ਸੇਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੇਮ (ਨਾਂ,ਇ) ਭੋਂਏਂ ਹੇਠਲੇ ਪਾਣੀ ਦੀ ਧਰਤੀ ਉਤਲੀ ਸਤਹ ਵੱਲ ਨੂੰ ਚੜ੍ਹ ਆਈ ਸਿੱਲ੍ਹ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੇਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੇਮ 1. [ਨਾਂਇ] ਇੱਕ ਵੇਲ ਜਿਸ ਦੀਆਂ ਫਲ਼ੀਆਂ ਦੀ ਸਬਜ਼ੀ ਬਣਦੀ ਹੈ 2 [ਨਾਂਇ] ਧਰਤੀ ਹੇਠਲੇ ਪਾਣੀ ਦਾ ਸਤ੍ਹਾ ਉੱਤੇ ਆ ਜਾਣ ਦਾ ਭਾਵ 3 [ਵਿਸ਼ੇ] ਉਹੋ ਜਿਹਾ, ਸਮਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੇਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੇਮ. ਫ਼ਾ ਸਿਵੁਮ. ਵਿ—ਸੋਯਮ. ਤੀਜਾ. “ਦੋਮ ਨ ਸੇਮ ਏਕ ਸੋ ਆਹੀ.” (ਗਉ ਰਵਿਦਾਸ) ਕਰਤਾਰ ਦੇ ਮੁਕਾਬਲੇ ਨਾ ਦੂਜਾ ਯਾਰ ਹੈ ਨਾ ਤ੍ਰਿਤ੍ਵ (Trinity) ਦਾ ਮਸਲਾ ਹੈ. “ਅਵਲ ਦੋਮ ਨ ਸੇਮ ਖਰਾਬਾ.” (ਭਾਗੁ) ਬ੍ਰਹਮਾ ਵਿਸਨੁ ਅਤੇ ਸ਼ਿਵ ਦਾ ਝਗੜਾ ਨਹੀਂ। ੨ ਸੰ. f'kfe-ਸ਼ਿਮਿ. ਸਿੰਬੀ. (Bean) ਇੱਕ ਅੰਨ , ਜੋ ਫਲੀਆਂ ਵਿੱਚੋਂ ਨਿਕਲਦਾ ਹੈ. ਇਸ ਦੀ ਦਾਲ ਤਰਕਾਰੀ ਬਣਦੀ ਹੈ. ਇਹ ਵਡਾ ਛੋਟਾ ਅਤੇ ਅਨੇਕ ਰੰਗਾਂ ਦਾ ਹੁੰਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੇਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੇਮ (ਸੰਖ. ਵਾ.। ਫ਼ਾਰਸੀ ਸਿਵੁਮ) ਤੀਜਾ, ਤੀਸਰਾ। ਯਥਾ-‘ਦੋਮ ਨ ਸੇਮ ਏਕ ਸੋ ਆਹੀ’ ਉਸਦਾ ਦੂਸਰਾ ਤੇ ਤੀਸਰਾ ਨਹੀਂ ਹੈ, ਉਹ ਆਪ ਇਕੋ ਹੀ ਹੈ। ਭਾਵ ਵਜ਼ੀਰ ਅਤੇ ਬਖਸ਼ੀ ਉਸਦਾ ਕੋਈ ਨਹੀਂ, (ਉਹ) ਇਕੋ ਹੀ ਹੈ।

ਅਥਵਾ ੨. ਪਾਰਸੀ, ਯਹੂਦੀ, ਈਸਾਈ ਤੇ ਮੁਸਲਮਾਨ ਇਕ ਈਸ਼੍ਵਰ ਤੇ ਇਕ ਸ਼ੈਤਾਨ ਨੂੰ ਮੰਨਦੇ ਹਨ, ਏਹ ਲੋਕ ਈਸ਼੍ਵਰ ਦੇ ਟਾਕਰੇ ਵਿਚ ਸ਼ੈਤਾਨ ਨੂੰ ਜਾਣਦੇ ਹਨ। ਅਰ ਈਸਾਈ ਲੋਕ ਪਰਮੇਸ਼ਰ ਦੇ ਤਿੰਨ ਭਾਗ ਮੰਨਦੇ ਹਨ- ਪਿਤਾ , ਪੁੱਤ੍ਰ , ਪਵਿੱਤ੍ਰ ਆਤਮਾ। ਅਰ ਹਿੰਦੂ ਲੋਕ ਬੀ ਬ੍ਰਹਮਾ, ਬਿਸ਼ਨ, ਮਹੇਸ਼ ਤ੍ਰਿਧਾਤਮਕ ਮੂਰਤੀ ਈਸ਼੍ਵਰ ਨੂੰ ਮੰਨਦੇ ਹਨ। ਇਸ ਤੁਕ ਵਿੱਚ ਦੱਸਦੇ ਹਨ ਕਿ ਈਸ਼੍ਵਰ ਦੇ (ਟਾਕਰੇ) ਨਾ ਕੋਈ ਦੂਜਾ (ਸ਼ੈਤਾਨ) ਹੈ ਅਰ ਨਾ ਉਸ ਵਿੱਚ ਕੋਈ ਤਿੰਨ ਦੀ ਸੰਭਾਵਨਾ ਹੈ। ਉਹ ਸ਼ੁਧ ਚੇਤਨ ਇਕ ਸਰੂਪ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 26470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੇਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੇਮ (Water-logging) : ਜ਼ਮੀਨ ਵਿਚ ਸੇਮ ਪੈਣਾ ਜਾਂ ਸੇਮ ਹੋ ਜਾਣਾ ਉਸ ਹਾਲਤ ਨੂੰ ਕਿਹਾ ਜਾਂਦਾ ਹੈ ਜਦ ਫਸਲਾਂ ਦੇ ਜੜ੍ਹ-ਖੇਤਰ ਵਿਚਾਲੇ ਮੁਸਾਮ ਇਸ ਹੱਦ ਤਕ ਸੰਤ੍ਰਿਪਤ ਹੋ ਜਾਣ ਕਿ ਉਨ੍ਹਾਂ ਵਿਚ ਹਵਾ ਦਾ ਦੌਰਾ ਪੂਰੀ ਤਰ੍ਹਾਂ ਰੁਕ ਜਾਵੇ। ਸੇਮ ਪੈ ਜਾਣ ਨਾਲ ਫਸਲਾਂ ਦੀ ਪੈਦਾਵਾਰ ਘੱਟ ਜਾਂਦੀ ਹੈ। ਜਲਸਤਰ ਦੀ ਡੂੰਘਾਈ ਜਿਸ ਤੇ ਇਹ ਫਸਲਾਂ ਲਈ ਹਾਨੀਕਾਰਕ ਹੋ ਸਕਦੀ ਹੈ, ਉਹ ਫਸਲ ਦੀ ਕਿਸਮ ਅਤੇ ਕੇਸ਼ਿਕਾ ਕੋਰ (capillary fringe) ਦੀ ਉਚਾਈ ਤੇ ਨਿਰਭਰ ਕਰਦੀ ਹੈ। ਕੇਸ਼ਿਕਾ ਖੇਤਰ ਦੀ ਉਚਾਈ ਜ਼ਿਆਦਾ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਜੇਕਰ ਪਾਣੀ ਜ਼ਮੀਨ ਦੀ ਸਤ੍ਹਾ ਤੋਂ 0.60 ਮੀ. ਤਕ ਸੰਤ੍ਰਿਪਤ ਹੋ ਜਾਏ ਤਾਂ ਕਣਕ ਦੇ ਪੌਦੇ ਬਹੁਤ ਬੁਰੀ ਤਰ੍ਹਾਂ ਖ਼ਰਾਬ ਹੋ ਜਾਂਦੇ ਹਨ। ਕਿਸੇ ਜ਼ਮੀਨ ਵਿਚ ਜੇਕਰ ਕੇਸ਼ਿਕਾ ਦੀ ਉਚਾਈ 1.20 ਮੀ. ਹੋਵੇ ਤਾਂ ਜਲਸਤਰ ਦੀ ਸਤ੍ਹਾ 1.80 ਮੀ. ਤਕ ਉੱਚਾ ਹੋ ਜਾਣ ਤੇ ਵੀ ਜ਼ਮੀਨ ਖ਼ਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ।

          ਹੇਠ ਲਿਖੇ ਕਾਰਨਾਂ ਕਰਕੇ ਸੇਮ ਵਾਲੀਆਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਹੈ।

          (ੳ) ਪੌਦਿਆਂ ਦੇ ਜੜ੍ਹ––ਖੇਤਰ ਵਿਚ ਜ਼ਮੀਨ ਦੇ ਹਵਾ-ਪ੍ਰਵਾਹਨ ਦੀ ਅਣਹੋਂਦ ਹੁੰਦੀ ਹੈ ਇਸ ਨਾਲ ਰਸਾਇਣਕ ਪ੍ਰਕਿਰਿਆਵਾਂ ਤੇ ਅਸਰ ਪੈਂਦਾ ਹੈ ਅਤੇ ਉਹ ਬੈਕਟੀਰੀਆ, ਜੋ ਜ਼ਮੀਨ ਵਿਚਲੇ ਪੇਚੀਦਾ ਨਾਈਟ੍ਰੋਜਨ ਯੋਗਿਕਾਂ ਦਾ ਨਾਈਟ੍ਰੀਕਰਨ ਕਰਦੇ ਹਨ ਤਾਂ ਕਿ ਪੌਦੇ ਇਨ੍ਹਾਂ ਪੈਦਾ ਕੀਤੇ ਯੋਗਿਕਾਂ ਦੀ ਸਹੀ ਵਰਤੋਂ ਕਰ ਸਕਣ, ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਸਕਦੇ। ਕਿਉਂਕਿ ਪੌਦੇ ਨਾਈਟ੍ਰੇਟ, ਸਲਫ਼ੇਟ, ਫ਼ਾਸਫ਼ੇਟ ਆਇਨਾਂ ਦੀ ਵਰਤੋਂ ਕਰ ਸਕਦੇ ਹਨ ਪਰ ਉਨ੍ਹਾਂ ਦੀਆਂ ਲਘੂਕ੍ਰਿਤ ਕਿਸਮਾਂ ਜਿਵੇਂ ਅਮੋਨੀਆ, ਨਾਈਟ੍ਰਸ ਆੱਕਸਾਈਡ, ਹਾਈਡ੍ਰੋਜਨ ਸਲਫਾਈਡ ਆਦਿ ਨਹੀਂ ਵਰਤ ਸਕਦੇ। ਇਹ ਪ੍ਰਕਿਰਿਆਵਾਂ ਨਿਰਵਾਯੂ ਜੀਵ (unaerobic) ਹਾਲਤਾਂ ਵਿਚ ਨਹੀਂ ਹੋ ਸਕਦੀਆਂ ਅਤੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ।

          (ਅ) ਖੇਤੀਬਾੜੀ ਦੇ ਕੰਮ-ਕਾਜਾਂ ਨੂੰ ਪੂਰੀ ਤਰ੍ਹਾਂ ਨਿਪਟਾਉਣ ਵਿਚ ਮੁਸ਼ਕਲ ਪੇਸ਼ ਆਉਂਦੀ ਹੈ––ਜੇ ਜ਼ਮੀਨ ਨਿਰੰਤਰ ਸਿੱਲ੍ਹੀ ਰਹੇ ਤਾਂ ਪੌਦਿਆਂ ਦੇ ਉੱਗਣ ਲਈ ਅਨੁਕੂਲਤਮ ਹਾਲਤ ਦੀ ਤਿਆਰੀ ਲਈ ਹਲ ਆਦਿ ਨਹੀਂ ਚਲਾਏ ਜਾ ਸਕਦੇ।

