ਸਾਕਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਾਕਾ : ਇਤਿਹਾਸ ਦੀ ਅਜਿਹੀ ਵੱਡੀ ਅਤੇ ਅਨੋਖੀ ਘਟਨਾ ਨੂੰ ਸਾਕਾ ਕਹਿੰਦੇ ਹਨ, ਜਿਹੜੀ ਦਿਲ ਦਹਿਲਾ ਦੇਣ ਵਾਲੀ ਹੋਵੇ ਅਤੇ ਲੰਮੇ ਸਮੇਂ ਤੱਕ ਲੋਕਾਂ ਦੇ ਮਨਾਂ ਵਿੱਚ ਚੇਤੇ ਰਹਿਣ ਵਾਲੀ ਹੋਵੇ। ਜਿਸ ਘਟਨਾ ਨੂੰ ਸਾਕਾ ਕਿਹਾ ਜਾਂਦਾ ਹੈ, ਉਹ ਘਟਨਾ ਸਧਾਰਨ ਨਾ ਹੋ ਕੇ ਘਲੂਘਾਰੇ ਦੀ ਸ਼ਕਲ ਵਿੱਚ ਵਾਪਰੀ ਹੁੰਦੀ ਹੈ। ਘਲੂਘਾਰਾ ਘਮਸਾਨ ਦੇ ਯੁੱਧ ਨੂੰ ਕਹਿੰਦੇ ਹਨ, ਪਰ ਇਹ ਯੁੱਧ ਦੋ ਬਰਾਬਰ ਦੀਆਂ ਧਿਰਾਂ ਵਿਚਕਾਰ ਨਹੀਂ ਹੁੰਦਾ, ਸਗੋਂ ਇੱਕ ਧਿਰ ਜਾਬਰ ਹੁੰਦੀ ਹੈ ਅਤੇ ਦੂਜੀ ਧਿਰ ਮਜ਼ਲੂਮ ਹੁੰਦੀ ਹੈ। ਤਦ ਵੀ ਮਜ਼ਲੂਮ ਧਿਰ ਬੜੀ ਬਹਾਦਰੀ ਨਾਲ ਲੜਦੀ ਹੋਈ ਸ਼ਹੀਦ ਹੋ ਜਾਂਦੀ ਹੈ। ਇਹਨਾਂ ਅਰਥਾਂ ਵਿੱਚ ਸਾਕਾ ਅਜਿਹੀ ਮਜ਼ਲੂਮ ਧਿਰ ਦੀ ਬਹਾਦਰੀ, ਦ੍ਰਿੜ੍ਹਤਾ, ਸੂਰਬੀਰਤਾ ਅਤੇ ਗੌਰਵ ਦੀ ਕਵਿਤਾ ਵਿੱਚ ਕਹੀ ਗਈ ਦਰਦਨਾਕ ਕਥਾ ਹੁੰਦੀ ਹੈ, ਜਿਸ ਨੂੰ ਕਵੀਸ਼ਰ ਅਤੇ ਢਾਡੀ ਕਈ ਤਰੀਕਿਆਂ ਨਾਲ ਗਾ ਕੇ ਸ੍ਰੋਤਿਆਂ ਨੂੰ ਸੁਣਾਉਂਦੇ ਹਨ। ਸਾਕਾ ਕਿਸੇ ਭਿਆਨਕ ਘਟਨਾ, ਯੁੱਧ, ਕੁਰਬਾਨੀ, ਸ਼ਹੀਦੀ ਅਤੇ ਸਦੀਆਂ ਤੱਕ ਚੇਤੇ ਰਹਿਣ ਵਾਲੇ ਕਾਰਨਾਮੇ ਨੂੰ ਕਿਹਾ ਜਾਂਦਾ ਹੈ। ਇਹ ਘਟਨਾ ਕਿਸੇ ਇਕੱਲੇ ਵਿਅਕਤੀ ਨਾਲ ਵੀ ਹੋ ਸਕਦੀ ਹੈ ਅਤੇ ਸਮੂਹਿਕ ਵਿਅਕਤੀਆਂ ਨਾਲ ਵੀ; ਉਦਾਹਰਨ ਲਈ, ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਦੀ ਧਰਮ ਦੀ ਰੱਖਿਆ ਹਿਤ ਦਿੱਲੀ ਵਿੱਚ ਦਿੱਤੀ ਸ਼ਹੀਦੀ ਨੂੰ ਵੀ ਸਾਕਾ ਕਹਿੰਦੇ ਹਨ, ਅਤੇ ਲਿਖਦੇ ਹਨ:

