ਸਿੱਖਿਆ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿੱਖਿਆ : ‘ਸਿੱਖਿਆ` ਦੇ ਬੁਨਿਆਦੀ ਅਰਥ ਹਨ ਕਿਸੇ ਨੂੰ ਅਜਿਹੀ ਸਿੱਖਿਆ ਜਾਂ ਉਪਦੇਸ਼ ਦੇਣਾ ਜਿਸ ਨਾਲ ਜੀਵਨ-ਢੰਗ ਜਾਂ ਚੱਜ-ਵਿਹਾਰ ਉੱਚਾ ਹੋ ਸਕੇ। ਸਾਹਿਤ ਦੇ ਖੇਤਰ ਵਿੱਚ ਇਹ ਇੱਕ ਅਜਿਹਾ ਕਾਵਿ-ਰੂਪ ਹੈ ਜੋ ਵਿਆਹੁਲੀ ਲੜਕੀ ਲਈ ਵਿਸ਼ੇਸ਼ ਤੌਰ ਤੇ ਰਚਿਆ ਜਾਂਦਾ ਹੈ। ਇਹ ਕਾਵਿ-ਰੂਪ ਵਿਆਹੁਲੀ ਲੜਕੀ ਦੇ ਵਿਆਹ ਦੇ ਮੌਕੇ ਲਾਵਾਂ ਫੇਰਿਆਂ ਤੋਂ ਬਾਅਦ ਗਾਇਨ ਕੀਤਾ ਜਾਂਦਾ ਹੈ। ਧੇਤੇ (ਧੀ ਵਾਲੀ ਧਿਰ)/ਪੁਤੇਤੇ (ਪੁੱਤ ਵਾਲੀ ਧਿਰ) ਬੜੇ ਧਿਆਨ ਅਤੇ ਸ਼ਰਧਾ ਨਾਲ ਸਿੱਖਿਆ ਸੁਣਦੇ ਹਨ। ਇਸ ਕਾਵਿ ਵੰਨਗੀ ਦਾ ਨਿਭਾਉ ਸਥਾਨ ਵਿਆਹੁਲੀ ਕੁੜੀ ਦਾ ਘਰ ਹੁੰਦਾ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਪੂਰੀ ਤਰ੍ਹਾਂ ਵਿਆਹੁਲੀ ਕੁੜੀ ਨੂੰ ਹੀ ਸੰਬੋਧਿਤ ਹੋਇਆ ਜਾਂਦਾ ਹੈ।

     ਪਾਠੀ ਸਿੰਘ ਵੱਲੋਂ ਅਨੰਦ ਪੜ੍ਹਾ ਕੇ ਵਿਆਹ ਦੀ ਰਸਮ ਨੂੰ ਧਾਰਮਿਕ ਪੱਖੋਂ ਸੰਪੂਰਨ ਕਰਨ ਉਪਰੰਤ ਕੁੜੀ ਵਾਲੀ ਧਿਰ ਵੱਲੋਂ ਕੋਈ ਲੜਕੀ (ਛੋਟੀ ਭੈਣ/ਸਹੇਲੀ) ਸਿੱਖਿਆ ਪੜ੍ਹਦੀ ਜਾਂ ਗਾਉਂਦੀ ਹੈ। ਕਈ ਵਾਰੀ ਲੜਕੀ ਦਾ ਭਰਾ ਜਾਂ ਪਾਠੀ ਸਿੰਘ/ਗੁਰਦੁਆਰੇ ਦਾ ਭਾਈ ਜੀ ਕੁੜੀ ਨੂੰ ਸਿੱਖਿਆ ਦੇ ਦਿੰਦੇ ਹਨ। ਵਾਜੇ ਤੇ ਪਾਠੀ ਸਿੰਘ ਜਾਂ ਗੁਰਦੁਆਰੇ ਦੇ ਭਾਈ ਜੀ ‘ਸਿੱਖਿਆ`, ‘ਬਾਬੀ ਦੀ ਸਿੱਖਿਆ ਸੁਣ ਲੈ ਧੀਏ ਪਿਆਰੀਏ` ਦੀ ਦਰਦਨਾਕ ਸੁਰ ਸੁਣ ਕੇ ਸਭ ਦੀਆਂ ਅੱਖਾਂ ਚੋਂ ਮਮਤਾ ਦੇ ਹੰਝੂ ਵਗਣ ਲੱਗ ਪੈਂਦੇ ਹਨ। ਸਿੱਖਿਆ ਪੜ੍ਹਨ, ਲਿਖਣ ਤੇ ਗਾਉਣ ਵਾਲੇ ਨੂੰ ਸਿੱਖਿਆਕਾਰ ਕਿਹਾ ਜਾਂਦਾ ਹੈ। ਮਾਲਵੇ ਦੇ ਇਲਾਕੇ ਖ਼ਾਸ ਕਰ ਕੇ ਫਿਰੋਜ਼ਪੁਰ ਵਿੱਚ ਕੁੜੀ ਦੇ ਜੀਜੇ ਵੱਲੋਂ ਵੀ ਸਿੱਖਿਆ ਪੜ੍ਹ ਦਿੱਤੀ ਜਾਂਦੀ ਹੈ। ਕਈ ਪੇਸ਼ਾਵਰ ਵਿਅਕਤੀ ਵੀ ਸਿੱਖਿਆ ਜਾਂ ਸਿਹਰੇ ਲਿਖਣ ਤੇ ਪੜ੍ਹਨ ਦਾ ਕਾਰਜ ਕਰਦੇ ਹਨ। ਕਈ ਵਾਰ ਉਹਨਾਂ ਪੇਸ਼ਾਵਰ ਵਿਅਕਤੀਆਂ ਜਾਂ ਕਵੀਸ਼ਰਾਂ ਨੂੰ ਵੀ ਸਿੱਖਿਆ ਪੜ੍ਹਨ ਲਈ ਬੁਲਾ ਲਿਆ ਜਾਂਦਾ ਹੈ।

     ਇਸ ਕਾਵਿ-ਰੂਪ ਦਾ ਭਾਵੁਕਤਾ ਨਾਲ ਜ਼ਿਆਦਾ ਸੰਬੰਧ ਹੁੰਦਾ ਹੈ। ਇਹ ਨਾਇਕਾ ਪ੍ਰਧਾਨ ਰਚਨਾ ਹੁੰਦੀ ਹੈ ਪਰ ਇਸ ਵਿੱਚ ਨਾਇਕਾ ਦੀ ਖ਼ੂਬਸੂਰਤੀ ਨੂੰ ਵਧਾਉਣ ਵਾਲੀਆਂ ਚੀਜ਼ਾਂ/ਵਸਤਾਂ/ਸ਼ਿੰਗਾਰ ਦੇ ਸਮਾਨ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਸਗੋਂ ਰਿਸ਼ਤਿਆਂ ਦੀ ਭਾਵੁਕ ਸਾਂਝ ਦਾ ਜ਼ਿਆਦਾ ਇਜ਼ਹਾਰ ਹੁੰਦਾ ਹੈ। ਇਸ ਕਰ ਕੇ ਸਿੱਖਿਆ ਦੇ ਨਿਭਾਉ ਸਮੇਂ ਹਾਜ਼ਰ ਵਿਅਕਤੀਆਂ ਵਿੱਚੋਂ ਬਹੁਤੇ ਜਣਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਸਿੱਖਿਆ ਪੜ੍ਹਨ ਵਾਲਾ ਜੇ ਕੁੜੀ ਦਾ ਵੀਰ ਹੋਵੇ ਤਾਂ ਉਸ ਵੱਲੋਂ ਭੈਣ ਨੂੰ ਸਿੱਖਿਆ ਹੋਰ ਸ਼ਬਦਾਂ ਵਿੱਚ ਦਿੱਤੀ ਜਾਂਦੀ ਹੈ ਤੇ ਜੇ ਭੈਣ ਹੋਵੇ ਤਾਂ ਹੋਰ ਸ਼ਬਦਾਂ ਵਿੱਚ ਪਰੰਤੂ ਦੋਵਾਂ ਦੀ ਸਿੱਖਿਆ ਦਾ ਮਨੋਰਥ ਵਿਆਹੁਲੀ ਨੂੰ ਉੱਚਾ-ਸੁੱਚਾ ਚੱਜ-ਵਿਹਾਰ ਅਪਣਾਉਣ ਤੇ ਸਹੁਰੇ ਪਰਿਵਾਰ ਵਿੱਚ ਹਰ ਜੀਅ ਨਾਲ ਪਿਆਰ ਮੁਹੱਬਤ ਨਾਲ ਪੇਸ਼ ਆਉਣ ਦੀ ਸਿੱਖਿਆ ਦੇਣਾ ਹੁੰਦਾ ਹੈ।

     ‘ਸਿੱਖਿਆ` ਰਾਹੀਂ ਧੀ ਦੇ ਮਾਪਿਆਂ ਵੱਲੋਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਕੋਲ ਧੀ ਨੂੰ ਦੇਣ ਲਈ ਨੇਕ ਵਿਚਾਰ, ਸ਼ੁਭ ਅਸੀਸਾਂ ਜਿਵੇਂ ਸੁਹਾਗਣ ਭਾਗਣ ਰਹਿਣ ਦੀ ਅਸੀਸ, ਹੰਝੂ ਅਤੇ ਪਿਆਰ ਤੋਂ ਸਿਵਾ ਹੋਰ ਕੁਝ ਨਹੀਂ ਹੈ। ਭਾਵੇਂ ਉਹ ਧੀ ਨੂੰ ਪੁੱਤਰਾਂ ਵਾਂਗ ਲਾਡ ਪਿਆਰ ਨਾਲ ਪਾਲ ਪੋਸ ਕੇ ਵੱਡੀ ਕਰਦੇ ਹਨ ਪਰ ਉਹਨਾਂ ਦੀ ਧੀ ਹੁੰਦੀ ਕਿਸੇ ਹੋਰ ਦੀ ਅਮਾਨਤ ਹੈ। ਜਿਸ ਤਰ੍ਹਾਂ ਫੁੱਲਾਂ ਵਿੱਚ ਸਦਾ ਖ਼ੁਸ਼ਬੋ ਨਹੀਂ ਰਹਿ ਸਕਦੀ, ਉਸੇ ਤਰ੍ਹਾਂ ਧੀ ਵੀ ਸਦਾ ਮਾਪਿਆਂ ਕੋਲ ਨਹੀਂ ਰਹਿ ਸਕਦੀ। ਇਸ ਲਈ ਉਸਨੂੰ ਨਿਮਾਣੀ ਗਾਂ ਵਾਂਗ ਜਿੱਧਰ ਜੀ ਕਰਦਾ ਹੈ, ਤੋਰ ਦਿੱਤਾ ਜਾਂਦਾ ਹੈ। ਜਿਸ ਧੀ ਨੂੰ ਮਾਪੇ ਰੋਂਦੀ ਨਹੀਂ ਸਨ ਵੇਖ ਸਕਦੇ, ਉਸ ਨੂੰ ਰੋਂਦੀ ਨੂੰ ਡੋਲੀ ਪਾ ਦਿੱਤਾ ਜਾਂਦਾ ਹੈ। ਧੀ ਨੂੰ ਇਹ ਇਹਸਾਸ ਕਰਵਾਇਆ ਜਾਂਦਾ ਹੈ ਕਿ ਜਿਸ ਨਾਲ ਉਸ ਦੇ ਸੰਜੋਗ ਲਿਖੇ ਹਨ ਉਸ ਦੇ ਲੜ ਲਾਇਆ ਜਾ ਰਿਹਾ ਹੈ :

ਪਿਆਰੇ ਪਤੀ ਦੇ ਲੜ ਲਾ ਕੇ

            ਵੱਖਰੀ ਦੁਨੀਆਂ ਵਸਾ ਰਹੇ ਆਂ।

     ਉਸ ਨੂੰ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਜਿਹੜੇ ਮਾਪੇ ਉਸ ਨੂੰ ਵਿਆਹ ਕੇ ਲਿਜਾ ਰਹੇ ਹਨ, ਉਹੀ ਉਸ ਦੇ ਅਸਲੀ ਮਾਪੇ ਹਨ। ਇਸ ਲਈ ਉਸ ਨੂੰ ਸਹੁਰੇ ਘਰ ਨੂੰ ਅਸਲੀ ਘਰ ਸਮਝਣ ਅਤੇ ਪਤੀ ਨੂੰ ਭਗਵਾਨ ਸਮਝ ਕੇ ਪੂਜਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਮਾਪਿਆਂ ਦੇ ਖ਼ਾਨਦਾਨ ਦੀ ਸ਼ਾਨ ਰੱਖਣ ਤੇ ਪਰਿਵਾਰ ਦੀ ਲੱਜ ਰੱਖਣ ਲਈ ਕਿਹਾ ਜਾਂਦਾ ਹੈ। ਕਈ ਵਾਰ ਸਿੱਖਿਆ ਰਾਹੀਂ ਲੜਕੀ ਵਿੱਚ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਕਰਨ ਦਾ ਯਤਨ ਕੀਤਾ ਜਾਂਦਾ ਹੈ :

ਤੂੰ ਪੁਜਾਰਨ ਤੇ ਉਹ ਭਗਵਾਨ ਤੇਰਾ

ਉਹਦੇ ਚਰਨਾਂ `ਚ ਵਕਤ ਗੁਜ਼ਾਰਦੀ ਰਹੀਂ।

ਉਸ ਘਰ ਨੂੰ ਆਪਣਾ ਘਰ ਸਮਝੀਂ

ਸਹੁਰਾ ਬਾਪ ਤੇ ਸੱਸ ਨੂੰ ਮਾਈ ਸਮਝੀਂ।

ਭੈਣਾਂ ਵਾਂਗ ਨਨਾਣਾਂ ਨੂੰ ਸਮਝਣਾ ਏਂ

ਦਿਉਰਾਂ ਜੇਠਾਂ ਨੂੰ ਆਪਣੇ ਭਾਈ ਸਮਝੀਂ।

ਭਾਰਤ ਮਾਂ ਦੀ ਗੋਦ `ਚ ਪਲੀਏ ਤੂੰ

ਦਿਲ `ਚ ਵਤਨ ਦੀ ਇੱਜ਼ਤ ਸਮਾਈ ਸਮਝੀਂ।

ਕਿਤੇ ਦੇਸ਼ ਨੂੰ ਪਵੇ ਜੇ ਲੋੜ ਤੇਰੀ

            ਆਪਣੇ ਦੇਸ਼ ਦੀ ਲੱਛਮੀ ਬਾਈ ਸਮਝੀਂ।

     ਰਸਮਾਂ ਨਾਲ ਬੱਝੇ ਹੱਥ ਥੀ ਨੂੰ ਡੋਲੀ ਬਿਠਾਉਣ ਲਈ ਮਜਬੂਰ ਹੁੰਦੇ ਹਨ। ਦੁਨੀਆਂ ਵੱਲੋਂ ਬਣਾਈ ਇਹ ਰੀਤ ਨੂੰ ਪੂਰਾ ਕਰਨ ਦੀ ਮਜਬੂਰੀ ਦਾ ਪ੍ਰਗਟਾਵਾ ਇਸ ਕਾਵਿ- ਰੂਪ ਵਿੱਚੋਂ ਨਜ਼ਰ ਆਉਂਦਾ ਹੈ।ਇਸ ਲਈ ਲੋਕਾਂ ਵੱਲੋਂ ਇਸ ਰਿਵਾਜ ਨੂੰ ਪੁਰਾਣਾ ਅਤੇ ਦੁੱਖ ਭਰਿਆ ਰਿਵਾਜ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਰੀਤ ਨੂੰ ਤਾਂ ਰਾਜੇ-ਰੰਕ ਸਭ ਨਿਭਾਉਂਦੇ ਆਏ ਹਨ ਭਾਵ ਆਪਣੀਆਂ ਧੀਆਂ ਨੂੰ ਸਭ ਵਿਦਾ ਕਰਦੇ ਆਏ ਹਨ। ਸੋ ਉਹ ਵੀ ਇਹ ਰੀਤ ਨਿਭਾ ਰਹੇ ਹਨ।‘ਸਿੱਖਿਆ` ਵਿੱਚ ਧੀ ਨੂੰ ਆਪਣੀ ਮਜਬੂਰੀ ਦਾ ਇਹਸਾਸ ਕਰਵਾਉਣ ਲਈ ਕਦੇ ਉਹ ਰਾਜੇ ਜਨਕ ਦੀ ਉਦਾਹਰਨ ਦਿੰਦੇ ਹਨ ਜਿਸ ਨੇ ਆਪਣੀ ਧੀ ਸੀਤਾ ਨੂੰ ਵਿਦਾ ਕੀਤਾ ਸੀ ਅਤੇ ਕਦੇ ਮਹਿਤਾ ਕਾਲੂ ਦੀ, ਜਿਸ ਨੇ ਬੀਬੀ ਨਾਨਕੀ ਨੂੰ ਵਿਦਾ ਕੀਤਾ ਸੀ। ਉਹ ਧੀ ਅੱਗੇ ਇਸੇ ਬੇਵਸੀ ਦਾ ਇਜ਼ਹਾਰ ਕਰਦੇ ਹਨ ਕਿ ਜੇ ਜੱਗ ਤੇ ਇਹ ਰੀਤ ਨਾ ਚੱਲੀ ਹੁੰਦੀ ਤਾਂ ਕੋਈ ਮਾਂ-ਪਿਉ ਆਪਣੀ ਧੀ ਨੂੰ ਆਪਣੇ ਤੋਂ ਨਾ ਵਿਛੋੜਦਾ। ਆਪਣੇ ਹੱਥੀਂ ਧੀਆਂ ਨੂੰ ਤੋਰਨਾ ਤੇ ਫਿਰ ਉਹਨਾਂ ਦੀ ਜੁਦਾਈ ਦਾ ਸੱਲ ਸਹਿਣਾ ਬੜਾ ਔਖਾ ਹੁੰਦਾ ਹੈ। ਇਸ ਕਰ ਕੇ ਧੀ ਦੀ ਵਿਦਾਈ ਸਮੇਂ ਵੀਰ, ਭੈਣਾਂ ਅਤੇ ਮਾਪਿਆਂ ਤੋਂ ਬਿਨਾਂ ਪੱਥਰ ਦਿਲ ਇਨਸਾਨਾਂ ਦੀਆਂ ਵੀ ਅੱਖਾਂ ਛਲਕਣ ਲੱਗ ਜਾਂਦੀਆਂ ਹਨ :

ਸਾਡਾ ਸੱਖਣਾ ਜਾਨ ਤੋਂ ਜਿਸਮ ਜਾਪੇ,

ਸੁਫਨੇ ਵਾਂਗ ਪਏ ਆਉਣ ਖ਼ਿਆਲ ਬੱਚੀ।

ਕਹੀ ਚੱਲੀ ਏ ਜੱਗ ਦੀ ਚਾਲ ਮੁਢੋਂ,

            ਪਵੇ ਜੁਦਾ ਕਰਨਾ ਪਾਲ-ਪਾਲ ਬੱਚੀ।

     ‘ਸਿੱਖਿਆ` ਵਿੱਚ ਆਪਣੇ ਵਿਹੜੇ ਦੀ ਰੌਣਕ ਭਾਵ ਲੜਕੀ ਨੂੰ ਇਹ ਪ੍ਰੇਰਨਾ ਵੀ ਦਿੱਤੀ ਜਾਂਦੀ ਹੈ ਕਿ ਇਹ ਵੇਲਾ ਭੈਣ-ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਛੱਡ ਕੇ ਪਰਾਏ ਦੇਸ ਜਾਣ ਦਾ ਹੈ। ਇਸ ਲਈ ਉਹ ਆਪਣਾ ਦਿਲ ਤਕੜਾ/ਵੱਡਾ ਜੇਰਾ ਕਰ ਲਵੇ। ਸਹੁਰੇ ਘਰ ਜਾ ਕੇ ਸ਼ੁਭ ਗੁਣਾਂ ਨੂੰ ਅਪਣਾਵੇ। ਸੱਸ, ਸਹੁਰੇ, ਪਤੀ, ਨਨਾਣਾਂ, ਜੇਠ- ਜਿਠਾਣੀਆਂ, ਦਿਉਰ-ਦਰਾਣੀਆਂ ਤੇ ਹੋਰ ਵਡੇਰੇ ਰਿਸ਼ਤੇਦਾਰਾਂ ਦਾ ਆਦਰ ਸਤਿਕਾਰ ਕਰੇ ਅਤੇ ਪਿਆਰ ਮੁਹੱਬਤ ਨਾਲ ਪੇਸ਼ ਆਵੇ ਤਾਂ ਕਿ ਸਾਰੇ ਉਸ ਦੀ ਉਪਮਾ ਕਰਨ। ਪੇਕੇ ਪਰਿਵਾਰ ਨਾਲੋਂ ਵਿਛੜ ਕੇ ਨਵਾਂ ਪਰਿਵਾਰ ਸਿਰਜੇ।

     ਮਾਂ ਵੱਲੋਂ ਧੀ ਨੂੰ ਇਹ ਦੁਆ ਕੀਤੀ ਜਾਂਦੀ ਹੈ ਕਿ ਉਸ ਦੇ ਘਰ ਵੱਲੋਂ ਹਮੇਸ਼ਾ ਠੰਡੀ ਹਵਾ ਆਵੇ ਅਰਥਾਤ ਉਸ ਨੂੰ ਸਹੁਰੇ ਘਰ ਕੋਈ ਦੁੱਖ-ਤਕਲੀਫ਼ ਨਾ ਹੋਵੇ। ਧੀ ਨੂੰ ਵਿਦਾ ਕਰਦੀ ਉਹ ਛਮ-ਛਮ ਨੀਰ/ਅੱਥਰੂ ਕੇਰਦੀ ਹੈ। ਉਹ ਆਪਣੇ ਮੋਹ ਦੇ ਮੋਤੀ ਰੋ-ਰੋ ਕੇ ਭੇਟ ਕਰਦੀ ਹੈ ਜਿਸ ਦੀ ਗਵਾਹੀ ਸਿੱਖਿਆਕਾਰ ਆਪਣੀ ਸਿੱਖਿਆ ਰਾਹੀਂ ਦਿੰਦਾ ਹੈ:

ਮਾਂ ਵੇਖ ਕੇ ਡੋਲੀ ਡੋਲ ਗਈ,

ਕਿਵੇਂ ਬਾਬਲ ਝੱਲੂ ਜੁਦਾਈਆਂ ਨੀ।

ਇਹ ਧੀਆਂ ਘਰ ਦੀਆਂ ਰੌਣਕਾਂ ਨੇ,

ਹੋ ਜਾਂਦੀਆਂ ਅੰਤ ਪਰਾਈਆਂ ਨੀ।

ਹਾਏ ਰਸਮ ਦੀ ਬੱਧੀ ਤੁਰ ਚੱਲੀ,

            ਦੱਸੋ ਕੇਹੜਾ ਮੋੜ ਲਿਆਵੇ।

     ‘ਸਿੱਖਿਆ` ਵਿੱਚ ਧੀ ਦੇ ਪਿਤਾ ਦੀ ਦਿਲਗੀਰੀ ਰੂਪਮਾਨ ਹੁੰਦੀ ਹੈ। ਉਹ ਸਮਾਜਿਕ ਰਸਮ ਨਿਭਾਉਂਦਾ ਹੋਇਆ ਆਪਣੇ ਵੱਲੋਂ ਉਸ ਦੇ ਸੁਖੀ-ਖ਼ੁਸ਼ਹਾਲ ਜੀਵਨ ਦੀ ਕਾਮਨਾ ਭਰੀ ਅਸੀਸ ਦਿੰਦਾ ਹੈ। ਭੈਣ ਦੇ ਵਿਛੋੜੇ ਵਿੱਚ ਵੀਰ ਦੇ ਕਾਲਜੇ ਸੱਲ ਪੈਂਦੇ ਹਨ। ਵੀਰ ਉਦਾਸ/ ਗ਼ਮਗੀਨ ਹੋਏ ਅੱਥਰੂ ਕੇਰਦੇ ਹਨ ਤੇ ਭੈਣਾਂ ਦੇ ਪਿਆਰ ਨੂੰ ਦਰਸਾਉਂਦੇ ਹਨ। ਵੀਰ ਵੱਲੋਂ ਉਸ ਨੂੰ ਸੁੱਖਾਂ ਲਈ ਦੁਆਵਾਂ ਤੇ ਪੇਕਿਆਂ ਦੀ ਯਾਦ ਨਾ ਆਉਣ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ :

ਜਾ ਮੇਰੀਏ ਭੈਣੇ ਲਾਡਲੀਏ,

ਤੈਨੂੰ ਮੇਰੀ ਉਮਰ ਲੱਗ ਜਾਵੇ।

ਜਿਸ ਘਰ ਵਿੱਚ ਤੇਰਾ ਪੈਰ ਪਵੇ,

ਉੱਥੇ ਦੁਖ ਨਾ ਕਦੀ ਵੀ ਆਵੇ।

ਸਹੁਰੇ ਘਰ ਏਨਾ ਪਿਆਰ ਮਿਲੇ,

            ਤੈਨੂੰ ਭੁੱਲ ਜਾਏ ਪਿਆਰ ਭਰਾਵਾਂ ਦਾ।

     ਸਹੇਲੀਆਂ ਦੀਆਂ ਅੱਖਾਂ ਵਿੱਚੋਂ ਆਪਣੀ ਸਹੇਲੀ ਦੇ ਵਿਛੋੜੇ ਕਾਰਨ ਅੱਥਰੂ ਛਲਕਦੇ ਹਨ। ਉਹ ਉਸ ਨੂੰ ਡਾਰੋਂ ਵਿਛੜੀ ਕੂੰਜ ਨਾਲ ਤੁਲਨਾਉਂਦੀਆਂ ਹਨ ਜਿਸ ਨਾਲ ਫਿਰ ਪਤਾ ਨਹੀਂ ਕਦੋਂ ਮੇਲ ਹੋਣਾ ਹੁੰਦਾ ਹੈ। ਉਹ ਉਸ ਦੇ ਜਾਣ ਤੇ ਤ੍ਰਿੰਞਣਾਂ ਦੇ ਸੁੰਨੇ ਹੋਣ ਦੀ ਗੱਲ ਕਰਦੀਆਂ ਹਨ।

     ਬਹੁਤੇ ਸਿੱਖਿਆ ਲਿਖਣ ਵਾਲਿਆਂ ਨੇ ਧੀਆਂ ਨੂੰ ਪਨੀਰੀ ਵਾਂਗ ਦੱਸਿਆ ਹੈ ਜਿਨ੍ਹਾਂ ਨੂੰ ਇੱਕ ਥਾਂ ਤੋਂ ਪੁੱਟ ਕੇ ਦੂਜੀ ਥਾਂ ਲਗਾਇਆ ਜਾਂਦਾ ਹੈ। ਆਪਣੇ ਹੀ ਖ਼ੂਨ ਨਾਲ ਸਿੰਜੇ ਅਤੇ ਪਾਲ-ਪੋਸ ਕੇ ਵੱਡੇ ਕੀਤੇ ਹੱਡ ਮਾਸ ਦੇ ਪੁਤਲੇ ਨੂੰ ਜਦੋਂ ਆਪਣੇ ਹੱਥੀ ਪਰਾਇਆਂ/ਗ਼ੈਰਾਂ ਨੂੰ ਸੌਂਪਣਾ ਹੁੰਦਾ ਹੈ ਤਾਂ ਉਸ ਵੇਲੇ ਦੇ ਹਾਵ-ਭਾਵ ਸਿੱਖਿਆ ਵਿੱਚ ਇਸ ਤਰ੍ਹਾਂ ਦ੍ਰਿਸ਼ਟੀਗੋਚਰ ਹੁੰਦੇ ਹਨ :