          (ੲ) ਸੇਮ ਵਾਲੀਆਂ ਜ਼ਮੀਨਾਂ ਵਿਚਲੀ ਕੁਦਰਤੀ ਬਨਸਪਤੀ ਤੋਂ ਖ਼ੁਰਾਕ ਲਈ ਮੁਕਾਬਲਾ–ਕਈ ਅਜਿਹੇ ਪੌਦੇ ਜਾਂ ਘਾਹ-ਫੂਸ ਸੰਤ੍ਰਿਪਤ ਜ਼ਮੀਨਾਂ ਵਿਚ ਉਗ ਆਉਂਦੇ ਹਨ ਜੋ ਆਪਣੀਆਂ ਜੜ੍ਹਾਂ ਸੇਮ ਵਾਲੀ ਜ਼ਮੀਨ ਵਿਚ ਪੈਦਾ ਕਰਦੇ ਹਨ ਅਤੇ ਬਹੁਤ ਜ਼ਿਆਦਾ ਗਿਣਤੀ ਵਿਚ ਵੱਧ ਜਾਂਦੇ ਹਨ। ਜਿਸ ਨਾਲ ਇਹ ਖੇਤਾਂ ਵਿਚ ਲਾਭਵੰਦ ਫ਼ਸਲਾਂ ਤੇ ਹਾਵੀ ਹੋ ਜਾਂਦੇ ਹਨ। ਇਨ੍ਹਾਂ ਤੋਂ ਬਚਾਉ ਲਈ ਲਗਾਤਾਰ ਗੋਡੀਆਂ ਕਰਵਾਉਣ ਦੀ ਲੋੜ ਪੈਂਦੀ ਹੈ ਜਿਸ ਨਾਲ ਫ਼ਸਲ ਆਰਥਕ ਪੱਖ ਤੋਂ ਕੋਈ ਫਾਇਦਾ ਨਹੀਂ ਦਿੰਦੀ।

          (ਸ) ਸੇਮ ਵਾਲੀਆਂ ਜ਼ਮੀਨਾਂ ਵਿਚ ਜਲਸਤਰ ਤੋਂ ਜ਼ਮੀਨੀ ਸਤ੍ਹਾਂ ਤਕ ਪਾਣੀ ਦਾ ਉਪਰ ਵੱਲ ਨੂੰ ਵਹਾਉ ਜਾਰੀ ਰਹਿੰਦਾ ਹੈ। ਜਲਸਤਰ ਤੋਂ ਪਾਣੀ ਕੇਸ਼ਿਕਾ ਖੇਤਰ ਵਿਚ ਚੜ੍ਹ ਜਾਂਦਾ ਹੈ ਅਤੇ ਪਾਣੀ ਦੇ ਵਾਸ਼ਪੀਕਰਨ ਅਤੇ ਵਾਸ਼ਪ-ਉਤਸਰਜਨ ਰਾਹੀਂ ਘੱਟਣ ਕਰਕੇ ਜਲਸਤਰ ਤੋਂ ਵਾਧੂ ਪਾਣੀ ਲੈਣ ਦੀ ਲੋੜ ਪੈਂਦੀ ਹੈ। ਇਹ ਹਾਲਤ ਉਨ੍ਹਾਂ ਜ਼ਮੀਨਾਂ ਤੋਂ ਜੋ ਸੇਮ ਤੋਂ ਬਚੀਆਂ ਹੋਣ ਦੇ ਬਿਲਕੁਲ ਉਲਟ ਹੁੰਦੀ ਹੈ ਕਿਉਂਕਿ ਉਨ੍ਹਾਂ ਵਿਚ ਬਾਰਸ਼ ਦਾ ਵਾਧੂ ਪਾਣੀ ਵਾਸ਼ਪੀਕਰਨ ਦੇ ਤੌਰ ਤੇ ਜ਼ਾਇਆ ਹੋਣ ਦੀ ਬਜਾਏ ਜ਼ਮੀਨ ਵਿਚ ਜਲਸਤਰ ਵਿਚ ਹੀ ਜੀਰ ਜਾਂਦਾ ਹੈ। ਕੇਸ਼ਿਕਾ ਖੇਤਰ ਦੇ ਉਪਰਲੇ ਹਿੱਸੇ ਅਤੇ ਫ਼ਸਲਾਂ ਦੇ ਜੜ੍ਹ-ਖੇਤਰ ਦੇ ਮੱਧ-ਵਰਤੀ ਅਸੰਤ੍ਰਿਪਤ ਜ਼ਮੀਨ ਦਾ ਇਕ ਹਿੱਸਾ ਹੁੰਦਾ ਹੈ ਜਿਸ ਵਿਚ ਬਹੁਤ ਥੋੜ੍ਹਾ ਪਾਣੀ ਹੁੰਦਾ ਹੈ ਜੋ ਸਤ੍ਹਾ ਤਨਾਓ ਰਾਹੀਂ ਹੇਠ੍ਹਾਂ ਜਾਣ ਤੋਂ ਰੋਕ ਲਿਆ ਜਾਂਦਾ ਹੈ। ਫ਼ਸਲਾਂ ਉਸ ਪਾਣੀ ਨੂੰ ਜੋ ਇਕ ਵਾਰੀ ਜਲਸਤਰ ਤਕ ਪਹੁੰਚ ਜਾਵੇ, ਨਹੀਂ ਚੁੱਕ ਸਕਦੀਆਂ ਅਤੇ ਸਿਰਫ਼ ਉਸ ਪਾਣੀ ਨੂੰ ਹੀ ਵਰਤ ਸਕਦੀਆਂ ਹਨ ਜੋ ਜੜ੍ਹ-ਖੇਤਰਾਂ ਵਿਚ ਰਹਿ ਜਾਂਦਾ ਹੈ। ਇਸੇ ਲਈ ਹੀ ਵਧੇਰੇ ਡੂੰਘਾਈ ਤਕ ਸਿੰਜਾਈ ਕਰਨ ਨਾਲ ਪਾਣੀ ਜ਼ਾਇਆ ਹੋ ਕੇ ਜ਼ਮੀਨ ਹੇਠਲੇ ਜ਼ਖ਼ੀਰੇ ਵਿਚ ਹੀ ਜਮ੍ਹਾ ਹੋ ਜਾਂਦਾ ਹੈ।

          ਸੇਮ ਵਾਲੀਆਂ ਜ਼ਮੀਨਾਂ ਵਿਚ ਇਕੱਠੇ ਹੋਏ ਪਾਣੀ ਨਾਲ ਸਤ੍ਹਾ ਪੱਧਰ ਤੇ ਹੌਲੀ ਹੌਲੀ ਲੂਣਾਂ ਦੀ ਮਿਕਦਾਰ ਵੱਧਦੀ ਜਾਂਦੀ ਹੈ। ਜਿਉਂ-ਜਿਉਂ ਪਾਣੀ ਉਪਰ ਉਠਦਾ ਜਾਂਦਾ ਹੈ, ਘੁਲੇ ਹੋਏ ਲੂਣ ਵੀ ਨਾਲ ਨਾਲ ਸਤ੍ਹਾ-ਪੱਧਰ ਤੇ ਆਉਂਦੇ ਜਾਂਦੇ ਹਨ ਅਤੇ ਪਾਣੀ ਦੇ ਵਾਸ਼ਪੀਕਰਨ ਨਾਲ ਇਹ ਲੂਣ ਉਪਰ ਜਮ੍ਹਾਂ ਹੋ ਜਾਂਦੇ ਹਨ। ਹੇਠਲੀਆਂ ਪਰਤਾਂ ਵਿਚੋਂ ਜੇਕਰ ਕਿਸੇ ਪਰਤ ਵਿਚ ਖਾਰੇ ਲੂਣ ਹੋਣਗੇ ਤਾਂ ਉਪਰਲੀ ਜ਼ਮੀਨ ਦੇ ਖਾਰ੍ਹੇਪਣ ਵਿਚ ਇਕਦਮ ਵਾਧਾ ਹੋ ਜਾਂਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ।

          ਸੇਮ ਦੇ ਕਾਰਨ––ਪਾਣੀ ਦਾ ਜ਼ਖੀਰਾ ਘੱਟ ਜਾਂ ਵੱਧ ਮੁਸਾਮਦਾਰ ਜ਼ਮੀਨ ਦੀਆਂ ਪਰਤਾਂ ਦਾ ਬਣਿਆ ਹੁੰਦਾ ਹੈ ਜਾਂ ਇਸ ਵਿਚਲੀਆਂ ਕੇਵਰਨਸ ਚਟਾਨਾਂ ਪਾਣੀ ਨਾਲ ਸੰਤ੍ਰਿਪਤ ਹੁੰਦੀਆਂ ਹਨ ਜਿਨ੍ਹਾਂ ਵਿਚਲਾ ਪਾਣੀ ਜ਼ਮੀਨੀ ਤਹਿ (stratum) ਦੇ ਵਿਚ ਇਕ ਅਛੇਦ (impervious) ਪਰਤ ਹੋਣ ਦੇ ਕਾਰਨ ਹੇਠ੍ਹਾਂ ਨਹੀਂ ਜਾ ਸਕਦਾ। ਬਾਰਸ਼ ਦੀ ਜ਼ਮੀਨ ਹੇਠਲੇ ਪਾਣੀ ਦੇ ਜ਼ਖੀਰੇ ਦਾ ਸੋਮਾ ਹੈ। ਜਿਸ ਦਾ ਕੁਝ ਹਿੱਸਾ ਸਿੱਧਾ ਹੀ ਜ਼ਮੀਨ ਵਿਚ ਜੀਰ ਜਾਂਦਾ ਹੈ ਜਾਂ ਅਸਿੱਧੇ ਤੌਰ ਤੇ ਦਰਿਆਵਾਂ, ਝੀਲਾਂ ਅਤੇ ਟੋਭਿਆਂ ਰਾਹੀਂ ਜ਼ਖੀਰੇ ਤਕ ਪਹੁੰਚ ਜਾਂਦਾ ਹੈ। ਜਲਸਤਰ ਜਾਂ ਜ਼ਖੀਰੇ ਦੀ ਉਪਰਲੀ ਸਤ੍ਹਾ ਆਮ ਤੌਰ ਤੇ ਉਹੀ ਪ੍ਰੋਫਾਈਲ (profile) ਅਪਣਾਉਂਦੀ ਹੈ ਜੋ ਇਸ ਉਪਰਲੀ ਸਤ੍ਹਾ ਦੀ ਹੁੰਦੀ ਹੈ। ਭਾਵੇਂ ਇਸ ਵਿਚਲੀਆਂ ਢਲਾਣਾਂ ਉਪਰਲੀ ਸਤ੍ਹਾ ਤੋਂ ਘੱਟ ਹੁੰਦੀਆਂ ਹਨ। ਕਿਸੇ ਵੀ ਜਗ੍ਹਾ ਜਲਸਤਰ ਦੀ ਪੋਜ਼ੀਸ਼ਨ ਦਾ ਪਤਾ ਖੁਲ੍ਹੇ ਖੂਹ ਦੇ ਪਾਣੀ ਦੀ ਸਥਿਰ ਸਤ੍ਹਾ ਤੋਂ ਲਾਇਆ ਜਾਂਦਾ ਹੈ। ਜਲਸਤਰ ਤੇ ਦ੍ਰਵਸਥਿਤਿਕ ਦਬਾਉ ਸਿਫ਼ਰ ਹੁੰਦਾ ਹੈ। ਜਲਸਤਰ ਤੋਂ ਉਪਰ ਜ਼ਮੀਨੀ ਮੁਸਾਮ ਉਸ ਉੱਚਾਈ ਤਕ ਕੇਸ਼ਿਕਾ ਪਾਣੀ ਨਾਲ ਸੰਤ੍ਰਿਪਤ ਹੋਏ ਹੁੰਦੇ ਹਨ ਜੋ ਜ਼ਮੀਨੀ ਮੁਸਾਮਦਾਰੀ ਅਤੇ ਜ਼ਮੀਨੀ ਕਣਾਂ ਦੇ ਆਕਾਰ, ਸ਼ਕਲ ਅਤੇ ਸਤ੍ਹਾ ਆਦਿ ਅਸ਼ੁੱਧੀਆਂ ਤੇ ਨਿਰਭਰ ਕਰਦੀ ਹੈ।

