ਸਮਾਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮਾਂ [ਨਾਂਪੁ] ਵੇਲ਼ਾ, ਟਾਈਮ, ਵਕਤ , ਰੁੱਤ , ਮੌਕਾ; ਉਮਰ , ਆਯੂ; ਕਾਲ , ਯੁੱਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਮਾਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਮਾਂ (Time) : ਕਿਸੇ ਮਿਆਦ ਨੂੰ ਦਰਸਾਉਣ ਵਾਲੀ ਚੇਤਨਾ ਲਈ ਸਮਾਂ ਸ਼ਬਦ ਆਮ ਵਰਤਿਆ ਜਾਂਦਾ ਹੈ। ਸਮੇਂ ਦੀ ਹੋਂਦ ਦਾ ਅਹਿਸਾਸ ਕਿਸੇ ਤਬਦੀਲੀ ਦੇ ਆਉਣ ਨਾਲ ਹੁੰਦਾ ਹੈ। ਸਮੇਂ ਦੀ ਪਰਿਭਾਸ਼ਾ ਭੌਤਿਕ-ਵਿਗਿਆਨ ਅਤੇ ਤਾਰਾ-ਵਿਗਿਆਨ ਦੇ ਨਿਯਮਾਂ ਤੋਂ ਠੀਕ ਠੀਕ ਮਿਲਦੀ ਹੈ। ਪਰ ਫਿਲਾਸਫਰਾਂ ਲਈ ਸਮਾਂ ਇਕ ਬਹੁਤ ਗੁੰਝਲਦਾਰ ਅਤੇ ਨਾਜ਼ੁਕ ਜਿਹੀ ਅਵਸਥਾ ਹੈ, ਜਿਸਦਾ ਨਾ ਕੋਈ ਆਦਿ ਅਤੇ ਨਾ ਕੋਈ ਅੰਤ ਹੈ।

          ਸਮੇਂ ਦੀ ਮਿਣਤੀ––ਸਮਾਂ ਇਕ ਮੌਲਿਕ ਧਾਰਨਾ ਹੈ, ਜੋ ਘਟਨਾਵਾਂ ਦੇ ਵਾਪਰਨ ਨਾਲ ਸਬੰਧ ਰਖਦੀ ਹੈ। ਭੌਤਿਕ-ਵਿਗਿਆਨ ਦੇ ਕਿਸੇ ਵੀ ਨੁਕਤੇ ਨੂੰ ਸਮਝਣ ਲਈ ਮਾਪ ਦਾ ਇਕ ਪੈਮਾਨਾ ਮੰਨਣਾ ਪੈਂਦਾ ਹੈ। ਇਸੇ ਤਰ੍ਹਾਂ ਸਮੇਂ ਦੀ ਮਿਣਤੀ ਦਾ ਢੰਗ ਕੁਝ ਅਜਿਹੀਆਂ ਚੱਕਰੀ (cyclic) ਘਟਨਾਵਾਂ ਉਪਰ ਆਧਾਰਤ ਹੈ ਜਿਨ੍ਹਾਂ ਦਾ ਚੱਕਰੀ ਸਮਾਂ ਸਥਿਰ ਮੰਨਿਆ ਗਿਆ ਹੈ। ਇਸਦੀ ਸਭ ਤੋਂ ਪ੍ਰਮੁੱਖ ਉਦਾਹਰਨ ਸਾਡੀ ਧਰਤੀ ਦੀ ਘੁੰਮਣ ਗਤੀ ਹੈ ਅਤੇ ਇਹ ਗਤੀ ਦੁਨੀਆਂ ਦੀਆਂ ਸਭ ਘੜੀਆਂ ਦਾ ਆਧਾਰ ਹੈ।

          ਸੰਨ 1940 ਤੋਂ ਪਹਿਲਾਂ ਧਰਤੀ ਦਾ ਆਪਣੇ ਧੁਰੇ ਦੁਆਲੇ ਘੁੰਮਣਾ ਹੀ ਸਮੇਂ ਦਾ ਇਕੋ ਇਕ ਮਿਆਰ ਸੀ। ਬਾਅਦ ਵਿਚ ਪਤਾ ਲਗਿਆ ਕਿ ਧਰਤੀ ਦੀ ਘੁੰਮਣ ਗਤੀ ਸਥਿਰ ਨਹੀਂ ਹੈ, ਇਸ ਲਈ ਇਸ ਉਪਰ ਆਧਾਰਤ ਔਸਤ ਸੂਰਜੀ ਸਮਾਂ ਅਸਮਾਨ ਹੈ। ਫਿਰ ਪੰਚਾਂਗ ਸਮਾਂ (ephemeris time––E. T.) ਲਾਗੂ ਕੀਤਾ ਗਿਆ ਜੋ ਸਮਾਨ ਹੁੰਦਾ ਹੈ। ਆਮ ਜੀਵਨ ਵਿਚ ਔਸਤ ਸੂਰਜੀ ਸਮਾਂ ਵਰਤਿਆਂ ਜਾਂਦਾ ਹੈ ਅਤੇ ਵਿਗਿਆਨੀ ਪੰਚਾਂਗ ਸਮਾਂ ਵਰਤਦੇ ਹਨ ਕਿਉਂਕਿ ਇਹ ਸਹੀ ਸਮਾਂ ਹੈ।

