ਸੈੱਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੈੱਲ [ਨਾਂਪੁ] ਜੀਵਾਣੂਆਂ ਦੀ ਨਿੱਕੀ ਤੋਂ ਨਿੱਕੀ ਇਕਾਈ , ਕੋਸ਼ਿਕਾ; ਛੋਟੀ ਬੈਟਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੈੱਲ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cell

ਇਹ ਕਿਸੇ ਸਪਰੈੱਡਸ਼ੀਟ ਵਿੱਚ ਅੰਕੜੇ ਸਾਂਭਣ ਦੀ ਮੁੱਢਲੀ ਇਕਾਈ ਹੈ। ਜਿੱਥੇ ਲੇਟਵੀਂਆਂ (Rows) ਅਤੇ ਖੜ੍ਹਵੀਆਂ ਲਾਈਨਾਂ (Columns) ਆਪਸ ਵਿੱਚ ਕੱਟਦੀਆਂ ਹਨ ਉਸ ਥਾਂ ਨੂੰ ਸੈੱਲ ਕਿਹਾ ਜਾਂਦਾ ਹੈ। ਹਰੇਕ ਸੈੱਲ ਦਾ ਆਪਣਾ ਵਿਲੱਖਣ ਪਤਾ ਹੁੰਦਾ ਹੈ। ਪਤੇ ਨੂੰ ਦਰਸਾਉਣ ਲਈ ਪਹਿਲਾਂ ਕਾਲਮ ਦਾ ਨਾਮ (A, B, C ਆਦਿ) ਅਤੇ ਫਿਰ ਰੋਅ ਨੰਬਰ (1, 2, 3 ਆਦਿ) ਲਿਖਿਆ ਜਾਂਦਾ ਹੈ, ਜਿਵੇਂ ਕਿ A7, D3 ਆਦਿ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21992, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਸੈੱਲ ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

  ਹਰ ਇਕ ਜੀਵ ਸੈੱਲਾਂ ਦਾ ਬਣਿਆ ਹੋਇਆ ਹੈ, ਹਰ ਇਕ ਜੀਵ ਦਾ ਜੀਵਨ ਇਕ ਸੈੱਲ ਨਾਲ ਆਰੰਭ ਹੁੰਦਾ ਹੈ। ਮਨੁੱਖ ਦੀ ਵੀ ਇਹੋ ਸਥਿਤੀ ਹੈ। ਮਨੁੱਖ ਦਾ ਸਰੀਰ ਭਾਵੇਂ ਖ਼ਰਬਾਂ ਸੈੱਲਾਂ ਦਾ ਬਣਿਆ ਹੋਇਆ ਹੈ, ਜਿਹੜੇ,ਪਰ, ਸਾਰੇ ਦੇ ਸਾਰੇ ਇਕ ਮੁੱਢਲੇ ਸੈੱਲ ਦੀ ਉਪਜ ਹਨ, ਜਿਹੜਾ ਅੰਡੇ ਦੇ ਸ਼ਕਰਾਣੂ ਨਾਲ ਨਿਸ਼ੇਚੇ ਜਾਣ ਕਾਰਨ ਹੋਂਦ ’ਚ ਆਉਂਦਾ ਹੈ, ਇਹ ਮੁੱਢਲਾ ਸੈੱਲ, 47 ਵੰਡਾਰਿਆਂ ਉਪਰੰਤ, 40,000 ਖ਼ਰਬ ਸੈੱਲਾ ਦੀ ਗਿਣਤੀ ਨੂੰ ਪੁੱਜ ਜਾਂਦਾ ਹੈ ਉਪਜ ਰਹੇ ਇਹੋ ਸੈੱਲ ਹੱਡੀਆਂ, ਮਾਸ-ਪੇਸ਼ੀਆਂ, ਦਿਲ , ਗੁਰਦੇ, ਜਿਗਰ, ਦਿਮਾਗ਼ ਆਦਿ ਦਾ ਰੂਪ ਧਾਰਕੇ ਸਰੀਰਕ ਰਚਨਾਂ ’ਚ ਭਾਗ ਲੈਂਦੇ ਰਹਿੰਦੇ ਹਨ। ਮਨੁੱਖ ਦੇ ਸਰੀਰ ਨੂੰ ਉਸਾਰਦੇ ਖ਼ਰਬਾਂ ਸੈੱਲਾਂ ਚੋਂ ਹਰ ਇਕ ਨੂੰ ਇਹ ਅਨੁਭਵ ਹੁੰਦਾ ਹੈ ਕਿ ਉਸ ਨੇ ਦੀ ਕਰਨਾ ਹੈ ਅਤੇ ਉਸਦਾ ਸਰੀਰ ਅੰਦਰ ਕਿਥੇ ਸਥਾਨ ਹੈ।