ਧੀਆਂ ਕੀ ਬਣਾਈਆਂ ਬਣਾਉਣ ਵਾਲੇ,

ਪਾਲ ਪੋਸ ਕੇ ਹੱਥੀਂ ਵਿਛੋੜ ਦੇਣਾ।

ਮੋਤੀ ਕੱਢ ਕੇ ਆਪਣੇ ਹਾਰ ਵਿੱਚੋਂ,

ਕਿਸੇ ਹੋਰ ਦੀ ਮਾਲਾ `ਚ ਜੋੜ ਦੇਣਾ।

ਹੱਥੀਂ ਕੱਟ ਦੇਣਾ ਟੁਕੜਾ ਜਿਗਰ ਨਾਲੋਂ,

            ਖ਼ੂਨ ਅੱਖੀਆਂ ਦੇ ਰਾਹੀਂ ਰੋੜ੍ਹ ਦੇਣਾ।

     ਤਾਏ-ਚਾਚੇ, ਭੂਆ-ਫੁੱਫੜ, ਮਾਮੇ-ਮਾਮੀਆਂ, ਭੈਣਾਂ- ਜੀਜੇ, ਭਰਾ-ਭਰਜਾਈਆਂ, ਮਾਸੀਆ-ਮਾਸੜ, ਨਾਨਾ- ਨਾਨੀ, ਦਾਦਾ-ਦਾਦੀ ਸਭ ਲੜਕੀ ਨੂੰ ਦਿਲ ਵਿੱਚ ਪਿਆਰ ਸਾਂਭ ਕੇ ਲਿਜਾਣ ਲਈ ਆਖਦੇ ਹਨ। ਭਾਵੇਂ ਉਹ ਉਸ ਨੂੰ ਧਰਮੀ, ਕਰਮੀ ਤੇ ਨੇਕ ਵਿਚਾਰਾਂ ਨੂੰ ਧਾਰਨ ਕਰਨ ਦੀ ਵੀ ਪ੍ਰੇਰਨਾ ਦਿੰਦੇ ਹਨ ਫਿਰ ਵੀ ਸਿੱਖਿਆ ਦੇ ਨਿਭਾਉ ਦੌਰਾਨ ਚਾਰੇ ਪਾਸੇ ਉਦਾਸੀ ਛਾ ਜਾਂਦੀ ਹੈ, ਹਾਸੇ ਖ਼ਤਮ ਹੋ ਜਾਂਦੇ ਹਨ :

ਮਾਸੀ, ਭੂਆ, ਫੁੱਫੜ ਤੇ ਤਾਏ-ਚਾਚੇ,

ਖਿੜਿਆ ਕੋਈ ਨਾ ਦਿਸੇ ਪਰਿਵਾਰ ਵਿੱਚੋਂ।

ਤੁਰ ਚੱਲੀ ਏਂ ਰੌਣਕੇ ਅੱਜ ਘਰ ਦੀਏ,

ਵਿਹੜਾ ਮਾਪਿਆਂ ਦਾ ਹੋ ਦਿਲਗੀਰ ਗਿਆ।

ਇੱਕ ਦਰ ਹਾਸੇ ਇੱਕ ਦਰ ਅੱਥਰੂ ਨੇ,

ਇਹ ਕੋਈ ਕਿਹੋ ਜਹੀ ਖਿਚ ਤਸਵੀਰ ਗਿਆ।

ਧੀਏ ਛੱਡ ਚੱਲੀ ਏਂ ਦੂਰ ਸਾਨੂੰ,

            ਦਿਲ ਵਿੱਚ ਸਾਂਭ ਕੇ ਸਾਡਾ ਪਿਆਰ ਲੈ ਜਾ।

         ‘ਸਿੱਖਿਆ` ਦੇ ਅਖੀਰ ਤੇ ਸਿੱਖਿਆਕਾਰ ਆਪਣਾ ਉਪਨਾਮ, ਗੋਤ ਜਾਂ ਤਖ਼ੱਲਸ ਅਤੇ ਪਿੰਡ/ਗਰਾਂ ਦਾ ਨਾਂ ਦੱਸਦਾ ਹੋਇਆ ਪੰਡਾਲ ਵਿੱਚ ਹਾਜ਼ਰ ਸਭ ਵਿਅਕਤੀਆਂ ਵੱਲੋਂ ਲੜਕੀ ਨੂੰ ਸਦਾ ਸੁਹਾਗਣ ਰਹਿਣ ਅਤੇ ਭਾਗਾਂ ਵਾਲੀ ਹੋਣ ਦੀ ਅਸੀਸ ਦਿੰਦਾ ਹੈ ਕਿ ਪਰਮਾਤਮਾ ਜੋੜੀ ਦੇ ਸਿਰ ਤੇ ਹਮੇਸ਼ਾਂ ਆਪਣਾ ਹੱਥ ਰੱਖੇ। ਇਹ ਜੋੜੀ ਜੁਗਾਂ ਤੱਕ ਜਵਾਨੀਆਂ ਮਾਣੇ ਅਤੇ ਹੋਰਨਾਂ ਵਾਸਤੇ ਸੁੰਦਰ ਮਿਸਾਲ ਬਣੇ :

           1. ਸਦਾ ਮਹਿਕ ਗ੍ਰਹਿਸਤ ਦੇ ਬਾਗ਼ ਅੰਦਰ,

            ਜੁਗ-ਜੁਗ ਜੀਂਦਾ ਰਹੇ ਸੁਹਾਗ ਤੇਰਾ।

            ਤੇਰੇ ਜੀਵਨ ਦੇ ਚਾਨਣੀ ਪੈਰ ਧੋਵੇ।

            ਸ਼ੁਗਲ ਚੰਨ ਵਾਂਗੂੰ ਚਮਕੇ ਭਾਗ ਤੇਰਾ।

           2. ਗੁਰੂ ਦਾ ਹੱਥ ਜੋੜੀ ਦੇ ਸਿਰ ਤੇ ਰਹੇ,

            ਖ਼ੁਸ਼ੀਆਂ ਨਾਲ ਮਾਲੋ ਮਾਲ ਹੋਵੇ ਜੋੜੀ।

           3. ਅੰਤ ਵਿੱਚ ਹੈ ਇਹੋ ਅਰਦਾਸ ਸਾਡੀ,

            ਰੱਖੇ ਸਦਾ ਹੀ ਸੁਖੀ ਕਰਤਾਰ ਤੈਨੂੰ।

           ਫ਼ਰਜ਼ ਆਪਣੇ ਬੱਚੀਏ ਨਾ ਮੂਲ ਭੁੱਲੀਂ,

            ਸ਼ੋਭਾ ਦੇਂਵਦਾ ਰਹੇ ਸੰਸਾਰ ਤੈਨੂੰ।

           4. ਹੱਥ ਜੋੜ ਕੇ ਅੰਤ ਫਰਿਆਦ ਇਹੋ,

            ਤੇਰਾ ਅਕਾਲ ਪੁਰਖ ਆਪ ਸਹਾਈ ਹੋਵੇ।

            ਹੱਸੇਂ ਵੱਸੇਂ ਤੇ ਖ਼ੁਸ਼ੀਆਂ ਮਾਣਦੀ ਰਹੇਂ,

            ਤੇਰਾ ਗ੍ਰਹਿਸਥ ਜੀਵਨ ਸੁਖਦਾਈ ਹੋਵੇ।

     ਅਸਲ ਵਿੱਚ ‘ਸਿੱਖਿਆ` ਕਾਵਿ-ਰੂਪ ਪ੍ਰਤੀਕ ਹੈ-ਆਤਮਾ (ਪਤਨੀ) ਦਾ ਸਰੀਰ ਵਿੱਚੋਂ ਵਿਛੜ ਕੇ ਪ੍ਰਭੂ ਪਿਆਰੇ (ਪਤੀ) ਨਾਲ ਮਿਲਣ ਦਾ। ਪੰਜਾਬੀ ਵਿੱਚ ਪ੍ਰਸਿੱਧ ਸਟੇਜੀ ਸ਼ਾਇਰ ਚਮਨ ਲਾਲ ਸ਼ੁਗਲ ਨੇ ਕੁਝ ਮੌਲਿਕ ‘ਸਿੱਖਿਆਵਾਂ` ਦੀ ਰਚਨਾ ਕੀਤੀ ਹੈ ਪਰੰਤੂ ਸਮੇਂ ਦੇ ਪਰਿਵਰਤਨ ਅਤੇ ਘਾਟ ਕਾਰਨ ਅੱਜ ਸਿੱਖਿਆ ਪੜ੍ਹਨ ਦਾ ਰੁਝਾਨ ਪਹਿਲਾਂ ਵਾਂਗ ਪ੍ਰਚਲਿਤ ਨਹੀਂ ਰਿਹਾ ਕਿਉਂਕਿ ਸ਼ਹਿਰਾਂ ਦੀ ਅਜੋਕੀ ‘ਆਧੁਨਿਕਤਾ` ਇਸ ਤਰ੍ਹਾਂ ਦੇ ਰੁਝਾਨ ਨੂੰ ਬਹੁਤਾ ਮਹੱਤਵ ਨਹੀਂ ਦਿੰਦੀ। ਹਾਂ, ਪੇਂਡੂ ਮਾਹੌਲ ਵਿੱਚੋਂ ਸਿੱਖਿਆ ਦੀ ਸੁਰ-ਲੈਅ ਅਜੇ ਵੀ ਸੁਣੀ ਜਾ ਸਕਦੀ ਹੈ।


ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 37956, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਿੱਖਿਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖਿਆ [ਨਾਂਇ] ਪੜ੍ਹਾਈ; ਵਿੱਦਿਆ, ਸ਼ਿਖਸ਼ਾ, ਤਾਲੀਮ, ਸਿਖਲਾਈ, ਟ੍ਰੇਨਿੰਗ; ਉਪਦੇਸ਼ , ਸਬਕ, ਨਸੀਹਤ , ਮੱਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 37925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿੱਖਿਆ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Education_ਸਿੱਖਿਆ: ਸੋਲ ਟ੍ਰਸਟੀ ਲੋਕ ਸ਼ਿਕਸ਼ਣ ਟਰਸਟ ਬਨਾਮ ਕਮਿਸ਼ਨਰ ਆਫ਼ ਇਨਕਮ ਟੈਕਸ (ਏ ਆਈ ਆਰ 1976 ਐਸ ਸੀ 10) ਅਨੁਸਾਰ ਇਨਕਮ ਟੈਕਸ ਐਕਟ1961 ਦੀ ਧਾਰਾ 2 (15) ਵਿਚ ਵਰਤੇ ਗਏ ਸ਼ਬਦ ਸਿਖਿਆ ਦਾ ਮਤਲਬ ਹੈ ਬੱਚਿਆਂ ਨੂੰ ਜੀਵਨ ਦੇ ਕਾਰਜ ਲਈ ਤਿਆਰ ਕਰਨ ਹਿੱਤ ਦਿੱਤੀ ਜਾਂਦੀ ਪ੍ਰਣਾਲੀ-ਬੱਧ ਸਿਖਿਆ-ਦੀਖਿਆ, ਸਕੂਲ ਪਾਉਣਾ ਅਤੇ ਸਿਖਲਾਈ ਦੇਣਾ।

       ਯੂਨੀਵਰਸਿਟੀ ਆਫ਼ ਦਿਹਲੀ ਬਨਾਮ ਰਾਮਨਾਥ (ਏ ਆਈ ਆਰ 1963 ਐਸ ਸੀ 1873) ਵਿਚ ਜਸਟਿਸ ਪੀ ਬੀ ਗਜੇਂਦਰ ਗਦਕਰ ਅਨੁਸਾਰ ਸਿਖਿਆ ਵਿਚ ਸਿਖਲਾਈ ਦਾ ਉਹ ਅਮਲ ਪਲਚਿਆ ਹੁੰਦਾ ਹੈ ਜੋ ਸਕੂਲ ਪਧਤੀ ਰਾਹੀਂ ਵਿਦਿਆਰਥੀ ਦੇ ਹੁਨਰ, ਮਨ ਅਤੇ ਚਲਨ ਦੇ ਵਿਕਾਸ ਅਥਵਾ ਵਾਧੇ ਵਿਚ ਸਹਾਈ ਹੁੰਦਾ ਹੈ।

       ਰਾਮਚੰਦ ਬਨਾਮ ਮਲਕਾ ਪੁਰਾ ਮਿਉਂਸਪੈਲਿਟੀ (ਏ ਆਈ ਆਰ 1970 ਬੰਬੇ 154) ਅਨੁਸਾਰ ਸਿਖਿਆ ਦਾ ਮਤਲਬ ਹੈ ਕਿਸੇ ਕਾਰੋਬਾਰ ਜਾਂ ਪੇਸ਼ੇ ਲਈ ਤੋਂ ਬਿਨਾਂ ਹੋਰ ਆਮ ਵਿਦਿਆ ਵਿਚ ਅਧਿਆਪਨ ਅਤੇ ਸਿਖਲਾਈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 37212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਿੱਖਿਆ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿੱਖਿਆ : ਸਿੱਖਿਆ ਇਸ ਦੇ ਵਿਸਤ੍ਰਿਤ ਅਰਥਾਂ ਵਿਚ ਉਸ ਸਾਰੇ ਪ੍ਰਬੰਧ, ਢੰਗ ਅਤੇ ਕ੍ਰਿਆਵਾਂ ਨੂੰ ਕਹਿੰਦੇ ਹਨ ਜਿਨ੍ਹਾਂ ਦੁਆਰਾ ਕੋਈ ਵਿਅਕਤੀ ਆਪਣਾ ਸਰੂਪ, ਆਪਣੀਆਂ ਮੂਲ ਪ੍ਰਵਿਰਤੀਆਂ ਅਤੇ ਸਹਿਜ ਰੁਝਾਨਾਂ (Natural Tendencies) ਨੂੰ ਬਦਲਦਾ ਅਤੇ ਸੁਧਾਰਦਾ ਹੈ ਅਤੇ ਸੂਝ, ਠੀਕ ਵਤੀਰਾ, ਗਿਆਨ ਅਤੇ ਮੁਹਾਰਤ ਹਾਸਲ ਕਰਦਾ ਹੈ। ਸਿੱਖਿਆ ਨੂੰ ਸਮਾਜਕ ਕਦਰਾਂ ਕੀਮਤਾਂ (Values) ਦੀ ਅਤੇ ਪੀੜ੍ਹੀ ਦਰ ਪੀੜ੍ਹੀ ਇਕੱਠੇ ਹੋਏ ਗਿਆਨ ਦੀ ਸੰਚਾਰਕ ਵੀ ਕਿਹਾ ਜਾਂਦਾ ਹੈ। ਇਸ ਪ੍ਰਕਾਰ ਸਿੱਖਿਆ ਜਦੋਂ ਕਿਸੇ ਤਰਤੀਬ-ਬੱਧ ਢੰਗ ਨਾਲ ਕਿਸੇ ਸੰਸਥਾ, ਸਕੂਲ, ਕਾਲਜ ਆਦਿ ਵਿਚ ਪ੍ਰਾਪਤ ਕੀਤੀ ਜਾਂਦੀ ਹੈ ਤਾਂ ਇਸ ਨੂੰ ਰਸਮੀ ਸਿੱਖਿਆ ਕਿਹਾ ਜਾਂਦਾ ਹੈ ਅਤੇ ਇਸ ਦੇ ਉਲਟ ਹਰ ਰੋਜ਼ ਦੇ ਅਨੁਭਵ ਤੋਂ, ਬੇਤਰਤੀਬੇ ਢੰਗ ਨਾਲ, ਪੁਸਤਕਾਂ, ਰਸਾਲਿਆਂ ਅਤੇ ਚਲਚਿਤਰਾਂ ਆਦਿ ਦੀ ਸਹਾਇਤਾ ਤੋਂ ਬਿਨਾਂ ਪ੍ਰਾਪਤ ਕੀਤੀ ਸਿੱਖਿਆ ਨੂੰ ਗ਼ੈਰ-ਰਸਮੀ ਸਿੱਖਿਆ ਕਿਹਾ ਜਾਂਦਾ ਹੈ।

          ਸਿੱਖਿਆ ਦਾ ਮੰਤਵ ਸਮਾਜਕ ਹੋਣ ਦੇ ਨਾਲ ਨਾਲ ਵਿਅਕਤੀਗਤ ਵੀ ਹੈ। ਇਸ ਦਾ ਸਮਾਜਕ ਮੰਤਵ ਹਰ ਵਿਅਕਤੀ ਦੀ ਸਹਾਇਤਾ ਕਰਨਾ ਹੈ ਤਾਂ ਜੋ ਉਹ ਸਮਾਜ ਦਾ ਚੰਗਾ ਨਾਗਰਿਕ ਬਣ ਸਕੇ ਤੇ ਇਸ ਤਰ੍ਹਾਂ ਸਿੱਖਿਆ ਉਸ ਨੂੰ ਉਸ ਦੇ ਭੂਤ ਅਤੇ ਤਤਕਾਲੀਨ ਅਨੁਭਵਾਂ ਬਾਰੇ ਸਮੁਚੇ ਰੂਪ ਵਿਚ ਜਾਣੂ ਕਰਵਾਉਂਦੀ ਹੈ। ਇਸ ਦੇ ਵਿਅਕਤੀਗਤ ਮੰਤਵ ਵਿਚ ਸਿੱਖਿਆ ਵਿਅਕਤੀ ਨੂੰ ਵੱਧ ਤੋਂ ਵੱਧ ਸੰਤੁਸ਼ਟ ਤੇ ਉਪਯੋਗੀ ਜੀਵਨ ਬਤੀਤ ਕਰਨ ਅਤੇ ਹਾਲਾਤ ਦਾ ਠੀਕ ਢੰਗ ਨਾਲ ਮੁਕਾਬਲਾ ਕਰਨ ਦੇ ਸਮਰੱਥ ਬਣਾਉਂਦੀ ਹੈ।

          ਸਭਿਅਤਾ ਦੇ ਵਿਕਾਸ ਨਾਲ ਸਮਾਜ ਵਧੇਰੇ ਗੁੰਝਲਦਾਰ ਹੁੰਦਾ ਗਿਆ ਜਿਸ ਕਰਕੇ ਰਸਮੀ ਸਿੱਖਿਆ ਹੋਂਦ ਵਿਚ ਆਈ। ਸਮਾਜ ਵਿਚ ਸਿੱਖਿਆ ਦੀ ਮੰਗ ਅਤੇ ਮਹੱਤਵ ਵਧਣ ਨਾਲ ਸਿੱਖਿਆ ਦੇ ਮੁਖ ਉਦੇਸ਼ਾਂ, ਵਿਸ਼ਾ-ਵਸਤੂ, ਪ੍ਰਬੰਧ-ਪ੍ਰਣਾਲੀ ਅਤੇ ਸਿੱਖਿਆ ਸਬੰਧੀ ਹੋਰ ਸੂਝ ਬੂਝ ਆਦਿ ਹੋਂਦ ਵਿਚ ਆਏ; ਅਰਥਾਤ ਸਿੱਖਿਆ ਦਰਸ਼ਨ (Educational Philosophy) ਦਾ ਵਿਕਾਸ ਹੋਇਆ।

          ਅਜੋਕੇ ਸਮਾਜ ਦੇ ਸਰਵਪੱਖੀ ਵਿਕਾਸ ਕਾਰਨ ਸਿੱਖਿਆ ਦਾ ਖੇਤਰ ਵੀ ਬਹੁਤ ਵਿਸ਼ਾਲ ਹੋ ਚੁਕਾ ਹੈ। ਇਸ ਲਈ ਸਿੱਖਿਆ ਦੀ ਪੂਰੀ ਜਾਣਕਾਰੀ ਲੈਣ ਲਈ ਇਸ ਦੇ ਸਾਰੇ ਪੱਖਾਂ ਦਾ ਅਧਿਐਨ ਜ਼ਰੂਰੀ ਹੈ।

          ਇਤਿਹਾਸ––ਸਿੱਖਿਆ ਇਕ ਗੁੰਝਲਦਾਰ ਕ੍ਰਿਆ ਹੋਣ ਕਰਕੇ ਇਸ ਦਾ ਸਹੀ ਤੇ ਪੂਰਾ ਇਤਿਹਾਸ ਅਮਲੀ ਤੌਰ ਤੇ ਅਸਭੰਵ ਹੈ। ਫਿਰ ਵੀ ਪਿਛਲੀ ਸਦੀ ਤੋਂ ਸਿੱਖਿਆ ਦੇ ਇਤਿਹਾਸਕ ਪੱਖ ਵੱਲ ਕਾਫ਼ੀ ਧਿਆਨ ਦਿੱਤਾ ਗਿਆ ਅਤੇ ਹੁਣ ਇਸ ਨੂੰ ਸੰਸਕ੍ਰਿਤੀ ਅਤੇ ਸਭਿਅਤਾ ਦੇ ਇਤਿਹਾਸ ਦਾ ਇਕ ਜ਼ਰੂਰੀ ਅੰਗ ਗਿਣਿਆ ਜਾਂਦਾ ਹੈ।

          ਸਿੱਖਿਅ ਦੇ ਇਸ ਬਹੁ ਪੱਖੀ ਇਤਿਹਾਸ ਦਾ ਆਦਿ ਤੋਂ ਅੱਜ ਤਕ ਨਰੀਖਣ ਕਰਨ ਲਈ ਇਸ ਦਾ ਤਿੰਨ ਪੜਾਵਾਂ ਆਦਿ ਕਾਲ, ਮਧ ਕਾਲ, ਅਤੇ ਆਧੁਨਿਕ ਕਾਲ ਵਿਚ ਅਧਿਐਨ ਕੀਤਾ ਜਾਂਦਾ ਜਾਂ ਕੀਤਾ ਜਾ ਸਕਦਾ ਹੈ। ਵੱਖ ਵੱਖ ਦੇਸ਼ਾਂ ਦਾ ਉਨ੍ਹਾਂ ਦੀ ਪੁਰਾਣੀ ਸਭਿਅਤਾ ਤੋਂ ਲੈ ਕੇ ਆਧੁਨਿਕ ਕਾਲ ਤਕ ਸਿੱਖਿਆ ਦਾ ਇਤਿਹਾਸ ਇਸ ਤਰ੍ਹਾਂ ਹੈ :––

          ਪੱਛਮ ਦੀ ਸਿੱਖਿਆ––ਆਦਿ ਕਾਲ ਵਿਚ ਅਸਭਯ ਲੋਕ ਸਿੱਖਿਆ ਜ਼ਿਆਦਾ ਕਰਕੇ ਗੈਰ-ਰਸਮੀ ਢੰਗਾਂ ਨਾਲ ਪ੍ਰਾਪਤ ਕਰਦੇ ਸਨ। ਉਨ੍ਹਾਂ ਦੇ ਪਾਠ-ਕ੍ਰਮ ਵਿਚ ਆਪਣੇ ਕਬੀਲੇ ਦਾ ਰਹਿਣ ਬਹਿਣ ਦਾ ਢੰਗ, ਖ਼ੁਰਾਕ ਪ੍ਰਾਪਤ ਕਰਨ ਦਾ ਚੱਜ, ਅਤੇ ਆਪਣੇ ਆਪ ਨੂੰ ਕੁਦਰਤ ਤੋਂ ਬਚਾਉਣ ਦਾ ਹੁਨਰ ਅਤੇ ਹੋ ਰਸਮੋ ਰਿਵਾਜ਼ ਸਿੱਖਣਾ ਸੀ। ਇਨ੍ਹਾਂ ਤੋਂ ਇਲਾਵਾ ਆਦਿ ਲੋਕਾਂ ਦੀਆਂ ਕੁਝ ਹੋਰ ਰਸਮਾਂ ਸਨ, ਜਿਵੇਂ ਜਨਮ ਤੋਂ ਬਾਲਗ਼ ਹੋਣ ਤਕ ਦੇ ਆਰੰਭਕ ਸੰਸਾਰਕ, ਜਣਨ-ਸ਼ਕਤੀ ਦੀ ਪੂਜਾ ਕਰਨਾ, ਡਾਕਟਰੀ ਇਲਾਜ ਅਤੇ ਕੁਦਰਤ ਦੀਆਂ ਸਾਕਾਰ ਅਤੇ ਗ਼ੈਬੀ ਸ਼ਕਤੀਆਂ ਤੇ ਕਾਬੂ ਪਾਉਣ ਲਈ ਕਈ ਹੋਰ ਤੌਰ ਤਰੀਕੇ ਵੀ ਸਨ। ਇਨ੍ਹਾਂ ਤੋਂ ਹੀ ਉਨ੍ਹਾਂ ਦਾ ਜੀਵਨ ਦਰਸ਼ਨ ਤੇ ਧਰਮ ਬਣਿਆ।

          ਪਰ ਪੁਰਾਣੇ ਅਸਭਯ ਲੋਕਾਂ ਦੀ ਖੇਡਰ ਰਾਹੀਂ ਨਕਲ ਕਰਕੇ ਕਾਰਜ ਰਾਹੀਂ ਸਿੱਖਿਆ ਪ੍ਰਾਪਤ ਕਰਨ ਦੀ ਰੁੱਚੀ ਨੂੰ ਅਜ ਦੇ ਵਿਦਵਾਨ ਵੀ ਉੱਨਾ ਹੀ ਮਹੱਤਵ ਦੇਂਦੇ ਹਨ।

          ਕੁਦਰਤੀ ਕਾਰਨਾਂ ਕਰਕੇ ਆਦਿ ਮਨੁੱਖ ਦੀ ਅਰਥ ਵਿਵਸਥਾ ਸੀਮਤ ਸੀ। ਲੋਕ ਜ਼ਿਆਦਾ ਕਰਕੇ ਟਪਰੀਵਾਸ ਸਨ ਤੇ ਉਨ੍ਹਾਂ ਦੀ ਸਿੱਖਿਆ ਵੀ ਹਾਲਾਤ ਦੇ ਅਨੁਸਾ ਸੀ। ਕੁਦਰਤ ਦੇ ਹਾਲਾਤ––ਪਾਣੀ, ਧੁੱਪ ਅਤੇ ਆਉਣ-ਜਾਣ ਦੇ ਰਾਹ ਜਿੱਥੇ ਵੀ ਉਚਿੱਤ ਸਨ ਮਨੁੱਖ ਉਥੇ ਸਥਾਈ ਤੌਰ ਤੇ ਵਸਣ ਲਗਾ ਅਤੇ ਖੇਤੀ ਦਾ ਵਿਕਾਸ ਹੋਇਆ ਇਸ ਪ੍ਰਕਾਰ ਸੰਸਾਰ ਦੇ ਸਭ ਤੋਂ ਪਹਿਲੇ ਸ਼ਹਿਰ ਹੋਂਦ ਵਿਚ ਆਏ। ਫਿਰ ਆਬਾਦੀ ਵਧਣ ਨਾਲ ਧਰਤੀ ਅਤੇ ਇਸ ਦੀਆਂ ਉਪਜਾਂ ਤੇ ਮਲਕੀਅਤ ਦੇ ਝਗੜੇ ਹੋਣ ਲਗੇ; ਨਤੀਜੇ ਵਜੋਂ, ਪਰਚਾਰਕ, ਕਾਨੂੰਨਦਾਨ, ਜ਼ਿਮੀਦਾਰ ਤੇ ਕਲਾਕਾਰ ਆਦਿ ਦੀਆਂ ਸਮਾਜਕ ਸ਼੍ਰੇਣੀਆਂ ਹੋਂਦ ਵਿਚ ਆਈਆਂ। ਇਨ੍ਹਾਂ ਸ਼੍ਰੇਣੀਆਂ ਦੇ ਪ੍ਰਭਾਵ ਹੇਠ ਰਸਮੀ ਸਿੱਖਿਆ ਸ਼ੁਰੂ ਹੋਈ। ਸਿੱਖਿਆ ਖੇਤਰ ਵਿਚ ਗਿਆਨ ਵਧਣ ਨਾਲ ਅਤੇ ਲਿਖਤ ਆਦਿ ਦਾ ਵਿਕਾਸ ਹੋਣ ਨਾਲ ਇਸ ਖੇਤਰ ਤੇ ਪਾਦਰੀ ਤੇ ਪਰਚਾਰਕ ਸ਼੍ਰੇਣੀ ਦਾ ਅਧਿਕਾਰ ਹੋ ਗਿਆ। ਲੜਾਈ ਤੇ ਵੀਰਤਾ ਦੇ ਕੰਮਾਂ ਵਿਚ ਬਹਾਦਰ ਸ਼੍ਰੇਣੀ ਦਾ ਅਧਿਕਾਰ ਹੋਇਆ ਅਤੇ ਖੇਤੀ-ਬਾੜੀ, ਦਸਤਕਾਰੀ ਤੇ ਮਜ਼ਦੂਰੀ ਆਦਿ ਬਾਕੀ ਜਨਤਾ ਦੇ ਹਿੱਸੇ ਆਈ। ਉਪਰੋਕਤ ਕਾਰਨਾਂ ਕਰਕੇ ਮਨੁੱਖ ਨੂੰ ਆਪਣੀ ਦਿਮਾਗ਼ੀ ਸ਼ਕਤੀ ਦੇ ਵਿਕਾਸ ਦੀ ਲੋੜ ਮਹਿਸੂਸ ਹੋਈ ਤੇ ਆਮ ਜਨਤਾ ਵਿਚ ਖੇਤੀ-ਬਾੜੀ ਅਤੇ ਹੋਰ ਖੇਤਰਾਂ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਨੇ ਉਨ੍ਹਾਂ ਨੂੰ ਆਪਣੀਆਂ ਗੱਲਾਂ ਜ਼ਬਾਨੀ ਯਾਦ ਰੱਖਣ ਦੀ ਥਾਂ ਚਿਤਰਾਂ ਦੇ ਰੂਪ ਵਿਚ ਤੇ ਫਿਰ ਨਿਸ਼ਾਨਾਂ ਦੇ ਰੂਪ ਵਿਚ ਰੱਖਣ ਲਈ ਪ੍ਰੇਰਿਆ। ਇਸ ਪ੍ਰਕਾਰ ਹੌਲੀ ਹੌਲੀ ਸਿੱਖਿਆ ਖੇਤਰ ਵਿਚ ਇਸ ਦਾ ਲਿਖਤੀ ਰੂਪ ਆਇਆ। ਸ਼ੁਰੂ ਵਿਚ ਅੱਖਰਾਂ ਦੀ ਇਜਾਦ ਨੂੰ ਰੱਬੀ ਦੇਣ ਸਮਝਿਆ ਜਾਂਦਾ ਸੀ ਹਰ ਹੌਲੀ ਹੌਲੀ ਇਸ ਦਾ ਇੰਨਾ ਵਿਕਾਸ ਹੋਇਆ ਕਿ ਪੁਰਾਣੇ ਜ਼ਮਾਨੇ ਵਿਚ ਕੁਝ ਲੋਕਾਂ ਕੋਲ ਕਿਤਾਬਾਂ ਦੀ ਭਰਮਾਰ ਹੋਣ ਕਰਕੇ ਉਨ੍ਹਾਂ ਨੂੰ ਕਿਤਾਬਾਂ ਵਾਲੇ ਆਦਮੀ, (Peoplo of Books) ਕਿਹਾ ਜਾਂਦਾ ਸੀ। ਇਸ ਦਾ ਪਰਮਾਣ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਬੈਬੀਲੋਨ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਵਿਚ ਲਾਇਬ੍ਰੇਰੀਆਂ ਸਨ। ਉਨ੍ਹਾਂ ਵਿਚੋਂ ਟੀਲੋ (Tello) ਦੇ ਸਥਾਨ ਤੇ 2700 ਈ. ਪੂ. ਵਿਚ ਜੋ ਲਾਇਬ੍ਰੇਰੀ ਸੀ ਉਸ ਵਿਚ ਭੂਗੋਲ, ਕੁਦਰਤੀ, ਇਤਿਹਾਸ, ਵਿਆਕਰਣ, ਭਾਸ਼ਾ ਵਿਗਿਆਨ, ਕਾਨੂੰਨ, ਇਤਿਹਾਸ, ਹਿਸਾਬ ਤੇ ਡਾਕਟਰੀ ਆਦਿ ਵੱਖੋ ਵੱਖ ਵਿਸ਼ਿਆਂ ਦੀਆਂ 32,000 ਪੁਸਤਕਾਂ ਸਨ। ਪਰ ਉਸ ਸਮੇਂ ਵਿਕਸਤ ਹੋ ਰਹੀਆਂ ਸਾਰੀਆਂ ਸਭਿਅਤਾਵਾਂ ਵਿਚ ਅੱਖਰ ਜਾਣਨ ਦਾ ਇਹ ਹੁਨਰ ਉਚੀਆਂ ਸ਼੍ਰੇਣੀਆਂ ਦੇ ਕੁਝ ਲੋਕਾਂ ਤਕ ਹੀ ਸੀਮਤ ਸੀ। ਆਮ ਜਨਤਾ ਨੂੰ ਇਹ ਹੁਨਰ ਜਾਣਨ ਦਾ ਮੌਕਾ ਕੇਵਲ 15ਵੀਂ ਸਦੀ ਵਿਚ, ਛਾਪੇਖਾਨੇ ਬਣਨ ਨਾਲ ਹੀ ਪ੍ਰਾਪਤ ਹੋਇਆ। ਸੋ ਇਸ ਤਰ੍ਹਾਂ ਅੱਖਰਾਂ ਦੇ ਬਣਨ ਨਾਲ, ਅਧਿਆਪਕਾਂ, ਪਾਦਰੀਆਂ, ਜੁਗਿਆਸੁਆਂ ਅਤੇ ਕਾਤਿਬਾਂ ਦੁਆਰਾ ਰਸਮੀ ਸਿੱਖਿਆ ਦੇਣ ਦਾ ਰਿਵਾਜ਼ ਜ਼ਿਆਦਾ ਪ੍ਰਚਲਿਤ ਹੋਇਆ। ਪੜ੍ਹਨਾ ਲਿਖਣਾ ਤੇ ਮੁੱਢਲਾ ਹਿਸਾਬ, ਮੁਨੀਮੀ ਆਦਿ ਸਿੱਖਣਾ ਉਤਮ ਗਿਣੇ ਜਾਂਦੇ ਸਨ ਅਤੇ ਇਹ ਸਭ ਕੁਝ ਸਿਖਾਉਣ ਲਈ ਸਖ਼ਤ ਸਰੀਰਕ ਸਜ਼ਾ ਆਮ ਦਿੱਤੀ ਜਾਂਦੀ ਸੀ। ਆਦਿ ਕਾਲ ਵਿਚ ਵਿਕਸਿਤ ਮੁਖ ਸਭਿਅਤਾਵਾਂ ਵਿਚ ਸਿੱਖਿਆ ਹੇਠ ਲਿਖੇ ਪ੍ਰਕਾਰ ਸੀ :

          ਯੂਨਾਨੀ ਸਿੱਖਿਆ––ਯੂਨਾਨੀ ਤੇ ਰੋਮਨ ਦੋਵੇਂ ਸਭਿਆਤਾਵਾਂ ਨੇ ਕਾਫ਼ੀ ਹੱਦ ਤਕ ਪੂਰਬੀ ਦੇਸ਼ਾਂ ਦੀ ਸੰਸਕ੍ਰਿਤੀ ਕੇਂਦਰਾਂ ਤੋਂ ਸਿੱਖਿਆ ਗ੍ਰਹਿਣ ਕੀਤੀ। ਇਸ ਵਿਚ ਕ੍ਰਟਾਨ (Cretan) ਦੀਪ ਨੇ ਕਾਫ਼ੀ ਮਹੱਤਵਪੂਰਨ ਹਿੱਸਾ ਪਾਇਆ। ਉਥੇ ਉਸ ਵਕਤ ਦੇ ਵੱਡੇ ਵੱਡੇ ਉਦਯੋਗਕ ਤੇ ਵਪਾਰਕ ਕੇਂਦਰਾਂ ਵਿਚ ਲੋਕਾਂ ਨੂੰ ਸਜਾਵਟੀ ਕਲਾਵਾਂ (Decorative arts), ਭਵਨ ਨਿਰਮਾਣ ਇੰਜਨੀਅਰਿੰਗ (Architectural Engineering) ਆਦਿ ਬਾਰੇ ਕਾਫ਼ੀ ਗਿਆਨ ਸੀ। ਪਰ 1400 ਪੂ. ਈ. ਵਿਚ ਮਾਇਸੀਨੀਅਨ (Mycenaean) ਅਤੇ ਫਿਰ ਸਪਾਰਟਨ (Spartan) ਲੋਕਾਂ ਦਾ ਅਧਿਕਾਰ ਹੋਣ ਕਰਕੇ ਕ੍ਰਟਾਨ ਸੰਸਕ੍ਰਿਤੀ ਦਾ ਪਤਨ ਹੋਇਆ।

          ਭਾਰਤ, ਮਿਸਰ ਤੇ ਬੈਬੀਲੋਨ ਦੇ ਉਲਟ ਯੂਨਾਨ ਵਿਚ ਸਿੱਖਿਆ ਧਰਮ-ਨਿਰਪੇਖ ਸੀ। ਲੜਕਿਆਂ ਨੂੰ ਆਮ ਕਰਕੇ ਸ਼ਰੀਰਕ ਖੇਡਾਂ ਅਤੇ ਫ਼ੌਜੀ ਸਿਖਲਾਈ ਬਾਰੇ ਹੀ ਸਿੱਖਿਆ ਦਿੱਤੀ ਜਾਂਦੀ ਸੀ ਤਾਂ ਕਿ ਉਹ ਆਪਣੀ ਜਿੱਤ ਬਰਕਰਾਰ ਰਖ ਸਕਣ।

          ਏਥਨਜ਼ ਦੇ ਲੋਕਾਂ (Athenians) ਵਿਚ ਵੀ ਸਿੱਖਿਆ ਰਾਜ ਦੀ ਭਲਾਈ ਲਈ ਹੀ ਸੀ ਪਰ ਇਹ ਸਪਾਰਟਾ ਨਾਲੋਂ ਜ਼ਿਆਦਾ ਬਹੁ-ਪੱਖੀ ਤੇ ਘੱਟ ਨਿਯਮ-ਬੱਧ ਸੀ। ਮਾਨਸਕ, ਸਿਰਜਨਾਤਮਕ, ਨੈਤਿਕ, ਰਾਜਨੀਤਕ ਅਤੇ ਸ਼ਰੀਰਕ ਸਿੱਖਿਆ, ਸੰਗੀਤ ਸਕੂਲਾਂ, ਅਖਾੜਿਆਂ ਅਤੇ ਜਿਮਨੇਜ਼ੀਅਮ ਆਦਿ ਵਿਚ ਦਿੱਤੀ ਜਾਂਦੀ ਸੀ। ਨਾਗਰਿਕਾਂ ਦੇ ਕਰਤੱਵ ਪਾਲਣ ਲਈ ਫ਼ੌਜੀ ਸਿਖਲਾਈ ਦਾ ਪ੍ਰਬੰਧ ਵੀ ਸੀ। ਸਕੂਲ ਗੈਰ-ਸਰਕਾਰੀ ਸਨ ਪਰ ਸਰਕਾਰ ਦੁਆਰਾ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਦੇ ਸਨ। ਲੜਕੀਆਂ ਨੂੰ ਘਰਾਂ ਤੋਂ ਬਾਹਰ ਕੋਈ ਸਿੱਖਿਆ ਨਹੀਂ ਦਿੱਤੀ ਜਾਂਦੀ ਸੀ।

          ਪਰ 15ਵੀਂ ਸਦੀ ਪੂ. ਈ. ਵਿਚ ਰਾਜਨੀਤਕ, ਆਰਥਕ, ਅਤੇ ਸਮਾਜਕ ਪ੍ਰਭਾਵਾਂ ਹੇਠ ਸਿੱਖਿਆ ਪ੍ਰਣਾਲੀ ਵਿਚ ਕਈ ਮੁਖ ਪਰਿਵਰਤਨ ਆਏ। ਫ਼ੌਜੀ ਸਿਖਲਾਈ ਅਤੇ ਸਰੀਰਕ ਸਿੱਖਿਆ ਦੀ ਥਾਂ ਪੇਸ਼ਾਵਰੀ ਸਿੱਖਿਆ ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਦਾਰਸ਼ਨਿਕਾਂ ਅਤੇ ਹੋਰ ਵਿਦਵਾਨਾਂ ਵਲੋਂ ਮਾਨਸਿਕ ਸਿੱਖਿਆ ਤੇ ਜ਼ੋਰ ਦਿੱਤਾ ਗਿਆ। ਇਸ ਸੰਸਕ੍ਰਿਤਕ ਅੰਦੋਲਨ ਨਾਲ ਹੀ ਏਥਨਜ਼ ਵਿਸ਼ਵਵਿਦਿਆਲਾ ਹੋਂਦ ਵਿਚ ਆਇਆ ਜੋ 529 ਈ. ਤਕ ਬੜਾ ਮਸ਼ਹੂਰ ਰਿਹਾ। ਇਸ ਦੌਰਾਨ ਸੁਕਰਾਤ, ਪਲੈਟੋ ਅਤੇ ਅਰਸਤੂ ਜਿਹੇ ਮੋਢੀ ਦਾਰਸ਼ਨਿਕਾਂ ਨੇ ਸਿੱਖਿਆ ਸਮੱਸਿਆਵਾਂ ਦਾ ਮੁਖ ਅਧਿਐਨ ਕੀਤਾ ਅਤੇ ਸਿੱਖਿਆ ਸਿਧਾਂਤ ਨੂੰ ਪ੍ਰਚਲਿਤ ਕੀਤਾ। ਇਨ੍ਹਾਂ ਦੇ ਵਿਚਾਰ ਅੱਜ ਵੀ ਆਪਣਾ ਅਸਰ ਰਖਦੇ ਹਨ।

          ਰੋਮਨ ਸਿੱਖਿਆ––ਸ਼ੁਰੂ ਸ਼ੁਰੂ ਵਿਚ ਰੋਮ ਦੀ ਸਿੱਖਿਆ ਜ਼ਿਆਦਾ ਅਮਲੀ ਅਤੇ ਧਾਰਮਕ ਸੀ ਜੋ ਵਧੇਰੇ ਕਰਕੇ ਸਮਾਰੋਹਾਂ ਅਤੇ ਫ਼ੌਜੀ ਮਾਮਲਿਆਂ ਨਾਲ ਸਬੰਧਤ ਸੀ। ਰੋਮ ਦੀ ਮੁੱਢਲੀ ਸਿੱਖਿਆ ਵਿਚ ਪਹਿਲਾਂ ਪਹਿਲ ਅੱਖਰਾਂ ਦਾ ਕੋਈ ਮਹੱਤਵ ਨਹੀਂ ਸੀ। ਤੀਸਰੀ ਪੂ. ਈ. ਦੇ ਮੱਧ ਤੋਂ ਯੂਨਾਨੀ ਸੰਸਕ੍ਰਿਤੀ ਦੇ ਪ੍ਰਭਾਵ ਹੇਠ ਵਿਆਕਰਣ ਸਕੂਲ ਅਤੇ ਗਰੀਕ ਤੇ ਲੈਟਿਨ ਸਕੂਲ ਆਦਿ ਸਥਾਪਤ ਹੋਏ। ਸਿਸਰੋ (Cicero) ਦੇ ਸਮੇਂ ਤੋਂ ਯੂਨਾਨੀ ਜਿਮਨੇਜ਼ੀਅਮ ਵੀ ਹੋਂਦ ਵਿਚ ਆਇਆ। ਇਸ ਤੋਂ ਇਲਾਵਾ ਡਾਕਟਰੀ ਅਤੇ ਭਵਨ-ਨਿਰਮਾਣ ਕਲਾ ਨੇ ਵੀ ਕਾਫ਼ੀ ਉੱਨਤੀ ਕੀਤੀ।

          ਕਾਫ਼ੀ ਚਿਰ ਇਥੇ ਯੂਨਾਨੀ ਅੱਖਰਾਂ ਦਾ ਬੋਲ ਬਾਬਾ ਰਿਹਾ ਪਰ ਬਾਅਦ ਵਿਚ ਸਿਸਰੋ (Cicero), ਵਰਜਿਲ (Virgil) ਅਤੇ ਹੋਰੇਸ (Horace) ਜਿਹੇ ਰੋਮਨ ਲੇਖਕਾਂ ਨੂੰ ਬਹੁਤ ਪ੍ਰਸਿਧੀ ਪ੍ਰਾਪਤ ਹੋਈ ਤੇ ਇਨ੍ਹਾਂ ਦ ਸਮੇਂ ਵਿਚ ਰੋਮਨ ਸਾਹਿਤ ਆਪਣੀ ਸਿਖਰ ਤੇ ਸੀ।

          ਪੂਰਬ ਦੀ ਸਿੱਖਿਆ––

          ਮੁੱਢਲੀ ਭਾਰਤੀ ਸਿੱਖਿਆ––ਭਾਰਤੀ ਸੰਸਕ੍ਰਿਤੀ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਵਿਚੋਂ ਇਕ ਹੈ। ਲਗਭਗ 2000 ਪੂ. ਈ. ਵਿਚ ਆਰੀਆ ਲੋਕਾਂ ਦੇ ਭਾਰਤ ਵਿਚ ਰਾਜ ਕਾਇਮ ਕਰਨ ਤੋਂ ਬਾਅਦ ਲੋਕ ਚਾਰ ਜਾਤਾਂ–ਬ੍ਰਾਹਮਣ, ਖਤਰੀ, ਵੈਸ਼ ਤੇ ਸ਼ੂਦਰ ਵਿਚ ਵੰਡੇ ਗਏ ਅਤੇ ਸਿੱਖਿਆ ਇਨ੍ਹਾਂ ਵਰਗਾਂ ਦੇ ਆਧਾਰ ਤੇ ਹੀ ਦੇਣ ਲਗ ਪਏ।

          ਮੁੱਢ ਵਿਚ ਭਾਰਤੀ ਸਿੱਖਿਆ ਪੂਰਨ ਤੌਰ ਤੇ ਧਾਰਮਕ ਸੀ। ਕਾਨੂੰਨ, ਦਰਸ਼ਨ, ਨੈਤਿਕਤਾ ਤੇ ਹੋਰ ਰਾਜਨੀਤੀ ਆਦਿ ਸਭ ਧਾਰਮਕ ਸਿੱਖਿਆ ਅਧੀਨ ਸਨ। ਉੱਚ ਵਿਦਿਆ ਸਮਾਜ ਦੇ ਕੇਵਲ ਉੱਚ ਵਰਗ ਨੂੰ ਹੀ ਦਿੱਤੀ ਜਾਂਦੀ ਸੀ ਤੇ ਇਹ ਵੱਖ ਵੱਖ ਪਧਰਾਂ ਤੇ ਹੁੰਦੀ ਸੀ। ਜਿਵੇਂ 7 ਸਾਲ ਦੀ ਉਮਰ ਤਕ ਘਰ ਵਿਚ, 8 ਤੋਂ 16 ਸਾਲ ਤਕ ਸਕੂਲਾਂ ਵਿਚ ਤੇ ਇਸ ਉਪਰੰਤ ਯੂਨੀਵਰਸਿਟੀਆਂ ਵਿਚ। ਸਕੂਲ ਦਾਖ਼ਲ ਹੋਣ ਸਮੇਂ ਉਪਨਿਆਨਾ (Upanayana) ਦੀ ਰਮਸ ਕੀਤੀ ਜਾਂਦੀ ਸੀ ਜੋ ਬ੍ਰਾਹਮਣ, ਖ਼ਤਰੀ ਤੇ ਵੈਸ਼ ਬੱਚਿਆਂ ਲਈ ਤਰਤੀਬਵਾਰ 8, 11 ਅਤੇ 12 ਸਾਲਾਂ ਦੀ ਉਮਰ ਤੇ ਹੁੰਦੀ ਸੀ। ਉਸ ਵਕਤ ਦੇ ਸਕੂਲ ਅਚਾਰੀਆਂ ਦੇ ਘਰਾਂ ਵਿਚ ਲਗਦੇ ਸਨ ਜਿਨ੍ਹਾਂ ਨੂੰ ਆਸ਼ਰਮ ਕਹਿੰਦੇ ਸਨ ਤੇ ਅਚਾਰੀਆ ਉਨ੍ਹਾਂ ਨੂੰ ਆਪਣੇ ਪੁੱਤਰਾਂ ਵਾਂਗ ਰਖਦੇ ਸਨ। ਸਿੱਖਿਆ ਦੀ ਕੋਈ ਫ਼ੀਸ ਨਹੀਂ ਲਈ ਜਾਂਦੀ ਸੀ। ਵਿਦਿਆਰਥੀਆਂ ਨੂੰ ਵੇਦਾਂ ਦੇ ਮੰਤਰ ਪੜ੍ਹਾਏ ਜਾਂਦੇ ਸਨ ਬ੍ਰਾਹਮਣਾਂ ਦੇ ਲੜਕਿਆਂ ਲਈ ਤਿੰਨ ਵੇਦਾਂ ਦਾ ਗਿਆਨ ਲਾਜ਼ਮੀ ਸੀ। ਵਿਦਿਆਰਥੀ ਬ੍ਰਹਮਚਾਰੀ ਬੜਾ ਕਠਿਨ ਜੀਵਨ ਬਤੀਤ ਕਰਦੇ ਸਨ। ਵੇਦਾਂ ਦੇ ਨਾਲ ਨਾਲ ਵਿਆਕਰਣ, ਫ਼ੋਨੈਟਿਕਸ (Phonetics), ਤਾਰਾ-ਵਿਗਿਆਨ, ਬਲੀਦਾਨ ਦੇ ਨਿਯਮਾਂ, ਸ਼ਬਦ-ਵਿਗਿਆਨ ਅਤੇ ਪਿੰਗਲ ਆਦਿ ਦੇ ਵਿਸ਼ੇ ਵੀ ਪੜ੍ਹਾਏ ਜਾਂਦੇ ਸਨ। ਇਸਤਰੀਆਂ ਨੂੰ ਘਰਾਂ ਵਿਚ ਹੀ ਸਿੱਖਿਆ ਦਿੱਤੀ ਜਾਂਦੀ ਸੀ। ਵਿਸ਼ਿਆਂ ਅਨੁਸਾਰ ਸਿਖਾਉਣ ਦੇ ਢੰਗ ਵੱਖੋ ਵੱਖ ਸਨ। ਜ਼ਬਾਨੀ ਯਾਦ ਕਰਨ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਸੀ ਤੇ ਸੁਆਲ-ਜੁਆਬ ਦੇ ਢੰਗ ਵੀ ਜ਼ਬਾਨੀ ਦਸੇ ਜਾਂਦੇ ਸਨ।

          ਛੇਵੀਂ ਸਦੀ ਪੂ. ਈ. ਦੇ ਅੰਤ ਤਕ ਵੇਦਿਕ ਸਿੱਖਿਆ ਦਾ ਮਹੱਤਵ ਵੱਧ ਜਾਣ ਕਰਕੇ ਇਨ੍ਹਾਂ ਦਾ ਗਿਆਨ ਕੇਵਲ ਬ੍ਰਾਹਮਣਾਂ ਤਕ ਹੀ ਸੀਮਤ ਰੱਖਿਆ ਜਾਣ ਲਗਾ ਜਿਸ ਕਾਰਨ ਬਾਕੀ ਲੋਕਾਂ ਨੂੰ ਇਸ ਤੋਂ ਘ੍ਰਿਣਾ ਹੋਣ ਲਗੀ। ਨਤੀਜੇ ਵਜੋਂ ਜੈਨ-ਮੱਤ ਤੇ ਬੁੱਧ-ਮੱਤ ਦਾ ਜਨਮ ਹੋਇਆ ਇਨ੍ਹਾਂ ਦੇ ਮੋਢੀ ਆਮ ਭਾਸ਼ਾ ਵਿਚ ਸਭ ਵਰਗਾਂ ਦੇ ਲੋਕਾਂ ਨੂੰ ਸਿੱਖਿਆ ਦੇਂਦੇ ਸਨ। ਬੋਧੀ-ਸਿੱਖਿਆ ਮੱਠਾਂ ਵਿਚ ਦਿੱਤੀ ਜਾਣ ਕਰਕੇ ਆਮ ਜਨਤਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀ ਸੀ। ਇਸ ਦੌਰਾਨ ਰਾਜਨੀਤਕ ਖੇਤਰਜ ਵਿਚ ਕੁਝ ਨਵੀਆਂ ਪ੍ਰਵਿਰਤੀਆਂ ਆ ਰਹੀਆਂ ਸਨ ਜਿਨ੍ਹਾਂ ਦੇ ਪ੍ਰਭਾਵ ਨੇ ਸਮੇਂ ਦੀ ਸਿੱਖਿਆ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਇਸ ਦੇ ਨਾਲ ਜਾਤੀ ਦੇ ਆਧਾਰ ਤੇ ਕਿੱਤਿਆਂ ਦੀ ਵੰਡ ਖ਼ਤਮ ਹੋ ਗਈ। ਸ਼ਹਿਰਾਂ ਵਿਚ ਸਕੂਲ ਬਣਨ ਲਗੇ ਤੇ ਹਰ ਵਰਗ ਦੇ ਲੋਕਾਂ ਨੂੰ ਸਕੂਲਾਂ ਵਿਚ ਰੋਜ਼ਾਨਾ ਜਾਣ ਦੀ ਖੁਲ੍ਹ ਹੋ ਗਈ। 6ਵੀਂ ਸਦੀ ਪੂ. ਈ. ਤਕ ਟੈਕਸਲਾ ਯੂਨੀਵਰਸਿਟੀ ਸੰਸਾਰ ਭਰ ਵਿਚ ਮਸ਼ਹੂਰ ਹੋ ਚੁੱਕੀ ਸੀ। ਇਸ ਵਿਚ ਕਾਨੂੰਨ, ਡਾਕਟਰੀ ਤੇ ਮਿਲਟਰੀ ਵਿਗਿਆਨ ਦੇ ਖ਼ਾਸ ਵਿਸ਼ੇ ਸਨ।

          ਤੀਸਰੀ ਸਦੀ ਪੂ. ਈ. ਵਿਚ ਅਸ਼ੋਕ ਦੇ ਰਾਜ ਅਧੀਨ ਬੁੱਧ ਧਰਮ ਬਹੁਤ ਫ਼ੈਲਿਆ ਪਰ ਬਾਅਦ ਵਿਚ ਹਿੰਦੂ ਧਰਮ ਦੀ ਪੁਨਰ ਜਾਗਰਤੀ ਸਮੇਂ ਉਨ੍ਹਾਂ ਨੇ ਵੀ ਆਪਣੀ ਸਿੱਖਿਆ ਪ੍ਰਣਾਲੀ ਬਦਲੀ।

          ਚੌਥੀ ਸਦੀ ਤੋਂ 8ਵੀਂ ਸਦੀ ਤਕ ਗੁਪਤ ਕਾਲ ਤੇ ਹਰਸ਼ ਕਾਲ ਵਿਚ ਜਗਤ ਪ੍ਰਸਿਧ ਨਾਲੰਦਾ ਅਤੇ ਵਲਭੀ (Valabhi) ਯੂਨੀਵਰਸਿਟੀਆਂ ਹੋਂਦ ਵਿਚ ਆਈਆਂ।

          ਨਾਲੰਦਾ ਯੂਨੀਵਰਸਿਟੀ ਵਿਚ 1500 ਤੋਂ ਵੱਧ ਅਧਿਆਪਕ ਸਨ। 100 ਤੋਂ ਵੱਧ ਵਿਸ਼ੇ ਹਰ ਰੋਜ਼ ਪੜ੍ਹਾਏ ਜਾਂਦੇ ਸਨ। ਇਸ ਵਿਚ ਬਹੁਤ ਸਾਰੇ ਬਦੇਸ਼ੀ ਵਿਦਿਆਰਥੀ ਵੀ ਪੜ੍ਹਦੇ ਸਨ।