          ਸਮੇਂ ਦੀ ਮਿਣਤੀ ਦਾ ਆਧਾਰ––ਮਕੈਨੀਕਲ ਕਲਾਕ ਨੂੰ ਵੀ ਸਮੇਂ ਦੀ ਮਿਣਤੀ ਦਾ ਆਧਾਰ ਮੰਨਿਆ ਜਾ ਸਕਦਾ ਹੈ ਪ੍ਰੰਤੂ ਰਗੜ ਵਿਚ ਤਬਦੀਲੀ ਹੋਣ ਕਰਕੇ ਇਹ ਸਹੀ ਸਮਾਂ ਨਹੀਂ ਦੇ ਸਕਦਾ। ਇਸ ਲਈ ਰਗੜ ਦੇ ਅਸਰ ਤੋਂ ਮੁਕਤ ਹੋਣ ਲਈ ਅਸੀਂ ਸੂਰਜ-ਮੰਡਲ ਦੇ ਮੈਂਬਰਾਂ ਜਾਂ ਪ੍ਰਮਾਣੂਆਂ ਦੀ ਗਤੀ ਦੀ ਵਰਤੋਂ ਕਰਕੇ ਹਾਂ। ਸਮੇਂ ਦੀ ਮਿਣਤੀ ਦੇ ਪ੍ਰਮਾਣੂ ਆਧਾਰ ਨਾਲੋਂ ਖਗੋਲੀ ਆਧਾਰ ਨੂੰ ਪਹਿਲ ਦਿੱਤੀ ਜਾਂਦੀ ਹੈ।

          ਖਗੋਲੀ ਪਿੰਡਾਂ ਦੀ ਗਤੀ ਦਾ ਅਨੁਮਾਨ ਖਗੋਲੀ ਮਕੈਨਿਕਸ ਦੇ ਨਿਯਮਾਂ ਤੋਂ ਲਗਾਇਆ ਜਾ ਸਕਦਾ ਹੈ। ਜੇਕਰ ਇਕੋ ਸਮੇਂ ਤੇ ਕਈ ਪਿੰਡਾਂ ਦੀਆਂ ਮਾਤ੍ਰਾਵਾਂ, ਨਿਰਦੇਸ਼-ਅੰਕਾਂ ਅਤੇ ਵੇਗ ਦਾ ਪਤਾ ਹੋਵੇ ਤਾਂ ਇੰਟੈਗਰਲ ਸਮੀਕਰਨਾਂ ਤੇ ਹੱਲਾਂ ਦੁਆਰਾ ਕਿਸੇ ਸਮੇਂ ‘t’ ਬਾਅਦ ਉਨ੍ਹਾਂ ਦੇ ਨਿਰਦੇਸ਼-ਅੰਕਾਂ ਦਾ ਪਤਾ ਕੀਤਾ ਜਾ ਸਕਦਾ ਹੈ।

          ਪਿੰਡਾਂ ਵਿਚੋਂ ਇਕ ਦੇ ਕਿਸੇ ਖ਼ਾਸ ਨਿਰਦੇਸ਼-ਅੰਕ, x1, ਵਾਸਤੇ ਹੱਲ ਨੂੰ ਹੇਠਾਂ ਲਿਖੇ ਅਨੁਸਾਰ ਲਿਖਿਆ ਜਾ ਸਕਦਾ ਹੈ :––

          x1=f1 (t, a1, a2,.......an)                    (I)

ਜਿਥੇ f1, t ਦਾ ਫ਼ੰਕਸ਼ਨ ਹੈ ਅਤੇ a1, a2,.......an ਇੰਟੈਗਰੇਸ਼ਨ ਸਥਿਰ-ਅੰਕ (constants of integration) ਹਨ। ਸਵੀਕਾਰਿਤ ਸਿਧਾਂਤ (postulate) ਦੁਆਰਾ ਸਮੀਕਰਨ I ਵਿਚ t ‘ਇਕਸਮਾਨ ਖਗੋਲੀ ਸਮਾਂ’ ਹੈ।