          ਜ਼ਮੀਨ ਹੇਠਲੇ ਜ਼ਖੀਰੇ ਤੋਂ ਪਾਣੀ ਡਾਰਸੀ ਦੇ ਨਿਯਮ

          Q=Aki ਦੇ ਅਨੁਸਾਰ ਵਹਿੰਦਾ ਹੈ ਜਿੱਥੇ

          Q=ਨਿਕਾਸ

          A=ਉਹ ਖੇਤਰ ਜਿਸ ਵਿਚ ਪਾਣੀ ਵਹਿ ਰਿਹਾ ਹੈ,

          K=ਜ਼ਮੀਨ ਦੀ ਜੀਰਨ ਸ਼ਕਤੀ ਦਾ ਗੁਣਾਂਕ ਅਤੇ

          i=ਢਲਵਾਨ ਜਾਂ ਹੈੱਡ ਦੇ ਘਟਣ ਦੀ ਦਰ।

          ਪਾਣੀ ਦੇ ਵਹਾ ਦਾ ਰੁਝਾਨ ਸਤ੍ਹਾ ਉੱਪਰਲੇ ਪਾਣੀ ਵਾਂਗ ਹੀ ਹੁੰਦਾ ਹੈ। ਇਕ ਹੋਰ ਵੀ ਸੈਕੰਡਰੀ ਕਰਾਸ ਵਹਾਉ ਜ਼ਮੀਨੀ ਪਾਣੀ ਦੇ ਜ਼ਖੀਰੇ ਤੋਂ ਡਰੇਨਾਂ ਤਕ ਦੋਹੀਂ ਪਾਸੀਂ ਵਹਿੰਦਾ ਹੈ। ਪਰ ਜ਼ਿਆਦਾ ਹੜਾਂ ਕਾਰਨ ਇਹ ਵਹਾਉ ਉਲਟ ਦਿਸ਼ਾ ਵਿਚ ਡਰੇਨਾਂ ਤੋਂ ਥੋੜ੍ਹੇ ਚਿਰ ਲਈ ਜ਼ਖੀਰੇ ਵਲ ਵਹਿਣ ਲੱਗ ਜਾਂਦਾ ਹੈ। ਇਕ ਹੋਰ ਸੋਮਾ ਖੂਹਾਂ ਤੋਂ ਲਿਆ ਗਿਆ ਪਾਣੀ ਹੈ। ਜਿੱਥੇ ਕਿਤੇ ਪੰਪਾਂ ਰਾਹੀਂ ਸਿੰਜਾਈ ਲਈ ਪਾਣੀ ਦਿੱਤਾ ਜਾਂਦਾ ਹੋਵੇ ਉੱਥੇ ਵੀ ਪਾਣੀ ਜ਼ਿਆਦਾ ਹੋ ਜਾਂਦਾ ਹੈ। ਬਾਹਰ ਨਿਕਲ ਰਹੇ ਅਤੇ ਜ਼ਖੀਰੇ ਵਿਚ ਆ ਰਹੇ ਪਾਣੀ ਵਿਚਕਾਰ ਸੰਤੁਲਨ, ਬਾਰਸ਼ ਦੀ ਮਾਤਰਾ, ਜ਼ਮੀਨ ਦੀ ਮੁਸਾਮਦਾਰੀ, ਖੇਤਰ ਦੀ ਕਰਾਸ ਅਤੇ ਲੰਬਾਈ ਵਾਲੀਆਂ ਢਲਾਨਾਂ, ਖੂਹਾਂ ਦੀ ਵਰਤੋਂ ਸਮੱਰਥਾ ਅਤੇ ਜ਼ਮੀਨੀ ਸਤ੍ਹਾ ਤੋਂ ਹੇਠ੍ਹਾਂ ਅਛੇਦੀ ਤਹਿ ਦੀ ਡੂੰਘਾਈ ਕਾਰਨ ਬਰਾਬਰ ਰਹਿੰਦਾ ਹੈ। ਜਲਸਤਰ ਆਮ ਤੌਰ ਤੇ ਇਕ ਵਿਸ਼ੇਸ਼ ਤਲ ਤੇ ਸਥਿਰ ਰਹਿੰਦਾ ਹੈ ਭਾਵੇਂ ਇਹ ਬਾਰਸ਼ਾਂ ਵਿਚ ਤਬਦੀਲੀਆਂ ਹੋਣ ਕਾਰਨ ਘੱਟ ਵੱਧ ਹੋ ਜਾਂਦਾ ਹੈ ਪਰ ਲਗਾਤਾਰ ਘਟਣ ਜਾਂ ਵਧਣ ਦਾ ਝੁਕਾਅ ਘੱਟ ਹੀ ਹੁੰਦਾ ਹੈ।

          ਜਦੋਂ ਵੀ ਨਹਿਰਾਂ ਦਾ ਕੋਈ ਸਿਸਟਮ ਪੱਕੇ ਖਾਲਾਂ ਤੋਂ ਬਿਨਾਂ ਬਣਾਇਆ ਜਾਂਦਾ ਹੈ ਜਿਵੇਂ ਖ਼ਾਸ ਕਰਕੇ ਤਲਛਟੀ ਖੇਤਰਾਂ ਵਿਚ, ਤਾਂ ਇਸ ਨਾਲ ਖੇਤਾਂ ਅਤੇ ਖਾਲ਼ਾਂ ਵਿਚੋਂ ਪਾਣੀ ਜੀਰਕੇ ਹੇਠ੍ਹਾਂ ਜਲਸਤਰ ਤੇ ਜਮ੍ਹਾਂ ਹੁੰਦਾ ਰਹਿੰਦਾ ਹੈ। ਇਸ ਨਾਲ ਜਲਸਤਰ ਉੱਪਰ ਉੱਠਣ ਲੱਗ ਜਾਂਦਾ ਹੈ ਪਰ ਜਿਉਂ ਹੀ ਜਲਸਤਰ ਉੱਚਾ ਉਠਦਾ ਹੈ ਤਾਂ ਦਰਿਆਵਾਂ ਵਲ ਦੇ ਕਰਾਸ ਗ੍ਰੇਡੀਏਂਟ ਅਤੇ ਲੰਬੇ ਗ੍ਰੇਡੀਏਂਟ ਵੀ ਵਧ ਜਾਂਦੇ ਹਨ ਜਿਸ ਨਾਲ ਬਾਹਰ ਵਲ ਪਾਣੀ ਦਾ ਵਹਾਉ ਵਧ ਜਾਂਦਾ ਹੈ। ਬਾਹਰ ਵਲ ਪਾਣੀ ਦਾ ਵਹਾਉ ਦਰਖ਼ਤਾਂ ਦੁਆਰਾ ਜ਼ਿਆਦਾ ਵਾਸ਼ਪ-ਉਤ-ਸਰਜਨ, ਜੋ ਸੰਤ੍ਰਿਪਤ ਭੋਂ ਵਿਚ ਜੜ੍ਹਾਂ ਪਹੁੰਚ ਜਾਣ ਨਾਲ ਅਤੇ ਸਿੱਧੇ ਵਾਸ਼ਪੀਕਰਨ ਦੁਆਰਾ ਜਲਸਤਰ ਸਤ੍ਹਾ ਦੇ ਏਨਾ ਨੇੜੇ ਪਹੁੰਚ ਜਾਏ ਕਿ ਆਸਾਨੀ ਨਾਲ ਉੱਪਰ ਵਹਿ ਸਕਦਾ ਹੋਵੇ, ਰਾਹੀਂ ਹੁੰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਜਲਤਨ ਦੀ ਉੱਪਰ ਵਲ ਨੂੰ ਉਚਾਈ ਮਧਮ ਪੈ ਜਾਂਦੀ ਹੈ ਅਤੇ ਇਸ ਤਰ੍ਹਾਂ ਸੰਤੁਲਨ ਪੈਦਾ ਹੋ ਜਾਂਦਾ ਹੈ। ਕਈ ਵਾਰ ਇਹ ਸੰਤੁਲਨ ਜ਼ਮੀਨੀ ਸਤ੍ਹਾ ਦੇ ਏਨਾ ਨੇੜੇ ਹੁੰਦਾ ਹੈ ਕਿ ਜ਼ਮੀਨਾਂ ਵਿਚ ਸੇਮ ਪੈ ਜਾਂਦੀ ਹੈ। ਕਿਉਂਕਿ ਕੱਚੀਆਂ ਨਹਿਰਾਂ ਤੇ ਕੱਚੇ ਖਾਲ਼ਾਂ ਨਾਲ ਸੇਮ ਪੈਣ ਦਾ ਡਰ ਰਹਿੰਦਾ ਹੈ ਇਸ ਲਈ ਇਸ ਤੋਂ ਬਚਾਅ ਲਈ ਇਹ ਪੱਕੀਆਂ ਹੀ ਚਾਹੀਦੀਆਂ ਹਨ। ਕਈ ਖੇਤਰਾਂ ਵਿਚ ਜਿੱਥੇ ਨਹਿਰਾਂ ਨਹੀਂ ਹੁੰਦੀਆਂ ਉੱਥੇ ਵੀ ਸੇਮ ਪੈ ਸਕਦੀ ਹੈ। ਜ਼ਮੀਨੀ ਸਤ੍ਹਾ ਦੇ ਥੋੜ੍ਹੇ ਹੇਠ੍ਹਾਂ ਇਕ ਅਛੇਦ ਤਹਿ ਦਾ ਹੋਣਾ, ਚੰਗੀ ਬਾਰਸ਼, ਜ਼ਮੀਨ ਦੀ ਘੱਟ ਜੀਰਨ ਸ਼ਕਤੀ, ਘੱਟ ਢਲਾਨਾਂ ਅਤੇ ਘੱਟ ਜਲਸਤਰ ਆਦਿ ਸਾਰੇ ਤੱਥ ਰਲਕੇ ਜ਼ਮੀਨਾਂ ਨੂੰ ਸੇਮ ਪਾਉਣ ਦੇ ਯੋਗ ਕਰ ਦੇਂਦੇ ਹਨ। ਇਨ੍ਹਾਂ ਖੇਤਰਾਂ ਵਿਚ ਨਹਿਰਾਂ ਦੇ ਸਿਸਟਮ ਚਾਲੂ ਕਰਨ ਨਾਲ ਹਾਲਤ ਹੋਰ ਵੀ ਵਿਗੜ ਜਾਂਦੀ ਹੈ। ਇਨ੍ਹਾਂ ਖੇਤਰਾਂ ਨੂੰ ਪੰਪਿੰਗ ਸੈੱਟਾਂ ਅਤੇ ਡਰੇਨਾਂ ਰਾਹੀਂ ਸੁਧਾਰਿਆ ਜਾ ਸਕਦਾ ਹੈ।

          ਸੇਮ ਰੋਕਣ ਦੇ ਸਾਧਨ

          ਹੇਠ ਲਿਖੇ ਸਾਧਨਾਂ ਨਾਲ ਜ਼ਮੀਨਾਂ ਨੂੰ ਸੇਮ ਪੈਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਸੇਮ ਵਾਲੀਆਂ ਜ਼ਮੀਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ :

          (1) ਨਹਿਰਾਂ ਅਤੇ ਹੋਰ ਸਿੰਜਾਈ ਵਾਲੇ ਖਾਲ਼ਾਂ ਤੋਂ ਪਾਣੀ ਦੇ ਜੀਰਨ ਨੂੰ ਘੱਟ ਕਰਨਾ ਚਾਹੀਦਾ ਹੈ। ਇਸ ਮੰਤਵ ਨੂੰ ਹੇਠ ਲਿਖੇ ਤਰੀਕਿਆਂ ਨਾਲ ਪੂਰਾ ਕੀਤਾ ਜਾ ਸਕਦਾ ਹੈ :

          (ੳ) ਖਾਲਾਂ ਨੂੰ ਪੱਕਿਆਂ ਕਰਨਾ––ਖਾਲਾਂ ਦੇ ਸਾਰੇ ਪਾਸੇ ਪੱਕੇ ਕਰਨ ਨਾਲ ਜਾਂ ਅਜਿਹੀ ਕੋਈ ਚੀਜ਼ ਵਿਛਾਉਣ ਨਾਲ ਜਿਸ ਨਾਲ ਕਿ ਘੱਟ ਤੋਂ ਘੱਟ ਪਾਣੀ ਜੀਰ ਸਕੇ ਪਾਣੀ ਦੇ ਜੀਰਨ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਇਕ ਬੜਾ ਅਸਰਦਾਇਕ ਤਰੀਕਾ ਹੈ ਜਿਸ ਰਾਹੀਂ ਜੀਰਨ ਵਾਲਾ ਪਾਣੀ ਸਿੰਜਾਈ ਦੇ ਕੰਮ ਆ ਸਕਦਾ ਹੈ।

          (ਅ) ਖਾਲਾਂ ਨੂੰ ਨੀਵੇਂ ਕਰਨ ਨਾਲ––ਖਾਲਾਂ ਇਸ ਤਰੀਕੇ ਦੀਆਂ ਡਿਜ਼ਾਈਨ ਕਰਨੀਆਂ ਚਾਹੀਦੀਆਂ ਹਨ ਕਿ ਖੁੱਲ੍ਹੀ ਤਰ੍ਹਾਂ ਸਿੰਜਾਈ ਵੀ ਹੋ ਸਕੇ ਅਤੇ ਪਾਣੀ ਵੀ ਕੰਟਰੋਲ ਵਿਚ ਰਹਿ ਸਕੇ।

          (ੲ) ਜਿੱਥੇ ਸੇਮ ਪੈਣ ਦਾ ਡਰ ਹੋਵੇ ਉਨ੍ਹਾਂ ਖੇਤਰਾਂ ਵਿਚ ਨਹਿਰਾਂ ਦੇ ਨਾਲ ਨਾਲ ਨਿਕਾਸ ਡਰੇਨਾਂ ਵੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ।

          (2) ਖੇਤਾਂ ਅਤੇ ਪਾਣੀ ਵਾਲੇ ਖਾਲ਼ਾਂ ਤੋਂ ਪਾਣੀ ਦੇ ਜੀਰਨ ਤੋਂ ਬਚਾਉ ਕਰਨਾ ਚਾਹੀਦਾ ਹੈ। ਇਸ ਮੰਤਵ ਲਈ ਹੇਠ ਲਿਖੇ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ :––

          (ੳ) ਪਾਣੀ ਵਾਲੇ ਖਾਲ਼ਾਂ ਨੂੰ ਪੱਕੇ ਕਰਨ ਦਾ ਉਹੀ ਅਸਰ ਹੁੰਦਾ ਹੈ ਜੋ ਨਹਿਰਾਂ ਅਤੇ ਛੋਟੀਆਂ ਨਹਿਰਾਂ ਦੇ ਪੱਕਿਆਂ ਕਰਨ ਨਾਲ ਹੁੰਦਾ ਹੈ, ਇਸ ਨਾਲ ਪਾਣੀ ਜੀਰਨ ਤੋਂ ਬਚ ਸਕਦਾ ਹੈ।

          (ਅ) ਸਿੰਜਾਈ ਦੀ ਪ੍ਰਬਲਤਾ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਸਿਰਫ਼ ਸਿੰਜਾਈ ਲਈ ਕੁੱਲ ਨਹਿਰੀ ਪਾਣੀ ਦਾ ਕੁਝ ਹਿੱਸਾ ਹੀ ਸਾਰੇ ਸਾਲ ਵਿਚ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਆਮ ਤੌਰ ਤੇ ਸਾਲਾਨਾ ਪ੍ਰਬਲਤਾ 40-60% ਹੁੰਦੀ ਹੈ ਪਰ ਸੇਮ ਤੋਂ ਬਚਣ ਲਈ ਛੋਟੀ ਦਰ ਹੀ ਵਰਤੀ ਜਾਣੀ ਚਾਹੀਦੀ ਹੈ।

          (ੲ) ਪਾਣੀ ਦੀ ਸੰਭਾਲ ਅਤੇ ਵਰਤੋਂ––ਕਿਸੇ ਵੀ ਦਿੱਤੇ ਗਏ ਖੇਤਰ ਵਿਚ ਇਕ ਦਿੱਤੀ ਗਈ ਫ਼ਸਲ ਲਈ ਅਨੁਕੂਲਤਮ ਪਾਣੀ ਉਹ ਹੁੰਦਾ ਹੈ ਜਿਸ ਨਾਲ ਫ਼ਸਲ ਦੀ ਠੀਕ ਪੈਦਾਵਾਰ ਹੋ ਸਕਦੀ ਹੋਵੇ। ਇਸ ਪਾਣੀ ਤੋਂ ਵੱਧ ਜੇਕਰ ਸਿੰਜਾਈ ਕੀਤੀ ਜਾਵੇ ਤਾਂ ਇਕ ਤਾਂ ਇਸ ਨਾਲ ਪੈਦਾਵਾਰ ਹੀ ਨਹੀਂ ਘਟਦੀ ਸਗੋਂ ਵਾਧੂ ਪਾਣੀ ਹੇਠਲੇ ਜ਼ਖੀਰੇ ਵਿਚ ਵੀ ਚਲਿਆ ਜਾਂਦਾ ਹੈ। ਪਾਣੀ ਦੀ ਸਹੀ ਵਰਤੋਂ ਕਰਨ ਲਈ ਸਭ ਤੋਂ ਸਾਧਾਰਨ ਤਰੀਕਾ ਖੇਤਾਂ ਨੂੰ ਛੋਟੇ ਛੋਟੇ ਕਿਆਰਿਆਂ ਵਿਚ ਵੰਡਣਾ ਹੈ। ਕਿਆਰਿਆਂ ਨੂੰ ਪਾਣੀ ਨਾਲ ਵਹਿ ਰਹੇ ਖਾਲ ਵਿਚੋਂ ਇਕ ਮੂੰਹੇ ਤੋਂ ਖੋਲ੍ਹਕੇ ਦੇਣਾ ਚਾਹੀਦਾ ਹੈ ਨਾਂ ਕਿ ਇਕੋ ਹੀ ਕਿਆਰੇ ਵਿਚੋਂ ਹੀ ਸਾਰੇ ਖੇਤ ਨੂੰ ਸਿੰਜਣਾ ਚਾਹੀਦਾ ਹੈ, ਜਿਸ ਨਾਲ ਪਾਣੀ ਅਜਾਈ ਚਲਾ ਜਾਂਦਾ ਹੈ। ਆਮ ਤੌਰ ਤੇ ਜ਼ਿਮੀਦਾਰ ਕਿਆਰੇ ਬਨਾਉਣ ਲਈ ਮਿਹਨਤ ਨਹੀਂ ਕਰਨਾ ਚਾਹੁੰਦੇ ਜਦੋਂ ਕਿ ਨਹਿਰੀ ਪਾਣੀ ਦੀ ਵਧੇਰੇ ਥੁੜ੍ਹ ਨਾ ਹੋਵੇ। ਪਾਣੀ ਦੀ ਸਹੀ ਵਰਤੋਂ ਲਈ ਸਿੱਖਿਆ ਅਤੇ ਪ੍ਰਚਾਰ ਰਾਹੀਂ ਜ਼ਿਮੀਦਾਰਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਕਿ ਇਸ ਨਾਲ ਨਾ ਕੇਵਲ ਕੌਮੀ ਨੁਕਸਾਨ ਹੁੰਦਾ ਹੈ, ਜ਼ਾਤੀ ਤੌਰ ਤੇ ਵੀ ਨੁਕਸਾਨ ਹੈ ਤੇ ਇਸ ਨਾਲ ਖੇਤਾਂ ਵਿਚ ਜਲਸਤਰ ਵਧ ਜਾਣ ਨਾਲ ਹੋਰ ਵੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।

          (3) ਜ਼ਮੀਨ ਹੇਠਲੇ ਪਾਣੀ––ਜ਼ਖੀਰੇ ਤੋਂ ਪਾਣੀ ਦਾ ਵਹਾਉ ਬਾਹਰ ਵਲ ਵਧਾਉਣਾ ਚਾਹੀਦਾ ਹੈ। ਇਸ ਲਈ ਹੇਠ ਲਿਖੇ ਤਰੀਕਿਆਂ ਦੀ ਵਰਤੋਂ ਕਰਨੀ ਯੋਗ ਹੁੰਦੀ ਹੈ :

          (ੳ) ਡਰੇਨੇਜ ਸਿਸਟਮ ਦੀ ਵਿਵਸਥਾ––ਇਹ ਬੜਾ ਅਸਰਦਾਇਕ ਤਰੀਕਾ ਹੈ। ਸਤ੍ਹਾ-ਡਰੇਨਾਂ ਜਾਂ ਜ਼ਮੀਨ ਹੇਠ੍ਹਾਂ ਮੁਸਾਮਦਾਰ ਡਰੇਨਾਂ ਪੁੱਟਣੀਆਂ ਚਾਹੀਦੀਆਂ ਹਨ ਤਾਂ ਜੋ ਇਨ੍ਹਾਂ ਤੋਂ ਨਿਕਾਸ ਬਣਾਵਟੀ ਸਤ੍ਹਾ-ਡਰੇਨਾਂ ਤਕ ਪੁੱਜ ਜਾਵੇ।

          (ਅ) ਮੁੱਢਲੀਆਂ ਕੁਦਰਤੀ ਡਰੇਨਾਂ ਦਾ ਸੁਧਾਰ––ਇਸ ਨਾਲ ਇਨ੍ਹਾਂ ਦੀ ਨਿਕਾਸ ਸਮੱਰਥਾ ਵਧ ਜਾਂਦੀ ਹੈ ਅਤੇ ਇਹ ਜ਼ਮੀਨ ਉੱਪਰਲੇ ਬਾਰਸ਼ ਵਾਲੇ ਪਾਣੀ ਨੂੰ ਰੋੜ੍ਹ ਦਿੰਦੀਆਂ ਹਨ। ਇਨ੍ਹਾਂ ਦੇ ਸੁਧਾਰ ਨਾਲ ਇਨ੍ਹਾਂ ਵਿਚਲੇ ਪੌਦੇ ਅਤੇ ਘਾਹ-ਫੂਸ ਵੀ ਖ਼ਤਮ ਹੋ ਜਾਂਦੇ ਹਨ।