          ਉਸ ਸਮੇਂ ਵਿਗਿਆਨਕ ਖੇਤਰ ਵਿਚ ਵੀ ਬਹੁਤ ਉੱਨਤੀ ਹੋ ਚੁੱਕੀ ਸੀ ਤੇ ਆਰੀਆ ਭੱਟ ਉਸ ਸਮੇਂ ਦਾ ਸਭ ਤੋਂ ਵੱਡਾ ਗਣਿਤ ਵਿਗਿਆਨੀ ਸੀ ਜਿਸ ਨੇ ਸਭ ਤੋਂ ਪਹਿਲਾਂ ਸਿਫ਼ਰ (Zero) ਅਤੇ ਦਸ਼ਮਲਵ (Decimal) ਦੀਆਂ ਧਾਰਾਵਾਂ ਦੱਸੀਆਂ। ਉਸ ਸਮੇਂ ਸਿੱਖਿਆ ਲਈ ਬੋਧੀ ਵਿਹਾਰਾਂ ਤੋਂ ਇਲਾਵਾ ਹਿੰਦੂ ਮੱਠ ਵੀ ਸਨ। ਰਾਜੇ ਮਹਾਰਾਜੇ ਸਿੱਖਿਅਕਾਂ ਦੀ ਸਰਪ੍ਰਸਤੀ ਕਰਦੇ ਸਨ। ਉਸ ਸਮੇਂ ਸਿੱਖਿਆ ਦੇ ਕੇਂਦਰ ਜ਼ਿਆਦਾ ਕਰਕੇ ਰਿਆਸਤਾਂ ਦੀਆਂ ਰਾਜਧਾਨੀਆਂ ਜਿਵੇਂ ਕਨੌਜ, ਊਜੈਨ, ਮਿਥਲਾ, ਆਦਿ ਵਿਚ ਜਾਂ ਵਾਰਾਨਸੀ, ਅਯੁਧਿਆ ਅਤੇ ਕਾਂਸ਼ੀ ਜਿਹੇ ਧਾਰਮਕ ਸਥਾਨਾਂ ਵਿਚ ਹੁੰਦੇ ਸਨ।

          ਪਹਿਲੀ ਸਦੀ ਵਿਚ ਕੇਂਦਰੀ ਏਸ਼ੀਆਂ ਵਿਚ ਖੋਤਾਨ (Khotan) ਵਿਖੇ ਪ੍ਰਸਿੱਧ ਬੋਧੀ ਵਿਹਾਰ ਸੀ ਜਿਸ ਵਿਚ ਬਹੁਤ ਸਾਰੇ ਭਾਰਤੀ ਵਿਦਵਾਨ ਰਹਿੰਦੇ ਸਨ। ਬਹੁਤ ਸਾਰੇ ਚੀਨੀ ਯਾਤਰੀ ਭਾਰਤ-ਗਮਨ ਦੀ ਥਾਂ ਵਿਦਿੱਆ ਪ੍ਰਾਪਤ ਕਰਨ ਲਈ ਇਥੇ ਹੀ ਠਹਿਰ ਜਾਂਦੇ ਸਨ। ਇਸੇ ਕਾਲ ਦਾ ਇਕ ਹੋਰ ਵੱਡਾ ਵਿਦਵਾਨ ਵਰ੍ਹਮ ਹੀਰਾ (Varaham hira) ਸੀ ਜੋ ਬਨਸਪਤੀ ਵਿਗਿਆਨ ਤੋਂ ਲੈ ਕੇ ਤਾਰਾ ਵਿਗਿਆਨ ਤਕ ਤੇ ਮਿਲਟਰੀ ਵਿਗਿਆਨ ਤੋਂ ਸਿਵਨ ਇੰਜੀਨੀਅਰਿੰਗ ਤਕ ਕਈ ਵਿਸ਼ਿਆਂ ਦਾ ਮਾਹਰ ਸੀ। ਇਸ ਕਾਲ ਵਿਚ ਡਾਕਟਰੀ ਵਿਦਿਆ ਵੀ ਆਪਣੀ ਸਿਖ਼ਰ ਤੇ ਸੀ ਇਸ ਦੀਆਂ 8 ਵੱਖ ਵੱਖ ਸ਼ਾਖਾਵਾਂ ਉਸ ਸਮੇਂ ਪੜ੍ਹਾਂਈਆਂ ਜਾਂਦੀਆਂ ਸਨ।

          ਭਾਰਤੀ ਵਿਦਵਾਨ ਚੀਨ, ਤਿਬਤ, ਸੁਮਾਟਰਾ ਅਤੇ ਨਿਉ ਗਿਨੀ ਤਕ ਜਾ ਕੇ ਵਿਦਿਆ ਪ੍ਰਧਾਨ ਕਰਦੇ ਸਨ ਤੇ ਉਨ੍ਹਾਂ ਦੇਸ਼ਾਂ ਦੇ ਵਿਦਵਾਨ ਭਾਰਤ ਵਿਚ ਵਿਦਿਆ ਪ੍ਰਾਪਤ ਕਰਨ ਆਉਂਦੇ ਸਨ। ਕਈ ਹਿੰਦੂ ਰਾਜਿਆਂ ਨੇ ਇਨ੍ਹਾਂ ਦੇਸ਼ਾਂ ਵਿਚ ਲਗਭਗ 1500 ਸਦੀ ਤਕ ਰਾਜ ਕੀਤਾ ਤੇ ਇਸ ਪ੍ਰਕਾਰ ਸੰਸਕ੍ਰਿਤੀਆਂ ਦੇ ਮਿਲਣ ਨਾਲ ਮਹਾਨ ਭਾਰਤ ਬਣਿਆ।

          ਇਨ੍ਹਾਂ ਦੇਸ਼ਾਂ ਦੀਆਂ ਬਹੁਤ ਸਾਰੀਆਂ ਧਾਰਮਕ ਲਿਖਤਾਂ ਜੋ ਸ਼ੁੱਧ ਸੰਸਕ੍ਰਿਤ ਵਿਚ ਲਿਖੀਆਂ ਮਿਲਦੀਆਂ ਹਨ ਇਨ੍ਹਾਂ ਦੇਸ਼ਾਂ ਤੇ ਭਾਰਤੀ ਪ੍ਰਭਾਵ ਦਾ ਸਬੂਤ ਹਨ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਵਿਚ ਭਾਰਤੀ ਦਰਸ਼ਨ ਸ਼ਾਸਤਰ, ਮਿਥਿਹਾਸ ਅਤੇ ਤਾਰਾ ਵਿਗਿਆਨ ਦਾ ਜ਼ਿਕਰ ਆਮ ਮਿਲਦਾ ਹੈ। ਹਿੰਦੂ ਰਾਜਿਆਂ ਦੇ ਰਾਜ ਕਾਲ ਤਕ ਭਾਰਤ ਦਾ ਸੰਸਾਰ ਦੇ ਬਾਕੀ ਦੇਸ਼ਾਂ ਤੇ ਪ੍ਰਭਾਵ ਰਿਹਾ ਜੋ 15ਵੀਂ ਸਦੀ ਤੋਂ ਹਟ ਗਿਆ।

          ਮੱਧਕਾਲੀ ਭਾਰਤੀ ਸਿੱਖਿਆ––ਮੱਧ ਕਾਲ ਵਿਚ ਭਾਰਤੀ ਸਿੱਖਿਆ ਤੇ ਮੁਸਲਿਮ ਸੰਸਕ੍ਰਿਤੀ ਦਾ ਪ੍ਰਭਾਵ ਪਿਆ। ਮੁਸਲਮਾਨ ਸਭ ਤੋਂ ਪਹਿਲਾਂ ਅੱਠਵੀਂ ਸਦੀ ਵਿਚ ਭਾਰਤ ਆਉਣੇ ਸ਼ੁਰੂ ਹੋਏ ਤੇ ਇਨ੍ਹਾਂ ਦਾ ਰਾਜ ਬਾਰ੍ਹਵੀਂ ਸਦੀ ਦੇ ਅੰਤ ਵਿਚ ਸਥਾਪਤ ਹੋ ਗਿਆ। ਮੁਸਲਮਾਨਾਂ ਨੇ ਦੋ ਪ੍ਰਕਾਰ ਦੇ ਸਕੂਲ ਮਕਤਬ ਅਤੇ ਮਦਰਸਾ ਸਥਾਪਤ ਕੀਤੇ। ਮਕਤਬ ਪ੍ਰਾਇਮਰੀ ਸਕੂਲ ਸੀ ਅਤੇ ਮਦਰਸੇ ਵਿਚ ਉੱਚ ਵਿਦਿਆ ਦਿੱਤੀ ਜਾਂਦੀ ਸੀ। ਸਿੱਖਿਆ ਦਾ ਵਿਸ਼ਾ-ਵਸਤੂ ਬੇਸ਼ਕ ਸਾਰੇ ਰਾਜ ਵਿਚ ਇਕਸਾਰ ਨਹੀਂ ਸੀ ਪਰ ਹਰ ਮੁਸਲਮਾਨ ਨੂੰ ਮਕਤਬ ਵਿਚ ਜ਼ਰੂਰ ਜਾਣਾ ਪੈਂਦਾ ਸੀ ਤਾਂ ਜੋ ਉਹ ਕੁਰਾਨ ਪੜ੍ਹ ਸਕਣ ਦੇ ਕਾਬਲ ਹੋ ਜਾਣ। ਮਦਰਸਿਆਂ ਵਿਚ ਪਿੰਗਲ ਤੋਂ ਲੈ ਕੇ ਸਾਹਿੱਤ, ਤਰਕ (Logic), ਦਰਸ਼ਨ, ਇਤਿਹਾਸ, ਅਰਥ-ਸ਼ਾਸਤਰ, ਹਿਸਾਬ, ਤਾਰਾ-ਵਿਗਿਆਨ, ਚਕਿਤਸਾ ਸ਼ਾਸਤਰ ਅਤੇ ਖੇਤੀਬਾੜੀ ਆਦਿ ਪੜ੍ਹਾਏ ਜਾਂਦੇ ਸਨ। ਹੌਲੀ ਹੌਲੀ ਆਗਰਾ, ਬਾਦੌਣ, ਬਿਦਾਰ, ਦਿੱਲੀ ਅਤੇ ਜੌਨਪੁਰ ਜਿਹੇ ਮੁਖ ਸ਼ਹਿਰਾਂ ਵਿਚ ਯੂਨੀਵਰਸਿਟੀਆਂ ਸਥਾਪਤ ਹੋ ਗਈਆਂ। ਬਗ਼ਦਾਦ ਅਤੇ ਕਾਰਡੋਬਾ ਵਾਂਗ ਦਿੱਲੀ ਵੀ ਮੁਸਲਿਮ ਸੰਸਕ੍ਰਿਤੀ ਦਾ ਇਕ ਮੁਖ ਕੇਂਦਰ ਬਣ ਗਿਆ। ਇਸੇ ਕਾਲ ਵਿਚ ਭਾਰਤੀ ਭਾਸ਼ਵਾਂ ਨੂੰ ਵੀ ਕਾਫ਼ੀ ਮਹੱਤਵ ਦਿੱਤਾ ਗਿਆ। ਕੁਝ ਮੁਸਲਮਾਨ ਬਾਦਸ਼ਾਹਾਂ ਨੇ ਮਹਾਭਾਰ ਅਤੇ ਰਮਾਇਣ ਆਦਿ ਦਾ ਬੰਗਾਲੀ ਭਾਸ਼ਾ ਵਿਚ ਅਨੁਵਾਦ ਕਰਵਾਇਆ। ਪੰਦਰ੍ਹਵੀਂ ਅਤੇ ਸੋਲ੍ਹਵੀਂ ਸਦੀ (1451-1526) ਵਿਚ ਲੋਧੀ ਵੰਸ਼ ਦੇ ਅਸਰ ਹੇਠ ਹਿੰਦੂ ਬੱਚੇ ਵੀ ਮਦਰਸਿਆਂ ਵਿਚ ਜਾਣ ਲੱਗੇ ਅਤੇ ਫ਼ਾਰਸੀ ਸਿਖਣ ਲੱਗ ਪਏ।

          ਅਕਬਰ ਨੇ ਸਿੱਖਿਆ ਪ੍ਰਾਪਤ ਕਰਨ ਦਾ ਚੰਗਾ ਸਿਸਟਮ ਕਾਇਮ ਕੀਤਾ। ਉਸ ਨੇ ਹਿੰਦੂ ਤੇ ਮੁਸਲਮਾਨ ਦੋਹਾਂ ਲਈ ਸਿੱਖਿਆ ਪ੍ਰਾਪਤ ਕਰਨ ਦੇ ਬਰਾਬਰ ਹੱਕ ਰੱਖੇ ਅਤੇ ਕਈ ਨਵੇਂ ਸਕੂਲ ਤੇ ਕਾਲਜ ਖੋਲ੍ਹੇ। ਇਨ੍ਹਾਂ ਵਿਚ ਵਿਸ਼ਾ-ਵਸਤੂ ਇੰਨਾਂ ਵਿਸਤ੍ਰਿਤ ਸੀ ਕਿ ਉਸ ਨਾਲ ਹਰ ਵਿਅਕਤੀ ਦੇ ਆਪਣੇ ਧਰਮ ਅਨੁਸਰ ਨਿਜੀ ਲੋੜਾਂ ਦੀ ਪੂਰਤੀ ਹੋ ਸਕਦੀ ਸੀ। ਫ਼ਾਰਸੀ ਸਰਕਾਰੀ ਭਾਸ਼ਾ ਹੋਣ ਕਰਕੇ ਹਿੰਦੂਆਂ ਲਈ ਪੜ੍ਹਨੀ ਹੋਰ ਵੀ ਲਾਜ਼ਮੀ ਬਣ ਗਈ। ਅਕਬਰ ਤੋਂ ਬਾਅਦ ਸ਼ਾਹਜਹਾਨ ਤੇ ਜਹਾਂਗੀਰ ਨੇ ਇਸ ਦੀ ਇਹ ਪਾਲਸੀ ਜਾਰੀ ਰਖੀ। ਔਰੰਗਜ਼ੇਬ ਦੇ ਸਮੇਂ ਹਿੰਦੂ ਸਿੱਖਿਆ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਉਸ ਨੇ ਕਈ ਮੰਦਰ ਤੇ ਹਿੰਦੂ ਸਕੂਲ ਵੀ ਖ਼ਤਕ ਕਰ ਦਿੱਤੇ।

          ਮੁਗ਼ਲ ਕਾਲ ਵਿਚ ਇਸਤਰੀਆਂ ਉਸਤਾਦ ਦੇ ਘਰ ਵਿਚ ਹੀ ਸਿੱਖਿਆ ਪ੍ਰਾਪਤ ਕਰਦੀਆਂ ਸਨ ਤੇ ਸ਼ਾਹੀ ਘਰਾਣੇ ਦੀਆਂ ਇਸਤਰੀਆਂ ਲਈ ਸਿੱਖਿਆ ਦਾ ਖਾਸ ਪ੍ਰਬੰਧ ਸੀ। ਮੁਗ਼ਲ ਬਾਦਸ਼ਾਹ ਸਾਹਿਤ ਦਾ ਖ਼ਾਸ ਸ਼ੌਕ ਰਖਦੇ ਸਨ। ਅਕਬਰ ਨੇ ਬਹੁਤ ਸਾਰੀਆਂ ਹਿੰਦੂ ਕਲਾ ਅਤੇ ਇਤਿਹਾਸ ਦੀਆਂ ਪੁਸਤਕਾਂ ਦਾ ਅਨੁਵਾਦ ਫ਼ਾਰਸੀ ਵਿਚ ਕਰਵਾਇਆ। ਮੁਗ਼ਲ ਕਾਲ ਦੀ ਸਿੱਖਿਆ ਪੁਰਾਤਨ ਭਾਰਤੀ ਸਿੱਖਿਆ ਨਾਲ ਕਈ ਗੱਲਾਂ ਵਿਚ ਮਿਲਦੀ ਜੁਲਦੀ ਸੀ। ਮੁਗ਼ਲ ਕਾਲ ਦੀ ਸਿੱਖਿਆ ਨਾਲ ਕਈ ਤਰ੍ਹਾਂ ਦੇ ਪ੍ਰਭਾਵ ਭਾਰਤੀ ਸਿੱਖਿਆ ਉੱਤੇ ਪਏ ਜਿਵੇਂ ਕਿ ਸਿੱਖਿਆ ਦਾ ਲੋਕਤੰਤਰ ਹੋਣਾ, ਜਿਸ ਨਾਲ ਅਮੀਰ ਗ਼ਰੀਬ ਦਾ ਵਿਤਕਰਾ ਹੀ ਮਿਟ ਗਿਅ। ਹਿੰਦੂ ਸਿੱਖਿਆ ਵਿਚ ਸਿੱਖਿਆ ਦੇ ਢੰਗ ਮੁਸਲਮਾਨਾਂ ਵਾਲੇ ਅਪਣਾਏ ਜਾਣ ਲਗੇ। ਬਹੁਤ ਸਾਰੇ ਫ਼ਾਰਸੀ ਸ਼ਬਦ ਵਰਤੇ ਜਾਣ ਲੱਗੇ ਅਤੇ ਬੋਲੀ ਵਿਚ ਮੁਸਲਿਮ ਅਸਰ ਕਬੂਲਿਆ ਜਾਣ ਲੱਗਾ। ਕਈ ਬਾਹਰਲੀਆਂ ਸੰਸਕ੍ਰਿਤੀਆਂ ਦਾ ਪ੍ਰਭਾਵ ਭਾਰਤੀ ਸਿੱਖਿਆ ਤੇ ਚੋਖਾ ਪਿਆ ਅਤੇ ‘ਉਰਦੂ’ ਸਿੱਖਿਆ ਦੇ ਚੰਗੇ ਮਾਧਿਅਮ ਵਜੋਂ ਅਪਣਾਇਆ ਗਿਆ।

          ਆਧੁਨਿਕ ਭਾਰਤੀ ਸਿੱਖਿਆ––ਮੁਗ਼ਲ ਰਾਜ ਦੇ ਪਤਨ ਦੇ ਨਾਲ ਨਾਲ ਹੀ ਭਾਰਤ ਵਿਚ ਡੱਚ, ਪੁਰਤਗਾਲੀ ਅਤੇ ਬਰਤਾਨਵੀ ਲੋਕਾਂ ਨੇ ਵਪਾਰਕ ਨਜ਼ਰੀਏ ਨਾਲ ਆਉਣਾ ਸ਼ੁਰੂ ਕੀਤਾ। ਇਨ੍ਹਾਂ ਵਿਚੋਂ ਈਸਟ ਇੰਡੀਆ ਕੰਪਨੀ ਜੋ ਵਪਾਰ ਕਰਨ ਦੀ ਨੀਅਤ ਨਾਲ 1600 ਈ. ਵਿਚ ਭਾਰਤ ਵਿਚ ਸਥਾਪਤ ਹੋਈ ਸੀ, ਨੇ 18ਵੀਂ ਸਦੀ ਵਿਚ ਆਪਣਾ ਰਾਜ ਸਥਾਪਤ ਕਰ ਲਿਆ। ਬਰਤਾਨਵੀ ਰਾਜ ਦੌਰਾਨ 1813 ਈ. ਵਿਚ ਭਾਰਤੀਆਂ ਨੂੰ ਸਿੱਖਆ ਦੇਣ ਲਈ ਇਕ ਲੱਖ ਰੁਪਿਆ ਸੀਮਤ ਕਰ ਦਿੱਤਾ ਗਿਆ ਅਤੇ ਪੁਰਾਤਨ ਵਿਸ਼ਿਆਂ ਨੂੰ ਹੀ ਪੜਾਉਣਾ ਸ਼ੁਰੂ ਕੀਤਾ। ਇਸ ਦੇ ਨਾਲ ਈਸਾਈ ਪ੍ਰਚਾਰਕਾਂ ਨੇ ਆਪਣੀ ਸਿੱਖਿਆ ਦੇਣੀ ਦੀ ਸ਼ੁਰੂ ਕਰ ਦਿੱਤੀ। ਦਿਨੋ ਦਿਨ ਅੰਗਰੇਜ਼ੀ ਸਿੱਖਿਆ ਦਾ ਜ਼ੋਰ ਵਧਣ ਲੱਗਾ। ਅਨੇਕਾਂ ਅੰਗਰੇਜ਼ੀ ਸਕੂਲ ਅਤੇ ਕਾਲਜ ਖੁਲ੍ਹ ਗਏ। ਇਸ ਕਾਲ ਵਿਚ ਅੰਗਰੇਜ਼ੀ ਦੀਆਂ ਪੁਸਤਕਾਂ ਦੀ ਛਪਾਈ ਹੋਣ ਲਗੀ ਤੇ ਫ਼ਾਰਸੀ ਦੀ ਥਾਂ ਤੇ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਬਣਾਇਆ ਗਿਆ। ਲਾਰਡ ਹਾਰਡੀ ਨੇ 1844 ਵਿਚ ਸਰਕਾਰੀ ਨੌਕਰੀਆਂ ਲਈ ਅੰਗਰੇਜ਼ੀ ਭਾਸ਼ਾ ਦਾ ਗਿਆਨ ਜ਼ਰੂਰੀ ਕਰ ਦਿੱਤਾ ਜਿਸ ਨਾਲ ਇਸ ਦਾ ਜ਼ੋਰ ਹੋਰ ਵੱਧ ਗਿਆ। ਇਸ ਤੋਂ ਬਾਅਦ ਥਾਮਸਨ ਨੇ ਹਲਕਾ-ਬੰਦੀ ਕਰ ਕੇ ਪਿੰਡਾਂ ਵਿਚ ਸਕੂਲਾਂ ਦਾ ਪ੍ਰਬੰਧ ਕੀਤਾ। ਖ਼ਰਚੇ ਲਈ ਜ਼ਿਮੀਦਾਰਾਂ ਨੇ ਆਪਣੀ ਆਮਦਨ ਦਾ 1% ਦੇਣਾ ਸਵੀਕਾਰ ਕੀਤਾ। ਇਸ ਪਰਕਾਰ ਥਾਮਸਨ ਨੇ 897 ਨਵੇਂ ਸਕੂਲ ਖੋਲ੍ਹੇ।

          ਭਾਰਤੀ ਸਿੱਖਿਆ ਦੇ ਇਤਿਹਾਸ ਵਿਚ ਅਗਲਾ ਮਹੱਤਵਪੂਰਨ ਕਦਮ 1854 ਵਿਚ ਵੁਡਜ਼ ਡਿਸਪੈਚ (Woods Dispatch) ਦਾ ਹੈ। ਵੁਡਜ਼ ਨੇ ਤਿੰਨ ਮਹੱਤਵਪੂਰਨ ਕੰਮ ਕੀਤੇ––(1) ਹਰ ਸੂਬੇ ਵਿਚ ਸਿੱਖਿਆ ਦੇ ਪ੍ਰਬੰਧ ਲਈ ਵਖਰਾ ਮਹਿਕਮਾ ਬਣਾਇਆ। (2) ਸੰਨ 1857 ਵਿਚ ਕਲਕਤਾ, ਬੰਬਈ ਅਤੇ ਮਦਰਾਸ ਯੂਨੀਵਰਸਿਟੀਆਂ ਕਾਇਮ ਕੀਤੀਆਂ। (3) ਸਿੱਖਿਆ ਲਈ ਸਰਕਾਰੀ ਸਹਾਇਤਾ (grants in aid) ਦੇਣ ਦੀ ਪਿਰਤ ਪਾਈ। ਇਸ ਸਭ ਕੁਝ ਦੇ ਨਤੀਜੇ ਵਜੋਂ ਸੈਕੰਡਰੀ ਸਿੱਖਿਆ ਨੂੰ ਹਾਨੀ ਪਹੁੰਚੀ ਤੇ ਉੱਚ ਸਿੱਖਿਆ ਪ੍ਰਬੰਧ ਵੀ ਕੋਈ ਬਹੁਤਾ ਠੀਕ ਨਹੀਂ ਸੀ।

          ਆਧੁਨਿਕ ਭਾਰਤ ਅਸਲ ਵਿਚ 19ਵੀਂ ਸਦੀ ਦੇ ਪਿਛਲੇ 50 ਸਾਲਾਂ ਦੀ ਦੇਣ ਹੈ। ਇਸ ਸਮੇਂ ਭਾਰਤੀਆਂ ਵਿਚ ਜਾਗ੍ਰਤੀ ਆਈ ਅਤੇ ਉਨ੍ਹਾਂ ਅੰਗਰੇਜ਼ੀ ਸਿੱਖਿਆ ਦੀ ਥਾਂ ਆਪਣੀ ਸਭਿਅਕ ਉੱਨਤੀ ਨੂੰ ਪਹਿਲ ਦੇਣੀ ਉਚਿੱਤ ਸਮਝੀ। ਦੇਸ਼ ਦੀਆਂ ਹਿੰਦੂ ਅਤੇ ਮੁਸਲਿਮ ਸਿਆਸੀ ਪਾਰਟੀਆਂ ਨੇ ਅੰਗਰੇਜ਼ੀ ਤਹਿਜ਼ੀਬ ਦੇ ਖ਼ਿਲਾਫ ਆਵਾਜ਼ ਉਠਾਈ ਅਤੇ ਸਿਟੇ ਵਜ਼ੋਂ ਅੰਗਰੇਜ਼ਾ ਨੂੰ ਸਿੱਖਿਆ ਸਬੰਧੀ ਕਈ ਸੁਧਾਰ ਕਰਨੇ ਪਏ। ਲਾਰਡ ਕਰਜ਼ਨ ਨੇ ਕੁਝ ਸੁਧਾਰ ਕੀਤੇ ਪਰ ਫਿਰ ਵੀ ਭਾਰਤੀਆਂ ਨੂੰ ਇਹ ਸਤੁੰਸ਼ਟ ਨਾ ਕਰ ਸਕੇ। 1902 ਵਿਚ ਉੱਚ ਵਿਦਿਆ ਵਿਚ ਸੁਧਾਰ ਕਰਨ ਲਈ ਇੰਡੀਅਨ ਯੂਨੀਵਰਸਿਟੀ ਕਮਿਸ਼ਨ ਦੀ ਸਥਾਪਨਾ ਕੀਤੀ ਪਰ ਇਸ ਦੀ ਵੀ ਨਿਖੇਧੀ ਕੀਤੀ ਗਈ। ਇਸ ਸਮੇਂ ਵਿਚ ਬਾਲ ਗੰਗਾਧਰ ਤਿਲਕ ਨੇ ਸਵਰਾਜ ਦੀ ਮੰਗ ਕੀਤੀ ਤੇ ਕਰਜ਼ਨ ਨੇ ਭਾਰਤੀ ਸਿੱਖਿਆ ਨੂੰ ਕਿਸੇ ਵੀ ਸਿਰੇ ਲਗਾਏ ਬਿਨਾਂ ਹੀ ਛੱਡ ਦਿੱਤਾ।

          ਇਸ ਸਮੇਂ ਆਲ ਇੰਡੀਅਨ ਮੁਸਲਿਮ ਲੀਗ ਅਤੇ ਆਲ ਇੰਡੀਅਨ ਨੈਸ਼ਨਲ ਕਾਂਗਰਸ ਨੇ ਮੁਫ਼ਤ ਅਤੇ ਜ਼ਰੂਰੀ ਪ੍ਰਾਇਮਰੀ ਸਿੱਖਿਆ ਦੀ ਮੰਗ ਕੀਤੀ। ਸੰਨ 1917 ਵਿਚ ਕਲਕਤਾ ਯੂਨੀਵਰਸਿਟੀ ਕਮਿਸ਼ਨ ਦੀ ਸਥਾਪਨਾ ਨਾਲ ਸੈਕੰਡਰੀ ਅਤੇ ਇੰਟਰਮੀਡੀਏਟ ਸਿੱਖਿਆ ਦੇ ਪ੍ਰਬੰਧ ਲਈ ਵੱਖੋ ਵੱਖ ਬੋਰਡਾਂ ਦੀ ਸਿਫ਼ਾਰਿਸ਼ ਕੀਤੀ।