        ਜਿੰਨੇ ਵੀ ਜੀਨ ਜੀਵ ਨੂੰ ਵਿਰਸੇ’ਚ ਮਿਲਦੇ ਹਨ, ਉਹ ਸਾਰੇ ਦੇ ਸਾਰੇ, ਇਸ ਜੀਵ ਦੇ ਹਰ ਇਕ ਸੈੱਲ ਦਾ ਭਾਗ ਹੁੰਦੇ ਹਨ। ਪਰ ਇਹ ਸਾਰੇ ਇਕਸਾਰ ਕ੍ਰਿਆਸ਼ੀਲ ਨਹੀਂ ਹੁੰਦੇ। ਕੇਵਲ ਓਹੋ ਜੀਨ ਹੀ ਕ੍ਰਿਆਸ਼ੀਲ ਹੁੰਦੇ ਹਨ, ਜਿਨ੍ਹਾਂ ਦੀ ਹਰ ਇਕ ਸੈੱਲ ਨੂੰ ਆਪੋ-ਆਪਣੀ ਪੱਧਰ ਤੇ ਲੋੜ ਪੈਂਦੀ ਰਹਿੰਦੀ ਹੈ। ਹੋਰਨਾਂ ਜੀਨਾਂ ਨੂੰ ਇਨ੍ਹਾਂ ਨਾਲ ਲੱਗੇ ਸਵਿੱਚ ਉੇਤੇਜਿਤ ਨਹੀਂ ਹੋਣ ਦਿੰਦੇ।ਹਰ ਇੱਕ ਸੈੱਲ, ਆਪਣੇ ਆਪ ’ਚ ਇਕ ਅਜੂਬਾ ਹੈ। ਜੈੱਟ ਹਵਾਈ ਜਹਾਜ਼ ਨਾਲੋਂ ਵੀ ਵੱਧ ਪੁਰਜ਼ੇ ਸੈੱਲ ਅੰਦਰ ਫਿੱਟ ਹੋਏ ਹੁੰਦੇ ਹਨ, ਜਦ ਕਿ ਇਸ ਦਾ ਔਸਤਨ ਵਿਆਸ ਕੇਵਲ 5 ਮਾਈਕ੍ਰਾਨ ਹੈ। ਮਾਈਕ੍ਰਾਨ, ਇਕ ਮੀਟਰ ਦੇ 10 ਲੱਖਵੇਂ ਭਾਗ ਦੇ ਬਰਾਬਰ ਮਾਪ-ਇਕਾਈ ਹੈ, ਇਕ ਸੈੱਲ ਜਦ ਦੋ `ਚ ਵੰਡਿਆ ਜਾਂਦਾ ਹੈ, ਤਦ ਦੋ ਨਵੇਂ ਉਪਜੇ ਸੈੱਲਾਂ ਦਾ ਭਾਗ ਉਹੋ ਸੱਭ ਕੁਝ ਹੁੰਦਾ ਹੈ, ਜਿਹੜਾ ਪੁਰਾਣੇ ਸੈੱਲ ਦਾ ਹੈ ਸੀ

        ਸਰੀਰ ਦੇ ਸੈੱਲ,ਵੱਖ ਵੱਖ ਜਿੰਮੇਂ ਲੱਗੀਆਂ, ਆਪੋ-ਆਪਣੀਆਂ ਵਖਰੀ ਵਖਰੀ ਕ੍ਰਿਆਵਾ ਪੂਰੀਆਂ ਕਰਨ ਯੋਗ ਰਹਿੰਦੇ ਹਨ। ਸਰੀਰ ਦੇ ਹਰਕਤ ਕਰਨ ਲਈ ਵੱਖਰੇ ਸੈੱਲ ਹਨ, ਭੋਜਨ ਹਜ਼ਮ ਕਰਨ ਲਈ ਵੱਖਰੇ, ਹਜ਼ਮ ਹੋਈ ਖ਼ੁਰਾਕ ਦਾ ਭੁਗਤਾਨ ਕਰਨ ਲਈ ਵੱਖਰੇ, ਪ੍ਰਜਣਨ ਲਈ ਵੱਖਰੇ, ਵਤੀਰੇ ਦਾ ਆਧਰ ਬਣਦੇ ਵਖਰੇ, ਸੋਚ-ਸਮਝ ਲਈ ਅਤੇ ਖੁਸ਼ੀ-ਗੰਮੀ ਮਹਿਸੂਸ ਕਰਨ ਲਈ ਵੱਖਰੇ, ਜਦ ਕਿ ਸਰੀਰ ਨੂੰ ਅੰਦਰੋਂ ਸਹਾਰਾ ਦੇਣ ਲਈ ਅਤੇ ਬਾਹਰੋਂ ਬਚਾਓ ਕਰਨ ਵਾਲੀ ਵੱਖ ਵੱਖ ਪ੍ਰਣਾਲੀਆਂ ਹਨ।ਜੀਵ ਦੀ ਸਮੁੱਚੀ ਹੋਂਦ ਦਾ ਮੂਲ ਸੈੱਲ ਹਨ ਅਤੇ ਇਨ੍ਹਾਂ ਦੇ ਹੀ ਸਿਰ ਤੇ ਜੀਵ ਨੂੰ ਜਿਉਂਦਿਆਂ ਰੱਖ ਰਹੇ ਕਾਰੋਬਾਰ ਚੱਲ ਰਹੇ ਹਨ।

        ਸੈੱਲਾਂ ਅੰਦਾਰ ਭਿੰਨ ਭਿੰਨ ਪ੍ਰਕਾਰ ਦੀਆਂ ਪ੍ਰੋਟੀਨਾਂ ਉਪਜਦੀਆਂ ਰਹਿੰਦੀਆਂ ਹਨ, ਜਿਹੜੀਆਂ ਹੁੰਦੀ ਰਹਿਣ ਵਾਲੀ ਟੁੱਟ- ਭੰਨ ਦੀ ਮੁਰੰਮਤ ਲਈ ਅਤੇ ਸੈੱਲਾਂ ਦੀ ਨਿਭਾਈ ਜਾ ਰਹੀ ਕ੍ਰਿਆ ਲਈ ਵੀ ਉਪਯੋਗੀ ਸਿੱਧ ਹੁੰਦੀਆਂ ਹਨ। ਸੈੱਲ ਅੰਦਰ ਕੇਵਲ ਓਹੋ ਪ੍ਰੋਟੀਨਾਂ ਹੀ ਨਿਰਮਤ ਹੁੰਦੀਆਂ ਹਨ, ਜਿਨ੍ਹਾਂ ਦੇ ਜੀਨ ਸੈੱਲ ਅੰਦਰ ਉਤੇਜਿਤ ਸਕ੍ਰਿਆ ਹੁੰਦੇ ਹਨ।

