ਸਿਕੰਦਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਕੰਦਰਾ : ਆਗਰੇ ਦੇ ਉੱਤਰ ਵੱਲ ਲਗਪਗ 8 ਕਿਲੋਮੀਟਰ ਜਰਨੈਲੀ ਸੜਕ ਤੇ ਇਕ ਕਸਬਾ ਹੈ। ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਦੂਖ ਨਿਵਾਰਨ ਗੁਰੂ ਕਾ ਤਾਲ ਜੋ ਆਮ ਕਰਕੇ ਗੁਰਦੁਆਰਾ ‘ਗੁਰੂ ਕਾ ਤਾਲ’ ਕਰਕੇ ਪ੍ਰਸਿੱਧ ਹੈ ਸਿੰਕਦਰਾ ਤੋਂ ਆਗਰਾ ਵੱਲ ਲਗਪਗ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਤਿਹਾਸਕਾਰਾਂ ਨੇ ਇਹ ਪਰੰਪਰਾ ਸੰਭਾਲ ਕੇ ਰੱਖੀ ਹੋਈ ਹੈ ਕਿ ਸਿਕੰਦਰਾ ਦੇ ਨੇੜੇ ਕਨਕਰੇਟਾ ਨਾਂ ਦੇ ਪਿੰਡ ਵਿਚ ਇਕ ਗ਼ਰੀਬ ਬਿਰਧ ਹਸਨ ਅਲੀ ਨਾਂ ਦਾ ਚਰਵਾਹਾ ਰਹਿੰਦਾ ਸੀ। ਇਸ ਦੀ ਵਿਆਹੁਣ ਯੋਗ ਉਮਰ ਦੀਆਂ ਦੋ ਧੀਆਂ ਸਨ ਪਰੰਤੂ ਇਸ ਕੋਲ ਸਾਧਨ ਨਹੀਂ ਸਨ ਕਿ ਇਹਨਾਂ ਦਾ ਵਿਆਹ ਕਰ ਸਕੇ। ਇਸ ਗੱਲ ਦੀ ਇਸ ਨੂੰ ਨਿਰੰਤਰ ਚਿੰਤਾ ਲੱਗੀ ਰਹਿੰਦੀ ਸੀ। ਇਕ ਦਿਨ ਇਸ ਨੇ ਸੁਣਿਆ ਕਿ ਬਾਦਸ਼ਾਹ ਦਾ ਹੁਕਮ ਹੈ ਜਿਹੜਾ ਗੁਰੂ ਤੇਗ਼ ਬਹਾਦਰ ਨੂੰ ਫੜਾਏਗਾ ਉਸ ਨੂੰ ਇਨਾਮ ਦਿੱਤਾ ਜਾਏਗਾ। ਇਸ ਦੇ ਮਨ ਵਿਚ ਖ਼ਿਆਲ ਆਇਆ ਕਿ ਜੇਕਰ ਇਸ ਨੂੰ ਇਹ ਪੈਸਾ ਮਿਲ ਜਾਏ ਤਾਂ ਇਹ ਇਸ ਸਾਲ ਆਪਣੀਆਂ ਧੀਆਂ ਦੀ ਸ਼ਾਦੀ ਕਰ ਸਕੇਗਾ। ਇਹ ਪ੍ਰਾਰਥਨਾ ਵਿਚ ਗੋਡੇ ਭਾਰ ਹੋ ਗਿਆ। ਕਿਹਾ ਜਾਂਦਾ ਹੈ ਕਿ ਗੁਰੂ ਤੇਗ਼ ਬਹਾਦਰ ਜੋ ਉਸ ਸਮੇਂ ਸਬੱਬ ਨਾਲ ਆਗਰੇ ਵਿਚ ਹੀ ਸਨ ਘੋੜੇ ਤੇ ਚੜ੍ਹ ਕੇ ਸਿਕੰਦਰਾ ਪਹੁੰਚੇ ਜਿਥੇ ਹਸਨ ਅਲੀ ਆਪਣੇ ਡੰਗਰਾਂ ਨੂੰ ਚਾਰ ਰਿਹਾ ਸੀ ਅਤੇ ਉਸ ਕੋਲ ਜਾ ਉਤਰੇ। ਗੁਰੂ ਜੀ ਨੇ ਹਸਨ ਅਲੀ ਨੂੰ ਦੱਸਿਆ ਕਿ ਉਹਨਾਂ ਨੂੰ ਭੁੱਖ ਲੱਗੀ ਹੋਈ ਹੈ। ਉਹਨਾਂ ਨੇ ਉਸ ਨੂੰ ਇਕ ਨਗ ਜੜੀ ਮੁੰਦਰੀ ਅਤੇ ਇਕ ਕੀਮਤੀ ਸ਼ਾਲ ਦੇ ਕੇ ਕਿਹਾ ਕਿ ਇਸ ਮੁੰਦਰੀ ਬਦਲੇ ਉਹ ਸ਼ਹਿਰ ਵਿਚੋਂ ਉਹਨਾਂ ਲਈ ਕੁਝ ਮਠਿਆਈ ਲੈ ਕੇ ਆਵੇ। ਜਦੋਂ ਹਸਨ ਅਲੀ ਨੇ ਹਲਵਾਈ ਨੂੰ ਮੁੰਦਰੀ ਦਿੱਤੀ ਅਤੇ ਮਠਿਆਈ ਪਾਉਣ ਲਈ ਸ਼ਾਲ ਵਿਛਾਇਆ ਤਾਂ ਹਲਵਾਈ ਨੂੰ ਦੇਖ ਕੇ ਸ਼ੱਕ ਹੋ ਗਿਆ ਅਤੇ ਉਸ ਨੇ ਸ਼ਹਿਰ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ। ਇਸ ਨਾਲ ਗੁਰੂ ਤੇਗ਼ ਬਹਾਦਰ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰੰਤੂ ਹਸਨ ਅਲੀ ਤੋਂ ਵਿਦਾ ਹੋਣ ਤੋਂ ਪਹਿਲਾਂ ਉਹਨਾਂ ਨੇ ਹਸਨ ਅਲੀ ਨੂੰ ਆਪਣਾ ਇਨਾਮ ਲੈਣ ਲਈ ਯਾਦ ਕਰਾਇਆ ਅਤੇ ਕਿਹਾ ਕਿ ਉਹ ਇਸ ਨਾਲ ਆਪਣੀਆਂ ਧੀਆਂ ਦਾ ਨਿਕਾਹ ਕਰ ਦੇਵੇ

    ਜਿਥੋਂ ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਇਸ ਜਗ੍ਹਾ ਤੇ ਗੁਰੂ ਜੀ ਦੀ ਯਾਦ ਵਿਚ ਇਕ ਯਾਦਗਾਰੀ ਥੜ੍ਹਾ ਬਣਾਇਆ ਗਿਆ ਸੀ। ਪਰੰਤੂ ਇਹ ਥੜ੍ਹਾ ਉਦੋਂ ਤਕ ਅਣਗੌਲਿਆ ਪਿਆ ਰਿਹਾ ਜਦੋਂ ਤੱਕ ਕਿ 1956 ਵਿਚ ਆਗਰੇ ਦੇ ਸਿੱਖਾਂ ਨੇ ਇਸ ਨੂੰ ਦੁਬਾਰਾ ਨਾ ਲੱਭ ਲਿਆ। ਇਨ੍ਹਾਂ ਸਿੱਖਾਂ ਨੇ ਹੀ ਇਥੇ ਛੋਟਾ ਜਿਹਾ ਗੁਰਦੁਆਰਾ ਬਣਾ ਦਿੱਤਾ। 1970 ਵਿਚ ਸੰਤ ਸਾਧੂ ਸਿੰਘ ਮੌਨੀ ਨੇ ਇਸ ਦੀ ਇਮਾਰਤ ਨੂੰ ਦੁਬਾਰਾ ਬਣਾਉਣਾ ਅਰੰਭ ਕੀਤਾ। ਪਿੱਛੋਂ ਇਥੇ ਇਕ ਸ਼ਾਨਦਾਰ ਅਤੇ ਵੱਡੀ ਇਮਾਰਤ ਬਣਾਈ ਗਈ ਹੈ। ਇਕ ਵਰਗਾਕਾਰ ਹਾਲ ਅੰਦਰ ਸੰਗਮਰਮਰ ਦੀ ਛਤਰਦਾਰ ਪਾਲਕੀ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪਾਂ ਦਾ ਨਾਲ ਨਾਲ ਪ੍ਰਕਾਸ਼ ਕੀਤਾ ਜਾਂਦਾ ਹੈ। ਹਾਲ ਦੀ ਉਪਰਲੀ ਛੱਤ ਉੱਤੇ ਇਸ ਦੇ ਕੇਂਦਰ ਵਿਚ ਕੰਵਲ ਦੇ ਆਕਾਰ ਦਾ ਇਕ ਗੁੰਬਦ ਹੈ ਅਤੇ ਹਰ ਕੋਨੇ ਵਿਚ ਛੋਟੇ ਛੋਟੇ ਚਾਰ ਗੁੰਬਦ ਬਣੇ ਹੋਏ ਹਨ ਜਿਨ੍ਹਾਂ ਉੱਤੇ ਸੁਨਹਿਰੀ ਕਲਸ ਲੱਗੇ ਹੋਏ ਹਨ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 767, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.