          ਸੰਨ 1921 ਵਿਚ ਸਿੱਖਿਆ ਦਾ ਪ੍ਰਬੰਧ ਬਰਤਾਨਵੀਆਂ ਤੋਂ ਭਾਰਤੀਆਂ ਦੇ ਅਧਿਕਾਰ ਅਧੀਨ ਆਇਆ। ਸੰਨ 1935 ਵਿਚ ਸਿੱਖਿਆ ਪੂਰੀ ਤਰ੍ਹਾਂ ਭਾਰਤੀ ਕੰਟਰੋਲ ਅਧੀਨ ਸੀ। ਸੰਨ 1921 ਦੇ ਨੇੜੇ ਮਹਾਤਮਾ ਗਾਂਧੀ ਨੇ ਆਪ ਵੀ ਬੇਸਿਕ ਸਿੱਖਿਆ ਲਾਗੂ ਕੀਤੀ। ਇਸੇ ਕਾਲ ਵਿਚ ਇਸਤਰੀ ਸਿੱਖਿਆ ਤੇ ਜ਼ੋਰ ਦਿੱਤਾ ਗਿਆ। ਮਾਤਰੀ ਭਾਸ਼ਾ ਨੂੰ ਮਹੱਤਵ ਦਿੱਤਾ ਗਿਆ। 14 ਨਵੀਆਂ ਯੂਨੀਵਰਸਿਟੀਆਂ ਸਥਾਪਤ ਹੋਈਆਂ। 1947 ਵਿਚ ਆਜ਼ਾਦੀ ਨਾਲ ਹੀ ਦੇਸ਼ ਦੀ ਵੰਡ ਹੋ ਗਈ।

          ਭਾਰਤੀ ਸਿੱਇਖਆ ਦਾ ਪੂਰਾ ਕੰਟਰੋਲ ਸਮੁੱਚੇ ਤੌਰ ਤੇ ਕੇਂਦਰੀ ਸਰਕਾਰ ਕੋਲ ਤੇ ਸਥਾਨਕ ਪ੍ਰਬੰਧ ਰਾਜ ਸਰਕਾਰਾਂ ਅਧੀਨ ਆ ਗਿਆ। ਪੰਜ ਸਾਲਾ ਯੋਜਨਾਵਾਂ ਬਣਾਈਆਂ ਗਈਆਂ। ਆਜ਼ਾਦੀ ਦੇ ਪਹਿਲੇ 20 ਸਾਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਪਹਿਲੇ ਤੋਂ ਲਗਭਗ 4 ਗੁਣਾਂ ਹੋ ਗਈ। 1947 ਵਿਚ 19 ਯੂਨੀਵਰਸਿਟੀਆਂ ਸਨ ਜੋ 1970 ਵਿਚ ਵੱਧ ਕੇ 74 ਹੋ ਗਈਆਂ। 1947 ਤੋਂ ਬਾਅਦ ਭਾਰਤੀ ਸਰਕਾਰ ਨੇ ਸਮੇਂ ਸਮੇਂ ਉੱਤੇ ਉੱਚ ਸਿੱਖਿਆ ਅਤੇ ਸੈਕੰਡਰੀ ਸਿੱਖਿਆ ਦੀ ਉੱਨਤੀ ਨਾਲ ਸਬੰਧਤ ਕਈ ਕਮਿਸ਼ਨ ਵੀ ਸਥਾਪਤ ਕੀਤੇ। ਦੇਸ਼ ਵਿਚ ਕੁਲ ਆਮਦਨ ਦਾ 6% ਸਿੱਖਿਆ ਉੱਤੇ ਖਰਚਨ ਦੀ ਯੋਜਨਾ ਬਣਾਈ ਪਰ ਫਿਰ ਵੀ ਇਹ ਪ੍ਰਤੀ ਜੀਅ ਬਹੁਤ ਘੱਟ ਹੈ। ਦਿਨੋ ਦਿਨ ਉੱਚ ਵਿਦਿਆ ਅਤੇ ਪੇਸ਼ਾਵਰ ਸਿੱਖਿਆ ਤੇ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ। ਫਿਰ ਵੀ ਸਿੱਖਿਆ ਦਾ ਕਿੱਤਿਆਂ ਨਾਲ ਕੋਈ ਮੁੱਢਲਾ ਸਬੰਧ ਨਹੀਂ। ਇਹੀ ਕਾਰਨ ਹੈ ਕਿ ਦਿਨੋ ਦਿਨ ਪੜ੍ਹੇ ਲਿਖਿਆਂ ਵਿਚ ਬੇ-ਰੁਜ਼ਗਾਰੀ ਵੱਧਦੀ ਜਾ ਰਹੀ ਹੈ ਜਿਹੜੀ ਕਿ ਸਿੱਖਿਆ ਦੀ ਉੱਨਤੀ ਵਿਚ ਬੜੀ ਦਿਲ-ਢਾਹੂ ਰੁੱਚੀ ਪੈਦਾ ਕਰ ਰਹੀ ਹੈ। ਆਜ਼ਾਦੀ ਤੋਂ ਬਾਅਦ ਵਿਸ਼ੇਸ਼ ਵੇਖਣ ਵਾਲੀ ਗਲ ਔਰਤਾਂ ਦੀ ਸਿੱਖਿਆ ਹੈ। ਅਜਕਲ ਕੋਈ ਅਜਿਹਾ ਵਿਸ਼ਾ ਨਹੀਂ ਜਿਹੜਾ ਭਾਰਤੀ ਔਰਤ ਨਹੀਂ ਪੜ੍ਹ ਰਹੀ। ਨੌਕਰੀਆਂ ਵਿਚ ਵੀ ਇਨ੍ਹਾਂ ਦੀ ਗਿਣਤੀ ਹਰ ਰੋਜ਼ ਵਧਦੀ ਜਾ ਰਹੀ ਹੈ।

          ਮੁੱਢਲੀ ਚੀਨੀ ਸਿੱਖਿਆ––ਚੀਨ ਦੇ ਪੂਰਵ-ਇਤਿਹਾਸਕ ਪ੍ਰਮਾਣਾ ਤੋਂ ਪਤਾ ਲਗਦਾ ਹੈ ਕਿ ਚੀਨ ਵਿਚ ਮੁੱਢ ਤੋਂ ਹੀ ਸਿੱਖਿਆ ਨੂੰ ਰਾਜ ਦਾ ਇਕ ਜ਼ਰੂਰੀ ਅੰਗ ਮੰਨਿਆ ਜਾਂਦਾ ਸੀ। ਉਸ ਵਕਤ ਸਿੱਖਿਆ ਵਧੇਰੇ ਕਰਕੇ ਜ਼ਬਾਨੀ ਉਪਦੇਸ਼ਾਂ ਰਾਹੀਂ ਅਤੇ ਉਦਾਹਰਨਾਂ ਦੇ ਦੇ ਕੇ ਦਿੱਤੀ ਜਾਂਦੀ ਸੀ। ਚੰਗਾ ਆਚਰਨ ਬਣਾਉਣਾ ਸਿੱਖਿਆ ਦਾ ਮੁਖ ਉਦੇਸ਼ ਸੀ। ਇਸ ਲਈ ਸਥਾਨਕ ਕਾਨੂੰਨ, ਬਜ਼ੁਰਗਾਂ ਦੇ ਆਦਰ ਸਤਿਕਾਰ, ਨੈਤਿਕ ਕਦਰਾਂ ਕੀਮਤਾਂ ਅਤੇ ਸਮਾਜਕ ਰਸਮਾਂ ਰਿਵਾਜ਼ਾਂ ਬਾਰੇ ਸਿੱਖਿਆ ਦਿੱਤੀ ਜਾਂਦੀ ਸੀ। ਵਕਤ ਦੇ ਨਿਜ਼ਾਮ (ਬਾਦਸ਼ਾਹ) ਸਰਕਾਰੀ ਕਰਮਚਾਰੀਆਂ ਦੀਆਂ ਨੌਕਰੀਆਂ ਅਤੇ ਤਰੱਕੀਆਂ ਸਬੰਧੀ ਸਮੇਂ ਦਾ ਹਾਕਮ ਹਰ ਤੀਜੇ ਸਾਲ ਇਮਤਿਹਾਨ ਲੈਂਦਾ ਸੀ। 1100 ਪੂ. ਈ. ਤੋਂ ਕੋਈ ਪੰਜ ਸਾਲ ਬਾਅਦ ਚਾਓ-ਕਾਲ (Chou Period) ਵਿਚ ਰਾਜੇ (ਚਾਓ) ਦੀ ਪੂਜਾ ਕੀਤੀ ਜਾਂਦੀ ਰਹੀ। ਇਸ ਸਮੇਂ ਜ਼ਿਮੀਦਾਰੀ ਸਮਾਜ ਅਤੇ ਉੱਚਵਰਗ ਦਾ ਜ਼ੋਰ ਸੀ ਜ਼ਿਮੀਦਾਰਾ ਵਰਗ ਦੇ ਲੜਕੇ ਲੜਕੀਆਂ ਅਤੇ ਮਰਦ ਤੇ ਔਰਤਾਂ ਨੂੰ ਹੀ ਸਿੱਖਿਆ ਦਿੱਤੀ ਜਾਂਦੀ ਰਹੀ। ਲੜਕੀਆਂ ਲਈ ਅਲਗ ਪਾਠ-ਕ੍ਰਮ ਸੀ। ਉੱਚ ਵਰਗ ਦੇ ਵਿਦਿਆਰਥੀਆਂ ਲਈ ਪਾਠ-ਕ੍ਰਮ ਵਿਚ ਵਿਸ਼ੇ, ਰਸਮਾਂ, ਸੰਗੀਤ, ਤੀਰ ਅੰਦਾਜ਼ੀ, ਰਥਵਾਹੀ, ਲਿਖਣਾ ਤੇ ਗਣਿਤ, ਸਨ। 277-221 ਪੂ. ਈ. ਤਕ ਸਮਾਜਕ ਪਰਿਵਰਤਨ ਦਾ ਸਮਾਂ ਸੀ ਜਦੋਂ ਜ਼ਿਮੀਦਾਰਾ ਸਮਾਜ ਖਤਮ ਹੋ ਰਿਹਾ ਸੀ। ਇਸ ਕਾਲ ਵਿਚ ਵੱਖ ਵੱਖ ਕਿਸਮ ਦੇ ਸੌ ਚਿੰਤਨ ਸਕੂਲਾਂ ਦਾ ਜਨਮ ਹੋਇਆ ਜਿਨ੍ਹਾਂ ਵਿਚੋਂ ਮੁਖ ਸਕੂਲ–ਤਾਓਵਾਦ (Taoism), ਕਨਫ਼ਿਉਸੀਅਸ਼ਵਾਦ (onfucianism), ਮਾਓਵਾਦ (Moism) ਅਤੇ ਲੀਗਲਵਾਦ (Legalism) ਸਨ। ਇਨ੍ਹਾਂ ਸਕੂਲਾਂ ਦੇ ਹੋਂਦ ਵਿਚ ਆਉਣ ਨਾਲ ਸਾਹਿਤ ਅਤੇ ਪਾਠ ਕ੍ਰਮ ਵਿਚ ਕਾਫ਼ੀ ਵਾਧਾ ਹੋਇਆ। ਆਧੁਨਿਕ ਕਾਲ ਦੀ ਸਿੱਖਆ ਦਾ ਮੁਖ ਵਿਸ਼ਾ-ਵਸਤੂ ਵੀ ਇਸ ਕਾਲ ਦੇ ਵਿਸ਼ਾ ਵਸਤੂ ਤੋਂ ਹੀ ਲਿਆ ਗਿਆ ਹੈ। 221-201 ਈ. ਪੂ. ਕਾਲ ਵਿਚ ਲੀਗਲਵਾਦ ਨੂੰ ਸਰਕਾਰੀ ਤੌਰ ਤੇ ਅਪਨਾਉਣ ਕਾਰਨ ਬਹੁਤ ਸਾਰੀਆਂ ਪੁਰਾਣੀਆਂ ਇਤਿਹਾਸਕ ਪੁਸਤਕਾਂ ਤੇ ਜਾਂ ਤਾਂ ਪਾਬੰਦੀ ਲਾ ਦਿੱਤੀ ਗਈ ਜਾਂ ਜਲਾ ਹੀ ਦਿੱਤੀਆਂ ਗਈਆਂ। ਕਈ ਵਿਦਵਾਨਾਂ ਨੂੰ ਮਰਵਾ ਦਿੱਤਾ ਗਿਆ। ਸਾਰੇ ਦੇਸ਼ ਵਿਚ ਪਾਠ-ਪੁਸਤਕਾਂ ਦਾ ਸਮਰੂਪੀਕਰਨ ਕਰ ਦਿੱਤਾ ਗਿਆ। 206 ਪੂ. ਈ. ਤੋਂ 220 ਈ. ਤਕ ਹਾਨ (Han) ਕਾਲ ਵਿਚ ਕਨਫ਼ਿਉਸ਼ੀਅਸਵਾਦ ਦਾ ਪ੍ਰਚਾਰ ਹੋਇਆ ਅਤੇ ਵਿਵਰਜਿਤ ਪੁਸਤਕਾਂ ਨੂੰ ਫ਼ਿਰ ਤੋਂ ਸਤਿਕਾਰਿਆ ਜਾਣ ਲਗਾ। ਵਿਦਵਾਨਾਂ ਦੀਆਂ ਗੁਪਤ ਸਥਾਨਾਂ ਤੇ ਲਕੋਈਆਂ ਕਿਤਾਬਾਂ ਦੀ ਭਾਲ ਕੀਤੀ ਗਈ ਅਤੇ ਉਨ੍ਹਾਂ ਦੀ ਨਕਲ ਕਰਵਾਈ ਜਾਣ ਲਗੀ। ਇਸ ਕਾਲ ਵਿਚ ਕਈ ਮਸ਼ਹੂਰ ਇਤਿਹਾਸਕਾਰ, ਦਰਸ਼ਨਸ਼ਾਸਤਰੀ ਕਵੀ ਕਲਾਕਾਰ ਅਤੇ ਹੋਰ ਵਿਦਵਾਨ ਹੋਏ ਹਨ ਜਿਨ੍ਹਾਂ ਵਿਚੋਂ ਚੀਨ ਦੇ ਪੁਰਾਣੇ ਸਮਿਆਂ ਤੋਂ ਪਹਿਲੀ ਈ. ਪੂ. ਤਕ ਦੇ ਯਾਦਗਾਰੀ ਇਤਿਹਾਸ (Monumental history of china from the earliest times to Ist C. B. C) ਦਾ ਲੇਖਕ ਸ਼ੂ‘-ਮਾ-ਚੈਨ (S. su-ma Chien) ਦਾ ਨਾਂ ਖ਼ਾਸ ਵਰਣਨ ਯੋਗ ਹੈ ਤੇ ਇਸ ਨੂੰ ‘ਚੀਨੀ ਇਤਿਹਾਸ ਦਾ ਪਿਤਾ’ (Chines father of History) ਦਾ ਚੀਨੀ ਖ਼ਿਤਾਬ ਦਿੱਤਾ ਗਿਆ। ਇਸੇ ਕਾਲ ਵਿਚ ਭਾਰਤੀ ਪਰਚਾਰਕਾਂ ਅਤੇ ਵਪਾਰੀਆਂ ਦੁਆਰਾ ਬੁੱਧ-ਮਤ ਚੀਨ ਵਿਚ ਆਇਆ ਤੇ ਨਾਲ ਹੀ ਗਣਿਤ ਅਤੇ ਤਾਰਾ-ਵਿਗਿਆਨ ਦਾ ਗਿਆਨ ਵੀ। ਚੀਨੀਆਂ ਦੀ ਬੁੱਧਮਤ ਤੇ ਤਾਓਵਾਦ ਦੇ ਕੁਝ ਰਲਵੇਂ ਵਿਚਾਰਾਂ ਨੇ ਤਾਓਵਾਦ ਤੇ ਬੁੱਧ-ਮਤ ਦੇ ਪਰਾਸਰਨ ਵਿਚ ਸਹਾਇਤਾ ਕੀਤੀ। ਇਸ ਕਾਲ ਵਿਚ ਬੁੱਧ-ਮਤ ਚੀਨ ਵਿਚ ਜ਼ਿਆਦਾ ਫ਼ੈਲਿਆ ਤੇ ਸਿੱਖਿਆ ਤੇ ਇਸ ਦਾ ਚੋਖਾ ਪ੍ਰਭਾਵ ਪਿਆ।

          ਮੱਧਕਾਲੀ ਚੀਨੀ ਸਿੱਖਿਆ––ਚੀਨ ਦੀ ਮੱਧ ਕਾਲੀ ਸਿੱਖਿਆ ਦਾ ਵਰਣਨ ਇਸ ਦੇ ਹੇਠ ਲਿਖੇ ਇਤਿਹਾਸਕ ਕਾਲਾਂ ਵਿਚ ਕੀਤਾ ਜਾਂਦਾ ਹੈ ਤਾਂ ਘਰਾਣਾ (Tang Dynasty, 618-907 ਈ.); ਸੁੰਗ ਕਾਲ (The Sung-960-1279 ਈ.); ਮੰਗੋਲ ਕਾਲ (The Mangol Period 1279-1368); ਮਿੰਗ ਕਾਲ (Ming Period, 1368-1644) ਅਤੇ ਮਨਚੂ ਕਾਲ (The Manchu Period 1644-1911)।

          ਤਾਂ ਕਾਲ-ਤਾਂ ਘਰਾਣੇ ਦੇ ਕਾਲ ਵਿਚ ਬੋਧੀ ਵਿਦਵਾਨਾਂ ਨੂੰ ਬਹੁਤ ਮਹੱਤਵ ਮਿਲਿਆ। ਇਸ ਕਾਲ ਵਿਚ ਹਜ਼ਾਰਾਂ ਲੇਖਕ ਅਤੇ ਕਲਾ ਕਾਰ ਹੋਏ। ਇਸੇ ਲਈ ਇਸ ਕਾਲ ਨੂੰ ਚੀਨ ਦੀ ‘ਕਵਿਤਾ’ ਦਾ ਸੁਨਿਹਰੀ ਯੁੱਗ’ ਕਹਿੰਦੇ ਹਨ। ਚੀਨ ਦੁਆਰਾ ਸੰਸਾਰ ਦਾ ਸਭ ਤੋਂ ਪਹਿਲਾ ਛਾਪਾ ਖਾਨਾ ਕਿਸੇ ਕਾਲ ਵਿਚ ਤਿਆਰ ਹੋਇਆ ਬਲਾਕ ਛਪਾਈ ਦੁਆਰਾ ਸੰਸਾਰ ਦੀ ਸਭ ਤੋਂ ਪਹਿਲੀ ਪੁਸਤਕ ਬੋਧੀ ਸੂਤਰ (Budhist Sutra) 868 ਈ. ਵਿਚ ਛਪੀ। ਇਥੇ ਕੇਂਦਰੀ ਸਰਕਾਰ, ਸਥਾਨਕ ਸਰਕਾਰ ਅਤੇ ਪ੍ਰਾਈਵੇਟ ਅਧਿਕਾਰਾਂ ਅਧੀਨ ਕਈ ਤਰ੍ਹਾਂ ਦੇ ਸਕੂਲ ਅਤੇ ਕਾਲਜ ਸਨ ਜੋ ਪ੍ਰਬੰਧ ਅਤੇ ਪ੍ਰਣਾਲੀ ਦੇ ਪੱਖ ਤੋਂ ਬਹੁਤ ਚੰਗੇ ਸਨ। ਕੋਰੀਆ ਅਤੇ ਜਾਪਾਨ ਤੋਂ ਵਿਦਿਆਰਥੀ ਇਥੇ ਪੜ੍ਹਨ ਆਉਂਦੇ ਸਨ। ਇਸ ਕਾਲ ਦੀ ਇਮਤਿਹਾਨ-ਪ੍ਰਣਾਲੀ (Examination Systems) ਇੰਨੀ ਚੰਗੀ ਸੀ ਕਿ ਇਹ 20ਵੀਂ ਸਦੀ ਤਕ ਲਗਭਗ ਉਵੇਂ ਚਲਦੀ ਰਹੀ।

          ਸੁੰਗ ਕਾਲ––ਇਸ ਸੁੰਗ ਕਾਲ ਵਿਚ ਚੀਨ ਭੂ-ਦ੍ਰਿਸ਼ ਚਿਤਰਕਾਰੀ (Land Scape Printing) ਵਿਚ ਪਰਿ-ਪੂਰਨਤਾ ਦੀ ਹੱਦ ਤਕ ਪਹੁੰਚ ਚੁਕਿਆ ਸੀ। ਇਸੇ ਕਾਲ ਵਿਚ ਬਲਾਕ ਛਪਾਈ (Block Printing) ਤੋਂ ਬਾਅਦ ਚਲਣ ਸ਼ੀਲ ਛਪਾਈ (Movable Printing) ਵੀ ਸ਼ੁਰੂ ਹੋਈ। ਇਸ ਕਾਲ ਵਿਚ ਸਿੱਖਿਆ ਖੇਤਰ ਵਿਚ ਰਾਜਨੀਤਕ, ਆਰਥਕ ਅਤੇ ਤਤਕਾਲੀ ਸਮੱਸਿਆਵਾਂ (Current Problems) ਦੇ ਅਧਿਐਨ ਵੱਲ ਵਧੇਰੇ ਧਿਆਨ ਦਿੱਤਾ ਜਾਣ ਲਗਾ ਇਸ ਤੋਂ ਇਲਾਵਾ ਇਸ ਕਾਲ ਵਿਚ ਚੀਨ ਦਾ 5ਵੀਂ ਸਦੀ ਤੋਂ 10ਵੀਂ ਸਦੀ ਦਾ ਇਤਹਾਸ ਲਿਖਿਆ ਗਿਆ। ਇਕ ਵਿਸ਼ਵ-ਕੋਸ਼ (Encyclopaedia) ਤਿਆਰ ਕੀਤਾ ਗਿਆ। ਭਵਨ ਨਿਰਮਾਣ ਅਤੇ ਬਨਸਪਤੀ ਵਿਗਿਆਨ ਆਦਿ ਦੀਆਂ ਪੁਸਤਕਾਂ ਲਿਖਿਆ ਗਈਆਂ ਜੋ ਅੱਜ ਵੀ ਮੁੱਢਲੀਆਂ ਪੁਸਤਕਾਂ ਦੇ ਤੌਰ ਤੇ ਪੜੀਆਂ ਜਾਂਦੀਆਂ ਹਨ।

          ਮੰਗੋਲ ਕਾਲ––ਇਸ ਸਮੇਂ ਮੰਗੋਲੀਆਂ ਨੂੰ ਕਈ ਕਾਰਨਾਂ ਕਰਕੇ ਚੀਨੀਆਂ ਤੇ ਵਿਸ਼ਵਾਸ਼ ਨਾ ਰਿਹਾ। ਇਸ ਲਈ ਪਰਬੰਧ ਅਤੇ ਨੌਕਰੀਆਂ ਦੇ ਪਖੋਂ ਮੰਗੋਲ ਰਾਜਿਆਂ ਨੇ ਮੰਗੋਲੀਆਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ। ਸਕੂਲਾਂ ਵਿਚ ਮੰਗੋਲ ਭਾਸ਼ਾ ਪੜ੍ਹਾਈ ਜਾਣ ਲੱਗੀ ਅਤੇ ਚੀਨ ਦੀਆਂ ਕਈ ਪ੍ਰਮਾਣੀਕ ਪੁਸਤਕਾਂ ਦਾ ਮੰਗੋਲੀ ਭਾਸ਼ਾ ਵਿਚ ਅਨੁਵਾਦ ਹੋਣ ਲੱਗਾ। ਇਸ ਦੇ ਪ੍ਰਭਾਵ ਵਜੋਂ ਚੀਨੀ ਵਿਦਵਾਨਾਂ ਨੇ ਨਾਟਕ ਤੇ ਨਾਵਲ ਵੱਲ ਜ਼ਿਆਦਾ ਧਿਆਨ ਇਕਾਗਰ ਕੀਤਾ ਅਤੇ ਨਾਲ ਹੀ ਲੋਕਾਂ ਦੀਆਂ ਭਾਸ਼ਾਵਾਂ ਵਿਚ ਸਾਹਿੱਤ ਰਚਣਾ ਸ਼ੁਰੂ ਕਰ ਦਿੱਤਾ।

          ਮਿੰਗ ਕਾਲ––ਇਸ ਕਾਲ ਵਿਚ ਮੁੜ ਕੇ ਚੀਨੀਆਂ ਦਾ ਰਾਜ ਸਥਾਪਤ ਹੋਇਆ। ਇਸ ਕਾਲ ਦੀ ਸਿੱਖਿਆ ਦੇ ਇਤਿਹਾਸ ਵਿਚ ਮਹੱਤਵਪੂਰਨ ਗਲ ਨਾਵਲ ਦਾ ਵਿਕਾਸ ਸੀ। ਇਸ ਕਾਲ ਦੇ ਸਥਾਨਕ ਭਾਸ਼ਾ ਵਿਚ ਲਿਖੇ ਨਾਵਲ ਅੱਜ ਮੰਨੇ ਪ੍ਰਮੰਨੇ ਹਨ। ਇਸੇ ਕਾਲ ਵਿਚ 26 ਸਾਲਾਂ ਦੀ ਮਿਹਨਤ ਨਾਲ ਇਕ ਹਿਕਮਤ ਦੀ ਕਿਤਾਬ (Pharma-copoeia) ਲਿਖੀ ਗਈ ਅਤੇ 2000 ਵਿਦਵਾਨਾਂ ਦੀ 5 ਸਾਲਾਂ ਦੀ ਮਿਹਨਤ ਨਾਲ ਲਿਖਿਆ Yung-Lo-ta-ten ਨਾਂ ਦਾ ਇਕ ਵਿਸ਼ਵ ਕੋਸ਼ ਮਿਲਦਾ ਹੈ ਜੋ 11000 ਜਿਲਦਾਂ ਵਿਚ ਹੈ।

          ਮਨਚੂ ਕਾਲ––ਇਸ ਕਾਲ ਵਿਚ ਸਿੱਖਿਆ ਸਬੰਧੀ ਕੋਈ ਬਹੁਤ ਮਹੱਤਵਪੂਰਨ ਕੰਮ ਨਹੀਂ ਹੋਇਆ ਕੇਵਲ ਪੁਰਾਣੀਆਂ ਲਿਖੀਆਂ ਪੁਸਤਕਾਂ ਜਿਵੇਂ ਕੋਸ਼ ਤੇ ਵਿਸ਼ਵਕੋਸ਼ ਵਗੈਰਾ ਦੀਆਂ ਹੋਰ ਕਾਪੀਆਂ ਛਪਵਾਈਆਂ ਗਈਆਂ ਸਨ। ਕੁਝ ਨਵੇਂ ਵਿਸ਼ਵ ਕੋਸ਼ ਵੀ ਬਣਾਏ ਗਏ ਜੋ ਸਾਹਿਤਕ ਪੱਖ ਤੋਂ ਬਹੁਤ ਚੰਗੇ ਨਹੀਂ ਸਨ। ਸਰਕਾਰੀ ਨੌਕਰੀਆਂ ਵਿਚ ਮਨਚੂ ਕੋ ਲੋਕਾਂ ਲਈ 50% ਥਾਵਾਂ ਰਾਖਵੀਆਂ ਰਖੀਆਂ ਗਈਆਂ ਜਦੋਂ ਕਿ ਉਨ੍ਹਾਂ ਦੀ ਆਬਾਦੀ ਕੇਵਲ 3% ਸੀ ਇਮਤਿਹਾਨਾ ਵਿਚ ਵੀ ਇਨ੍ਹਾਂ ਨੂੰ ਖ਼ਾਸ ਰਿਆਇਤ ਸੀ। ਇਸ ਤਰ੍ਹਾਂ ਆਧੁਨਿਕ ਕਾਲ ਦੇ ਆਰੰਭ ਤਕ ਚੀਨ ਵਿਚ ਰਾਜਨੀਤਕ ਤੇ ਮਾਨਸਿਕ ਪੱਧਰ ਤੇ ਕਾਫ਼ੀ ਸਥਿਰਤਾ ਆ ਗਈ।