        ਸਰੀਰ ਅੰਦਰ ਸੈੱਲਾਂ ਦੀ ਭਾਵੇਂ ਖ਼ਰਬਾਂ ਦੀ ਗਿਣਤੀ ਹੈ, ਪਰ ਵੰਨਗੀ ਇਨ੍ਹਾਂ ਦੀ ਦੋ ਕੁ ਸੌ ਦੇ ਲਗਭਗ ਹੈ, ਨਿਭਾਈ ਜਾ ਰਹੀ ਕ੍ਰਿਆ ਅਨੁਕੂਲ ਸੈੱਲਾਂ ਦੇ ਨੁਹਾਰ ਅਤੇ ਆਕਾਰ ਢੱਲੇ ਹੋਏ ਹੁੰਦੇ ਹਨ। ਆਪਣੇ ਆਕਾਰ’ਚ ਸੈੱਲ ਇਸ ਹੱਦ ਤੱਕ ਮਹੀਨ ਹਨ ਕਿ ਇਹ ਖ਼ੁਰਦਬੀਨ ਬਿਨਾਂ ਨਜ਼ਰ ਨਹੀਂ ਆਉਂਦੇ। ਫਿਰ ਵੀ ਇਨ੍ਹਾਂ ਅੰਦਰ ਇੰਦਰੀਆਂ ਦੀ ਭਰਮਾਰ ਹੁੰਦੀ ਹੈ। ਸੈੱਲ ਅੰਦਰਲੀਆਂ ਇੰਦਰੀਆਂ ਚੋਂ ਸਭਨਾਂ ਨਾਲੋਂ ਮਹੱਤਵ ਹੈ, ਨਿਊਕਲੀਅਸ। ਸੈੱਲ ਦੇ ਕੇਂਦਰ ’ਚ ਸਥਿਤ ਇਹ ਇੰਦਰੀ ਜੀਨਾਂ ਦਾ, ਭਾਵ ਡੀ ਐਨ ਏੇ ਦਾ ਨਿਵਾਸ ਸਥਾਨ ਹੈ।ਨਿਊਕਲੀਅਸ ਦੁਆਲੇ ਦੇ ਸੈੱਲ ਅੰਦਰਲੇ ਖੇਤਰ ਲਈ ਸਾਇਟੱਪਲੈਜ਼ਮ ਦਾ ਸਿਰਲੇਖ ਵਰਤਿਆ ਜਾਂਦਾ ਹੈ, ਜਿਸ ਅੰਦਰ ਹੋਰ ਸੱਭ ਇੰਦਰੀਆਂ ਖਿਲਰੀਆਂ ਹੋਈਆਂ, ਆਪੋ-ਆਪਣੀ ਭੂਮਿਕਾ ਨਿਭਾਉਂਦੀਆਂ ਰਹਿੰਦੀਆਂ ਹਨ।ਇਨ੍ਹਾਂ ਇੰਦਰੀਆਂ ਚੋਂ ਮੁੱਖ ਹਨ: ਮਾਈਟੈਕਾਂਡਰੀਆ, ਰਾਇਬੱਸੋਮ, ਸੈਟਰੱਸੋਮ, ਗਾਲਜਾਈ ਬਾਡੀ, ਲਾਇਸੱਸੋਮ। ਮਾਈਟੱਕਾਂਡਰੀਆ ਊਰਜਾ, ਉਪਜਾਉਣ’ਚ ਰੁਝੇ ਰਹਿੰਦੇ ਹਨ, ਰਾਇਬੱਸੋਮ ਪ੍ਰੋਟੀਨੀ ਨਿਰਮਾਣ ਲਈ ਜ਼ਿੰਮਵਾਰ ਹਨ, ਸੈਂਟਰੱਸੋਮ ਸੈੱਲ-ਵੰਡਾਰੇ ਦੀ ਅਗਵਾਈ ਕਰਦੇ ਹਨ ਅਤੇ ਗਾਲਜਾਈ ਬਾਡੀ’ਚ ਸੈੱਲ ਚੋਂ ਰਿਸ ਰਿਹਾ ਰਸ ਇਕੱਤਰ ਹੁੰਦਾ ਰਹਿੰਦਾ ਹੈ। ਲਾਇਸੱਸੋਮ ਇਕ ਵੱਖਰੇ ਕ੍ਰਿਆ ਨਿਭਾਉਂਦੀ ਇੰਦਰੀ ਹੈ, ਜਿਸ ਦਾ ਉਪਯੋਗ ਕੇਵਲ ਉਸ ਸਮੇਂ ਹੁੰਦਾ ਹੈ ਜਦ ਸੈੱਲ ਦਾ ਅੰਤ ਆ ਜਾਂਦਾ ਹੈ। ਤਦ ਇਹ ਇੰਦਰੀ ਫਟ ਜਾਂਦੀ ਹੈ ਅਤੇ ਅੰਦਰਲੇ ਐਨਜ਼ਾਈਮ ਸੈੱਲ ਨੂੰ ਉਧੜ ਕੇ ਖੇਰੂ ਖੇਰੂ ਕਰ ਦਿੰਦੇ ਹਨ। ਅਤੇ ਇਸ ਦੀ ਹਸਤੀ ਹੀ ਮਿਟਾ ਛੱਡਦੇ ਹਨ। ਇਸ ਲਈ, ਲਾਇਸੱਸੋਮ ਨੂੰ ਆਤਮ-ਹੱਤਿਆ ਦੇ ਉਪਕਰਨ ਵਜੋਂ ਵੀ ਜਾਣਿਆ ਜਾ ਰਿਹਾ ਹੈ।