          (ੲ) ਉਪ-ਭੌਂ ਤੋਂ ਪੰਪਿੰਗ ਸੈੱਟਾਂ ਰਾਹੀਂ ਪਾਣੀ ਬਾਹਰ ਕੱਢਣਾ––ਜੇਕਰ ਇਸ ਤਰ੍ਹਾਂ ਕੱਢਿਆ ਗਿਆ ਪਾਣੀ ਫਿਰ ਸਿੰਜਾਈ ਦੇ ਕੰਮ ਆ ਸਕੇ ਤਾਂ ਇਹ ਸੇਮ ਰੋਕਣ ਲਈ ਚੰਗਾ ਤਰੀਕਾ ਸਿੱਧ ਹੋ ਸਕਦਾ ਹੈ। ਅਸਲ ਵਿਚ ਨਹਿਰੀ ਅਤੇ ਟਿਊਬਵੈੱਲ ਸਿੰਜਾਈ ਇਸ ਮੁਸ਼ਕਿਲ ਤੋਂ ਬਚਣ ਲਈ ਵਧੀਆ ਢੰਗ ਹੈ। ਜੇਕਰ ਨਹਿਰੀ ਅਤੇ ਟਿਊਬਵੈੱਲ ਪਾਣੀ ਸਿੰਜਾਈ ਲਈ ਮਿਲ ਸਕਦੇ ਹੋਣ ਤਾਂ ਕੋਈ ਵੀ ਜ਼ਿਮੀਦਾਰ ਮਹਿੰਗੇ ਟਿਊਬਵੈੱਲ ਪਾਣੀ ਨੂੰ ਵਰਤਣਾ ਚੰਗਾ ਨਹੀਂ ਸਮਝੇਗਾ।

          ਸੋ ਉਪਰੋਕਤ ਤਰੀਕਿਆਂ ਨਾਲ ਸੇਮ ਪਏ ਖੇਤਾਂ ਨੂੰ ਸੇਮ ਤੋਂ ਅਤੇ ਹੋਰਨਾਂ ਖੇਤਾਂ ਨੂੰ ਸੇਮ ਪੈਣ ਤੋਂ ਚੰਗੀ ਤਰ੍ਹਾਂ ਬਚਾਇਆ ਜਾ ਸਕਦਾ ਹੈ।

          ਹ. ਪੁ.––ਫੰਡਾਮੈਂਟਲਜ਼ ਆਫ਼ ਇਰੀਗੇਸ਼ਨ ਇੰਜਨੀਅਰਿੰਗ––ਭਾਰਤ ਸਿੰਘ:125.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 19942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੇਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੇਮ : ਸਬਜ਼ੀ ਦੀ ਇਕ ਕਿਸਮ ਜੋ ਸੇਮ ਫਲੀਆਂ ਪਰਿਵਾਰ ਵਿਚੋਂ ਹੈ। ਇਹ ਲੈਗਿਊਮੀਨੋਸੀ ਕੁਲ ਦੇ ਮੈਂਬਰ ਹਨ। ਸੇਮ ਫਲੀਆਂ ਵਿਚ ਫ਼ਰਾਂਸਬੀਨ ਜਾਂ ਛੋਟੀ ਸੇਮ, ਅਰਵਾਂਹ (ਲੋਬੀਆ), ਲੀਮਾ ਸੇਮ, ਗੁਆਰਾ, ਬਾਕਲਾ ਸੇਮ, ਸੋਇਆਬੀਨ ਆਦਿ ਪ੍ਰਮੁੱਖ ਫ਼ਸਲਾਂ ਹਨ। ਸੇਮ ਦੀਆਂ ਘੱਟੋ ਘੱਟ ਅਠ੍ਹਾਰਾਂ ਕਿਸਮਾਂ ਦੀ ਖੇਤੀ ਕੀਤੀ ਜਾਂਦੀ ਹੈ। ਸੇਮ ਹਰੀ ਸਬਜ਼ੀ ਦੇ ਤੌਰ ਤੇ ਵੀ ਪਕਾਈ ਜਾ ਸਕਦੀ ਹੈ ਅਤੇ ਸੁਕਾ ਕੇ ਦਾਲ ਵਾਂਗ ਵੀ ਬਣਾਈ ਜਾ ਸਕਦੀ ਹੈ। ਭਿੰਨ ਭਿੰਨ ਕਿਸਮਾਂ ਦਾ ਸੁਆਦ ਵੀ ਵੱਖਰਾ ਹੁੰਦਾ ਹੈ। ਇਨ੍ਹਾਂ ਦਾ ਬਿਜਾਈ ਦਾ ਸਮਾਂ ਅਤੇ ਹੋਰ ਗੁਣ ਵੀ ਵੱਖਰੇ ਹੁੰਦੇ ਹਨ। ਸਬਜ਼ੀ ਦੇ ਤੌਰ ਤੇ ਫ਼ਰਾਂਸਬੀਨ ਅਤੇ ਸੇਮ ਫਲੀ ਸਭ ਤੋਂ ਵੱਧ ਮਹੱਤਵਪੂਰਨ ਹਨ। ਇਸ ਮੰਤਵ ਲਈ ਵਰਤੀਆਂ ਜਾਂਦੀਆਂ ਫਲੀਆਂ ਨਰਮ ਤੇ ਗੁੱਦੇਦਾਰ ਹੁੰਦੀਆਂ ਹਨ। ਜਦੋਂ ਉਹ ਛੋਟੀਆਂ ਹੁੰਦੀਆਂ ਹਨ ਤਾਂ ਉਨ੍ਹਾਂ ’ਚ ਰੇਸ਼ੇ ਘੱਟ ਹੁੰਦੇ ਹਨ। ਫਲੀਆਂ ਨੂੰ ਸੁਕਾ ਕੇ ਰੱਖਣ ਤੇ ਵੇਚਣ ਦਾ ਧੰਦਾ ਇਕ ਵੱਖਰਾ ਹੀ ਉਦਯੋਗ ਹੈ, ਜੋ ਭੋਜਨ ਦੀ ਪੂਰਤੀ ਦਾ ਵਧੀਆ ਸੋਮਾ ਹੈ। ਕੋਈ ਵੀ ਸੇਮ, ਸਿਵਾਏ ਬਾਕਲਾ ਸੇਮ ਦੇ, ਕੁਹਰਾ ਬਰਦਾਸ਼ਤ ਨਹੀਂ ਕਰ ਸਕਦੀ। ਇਸ ਲਈ ਹਰ ਕਿਸਮ ਦੀ ਸੇਮ ਗਰਮੀਆਂ ’ਚ ਉਗਾਈ ਜਾਂਦੀ ਹੈ।

          ਆਮ ਸੇਮ ਦੀ ਖੇਤੀ ਬਹੁਤ ਹੀ ਪ੍ਰਾਚੀਨ ਸਮਿਆਂ ਤੋਂ ਪ੍ਰਚਲਤ ਹੈ। ਪੱਛਮੀ ਦੇਸ਼ਾਂ ਵਿਚ ਇਸ ਨੂੰ ਬੋਨਾਵਿਸਟ ਵੀ ਆਖਦੇ ਹਨ। ਮਦਰਾਸ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ’ਚ ਸੇਮ ਦੀ ਖੇਤੀ ਆਮ ਕੀਤੀ ਜਾਂਦੀ ਹੈ। ਭੋਜਨ ਤੱਤਾਂ ਦੇ ਪੱਖੋਂ ਇਹ ਫ਼ਰਾਂਸਬੀਨ ਨਾਲੋਂ ਵਧੇਰੇ ਤਾਕਤ ਵਾਲੀ ਹੁੰਦੀ ਹੈ। ਇਸ ਦੇ ਭੋਜਨ ਗੁਣਾਂ ਦਾ ਵੇਰਵਾ ਇਸ ਪ੍ਰਕਾਰ ਹੈ।

          ਪ੍ਰਤਿ 100 ਗ੍ਰਾ. ਖਾਣ ਯੋਗ ਭਾਗ ਵਿਚ ;

          ਪ੍ਰੋਟੀਨ                      =3.8 ਗ੍ਰਾ.

          ਕਾਰਬੋਹਾਈਡ੍ਰੇਟ             =6.7 ਗ੍ਰਾ.

          ਚਰਬੀ                      =0.7 ਗ੍ਰਾ.

          ਰੇਸ਼ੇ                         =1.8 ਗ੍ਰਾ.        

          ਕਲੋਰੀਆਂ                             =48

          ਸੇਮ ਦਾ ਬਨਸਪਤੀ ਵਿਗਿਆਨਕ ਨਾਂ ਡੌਲੀਕੋਸ ਲਬਲਬ (Dolichos lablab) ਹੈ। ਡੌਲੀਕੋਸ ਯੂਨਾਨੀ ਸ਼ਬਦ ਹੈ, ਜਿਸ ਦਾ ਅਰਥ ਹੈ ਲੰਬੀ ਫਲੀ। ਲਬਲਬ ਅਰਬੀ ਜਾਂ ਮਿਸਰੀ ਨਾਂ ਹੈ, ਜੋ ਸੁੱਕੀਆਂ ਫਲੀਆਂ ਵਿਚਲੇ ਬੀਜਾਂ ਦੀ ਖਰ੍ਹਵੀ ਖੜ ਖੜ ਵਲ ਸੰਕੇਤ ਕਰਦਾ ਹੈ।

          ਮੋਟੇ ਤੌਰ ਤੇ ਸੇਮ ਦੀਆਂ ਕਿਸਮਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ, ਝਾੜੀਦਾਰ ਤੇ ਡੰਡਾ ਕਿਸਮ।

          ਕਾਸ਼ਤ––ਖੇਤਾਂ ਵਿਚ ਬੀਜੀਆਂ ਜਾਣ ਵਾਲੀਆਂ ਕਿਸਮਾਂ ਜੁਲਾਈ-ਅਗਸਤ ਵਿਚ ਬਾਰਸ਼ਾਂ ਸ਼ੁਰੂ ਹੁੰਦਿਆਂ ਸਾਰ ਹੀ ਬੀਜ ਦਿੱਤੀਆਂ ਜਾਂਦੀਆਂ ਹਨ। ਨਵੰਬਰ-ਦਸੰਬਰ ਵਿਚ ਪੌਦਿਆਂ ਨੂੰ ਫੁੱਲ ਪੈਣ ਲੱਗ ਜਾਂਦੇ ਹਨ ਤੇ ਜਿਨ੍ਹਾਂ ਇਲਾਕਿਆਂ ਵਿਚ ਕੁਹਰਾ ਨਹੀਂ ਪੈਂਦਾ, ਉੱਥੇ ਜਨਵਰੀ-ਫ਼ਰਵਰੀ ’ਚ ਫਲੀਆਂ ਤੀ ਤੁੜਾਈ ਕਰ ਲਈ ਜਾਂਦੀ ਹੈ। ਮੱਧ ਭਾਰਤ ਤੇ ਉੱਤਰੀ ਭਾਰਤ ’ਚ ਸੇਮ ਇਕੱਲੀ ਵੀ ਬੀਜੀ ਜਾਂਦੀ ਹੈ ਤੇ ਜਵਾਰ ਨਾਲ ਰਲਾ ਕੇ ਵੀ। ਕੋਇੰਬਟੋਰ ਦੀ ਲਾਲ ਮੈਰਾ ਮਿੱਟੀ ’ਚ ਇਹ ਆਮ ਤੌਰ ਤੇ ਜਵਾਰ ਨਾਲ ਰਲਾ ਕੇ ਹੀ ਬੀਜੀ ਜਾਂਦੀ ਹੈ। ਇਹ ਜਵਾਰ ਦੀਆਂ ਕਤਾਰਾਂ ਵਿਚਾਲੇ ਥੋੜ੍ਹੇ ਥੋੜ੍ਹੇ ਫਾਸਲੇ ਤੇ ਬੀਜੀ ਜਾਂਦੀ ਹੈ। ਜਦੋਂ ਜਵਾਰ ਦੇ ਸਿੱਟੇ ਉੱਪਰੋਂ ਮੁਛ ਲਏ ਜਾਂਦੇ ਹਨ ਤਾਂ ਸੇਮ ਦੇ ਪੌਦੇ ਜਵਾਰ ਦੇ ਟਾਂਡਿਆਂ ਤੇ ਚੜ੍ਹ ਜਾਂਦੇ ਹਨ, ਜਾਂ ਉਨ੍ਹਾਂ ਦੁਆਲੇ ਲਿਪਟ ਜਾਂਦੇ ਹਨ। ਕਈ ਵਾਰ ਸੇਮ ਦੀਆਂ ਵੇਲਾਂ ਨੂੰ ਜਵਾਰ ਦੇ ਪੱਠਿਆਂ ਨਾਲ ਹੀ ਵੱਢ ਲਿਆ ਜਾਂਦਾ ਹੈ ਅਤੇ ਇਨ੍ਹਾਂ ਦਾ ਰਲਵਾਂ ਮਿਲਵਾਂ ਚਾਰਾ ਬਹੁਤ ਵਧੀਆ ਹੁੰਦਾ ਹੈ ਅਤੇ ਪਸ਼ੂ ਉਸ ਨੂੰ ਬੜੇ ਸੁਆਦ ਨਾਲ ਖਾਂਦੇ ਹਨ।