ਧਰਮ ਹੇਤ ਸਾਕਾ ਜਿਨਿ ਕੀਆ॥

            ਸੀਸੁ ਦੀਆ ਪਰ ਸਿਰਰੁ ਨ ਦੀਆ॥

     ਜਲ੍ਹਿਆਂ ਵਾਲੇ ਬਾਗ਼ ਦੀ ਖ਼ੂਨੀ ਘਟਨਾ ਨੂੰ ਵੀ ਸਾਕਾ ਕਿਹਾ ਜਾਂਦਾ ਹੈ, ਜਿੱਥੇ ਵਿਸਾਖੀ ਦੇ ਅਵਸਰ ਸਮੇਂ ਇਕੱਠੇ ਹੋਏ ਅਨੇਕਾਂ ਲੋਕਾਂ ਨੂੰ ਜਨਰਲ ਡਾਇਰ ਨੇ ਹੁਕਮ ਦੇ ਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਮਲੇਰਕੋਟਲੇ ਵਿੱਚ ਵਾਪਰੀ ਉਸ ਘਟਨਾ ਨੂੰ ਵੀ ਸਾਕਾ ਕਿਹਾ ਜਾਂਦਾ ਹੈ, ਜਿੱਥੇ ਨਾਮਧਾਰੀ ਸਿੱਖਾਂ ਨੂੰ ਗਊ-ਹੱਤਿਆ ਬੰਦ ਕਰਨ ਲਈ ਕਹਿਣ `ਤੇ ਅੰਗਰੇਜ਼ਾਂ ਨੇ ਤੋਪਾਂ ਸਾਮ੍ਹਣੇ ਖੜ੍ਹੇ ਕਰ ਕੇ ਉਡਾ ਦਿੱਤਾ ਸੀ। ਪਰ ਸਭ ਤੋਂ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲਾ ਸਾਕਾ, ਸਰਹਿੰਦ ਵਿੱਚ ਵਾਪਰਿਆ, ਜਦੋਂ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਦੀ ਈਨ ਮਨਵਾਉਣ ਖ਼ਾਤਰ ਜਿਊਂਦਿਆਂ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ।

     ਜਦੋਂ ਗੁਰਦੁਆਰੇ ਅਜ਼ਾਦ ਕਰਵਾਉਣ ਦੀ ਲਹਿਰ ਚੱਲੀ ਤਾਂ ਨਨਕਾਣਾ ਸਾਹਿਬ (ਪਾਕਿਸਤਾਨ) ਵਿੱਚ ਵੀ ਕਈ ਸਿੱਖ ਸ਼ਹੀਦ ਕਰ ਦਿੱਤੇ ਗਏ, ਇਉਂ ਉਸ ਇਤਿਹਾਸਕ ਘਟਨਾ ਬਾਰੇ ਵੀ ਕਵੀਸ਼ਰਾਂ ਅਤੇ ਢਾਡੀਆਂ ਨੇ ‘ਸਾਕੇ’ ਦੇ ਰੂਪ ਵਿੱਚ ਕਈ ਪ੍ਰਸੰਗ ਲਿਖੇ ਅਤੇ ਲੋਕ-ਇਕੱਠਾਂ ਵਿੱਚ ਗਾਏ।