          ਇਕ ਚਾਰਟ, ਜੋ ਖਗੋਲੀ ਪਿੰਡ ਦੀ ਸੰਭਾਵਿਤ ਸਥਿਤੀ ਦਰਸਾਉਂਦਾ ਹੈ ਅਤੇ I ਵਰਗੀਆਂ ਸਮੀਕਰਨਾਂ ਉੱਪਰ ਆਧਾਰਤ ਹੁੰਦਾ ਹੈ, ਨੂੰ ਐਫੇਮੈਰਿਸ (ਪੰਚਾਂਗ) ਕਿਹਾ ਜਾਂਦਾ ਹੈ। ਇਸ ਕਰਕੇ ਖਗੋਲੀ ਮਕੈਨਿਕਸ ਦੇ ਇਕ ਸਮਾਨ ਸਮੇਂ ਨੂੰ ਪੰਚਾਂਗ ਸਮਾਂ ਕਿਹਾ ਜਾਂਦਾ ਹੈ।

          ਸਮਾਂ ਦੋ ਤਰ੍ਹਾਂ ਦਾ ਹੁੰਦਾ ਹੈ : ਅਸਮਾਨ (non-uniform) ਅਤੇ ਸਮਾਨ (uniform)। ਇਸ ਲਈ ਇਸਦੀ ਮਿਣਤੀ ਦੇ ਢੰਗ ਵੀ ਵਖਰੇ ਹਨ :––

          ਘੁੰਮਣ (ਅਸਮਾਨ) ਸਮਾਂ

          (ੳ) ਸੂਰਜੀ ਸਮਾਂ (Solar Time)––ਪ੍ਰਤੱਖ (apparent) ਸੂਰਜ ਦੇ ਮਧਿਆਨ੍ਹ ਰੇਖਾ ਦੁਆਲੇ ਦੋ ਆਸੰਨ ਪਾਰਗਮਨਾਂ (transits) ਦੇ ਅੰਤਰਾਲ ਨੂੰ ਪ੍ਰਤੱਖ ਸੂਰਜੀ ਦਿਨ (solar day) ਕਹਿੰਦੇ ਹਨ। ਧਰਤੀ ਦੇ ਸੂਰਜ ਦੁਆਲੇ ਸਲਾਨਾ ਘੁੰਮਣ ਨਾਲ ਇਉਂ ਲਗਦਾ ਹੈ ਜਿਵੇਂ ਸੂਰਜ ਬਾਕੀ ਗ੍ਰਹਿਆਂ ਦੇ ਲਿਹਾਜ਼ ਨਾਲ ਪੂਰਬ ਵਲ ਨੂੰ ਚਲਦਾ ਹੋਵੇ। ਇਸ ਲਈ ਪ੍ਰਤੱਖ ਸੂਰਜੀ ਦਿਨ ਗ੍ਰਹਿਆਂ ਦੇ ਲਿਹਾਜ਼ ਨਾਲ ਧਰਤੀ ਦੇ ਘੁੰਮਣ-ਕਾਲ ਦੇ ਬਰਾਬਰ ਨਹੀਂ ਹੁੰਦਾ। ਸੂਰਜ ਦੀ ਪ੍ਰਤੱਖ ਗਤੀ ਇਕ ਸਾਲ ਵਿਚ 360˚ ਜਾਂ ਲਗਭਗ 1˚ ਰੋਜ਼ਾਨਾ ਹੁੰਦੀ ਹੈ ਅਤੇ ਪ੍ਰਤੱਖ ਸੂਰਜੀ ਦਿਨ ਘੁੰਮਣ-ਕਾਲ ਨਾਲੋਂ ਲਗਭਗ 4 ਮਿੰਟ ਵੱਡਾ ਹੁੰਦਾ ਹੈ।

