ਸੁਆਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਆਦ [ਵਿਸ਼ੇ] 1 ਮਜ਼ੇਦਾਰ, ਲੱਜ਼ਤਦਾਰ, ਜੀਅ ਨੂੰ ਚੰਗਾ ਲੱਗਣ ਵਾਲ਼ਾ [ਨਾਂਪੁ] ਮਜ਼ਾ , ਚਸਕਾ , ਲੁਤਫ਼, ਰਸ , ਜਾਇਕਾ 2 [ਨਿਪੁ] ਫ਼ਾਰਸੀ ਵਰਨਮਾਲਾ ਦਾ ਇੱਕ ਲਿਪਾਂਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1059, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਆਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਆਦ. ਸੰ. ਸ੍ਵਾਦ (ਦੇਖੋ, ਸ੍ਵਦੑ ਧਾ) ਸੰਗ੍ਯਾ—ਰਸ. ੏੠ਯਕ਼ਾ. “ਅਧਿਕ ਸੁਆਦ ਰੋਗ ਅਧਿਕਾਈ.” (ਮਲਾ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਆਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁਆਦ : ਸੁਆਦ ਇਕ ਰਸਾਇਣਿਕ ਅਨੁਭੂਤੀ ਹੈ। ਇਹ ਇਕ ਸਾਧਾਰਨ ਸੰਵੇਦਨਾਤਮਕ ਸਾਂਚਾ ਨਹੀਂ ਹੈ। ਇਹ ਕੇਵਲ ਜੀਭ ਉਪਰਲੇ ਖ਼ਾਸ ਸੁਆਦ ਅੰਗਾਂ ਤੇ ਹੀ ਨਿਰਭਰ ਨਹੀਂ ਕਰਦਾ ਸਗੋਂ ਮੂੰਹ ਵਿਚਲੇ ਕਈ ਰਸਾਇਣਾਂ ਅਤੇ ਸਪੱਰਸ਼ ਇੰਦਰੀ ਸੰਬੰਧੀ ਕਈ ਹੋਰ ਰਿਸੈਪਟਰਾਂ ਤੇ ਵੀ ਨਿਰਭਰ ਕਰਦਾ ਹੈ।

          ਮਨੁੱਖਾਂ ਅਤੇ ਦੁੱਧ-ਧਾਰੀ ਪਸ਼ੂਆਂ ਵਿਚ ਸੁਆਦ-ਗ੍ਰੰਥੀਆਂ ਜੀਭ ਉਪਰ ਅਤੇ ਗਲੇ ਦੇ ਨਾਲ ਲਗਦੇ ਹਿੱਸੇ ਵਿਚ ਕਈ ਥਾਵਾਂ ਤੇ ਮਿਲਦੀਆਂ ਹਨ। ਇਹ ਸੁਆਦ ਗ੍ਰੰਥੀਆਂ ਅੰਡਾਕਾਰ ਸ਼ਕਲ ਦੇ ਸੈੱਲਾਂ ਦੇ ਗੁੱਛਿਆਂ ਦੇ ਰੂਪ ਵਿਚ ਹੁੰਦੀਆਂ ਹਨ, ਜਿਨ੍ਹਾਂ ਵਿਚ ਇਕ ਬਾਰੀਕ ਛਿਦਰ ਹੁੰਦਾ ਹੈ। ਸੁਆਦ ਗ੍ਰੰਥੀਆਂ ਵਿਚ ਦੋ ਕਿਸਮਾਂ ਦੇ ਸੈੱਲ ਹੁੰਦੇ ਹਨ, ਇਕ ਮੋਟੇ ਸਹਾਰਾ ਦੇਣ ਵਾਲੇ ਅਤੇ ਦੂਜੇ ਕਾਫ਼ੀ ਪਤਲੇ ਸੁਆਦ ਸੈੱਲ ਜਿਨ੍ਹਾਂ ਵਿਚੋਂ ਇਕ ਬਾਰੀਕ ਜਿਹਾ ਵਾਲ ਨਿਕਲ ਕੇ ਸੁਆਦ-ਮੁਸਾਮ ਵਿਚ ਦਾਖ਼ਲ ਹੋ ਜਾਂਦਾ ਹੈ। ਇਕੱਲੇ ਇਕੱਲੇ ਸੰਵੇਦਨਾਤਮਕ ਨਾੜੀ ਰੇਸ਼ੇ ਇਕ ਜਾਂ ਦੋ ਸੈੱਲਾਂ ਦੇ ਦੁਆਲੇ ਲਿਪਟੇ ਹੋਏ ਹੁੰਦੇ ਹਨ।