     ਸਾਕਾ ਅਜਿਹੇ ਇਤਿਹਾਸਕ ਵੇਰਵਿਆਂ `ਤੇ ਆਧਾਰਿਤ ਕਾਵਿ-ਰਚਨਾ ਹੁੰਦੀ ਹੈ, ਜਿਸ ਵਿੱਚ ਬੀਰ- ਰਸ ਅਤੇ ਕਰੁਣਾ-ਰਸ ਦਾ ਸੰਚਾਰ ਹੁੰਦਾ ਹੈ ਕਿਉਂਕਿ ਸਾਕੇ ਦੀ ਕਾਵਿ-ਰਚਨਾ ਨੂੰ ਗਾਉਣ ਸਮੇਂ ਸੂਰਬੀਰਤਾ ਅਤੇ ਕਰੁਣਾ (ਦੁੱਖ/ਪੀੜਾ) ਦੇ ਭਾਵ ਉਪਜਦੇ ਹਨ।

     ਸਾਕਾ ਜਿੱਥੇ ਕਿਸੇ ਭੀਸ਼ਣ ਯੁੱਧ, ਮਾਰਮਿਕ (ਦੁਖਦਾਈ) ਘਟਨਾ, ਦਿਲ ਦਹਿਲਾ ਦੇਣ ਵਾਲੀ ਕੁਰਬਾਨੀ ਆਦਿ ਤੋਂ ਉਪਜੇ ਪੀੜਾਦਾਇਕ ਪ੍ਰਭਾਵਾਂ ਨੂੰ ਬਿਆਨ ਕਰਨ ਵਾਲੀ ਕਾਵਿ-ਗਾਇਨ ਰਚਨਾ ਹੁੰਦੀ ਹੈ, ਉੱਥੇ ਕੁਰਬਾਨੀ ਅਤੇ ਸੂਰਬੀਰਤਾ ਦਾ ਪ੍ਰਮਾਣ ਦੇਣ ਵਾਲੇ ਨਾਇਕਾਂ ਦੀ ਵਡਿਆਈ ਕਰਨ ਵਾਲੀ ਰਚਨਾ ਵੀ ਹੁੰਦੀ ਹੈ। ਸਾਕੇ ਵਿੱਚ ਵਿਰਲਾਪ ਨੂੰ ਦਰਦ ਭਿੰਨੇ ਰੂਪ ਵਿੱਚ ਅਤੇ ਭਿਆਨਕ ਦ੍ਰਿਸ਼ਾਂ ਨੂੰ ਮਾਰਮਿਕ (ਮਨ ਨੂੰ ਝੰਜੋੜ ਦੇਣ ਵਾਲੇ) ਢੰਗ ਅਤੇ ਏਨੇ ਬਰੀਕ ਵੇਰਵਿਆਂ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਸੁਣਨ ਵਾਲਾ ਸ੍ਰੋਤਾ ਸਾਰੀ ਘਟਨਾ ਆਪਣੇ ਸਾਮ੍ਹਣੇ ਵਾਪਰ ਰਹੀ ਮਹਿਸੂਸ ਕਰਦਾ ਹੈ। ਅਜਿਹੀ ਹਾਲਤ ਵਿੱਚ ਸ੍ਰੋਤਾ ਨਾਇਕ ਦਾ ਦੁੱਖ ਅਤੇ ਪੀੜਾ ਵਿੱਚੋਂ ਲੰਘਣਾ ਬਰਦਾਸ਼ਤ ਨਹੀਂ ਕਰਦਾ। ਤਦ ਉਸ ਦੀ ਨਾਇਕ ਪ੍ਰਤਿ ਹਮਦਰਦੀ ਜਾਗਦੀ ਹੈ ਅਤੇ ਜ਼ੁਲਮ ਕਰਨ ਵਾਲੇ ਪ੍ਰਤਿ ਤ੍ਰਿਸਕਾਰ ਦੀ ਭਾਵਨਾ ਉਪਜਦੀ ਹੈ।

