ਸੁਥਰਾਸ਼ਾਹੀਏ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਥਰਾਸ਼ਾਹੀਏ : ਫਕੀਰਾਂ ਦਾ ਇਕ ਫਿਰਕਾ ਸੀ ਜੋ ਆਪਣਾ ਅਰੰਭ ਗੁਰੂ ਹਰਗੋਬਿੰਦ ਸਾਹਿਬ ਦੇ ਪੈਰੋਕਾਰ ਸੁਥਰਾ ਸ਼ਾਹ (1625-82) ਤੋਂ ਮੰਨਦੇ ਹਨ। ਸੁਥਰਾਸ਼ਾਹ ਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਲੋਕ-ਕਥਾ ਇਸ ਤਰ੍ਹਾਂ ਹੈ ਕਿ ਇਹ ਗੁਰਦਾਸਪੁਰ ਜ਼ਿਲੇ ਦੇ ਬਹਰਾਮਪੁਰ ਦੇ ਇਕ ਨੰਦਾ ਖੱਤਰੀ ਪਰਵਾਰ ਵਿਚ ਜਨਮਿਆ ਸੀ ਅਤੇ ਇਸਦੇ ਮੱਥੇ ਉੱਤੇ ਕਾਲਾ ਦਾਗ ਸੀ ਅਤੇ ਇਸ ਦੇ ਦੰਦ ਉੱਗੇ ਹੋਏ ਸਨ ਅਤੇ ਇਸੇ ਕਾਰਨ ਇਸ ਨੂੰ ਅਸ਼ੁੱਭ ਅਤੇ ਭਾਗਹੀਨ ਕਰਾਰ ਦਿੱਤਾ ਗਿਆ ਸੀ। ਇਸ ਦੇ ਮਾਂ ਪਿਉ ਨੇ ਇਸ ਵੱਲੋਂ ਕਿਨਾਰਾ ਹੀ ਕਰ ਲਿਆ ਸੀ ਪਰੰਤੂ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਨੇ ਇਸ ਨੂੰ ਆਪਣੀ ਦੇਖ-ਰੇਖ ਹੇਠ ਲੈ ਆਂਦਾ। ਗੁਰੂ ਜੀ ਨੇ ਕੁਥਰਾ ਅਰਥਾਤ ਗੰਦਾ ਜਾਂ ਬਦਸੂਰਤ ਨਾਂ ਨਾਲ ਜਾਣੇ ਜਾਂਦੇ ਇਸ ਬੱਚੇ ਦਾ ਨਾਂ ਬਦਲ ਕੇ ‘ਸੁਥਰਾ’ ਅਰਥਾਤ ਬੇਦਾਗ , ਸ਼ੁੱਧ , ਪਵਿੱਤਰ ਰੱਖ ਦਿੱਤਾ। ਸਿੱਖਾਂ ਵਿਚ ਇਸ ਨੂੰ ਸੁਥਰਾ ਸ਼ਾਹ ਕਿਹਾ ਜਾਣ ਲੱਗ ਪਿਆ। ਸੁਥਰਾ ਸ਼ਾਹ ਗੁਰੂ ਹਰਗੋਬਿੰਦ ਜੀ ਵੱਲ ਸ਼ਰਧਾ ਅਤੇ ਆਪਣੇ ਹਾਸੇ ਮਾਖੌਲ ਵਾਲੇ ਸੁਭਾਅ ਕਰਕੇ ਪ੍ਰਸਿੱਧ ਹੋ ਗਿਆ ਸੀ। ਇਸ ਨੂੰ ਗੁਰੂ ਹਰਗੋਬਿੰਦ ਜੀ ਦੇ ਉਤਰਾਧਿਕਾਰੀ ਗੁਰੂ ਹਰਰਾਇ ਜੀ ਵੱਲੋਂ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਨਿਯੁਕਤ ਕੀਤਾ ਗਿਆ ਸੀ।