        ਸਰੀਰ ਅੰਦਰਲੇ ਸੈੱਲ ਨਸ਼ਟ ਵੀ ਹੁੰਦੇ ਰਹਿੰਦੇ ਹਨ। ਅਜਿਹਾ ਕਦੀ ਕਦਾਈ ਨਹੀਂ, ਨਿਸ਼ਚਿਤ ਸਮੇਂ ਉਪਰੰਤ ਲਗਤਾਰ ਹੋਈ ਜਾਂਦਾ ਹੈ ਅਤੇ ਨਾਲੋ-ਨਾਲ ਨਵੇਂ ਸੈੱਲ, ਹੋਂਦ’ਚ ਆ ਆ, ਪੁਰਾਣਿਆਂ ਦਾ ਸਥਾਨ ਲੈਂਦੇ ਹਨ।ਕੇਵਲ ਦਿਮਾਗ਼ ਅੰਦਰਲੇ ਅਤੇ ਦਿਮਾਗ਼ ਨਾਲ ਸਬੰਧਤ ਨਸ ਸੈੱਲ ਹੀ ਅਜਿਹੇ ਹਨ, ਜਿਹੜੇ ਨਵੇਂ ਨਹੀਂ ਉਪਜਦੇ। ਇਕ ਵਾਰ ਹੋਂਦ’ਚ ਆਏ ਇਹ ਸੈੱਲ ਹੀ ਉਮਰ ਭਰ ਵਿਅਕਤੀ ਦਾ ਸਾਥ ਨਿਭਉਣ ਯੋਗ ਹੁੰਦੇ ਹਨ।

        ਸੈੱਲ ਦੁਆਲੇ ਤਣੀ ਹੋਈ ਝਿਲੀ, ਕਿਲੇ ਦੀ ਫਸੀਲ ਵਾਂਰਾ ਸੈੱਲ ਦੀ ਸੰਭਾਲ ਕਰਦੀ ਰਹਿੰਦੀ ਹੈ।ਇਸ ਝਿਲੀ ਦੇ ਆਰ-ਪਾਰ ਆਵਾਜਾਈ ਸਹਿਲ ਨਹੀਂ ਅਤੇ ਹਰ ਪ੍ਰਕਾਰ ਦੇ ਅਣੂ ਇਸ ਚੋਂ ਦੀ ਪਾਰ ਨਹੀਂ ਹੋ ਸਕਦੇ। ਕੇਵਲ ਅਜਿਹੇ ਅਣੂ ਹੀ ਇਸ ਝਿਲੀ ਚੋਂ ਦੀ ਅੰਦਰ ਪ੍ਰਵੇਸ਼ ਕਰ ਸਕਦੇ ਹਨ, ਜਿਨ੍ਹਾਂ ਹੀ ਲੋੜ ਸੈੱਲ ਨੂੰ ਹੁੰਦੀ ਹੈ, ਜਿਵੇਂ ਕਿ ਖ਼ੁਰਾਕ ਆਕਸੀਜਨ ਆਦਿ। ਦੂਜੇ ਬੰਨੇ , ਕੇਵਲ ਉਹ ਅਣੂ ਇਸ ਚੋਂ ਹੋ ਕੇ ਬਾਹਰ ਨਿਕਲ ਸਕਦੇ ਹਨ, ਜਿਹੜੇ ਸੈੱਲ ਲਈ ਬੇਕਾਰ ਸਿੱਧ ਹੁੰਦੇ ਹਨ, ਜਿਵੇਂ ਕਿ ਤਿਆਗ ਲੋੜਦੀ ਮੈਲ, ਕਾਰਬਨਡਾਈਆਕਸਈਡ ਆਦਿ।  


ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 21978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-16, ਹਵਾਲੇ/ਟਿੱਪਣੀਆਂ: no

ਸੈੱਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੈੱਲ : ਕਿਸੇ ਵੀ ਆਰਗੈਨਿਜ਼ਮ, ਬੂਟੇ ਜਾਂ ਪ੍ਰਾਣੀ ਦਾ ਜੇਕਰ ਖ਼ੁਰਦਬੀਨ ਥੱਲੇ ਨਿਰੀਖਣ ਕੀਤਾ ਜਾਵੇ ਤਾ ਪਤਾ ਲਗਦਾ ਹੈ ਕਿ ਇਹ ਇਕ ਜਾਂ ਇਕ ਤੋਂ ਜ਼ਿਆਦਾ ਕ੍ਰਿਆਸ਼ੀਲ ਰਚਨਾ-ਇਕਾਈਆਂ ਦਾ ਬਣਿਆ ਹੁੰਦਾ ਹੈ, ਜਿਸ ਨੂੰ ਸੈੱਲ ਕਹਿੰਦੇ ਹਨ। ਸੰਨ 1600 ਵਿਚ ਖ਼ੁਰਦਬੀਨ ਦੀ ਖੋਜ ਨੇ ਜੀਵ ਦੀ ਬਰੀਕ ਤੋਂ ਬਰੀਕ ਸਰੀਰਕ ਬਣਤਰ ਤੋਂ ਘੋਖਣ ਦਾ ਰਾਹ ਖੋਲ੍ਹ ਦਿੱਤਾ। ਸੰਨ 1665 ਵਿਚ ਰਾਬਰਟ ਹੁਕ ਨੇ ਕਾਰਕ ਨੂੰ ਖ਼ੁਰਦਬੀਨ ਥੱਲੇ ਰਖਕੇ ਵੇਖਿਆ ਅਤੇ ਦੱਸਿਆ ਕਿ ਕਾਰਕ ਦੀ ਬਣਤਰ ਸ਼ਹਿਦ ਦੀ ਮੱਖੀ ਦੇ ਛੱਤੇ ਵਰਗੀ ਸੀ, ਜਿਸ ਵਿਚ ਬਹੁਤ ਛੋਟੇ ਖ਼ਾਨੇ ਸਨ। ਰਬਰਟ ਹੁਕ ਤੋਂ ਬਾਅਦ ਵੀ ਕਈ ਵਿਗਿਆਨੀਆਂ ਨੇ ਇਸ ਤਰ੍ਹਾਂ ਦੇ ਸੈੱਲਾਂ ਦੀ ਵਿਆਖਿਆ ਕੀਤੀ। ਪਰ ਉਨ੍ਹੀਵੀਂ ਸਦੀ ਦੇ ਮੁਢਲੇ ਸਾਲਾਂ ਵਿਚ ਕੀਤੀ ਗਈ ਖੋਜ ਨੇ ‘ਸੈੱਲ ਥਿਊਰੀ’ ਜੋ ਹੁਣ ਸਾਰੀ ਦੁਨੀਆ ਵਿਚ ਮੰਨੀ ਗਈ ਹੈ, ਦੇ ਮੂਲ ਸਿੱਧਾਂਤ ਦੀ ਸਥਾਪਨਾ ਕਰ ਦਿੱਤੀ। ਸੈੱਲ ਥਿਊਰੀ ਅਨੁਸਾਰ ‘ਕਾਰਬਨਿਕ ਢਾਂਚੇ ਅਤੇ ਕ੍ਰਿਆ ਦੀ ਇਕ ਮੁਢਲੀ ਇਕਾਈ ਹੁੰਦੀ ਹੈ, ਜਿਸ ਨੂੰ ਸੈੱਲ ਕਿਹਾ ਜਾਂਦਾ ਹੈ ਅਤੇ ਇਹ ਇਕਾਈਆਂ ਜਿਉਂਦੇ ਆਰਗੈਨਿਜ਼ਮਾਂ ਵਿਚ ਇਕ ਜਿਹੀਆਂ ਹੀ ਹੁੰਦੀਆਂ ਹਨ।

          ਸੈੱਲ ਖ਼ੁਰਦਬੀਨ ਰਾਹੀਂ ਹੀ ਵੇਖੇ ਜਾ ਸਕਦੇ ਹਨ, ਪਰ ਕੁਝ ਕੁ ਬਹੁਤ ਵੱਡੇ ਆਕਾਰ ਦੇ ਵੀ ਹੁੰਦੇ ਹਨ। ਸਭ ਤੋਂ ਵੱਡੇ ਸੈੱਲ ਸ਼ੁਤਰ ਮੁਰਗ ਦੇ ਅੰਡੇ ਦੀ ਜ਼ਰਦੀ ਦੇ ਹੁੰਦੇ ਹਨ। ਬੈਕਟੀਰੀਆ ਵਰਗੇ ਆਰਗੈਨਿਜ਼ਮ, ਜੋ ਕਿ ਖ਼ੁਰਦਬੀਨੀ ਹੁੰਦੇ ਹਨ ਅਤੇ ਇਕ-ਸੈੱਲੇ ਹੀ ਹੁੰਦੇ ਹਨ, ਉਨ੍ਹਾਂ ਨੂੰ ਏਸੈਲੂਲਰ ਜਾਂ ਨਾਨ-ਸੈਲੁਲਰ ਵੀ ਕਿਹਾ ਜਾਂਦਾ ਹੈ। ਖ਼ੁਰਦਬੀਨੀ ਆਰਗੈਨਿਜ਼ਮ, ਨਿੱਕੇ ਤੋਂ ਨਿੱਕੇ ਅਤੇ ਬਹੁਤ ਵੱਡੇ ਪ੍ਰਾਣੀ ਜਾਂ ਪੌਦਿਆਂ ਤਕ ਸਾਰੇ ਹੀ ਮਲਟੀਸੈਲੂਲਰ ਆਰਗੈਨਿਜ਼ਮ ਕਹਾਉਂਦੇ ਹਨ ਅਤੇ ਇਹ ਲੱਖਾਂ ਹੀ ਖ਼ੁਰਦਬੀਨੀ ਸੈੱਲਾਂ ਦੇ ਬਣੇ ਹੁੰਦੇ ਹਨ।

ਸੈੱਲ ਦੀ ਬਣਤਰ

          ਇਕ ਨਮੂਨੇ ਦਾ ਸੈੱਲ, ਖ਼ੁਰਦਬੀਨੀ ਆਕਾਰ ਦੀਆਂ ਜਿਉਂਦੀਆਂ ਵਸਤੂਆਂ ਦਾ ਸਮੂਹ ਹੈ ਜੋ ਅਰਧ-ਤਰਲ ਹਾਲਤ ਵਿਚ ਪਈਆਂ ਹੁੰਦੀਆਂ ਹਨ। ਸੈੱਲ ਇਕ ਵਿਸ਼ੇਸ਼ ਕਿਸਮ ਦੀ ਜ਼ੀਰਨ ਵਾਲੀ ਪਲਾਜ਼ਮਾ ਝਿੱਲੀ ਦੁਆਰਾ ਪੂਰੀ ਤਰ੍ਹਾਂ ਘਿਰਿਆ ਹੁੰਦਾ ਹੈ। ਇਸ ਵਿਚ ਬਹੁਤ ਸਾਰੀਆਂ ਬਣਤਰਾਂ ਪਈਆਂ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਸਭ ਤੋਂ ਸਪੱਸ਼ਟ ਕੇਂਦਰ ਬਿੰਦੂ ਅਰਥਾਤ ਨਿਊਕਲੀਅਸ ਹੁੰਦਾ ਹੈ। ਸੈੱਲ ਦੇ ਹੇਠ ਲਿਖੇ ਪ੍ਰਮੁੱਖ ਭਾਗ ਹੁੰਦੇ ਹਨ :