          ਜੀਭ ਦੇ ਦੋ-ਤਿਹਾਈ ਹਿੱਸੇ ਵਿਚ ਜੀਭ-ਨਾੜੀ ਹੁੰਦੀ ਹੈ ਜਿਸਦੇ ਮਗਰਲੇ ਹਿੱਸੇ ਵਿਚ ਜੀਭ-ਸੰਘ ਨਾੜੀਆਂ ਹੁੰਦੀਆਂ ਹਨ। ਗਲੇ ਅਤੇ ਹਲਕ ਵਿਚ ਪ੍ਰਾਣ-ਨਾੜੀ ਦੀਆਂ ਸ਼ਾਖ਼ਾਵਾਂ ਹੁੰਦੀਆਂ ਹਨ। ਜੀਭ ਦੇ ਅਗਲੇ ਹਿੱਸੇ ਤੋਂ ਕੁਝ ਸੁਆਦ ਰੇਸ਼ੇ ਜੀਭ-ਨਾੜੀ ਨੂੰ ਇਕ ਛੋਟੀ ਜਿਹੀ ਸ਼ਾਖ਼ਾ ਕੰਨ-ਤੰਤੂ ਨਾਲ ਮਿਲਾਉਂਦੇ ਹਨ। ਇਹ ਸ਼ਾਖ਼ਾ ਕੰਨ ਦੇ ਪਰਦੇ ਵਿਚੋਂ ਦੀ ਲੰਘ ਕੇ ਦਿਮਾਗ਼ੀ ਤਣੇ ਤਕ ਪਹੁੰਚਦੀ ਹੈ। ਜਦ ਕੰਨ-ਤੰਤੂ ਕੱਟ ਦਿੱਤਾ ਜਾਵੇ ਜਾਂ ਸਟ ਲੱਗਣ ਨਾਲ ਖ਼ਰਾਬ ਹੋ ਜਾਵੇ ਤਾਂ ਜੀਭ ਦੇ ਅਗਲੇ ਦੋ ਤਿਹਾਈ ਹਿੱਸੇ ਵਿਚੋਂ ਸੁਆਦ ਸੰਵੇਦਨਾ ਖ਼ਤਮ ਹੋ ਜਾਂਦੀ ਹੈ।

          ਸੁਆਦ ਗ੍ਰੰਥੀਆਂ ਤੋਂ ਜੇਕਰ ਨਾੜੀ ਸੰਪਰਕ ਕੱਟ ਦਿੱਤਾ ਜਾਵੇ ਤਾਂ ਇਹ ਗ੍ਰੰਥੀਆਂ ਨਕਾਰਾ ਹੋ ਜਾਂਦੀਆਂ ਹਨ ਪਰ ਜੇਕਰ ਨਾੜੀ ਰੇਸ਼ੇ ਦੁਬਾਰਾ ਫੁੱਟ ਪੈਣ ਤਾਂ ਇਹ ਵੀ ਫੁੱਟ ਪੈਂਦੀਆਂ ਹਨ।