          ਧਰਤੀ ਸੂਰਜ ਦੁਆਲੇ ਇਲਿਪਸੀ-ਪਥ ਵਿਚ ਚਲਦੀ ਹੈ। ਇਸ ਸਮਤਲ ਨੂੰ ਇਲਿਪਸ ਕਿਹਾ ਜਾਂਦਾ ਹੈ ਅਤੇ ਇਹ ਇਕੁਏਟਰ (equator) ਨਾਲ 23 ½ ˚ ਦਾ ਕੋਣ ਬਣਾਉਂਦਾ ਹੈ। ਇਨ੍ਹਾਂ ਤੱਥਾਂ ਕਰਕੇ ਇਕੁਏਟਰ ਨਾਲ ਸੂਰਜ ਦੀ ਦੈਨਿਕ ਗਤੀ ਦਾ ਘਟਕ (component) ਬਦਲਦਾ ਰਹਿੰਦਾ ਹੈ। ਇਸ ਦੇ ਸਿੱਟੇ ਵਜੋਂ ਪ੍ਰਤੱਖ ਸੂਰਜੀ ਦਿਨਾਂ ਦੀ ਲੰਬਾਈ ਵੱਖ ਵੱਖ ਹੁੰਦੀ ਹੈ।

          ਔਸਤ ਸੂਰਜੀ ਦਿਨ  (mean solar day) ਸੂਰਜ ਦੇ ਸਾਪੇਖੀ ਧਰਤੀ ਦਾ ਔਸਤ ਘੁੰਮਣ-ਕਾਲ ਹੁੰਦਾ ਹੈ। ਔਸਤ ਸੂਰਜੀ ਸਮੇਂ ਨੂੰ ਧਰਤੀ ਦੇ ਘੁੰਮਣ ਦੇ ਇਕ ਹਿੱਸੇ ਨਾਲ ਪ੍ਰਭਾਸ਼ਿਕ ਕੀਤਾ ਜਾਂਦਾ ਹੈ। ਪ੍ਰਤੱਖ ਸੂਰਜੀ ਸਮੇਂ ਅਤੇ ਔਸਤ ਸੂਰਜੀ ਸਮੇਂ ਦੇ ਅੰਤਰ ਨੂੰ ਸਮੇਂ ਦੀ ਸਮੀਕਰਨ (equation of time) ਕਿਹਾ ਜਾਂਦਾ ਹੈ। ਇਸਦਾ ਸੰਖਿਆਤਮਕ ਮੁੱਲ 0 ਤੋਂ 16 ਮਿੰਟ ਵਿਚਕਾਰ ਬਦਲਦਾ ਰਹਿੰਦਾ ਹੈ।

          (ਅ) ਨਛੱਤਰੀ (ਵਿਸ਼ੁਵੀ) ਸਮਾਂ (Sidereal equinoctial time)––ਖਗੋਲ-ਵਿਗਿਆਨੀ ਇਸ ਸਮੇਂ ਨੂੰ ਖਗੋਲੀ ਮਿਣਤੀਆਂ ਲਈ ਵਰਤਦੇ ਹਨ। ਅਸਲ ਵਿਸ਼ੁਵ (true equinox) ਦੇ ਲਗਾਤਾਰ ਦੋ ਵਾਰ ਮਧਿਆਨ੍ਹ ਰੇਖਾ ਪਾਰਗਮਨਾਂ ਦੇ ਅੰਤਰਾਲ ਨੂੰ ਵਾਸਤਵਿਕ ਨਛੱਤਰੀ ਦਿਨ (true sidereal day) ਕਿਹਾ ਜਾਂਦਾ ਹੈ। ਵਾਸਤਵਿਕ ਵਿਸ਼ੁਵ ਦੇ ਹੋਰਾ ਕੋਣ (hour angle) ਨੂੰ ਅਸਲ ਨਛੱਤਰੀ ਸਮਾਂ ਆਖਦੇ ਹਨ, ਇਹ ਕੋਣ ਇਕੁਏਟਰ ਦੇ ਨਾਲ ਮਾਧਿਆਨ੍ਹ ਰੇਖਾ ਦੇ ਪੱਛਮ ਵਲ ਮਿਣਿਆ ਸਮਾਨ ਵਿਸ਼ੁਵੀ ਸਮਾਂ ਔਸਤ ਵਿਸ਼ੁਵ ਨਿਊਟੇਸ਼ਨ (ਮੁਕਤ ਵਿਸ਼ੁਵ) ਦੇ ਹੋਰਾ ਕੋਣ ਨਾਲ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਪ੍ਰਤੱਖ ਨਛੱਤਰੀ ਸਮੇਂ ਅਤੇ ਔਸਤ ਨਛੱਤਰੀ ਸਮੇਂ ਦੇ ਅੰਤਰ ਨੂੰ ਵਿਸ਼ੁਵੀਆਂ ਦੀ ਸਮੀਕਰਨ ਕਿਹਾ ਜਾਂਦਾ ਹੈ। ਇਹ 0 ਤੋਂ 1 ਸੈਂਕਿੰਡ ਵਿਚਕਾਰ ਬਦਲਦਾ ਰਹਿੰਦਾ ਹੈ।