          ਆਧੁਨਿਕ ਚੀਨੀ ਸਿੱਖਿਆ––ਉੱਨ੍ਹੀਵੀਂ ਸਦੀ ਤੋਂ ਪਹਿਲਾਂ ਹੀ ਮਨਚੂ ਕਾਲ ਵਿਚ ਰਾਜਨੀਤੀਕ ਤੇ ਸੰਸਕ੍ਰਿਤਕ ਅਵਨਤੀ ਸ਼ੁਰੂ ਹੋ ਚੁੱਕੀ ਸੀ। ਦੇਸ਼ ਵਿਚ ਅੰਦਰੂਨੀ ਬਗ਼ਾਵਤਾਂ ਹੋ ਰਹੀਆਂ ਸਨ। ਦੇਸ਼ ਅੰਦਰ ਸਿਆਸੀ ਹਾਲਾਤ ਬਦਲਣ ਕਰ ਕੇ ਸਿੱਖਿਆ ਦੇ ਖੇਤਰ ਵਿਚ ਵੀ ਕਈ ਤਬਦੀਲੀਆਂ ਹੋਈਆਂ। ਨਵੇਂ ਸਕੂਲ ਹੋਂਦ ਵਿਚ ਆਏ ਜਿਨ੍ਹਾਂ ਵਿਚ ਦੂਜੇ ਦੇਸ਼ਾਂ ਬਾਰੇ ਗਿਆਨ ਦੇਣਾ ਸ਼ੁਰੂ ਕੀਤਾ ਗਿਆ ਅਤੇ ਬਦੇਸ਼ੀ ਭਾਸ਼ਾਵਾਂ ਪੜ੍ਹਾਈਆਂ ਜਾਣ ਲਗੀਆਂ। ਇਸ ਤੋਂ ਇਲਾਵਾ ਫ਼ੌਜੀ ਸਿਖਲਾਈ ਦੇ ਕਈ ਸਕੂਲ ਵੀ ਖੋਲ੍ਹੇ ਗਏ।

          ਸੰਨ 1894-95 ਵਿਚ ਚੀਨ ਦੇ ਜਾਪਾਨ ਤੋਂ ਹਾਰ ਜਾਣ ਨਾਲ ਹਾਲਾਤ ਹੋਰ ਵੀ ਬਦਲ ਗਏ। ਪੱਛਮੀ ਵਿਸ਼ਿਆਂ ਦੀ ਪੜ੍ਹਾਈ ਸ਼ੁਰੂ ਕੀਤੀ ਗਈ। ਸਰਕਾਰੀ ਨੌਕਰੀਆਂ ਦੇ ਯੋਗ ਬਣਾਉਣ ਲਈ ਲੋੜੀਂਦੀ ਸਿੱਖਿਆ ਲਈ ਵਿਦਿਆਰਥੀਆਂ ਨੂੰ ਬਦੇਸ਼ਾਂ ਵਿਚ ਭੇਜਿਆ ਜਾਣ ਲੱਗਾ। ਇਸੇ ਕਾਲ ਵਿਚ ਹੀ ਚੀਨ ਦੀ ਸਦੀਆਂ ਪੁਰਾਣੀ ਇਮਤਿਹਾਨ ਪ੍ਰਣਾਲੀ (Examination system) ਵੀ ਬਦਲੀ ਗਈ। ਸਕੂਲ ਪ੍ਰਣਾਲੀ ਲਈ ਜਾਪਾਨੀਆਂ ਦੀ ਨਕਲ ਕੀਤੀ ਗਈ ਸੰਨ 1910 ਤੋਂ 1920 ਤਕ ਰਾਜਨੀਤਕ ਅਸਥਿਰਤਾ ਦਾ ਸਮਾਂ ਸੀ ਜਿਸ ਕਰ ਕੇ ਦੇਸ਼ ਵਿਚ ਕੋਈ ਸਥਾਈ ਯੋਜਨਾ ਨਹੀਂ ਸੀ। ਸਿੱਖਿਆ ਖੇਤਰ ਭੈੜੀ ਹਾਲਤ ਵਿਚ ਸੀ ਪਰ ਇਸ ਕਾਲ ਵਿਚ ਕਈ ਬੁੱਧੀ ਜੀਵੀ ਹੋਏ ਅਤੇ ਕਈ ਸੰਸਕ੍ਰਿਤਕ ਅੰਦੋਲਨ ਹੋਂਦ ਵਿਚ ਆਏ ਇਸੇ ਲਈ ਇਸ ਕਾਲ ਨੂੰ ਚੀਨ ਦਾ ਪੁਨਰ ਜਾਗਰਤੀ ਕਾਲ ਵੀ ਕਿਹਾ ਜਾਂਦਾ ਹੈ। ਇਸ ਕਾਲ ਵਿਚ ਹੀ ਮਾਰਕਸਵਾਦ ਚੀਨ ਵਿਚ ਆਇਆ। ਇਸ ਕਾਲ ਵਿਚ ਲਿਖਤੀ ਭਾਸ਼ਾ ਵਿਚ ਵੀ ਸੁਧਾਰ ਹੋਏ ਅਰਥਾਤ ਲੋਕਾਂ ਦੀ ਆਮ ਭਾਸ਼ਾ ਵਿਚ ਸਾਹਿਤ ਰਚਿਆ ਜਾਣ ਕਰਕੇ ਬੌਧਿਕ ਅੰਦੋਲਨ ਨੂੰ ਹੋਰ ਪ੍ਰੇਰਣਾ ਮਿਲੀ। ਇਸ ਕਾਲ ਦਾ ਤੀਸਰਾ ਅੰਦੋਲਨ ਚੀਨੀ ਵਿਦਿਆਰਥੀ ਅੰਦੋਲਨ ਸੀ।

          20 ਵੀਂ ਸਦੀ ਦੇ ਅੱਧ ਤਕ ਸਿੱਖਿਆ ਬੁੱਧੀ-ਜੀਵੀਆਂ ਦੇ ਅਧਿਕਾਰ ਅਧੀਨ ਹੋ ਗਈ। ਇਸ ਸਮੇਂ ਸਿੱਖਿਆ ਦਾ ਮੁਖ ਮੰਤਵ ਅਨਪੜ੍ਹਤਾ ਦੂਰ ਕਰਨਾ ਸੀ ਇਸ ਨਹੀ ਬਾਲਗ਼ ਸਿੱਖਿਆ ਸ਼ੁਰੂ ਹੋੲ। ਦੇਸ਼ ਵਿਚ ਸਿੱਖਿਆ ਦੀ ਇਕ ਸਥਿਰ ਪ੍ਰਣਾਲੀ ਬਣੀ ਅਤੇ ਚੰਗੇ ਸੰਗਠਿਤ ਅਤੇ ਸਿਧਾਂਤੀ (Systematic) ਸਿੱਖਿਆ ਸੰਸਥਾਵਾਂ ਹੋਂਦ ਵਿਚ ਆਈਆਂ। ਸਕੂਲਾਂ ਵਿਚ ਮੁੰਡੇ ਕੁੜੀਆਂ ਦੀ ਸਾਂਝੀ ਸਿੱਖਿਆ ਪ੍ਰਣਾਲੀ, ਅ ਤੇ ਰਾਸ਼ਟਰੀ ਭਾਸ਼ਾ ਦਾ ਹੋਂਦ ਵਿਚ ਆਉਣਾ, ਇਸ ਕਾਲ ਦੇ ਹੋਰ ਮਹਤੱਵਪੂਰਨ ਪਰਿਵਰਤਨ ਸਨ।

          ਚੀਨ ਵਿਚ ਸਾਮਵਾਦ ਆਉਣ ਨਾਲ ਸਿੱਖਿਆ ਖੇਤਰ ਵਿਚ ਵੀ ਪਰਿਵਰਤਨ ਆਏ। ਸਾਮਵਾਦੀ ਕਿਸੇ ਵਿਅਕਤੀ ਨੂੰ ਬਦਲਣ ਲਈ ਸਿੱਖਿਆ, ਪਰਚਾਰ ਅਤੇ ਉਪਦੇਸ਼ ਤਿੰਨਾਂ ਵਿਚ ਕੋਈ ਫ਼ਰਕ ਨਹੀਂ ਸਮਝਦੇ। ਅਖ਼ਬਾਰਾਂ, ਇਸ਼ਤਿਹਾਰਾਂ ਰੇਡੀਓਗਰਾਮਾਂ, ਇਕੱਠਾਂ ਰਾਜਨੀਤਕ ਰੈਲੀਆਂ, ਪਰੇਡ ਅਤੇ ਪ੍ਰਦਰਸ਼ਨੀਆਂ (Demonstrations) ਆਦਿ ਬਹੁਤ ਸਾਰੀਆਂ ਸੰਸਥਾਵਾਂ ਹਨ ਜਿਨ੍ਹਾਂ ਦੁਆਰਾ ਪਰਚਾਰ, ਉਪਦੇਸ਼ ਅਤੇ ਸਿੱਖਿਆ ਦਿੱਤੀ ਜਾਂਦੀ ਹੈ। ਸੰਨ 1966-1969 ਤਕ ਚੀਨ ਵਿਚ ਫਿਰ ਸੰਸਕ੍ਰਿਤਕ ਕ੍ਰਾਂਤੀ ਆਈ ਇਸ ਦੌਰਾਨ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਰਹੀਆਂ।

          ਜਦੋਂ 1949 ਵਿਚ ਸਾਮਵਾਦ ਨੇ ਚੀਨ ਵਿਚ ਤਾਕਤ ਫੜੀ ਤਾਂ ਉਨ੍ਹਾਂ ਨੇ ਸਿੱਖਿਆ ਖੇਤਰ ਵਿਚ ਤਿੰਨ ਮੁਖ ਕਾਰਜਾਂ ਵੱਲ ਧਿਆਨ ਦਿੱਤਾ––(1) ਬਹੁਤ ਸਾਰੇ ਲੋਕਾਂ ਨੂੰ ਲਿਖਣਾ ਤੇ ਪੜ੍ਹਣਾ ਸਿਖਾਉਣਾ, (2) ਖ਼ਾਸ ਖ਼ਾਸ ਕਾਰਜਾਂ ਲਈ ਵੱਖ ਵੱਖ ਵਿਅਕਤੀਆਂ ਨੂੰ ਟ੍ਰੇਨਿਗ ਦੇਣਾ ਅਤੇ (3) ਲੋਕਾਂ ਦਾ ਵਿਵਹਾਰ ਪ੍ਰਵਿਰਤੀਆਂ, ਵਲਵਲਿਆਂ ਅਤੇ ਦ੍ਰਿਸ਼ਟਲਕੋਣਾਂ ਨੂੰ ਬਦਲਣਾ। ਅਜੋਕੇ ਚੀਨ ਵਿਚ ਤਿੰਨ ਪ੍ਰਕਾਰ ਦੇ ਸਕੂਲ ਹਨ––(1) ਸਾਰੇ ਵਕਤ ਲਈ ਸਕੂਲ (Full time School) (2) ਕਾਰਜ ਪੜ੍ਹਾਈ ਸਕੂਲ (Work study school) (3) ਵਾਧੂ ਸਮੇਂ ਲਈ ਸਕੂਲ (Spare time school)। 1968 ਤੋਂ ਬਾਅਦ ਚੀਨ ਦੇ ਸਿੱਖਿਆ ਖੇਤਰ ਵਿਚ ਦੋ ਮੁਖ ਵਿਕਾਸ ਆਏ––(1) ਉੱਚ ਵਿਦਿਆ ਬਹੁਤ ਘੱਟ ਵਿਦਿਾਰਥੀਆਂ ਨੂੰ ਦੇਣਾ ਅਤੇ (2) ਉੱਪਜ ਅਤੇ ਕਿਰਤ ਤੇ ਵੱਧ ਤੋਂ ਵੱਧ ਜ਼ੋਰ ਦੇਣਾ। ਉਪਰੋਕਤ ਪ੍ਰਵਿਰਤੀਆਂ ਨੂੰ ਮੁਖ ਰਖ ਕੇ ਮਾਓ (Mao) ਨੇ ਬੁੱਧੀ-ਜੀਵੀਆਂ ਨੂੰ ਕਾਰਜ ਖੇਤਰ (Production front) ਵਿਚ ਕਾਰਜ ਕਰਨ ਲਈ ਭੇਜਿਆ ਤੇ ਉੱਚ ਵਿਦਿਆ ਪ੍ਰਾਪਤ ਕਰਨ ਲਈ ਕਾਰਜ ਖੇਤਰ ਦੇ ਤਜਰਬੇ ਨੂੰ ਲਾਜ਼ਮੀ ਕਰ ਦਿੱਤਾ। ਚੀਨ ਦੀਆਂ ਸਿੱਖਿਆਂ ਸੰਸਥਾਵਾਂ ਵਿਚ ਮਾਓ ਦੇ ਵਿਚਾਰਾਂ ਦਾ ਪ੍ਰਚਾਰ ਕਰਨਾ ਸਿੱਖਿਆ ਦਾ ਇਕ ਮੁਖ ਮੰਤਵ ਹੈ ਜਿਸ ਲਈ ਖ਼ਾਸ ਸਿੱਖੇ ਹੋਏ ਵਿਅਕਤੀ ਫ਼ੌਜੀ ਸੰਪਰਕ ਹੇਠ ਸਕੂਲਾਂ ਵਿਚ ਭੇਜੇ ਜਾਂਦੇ ਹਨ।

          ਆਰਥਿਕਤਾ––ਸਿੱਖਿਆ ਦੇ ਆਰਥਕ ਪੱਖ ਦਾ ਬੜਾ ਲੰਬਾ ਇਤਿਹਾਸ ਹੈ। ਅੱਜ ਦੇ ਮਨੁੱਖ ਦੀ ਜ਼ਿੰਦਗੀ ਦੇ ਕੁਲ ਸਾਲਾਂ ਦਾ ਬਹੁਤਾ ਸਮਾਂ ਸਿੱਖਿਆ ਲੈ ਰਹੀ ਹੈ। ਬਹੁਤੇ ਦੇਸ਼ਾਂ ਵਿਚ 2 ਤੋਂ 20 ਸਾਲ ਤਕ ਦੀ ਉਮਰ ਤਕ ਵਿਅਕਤੀ ਸਿੱਖਿਆ ਪ੍ਰਕ੍ਰਿਆ ਵਿਚ ਹੀ ਰੁਝਾ ਰਹਿੰਦਾ ਹੈ। ਇਸ ਉਪਰੰਤ ਵੀ ਉਚੇਰੀ ਸਿੱਖਿਆ ਲਈ ਆਪਣੇ ਯਤਨ ਜਾਰੀ ਰਖਦਾ ਹੈ। ਸਾਰੇ ਦੇਸ਼ਾਂ ਵਿਚ ਹੀ ਸੰਪੂਰਨ ਪ੍ਰਾਇਮਰੀ ਸਿੱਖਿਆ ਨੂੰ ਬਹੁਤ ਮਹੱਤਵ ਅਤੇ ਪਹਿਲ ਦਿੱਤੀ ਜਾਂਦੀ ਹੈ ਇਸੇ ਲਈ 20 ਵੀਂ ਸਦੀ ਦੇ ਪਿਛਲੇ ਅੱਧੇ ਸਮੇਂ ਨੂੰ ਸਰਵ-ਵਿਆਪਕ ਸਿੱਖਿਆ ਕਾਲ ਕਿਹਾ ਜਾਂਦਾ ਹੈ।

          ਉੱਨਤ ਦੇਸ਼ਾਂ ਵਿਚ ਬਜਟ ਦਾ ਪਜਵਾਂ ਹਿੱਸਾ ਸਿੱਖਿਆ ਤੇ ਹੀ ਖ਼ਰਚ ਕੀਤਾ ਜਾਂਦਾ ਹੈ। ਅਸਲ ਵਿਚ ਸਿੱਖਿਆ ਇਕ ਕਿਸਮ ਦਾ ਉਦਯੋਗ ਹੈ ਜੋ ਪੈਸੇ ਨਾਲੋਂ ਕਿਰਤ ਤੇ ਜ਼ਿਆਦਾ ਨਿਰਭਰ ਕਰਦਾ ਹੈ। ਇਸ ਲਈ ਇਸ ਵਿਚ ਉਪਲਭਧ ਅਤੇ ਯੋਗ ਜਨ-ਸ਼ਕਤੀ (Man Power) ਕਾਫ਼ੀ ਮਾਤਰਾ ਵਿਚ ਵਰਤੀ ਜਾਂਦੀ ਹੈ।

          ਸਿੱਖਿਆ ਦੇ ਆਰਥਕ ਖੇਤਰ ਵਿਚ ਮਹੱਤਵਪੂਰਨ ਗਲ ਸਿੱਖਿਆ ਲਈ ਵਰਤੇ ਗਏ ਸਾਧਨਾਂ ਦਾ ਧਿਆਨਪੂਰਵਕ ਅਨੁਮਾਨ ਲਗਾਉਣਾ ਹੈ। ਜਿਵੇਂ––ਕੀ ਸਿੱਖਿਆ ਤੋਂ ਪ੍ਰਾਪਤ ਲਾਭ ਸਿੱਖਿਆ ਤੇ ਕੀਤੇ ਖ਼ਰਚੇ ਦੇ ਅਨੁਸਾਰ ਹਨ ਜਾਂ ਨਹੀਂ। ਦੂਸਰੀ ਮਹੱਤਵਪੂਰਨ ਗੱਲ ਇਹ ਨਿਰਣਾ ਕਰਨਾ ਹੈ ਕੇ ਕੀ ਸਿੱਖਿਆ ਤੇ ਕੀਤੇ ਖ਼ਰਚ ਨੂੰ ਲਾਗਤ ਦੇ ਤੌਰ ਤੇ ਗਿਣਿਆ ਜਾਵੇ ਜਾਂ ਖ਼ਪਤ ਦੇ ਤੌਰ ਤੇ ਦੇਸ਼ ਆਪਣੇ ਬਜਟ ਦਾ ਬਹੁਤਾ ਹਿੱਸਾ ਆਪਣੇ ਬੱਚਿਆਂ ਦੀ ਯੋਗਤਾਵਾਂ ਵਧਾਉਣ ਅਤੇ ਉਨ੍ਹਾਂ ਨੂੰ ਵੱਖ ਵੱਖ ਕੰਮਾਂ ਵਿਚ ਨਿਪੁੰਨਤਾ, ਮੁਹਾਰਤ ਜਾਂ ਉਸਤਾਦੀ ਸਿਖਾਉਣ ਤੇ ਖਰਚ ਕਰਦਾ ਹੈ ਤੇ ਆਉਣ ਵਾਲੇ ਸਮੇਂ ਵਿਚ ਉਹ ਆਪਣੀਆਂ ਸਮਾਜਕ ਤੇ ਆਰਥਕ ਪੂਰਤੀਆਂ ਵਿਚ ਵੀ ਚੰਗੇ ਪ੍ਰਵਿਰਤਨ ਦੀ ਉਮੀਦ ਰਖਦਾ ਹੈ। ਇਹ ਪਰਿਵਾਰਾਂ ਅਤੇ ਵਿਅਕਤੀਆਂ ਤੇ ਵੀ ਲਾਗੂ ਹੁੰਦਾ ਹੈ।

          ਸਿੱਖਿਆ ਦੀ ਮੰਗ-ਪੂਰਤੀ––ਲਗਭਗ 1150 ਤੋਂ ਲੈ ਕੇ ਹਰ ਪੱਧਰ ਤੇ ਹੀ ਖ਼ਾਸ ਕਰਕੇ ਉੱਚੇਰੀ ਸਿੱਖਿਆ ਵਿਚ ਸਿੱਖਿਆ-ਸੇਵਾ ਦੀ ਮੰਗ ਵੱਧਦੀ ਜਾ ਰਹੀ ਹੈ ਜਿਸ ਦਾ ਚੌਖਾ ਪ੍ਰਭਾਵ ਸਿੱਖਿਆ ਦੇ ਹੋਰ ਸਾਰੇ ਖੇਤਰਾ ਵਿਚ ਵੀ ਪਿਆ ਹੈ। ਸਿੱਖਿਆ ਸੇਵਾਵਾਂ ਦੀ ਮੰਗ ਵੱਧਦੀ ਰਹਿਣ ਦੇ ਦੋ ਵੱਡੇ ਕਾਰਨ ਜਨ-ਸੰਖਿਆ ਵਿਚ ਅਥਾਹ ਵਾਧਾ ਅਤੇ ਆਰਥਕ ਉੱਨਤੀ ਤੇ ਤਕਨੀਕੀ ਵਿਕਾਸ ਦਾ ਹੋਣਾ ਹਨ।

          ਸਿੱਖਿਆ ਦੀ ਆਰਥਿਕ ਯੋਜਨਾ––ਕੌਮੀ ਆਮਦਨ ਨੂੰ ਸਿੱਖਿਆ ਦੇ ਵਿਕਾਸ ਲਈ ਕਿਵੇਂ ਖਰਚਿਆ ਜਾਵੇ ਕਾਫ਼ੀ ਪੇਚੀਦਾ ਕੰਮ ਹੈ। ਵੇਖਣਾ ਇਹ ਹੁੰਦਾ ਹੈ ਕਿ ਵਿਅਕਤੀਗਤ ਸਿੱਖਿਆ ਨੂੰ ਜਾਂ ਸਮਾਜਕ ਸਿੱਖਿਆ ਨੂੰ ਪਹਿਲ ਦਿੱਤੀ ਜਾਵੇਂ, ਪੇਂਡੂ ਅਤੇ ਸ਼ਹਿਰੀ ਸਿੱਖਿਆ ਤੇ ਕਿੰਨਾ ਕਿੰਨਾ ਖਰਚ ਹੋਵੇ, ਗਰੀਬਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾਣ, ਪ੍ਰਾਈਵੇਟ ਅਤੇ ਸਰਕਾਰੀ ਸੈਕਟਰਾਂ ਦਾ ਤਾਲਮੈਲ ਕਿਵੇਂ ਰਖਿਆ ਜਾਵੇ, ਲਾਜ਼ਮੀ ਸਿੱਖਿਆ ਦਾ ਕੀ ਪ੍ਰਬੰਧ ਕੀਤਾ ਜਾਵੇ ਧਾਰਮਕ ਵਰਗੀ ਸਿੱਖਿਆ ਕਿਸ ਹੱਦ ਤਕ ਲਾਗੂ ਕੀਤੀ ਜਾਵੇ ਆਦਿ। ਇਹ ਸਮੱਸਿਆਵਾਂ ਤਾਂ ਖ਼ਰਚ ਕਰਨ ਦੀਆਂ ਹੀ ਹਨ ਅਤੇ ਇਸ ਬਾਰੇ ਆਮਦਨ ਦੇ ਸਾਧਨ ਲੱਭਣੇ ਇਸ ਤੋਂ ਵੀ ਮੁਸ਼ਕਿਲ ਹਨ। ਇਨ੍ਹਾਂ ਸਬੰਧੀ ਅਸਲੀ ਗੱਲ ਇਹ ਵੇਖਣ ਵਾਲੀ ਹੁੰਦੀ ਹੈ ਕਿ ਦੇਸ਼ ਆਰਥਕ ਪੱਖੋਂ ਕਿਸ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਲਈ ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰਖਕੇ ਹੀ ਕਿਸੇ ਦੇਸ਼ ਦੀ ਸਿੱਖਿਆ ਦੀ ਉੱਨਤੀ ਲਈ ਆਰਥਕ ਯੋਜਨਾ ਬਣਾਈ ਜਾ ਸਕਦੀ ਹੈ।

          ਸਮਾਜ ਦੇ ਸਾਰੇ ਵਰਗਾਂ ਨੂੰ ਪੜ੍ਹਨ ਦੀਆਂ ਇਕੋ ਜਿਹੀਆਂ ਸਹੂਲਤਾਂ ਦੇਣ ਤੋਂ ਬਾਅਦ ਉਨ੍ਹਾਂ ਨੂੰ ਕਿੱਤਿਆਂ ਤੇ ਲਗਾਉਣ ਦੀ ਮੁਸ਼ਕਲ ਹੋਵੇਗੀ ਤੇ ਅਸਫ਼ਲਤਾ ਦੀ ਹਾਲਤ ਵਿਚ ਸਿੱਖਿਆ ਤੇ ਕੀਤਾ ਖਰਚਾ ਵੀ ਵਿਅਰਥ ਜਾਵੇਗਾ।

          ਇਸ ਪ੍ਰਕਾਰ ਮਾਹਰ ਵਿਅਕਤੀ ਦੀ ਸਾਲਾਨਾ ਮੰਗ ਦੇ ਆਧਾਰ ਤੇ ਸਿੱਖਿਆਂ ਪ੍ਰਣਾਲੀ ਦੀ ਉਪਜ ਹੋ ਸਕਦੀ ਹੈ। ਪਰ ਇਸ ਕਿਸਮ ਦੀ ਆਰਥਕ ਵੰਡ ਪ੍ਰਣਾਲੀ ਵਿਚ ਵੀ ਜੇਕਰ ਮਾਹਰ ਵਿਅਕਤੀਆਂ ਦੀ ਮੰਗ ਦਾ ਠੀਕ ਅਨੁਮਾਨ ਲਗਾ ਲਿਆ ਜਾਵੇ ਤਾਂ ਵੀ ਵਿਅਕਤੀਗਤ ਦਿਲਚਸਪੀ ਕਾਰਨ ਕੁਝ ਕੁ ਮੁਸ਼ਕਲਾਂ ਨੂੰ ਪ੍ਰਚਾਰ ਦੁਆਰਾ ਅਤੇ ਵੱਖ ਵੱਖ ਕਿਤਿਆਂ ਵਿਚ ਇਕਸਾਰ ਤਨਖਾਹਾਂ ਕਰਕੇ ਦੂਰ ਕੀਤਾ ਜਾ ਸਕਦਾ ਹੈ। ਸੋਵੀਅਤ ਰੂਸ U.S.S.R.) ਦੀ ਸਿੱਖਿਆ ਯੋਜਨਾ ਕਾਫ਼ੀ ਹੱਦ ਤਕ ਮਨੁੱਖੀ ਮੰਗ ਤੇ ਆਧਾਰਿਤ ਹੈ। ਫ਼ਰਾਂਸ ਵਿਚ ਵੀ ਇਸ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ।

          ਅੰਤ ਵਿਚ ਉਪਰੋਕਤ ਸਾਰੀਆਂ ਪ੍ਰਣਾਲੀਆਂ ਦਾ ਮਿਲਿਆ ਜੁਲਿਆ ਸਿਧਾਂਤ ਅਪਣਾਉਣ ਦਾ ਸੁਝਾਅ ਵੀ ਦਿੱਤਾ ਜਾਂਦਾ ਹੈ।

          ਸਿੱਖਿਆ ਦੇ ਆਰਥਕ ਢਾਂਚੇ ਵਿਚ ਸਿੱਖਿਆ ਤੇ ਕੀਤੇ ਜਾਣ ਵਾਲੇ ਖਰਚੇ ਤੋਂ ਇਲਾਵਾ ਦੂਸਰਾ ਕੰਮ ਇਸ ਦੇ ਆਮਦਨ ਦੇ ਵਸੀਲਿਆਂ ਦਾ ਹੈ। ਇਸ ਸਬੰਧ ਵਿਚ ਇਕ ਸਿਧਾਂਤ ਅਨੁਸਾਰ ਸਿੱਖਿਆਂ ਤੋਂ ਲਾਭ ਉਠਾਉਣ ਵਾਲੇ ਲੋਕਾਂ ਤੇ ਸਿੱਖਿਆ-ਕਰ ਲਗਾਉਂਦਾ ਚਾਹੀਦਾ ਹੈ। ਇਸ ਪ੍ਰਕਾਰ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਨੂੰ ਹੀ ਖਰਚਾ ਕਰਨਾ ਚਾਹੀਦਾ ਹੈ। ਪਰ ਇਹ ਉਚਿਤ ਨਹੀਂ ਕਿਉਂਕਿ ਸਿੱਖਿਆ ਤੋਂ ਕੇਵਲ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹੀ ਲਾਭ ਨਹੀਂ ਉਠਾਉਂਦੇ ਸਗੋਂ ਇਸ ਵਿਚ ਕਾਫ਼ੀ ਹੱਦ ਤਕ ਭਾਈਚਾਰੇ (Community) ਦਾ ਤੇ ਰਾਸ਼ਟਰ ਦਾ ਲਾਭ ਵੀ ਹੁੰਦਾ ਹੈ। ਸਿੱਖਿਆ ਪ੍ਰਣਾਲੀ ਦੀ ਉਪਜ (ਮਾਹਰ ਵਿਅਕਤੀ) ਨਾਲ ਨਿੱਝੀ ਤੇ ਸਰਕਾਰੀ ਦੋਹਾਂ ਖੇਤਰਾਂ ਨੂੰ ਲਾਭ ਹੁੰਦਾ ਹੈ ਵੈਸੇ ਵੀ ਸਿੱਖਿਆ ਕਾਲ ਵਿਚ ਵਿਦਿਆਰਥੀ ਕਮਾਈ ਕਰਨ ਦੇ ਸਮਰੱਥ ਨਹੀਂ ਹੁੰਦੇ ਤੇ ਬਹੁ ਗਿਣਤੀ ਅਜਿਹੇ ਵਿਦਿਆਰਥੀਆਂ ਦੀ ਹੈ ਜੋ ਆਪਣੀ ਸਿੱਖਿਆ ਦਾ ਖਰਚ ਵੀ ਨਹੀਂ ਉੱਠਾ ਸਕਦੇ। ਇਸ ਲਈ ਸਿੱਖਿਆ ਜੇਕਰ ਲਾਜ਼ਮੀ ਕਰਨੀ ਹੈ ਤਾਂ ਇਸ ਦਾ ਮੁਫ਼ਤ ਹੋਣਾ ਜ਼ਰੂਰੀ ਹੈ।