    ਸਮਾਂ ਲੰਘਣ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਵਿਚੋਂ ਹੀ ਆਏ ਸੁਥਰੇ ਸ਼ਾਹ ਦੇ ਸ਼ਰਧਾਲੂ ਇਕ ਵਖਰੀ ਸੰਪਰਦਾਇ ਬਣ ਗਏ। ਇਹ ਗੁਰੂ ਨਾਨਕ ਦੀ ਮਹਿਮਾ ਵਿਚ ਰਮਜ਼ ਭਰਪੂਰ ਗੀਤ ਗਾਉਂਦੇ ਸਨ ਪਰੰਤੂ ਇਹਨਾਂ ਨੇ ਫ਼ਕੀਰੀ ਦਾ ਰਸਤਾ ਫੜ ਲਿਆ ਅਤੇ ਸਥਾਪਿਤ ਕੀਤੇ ਗਏ ਸਾਰੇ ਸਮਾਜਿਕ ਆਦਰਸ਼ਾਂ ਨੂੰ ਤਿਆਗ ਦਿੱਤਾ। ਇਹ ਆਪਣੀ ਸੰਪਰਦਾਇ ਵਿਚ ਨਵੇਂ ਸ਼ਰਧਾਲੂ ਨੂੰ ਬਹੁਤ ਕਰੜੀ ਪਰਖ ਉਪਰੰਤ ਸ਼ਾਮਲ ਕਰਦੇ ਸਨ। ਇਸ ਫਿਰਕੇ ਵਿਚ ਸ਼ਾਮਲ ਹੋਣ ਵੇਲੇ ਉਸਨੂੰ ਸੌਂਹ ਖਾਣੀ ਪੈਂਦੀ ਸੀ ਕਿ ਉਹ ਇਸ ਫ਼ਿਰਕੇ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਮੰਨੇਗਾ। ਇਕ ਸਮਕਾਲੀ ਇਤਿਹਾਸਕਾਰ ਦੀ ਗਵਾਹੀ ਅਨੁਸਾਰ ਇਸ ਸੰਪਰਦਾਇ ਵਿਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ ਪਹਿਲਾਂ ਇਸ ਵਿਚ ਸ਼ਾਮਲ ਹੋਣ ਤੋਂ ਵਰਜਿਆ ਜਾਂਦਾ ਸੀ ਅਤੇ ਉਸ ਨੂੰ ਭਵਿੱਖ ਦੀ ਸਖ਼ਤ ਜਿੰਦਗੀ ਬਾਰੇ ਸੁਚੇਤ ਕੀਤਾ ਜਾਂਦਾ ਸੀ ਕਿ ਕਿਵੇਂ ਉਸਨੂੰ ਮੰਗ ਕੇ ਗੁਜ਼ਾਰਾ ਕਰਨਾ ਪਏਗਾ, ਬ੍ਰਹਮਚਾਰੀ ਰਹਿਣਾ ਪਏਗਾ ਅਤੇ ਜੇਕਰ ਕੋਈ ਉਸ ਨੂੰ ਗਾਲ੍ਹਾਂ ਵੀ ਦੇਵੇ ਤਾਂ ਵੀ ਝਗੜੇ ਤੋਂ ਗੁਰੇਜ਼ ਕਰਨਾ ਹੋਵੇਗਾ।