          ਮੂੰਹ ਦੀਆਂ ਸੰਵੇਦਨਾਤਮਕ ਨਾੜੀਆਂ ਸੁਆਦ ਰੇਸ਼ਿਆਂ ਦੇ ਇਕ ਹੀ ਰਸਤੇ ਵਿਚ ਇਕੱਠੀਆਂ ਹੋ ਜਾਂਦੀਆਂ ਹਨ ਤੇ ਇਨ੍ਹਾਂ ਦਾ ਕੇਂਦਰ ਜੀਭ ਦੀ ਛੋਹ ਅਤੇ ਤਾਪਮਾਨ ਸੰਵੇਦਨਾਤਮਕ ਨਾੜੀਆਂ ਦੇ ਬਿਲਕੁਲ ਨੇੜੇ ਹੁੰਦਾ ਹੈ। ਦੂਸਰੇ ਦਰਜੇ ਦੇ ਰੇਸ਼ੇ ਥੈਲੇਮਸ ਦੇ ਅੰਦਰਲੇ ਹਿੱਸੇ ਵਿਚ ਸੈੱਲਾਂ ਦੇ ਇਕ ਛੋਟੇ ਜਿਹੇ ਗੁੱਛੇ ਦੇ ਰੂਪ ਵਿਚ ਏਥੋਂ ਮੂੰਹ ਤਕ ਪਹੁੰਚਦੇ ਹਨ। ਅਗਲੇ ਮਗ਼ਜ਼ ਦਾ ਕੋਈ ਵੀ ਹਿੱਸਾ ਵਿਸ਼ੇਸ਼ ਤੌਰ ਤੇ ਸੁਆਦ ਲਈ ਅਰਪਿਤ ਨਹੀਂ ਹੁੰਦਾ।

          ਰਸਾਇਣਿਕ ਰਚਨਾ ਅਤੇ ਸੁਆਦ ਗੁਣਾਂ ਵਿਚ ਸਿਵਾਏ ਤੇਜ਼ਾਬਾਂ ਤੋਂ ਕੋਈ ਵੀ ਸਾਧਾਰਨ ਸੰਬੰਧ ਨਹੀਂ ਹੁੰਦਾ। ਅਕਾਰਬਨੀ ਲੂਣਾਂ ਦੇ ਸੁਆਦ ਗੁਣ ਗੁੰਝਲਦਾਰ ਕਿਸਮ ਦੇ ਹੁੰਦੇ ਹਨ, ਸਿਰਫ਼ ਸੋਡੀਅਮ ਕਲੋਰਾਈਡ (ਸਾਧਾਰਨ ਲੂਣ) ਦਾ ਹੀ ਸੁਆਦ ਨਮਕੀਨ ਹੁੰਦਾ ਹੈ। ਮਿੱਠੇ ਅਤੇ ਕੌੜੇ ਸੁਆਦ ਵੀ ਕਈ ਰਸਾਇਣਿਕ ਸ਼੍ਰੇਣੀਆਂ ਵਿਚ ਮਿਲਦੇ ਹਨ।

          ਜੀਭ ਦਾ ਸਾਰਾ ਉਤਲਾ ਤੱਲ ਸੰਵੇਦਨਾਸ਼ੀਲ ਨਹੀਂ ਹੁੰਦਾ। ਵਿਚਕਾਰਲਾ ਤੱਲ ਸੁਆਦ ਰਹਿਤ ਹੁੰਦਾ ਹੈ। ਤਕਰੀਬਨ ਸਾਰੇ ਕੰਢੇ ਹੀ ਲੂਣੇ ਸੁਆਦ ਮਹਿਸੂਸ ਕਰਦੇ ਹਨ। ਮਿਠਾਸ ਦਾ ਸੁਆਦ ਸਿਰਫ਼ ਜੀਭ ਦੇ ਅਗਲੇ ਸਿਰੇ ਤੇ ਹੀ ਪ੍ਰਤੀਤ ਹੁੰਦਾ ਹੈ। ਖੱਟਾ ਸੁਆਦ ਪਾਸਿਆਂ ਤੇ ਅਤੇ ਕੌੜਾ ਸੁਆਦ ਜੀਭ ਦੇ ਪਿਛਲੇ ਹਿੱਸੇ ਵਿਚ ਮਹਿਸੂਸ ਹੁੰਦਾ ਹੈ।