          ਸਿੱਖਿਆ-ਪ੍ਰਣਾਲੀਆਂ––ਸਿੱਖਿਆ-ਪ੍ਰਣਾਲੀ ਤੋਂ ਭਾਵ ਸਮਾਜ ਦੀਆਂ ਸਮੁੱਚੀਆਂ ਰਸਮੀ ਸੰਸਥਾਵਾਂ, ਸੰਗਠਨਾਂ ਅਤੇ ਸਾਧਨਾ ਤੋਂ ਹੈ ਜਿਨ੍ਹਾਂ ਦੁਆਰਾ ਗਿਆਨ ਅਤੇ ਸੰਸਕ੍ਰਿਤਕ ਵਿਸ਼ੇ ਦਾ ਸੰਚਾਲਨ ਕੀਤਾ ਜਾਂਦਾ ਹੈ ਅਤੇ ਜੋ ਵਿਅਕਤੀ ਦੇ ਮਾਨਸਕ ਤੇ ਸਮਾਜਕ ਵਿਕਾਸ ਤੇ ਪ੍ਰਭਾਵ ਪਾਉਂਦੇ ਹਨ।

          ਕੋਈ ਵੀ ਸਿੱਖਿਆ-ਪ੍ਰਣਾਲੀ ਸਥਿਰ ਨਹੀਂ ਹੁੰਦੀ ਸਗੋਂ ਇਹ ਸਦਾ ਪਰਿਵਰਤਨਸ਼ੀਲ ਰਹਿੰਦੀ ਹੈ ਕਿਉਂਕਿ ਸਿੱਖਿਆ ਦਾ ਸਬੰਧ ਮਨੁੱਖਾਂ ਨਾਲ ਹੈ ਤੇ ਮਨੁੱਖ ਦਾ ਸੁਭਾਅ ਸਦਾ ਬਦਲਦਾ ਰਹਿੰਦਾ ਹੈ। ਇਸ ਲਈ ਸਿੱਖਿਆ ਦਾ ਪਰਿਵਰਤਨਸ਼ੀਲ ਹੋਣਾ ਕੁਦਰਤੀ ਹੈ। ਸਿੱਖਿਆ ਪ੍ਰਣਾਲੀ ਨੂੰ ਸਮਝਣ ਲਈ ਇਸ ਗੱਲ ਤੋਂ ਜਾਣੂ ਹੋਣਾ ਜ਼ਰੂਰੀ ਹੈ ਕਿ ਕਿਸੇ ਵੀ ਸਿੱਖਿਆ-ਪ੍ਰਣਾਲੀ ਤੇ ਸਮਾਜਕ, ਸੰਸਕ੍ਰਿਤਕ, ਅਧਿਆਤਮਕ, ਆਰਥਕ ਅਤੇ ਰਾਜਨੀਤਕ ਤਾਕਤਾਂ ਦਾ ਪ੍ਰਭਾਵ ਪੈਂਦਾ ਰਹਿੰਦਾ ਹੈ। ਇਸ ਤੋਂ ਇਲਾਵਾ ਸਿੱਖਿਆ ਸਬੰਧੀ ਵਿਚਾਰ, ਅਭਿਆਸ ਤੇ ਇਸ ਦੀ ਬਣਤਰ ਦਾ ਕੁਝ ਹਿੱਸਾ ਜਾਂ ਕਈ ਵਾਰੀ ਸਾਰੀ ਹੀ ਦੂਸਰੇ ਦੇਸ਼ਾਂ ਤੋਂ ਲਈ ਹੁੰਦੀ ਹੈ। ਜਿਸ ਕਰਕੇ ਸਿੱਖਿਆ-ਪ੍ਰਣਾਲੀ ਦਾ ਅਧਿਐਨ ਬਹੁਤ ਗੁੰਝਲਦਾਰ ਹੈ ਜਿਸ ਵਿਚ ਵਰਣਨ ਅਤੇ ਵਿਸ਼ਲੇਸ਼ਣ ਦੋਹਾਂ ਨੂੰ ਇਕੱਠਾ ਕਰਨਾ ਪੈਂਦਾ ਹੈ। ਇਸ ਲਈ ਹਰੇਕ ਪ੍ਰਣਾਲੀ ਦਾ ਅਧਿਐਨ ਉਸ ਦੇ ਇਤਿਹਾਸਕ ਅਤੇ ਸਮਕਾਲੀਨ ਪ੍ਰਸੰਗ ਵਿਚ ਹੀ ਕਰਨਾ ਉਚਿਤ ਹੈ।

          ਸਿੱਖਿਆ ਪ੍ਰਣਾਲੀਆਂ ਦੀਆਂ ਕਿਸਮਾਂ––ਦੇਖਿਆ ਜਾਵੇ ਤਾਂ ਸੰਸਾਰ ਦੇ ਵੱਖੋ ਵੱਖ ਦੇਸ਼ਾਂ ਵਿਚ ਵੱਖ ਵੱਖ ਸਿੱਖਿਆ ਪ੍ਰਣਾਲੀਆਂ ਹਨ। ਸੰਸਾਰ ਦੇ ਪ੍ਰਮੁਖ ਦੇਸ਼ਾਂ ਦੀਆਂ ਪ੍ਰਚਲਿਤ ਸਿੱਖਿਆ ਪ੍ਰਣਾਲੀਆਂ ਇਹ ਹਨ : ਕੇਂਦ੍ਰਿਤ ਅਤੇ ਵਿਕੇਂਦ੍ਰਿਤ (Centralized, & Deceutralized) ਸਿੱਖਿਆ ਪ੍ਰਣਾਲੀ :––

          ਕੇਂਦ੍ਰਿਤ ਪ੍ਰਣਾਲੀ––ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਸਿੱਖਿਆ ਕੇਂਦ੍ਰਿਤ ਹੈ ਇਸ ਵਿਚ ਆਮ ਕਰ ਕੇ ਸਿੱਖਿਆ ਵਿਚ ਇਕ ਰੂਪਤਾ ਅਤੇ ਇਕਸਾਰਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਕਿ ਵਿਕੇਂਦਰੀਕ੍ਰਿਤ ਪ੍ਰਦਾਲੀ ਵਿਚ ਵਿਭਿੰਨਤਾ ਪਾਈ ਜਾਂਦੀ ਹੈ। ਕੇਂਦ੍ਰਿਤ ਪ੍ਰਣਾਲੀ ਵਾਲੇ ਦੇਸ਼ਾਂ ਵਿਚ ਸਿੱਖਿਆ ਵਿਭਾਗ ਹੁੰਦਾ ਹੈ, ਜੋ ਦੇਸ਼ ਦੇ ਸਾਰੇ ਖੇਤਰਾਂ ਵਿਚ ਸਿੱਖਿਆ ਦੇ ਰਸਮੀ ਤੇ ਸੰਸਕ੍ਰਿਤਕ ਪੱਖਾਂ ਤੇ ਅਤੇ ਪ੍ਰਸ਼ਾਸਨ, ਪ੍ਰਬੰਧ ਅਤੇ ਵਿੱਤ ਸਬੰਧੀ ਜ਼ਿੰਮੇਵਾਰ ਹੁੰਦਾ ਹੈ। ਸਿੱਖਿਆ ਸਬੰਧੀ ਕਾਨੂੰਨ, ਪਾਠ-ਕ੍ਰਮ, ਸਿੱਖਿਆ ਦੇ ਸਾਧਨ ਤੇ ਵਿਧੀਆ ਆਦਿ ਕੇਂਦਰੀ ਦਫ਼ਤਰ ਦੁਆਰਾ ਨਿਗਧਾਰਤ ਕੀਤੇ ਜਾਂਦੇ ਹਨ। ਪਰ ਸਿੱਖਿਆ ਪ੍ਰਣਾਲੀਆਂ ਦੀਆਂ ਉਪਰੋਕਤ ਦੋਹਾਂ ਕਿਸਮਾਂ ਵਿਚ ਕੋਈ ਨਿਰਧਾਰਤ ਹੱਦਬੰਦੀ ਨਹੀਂ ਹੈ। ਕੇਂਦ੍ਰਿਤ ਪ੍ਰਣਾਲੀ ਵਿਚ ਵੀ ਅਗੇ ਦੇਸ਼ਾਂ ਦੇ ਨਿਜੀ ਹਾਲਾਤ ਅਨੁਸਾਰ ਵਿਭਿੰਨਤਾ ਪਾਈ ਜਾਂਦੀ ਹੈ ਜਿਵੇਂ ਰੂਸ ਵਿਚ ਵੱਖ ਵੱਖ ਰਾਜਾਂ ਦੀ ਭਾਸ਼ਾ ਵੱਖ ਵੱਖ ਹੋਣ ਕਰਕੇ ਉੱਥੇ ਦੀ ਸਿੱਖਿਆ ਪ੍ਰਣਾਲੀ ਵਿਚ ਭਾਸ਼ਾ ਦੇ ਸਥਾਨਕ ਵੱਖਰੇਵੇਂ ਹਨ ਪਰ ਸਮੂਹ ਸਿੱਖਿਆ ਸਿਧਾਂਤ ਇਕੋ ਹਨ। ਡੈਨਮਾਰਕ, ਫ਼ਰਾਂਸ, ਸਕੈਂਡੇਨੇਵੀਆ, ਇਟਲੀ ਅਤੇ ਲਾਤੀਨੀ ਅਮਰੀਕਾ ਆਦਿ ਕਈ ਦੇਸ਼ਾਂ ਵਿਚ ਥੋੜੇ ਬਹੁਤ ਵੱਖਰੇਵੇਂ ਨਾਲ ਕੇਂਦਤ੍ਰਿ ਸਿੱਖਿਆ ਪ੍ਰਚਲਿਤ ਹੈ। ਇਸ ਦੇ ਉਲਟ ਸਵਿਟਜ਼ਰਲੈਂਡ ਜਿਹੇ ਦੇਸ਼ਾਂ ਵਿਚ ਵਿਕੇਂਦ੍ਰਿਤ ਸਿੱਖਿਆ ਲਾਗੂ ਹੈ। ਵਿਕੇਂਦ੍ਰਿਤ ਸਿੱਖਿਆ ਪ੍ਰਣਾਲੀ ਵਿਚ ਵੱਖ ਵੱਖ ਰਾਜਾਂ ਦੀਆਂ ਵੱਖ ਵੱਖ ਸਿੱਖਿਆ ਪ੍ਰਣਾਲੀਆਂ ਵਿਚ ਕਈ ਪੱਖਾਂ ਤੋਂ ਮਿਲਦੀਆਂ ਜੁਲਦੀਆਂ ਗਲਾਂ ਪਾਈਆਂ ਜਾਂਦੀਆਂ ਹਨ। ਸੰਯੁਕਤ ਰਾਜ ਅਮਰੀਕਾ, ਜਰਮਨੀ ਗਣਤੰਤਰ ਸੰਘ, ਭਾਰਤ, ਕੈਨੇਡਾ ਅਤੇ ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਵਿਕੇਂਦ੍ਰਿਤ ਪ੍ਰਣਾਲੀ ਹੈ।

          ਕੇਂਦਰੀ ਅਤੇ ਰਾਜ ਸਰਕਾਰੀ ਸਿੱਖਿਆ ਪ੍ਰਣਾਲੀ––ਇਹ ਸਿੱਖਿਆ ਦੀ ਤੀਜੀ ਕਿਸਮ ਹੈ ਜਿਸ ਵਿਚ ਸਿੱਖਿਆ ਪ੍ਰਣਾਲੀ ਨੂੰ ਕੇਂਦਰੀ ਤੇ ਸਥਾਨਕ ਸਰਕਾਰਾਂ ਦੋਵੇਂ ਰਲ ਕੇ ਚਲਾਉਂਦੀਆਂ ਹਨ। ਇਸ ਦੀ ਉਦਾਹਰਣ ਇੰਗਲੈਂਡ ਵਿਚ ਹੈ ਜਿਥੇ ਸਿੱਖਿਆ ਸਬੰਧੀ ਕਾਨੂੰਨ ਪਾਰਲੀਮੈਂਟ ਦੁਆਰਾ ਬਣਾਏ ਜਾਂਦੇ ਹਨ ਪਰ ਅਸਲੀ ਪ੍ਰਸ਼ਾਸ਼ਨ ਸਥਾਨਕ ਸਰਕਾਰਾਂ ਕਰਦੀਆਂ ਹਨ ਜਾਪਾਨ ਵਿਚ ਵੀ ਇਹੀ ਪ੍ਰਣਾਲੀ ਲਾਗੂ ਹੈ।

          ਗ਼ੈਰ-ਸਰਕਾਰੀ ਸਿੱਖਿਆ ਪ੍ਰਣਾਲੀ––ਇਨ੍ਹਾਂ ਤਿੰਨਾਂ ਤੋਂ ਇਲਾਵਾ ਕਈ ਦੇਸ਼ਾਂ ਵਿਚ ਗ਼ੈਰ-ਸਰਕਾਰੀ ਸਿੱਖਿਆ ਸੰਸਥਾਵਾਂ ਹਨ ਜਿਨ੍ਹਾਂ ਤੇ ਕਾਨੂੰਨੀ ਪ੍ਰਬੰਧ ਕੇਂਦਰੀ ਸਰਕਾਰ ਦਾ ਹੁੰਦਾ ਹੈ ਪਰ ਉਨ੍ਹਾਂ ਤੇ ਖਰਚਾ ਸਰਕਾਰ ਨਹੀਂ ਕਰਦੀ ਸਗੋਂ ਇਹ ਸਕੂਲ, ਗਿਰਜਿਆਂ ਜਾਂ ਧਾਰਮਕ ਸੰਸਥਾਵਾਂ ਦੁਆਰਾ ਚਲਾਏ ਜਾਂਦੇ ਹਨ।

          ਰਾਜ਼ਸੀ ਪਾਰਟੀ ਤੇ ਨਿਰਧਾਰਤ ਸਿੱਖਿਆ ਪ੍ਰਣਾਲੀ––ਸਿੱਖਿਆ ਪ੍ਰਣਾਲੀ ਦੀ ਚੌਥੀ ਕਿਸਮ ਉਹ ਹੈ ਜੋ ਰਾਜਨੀਤਕ ਪਾਰਟੀਆਂ ਦੁਆਰਾ ਚਲਾਈ ਜਾਂਦੀ ਹੈ। ਇਹ ਪ੍ਰਣਾਲੀ ਰੂਸ, ਚੀਨ ਅਤੇ ਸਪੇਨ ਆਦਿ ਦੇਸ਼ਾਂ ਵਿਚ ਪ੍ਰਚਲਿਤ ਹੈ।

          ਸੰਪ੍ਰਦਾਈ ਸਿੱਖਿਆ ਪ੍ਰਣਾਲੀ––ਆਇਰਲੈਂਡ ਪਾਕਿਸਤਾਨ, ਕੈਨੇਡਾ ਤੇ ਸਯੁੰਕਤ ਰਾਜ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਕਈ ਵੱਖ ਵੱਖ ਫਿਰਕਿਆਂ ਜਾਂ ਸੰਪ੍ਰਦਾਵਾਂ ਨੇ ਆਪਣੇ ਅਨੁਸਾਰ ਸਿੱਖਿਆ ਪ੍ਰਣਾਲੀਆਂ ਬਣਾਈਆਂ ਹੋਈਆਂ ਹਨ ਜਿਨ੍ਹਾਂ ਦਾ ਵਿਸ਼ੇਸ਼ ਸਬੰਧ ਉਸ ਫਿਰਕੇ ਨਾਲ ਹੀ ਹੁੰਦਾ ਹੈ।

          ਸਿੱਖਿਆ-ਪ੍ਰਣਾਲੀ ਦੇ ਕਾਰਨ––ਕਿਸੇ ਵੀ ਸਿੱਖਿਆ-ਪ੍ਰਣਾਲੀ ਨੂੰ ਨਿਸ਼ਚਤ ਕਰਨ ਵਿਚ ਕਈ ਕਾਰਨ ਜਿਵੇਂ, ਜਾਤੀ ਭਾਸ਼ਾ, ਰਾਜਨੀਤਕ ਅਤੇ ਧਾਰਮਕ ਹਾਲਾਤ ਆਦਿ ਕਾਫ਼ੀ ਪ੍ਰਭਾਵ ਪਾਉਂਦੇ ਹਨ।

          ਅਮਰੀਕਾ ਵਿਚ ਗੋਰੀ ਤੇ ਕਾਲੀ ਨਸਲਾਂ ਦੇ ਆਧਾਰ ਉੱਤੇ ਅਤੇ ਭਾਰਤ ਵਿਚ ਜਾਤ-ਪਾਤ ਦੇ ਆਧਾਰ ਤੇ ਬਣੀਆਂ ਕਈ ਵੱਖ ਵੱਖ ਸੰਸਥਾਵਾਂ ਹਨ। ਦੱਖਣੀ ਅਫ਼ਰੀਕਾ, ਬੈਲਜੀਅਮ, ਰੂਸ, ਚੀਨ, ਕੈਨੇਡਾ, ਇਜ਼ਹਾਈਲ, ਪੀਰੂ ਆਦਿ ਅਜ਼ਿਹੇ ਦੇਸ਼ ਹਨ ਜਿਥੇ ਸਿੱਖਿਆ-ਪ੍ਰਣਾਲੀ ਦਾ ਮੂਲ ਆਧਾਰ ਵੱਖ ਵੱਖ ਭਾਸ਼ਾਵਾਂ ਹਨ ਤੇ ਇਥੇ ਅਧਿਆਪਕਾਂ ਨੂੰ ਕਈ ਸਰਕਾਰੀ ਭਾਸ਼ਾਵਾਂ ਇਕੱਠੀਆਂ ਪੜਾਉਣੀਆਂ ਪੈਂਦੀਆਂ ਹਨ ਭਾਰਤ ਵਿਚ ਆਜ਼ਾਦੀ ਤੋਂ 30 ਸਾਲਾਂ ਬਾਅਦ ਤਕ ਵੀ ਸਿੱਖਿਆ ਦੇ ਮਾਧਿਅਮ ਸਬੰਧੀ ਰਾਸ਼ਟਰੀ ਭਾਸ਼ਾ ਹਿੰਦੀ, ਅੰਗਰੇਜ਼ੀ ਅਤੇ ਹੋਰ ਸਥਾਨਕ ਭਾਸ਼ਾਵਾਂ ਵਿਚਕਾਰ ਕਾਫ਼ੀ ਝਗੜਾ ਚਲਦਾ ਰਿਹਾ ਹੈ।

          ਜਾਤੀ ਤੇ ਭਾਸ਼ਾ ਤੋਂ ਇਲਾਵਾ ਰਾਜਨੀਤਕ ਹਾਲਤਾਂ ਦਾ ਵੀ ਸਿੱਖਿਆ-ਪ੍ਰਣਾਲੀ ਤੇ ਪ੍ਰਭਾਵ ਪੈਂਦਾ ਹੈ ਜਿਵੇਂ ਨਾਜ਼ੀ ਜ਼ਰਮਨੀ ਵਿਚ ਯਹੂਦੀ ਅਤੇ ਗ਼ੈਰ ਆਰੀਅਨਾਂ (Non Aryans) ਨੂੰ ਸਿੱਖਿਆ ਪ੍ਰਾਪਤੀ ਦਾ ਕੋਈ ਅਧਿਕਾਰ ਨਹੀਂ ਸੀ। ਰੂਸ ਵਿਚ ਧਾਰਮਕ ਸਿੱਖਿਆ ਤੇ ਪਾਬੰਦੀ ਹੈ। ਇਸ ਤੋਂ ਉਲਟ ਸਵੀਡਨ ਜਿਹੇ ਗਣਤੰਤਰੀ ਦੇਸ਼ਾਂ ਵਿਚ ਸਾਰਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਦੇ ਅਧਿਕਾਰ ਅਤੇ ਮੌਕੇ ਹਨ। ਧਾਰਮਕ ਅਤੇ ਹੋਰ ਕਾਰਨਾਂ ਦਾ ਸਿੱਖਿਆ ਪ੍ਰਣਾਲੀ ਤੇ ਪ੍ਰਭਾਵ, ਪੱਛਮੀ ਜਰਮਨੀ, ਸਪੇਨ, ਇਟਲੀ, ਇੰਗਲੈਂਡ, ਡੈਨਮਾਰਕ ਅਤੇ ਨਾਰਵੇ ਜਿਹੇ ਦੇਸ਼ਾਂ ਵਿਚ ਪ੍ਰਤੱਖ ਹੈ ਜਿਥੇ ਧਰਮ-ਸ਼ਾਸਤਰ ਦਾ ਅਧਿਐਨ ਸਕੂਲ ਪਾਠ-ਕ੍ਰਮ ਦਾ ਜ਼ਰੂਰੀ ਵਿਸ਼ਾ ਹੈ। ਪਰ ਫ਼ਰਾਂਸ ਵਿਚ 19ਵੀਂ ਸਦੀ ਤੋਂ ਬਾਅਦ ਸਕੂਲਾ ਵਿਚ ਧਰਮ ਸ਼ਾਸਤਰ ਦਾ ਵਿਸ਼ਾ ਨਹੀਂ ਪੜ੍ਹਾਇਆ ਜਾਂਦਾ। ਇਸੇ ਤਰ੍ਹਾਂ ਰੂਸੀ ਸਕੂਲਾਂ ਵਿਚ ਧਰਮ ਸ਼ਾਸਤਰ ਦਾ ਅਧਿਐਨ ਇਕ ਸੰਵਿਧਾਨਕ ਬੰਧਨ ਹੈ। ਅਮਰੀਕਾ ਵਰਗੇ ਦੇਸ਼ਾਂ ਵਿਚ ਵੀ ਸਿੱਖਿਆ ਦੀ ਦੂਹਰੀ ਪ੍ਰਣਾਲੀ ਹੈ। ਇਕ ਧਰਮ ਨਿਰਪੇਖ ਹੈ ਜਿਸ ਦੀ ਜਨਤਾ ਦੁਆਰਾ ਹਿਮਾਇਤ ਕੀਤੀ ਜਾਂਦੀ ਹੈ। ਦੂਸਰੀ ਧਾਰਮਕ ਹੈ ਤੇ ਗਿਰਜਿਆਂ ਦੁਆਰਾ ਪ੍ਰਾਈਵੇਟ ਤੌਰ ਤੇ ਦਿੱਤੀ ਜਾਂਦੀ ਹੈ।

          ਪ੍ਰਵਿਰਤੀ ਅਤੇ ਭਵਿੱਖ––ਜੇਕਰ ਸੰਸਾਰ ਦੀ ਸਿੱਖਿਆ ਪ੍ਰਣਾਲੀ ਨੂੰ ਸਮੁਚੇ ਰੂਪ ਵਿਚ ਵੇਖਿਆ ਜਾਵੇ ਤਾਂ ਇਸ ਵਿਚ ਕਈ ਪ੍ਰਵ੍ਰਿਤੀਆਂ ਅਤੇ ਪਰਿਵਰਤਨ ਸਾਫ਼ ਨਜ਼ਰ ਆਉਂਦੇ ਹਨ। ਇਨ੍ਹਾਂ ਵਿਚੋਂ ਅੰਤਰਰਾਸ਼ਟਰੀ ਦਿਲਚਸਪੀ ਦੀ ਪ੍ਰਮੁਖ ਪ੍ਰਵਿਰਤੀ ਉਨਤਸ਼ੀਲ ਦੇਸ਼ਾਂ ਦਾ ਆਧੁਨਿਕਰਨ ਅਤੇ ਵਿਕਾਸ ਹੈ, ਜੋ ਬਹੁਤਾ ਕਰਕੇ ਉੱਨਤ, ਉਦਯੋਗਕ ਦੇਸ਼ਾਂ ਅਤੇ ਅੰਤਰਰਾਸ਼ਟਰੀ, ਅੱਧ-ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਆਦਿ ਤੋਂ ਪ੍ਰਭਾਵਤ ਹੈ। ਇਸ ਪੱਖ ਤੋਂ ਘੱਟ ਉੱਨਤਸ਼ੀਲ ਦੇਸ਼ਾਂ ਦੀਆਂ ਕੁਝ ਖ਼ਾਸ ਔਕੜਾਂ ਹਨ ਜੋ ਕਿ ਦਮ ਨਹੀਂ ਸੁਲਝਾਈਆਂ ਜਾ ਸਕਦੀਆਂ ਜਿਵੇਂ ਕਿ ਚੰਗੇ ਪੜ੍ਹੇ ਲਿਖੇ ਬੰਦਿਆਂ ਦਾ ਚੰਗੀਆਂ ਆਰਥਕ ਸਹੂਲਤਾਂ ਅਤੇ ਚੰਗੀਆਂ ਸਮਾਜਕ ਹਾਲਤਾਂ ਕਰਕੇ ਉੱਨਤਸ਼ੀਲ ਦੇਸ਼ਾਂ ਵਿਚ ਚਲੇ ਜਾਣਾ। ਇਸ ਤਰ੍ਹਾਂ ਪਛੜੇ ਹੋਏ ਦੇਸ਼ ਸਿੱਖਿਆ ਵਿਚ ਹੋਰ ਪਿਛੇ ਰਹਿ ਜਾਂਦੇ ਹਨ। ਦੂਜੀ ਸਮੱਸਿਆ ਜੋ ਉੱਨਤਸ਼ੀਲ ਦੇਸ਼ਾਂ ਵਿਚ ਦਿਨੋ ਦਿਨ ਵੱਧ ਰਹੀ ਹੈ ਅਤੇ ਖਾਸ ਕਰਕੇ ਉਦਯੋਗਿਕ ਦੇਸ਼ਾਂ ਵਿਚ ਉਹ ਹੈ ਵਿਗਿਆਨਕ ਸਿੱਖਿਆ ਦੀ ਤਰੱਕੀ। ਇਨ੍ਹਾਂ ਦੇਸ਼ਾਂ ਵਿਚ ਸਮਾਜਕ ਵਿਸ਼ਿਆ ਦੀ ਥਾਂ ਵਿਗਿਆਨਕ ਵਿਸ਼ਿਆਂ ਨੇ ਵੀ ਲੈ ਲਈ ਹੈ। ਨਤੀਜੇ ਵਜੋਂ ਨੌਜਵਾਨ ਲੋਕਾਂ ਦਾ ਵਿਵਹਾਰ ਨੈਤਿਕ ਪੱਧਰ ਤੋਂ ਡਿਗ ਗਿਆ ਅਤੇ ਸਥਾਨਕ, ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਅਹਿੰਸਾ ਦੀ ਦਰ ਵੱਧ ਗਈ।

          ਸਿੱਖਿਆ ਪ੍ਰਣਾਲੀ ਦੀ ਇਕ ਹੋਰ ਆਧੁਨਿਕ ਪ੍ਰਵਿਰਤੀ ਨਰਸਰੀ ਸਿੱਖਿਆ (Pre School Education) ਹੈ ਜੋ ਕਾਫੀ ਹੱਦ ਤਕ ਸੰਸਾਰ ਦੇ ਬਹੁਤ ਸਾਰੇ ਦੇਸਾਂ ਵਿਚ ਵੱਧ ਰਹੀ ਹੈ। ਕਿਉਂਕਿ ਔਰਤਾਂ ਦੇ ਘਰੋਂ ਬਾਹਰ ਕਿੱਤਿਆਂ ਨੂੰ ਅਪਨਾਉਣ ਕਰਕੇ ਬੱਚਿਆਂ ਦਾ ਛੋਟੀ ਉਮਰ ਤੋਂ ਸਿੱਖਿਆ ਸੰਸਥਾਵਾਂ ਵਿਚ ਭੇਜਣਾ ਜ਼ਰੂਰੀ ਮਹਿਸੂਸ ਕੀਤਾ ਜਾਂਦਾ ਹੈ।

          ਆਧੁਨਿਕ ਯੁੱਗ ਵਿਚ ਸਿੱਖਿਆ ਦੇਣ ਦੇ ਸਾਧਨਾਂ ਵਿਚ ਵਿਸ਼ੇਸ਼ ਤਬਦੀਲੀ ਵੇਖਣ ਵਿਚ ਆਉਂਦੀ ਹੈ। ਰੇਡੀਉ, ਟੈਲੀਵਿਜ਼ਨ, ਪ੍ਰੋਜੈਕਟਰ, ਟੇਪ ਰਿਕਾਰਡਰ, ਸਕਰੀਨਜ਼, ਫਿਲਮਾਂ, ਕੰਪਿਊਟਰਜ਼ ਅਤੇ ਹੋਰ ਬਹੁਤ ਸਾਰੇ ਤਕਨੀਕੀ ਸਾਧਨਾਂ ਦੇ ਵਿਕਾਸ ਨਾਲ ਸਿੱਖਿਆ ਦਾ ਵੱਡੀ ਪੱਧਰ ਤੇ ਵਿਸਥਾਰ ਹੋਇਆ। ਭਵਿਖ ਵਿਚ ਇਨ੍ਹਾਂ ਦੀ ਆਮ ਵਰਤੋਂ ਦੀ ਸੰਭਾਵਨਾ ਹੋਰ ਜ਼ਿਆਦਾ ਹੈ।

          ਸਿੱਖਿਆ ਦਰਸ਼ਨ––ਸਿੱਖਿਆ ਦਰਸ਼ਨ ਆਪਣੇ ਆਪ ਵਿਚ ਇਕ ਮਹੱਤਵਪੂਰਨ ਵਿਸ਼ਾ ਹੈ ਜਿਸ ਵਿਚ ਸਿੱਖਿਆ ਸਬੰਧੀ ਕਿਸੇ ਸਵਾਲ, ਵਿਸ਼ੇ ਜਾਂ ਸਮੱਸਿਆ ਨੂੰ ਦਾਰਸ਼ਨਿਕ ਢੰਗਾਂ ਨਾਲ ਸੁਲਝਾਉਣ ਦੀ ਕੋਸ਼ਿਬ ਕੀਤੀ ਜਾਂਦੀ ਹੈ। ਇਨ੍ਹਾਂ ਢੰਗਾਂ ਦੇ ਵਿਸ਼ੇਸ਼ ਲੱਛਣ ਤਕ ਭਰਪੂਰ ਸੋਚਣੀ ਹੈ ਜੋ ਸਪਸ਼ਟ, ਸਿਲਸਿਲੇਵਾਰ ਅਤੇ ਸੰਭਾਵਨਾ ਭਰੀ ਹੁੰਦੀ ਹੈ।

          ਸਿੱਖਿਆ ਦਰਸ਼ਨ ਦਾ ਵਿਸ਼ੇਸ ਸਬੰਧ ਗਿਆਨ ਅਤੇ ਸਿਧਾਂਤ ਨੂੰ ਲਾਗੂ ਕਰਨ ਨਾਲ ਹੈ। ਬਹੁਤ ਸਾਰੇ ਸਿੱਖਿਆ ਸ਼ਾਸਤਰੀ, ਸਿਧਾਂਤ ਤੇ ਆਪਸੀ ਸਬੰਧਾਂ ਦੇ ਨਾਲ ਨਾਲ ਦਰਸ਼ਨ ਸ਼ਾਸਤਰ ਤੇ ਹੋਰ ਵਿਸ਼ਿਆਂ ਦੇ ਆਪਸੀ ਸਬੰਧਾਂ ਦੇ ਵਿਚ ਵੀ ਦਿਲਚਸਪੀ ਰਖਦੇ ਹਨ ਤਾਂ ਜੋ ਸਿੱਖਿਆ ਸਮੱਸਿਆਵਾਂ ਅਤੇ ਸਿੱਖਿਆ ਨਾਲ ਸਬੰਧਤ ਵਿਸ਼ਿਆਂ ਤੇ ਚਾਨਣਾ ਪਾਇਆ ਜਾ ਸਕੇ। ਸਿੱਖਿਆ ਨੂੰ ਇਕ ਸਮਾਜਕ ਪ੍ਰਕ੍ਰਿਆ ਹੈ ਤੇ ਸਿਧਾਂਤ ਹਮੇਸ਼ਾ ਸਮਾਜ ਦੇ ਸਾਂਸਕ੍ਰਿਤਕ ਢਾਂਚਿਆਂ ਅਤੇ ਸਮਾਜਕ ਪ੍ਰਸਥਿਤੀਆਂ ਤੋਂ ਪ੍ਰਭਾਵਤ ਹੁੰਦੇ ਰਹੇ ਹਨ। ਇਨ੍ਹਾਂ ਵਿਚ ਵਿਦਵਾਨਾਂ ਦੇ ਆਪਣੇ ਨਿੱਜੀ ਦਾਰਸ਼ਨਿਕ ਵਿਚਾਰ ਜਿਵੇਂ ਆਦਰਸ਼ਵਾਦ, ਧਾਰਮਕ, ਪ੍ਰਕ੍ਰਿਤਿਕਵਾਦ, ਪਦਾਰਥਵਾਦ ਆਦਿ ਪ੍ਰਗਟਾਏ ਹੁੰਦੇ ਹਨ। ਇਨ੍ਹਾਂ ਉੱਤੇ ਸ਼੍ਰੇਣੀ, ਸੰਗਠਨ, ਸਮਾਜਕ, ਰਾਜਨੀਤਕ ਮੰਤਵਾਂ ਅਤੇ ਸਮਾਜਕ ਅਰਥਚਾਰੇ ਦਾ ਵੀ ਪ੍ਰਭਾਵ ਹੁੰਦਾ ਹੈ। ਇਹ ਨੌਜਵਾਨਾਂ ਅਤੇ ਬੱਚਿਆਂ ਪ੍ਰਤਿ ਚੰਗੇਰੇ ਜੀਵਨ ਦਾ ਸੰਕਲਪ ਪੇਸ਼ ਕਰਦੇ ਹਨ। ਵੱਖ ਵੱਖ ਸਮਿਆਂ ਤੇ ਵਿਦਵਾਨਾਂ ਦੁਆਰਾ ਦਿੱਤੇ ਸਿੱਖਿਆ ਸਿਧਾਂਤ ਇਸ ਪ੍ਰਕਾਰ ਹਨ :––

          ਪੱਛਮੀ ਸਿੱਖਿਆ ਦਾ ਇਤਿਹਾਸ ਅਫਲਾਤੂਨ (427-347 ਈ. ਪੂ.) ਅਤੇ ਅਰਸਤੂ (384-222 ਈ. ਪੂ.) ਤੋਂ ਆਰੰਭ ਹੋਇਆ ਮੰਨਿਆ ਜਾਂਦਾ ਹੈ। ਇਨ੍ਹਾਂ ਨੇ ਚੰਗੇ ਰਾਜ ਦੇ ਲੱਛਣ; ਰਾਜ ਦੇ ਵਿਅਕਤੀ ਦੇ ਪਰਸਪਰ ਸਬੰਧ; ਨੇਤਾਵਾਂ ਦੀ ਚੋਣ ਤੇ ਸਿਖਲਾਈ; ਵਿਅਕਤੀ ਦੇ ਲਛਣ (ਸੁਝਾਉ) ਤੇ ਸਿੱਖਿਆ ਦਾ ਕੰਟਰੋਲ-ਪਬਲਿਕ ਤੇ ਪ੍ਰਾਈਵੇਟ ਸਕੂਲ; ਸਿੱਖਿਆ ਪ੍ਰਕ੍ਰਿਆ ਕਦੋਂ ਸ਼ੁਰੂ ਕੀਤੀ ਜਾਵੇ; ਚਰਿਤਰ ਸਿਖਲਾਈ; ਨਾਗਰਿਕਤਾ ਲਈ ਸਿੱਖਿਆ ਅਤੇ ਚੰਗੇ ਜੀਵਨ ਦਾ ਮਤਲਬ ਆਦਿ ਵਿਸ਼ਿਆਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਪਰੋਕਤ ਵਿਸ਼ਿਆਂ ਵਿਚੋਂ ਬਹੁਤਿਆ ਤੇ ਇਨ੍ਹਾਂ ਦੋਹਾਂ ਵਿਦਵਾਨਾਂ ਦੇ ਵਿਚਾਰ ਮਿਲਦੇ ਸਨ। ਅਫਲਾਤੂਨ ਦੀ ਮਸ਼ਹੂਰ ਪੁਸਤਕ “ਦੀ ਰਿਪਬਲਿਕ” (The Republic) ਸਿੱਖਿਆ ਦੇ ਮੁੱਢਲੇ ਸਿਧਾਂਤਾਂ ਦੀ ਸਭ ਤੋਂ ਪਹਿਲੀ ਪੁਸਤਕ ਹੈ ਜਿਸ ਵਿਚ ਸਥਿਰ ਅਤੇ ਸੰਗਠਤ ਰਾਜ ਬਾਰੇ ਆਪਣੇ ਵਿਚਾਰ ਦੱਸੇ ਹਨ ਅਤੇ ਬੱਚਿਆਂ ਦੀ ਸਿੱਖਿਆ ਅਤੇ ਪਾਲਣ-ਪੋਸ਼ਣ ਨੂੰ ਰਾਜ ਦੀ ਜ਼ਿੰਮੇਵਾਰੀ ਦਸਿਆ ਹੈ। ਪਲੈਟੋ ਦਾ ਵਿਚਾਰ ਸੀ ਕਿ ਬੁਧੀਜੀਵੀ ਮਰਦ ਜਾਂ ਔਰਤਾਂ, ਸਿੱਖਿਆ ਪ੍ਰਾਪਤ ਕਰਨ ਅਤੇ ਰਾਜ ਦੇ ਰਖਵਾਲੇ ਹੋਣ। ਉਮਰ ਦੇ ਲਿਹਾਜ ਨਾਲ ਬੱਚਿਆਂ ਨੂੰ ਜਿਹੋ ਜਿਹੀ ਸਿੱਖਿਆ ਦੇਣੀ ਚਾਹੀਦੀ ਹੈ, ਬਾਰੇ ਵੀ ਇਸਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉੱਚ ਬੁੱਧੀ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀਆਂ ਤੇ ਲਾਕੇ ਜੀਵਨ ਦਰਸ਼ਨ ਦੇ ਅਧਿਐਨ ਲਈ ਪ੍ਰੇਰਿਆ ਜਾਵੇ ਤਾਂ ਜੋ ਉਹ ਦੂਸਰੇ ਵਿਅਕਤੀਆਂ ਦੇ ਚੰਗੇਰੇ ਜੀਵਨ ਬਾਰੇ ਦਸ ਸਕਣ, ਰਾਜਨੀਤਕ ਦ੍ਰਿਸ਼ਟੀਕੋਣ ਤੋਂ ਅਫਲਾਤੂਨ ਨਾਲੋਂ ਅਰਸਤੂ ਵਧੇਰੇ ਮਹੱਤਤਾ ਰਖਦਾ ਹੈ। ਅਰਸਤੂ ਮਨੁੱਖ ਨੂੰ ਰਾਜਨੀਤਕ ਵਿਅਕਤੀ ਮੰਨ ਕੇ ਚੰਗੇਰੇ ਅਭਿਆਸ ਲਈ ਸਿੱਖਿਆ ਨੂੰ ਹੀ ਮੁਖ ਸਾਧਨ ਮੰਨਦਾ ਹੈ। ਅਰਸਤੂ ਨੇ ਇਹ ਤਾਂ ਮੰਨਿਆ ਹੈ ਕਿ ਸਿੱਖਿਆ ਤੋਂ ਮਾਨਸਕ ਉੱਨਤੀ (उननयन) ਅਤੇ ਸਮੇਂ ਦਾ ਸਦਉਪਯੋਗ ਹੁੰਦਾ ਹੈ ਪਰ ਅਫਲਾਤੂਨ ਵਾਂਗ ਅਤੇ ਦਾਰਸ਼ਨਿਕ ਸਿੱਖਿਆ ਵੱਲ ਉਸਨੇ ਬਹੁਤ ਧਿਆਨ ਨਹੀਂ ਦਿੱਤਾ ਪਰ ਫਿਰ ਵੀ ਅਫਲਾਤੂਨ ਵਾਂਗ ਅਰਸਤੂ ਵੀ ਰਾਜ ਦਾ ਹੀ ਪੂਰਾ ਕੰਟਰੋਲ ਸਿੱਖਿਆ ਉੱਤੇ ਮੰਨਦਾ ਹੈ।

          ਮਧਯੁੱਗ ਵਿਚ ਯੂਰਪ ਵਿਚ ਦੇਵਪੂਜਾ ਦੀ ਪ੍ਰਧਾਨਤਾ ਸੀ। ਸੰਤ ਅਗਸਤੀਨ ਨੇ ਅਲੌਕਿਕ ਸੰਦੇਸ਼ ਦਿੱਤਾ ਅਤੇ ਟਾਮਸ ਐਨਵੀਨਸ ਨੇ ਸਨਾਤਨੀ ਅਤੇ ਕੁਦਰਤੀ ਨਿਯਮਾਂ ਦਾ ਨਾਅਰਾ ਲਾਇਆ। ਮਧਯੁੱਗ ਦੇ ਅੰਤਲੇ ਸਮੇਂ ਵਿਚ ਆਕਸਫੋਰਡ, ਕੈਂਬਰਿਜ ਅਤੇ ਪੈਰਿਸ ਯੂਨੀਵਰਸਿਟੀਆਂ ਦੀ ਸਥਾਪਨਾ ਹੋਈ ਅਤੇ ਉਨ੍ਹਾਂ ਵਿਚ ਵੀ ਸ਼ੁਰੂ ਵਿਚ ਧਰਮ-ਸ਼ਾਸਤਰ ਦੇ ਅਧਿਐਨ ਤੇ ਹੀ ਜ਼ੋਰ ਦਿੱਤਾ ਗਿਆ ਹੈ। ਭਾਰਤ ਵਿਚ ਵੀ ਮਧਯੁੱਗ ਵਿਚ ਸ਼ੰਕਰ, ਰਾਮਾਨੁਜ, ਬਲਭ ਆਦਿ ਨੇ ਗਿਆਨ, ਭਗਤੀ ਅਤੇ ਵੈਰਾਗ ਦਾ ਹੀ ਸੰਦੇਸ਼ ਦਿੱਤਾ।

          ਮਧਯੁੱਗ ਦਾ ਅੰਤ ਹੋਣ ਤੇ ਪੁਨਰ ਜਾਗ੍ਰਤੀ ਅੰਦੋਲਨ ਨਾਲ ਪ੍ਰਕ੍ਰਿਤੀਵਾਦ ਅਤੇ ਮਾਨਵਵਾਦ ਦਾ ਜ਼ੋਰ ਵਧਿਆ। ਦਾਂਤੇ ਅਤੇ ਨਿਕੋਲਾਸ਼ ਜਿਹੇ ਦੈਵੀ ਚਿੰਤਕ ਅਧਿਆਤਮਕਵਾਦ ਦੇ ਸਮਰਥਕ ਸਨ। ਟਿਰੇਸਮਸ, ਮੋਰ ਅਤੇ ਮੋਟੇਨ ਨੇ ਮਾਨਵਵਾਦ ਵੱਲ ਧਿਆਨ ਦਿੱਤਾ। ਕੈਪਲਰ, ਗਲੈਲੀਓ ਅਤੇ ਨਿਊਟਨ ਤੇ ਭੌਤਿਕ ਵਿਗਿਆਨ ਦਾ ਵਿਕਾਸ ਕਰਕੇ ਕ੍ਰਾਂਤੀਕਾਰੀ ਵਿਗਿਆਨ ਦ੍ਰਿਸ਼ਟੀਕੋਣ ਦਿੱਤਾ। ਬੇਕਨ, ਡੇਕਾਰਟੇ ਅਤੇ ਲਾਧਿਬਿਨਤਸ ਨੇ ਗਿਆਨ ਨੂੰ ਸ਼ਕਤੀ ਦਾਤਾ ਮੰਨਿਆ। ਲਾਨ ਨੇ ਅਭਿਆਸ ਦੁਆਰਾ ਚਰਿਤ੍ਰਰ ਵਿਕਾਸ ਤੇ ਜ਼ੋਰ ਦਿੱਤਾ। ਰੂਸੋ ਨੇ ਪੂੰਜੀਵਾਦ, ਸਭਿਅਤਾ ਅਤੇ ਬੁੱਧੀਵਾਦ ਦਾ ਖੰਡਨ ਕਰਕੇ ਪ੍ਰਕ੍ਰਿਤੀਵਾਦ ਅਤੇ ਸ਼ਿਸ਼ੂ ਸਿੱਖਿਆ ਤੇ ਜ਼ੋਰ ਦਿੱਤਾ ਪਰ ਉਸ ਦੀ ਪੁਸਤਕ ‘ਏਮਿਲੀ’ (Emile) ਵਿਚ ਦਾਰਸ਼ਨਿਕ ਸਿੱਖਿਆ ਬਾਰੇ ਕੋਈ ਜ਼ਿਕਰ ਨਹੀਂ ਹੈ। ਪੇਸਟਾਲਾਜ਼ੀ ਨੇ ਸਿੱਖਿਆ ਵਿਚ ਮਨੋਵਿਗਿਆਨ ਦੇ ਮਹੱਤਵ ਨੂੰ ਸਵੀਕਾਰ ਕਰਕੇ ਬੱਚਿਆਂ ਦੇ ਸੰਪੂਰਨ ਵਿਕਾਸ ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਫਰੋਬੇਲ ਨੇ ਕਿੰਡਰਗਾਰਟਨ ਵਿਧੀ ਚਾਲੂ ਕੀਤੀ।

          ਹੀਗਲ ਸਿੱਖਿਆ ਦੇ ਅਧਿਆਤਮਕ ਮੰਤਵ ਨੂੰ ਸਵੀਕਾਰ ਕਰਦਾ ਹੈ। ਉਸ ਅਨੁਸਾਰ ਸਿੱਖਿਆ ਦਾ ਪ੍ਰਬੱਧ ਸਰਕਾਰ ਦੇ ਥਾਂ ਸਮਾਜ ਦੇ ਹੱਥ ਵਿਚ ਹੋਣਾ ਚਾਹੀਦਾ ਹੈ। ਪਰ ਫਿਰ ਵੀ ਉਸਨੇ ਸਿੱਖਿਆ ਦੀ ਪੂਰਨ ਸੁਤੰਤਰਤਾ ਤੇ ਜ਼ੋਰ ਨਹੀਂ ਦਿੱਤਾ। ਜਾਨ ਡਿਬੁਈ ਪ੍ਰਕ੍ਰਿਤੀਵਾਦੀ ਅਤੇ ਵਿਵਹਾਰ-ਵਾਦੀ ਵਿਚਾਰਾਂ ਦਾ ਸਮਰਥਕ ਸੀ। ਉਸ ਅਨੁਸਾਰ ਸਿੱਖਿਆ ਅਤੇ ਜੀਵਨ ਦਾ ਬਹੁਤ ਨਜ਼ਦੀਕੀ ਰਿਸ਼ਤਾ ਹੈ। ਈਸ਼ਵਰਵਾਦ, ਆਤਮਵਾਦ ਜਾਂ ਅਨੁਸ਼ਾਸਨ ਨੂੰ ਲੋਕਾਂ ਤੇ ਮੁੜਨਾ ਉਸ ਨੂੰ ਪਸੰਦ ਨਹੀਂ ਸੀ। ਉਸ ਅਨੁਸਾਰ ਸਿੱਖਿਆ ਬਹੁਤ ਦਿਲਚਸਪ ਅਤੇ ਵਿਅਕਤੀ ਦੀਆਂ ਪ੍ਰਵਿਰਤੀਆਂ ਨੂੰ ਤ੍ਰਿਪਤ ਕਰਨ ਵਾਲੀ ਹੋਣੀ ਚਾਹੀਦੀ ਹੈ ਤਾਂ ਜੋ ਉਸ ਉੱਤੇ ਬਹੁਤੀ ਅਨੁਸ਼ਾਸਨ ਲਾਗੂ ਕਰਨ ਦੀ ਜ਼ਰੂਰਤ ਹੀ ਨਾ ਪਵੇ। ਵਾਈਟ ਹੈਡ (White Head) ਸਿੱਖਿਆ ਦੁਆਰਾ ਨਿਰੰਤਰ ਚੇਤਨੰਤਾ, ਸਿਰਜਨਾਤਮਕਤਾ, ਜੀਵਨ ਉਤਸ਼ਾਹ ਅਤੇ ਹੌਸਲਾ ਅਫ਼ਜ਼ਾਈ ਆਦਿ ਦਾ ਸੰਚਾਰ ਚਾਹੁੰਦਾ ਹੈ। ਬਟ੍ਰੇਂਡ ਰਸਲ ਅਨੁਸਾਰ ਸਿੱਖਿਆ ਕੇਵਲ ਤੱਥ ਸੰਗ੍ਰਿਹ ਨਾ ਹੁੰਦਿਆਂ ਹੋਇਆਂ ਇਕ ਅਜਿਹੀ ਪਕ੍ਰਿਆ ਹੈ ਜਿਸ ਨਾਲ ਮਾਨਵ ਸਮਾਜ ਅਤੇ ਸੰਸਾਰ ਵਿਚ ਆਪਣਾ ਅਸਲੀ ਸਥਾਨ ਸਮਝ ਸਕਦਾ ਹੈ। ਉਸ ਅਨੁਸਾਰ ਸਿੱਖਿਆ ਰਾਜ ਅਤੇ ਚਰਚ (ਧਰਮ) ਦੇ ਪ੍ਰਭਾਵਾਂ ਤੋਂ ਵਿਮੁਕਤ ਰਹਿਣੀ ਚਾਹੀਦੀ ਹੈ। ਰਸਲ ਦੀ ਸਭ ਤੋਂ ਵੱਡੀ ਵਡਿਆਈ ਸਿੱਖਿਆ ਵਿਚ ਸੁਤੰਤਰ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਵਿਚ ਹੈ।

          ਸੰਸਲਿਸ਼ਟ ਅਤੇ ਪੂਰਨ ਸਿੱਖਿਆ (integral and complete education) ਉਹੀ ਕਹੀ ਜਾ ਸਕਦੀ ਹੈ ਜੋ ਵਿਅਕਤੀਆਂ ਨੂੰ ਆਰਥਿਕ ਤੌਰ ਤੇ ਤ੍ਰਿਪਤ ਕਰੇ ਅਤੇ ਬੌਧਿਕ, ਨੈਤਿਕ ਅਤੇ ਅਧਿਆਤਮਕ ਆਦਰਸ਼ਾਂ ਤੋਂ ਵੀ ਜਾਣੂ ਕਰਵਾਏ। ਇਸ ਲਈ ਸਰੀਰਕ ਅਤੇ ਕੋਮਲ-ਕਲਾਵਾਂ ਦੀ ਸਿੱਖਿਆ ਦੇਣੀ ਵੀ ਜ਼ਰੂਰੀ ਹੈ। ਸਾਹਿਤ ਦਾ ਮੰਤਵ ਸੋਹਜਮਈ ਆਨੰਦ ਦੀ ਪ੍ਰਾਪਤੀ ਅਤੇ ਚਰਿਤਰ ਨਿਰਮਾਣ ਹੈ। ਇਸ ਲਈ ਨੈਤਿਕ ਸਿੱਖਿਆ ਸ਼ੁਰੂ ਵਿਚ ਹੀ ਮਿਲਣੀ ਚਾਹੀਦੀ ਹੈ, ਤੇ ਇਸ ਮੰਤਵ ਲਈ ਧਾਰਮਕ ਪੁਸਤਕਾਂ ਦੇ ਚੁਣੇ ਹੋਏ ਹਿੱਸਿਆਂ ਦੀ ਸਿੱਖਿਆ ਦੇਣੀ ਚਾਹੀਦੀ ਹੈ। ਆਧੁਨਿਕ ਸਭਿਅਤਾ ਵਿਗਿਆਨਕ ਅਤੇ ਮਸ਼ੀਨੀ ਸਭਿਅਤਾ ਹੈ ਇਸ ਲਈ ਅੱਜ ਕੋਈ ਵੀ ਦੇਸ਼ ਉਦਯੋਗਕ ਅਤੇ ਵਿਗਿਆਨਕ ਗਿਆਨ ਤੋਂ ਬਿਨ੍ਹਾਂ ਉੱਨਤੀ ਨਹੀਂ ਕਰ ਸਕਦਾ ਅਤੇ ਨਾ ਹੀ ਆਪਣੇ ਨਾਗਰਿਕਾਂ ਦਾ ਜੀਵਨ ਪੱਧਰ ਉੱਚਾ ਚੁਕ ਸਕਦਾ ਹੈ। ਇਸੇ ਲਈ ਡਾਰਵਿਨ, ਹਕਸਲੇ, ਸਪੈਂਸਰ ਆਦਿ ਨੇ ਵੀ ਵਿਗਿਆਨਕ ਸਿੱਖਿਆ ਦੀ ਸਿਫ਼ਾਰਸ ਕੀਤੀ ਹੈ। ਮਨੁੱਖ ਆਪਣੇ ਆਪ ਇਕ ਸੰਪੂਰਨ ਇਕਾਈ ਹੈ। ਮਨੁੱਖ, ਸ਼ਰੀਰ, ਮਨ, ਬੁੱਧੀ, ਆਚਰਨ ਅਤੇ ਆਤਮਾ ਦਾ ਸੁਮੇਲ ਹੈ। ਕੇਵਲ ਰੋਟੀ ਦੀ ਪ੍ਰਾਪਤੀ, ਸਮਾਜਕ ਬਰਾਬਰੀ, ਚੰਗੀ ਸ਼ਖਸ਼ੀਅਤ ਪੈਦਾ ਕਰਨਾ ਹੀ ਸਿੱਖਿਆ ਦਾ ਮੰਤਵ ਨਹੀਂ ਸਗੋਂ ਮਨੁੱਖ ਦਾ ਸਰਵਪੱਖੀ ਵਿਕਾਸ ਅਤੇ ਪੂਰਨਤਾ ਦੀ ਪ੍ਰਾਪਤੀ ਹੀ ਸਮੁੱਚੀ ਸਿੱਖਿਆ ਦਾ ਉਦੇਸ਼ ਹੈ।

          ਹ. ਪੁ.––ਐਨ. ਬ੍ਰਿ. ਮੈ.: ਇ. ਐਨ. ਸੋ. ਸ.; ਐਨ. ਅਮੈ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 30032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਸਿੱਖਿਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿੱਖਿਆ, (ਸੰਸਕ੍ਰਿਤ : ਸਿਕਸ਼ਾ) / ਇਸਤਰੀ ਲਿੰਗ : ੧. ਵਿਦਿਆ, ਤਾਲੀਮ, ਪੜ੍ਹਾਈ, ਉਪਦੇਸ਼, ਸਬਕ, ਨਸੀਹਤ, ਮੱਤ; ਤਰਬੀਅਤ

–ਸਿਖਿਆਦਾਇਕ, ਵਿਸ਼ੇਸ਼ਣ : ਸਿੱਖਿਆ ਦੇਣ ਵਾਲਾ, ਜਿਸ ਤੋਂ ਸਿੱਖਿਆ ਪਰਾਪਤ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3596, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-03-32-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.