਬਣੇ ਹੁੰਦੇ ਹਨ) ਨਿਖੇੜਦੀ ਹੈ। ਫਾਈਲਮ ਪੋਰੀਫ਼ਰਾ ਨੂੰ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ :–

          ਕੈਲਕੇਰੀਆ (Calcarea)––ਵਿਚ ਕੈਲਸੀਅਮ ਸਪੰਜ ਆਉਂਦੇ ਹਨ। ਇਨ੍ਹਾਂ ਦਾ ਪਿੰਜਰ ਇਕ, ਤਿੰਨ ਜਾਂ ਚਾਰ ਧੁਰੱਈ ਕੈਲਸਾਈਟ ਦੇ ਬਣੇ ਸਪਿਕਿਊਲਾਂ ਦਾ ਬਣਿਆ ਹੁੰਦਾ ਹੈ।

          ਹੈਕਸੈਕਟੀਨੈਲਿਡਾ (Hexactinellida)––ਵਿਚ ਗਲਾਸ ਸਪੰਜ ਆਉਂਦੇ ਹਨ। ਇਨ੍ਹਾਂ ਦਾ ਪਿੰਜਰ ਛੇ ਧੁਰੱਈ (ਟ੍ਰਾਈਐਕਸਾੱਨ) ਸਿਲੀਕਾਮਈ ਸਪਿਕਿਊਲਾਂ ਦਾ ਬਣਿਆ ਹੁੰਦਾ ਹੈ। ਉਂਗਲੀ ਆਕਾਰ ਦੇ ਛਾਂਟਾਨੁਮਾ ਖ਼ਾਨੇ ਹੁੰਦੇ ਹਨ ਅਤੇ ਸਤ੍ਹਾ ਉਤੇ ਐਪੀਥੀਲੀਅਮ ਨਹੀਂ ਹੁੰਦੀ।

          ਡੀਮਸਪਾਂਜੀ (Demospongiae)––ਸ਼੍ਰੇਣੀ ਵਿਚ ਲਿਊਕਾਨਾੱਇਡ ਕਿਸਮ ਦੇ ਸਪੰਜ ਆਉਂਦੇ ਹਨ ਜਿਨ੍ਹਾਂ ਵਿਚ ਸਿਲੀਕਾਮਈ ਸਪਿਕਿਊਲ ਹੁੰਦੇ ਹਨ। ਇਹ ਸਪਿਕਿਊਲ ਦੋ ਤਰ੍ਹਾਂ ਦੇ ਹੁੰਦੇ ਹਨ, ਮੈਗਾਸਕਲੀਰ ਅਤੇ ਮਾਈਕ੍ਰੋਸਕਲੀਰ। ਛੋਟੇ ਛੋਟੇ ਛਾਂਟਾਨੁਮਾ ਖ਼ਾਨੇ ਵੀ ਹੁੰਦੇ ਹਨ।

          ਇਹ ਸ਼੍ਰੇਣੀ ਤਿੰਨ ਉਪ-ਸ਼੍ਰੇਣੀਆਂ ਵਿਚ ਵੰਡੀ ਗਈ ਹੈ :––

          ਉਪ-ਸ਼੍ਰੇਣੀ ਟੈਟ੍ਰੈਕਟਿਨੈਲਿਡਾ (Tetractinellida) ਵਿਚ ਸਪਿਕਿਊਲ ਟੈਟ੍ਰੈਕਸਾੱਨ ਜਾਂ ਚਾਰ-ਧੁਰੱਈ ਹੁੰਦੇ ਹਨ ਅਤੇ ਸਪੰਜਿਨ ਰੇਸ਼ੇ ਨਹੀਂ ਹੁੰਦੇ। ਕਈ ਵਾਰ ਸਪਿਕਿਊਲ ਵੀ ਨਹੀਂ ਹੁੰਦੇ।

          ਉਪ-ਸ਼੍ਰੇਣੀ ਮੌਨਐਕਸੋਨਿਡਾ (Monaxonida) ਵਿਚ ਵੱਡੇ ਵੱਡੇ (ਮੈਗਾਸਕਲੀਰ) ਇਕ-ਧੁਰੱਈ ਸਪਿਕਿਊਲ ਹੁੰਦੇ ਹਨ। ਸਪੰਜਿਨ ਰੇਸ਼ੇ ਕਈ ਪ੍ਰਾਣੀਆਂ ਵਿਚ ਹੁੰਦੇ ਹਨ ਅਤੇ ਕਈਆਂ ਵਿਚ ਨਹੀਂ ਹੁੰਦੇ।

          ਉਪ-ਸ਼੍ਰੇਣੀ ਕੈਰਾਟੋਸਾ (Keratosa) ਵਿਚ ਹਾੱਰਨੀ ਸਪੰਜ ਆਉਂਦੇ ਹਨ। ਪਿੰਜਰ ਸਪੰਜਿਨ ਰੇਸ਼ਿਆਂ ਦੇ ਜਾਲ ਦਾ ਬਣਿਆ ਹੁੰਦਾ ਹੈ। ਇਨ੍ਹਾਂ ਵਿਚ ਸਪਿਕਿਊਲ ਨਹੀਂ ਹੁੰਦੇ।

          ਹ. ਪੁ.––ਐਨ. ਬ੍ਰਿ. 21 : 248


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-12, ਹਵਾਲੇ/ਟਿੱਪਣੀਆਂ: no

ਸਪੰਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਪੰਜ, ਅੰਗਰੇਜ਼ੀ / ਪੁਲਿੰਗ : ਸਮੁੰਦਰ ਵਿਚੋਂ ਨਿਕਲਿਆ ਇੱਕ ਪਦਾਰਥ ਜੋ ਮਸਾਮਦਾਰ ਹੋਣ ਕਰ ਕੇ ਪਾਣੀ ਬਹੁਤ ਚੂਸਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-54-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.