          ਕਈ ਵਰ੍ਹਿਆਂ ਤਕ ਇਹ ਯਕੀਨ ਕੀਤਾ ਜਾਂਦਾ ਸੀ ਕਿ ਸੁਆਦ ਰਿਸੈਪਟਰਾਂ ਦੀਆਂ ਕੇਵਲ ਚਾਰ ਹੀ ਮੁੱਢਲੀਆਂ ਕਿਸਮਾਂ ਹੁੰਦੀਆਂ ਹਨ। ਪਰ ਬਿਜਲ-ਕਿਰਿਆਤਮਕ ਤਰੰਗਾਂ ਰਿਕਾਰਡ ਕਰਨ ਨਾਲ ਇਹ ਧਾਰਨਾ ਪੂਰੀ ਨਹੀਂ ਉਤਰਦੀ। ਜੀਭ ਦੇ ਇਕੱਲੇ ਇਕੱਲੇ ਨਾੜੀ ਰੇਸ਼ਿਆਂ ਵਿਚ ਮਿਸ਼ਰਤ ਸੰਵੇਦਨਾ ਹੁੰਦੀ ਹੈ। ਬਹੁਤ ਸਾਰੇ ਕੇਸਾਂ ਵਿਚ ਇਕ ਤੋਂ ਵੱਧ ਮੁੱਢਲੀਆਂ ਸੁਆਦ ਉਤੇਜਨਾਵਾਂ ਹੁੰਦੀਆਂ ਹਨ ਜਿਵੇਂ ਤੇਜ਼ਾਬ ਜਮ੍ਹਾਂ ਲੂਣ, ਤੇਜ਼ਾਬ ਜਮ੍ਹਾਂ ਲੂਣ ਜਮ੍ਹਾ ਖੰਡ ਆਦਿ। ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਸੁਆਦ ਗ੍ਰੰਥੀਆਂ ਵਿਚ ਸੰਵੇਦਨਾ ਦੇ ਵੱਖ ਵੱਖ ਗੁੱਛੇ ਹੁੰਦੇ ਹੋਣ। ਇਸ ਲਈ ਦਿਮਾਗ਼ ਨੂੰ ਜਾਂਦੀ ਹੋਈ ਸੁਆਦ ਤਰੰਗ ਸੁਆਦ ਉਤੇਜਨਾ ਰਾਹੀਂ ਵਧਾਈ ਜਾਂ ਘਟਾਈ ਜਾ ਸਕਦੀ ਹੈ।

                ਮੋਟੇ ਤੌਰ ਤੇ ਵੱਖ ਵੱਖ ਸੁਆਦ ਹੇਠ ਲਿਖੇ ਅਨੁਸਾਰ ਹਨ :

                ਲੂਣਾ––ਭਾਵੇਂ ਲੂਣੇ ਸੁਆਦ ਘੁਲਨਸ਼ੀਲ ਲੂਣਾਂ ਨਾਲ ਸੰਬੰਧਤ ਹਨ ਪਰ ਬਹੁਤ ਸਾਰੇ ਲੂਣਾਂ ਦੇ (ਸਿਵਾਏ ਸੋਡੀਅਮ ਕਲੋਰਾਈਡ ਦੇ) ਸੁਆਦ ਵੱਖ ਵੱਖ ਤਰ੍ਹਾਂ ਦੇ ਗੁੰਝਲਦਾਰ ਹੁੰਦੇ ਹਨ। ਜਿਵੇਂ ਕੌੜਾ-ਲੂਣਾਂ, ਖੱਟਾ-ਲੂਣਾਂ ਆਦਿ। ਘੱਟ ਭਾਰਾਂ ਵਾਲੇ ਲੂਣਾਂ ਦਾ ਸੁਆਦ ਨਮਕੀਨ ਹੁੰਦਾ ਹੈ ਜਦੋਂ ਕਿ ਭਾਰੇ ਮਾਲੀਕਿਊਲੀ ਲੂਣਾਂ ਦਾ ਸੁਆਦ ਕੌੜਾ ਹੁੰਦਾ ਹੈ। ਭਾਰੇ ਧਾਤੂਆਂ ਦੇ ਲੂਣਾਂ ਦਾ ਸੁਆਦ ਧਾਤੂਆਂ ਵਰਗਾ ਹੁੰਦਾ ਹੈ। ਭਾਵੇਂ ਸਿੱਕੇ ਅਤੇ ਬੈਰੀਲੀਅਮ ਦੇ ਲੂਣ ਮਿੱਠੇ ਵੀ ਹੁੰਦੇ ਹਨ।