          ਝਾੜੀਦਾਰ ਕਿਸਮ ਲਈ 85-90 ਕਿ. ਗ੍ਰਾ. ਬੀਜ ਪ੍ਰਤਿ ਹੈਕਟੇਅਰ ਅਤੇ ਡੰਡਾ ਕਿਸਮ ਲਈ 25-30 ਕਿ. ਗ੍ਰਾ. ਪ੍ਰਤੀ ਹੈਕਟੇਅਰ ਬੀਜ ਪਾਇਆ ਜਾਂਦਾ ਹੈ।

          ਸੇਮ, ਹਲਕੀ ਰੇਤਲੀ ਭੂਮੀ ਤੋਂ ਲੈ ਕੇ ਭਾਰੀ ਮੈਰਾ, ਹਰ ਤਰ੍ਹਾਂ ਦੀ ਭੂਮੀ ’ਚ ਪੈਦਾ ਹੋ ਜਾਂਦੀ ਹੈ। ਪਰ ਬਹੁਤੀ ਖਾਰੀ ਜ਼ਮੀਨ ’ਚ ਇਹ ਚੰਗੀ ਤਰ੍ਹਾਂ ਨਹੀਂ ਹੁੰਦੀ। ਜ਼ਮੀਨ ਦੀ ਤਿਆਰੀ ਸਮੇਂ 25 ਤੋਂ 50 ਟਨ ਗੋਹੇ ਕੂੜੇ ਦੀ ਖਾਦ ਪ੍ਰਤਿ ਹੈਕਟੇਅਰ ਦੇ ਹਿਸਾਬ ਪਾਉਣੀ ਚਾਹੀਦੀ ਹੈ। ਵਧੀਆ ਝਾੜ ਲੈਣ ਲਈ 250 ਕਿ. ਗ੍ਰਾ. ਅਮੋਨੀਅਮ ਸਲਫ਼ੇਟ, 500 ਕਿ. ਗ੍ਰਾ. ਸਿੰਗਲ-ਸੁਪਰਫ਼ਾਸਫ਼ੇਟ ਤੇ 125 ਕਿ. ਗ੍ਰਾ. ਪੋਟਾਸ਼ੀਅਮ ਸਲਫ਼ੇਟ ਜਾਂ ਮਿਊਰੀਏਟ ਆਫ਼ ਪੋਟਾਸ਼ ਪ੍ਰਤਿ ਹੈਕਟੇਅਰ ਚਾਹੀਦੀ ਹੈ।

          ਬੀਜ ਦੀ ਸੋਧ––ਜੇ ਕਿਸੇ ਖੇਤ ’ਚ ਸੇਮ ਪਹਿਲੀ ਵਾਰ ਬੀਜਣੀ ਹੋਵੇ ਤਾਂ ਬਿਜਾਈ ਤੋਂ ਪਹਿਲਾਂ ਬੀਜ ਨੂੰ ਨਾਈਟ੍ਰੋਜਨ ਨਿਸ਼ਚਿਤ ਕਰਨ ਵਾਲੇ ਬੈਕਟੀਰੀਆ ਨਾਲ ਸੋਧ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਲੈਣ ਨਾਲ ਜੜ੍ਹਾਂ ਨੂੰ ਗੰਢਾਂ ਛੇਤੀ ਛੇਤੀ ਪੈਂਦੀਆਂ ਹਨ, ਜੋ ਵਾਯੂ-ਮੰਡਲੀ ਨਾਈਟ੍ਰੋਜਨ ਦਾ ਸੰਤੁਲਨ ਕਾਇਮ ਰਖਦੀਆਂ ਹਨ।

          ਨਦੀਨ ਦੀ ਰੋਕ ਥਾਮ––ਪੈਂਟਾਕਲੋਰੋਫ਼ੀਨੋਲ ਦਾ ਸੋਡੀਅਮ ਲੂਣ ਨਦੀਨ ਤੇ ਹੋਰ ਫਾਲਤੂ ਜੜ੍ਹੀ ਬੂਟੀਆਂ ਦਾ ਨਾਸ਼ ਕਰ ਸਕਦਾ ਹੈ।

          ਸਿੰਜਾਈ––ਸਿੰਜਾਈ ਲੋੜ ਅਨੁਸਾਰ ਕੀਤੀ ਜਾਂਦੀ ਹੈ। ਵਧਣ-ਕਾਲ ਦੇ ਦੌਰਾਨ ਤੇ ਫੁੱਲ ਪੈਣ ਦੇ ਬਾਅਦ ਅਤੇ ਫਲੀਆਂ ਪੈਣ ਤੋਂ ਛੇਤੀ ਬਾਅਦ ਇਕ ਹੋਰ ਪਾਣੀ ਦੇ ਦੇਣਾ ਚਾਹੀਦਾ ਹੈ।

          ਝਾੜ––ਝਾੜੀਦਾਰ ਕਿਸਮਾਂ ਤੋਂ ਔਸਤਨ 30 ਤੋਂ 40 ਕੁਇੰਟਲ ਹਰੀਆਂ ਫਲੀਆਂ ਪ੍ਰਤਿ ਹੈਕਟੇਅਰ ਮਿਲਦੀਆਂ ਹਨ। ਪਰ ਡੰਡਾ ਕਿਸਮਾਂ ਤੋਂ ਇਨ੍ਹਾਂ ਨਾਲੋਂ 7 ਤੋਂ 10 ਟਨ ਝਾੜ ਵੱਧ ਮਿਲਦਾ ਹੈ। ਸੁੱਕੀਆਂ ਫ਼ਲੀਆਂ ਜਾਂ ਬੀਜਾਂ ਦਾ ਝਾੜ 1,200 ਤੋਂ 1,800 ਕਿ. ਗ੍ਰਾ. ਪ੍ਰਤਿ ਹੈਕਟੇਅਰ ਨਿਕਲਦਾ ਹੈ।

          ਰੋਗ––ਫਫੂੰਦੀ, ਜੀਵਾਣੂ ਤੇ ਵਿਸ਼ਾਣੂ ਆਦਿ ਰੋਗ ਲੱਗ ਜਾਣ ਕਾਰਨ ਹਰ ਵਰ੍ਹੇ ਸੇਮ ਦਾ ਝਾੜ ਬਹੁਤ ਘੱਟ ਜਾਂਦਾ ਹੈ। ਥਿੰਮ ਜੀਵਾਣੂ ਪੀਲੇ ਤੇ ਭੂਰੇ ਰੰਗ ਦੇ ਡੂੰਘੇ ਥਿੰਮ ਜਿਹੇ ਪੈਦਾ ਕਰਦਾ ਹੈ। ਰੋਗੀ ਬੀਜਾਂ ਤੋਂ ਇਹ ਰੋਗ ਅੱਗੇ ਤੋਂ ਅੱਗੇ ਲਗਦਾ ਰਹਿੰਦਾ ਹੈ। ਬੀਜ ਨੂੰ ਅੱਧੇ ਘੰਟੇ ਲਈ ਸੈਰੇਸਾਨ ਘੋਲ (0.125 ਪ੍ਰਤਿਸ਼ਤ) ਵਿਚ ਰੱਖਕੇ ਸੋਧ ਲੈਣ ਨਾਲ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ।

          ਧੂੜੇਦਾਰ ਉੱਲੀ––ਗੰਧਕ ਜਾਂ ਗੰਧਕ-ਚੂਨਾ ਧੂੜਨ ਨਾਲ ਇਹ ਰੋਗ ਕਾਬੂ ਵਿਚ ਆ ਜਾਂਦਾ ਹੈ।

          ਕੁੰਗੀ––ਜੇ ਰੋਗ ਦੀ ਲਾਗ ਲੱਗਣ ਤੋਂ ਪਹਿਲਾਂ ਹੀ ਬਾਰੀਕ ਪੀਸੀ ਹੋਈ ਗੰਧਕ 25-30 ਕਿ. ਗ੍ਰਾ. ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਧੂੜ ਦਿੱਤੀ ਜਾਵੇ ਤਾਂ ਫ਼ਸਲ ਇਸ ਰੋਗ ਤੋਂ ਬਚੀ ਰਹਿੰਦੀ ਹੈ।

          ਸੇਮ ਦੀ ਚਿਤੀ––ਇਹ ਸੇਮ ਦਾ ਸਭ ਤੋਂ ਮਾਰੂ ਵਿਸ਼ਾਣੂ-ਰੋਗ ਹੈ। ਇਸ ਰੋਗ ਦੀ ਰੋਕਥਾਮ ਦਾ ਇਕੋ ਇਕ ਤਸੱਲੀਬਖ਼ਸ਼ ਤਰੀਕਾ ਰੋਗ-ਰੋਕੂ ਕਿਸਮਾਂ ਬੀਜਣਾ ਹੈ।

          ਕੀੜੇ––ਸੇਮ ਤੇ ਬਹੁਤੇ ਸਾਰੇ ਕੀੜੇ ਮਕੌੜੇ ਹਮਲਾ ਕਰਦੇ ਹਨ। ਇਨ੍ਹਾਂ ਵਿਚੋਂ ਸੇਮ ਦੀ ਭੂੰਡੀ, ਸੇਮ ਦੀ ਸੁੰਡੀ, ਸੇਮ ਦੇ ਥਰਿਪਸ ਤੇ ਤੇਲਾਂ ਆਦਿ ਪ੍ਰਮੁੱਖ ਹਨ।

          ਸੇਮ ਦੀ ਭੂੰਡੀ––ਇਹ ਤਾਂਬੇ ਰੰਗੀ ਕਰੜੀ ਚਮੜੀ ਵਾਲੀ ਹੁੰਦੀ ਹੈ। ਇਸ ਦੀ ਪਿੱਠ ਤੇ 16 ਕਾਲੇ ਧੱਬੇ ਹੁੰਦੇ ਹਨ। ਇਹ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ। ਇਸ ਤੇ ਕਾਬੂ ਪਾਉਣ ਲਈ ਰੋਟੋਨਨ (4 ਪ੍ਰਤਿਸ਼ਤ) 100 ਗੈਲਨ ਪਾਣੀ ’ਚ 1.5 ਕਿ. ਗ੍ਰਾ. ਮਿਲਾ ਕੇ ਛਿੜਕਣਾ ਗੁਣਕਾਰੀ ਹੈ। ਪੈਰਾਥੀਓਨ, ਮੈਲਾਥੀਓਨ, ਐਨਡਰਿਨ ਵੀ ਚੰਗੀਆਂ ਰਹਿੰਦੀਆਂ ਹਨ।

          ਸੇਮ ਦੀ ਸੁੰਡੀ––ਇਹ ਗੁਦਾਮ ’ਚ ਰੱਖੀ ਸੇਮ ਨੂੰ ਲਗਦੀ ਹੈ। ਇਸ ਲਈ ਕਾਰਬਨ ਡਾਈਸਲਫ਼ਾਈਡ ਦੀ ਧੂਣੀ ਦੇਣੀ ਚਾਹੀਦੀ ਹੈ।