     ਸਾਕਾ ਗਾਈ ਜਾਣ ਵਾਲੀ (ਇਤਿਹਾਸ ਨਾਲ ਸੰਬੰਧਿਤ) ਕਾਵਿ-ਰਚਨਾ ਹੁੰਦੀ ਹੈ, ਜਿਸ ਨੂੰ ਕਵੀਸ਼ਰ ਜਾਂ ਲੇਖਕ ਛੰਦ ਵਿੱਚ ਲਿਖਦੇ ਹਨ। ਇਹ ਛੰਦ, ਕਬਿੱਤ ਅਤੇ ਬੈਂਤ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਪਰ ਹਰ ਭਿਆਨਕ ਜਾਂ ਵੱਡੀ ਘਟਨਾ ਸਾਕਾ ਨਹੀਂ ਬਣ ਸਕਦੀ, ਕਿਉਂਕਿ ਸਾਕਾ ਕੇਵਲ ਉਹੋ ਇਤਿਹਾਸਿਕ ਘਟਨਾ ਜਾਂ ਤ੍ਰਾਸਦੀ ਬਣ ਸਕਦੀ ਹੈ, ਜਿਸ ਵਿੱਚ ਧਾਰਮਿਕ ਸੁੱਚਤਾ ਦਾ ਦਖ਼ਲ ਹੋਵੇ। ਭਾਵ ਜੇਕਰ ਸਰਹਿੰਦ ਦੀ ਭਿਆਨਕ ਘਟਨਾ ਨੂੰ ‘ਸਾਕਾ’ ਕਿਹਾ ਜਾਂਦਾ ਹੈ ਤਾਂ ਉਸ ਦੀ ਸਭ ਤੋਂ ਵੱਡੀ ਮਹੱਤਤਾ ਇਹ ਹੈ ਕਿ ਮਾਸੂਮ ਬੱਚਿਆਂ ਨੂੰ ਇਸਲਾਮ ਧਰਮ ਕਬੂਲ ਕਰਨ ਦੇ ਇਨਕਾਰ ਵਜੋਂ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ।

     ਇਉਂ ਕਿਸੇ ਭੂਚਾਲ, ਮਹਾਂਮਾਰੀ, ਰਾਜਸੀ ਲੜਾਈ ਜਾਂ ਆਪਸੀ ਦੁਸ਼ਮਣੀ ਵਿੱਚ ਮਾਰੇ ਗਏ ਲੋਕਾਂ ਦੀ ਘਟਨਾ ਨੂੰ (ਭਾਵੇਂ ਉਹ ਕਿੰਨੀ ਵੀ ਭਿਆਨਕ ਅਤੇ ਦਰਦਨਾਕ ਕਿਉਂ ਨਾ ਹੋਵੇ) ਸਾਕਾ ਨਹੀਂ ਕਿਹਾ ਜਾ ਸਕਦਾ; ਕਿਉਂਕਿ ਜਿੰਨਾ ਚਿਰ ਕੋਈ ਧਰਮ ਆਪਣੇ ਅਕੀਦੇ, ਵਿਸ਼ਵਾਸ ਅਤੇ ਸ਼ਰਧਾ ਵਿੱਚ ਕਿਸੇ ਦੁਖਦਾਈ ਘਟਨਾ ਦੇ ਇਤਿਹਾਸਿਕ ਦੁੱਖ ਦਰਦ ਨੂੰ ਮਨੁੱਖੀ ਸੋਚ ਦਾ ਹਿੱਸਾ ਨਹੀਂ ਬਣਾ ਲੈਂਦਾ, ਓਨਾ ਚਿਰ ਕੋਈ ਘਟਨਾ ਲੰਮਾ ਸਮਾਂ ਅਵਚੇਤਨ ਦਾ ਹਿੱਸਾ ਨਹੀਂ ਬਣ ਕੇ ਰਹਿ ਸਕਦੀ, ਅਤੇ ਜੇਕਰ ਕੋਈ ਘਟਨਾ ਮਨੁੱਖੀ ਅਵਚੇਤਨ ਦਾ ਹਿੱਸਾ ਨਾ ਬਣ ਸਕੇ, ਉਹ ਗਾਇਕੀ ਦੀ ਕੋਟੀ ਵਿੱਚ ਨਹੀਂ ਆ ਸਕਦੀ ਅਤੇ ਜਿਹੜਾ ਪ੍ਰਸੰਗ ਗਾਇਆ ਨਾ ਜਾ ਸਕੇ ਅਤੇ ਲੋਕ-ਸਮੂਹ ਵੱਲੋਂ ਪ੍ਰਵਾਨ ਨਾ ਕੀਤਾ ਜਾਵੇ, ਉਹ ਸਾਕਾ ਨਹੀਂ ਅਖਵਾ ਸਕਦਾ। ਸੋ ਇਉਂ :