          (ੲ) ਸੂਰਜੀ ਅਤੇ ਨਛੱਤਰੀ ਸਮੇਂ ਦਾ ਸੰਬੰਧ––ਨਛਤਰੀ ਸਮਾਂ ਦੇਣ ਵਾਲਾ ਕਲਾਕ ਔਸਤ ਸੂਰਜੀ ਸਮਾਂ ਦੇਣ ਵਾਲੇ ਕਲਾਕ ਨਾਲੋਂ ਇਕ ਔਸਤ ਸੂਰਜੀ ਦਿਨ ਵਿਚ ਨਛੱਤਰੀ ਸਮੇਂ ਦੇ 3 ਮਿੰਟ 56.555 ਸੈਕਿੰਡ ਅਗੇ ਚਲਦਾ ਹੈ।

          ਸਮੇਂ ਦੀਆਂ ਇਕਾਈਆਂ––ਇਕ ਔਸਤ ਸੂਰਜੀ ਦਿਨ ਨੂੰ ਹੇਠ ਦਿੱਤੇ ਅਨੁਸਾਰ ਵੰਡਿਆ ਜਾਂਦਾ ਹੈ :––

          1 ਔਸਤ ਸੂਰਜੀ ਦਿਨ=24 ਔਸਤ ਸੂਰਜੀ ਘੰਟੇ

          1 ਔਸਤ ਸੂਰਜੀ ਘੰਟਾ=60 ਔਸਤ ਸੂਰਜੀ ਮਿੰਟ

          1 ਔਸਤ ਸੂਰਜੀ ਮਿੰਟ=60 ਔਸਤ ਸੂਰਜੀ ਸੈਕਿੰਡ

          ਸਮਾਨ ਸਮਾਂ (uniform time)

          ਪੰਚਾਂਗ ਸਮਾਂ (E. T.)––ਹੁਣ ਵਿਗਿਆਨੀਆਂ ਨੇ ਇਹ ਵੀ ਪਤਾ ਕਰ ਲਿਆ ਹੈ ਕਿ ਸਾਡੀ ਧਰਤੀ ਕੋਈ ਪੂਰਨ ਘੜੀ ਨਹੀਂ ਹੈ। ਦਿਨ ਦੀ ਲੰਬਾਈ ਸੈਕਿੰਡ ਦਾ ਬਹੁਤ ਹੀ ਛੋਟਾ ਹਿੱਸਾ (ਲਖਵਾਂ ਜਾਂ ਇਸ ਤੋਂ ਵੀ ਛੋਟਾ) ਇਧਰ ਉਧਰ ਹੋ ਜਾਂਦੀ ਹੈ। ਇਸ ਕਰਕੇ ਤਾਰਿਆਂ ਦੇ ਮਧਿਆਨ੍ਹ ਰੇਖਾ ਪਾਰਗਮਨ ਤੋਂ ਜੋ ਸਮੇਂ ਦਾ ਹਿਸਾਬ ਲਗਾਇਆ ਜਾਂਦਾ ਹੈ ਉਹ ਪੂਰੀ ਤਰ੍ਹਾਂ ਇਕ ਸਮਾਨ ਨਹੀਂ ਹੁੰਦਾ। ਇਸ ਨੂੰ ਖਗੋਲੀ ਸਮਾਂ ਕਹਿੰਦੇ ਹਨ। ਇਸ ਤੋਂ ਕੱਢੇ ਹੋਏ ਵਿਗਿਆਨਕ ਖੋਜਾਂ ਦੇ ਸਿੱਟੇ 100 ਫ਼ੀ ਸਦੀ ਦਰੁਸਤ ਨਹੀਂ ਹੋ ਸਕਦੇ। ਬਿਲਕੁਲ ਸਹੀ ਸਿੱਟੇ ਕਢਣ ਲਈ ਜੋ ਸਮਾਂ ਵਰਤਿਆ ਜਾਂਦਾ ਹੈ ਉਸਨੂੰ ਪੰਚਾਂਗੀ ਸਮਾਂ ਕਹਿੰਦੇ ਹਨ। ਧਰਤੀ ਦੇ ਸੂਰਜ ਦੁਆਲੇ ਪਰਿਕ੍ਰਮਾ-ਪਥ ਵਿਚ ਧਰਤੀ ਦੀ ਸਥਿਤੀ ਦਾ ਪਤਾ ਬਾਕੀ ਤਾਰਿਆਂ ਦੇ ਸੰਬੰਧ ਵਿਚ ਸੂਰਜ ਦੀ ਸਥਿਤੀ ਵੇਖ ਕੇ ਲਗਾਇਆ ਜਾਂਦਾ ਹੈ। ਧਰਤੀ ਦੇ ਗ੍ਰਹਿ-ਪਥ ਤੋਂ ਇਕ ਸਾਰਨੀ ਤਿਆਰ ਕੀਤੀ ਜਾਂਦੀ ਹੈ ਜਿਸ ਨੂੰ ਸੂਰਜੀ ਪੰਚਾਂਗ ਕਹਿੰਦੇ ਹਨ। ਇਸ ਸਾਰਨੀ ਵਿਚ ਸੂਰਜ ਦੀ ਸਥਿਤੀ ਪੰਚਾਂਗ ਸਮੇਂ ਦੇ ਹਿਸਾਬ ਨਾਲ ਦਿੱਤੀ ਹੁੰਦੀ ਹੈ। ਇਸ ਲਈ ਅਸੀਂ ਇਸ ਸਾਰਨੀ ਨੂੰ ਸੂਰਜ ਦੀ ਸਥਿਤੀ ਵੇਖ ਕੇ ਪੰਚਾਂਗ ਸਮਾਂ ਪਤਾ ਕਰ ਸਕਦੇ ਹਾਂ। ਪੰਚਾਂਗ ਸਮਾਂ ਚੰਦਰਮਾਂ ਦੇ ਧਰਤੀ ਦੁਆਲੇ ਪਰਿਕ੍ਰਮਾ-ਪਥ ਤੋਂ ਵੀ ਕਢਿਆ ਜਾਂਦਾ ਹੈ ਕਿਉਂਕਿ ਧਰਤੀ ਦਾ ਸੂਰਜ ਦੁਆਲੇ ਪਰਿਕ੍ਰਮਣ-ਕਾਲ ਅਤੇ ਚੰਦਰਮਾ ਦਾ ਧਰਤੀ ਦੁਆਲੇ ਪਰਿਕ੍ਰਮਣ-ਕਾਲ ਸਥਿਰ ਅਨੁਪਾਤ ਵਿਚ ਹਨ ਜਿਸ ਦਾ ਠੀਕ ਠੀਕ ਹਿਸਾਬ ਲਗਾਇਆ ਜਾ ਚੁੱਕਾ ਹੈ। ਚੰਦਰਮਾਂ ਨੂੰ ਸੂਰਜ ਦੇ ਮੁਕਾਬਲੇ ਇਸ ਲਈ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਦੀ ਗਤੀ ਤੇਜ਼ ਹੋਣ ਕਰਕੇ ਨਾਪਣੀ ਆਸਾਨ ਹੈ।