    ਇਸ ਫ਼ਿਰਕੇ ਵਿਚ ਸ਼ਾਮਲ ਹੋਏ ਵਿਅਕਤੀ ਨੂੰ ਬ੍ਰਹਮਚਾਰੀ ਰਹਿਣਾ ਪੈਂਦਾ ਸੀ ਅਤੇ ਪਰਵਾਰ ਦੇ ਸਾਰੇ ਰਿਸ਼ਤੇ ਨਾਤੇ ਤੋੜਣੇ ਪੈਂਦੇ ਸਨ। ਇਹਨਾਂ ਨੇ ਮੰਗ ਕੇ ਨਿਰਬਾਹ ਕਰਨਾ ਹੁੰਦਾ ਸੀ ਅਤੇ ਸ਼ਰਾਬ ਮਾਸ ਦਾ ਸੇਵਨ ਛੱਡਣਾ ਹੁੰਦਾ ਸੀ। ਰੰਗ ਬਿਰੰਗੇ ਕਪੜੇ ਪਹਿਨਣ ਦੀ ਮਨਾਹੀ ਦੇ ਕਾਰਨ ਸੁਥਰੇ ਨੇ ਚਿਟੇ ਕਪੜੇ, ਇਕ ਸੇਹਲੀ (ਗਲ ਦੁਆਲੇ ਕਾਲੀ ਉਨ ਦਾ ਹਾਰ) ਅਤੇ ਇਕ ਕੁੱਲਾ (ਟੋਪੀ ਜਿਸ ਉੱਤੇ ਨੋਕ ਹੋਵੇ) ਸਿਰ ਉੱਤੇ ਪਾਉਣਾ ਹੁੰਦਾ ਸੀ ਅਤੇ ਇਸੇ ਤਰ੍ਹਾਂ ਦੇ ਉਸ ਨੂੰ ਹਾਸੋਹੀਣਾ ਬਣਾ ਦੇਣ ਵਾਲੇ ਕਪੜੇ ਪਹਿਨਣੇ ਹੁੰਦੇ ਸਨ। ਇਹ ਉੱਚ ਜਾਤੀ ਹਿੰਦੂਆਂ ਦੇ ਤਿਲਕ ਦੀ ਤਰ੍ਹਾਂ ਆਪਣੇ ਮੱਥੇ ਉੱਤੇ ਕਾਲਾ ਤਿਲਕ ਲਗਾਉਂਦੇ ਸਨ। ਇਹ ਹਮੇਸ਼ਾਂ ਆਪਣੇ ਹੱਥ ਵਿਚ ਅੱਧੇ-ਅੱਧੇ ਗਜ ਦੇ ਦੋ ਛੋਟੇ ਛੋਟੇ ਡੰਡੇ ਰਖਦੇ ਸਨ ਅਤੇ ਜਦੋਂ ਇਹ ਭਿੱਖਿਆ ਮੰਗਦੇ ਸਨ ਤਾਂ ਉਹਨਾਂ ਨੂੰ ਇਕ ਤਾਲ ਵਿਚ ਇਕ ਦੂਜੇ ਨਾਲ ਜਾਂ ਆਪਣੇ ਲੋਹੇ ਦੇ ਕੜਿਆਂ ਨਾਲ ਮਾਰਦੇ ਸਨ। ਇਹ ਡੰਡੇ ਭੀਖ ਮੰਗਣ ਲਈ ਇਕ ਕਿਸਮ ਦੇ ਲਾਇਸੰਸ ਹਨ ਜਿਹੜੇ ਇਹ ਦਸਦੇ ਸਨ ਕਿ ਸੁਥਰੇ ਨੂੰ ਡੇਰੇ ਦੇ ਮਹੰਤ ਨੇ ਆਪਣੇ ਲਈ ਅਤੇ ਡੇਰੇ ਨਾਲ ਸੰਬੰਧਿਤ ਧਰਮਸਾਲਾ ਵਿਚ ਰਹਿਣ ਵਾਲੇ ਲਈ ਭਿਖਿਆ ਲੈਣ ਵਾਸਤੇ ਭੇਜਿਆ ਹੈ। ਡੰਡੇ ਵਜਾਉਣ ਦੀ ਇਹ ਪਿਰਤ ਝੰਗੜ ਸ਼ਾਹ ਦੁਆਰਾ ਪਾਈ ਗਈ ਸੀ। ਝੰਗੜ ਸ਼ਾਹ ਮੁਗਲਾਂ ਦੇ ਅਧੀਨ ਲਾਹੌਰ ਦੇ ਸੂਬੇਦਾਰ ਨਵਾਬ ਜ਼ਕਰੀਆ ਖ਼ਾਨ (1726-45) ਦੇ ਮੰਤਰੀ ਲਖਪਤ ਰਾਇ ਦੇ ਇਕ ਨੇੜਲੇ ਰਿਸ਼ਤੇਦਾਰ ਦੇ ਅਮੀਰ ਘਰਾਣੇ ਵਿਚੋਂ ਇਸ ਸੰਪਰਦਾਇ ਵਿਚ ਆਇਆ ਸੀ। ਸੁਥਰਾ ਸ਼ਾਹੀਏ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਸਨ ਅਤੇ ਜੋ ਸ਼ਬਦ ਜਬਾਨੀ ਯਾਦ ਹੁੰਦੇ ਸਨ ਉਹੀ ਪੜ੍ਹਦੇ ਰਹਿੰਦੇ ਸਨ। ਪਰੰਤੂ ਜਦੋਂ ਇਹ ਭਿੱਖਿਆ ਮੰਗਣ ਲਈ ਹਿੰਦੂਆਂ ਦੇ ਘਰੀ ਜਾਂਦੇ ਤਾਂ ਉਸ ਸਮੇਂ ਇਹ ਦੇਵੀ ਦੇ ਭਜਨ ਗਾਉਂਦੇ ਸਨ। ਇਹ ਲੋਕ ਸਧਾਰਨ ਹਿੰਦੂ ਵਿਸ਼ਵਾਸਾਂ ਅਤੇ ਮੁਰਦੇ ਦਾ ਦਾਹ ਸੰਸਕਾਰ ਕਰਨ ਅਤੇ ਉਸ ਦੇ ਫੁਲ ਗੰਗਾ ਵਿਚ ਪਾੳਣ ਦੇ ਰੀਤੀ ਰਿਵਾਜਾਂ ਨੂੰ ਨਿਭਾਉਂਦੇ ਸਨ।

    ਸੁਥਰਾਸ਼ਾਹੀਏ ਆਪਣੇ ਜੀਵਿਤ ਗੁਰੂ ਨੂੰ ਮੰਨਦੇ ਸਨ ਅਤੇ ਵੱਖ-ਵੱਖ ਥਾਵਾਂ ਤੇ ਡੇਰਿਆਂ ਅਤੇ ਧਰਮਸਾਲਾਵਾਂ ਦਾ ਪ੍ਰਬੰਧ ਇਹਨਾਂ ਦੇ ਮਹੰਤ ਕਰਦੇ ਸਨ। ਇਹ ਸਾਰੇ ਦੇਸ਼ ਵਿਚ ਘੁੰਮਦੇ ਰਹਿੰਦੇ ਸਨ ਅਤੇ ਇਹਨਾਂ ਨੇ ਦੂਰ ਦੁਰਾਡੇ ਥਾਂਵਾਂ ਤੇ ਆਪਣੇ ਕੇਂਦਰ ਸਥਾਪਿਤ ਕੀਤੇ ਸਨ। ਪੰਜਾਬ ਵਿਚ ਕਈ ਥਾਵਾਂ ਜਿਵੇਂ ਕਿ ਸਨਾਵਰੀ, ਬੇਹਰਾਮਪੁਰ, ਬਟਾਲਾ (ਇਹ ਸਾਰੇ ਗੁਰਦਾਸਪੁਰ ਜ਼ਿਲੇ ਵਿਚ ਹਨ), ਨੂਰਮਹਿਲ (ਜਲੰਧਰ), ਅੰਮ੍ਰਿਤਸਰ ਅਤੇ ਲਾਹੌਰ ਦੇ ਨਾਲ ਨਾਲ, ਦੱਖਣੀ ਭਾਰਤ ਵਿਚ, ਜੌਨਪੁਰ ਵਿਚ ਅਤੇ ਕਿਹਾ ਅਤੇ ਜਾਣਿਆ ਜਾਂਦਾ ਹੈ ਕਿ ਅਫ਼ਗਾਨਿਸਤਾਨ ਦੇ ਕੰਧਾਰ ਵਿਚ ਵੀ ਇਹਨਾਂ ਦੇ ਡੇਰੇ ਸਥਿਤ ਸਨ। ਝੰਗੜ ਸ਼ਾਹ ਦੁਆਰਾ ਲਾਹੌਰ ਸ਼ਹਿਰ ਦੀ ਚਾਰਦੀਵਾਰੀ ਅੰਦਰ ਮਸਤੀ ਦਰਵਾਜਾ ਅਤੇ ਰੋਸ਼ਨਾਈ ਦਰਵਾਜਾ ਵਿਚਕਾਰ ਇਕ ਧਰਮਸਾਲਾ ਬਣਾਈ ਗਈ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਰਪ੍ਰਸਤੀ ਹਾਸਲ ਸੀ ਅਤੇ ਉਸ ਦੁਆਰਾ ਇਸਦੇ ਨਾਂ ਜਗੀਰ ਲਗਾਈ ਗਈ ਸੀ।

    ਕੁਝ ਸੁਥਰਾਸ਼ਾਹੀ ਸੰਤਾਂ ਨੇ ਵੇਦਾਂਤਿਕ ਭਾਵ-ਅਰਥ ਵਾਲੀ ਧਾਰਮਿਕ ਕਵਿਤਾ ਲਿਖੀ ਸੀ। ਸੁਥਰਾ ਸ਼ਾਹ ਨੇ ਆਪ ਵੀ ਇਕ ਬਾਰਾਮਾਸਾ ਲਿਖਿਆ ਸੀ।

    ਇਹ ਫਿਰਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਬਹੁਤ ਵਧਿਆ ਫੁਲਿਆ ਪਰੰਤੂ ਹੌਲੀ ਹੌਲੀ ਇਸਦੇ ਮੈਂਬਰ ਢਿੱਲੇ ਹੋ ਗਏ ਅਤੇ ਇਹਨਾਂ ਦਾ ਮੂਲ ਧਾਰਮਿਕ ਜਜ਼ਬਾ ਜਾਂਦਾ ਰਿਹਾ। ਇਹ ਜੂਆ ਖੇਡਣ ਅਤੇ ਸ਼ਰਾਬ ਪੀਣ ਲਗ ਪਏ ਅਤੇ ਇਹਨਾਂ ਦਾ ਇਖਲਾਕੀ ਅਤੇ ਨੈਤਿਕ ਕਦਰਾਂ ਕੀਮਤਾਂ ਜਾਂ ਸਿੱਖ ਅਤੇ ਹਿੰਦੂ ਵਿਚਾਰਾਂ ਵੱਲ ਧਿਆਨ ਨਾਂਮਾਤਰ ਹੀ ਰਹਿ ਗਿਆ। ਦੂਸਰੇ ਪਾਸੇ ਇਹਨਾਂ ਨੇ ਵਰਤਾਉ ਦੇ ਆਪਣੇ ਹੀ ਨਿਯਮ ਘੜ ਲਏ ਜਿਹੜੇ ਆਲਸੀ ਅਤੇ ਭਾਂਜਵਾਦੀਆਂ ਨੂੰ ਹੀ ਆਪਣੇ ਵੱਲ ਖਿਚਦੇ ਸਨ। ਇਸ ਤਰ੍ਹਾਂ ਇਹਨਾਂ ਦੇ ਇਖਲਾਕੀ ਪੱਧਰ ਵਿਚ ਗਿਰਾਵਟ ਆਉਣ ਨਾਲ ਨਤੀਜੇ ਵਜੋਂ ਇਹਨਾਂ ਦੇ ਫਿਰਕੇ ਦਾ ਪਤਨ ਹੋ ਗਿਆ ਅਤੇ ਅਖੀਰ ਅਸਲ ਵਿਚ ਇਹਨਾਂ ਦੇ ਫਿਰਕੇ ਦੀ ਹੋਂਦ ਖਤਮ ਹੀ ਹੋ ਗਈ।


ਲੇਖਕ : ਬ.ਸ.ਨ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.