(ੳ)  ਨਿਊਕਲੀਅਸ

          1.       ਕੇਂਦਰਕ ਝਿੱਲੀ

          2.       ਕ੍ਰੋਮੈਟਿਨ

          3.       ਨਿਊਕਲੀਓਲਾਈ

          4.       ਨਿਊਕਲੀਓਪਲਾਜ਼ਮ ਅਰਥਾਤ ਕੇਂਦਰਕ ਪਦਾਰਥ

(ਅ)     ਸੈੱਲ ਪਦਾਰਥ

          1.       ਸੈੱਲ ਬਾਊਂਡਰੀ ਜਾਂ ਸੈੱਲ-ਕੰਧ

          2.       ਐਂਡੋਪਲਾਜ਼ਮਿਕ ਰੈਟੀਕੁਲਮ

          3.       ਮਾਈਟੋਕੌਂਡ੍ਰੀਆ

          4.       ਪਿਗਮੈਂਟ (ਜਾਂ ਵਰਨਕ) ਬਾਡੀਆਂ

          5.       ਗਾੱਲਜੀ ਸਮੂਹ

          6.       ਸੈਂਟ੍ਰਿਓਲ

          7.       ਵੈਕਿਓਲ ਅਤੇ ਸੈੱਲ ਸੈਪ (ਜਾਂ ਸੈੱਲ-ਰਸ)

          8.       ਵਾਧੂ ਸੰਮਿਲਨ

          ਨਿਊਕਲੀਅਸ––ਨਿਊਕਲੀਅਸ ਸੈੱਲ ਦੀ ਬਣਤਰ ਅਤੇ ਹਰਕਤ ਨੂੰ ਨਿਯੰਤ੍ਰਿਤ ਕਰਦਾ ਹੈ। ਇਸ ਵਿਚ ਕ੍ਰੋਮੈਟਿਨ ਮਾਦਾ, ਜਣਨਿਕ ਸੂਚਨਾ ਦਾ ਭੰਡਾਰ, ਨਿਊਕਲੀਓਪਲਾਜ਼ਮ, ਨਿਊਕਲੀਓਲਾਈ ਅਤੇ ਸਫੀਰਾੱਇਡਜ਼ ਸ਼ਾਮਲ ਹੁੰਦੇ ਹਨ।

          ਕੇਂਦਰਕ ਝਿੱਲੀ––ਬੈਕਟੀਰੀਆ ਤੋਂ ਬਿਨਾ ਸਾਰੇ ਜੀਵਾਂ ਦੇ ਨਿਊਕਲੀਅਸ ਇਕ ਝਿੱਲੀ ਦੁਆਰਾ ਲਪੇਟੇ ਹੋਏ ਹੁੰਦੇ ਹਨ ਜਿਸ ਦੀਆਂ ਦੋ ਪਰਤਾਂ ਹੁੰਦੀਆਂ ਹਨ; ਇਹ ਪ੍ਰੋਟੀਨ ਅਤੇ ਲਿਪਿਡ ਦੀਆਂ ਬਣੀਆਂ ਹੁੰਦੀਆਂ ਹਨ। ਅੰਦਰਲੀ ਪਰਤ ਨਿਰੰਤਰ ਹੁੰਦੀ ਹੈ ਜਦੋਂ ਕਿ ਬਾਹਰਲੀ ਪਰਤ ਵਿਚ ਕਿਤੇ ਕਿਤੇ ਸੁਰਾਖ਼ ਹੁੰਦੇ ਹਨ, ਜਿਨ੍ਹਾਂ ਵਿਚੋਂ ਪ੍ਰੋਟੀਨ ਅਤੇ ਰਾਈਬੋਨਿਊਕਲੀਇਕ ਐਸਿਡ ਲੰਘ ਸਕਦੇ ਹਨ।

          ਕ੍ਰੋਮੈਟਿਨ––ਕ੍ਰੋਮੈਟਿਨ ਚਾਰ ਵੱਡੇ ਮਾਲੀਕਿਊਲਾਂ ਦਾ ਬਣਿਆ ਹੁੰਦਾ ਹੈ, ਇਸ ਵਿਚ ਹਿਸਟੋਨ (ਪ੍ਰੋਟੀਨ), ਇਕ ਹੋਰ ਮਿਸ਼ਰਿਤ ਪ੍ਰੋਟੀਨ, ਡੀਆਕਸੀਰਾਈਬੋਨਿਊਕਲੀਇਕ ਐਸਿਡ (DNA) ਅਤੇ ਰਾਈਬੋਨਿਊਕਲੀਇਕ ਐਸਿਡ (RNA) ਸ਼ਾਮਲ ਹੁੰਦੇ ਹਨ। ਡੀ ਐਨ ਏ ਸੈੱਲਾਂ ਅਤੇ ਹੋਰ ਆਰਗੈਨਿਜ਼ਮ ਨੂੰ ਜਣਨਿਕ ਵਿਸ਼ੇਸ਼ਤਾ ਪ੍ਰਦਾਨ ਕਰਦਾ ਹੈ।