          ਤੇਲਾ ਥਰਿਪਸ ਤੇ ਬੀਜ ਦੇ ਸਫਲ ਬਚਾਓ ਲਈ ਡੀ. ਡੀ. ਟੀ., ਪੈਰਾਥੀਓਨ, ਮੈਲਾਥੀਓਨ, ਐਨਡਰੀਨ ਜਾਂ ਕਲੋਰਡੇਨ (ਸਿਰਫ ਬੀਜ ਸੁੰਡੀ ਲਈ) ਦੀ ਵਰਤੋਂ ਕਰਨੀ ਚਾਹੀਦੀ ਹੈ।

          ਹ. ਪੁ.––ਸਬਜ਼ੀਆਂ-ਚੌਧਰੀ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 19939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੇਮ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸੇਮ : ਪੰਜਾਬ ਰਾਜ ਵਿੱਚ ਲੋਕਾਂ ਦਾ ਮੁੱਖ ਧੰਦਾ ਖੇਤੀ-ਬਾੜੀ ਹੈ। ਇਹ ਧੰਦਾ ਜ਼ਮੀਨ ਦੀ ਉਪਜਾਊ ਸ਼ਕਤੀ ਉੱਪਰ ਨਿਰਭਰ ਕਰਦਾ ਹੈ। ਪਰੰਤੂ ਵਾਹੀ - ਯੋਗ ਜ਼ਮੀਨ ਵਿੱਚ ਕਈ ਨਵੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸੇਮ ਦੀ ਸਮੱਸਿਆ ਹੈ। ਅਸੀਂ ਸੇਮ ਵਾਲੀ ਜ਼ਮੀਨ ਉਸ ਜ਼ਮੀਨ ਨੂੰ ਕਹਿੰਦੇ ਹਾਂ ਜਿਸ ਦੇ ਪੌਦਿਆਂ ਦੀਆਂ ਜੜ੍ਹਾਂ ਵਾਲੇ ਹਿੱਸੇ ਵਿੱਚ ਮਿੱਟੀ ਦੇ ਕਣਾਂ ਵਿਚਲੀ ਥਾਂ ਪਾਣੀ ਨਾਲ ਭਰ ਜਾਵੇ ਅਤੇ ਹਵਾ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਜਾਵੇ। ਇਸ ਨਾਲ ਬੂਟਿਆਂ ਦਾ ਵਧਣਾ ਫੁੱਲਣਾ ਘੱਟ ਜਾਂਦਾ ਹੈ। ਜ਼ਮੀਨ ਦੀ ਗ਼ਲਤ ਢੰਗ ਨਾਲ ਸਿੰਜਾਈ ਕਰਨ ਕਰਕੇ ਜਾਂ ਪਾਣੀ ਦੇ ਭੂਮੀ ਦੀ ਸਤ੍ਹਾ ਤੋਂ ਉੱਪਰ ਅਤੇ ਹੇਠਾਂ ਘੱਟ ਨਿਕਾਸ ਕਰਕੇ ਸੌਣੀ ਦੀਆਂ ਫ਼ਸਲਾਂ ਸਮੇਂ ਜ਼ਮੀਨ ਸਥਾਈ ਜਾਂ ਅਸਥਾਈ ਤੌਰ ’ਤੇ ਸੇਮ ਵਾਲੀ ਹੋ ਜਾਂਦੀ ਹੈ।

ਸੇਮ ਦੀ ਸਮੱਸਿਆ ਭਾਰਤ ਦੇ ਕਈ ਹਿੱਸਿਆਂ ਵਿੱਚ ਪੈਦਾ ਹੋ ਗਈ ਹੈ, ਕਿਤੇ ਘੱਟ ਹੈ ਅਤੇ ਕਿਤੇ ਵੱਧ, ਪਰ ਗੰਗਾ ਅਤੇ ਸਿੰਧ ਦੇ ਮੈਦਾਨ ਵਿੱਚ ਇਹ ਸਮੱਸਿਆ ਬਹੁਤ ਗੰਭੀਰ ਰੂਪ ਧਾਰਨ ਕਰ ਗਈ ਹੈ। ਇਸ ਦਾ ਕਾਰਨ ਇਸ ਦਾ ਪੱਧਰਾ ਤਲ ਅਤੇ ਪਾਣੀ ਦਾ ਕੁਦਰਤੀ ਨਿਕਾਸ ਨਾ ਹੋਣਾ ਹੈ। ਇਹ ਸਮੱਸਿਆ ਉੱਤਰ ਪ੍ਰਦੇਸ਼, ਗੁਜ਼ਰਾਤ, ਬਿਹਾਰ, ਰਾਜਸਥਾਨ, ਆਧਰਾਂ ਪ੍ਰਦੇਸ਼, ਹਰਿਆਣਾ, ਉੜੀਸਾ ਅਤੇ ਪੰਜਾਬ ਰਾਜਾਂ ਦੇ ਬਹੁਤ ਸਾਰੇ ਹਿੱਸਿਆ ਵਿੱਚ ਫੈਲੀ ਹੋਈ ਹੈ।

          ਸਾਰਨੀ

          ਭਾਰਤ ਦੇ ਵੱਖ–ਵੱਖ ਰਾਜਾਂ ਵਿਚ ਸੇਮ

          ਤੋਂ ਪ੍ਰਭਾਵਿਤ ਰਕਬਾ:

ਲੜੀ ਨੰ.

ਰਾਜ

ਸੇਮ ਥੱਲੇ ਰਕਬਾ (ਲੱਖ ਹੈਕਟੇਅਰ)

1.

ਆਂਧਰਾ ਪ੍ਰਦੇਸ਼

3.39

2.

ਬਿਹਾਰ

3.62

3.

ਗੁਜਾਰਤ

4.84

4.

ਹਰਿਆਣਾ

2.75

5.

ਕਾਰਨਾਟਕ

0.36

6.

ਕੇਰਲਾ

0.116

7.

ਮੱਧ ਪ੍ਰਦੇਸ਼

0.57

8.

ਮਹਾਰਾਸ਼ਟਰ

1.11

9.

ਉੜੀਸਾ

1.96

10.

ਪੰਜਾਬ

1.99

11.

ਰਾਜਸਥਾਨ

3.48

12.

ਤਾਮਿਲਨਾਡੂ

1.28

13

ਉੱਤਰ ਪ੍ਰਦੇਸ਼

19.80

ਕੁੱਲ ਜੋੜ

45.27

         

 

 

 

 

 

 

 

 

 

 

 

 

 

 

 

 

 

 

 

 

 

 

 

 

 

ਸੇਮ ਦੀਆਂ ਕਿਸਮਾਂ : ਜ਼ਮੀਨ ਵਿੱਚ ਸੇਮ ਦੀ ਸਮੱਸਿਆ ਦੋ ਪ੍ਰਕਾਰ ਦੀ ਹੁੰਦੀ ਹੈ।

(ੳ) ਅਸਥਾਈ ਸੇਮ ਵਾਲੀ ਜ਼ਮੀਨ : ਜਿਸ ਜ਼ਮੀਨ ਵਿੱਚ ਬਾਰਸ਼ ਦੇ ਮੌਸਮ ਵਿੱਚ ਆਲੇ-ਦੁਆਲੇ ਤੋਂ ਪਾਣੀ ਇਕੱਠਾ ਹੋ ਕੇ ਖੜ੍ਹ ਜਾਂਦਾ ਹੈ।

(ਅ) ਸਥਾਈ ਸੇਮ ਵਾਲੀ ਜ਼ਮੀਨ : ਇਸ ਕਿਸਮ ਦੀ ਸੇਮ ਉਹਨਾਂ ਜ਼ਮੀਨਾਂ ਵਿੱਚ ਹੁੰਦੀ ਹੈ, ਜੋ ਆਲੇ-ਦੁਆਲੇ ਦੇ ਖੇਤਰ ਤੋਂ ਨੀਵੀਆਂ ਹੁੰਦੀਆਂ ਹਨ ਜਿਸ ਤਰ੍ਹਾਂ ਦਰਿਆਵਾਂ ਦੇ ਪੁਰਾਣੇ ਵਹਿਣ, ਦਲਦਲ ਵਾਲੀਆਂ ਜ਼ਮੀਨਾਂ, ਨਹਿਰਾਂ, ਸੜਕਾਂ ਅਤੇ ਰੇਲਵੇ ਲਾਈਨਾਂ ਨਾਲ ਲਗਵੇਂ ਨੀਵੇਂ ਖੇਤਰ ਆਦਿ। ਇਹਨਾਂ ਖੇਤਰਾਂ ਵਿੱਚ ਸੇਮ ਆਉਣ ਦੇ ਦੋ ਕਾਰਨ ਹਨ। ਇੱਕ ਤਾਂ ਇਹਨਾਂ ਦੁਆਲੇ ਉੱਚੇ ਰਕਬਿਆਂ ਵਿੱਚੋਂ ਬਰਸਾਤ ਦਾ ਪਾਣੀ ਵਹਿ ਕੇ ਇਹਨਾਂ ਵਿੱਚ ਖੜ੍ਹਾ ਹੋ ਜਾਂਦਾ ਹੈ ਅਤੇ ਦੂਜੇ ਪਹਾੜਾਂ ਦੇ ਝਰਨਿਆਂ ਅਤੇ ਨਹਿਰੀ ਸਿੰਜਾਈ ਵਾਲੇ ਖੇਤਰਾਂ ਦਾ ਪਾਣੀ ਜ਼ਮੀਨ ਦੀ ਸਤਾ ਤੋਂ ਹੇਠ ਵਹਿ ਕੇ ਇਹਨਾਂ ਖੇਤਰਾਂ ਵਿੱਚ ਇਕੱਠਾ ਹੋ ਜਾਂਦਾ ਹੈ। ਇਹਨਾਂ ਖੇਤਰਾਂ ਵਿੱਚ ਪਾਣੀ ਦੀ ਸਤਾ ਜ਼ਮੀਨ ਤੋਂ ਦੋ ਮੀਟਰ ਦੀ ਡੂੰਘਾਈ ਦੇ ਅੰਦਰ ਹੁੰਦੀ ਹੈ।

ਸੇਮ ਦੇ ਕਾਰਨ : ਜ਼ਮੀਨ ਵਿੱਚ ਸੇਮ ਆਉਣ ਦੇ ਕਾਰਨ ਕੁਦਰਤੀ ਵੀ ਹੋ ਸਕਦੇ ਹਨ ਅਤੇ ਆਦਮੀ ਵੱਲੋਂ ਜ਼ਮੀਨ ਦੀ ਦੁਰਵਰਤੋਂ ਕਰਕੇ ਵੀ ਹੋ ਸਕਦੇ ਹਨ। ਇਹ ਕਾਰਨ ਹੇਠ ਲਿਖੇ ਅਨੁਸਾਰ ਹਨ:

(ੳ) ਮੀਂਹ ਅਤੇ ਹੜ੍ਹਾਂ ਦੇ ਪਾਣੀ ਦਾ ਕੁਦਰਤੀ ਵਹਾਅ ਨਾ ਹੋਣਾ।

(ਅ) ਦਰਿਆਵਾਂ ਵਿੱਚ ਹੜ੍ਹ ਆ ਜਾਣਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪਾਣੀ ਭਰ ਜਾਣਾ।

(ੲ) ਦਰਿਆਵਾਂ, ਨਹਿਰਾਂ, ਨਾਲਿਆਂ ਅਤੇ ਚੋਆਂ ਵਿੱਚੋਂ ਪਾਣੀ ਦਾ ਰਿਸਣਾ।

(ਸ) ਖੇਤੀ-ਬਾੜੀ ਵਾਲੀਆਂ ਜ਼ਮੀਨਾਂ ਵਿੱਚੋਂ ਪਾਣੀ ਦਾ ਰਿਸਣਾ।

(ਹ) ਜ਼ਮੀਨ ਦੇ ਉੱਪਰ ਵਗਣ ਵਾਲੇ ਨਿਕਾਸੀ ਨਾਲਿਆਂ ਦਾ ਬੰਦ ਹੋ ਜਾਣਾ।

(ਕ) ਖਾਰੇ ਪਾਣੀ ਵਾਲੇ ਇਲਾਕਿਆਂ ਵਿੱਚੋਂ ਜ਼ਮੀਨ ਹੇਠਲੇ ਪਾਣੀ ਦਾ ਟਿਊਬਵੈੱਲਾਂ ਰਾਹੀਂ ਘੱਟ ਕੱਢਿਆ ਜਾਣਾ।