          ਖੱਟਾ––ਖੱਟਾ ਸੁਆਦ ਤੇਜ਼ਾਬਾਂ ਦੇ ਹਾਈਡ੍ਰੋਜਨ-ਆਇਨਾਂ ਕਰਕੇ ਪੈਦਾ ਹੁੰਦਾ ਹੈ ਅਤੇ ਹਾਈਡ੍ਰੋਜਨ ਆਇਨ ਦੀ ਵਧੇਰੇ ਮਾਤਰਾ ਨਾਲ ਖਟਾਸ ਵਧਦੀ ਜਾਂਦੀ ਹੈ। ਪਰ ਖਟਾਸ ਲਈ ਸਿਰਫ਼ ਇਹੀ ਤੱਥ ਜ਼ਿੰਮੇਵਾਰ ਨਹੀਂ ਜਿਵੇਂ ਹਲਕੇ ਐਸੀਟਿਕ ਐਸਿਡ (ਕਾਰਬਨੀ ਐਸਿਡ) ਵਿਚ ਹਾਈਡ੍ਰੋਜਨ ਆਇਨਾਂ ਦੀ ਮਾਤਰਾ ਤੋਂ ਇਸ ਦੀ ਖਟਾਸ ਦਾ ਜ਼ਿਆਦਾ ਪਤਾ ਨਹੀਂ ਲਗਦਾ।

          ਮਿੱਠਾ––ਸਿੱਕੇ ਅਤੇ ਬੈਰੀਲੀਅਮ ਜਿਹੇ ਅਕਾਰਬਨੀ ਲੂਣਾਂ ਤੋਂ ਸਿਵਾਏ ਮਿੱਠਾ ਸੁਆਦ ਕਾਰਬਨਿਕ ਯੋਗਿਕਾਂ ਨਾਲ ਸੰਬੰਧਤ ਹੈ ਜਿਵੇਂ ਐਲਕੋਹਲ, ਗਲਾਈਕੋਲ, ਖੰਡ ਉਪਜਾਂ ਆਦਿ। ਮਿੱਠੇ ਸੁਆਦ ਅਤੇ ਰਸਾਇਣਿਕ ਰਚਨਾ ਵਿਚਕਾਰ ਸੰਬੰਧ ਕਾਫ਼ੀ ਗੁੰਝਲਦਾਰ ਹੈ।

          ਕੌੜਾ––ਕੌੜਾ ਸੁਆਦ ਵੀ ਮਿੱਠੇ ਵਾਂਗ ਕਈ ਰਸਾਇਣਿਕ ਸ਼੍ਰੇਣੀਆਂ ਵਿਚ ਮਿਲਦਾ ਹੈ। ਇਹ ਮਿੱਠੇ ਅਤੇ ਕਈ ਹੋਰ ਸੁਆਦ ਗੁਣਾਂ ਨਾਲ ਵੀ ਸੰਬੰਧਿਤ ਹੈ। ਅਕਾਰਬਨੀ ਲੂਣਾਂ ਦੇ ਅਣੂ-ਭਾਰਾਂ ਵਿਚ ਵਾਧੇ ਜਾਂ ਕਾਰਬਨੀ ਅਣੂਆਂ ਦੀ ਕਾਰਬਨ ਚੇਨ ਦੇ ਲੰਮੇ ਹੋਣ ਕਾਰਨ ਹੀ ਕੌੜਾ ਸੁਆਦ ਬਦਲ ਜਾਂਦਾ ਹੈ। ਕੁਨੀਨ, ਕੈਫ਼ੀਨ, ਸਟਰਾਈਕਿਨ ਆਦਿ ਕੁਝ ਪ੍ਰਸਿੱਧ ਐਲਕਲਾਇਡ ਜ਼ਹਿਰੀਲੇ ਗਰੁਪ ਵਿਚ ਆਉਂਦੇ ਹਨ।