          ਨਿਊਕਲੀਓਲਾਈ––ਇਹ ਗੋਲਾਕਾਰ ਬਣਤਰਾਂ ਨਿਊਕਲੀਅਸ ਵਿਚ ਹੀ ਹੁੰਦੀਆਂ ਹਨ ਜੋ ਸਾਧਾਰਨ ਖ਼ੁਰਦਬੀਨ ਰਾਹੀਂ ਵੀ ਵੇਖੀਆਂ ਜਾ ਸਕਦੀਆਂ ਹਨ। ਸਾਈਟੋਕੈਮੀਕਲ ਸਟੇਨਿੰਗ ਦੁਆਰਾ ਵੇਖਣ ਵਿਚ ਆਇਆ ਹੈ ਕਿ ਇਹ ਆਰ ਐਨ ਏ ਅਤੇ ਪ੍ਰੋਟੀਨ ਦੀਆਂ ਬਣੀਆਂ ਹੁੰਦੀਆਂ ਹਨ। ਨਿਊਕਲੀਅਰ ਆਰ ਐਨ ਏ ਪ੍ਰੋਟੀਨ ਸੰਸ਼ਲੇਸ਼ਣ ਵਿਚ ਅਹਿਮ ਰੋਲ ਅਦਾ ਕਰਦਾ ਹੈ। ਨਿਊਕਲੀਓਲਸ, ਸੰਸ਼ਲੇਸ਼ਣ ਕੀਤੇ ਹੋਏ ਪ੍ਰੋਟੀਨ ਵਾਸਤੇ ਸਟੋਰ ਦਾ ਕੰਮ ਕਰਦਾ ਹੈ।

          ਨਿਊਕਲੀਓਪਲਾਜ਼ਮ––ਨਿਊਕਲੀ ਪਦਾਰਥ ਜਾਂ ਨਿਊਕਲੀਅਰ ਪਦਾਰਥ ਸਾਫ਼, ਇਕ ਰੂਪ, ਬਣਤਰ-ਰਹਿਤ ਪਦਾਰਥ ਹੁੰਦਾ ਹੈ। ਏ. ਕਲੌਡ ਨੇ 1943 ਵਿਚ ਇਹ ਲੱਭਿਆ ਕਿ ਕ੍ਰੋਮੈਟਿਨ ਅਤੇ ਨਿਊਕਲੀਓਲਾਈ ਨੂੰ ਅਪਕੇਂਦਰਨ ਕ੍ਰਿਆ ਦੁਆਰਾ ਨਿਊਕਲੀਅਰ ਸੈਪ ਤੋਂ ਵੱਖ ਕਰ ਲਿਆ ਜਾਂਦਾ ਹੈ। ਸਾਈਟੋਕੈਮੀਕਲ ਟੈਸਟ ਦੁਆਰਾ ਨਿਊਕਲੀਓਪਲਾਜ਼ਮ ਵਿਚ ਆਰ ਐਨ ਏ ਅਤੇ ਪ੍ਰੋਟੀਨ ਦੀ ਹੋਂਦ ਦਾ ਪਤਾ ਲਗ ਸਕਿਆ ਹੈ।

          ਇਲੈੱਕਟ੍ਰਾੱਨ ਮਾਈਕ੍ਰੋਗ੍ਰਾਫ਼ਾਂ ਉੱਤੇ ਅਧਾਰਤ ਇਕ ਵਿਆਪਕ ਪ੍ਰਾਣੀ ਸੈੱਲ ਦੀ ਬਣਤਰ।

1. ਕੇਂਦਰਕ ਪਦਾਰਥ 2. ਸੈੱਲ-ਪਦਾਰਥ 3. ਸੈੱਲ-ਝਿੱਲੀ 4. ਸੈੱਲ-ਰਸ ਨਾਲ ਭਰਿਆ ਵੈਕਿਓਲ 5. ਰਾਈਬੋਸੋਮ 6. ਐਂਡੋਪਲਾਜ਼ਮਿਕ ਰੈਟੀਕੁਲਮ 7. ਕੇਂਦਰਕ ਝਿੱਲੀ 8. ਨਿਊਕਲੀਓਲਸ 9. ਕ੍ਰੋਮੈਟਿਨ 10. ਨਿਊਕਲੀਅਸ 11. ਮਾਈਟੋਕੌਂਡ੍ਰੀਆ 12. ਸੈਂਟ੍ਰਿਓਲ 13. ਸੈਂਟ੍ਰੋਸੋਮ 14. ਗਾਲਜੀ ਸਮੂਹ 15. ਸੈੱਲ-ਝਿੱਲੀ ਦੀ ਪਿਨੋਸਾਈਟੋਟਿਕ ਅੰਦਰਵਲਨ