- ਸਾਕਾ ਕਿਸੇ ਵੱਡੀ, ਦੁਖਦਾਈ ਅਤੇ ਇਤਿਹਾਸਕ ਘਟਨਾ ਨੂੰ ਕਹਿੰਦੇ ਹਨ, ਜਿਸ ਦੀ ਪੀੜਾ ਅਤੇ ਦਰਦ ਲੋਕਾ ਦੀ ਪੀੜਾ ਅਤੇ ਦਰਦ ਬਣ ਗਿਆ ਹੋਵੇ।

-    ਸਾਕਾ ਕਾਵਿ-ਛੰਦ ਵਿੱਚ ਲਿਖੀ ਕਿਸੇ ਉਸ ਰਚਨਾ ਨੂੰ ਕਹਿੰਦੇ ਹਨ, ਜਿਸ ਦੇ ਇਤਿਹਾਸਿਕ ਵੇਰਵਿਆਂ ਨੂੰ ਗਾਉਣ ਸਮੇਂ, ਕਰੁਣਾ ਅਤੇ ਬੀਰ-ਰਸ ਦੀ ਉਤਪਤੀ ਹੁੰਦੀ ਹੈ।

-    ਸਾਕਾ ਉਸ ਘਟਨਾ ਨੂੰ ਕਿਹਾ ਜਾਂਦਾ ਹੈ, ਜਿਸ ਦੀ ਕੁਰਬਾਨੀ ਅਤੇ ਬਹਾਦਰੀ ਕਿਸੇ ਧਾਰਮਿਕ ਸੁੱਚਤਾ ਦੇ ਬਲ ਨਾਲ ਸੰਬੰਧਿਤ ਹੋਵੇ।

-    ਸਾਕਾ ਕਿਸੇ ਅਜਿਹੀ ਕੁਰਬਾਨੀ ਅਤੇ ਬਹਾਦਰੀ ਨੂੰ ਕਿਹਾ ਜਾਂਦਾ ਹੈ, ਜੋ ਕਿਸੇ ਕੌਮ ਦੇ ਗੌਰਵ ਨੂੰ ਉੱਚਿਆਂ ਕਰਨ ਵਾਲੀ ਹੋਵੇ।

-        ਸਾਕੇ ਦੀ ਛੰਦ-ਬਧ ਰਚਨਾ ਢਾਡੀਆਂ ਅਤੇ ਕਵੀਸ਼ਰਾਂ ਵੱਲੋਂ ਗਾਏ ਜਾਣ ਦੇ ਅਨੁਕੂਲ ਹੋਵੇ ਅਤੇ ਕੁਰਬਾਨ ਹੋਏ ਯੋਧੇ ਨਾਇਕਾਂ ਦੀ ਕੀਰਤੀ ਜਸ ਤੇ ਕੇਂਦਰਿਤ ਹੋਵੇ। ਅਜਿਹੇ ਕੁਝ ਤੱਤ ਅਤੇ ਵਿਸ਼ੇਸ਼ਤਾਈਆਂ ‘ਸਾਕੇ’ ਵਿੱਚ ਹੋਣੀਆਂ ਬਹੁਤ ਜ਼ਰੂਰੀ ਹਨ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਾਕਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਕਾ (ਨਾਂ,ਪੁ) ਇਤਿਹਾਸ ਵਜੋਂ ਪ੍ਰਸਿੱਧ ਕਾਰਨਾਮੇ ਵਾਲੀ ਘਟਨਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਕਾ [ਨਾਂਪੁ] ਅਜਿਹਾ ਕਾਰਨਾਮਾ ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਯੋਗ ਹੋਵੇ, ਮਾਰ੍ਹਕੇ ਦੀ ਘਟਨਾ, ਇੱਕ ਕੌਮ ਜਿਸਨੇ 140 ਈ. ਪੂ. ਅਤੇ 130 ਈ. ਪੂ. ਵਿਚਕਾਰ ਹਿੰਦੁਸਤਾਨ ਉੱਤੇ ਹਮਲਾ ਕੀਤਾ ਅਤੇ ਫਿਰ ਇੱਥੇ ਹੀ ਵਸ ਗਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਕਾ. ਸ਼ਕ ਸੰਮਤ , ਜੋ ਸ਼ਾਲਿਵਾਹਨ ਨੇ ਚਲਾਇਆ ਅਤੇ ਸਨ ਈਸਵੀ ਤੋਂ ੭੮ ਵਰ੍ਹੇ ਪਿੱਛੋਂ ਸ਼ੁਰੂ ਹੋਇਆ. ਦੇਖੋ, ਸਾਲਿਵਾਹਨ। ੨ ਕੋਈ ਐਸਾ ਕਰਮ , ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ. “ਧਰਮਹੇਤ ਸਾਕਾ ਜਿਨ ਕੀਆ.” (ਵਿਚਿਤ੍ਰ) ੩ ਸੰ. ਸ਼ਾਕਾ. ਹਰੜ. ਹਰੀਤਕੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5722, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਕਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਾਕਾ ਸਕਾਂ। ਵੇਖੋ ਸਾਕਉ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਾਕਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਕਾ, ਪੁਲਿੰਗ : ਇੱਕ ਕੌਮ ਜਿਸ ਨੇ ਹਿੰਦੁਸਤਾਨ ਤੇ ੧੪੦ ਤੇ ੧੩੦ ਈ. ਪੂ. ਵਿਚਕਾਰ ਹਮਲਾ ਕੀਤਾ ਸੀ ਤੇ ਫੇਰ ਏਥੇ ਹੀ ਵਸ ਗਈ ਸੀ

–ਸਾਕਾ ਸੰਮਤ, ਪੁਲਿੰਗ : ਇੱਕ ਸੰਮਤ ਜੋ ਮਹਾਰਾਜਾ ਸਲਵਾਨ ਤੋਂ ਚੱਲਿਆ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-02-09-05, ਹਵਾਲੇ/ਟਿੱਪਣੀਆਂ:

ਸਾਕਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਕਾ, ਪੁਲਿੰਗ : ੧. ਕੋਈ ਐਸਾ ਕੰਮ ਜਾਂ ਕਾਰਨਾਮਾ ਜੋ ਇਤਿਹਾਸ ਵਿੱਚ ਪਰਸਿੱਧ ਰਹਿਣ ਲਾਇਕ ਹੋਵੇ, ਮਾਰ੍ਹਕੇ ਦੀ ਘਟਨਾ, ਸੰਮਤ ਕਾਇਮ ਕਰ ਦੇਣ ਵਾਲਾ ਵਾਕਿਆ, ਜੁਰਤ ਅਰ ਬਹਾਦਰੀ ਦਾ ਕੰਮ ਜਿਸ ਦੀਆਂ ਵਾਰਾਂ ਬਣ ਜਾਣ

–ਸਾਕਾ ਕਰਨਾ, ਮੁਹਾਵਰਾ : ੧. ਬਹਾਦਰੀ ਦੇ ਕੰਮ ਕਰ ਕੇ ਜਸ ਖੱਟਣਾ; ੨. ਕੋਈ ਜੁਧ ਕਰਨਾ, ਲੜਾਈ ਕਰਨਾ, ਜਾਨ ਹੀਲਣਾ

–ਸਾਕਾ ਬੀਤਣਾ, ਮੁਹਾਵਰਾ : ਕੋਈ ਕਾਰਾ ਹੋ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-02-09-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.