          ਸੁਆਦ ਸੰਵੇਦਨਾ ਤੇ ਅਸਰ ਪਾਉਣ ਵਾਲੇ ਤੱਥ––ਬਹੁਤ ਜ਼ਿਆਦਾ ਠੰਢੇ ਤਰਲ ਕਈ ਵਾਰੀ ਅਸਥਾਈ ਤੌਰ ਤੇ ਸੁਆਦ ਸੰਵੇਦਨਾ ਤੇ ਅਸਰ ਪਾਉਂਦੇ ਹਨ ਅਤੇ ਸੁਆਦ ਦਾ ਕੁਝ ਪਤਾ ਨਹੀਂ ਲਗਦਾ। ਆਮ ਤੌਰ ਤੇ ਸੁਆਦ ਦੀ ਅਨੁਕੂਲਤਮ ਹੱਦ ਸਰੀਰ ਦੇ ਤਾਪਮਾਨ ਦੇ ਬਰਾਬਰ ਜਾਂ ਕੁਝ ਦਰਜੇ ਹੇਠ੍ਹਾਂ ਹੀ ਹੁੰਦੀ ਹੈ। ਤਾਪਮਾਨ ਦੇ ਅਸਰ ਦਾ ਅੰਦਾਜ਼ਾ ਲਾਉਣਾ ਕਾਫ਼ੀ ਮੁਸ਼ਕਲ ਹੈ ਕਿਉਂਕਿ ਮੂੰਹ ਅਤੇ ਮੂੰਹ ਵਿਚਲੇ ਸੁਆਦ-ਘੋਲ ਦਾ ਤਾਪਮਾਨ ਬਦਲ ਜਾਂਦਾ ਹੈ। ਕੁਝ ਹੋਰ ਬਾਰੀਕੀ ਨਾਲ ਕੀਤੇ ਤਜ਼ਰਬਿਆਂ ਤੋਂ ਪਤਾ ਲਗਦਾ ਹੈ ਕਿ ਜੀਭ ਅਤੇ ਮੂੰਹ ਸਭ ਤੋਂ ਪਹਿਲਾਂ ਸੁਆਦ-ਘੋਲ ਦੇ ਅਸਰ ਹੇਠ ਆਉਂਦੇ ਹਨ। ਖੰਡ ਵਾਸਤੇ ਸੰਵੇਦਨਾ ਤਾਪਮਾਨ ਦੇ ਵਧਣ ਨਾਲ ਵਧਦੀ ਹੈ, ਲੂਣ ਅਤੇ ਕੁਨੀਨ ਦੀ ਸੰਵੇਦਨਾ ਘੱਟ ਜਾਂਦੀ ਹੈ ਜਦ ਕਿ ਤੇਜ਼ਾਬੀ ਸੰਵੇਦਨਾ ਲਗਭਗ ਬਰਾਬਰ ਰਹਿੰਦੀ ਹੈ। ਸਪਸ਼ਟ ਹੈ ਕਿ ਸੁਆਦ ਕਿਰਿਆ ਰਸਾਇਣਿਕ ਸਿਸਟਮ ਦੀ ਤਰ੍ਹਾਂ ਨਹੀਂ ਹੁੰਦੀ ਜਿਸ ਵਿਚ ਤਾਪਮਾਨ ਦੇ ਵਾਧੇ ਨਾਲ ਤਬਦੀਲੀ ਹੁੰਦੀ ਹੈ, ਨਹੀਂ ਤਾਂ ਸਾਰੀਆਂ ਸੰਵੇਦਨਾਵਾਂ ਤਾਪਮਾਨਾਂ ਤੇ ਚੰਗੀਆਂ ਹੋ ਜਾਣ। ਕਈ ਵਾਰੀ ਕਿਸੇ ਘੋਲ ਨੂੰ ਥੋੜ੍ਹਾ ਚਿਰ ਮੂੰਹ ਵਿਚ ਰੱਖਣ ਨਾਲ ਸੁਆਦ ਦਾ ਅਸਰ ਅੰਸ਼ਕ ਤੌਰ ਤੇ ਖਤਮ ਹੋ ਜਾਂਦਾ ਹੈ। ਕਈ ਵਾਰ ਇਕ ਸੁਆਦ ਦਾ ਅਸਰ ਦੂਜੇ ਸੁਆਦ ਰਾਹੀਂ ਨਾਪਿਆ ਜਾਂਦਾ ਹੈ ਜਿਵੇਂ ਚਾਹ ਦਾ ਕੌੜਾਪਨ ਜਾਂ ਨਿੰਬੂ ਦੀ ਖਟਾਸ ਖੰਡ ਜਾਂ ਸਕਰੀਨ ਨਾਲ ਘੱਟ ਹੋ ਜਾਂਦੀ ਹੈ।