ਸੇਮ ਦੇ ਨੁਕਸਾਨ : ਹਰੇਕ ਸਾਲ ਸੇਮ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਸੇਮ ਅਤੇ ਇਸ ਨਾਲ ਪੈਦਾ ਹੋਈਆਂ ਹੜ੍ਹ ਵਾਲੀਆਂ ਹਾਲਤਾਂ ਨਾਲ ਬੂਟਿਆਂ ਨੂੰ ਵਧਣ-ਫੁੱਲਣ ਲਈ ਵਧੀਆ ਵਾਤਾਵਰਨ ਨਹੀਂ ਮਿਲਦਾ। ਇਸ ਦੇ ਨਾਲ ਹੀ ਇਸਦਾ ਅਸਰ ਮਨੁੱਖੀ ਜੀਵਨ ਅਤੇ ਉਸਦੀ ਸਿਹਤ ਤੇ ਪੈਂਦਾ ਹੈ। ਇਸ ਨਾਲ ਘਰਾਂ, ਸੜਕਾਂ, ਰੇਲਵੇ ਲਾਈਨ ਅਤੇ ਹੋਰ ਕੁਦਰਤੀ ਵਸੀਲਿਆਂ ਤੇ ਮਾੜਾ ਅਸਰ ਪੈਂਦਾ ਹੈ। ਸੇਮ ਦੇ ਕੁਝ ਮਹੱਤਵਪੂਰਨ ਮਾੜੇ ਅਸਰ ਹੇਠ ਲਿਖੇ ਅਨੁਸਾਰ ਹਨ :

(ੳ) ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਕਈਆਂ ਖੇਤਰਾਂ ਵਿੱਚ ਤਾਂ ਜ਼ਮੀਨ ਕਾਸ਼ਤ ਕਰਨ ਯੋਗ ਨਹੀਂ ਰਹਿੰਦੀ ਅਤੇ ਬੰਜਰ ਹੋ ਜਾਂਦੀ ਹੈ।

(ਅ) ਪਾਣੀ ਦੀ ਸਤਾ ਦੇ ਉੱਪਰ ਆਉਣ ਨਾਲ ਜ਼ਮੀਨ ਕਲਰਾਠੀ ਬਣ ਜਾਂਦੀ ਹੈ, ਜਿਸ ਕਰਕੇ ਉਹ ਕਾਸ਼ਤ ਯੋਗ ਨਹੀਂ ਰਹਿੰਦੀ।

(ੲ) ਸੇਮ ਵਾਲੇ ਖੇਤਰ ਵਿੱਚ ਲੰਬੀਆਂ ਜੜ੍ਹਾਂ ਵਾਲੀਆਂ ਫ਼ਸਲਾਂ ਜਿਵੇਂ ਕਿ ਕਪਾਹ, ਗੰਨਾ ਅਤੇ ਫ਼ਲਦਾਰ ਬੂਟੇ ਆਦਿ ਦੀ ਕਾਸ਼ਤ ਨਾਂ-ਮਾਤਰ ਹੋ ਜਾਂਦੀ ਹੈ। ਕਈ ਖੇਤਰਾਂ ਵਿੱਚ ਜਿੱਥੇ ਬਰਸਾਤ ਦੇ ਮੌਸਮ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ, ਉੱਥੇ ਸੌਣੀ ਦੀ ਕੋਈ ਵੀ ਫ਼ਸਲ ਨਹੀਂ ਹੁੰਦੀ। ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ (ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਸੰਗਰੂਰ) ਦੇ ਕੁਝ ਹਿੱਸਿਆਂ ਵਿੱਚ ਜਿੱਥੇ ਕਪਾਹ ਦੀ ਭਰਪੂਰ ਫ਼ਸਲ ਹੁੰਦੀ ਸੀ ਉੱਥੇ ਜ਼ਿਮੀਦਾਰਾਂ ਨੂੰ ਸੇਮ ਕਾਰਨ ਮਜ਼ਬੂਰ ਹੋ ਕੇ ਝੋਨੇ ਦੀ ਕਾਸ਼ਤ ਕਰਨੀ ਪੈ ਰਹੀ ਹੈ ਕਿਉਂਕਿ ਹੁਣ ਉੱਥੇ ਕਪਾਹ ਦੀ ਫ਼ਸਲ ਹੋਣੀ ਬੰਦ ਹੋ ਗਈ ਹੈ।

(ਸ) ਸੇਮ ਵਾਲੇ ਇਲਾਕਿਆਂ ਵਿੱਚ ਕਈ ਕਿਸਮ ਦੀਆਂ ਬਿਮਾਰੀਆਂ ਅਤੇ ਕੀੜੇ-ਪਤੰਗੇ ਪੈਦਾ ਹੋ ਜਾਂਦੇ ਹਨ ਜੋ ਫ਼ਸਲਾਂ, ਮਨੁੱਖਾਂ ਅਤੇ ਡੰਗਰਾਂ ਦੀ ਸਿਹਤ ਵਾਸਤੇ ਹਾਨੀਕਾਰਕ ਸਿੱਧ ਹੁੰਦੇ ਹਨ।

ਪੰਜਾਬ ਵਿੱਚ ਸੇਮ ਦੀ ਸਮੱਸਿਆ: ਪੰਜਾਬ ਵਿੱਚ ਸੇਮ ਦੇ ਮੁੱਖ ਕਾਰਨ ਸੜਕਾਂ, ਰੇਲਵੇ ਲਾਈਨਾਂ ਅਤੇ ਨਹਿਰਾਂ ਦੇ ਹੇਠੋਂ ਪਾਣੀ ਦੇ ਕੁਦਰਤੀ ਨਿਕਾਸ ਲਈ ਪੁਲਾਂ ਆਦਿ ਦਾ ਨਾ ਹੋਣਾ ਹੈ। ਨਹਿਰਾਂ ਦੇ ਕਮਾਂਡ ਖੇਤਰ ਵਿੱਚ ਨਿਕਾਸੀ ਨਾਲਿਆਂ ਦਾ ਨਾ ਹੋਣਾ ਵੀ ਇਸ ਸਮੱਸਿਆ ਨੂੰ ਜਨਮ ਦਿੰਦਾ ਹੈ। ਟਿੱਬਿਆ ਦੇ ਪੱਧਰ ਹੋਣ ਕਰਕੇ ਕੁਦਰਤੀ ਨਿਕਾਸੀ ਨਾਲਿਆਂ ਦਾ ਭਰ ਜਾਣਾ ਵੀ ਇਸ ਸਮੱਸਿਆ ਦੇ ਪੈਦਾ ਹੋਣ ਦਾ ਇੱਕ ਕਾਰਨ ਹੈ। ਨਹਿਰਾਂ ਅਤੇ ਝੋਨੇ ਵਾਲੇ ਖੇਤਾਂ ਵਿੱਚੋਂ ਪਾਣੀ ਦਾ ਰਸਾਓ ਅਤੇ ਉਸਦਾ ਨੀਵੇਂ ਇਲਾਕਿਆਂ ਵਿੱਚ ਭਰ ਜਾਣਾ ਵੀ ਸੇਮ ਨੂੰ ਜਨਮ ਦਿੰਦਾ ਹੈ।

ਪੰਜਾਬ ਤੇ ਮੁਕਤਸਰ, ਫ਼ਰੀਦਕੋਟ, ਫ਼ਿਰੋਜ਼ਪੁਰ, ਸੰਗਰੂਰ, ਮਾਨਸਾ, ਗੁਰਦਾਸਪੁਰ, ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਬਹੁਤ ਸਾਰੇ ਉਪਜਾਊ ਇਲਾਕੇ ਇਸ ਵਕਤ ਸੇਮ ਦੀ ਮਾਰ ਹੇਠ ਹਨ। ਵਾਧੂ ਪਾਣੀ ਦੇ ਨਿਕਾਸ ਲਈ ਇੱਕ ਵਧੀਆ ਨਿਕਾਸੀ ਨਾਲਿਆਂ ਦਾ ਜਾਲ ਅਤੇ ਢੁਕਵੇਂ ਖੇਤੀ-ਬਾੜੀ ਦੇ ਤਰੀਕੇ ਇਹਨਾਂ ਸੇਮ ਵਾਲਿਆਂ ਇਲਾਕਿਆਂ ਨੂੰ ਦੁਬਾਰਾ ਉਪਜਾਊ ਜ਼ਮੀਨ ਵਿੱਚ ਬਦਲ ਸਕਦੇ ਹਨ। ਵਾਧੂ ਪਾਣੀ ਦੇ ਨਿਕਾਸ ਲਈ ਇਹ ਜ਼ਰੂਰੀ ਹੋਵੇਗਾ ਕਿ ਪੁਰਾਣੇ ਨਿਕਾਸੀ ਨਾਲਿਆਂ ਦੀ ਸਫ਼ਾਈ ਕਰਾਈ ਜਾਵੇ ਅਤੇ ਕੁਝ ਹੋਰ ਢੁਕਵੇਂ ਨਿਕਾਸੀ ਨਾਲੇ ਪੁੱਟੇ ਜਾਣ ਤਾਂ ਕਿ ਇਸ ਸਮੱਸਿਆ ਤੋਂ ਸਦੀਵੀ ਛੁਟਕਾਰਾ ਪਾਇਆ ਜਾ ਸਕੇ।


ਲੇਖਕ : ਪੀ.ਕੇ.ਸ਼ਰਮਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 15509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-03-34-32, ਹਵਾਲੇ/ਟਿੱਪਣੀਆਂ:

ਸੇਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੇਮ, ਇਸਤਰੀ ਲਿੰਗ : ਇੱਕ ਕਿਸਮ ਦੀ ਵੇਲ ਜਿਸ ਦੀਆਂ ਫਲੀਆਂ ਭਾਜੀ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-20-04-46-06, ਹਵਾਲੇ/ਟਿੱਪਣੀਆਂ:

ਸੇਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੇਮ, ਇਸਤਰੀ ਲਿੰਗ : ਧਰਤੀ ਹੇਠਲੇ ਪਾਣੀ ਦਾ ਉਪਰਲੀ ਸਤਹ ਵਲ ਨੂੰ ਚੜ੍ਹ ਆਉਣ ਦੀ ਹਾਲਤ

–ਸੇਮ ਨਾਲੀ, ਇਸਤਰੀ ਲਿੰਗ : ਨਾਲੀ ਜਾਂ ਖਾਲ ਜੋ ਧਰਤੀ ਦੇ ਸੇਮ ਵਾਲੇ ਰਕਬੇ ਵਿੱਚ ਇਸ ਲਈ ਬਣਾਇਆ ਜਾਂਦਾ ਹੈ ਕਿ ਹੇਠੋਂ ਉਪਰ ਚੜ੍ਹਿਆ ਪਾਣੀ ਸਿੰਮ ਸਿੰਮ ਕੇ ਉਸ ਵਿੱਚ ਦੀ ਬਾਹਰ ਨੂੰ ਵਗ ਜਾਏ ਤੇ ਅੰਦਰ ਡੱਕਿਆ ਰਹਿ ਕੇ ਧਰਤੀ ਦੀ ਸਤਹ ਨੂੰ ਸਲ੍ਹਾਬੀ ਨਾ ਬਣਾਏ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-20-04-46-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.