          ਕਾਲ ਅੰਤਰ ਦੀ ਮਿਣਤੀ––ਸਮਾਂ ਮਾਪਕ (timer) ਦੋ ਤਰ੍ਹਾਂ ਦੇ ਹੁੰਦੇ ਹਨ। ਇਕ ਜੋ ਦਿਨ ਦਾ ਸਮਾਂ ਮਾਪਦੇ ਹਨ ਜਿਵੇਂ ਕਾਲਾਕ ਅਤੇ ਘੜੀਆਂ ਅਤੇ ਦੂਜੇ ਜੋ ਕਾਲ-ਅੰਤਰ ਮਾਪਦੇ ਹਨ, ਜਿਵੇਂ ਸਟਾਪ ਵਾਚ।

          ਛੋਟਾ ਜਾਂ ਲੰਬਾ ਕਾਲ-ਅੰਤਰ ਮਾਪਣ ਲਈ ਕਈ ਯੰਤਰ ਅਤੇ ਤਰੀਕੇ ਹਨ।

          (1) ਸਮਾਂ ਮਾਪਕ ਜੋ ਗੁਰੂਤਵੀ ਪ੍ਰਵੇਗ ਉਪਰ ਆਧਾਰਤ ਹਨ ਉਹ ਪੈਂਡੂਲਮ ਕਲਾਕ ਅਤੇ ਵਾਟਰ ਕਲਾਕ (water clock) ਹਨ। ਇਹ ਪ੍ਰਯੋਗਸ਼ਾਲਾ ਵਿਚ ਕੰਮ ਆਉਂਦੇ ਹਨ।