          ਸੁਆਦ ਗ੍ਰੰਥੀਆਂ, ਸਰੀਰ ਦੇ ਲਹੂ ਵਿਚ ਰਚੀ ਹੋਈ ਵਸਤੂ ਨਾਲ ਵੀ ਮੂੰਹ ਵਿਚ ਉਸ ਦਾ ਸੁਆਦ ਭਰ ਦਿੰਦੀਆਂ ਹਨ ਜਿਵੇਂ ਹਿਸਟੇਮੀਨ ਦਾ ਟੀਕਾ ਜੇ ਲਹੂ-ਨਾੜੀ ਵਿਚ ਲਾਈਏ ਤਾਂ ਮੂੰਹ ਵਿਚ ਮਿੱਠਾ ਸੁਆਦ ਆਉਂਦਾ ਹੈ। ਪੀਲੀਏ ਦੇ ਰੋਗੀ ਦਾ ਮੂੰਹ ਸਦਾ ਹੀ ਕੌੜਾ ਰਹਿੰਦਾ ਹੈ, ਕਿਉਂਕਿ ਲਹੂ ਵਿਚ ਰਚੀ ਹੋਈ ਕੁੜੱਤਣ, ਮੂੰਹ ਦੇ ਕੌੜੇ ਸੁਆਦ ਵਾਲੇ ਰਿਸੈਪਟਰ ਨੂੰ ਉਤੇਜਤ ਕਰਦੀ ਰਹਿੰਦੀ ਹੈ।

          ਹ. ਪੁ.––ਐਨ. ਬ੍ਰਿ. 20:819; ਮੈਕ. ਐਨ. ਸ. ਟ. 13:319; ਹੈ. ਬੁ. ਫਿ. ਬਾ. ਕੈ. :711.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 822, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੁਆਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਆਦ, ਪੁਲਿੰਗ : ਫ਼ਾਰਸੀ ਵਰਣ ਮਾਲਾ ਦਾ ਇੱਕ ਅੱਖਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-11-04-24-35, ਹਵਾਲੇ/ਟਿੱਪਣੀਆਂ:

ਸੁਆਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਆਦ, (ਸੰਸਕ੍ਰਿਤ : ਸ੍ਵਾਦ) / ਪੁਲਿੰਗ : ਮਜ਼ਾ, ਰਸ, ਚਸਕਾ, ਲੁਤਫ਼, ਜੈਕਾ, ਜਾਇਕਾ, ਵਿਸ਼ੇਸ਼ਣ : ਲਜ਼ਤਦਾਰ, ਲਯਤਦਾਰ, ਮਜ਼ੇਦਾਰ, ਜੀ ਨੂੰ ਚੰਗਾ ਲੱਗਣ ਵਾਲਾ

–ਸੁਆਦ ਚਖਾਉਣਾ, ਮੁਹਾਵਰਾ : ਮਜ਼ਾ ਚਖਾਉਣਾ, ਬਦਲਾ ਲੈਣਾ, ਦੰਡ ਦੇਣਾ, ਕੁੱਟ ਮਾਰ ਕਰਨਾ

–ਸੁਆਦਣ, ਇਸਤਰੀ ਲਿੰਗ : ਜਸ ਤੀਵੀਂ ਨੂੰ ਜ਼ੁਬਾਨ ਦਾ ਚਸਕਾ ਪੈ ਗਿਆ ਹੈ, ਚਸਕੇ ਖੋਰ ਇਸਤਰੀ

–ਸੁਆਦਲਾ, ਵਿਸ਼ੇਸ਼ਣ : ਜਿਸ ਦਾ ਸੁਆਦ ਚੰਗਾ ਹੈ, ਮਨ ਨੂੰ ਭਾਉਂਦਾ, ਲਜ਼ਤਦਾਰ, ਜੈਕੇਦਾਰ

–ਸੁਆਦਲੀ, ਇਸਤਰੀ ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-11-04-24-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.