          (2) ਪਦਾਰਥਾਂ ਦੇ ਲਚਕੀਲੇ ਗੁਣਾਂ ਉਪਰ ਆਧਾਰਤ ਯਤਰਿਕ ਕੰਪਨਾਂ ਵਿਚ ਟਿਊਨਿੰਗ ਫ਼ੋਰਕ (tuning forks) ਅਤੇ ਕੁਆਰਟਜ਼ ਕਰਿਸਟਲ ਆਦਿ ਆਉਂਦੇ ਹਨ। ਕੁਆਰਟਜ਼ ਕਰਿਸਟਲ ਉਪਰ ਅਧਾਰਤ ਕਲਾਕ ਨੂੰ ਕਰਿਸਟਲ ਕਲਾਕ  ਕਿਹਾ ਜਾਂਦਾ ਹੈ।

          (3) ਬਿਜਲੀ ਡੋਲ (Electric Oscilations) ਵੀ ਛੋਟੇ ਕਾਲ-ਅੰਤਰ ਮਾਪਣ ਲਈ ਵਰਤੇ ਜਾਂਦੇ ਹਨ।

          (4) ਐਟਾਮਿਕ ਕਲਾਕ (Atomic clock) ਪ੍ਰਮਾਣੂਆਂ ਦੇ ਕੰਪਨ ਤੇ ਆਧਾਰਤ ਹੈ।

          (5) ਰੌਸ਼ਨੀ ਦਾ ਵੇਗ ਵੀ ਕਾਲ-ਅੰਤਰ ਮਾਪਣ ਲਈ ਵਰਤਿਆ ਜਾਂਦਾ ਹੈ।

          (6) ਭੂ-ਵਿਗਿਆਨਕ ਸਮਾਂ (geological time) ਮਾਪਣ ਲਈ ਰੇਡੀਓ-ਐੱਕਟਿਵ ਡੀਕੇਅ ਵਰਤਿਆ ਜਾਂਦਾ ਹੈ।

          (7) ਕਰੋਨੋਗ੍ਰਾਫ਼, ਕਰੋਨੋਮੀਟਰ ਅਤੇ ਕਰੋਨੋਸਕੋਪ ਵੀ ਇਸ ਮੰਤਵ ਲਈ ਵਰਤੇ ਜਾਂਦੇ ਹਨ।

          ਹ. ਪੁ.––ਐਨ. ਬ੍ਰਿ. 22 : 224; ਮੈਕ. ਐਨ. ਸ. ਟ. 13 : 646.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਸਮਾਂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਮਾਂ, ਪੁਲਿੰਗ : ੧. ਵੇਲਾ, ਵਕਤ, ਦੌਰ; ੨. ਰੁੱਤ, ਬਹਾਰ, ਮੌਸਮ; ੩. ਮੌਕਾ, ਔਸਰ(ਅਵਸਰ); ੪. ਚੰਗੀ ਫਸਲ, ਚੀਜ਼ ਵਸਤ ਦਾ ਸੁਕਾਲ, ਸਸਤ; ੫. ਸੂਰਤ, ਸੂਰਤ ਹਾਲ; ੬. ਮਿਲਾਉਣੀ, ਢੁਕਾਅ, ਸਮੇਲ; ੭. ਸੁਹਾਉ, ਰੌਣਕ ਸਜ ਧਜ, ਰਾਗ ਰੰਗ ਦਾ ਮਜ਼ਾ; ੮. ਨਜ਼ਾਰਾ, ਦ੍ਰਿਸ਼; ੯. ਤੇਜ਼ੀ, ਜ਼ੋਰ ੧੦. ਉਮਰ, ਅਵਸਥਾ

–ਸਸਤ ਸਮਾਂ, ਪੁਲਿੰਗ : ਜਿਨ੍ਹੀ ਦਿਨੀਂ ਚੀਜ਼ ਵਸਤੂ ਸਸਤੀ ਹੋਵੇ

–ਸਮਾਂ ਹੋਣਾ, ਮੁਹਾਵਰਾ : ਜ਼ੋਰ ਹੋਣਾ; ਚੜ੍ਹਤਲ ਹੋਣਾ, ਚਲਦੀ ਹੋਣਾ, ਮੰਨੀਦੀ ਹੋਣਾ

–ਸਮਾਂ ਬੱਝਣਾ, ਮੁਹਾਵਰਾ : ਰਾਗ ਜਾਂ ਨਾਚ ਨਾਲ ਨਾਲ ਮਹਿਫਲ ਦਾ ਮਹਿਵ ਹੋ ਜਾਣਾ ਲੁਤਫ ਪੈਦਾ ਹੋਣਾ, ਮਜਾ ਆ ਜਾਣਾ, ਨਕਸ਼ਾ ਖਿੱਚਿਆ ਜਾਣਾ

–ਸਮਾਂ ਬਦਲਣਾ, ਮੁਹਾਵਰਾ : ਸੂਰਤ ਹਾਲ ਹੋਰ ਹੋ ਜਾਣਾ, ਪਹਿਲੀ ਹਾਲਤ ਨੇ ਰਹਿਣਾ, ਹਾਲਾਤ ਦਾ ਗਰਦਸ਼ ਖਾਣਾ

–ਸਮਾਂ ਬੰਨ੍ਹਣਾ, ਮੁਹਾਵਰਾ : ਰੰਗ ਜਮਾਉਣਾ, ਲੁਤਫ ਪੈਦਾ ਕਰਨਾ, ਨਿਹੈਤ ਹੱਛਾ ਗਾਉਣਾ, ਹੁਨਰ ਦੀ ਖੂਬੀ ਨਾਲ ਪਰਸੰਨਤਾ ਦੇਣਾ

–ਸਮਾਂ ਮ ਪ (ਭੂਗੋਲ) / ਪੁਲਿੰਗ : ਉਹ ਘੜੀ ਜਿਸ ਨਾਲ ਸਮਾਂ ਮਾਪਿਆ ਜਾਂਦਾ ਹੈ ਇਸ ਵਿੱਚ ਇੱਕ ਖ਼ਾਸ ਪ੍ਰਬੰਧ ਹੁੰਦਾ ਹੈ ਜਿਸ ਕਰਕ ਕੇ ਤਾਪ ਅੰਸ਼ ਦੀ ਤਬਦੀਲੀ ਨਾਲ ਹੋਈ ਗੜਬੜ ਇਸ ਉੱਤੇ ਕੋਈ ਅਸਰ ਨਹੀਂ ਕਰਦੀ ਇਹ ਘੜੀ ਸਮੁੰਦਰ ਉਤੇ ਲਮਤਾਰ (ਤੂਲ ਬਲਦ) ਨਿਯਤ ਕਰਨ ਲਈ ਵਰਤੀ ਜਾਂਦੀ ਹੈ

–ਮਹਿੰਗਾ ਸਮਾ, ਪੁਲਿੰਗ : ਕਾਲ, ਜਿਨ੍ਹੀਂ ਦਿਨੀਂ ਚੀਜ ਵਸਤ ਮਹਿੰਗੀ ਹੋਵੇ

–ਸਮਾਯੋਜਨੀ, (ਹਿਸਾਬ) / ਵਿਸ਼ੇਸ਼ਣ : ਜੋ ਹਿਸਾਬ ਵਿੱਚ ਠੀਕ ਕੀਤਾ ਜਾ ਸਕੇ

–ਸਮਾਂ ਲਗਣਾ, ਮੁਹਾਵਰਾ : ਚੰਗੀ ਚੋਖੀ ਆਮਦਨ ਹੋਣਾ, ਚੰਗੀ ਵੱਟਤ ਦੇਣਾ, ਫਸਲ ਚੰਗੀ ਹੋ ਜਾਣਾ

–ਸਮੇਂ ਸਮੇਂ ਦੀ ਗੱਲ ਹੈ, ਅਖੌਤ : ਹਰ ਚੀਜ਼ ਦੇ ਸੁਭਾਏਮਾਨ ਹੋਣ ਦਾ ਆਪਣਾ ਮੌਕਾ ਹੁੰਦਾ ਹੈ

–ਸਮੇਂ ਸਿਰ, ਕਿਰਿਆ ਵਿਸ਼ੇਸ਼ਣ : ਵੇਲੇ ਤੇ, ਮੌਕੇ ਤੇ, ਠੀਕ ਵਕਤ ਤੇ

–ਸਮੇਂ ਨੂੰ ਅੱਗ ਲੱਗਣਾ, ਸਮੇਂ ਨੂੰ ਲੋਹੜਾ ਆਉਣਾ, ਮੁਹਾਵਰਾ : ਕੁੜੀਆਂ ਮੁੰਡਿਆਂ ਆਦਿ ਦੀਆਂ ਨਵੀਆਂ ਵੰਨ ਸਵੰਨੀਆਂ ਰੀਝਾਂ ਤੇ ਫੈਸ਼ਨਾਂ ਤੇ ਅਸਚਰਜ ਹੋ ਕੇ ਪੁਰਾਣੇ ਬੰਦਿਆਂ ਦੇ ਉਟੰਤਣ ਦੇ ਸ਼ਬਦ ਹਨ, ਆਖਰ ਆਉਣਾ, ਹਨੇਰ ਆਉਣਾ, ਸ਼ਰਮ ਹਯਾ ਨਾ ਰਹਿਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-34-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.