          ਸੈੱਲ-ਪਦਾਰਥ––ਇਹ ਪ੍ਰਾਣੀ ਜਾਂ ਬੂਟੇ ਦੇ ਸੈੱਲ ਦਾ ਉਹ ਹਿੱਸਾ ਹੈ ਜਿਸ ਵਿਚ ਨਿਊਕਲੀਅਸ ਸ਼ਾਮਲ ਨਹੀਂ ਹੁੰਦਾ। ਸਾਈਟੋਪਲਾਜ਼ਮ ਨਿਊਕਲੀਅਸ ਨੂੰ ਸਾਰੇ ਪਾਸਿਆਂ ਤੋਂ ਘੇਰ ਰਖਦਾ ਹੈ ਅਤੇ ਇਹ ਨਿਊਕਲੀਅਸ ਦੀ ਸਤ੍ਹਾ ਤੋਂ ਪਲਾਜ਼ਮ ਝਿੱਲੀ ਤਕ ਹੁੰਦਾ ਹੈ। ਸਾਈਟੋਪਲਾਜ਼ਮ ਨਿੱਕੇ ਨਿੱਕੇ ਕਣਾਂ ਦਾ ਬਣਿਆ ਹੁੰਦਾ ਹੈ, ਜਿਹੜੇ ਕਿ ਇਕ ਪਦਾਰਥ, ਜਿਸ  ਨੂੰ ਮੈਟ੍ਰਿਕਸ ਕਹਿੰਦੇ ਹਨ, ਵਿਚ ਘੁਲੇ ਹੁੰਦੇ ਹਨ। ਭਾਵੇਂ ਇਹ ਪਦਾਰਥ ਸਾਧਾਰਨ ਖ਼ੁਰਦਬੀਨ ਥੱਲੇ ਇਕ ਜੈਲੀ ਵਰਗਾ ਪ੍ਰਤੀਤ ਹੁੰਦਾ ਹੈ ਪਰ ਭੌਤਿਕ ਅਤੇ ਰਸਾਇਣਿਕ ਤੌਰ ਤੇ ਇਹ ਇਕ ਮਿਸ਼ਰਿਤ ਸਿਸਟਮ ਹੈ ਜਿਸ ਵਿਚ ਕਈ ਮੈਂਬਰੇਨ (ਝਿੱਲੀ) ਸਿਸਟਮ ਅਤੇ ਪ੍ਰੋਟੀਨਾਂ ਹੁੰਦੀਆਂ ਹਨ। ਨਿਊਕਲੀਅਸ ਭਾਵੇਂ ਸੈੱਲ ਦੀ ਹਰ ਹਰਕਤ ਨੂੰ ਕੰਟਰੋਲ ਕਰਦਾ ਹੈ, ਪਰ ਫਿਰ ਵੀ ਇਹ ਹਰਕਤਾਂ ਸਾਈਟੋਪਲਾਜ਼ਮ ਦੇ ਢਾਂਚੇ ਤਕ ਹੀ ਸੀਮਤ ਰਖਦਾ ਹੈ, ਜਿਸ ਵਿਚ ਇਹ ਆਪ ਹੁੰਦਾ ਹੈ। ਨਿਊਕਲੀਆਈ ਦੇ ਉਲਟ, ਸਾਈਟੋਪਲਾਜ਼ਮ ਦਾ ਜੇਕਰ ਕੋਈ ਹਿੱਸਾ ਕੱਢ ਲਿਆ ਜਾਵੇ ਜਾਂ ਫੱਟੜ ਹੋ ਜਾਵੇ ਤਾਂ ਇਹ ਛੇਤੀ ਠੀਕ ਹੋ ਜਾਂਦਾ ਹੈ। ਇਸ ਬਾਰੇ ਕਾਫ਼ੀ ਸਬੂਤ ਮੌਜੂਦ ਹਨ ਕਿ ਸਾਈਟੋਪਲਾਜ਼ਮ ਦੀ ਇਕ ਸੁਤੰਤਰ ਹੋਂਦ ਹੈ ਅਤੇ ਇਹ ਜਣਨਿਕ ਉਤਪਤੀ ਸਮੇਂ ਇਕ ਅਹਿਮ ਰੋਲ ਅਦਾ ਕਰਦਾ ਹੈ।

          ਸੈੱਲ ਬਾਊਂਡਰੀ––ਸਾਰੇ ਸੈੱਲਾਂ ਵਿਚ ਸੈੱਲ-ਪਦਾਰਥਾਂ ਨੂੰ ਇਕ ਸੈੱਲ-ਝਿੱਲੀ ਜਾਂ ਪਲਾਜ਼ਮਾ-ਝਿੱਲੀ ਘੇਰ ਕੇ ਰਖਦੀ ਹੈ, ਜਿਸ ਨੂੰ ਸੈੱਲ ਬਾਊਂਡਰੀ ਜਾਂ ਸੈੱਲ-ਕੰਧ ਕਿਹਾ ਜਾਂਦਾ ਹੈ। ਇਕ ਸੈੱਲ-ਕੰਧ ਪ੍ਰਾਣੀਆਂ ਅਤੇ ਪੌਦਿਆਂ ਦੇ ਸੈੱਲਾਂ ਵਿਚ ਫ਼ਰਕ ਹੁੰਦਾ ਹੈ। ਬੂਟਿਆਂ ਵਿਚ ਸੈੱਲ-ਕੰਧ ਦਾ ਮੁੱਖ ਹਿੱਸਾ ਸੈਲੂਲੋਜ਼ ਹੁੰਦਾ ਹੈ ਜੋ ਬੂਟਿਆਂ ਦੀ ਬਣਤਰ ਦਾ ਇਕ ਖ਼ਾਸ ਅੰਗ ਹੈ। ਸੈਲੂਲੋਜ਼ ਕੰਧਾਂ ਸੈੱਲਾਂ ਦੇ ਆਕਾਰ ਦੇ ਵਧਣ ਨਾਲ ਖ਼ੁਦ ਵੀ ਵਧਣ ਦੀ ਯੋਗਤਾ ਰਖਦੀਆਂ ਹਨ। ਲਿਗਨਿਨ ਦੀਆਂ ਕੁਝ ਹੋਰ ਪਰਤਾਂ ਸੈਲੂਲੋਜ਼ ਕੰਧ ਉਪਰ ਜਮ੍ਹਾਂ ਹੋ ਜਾਂਦੀਆਂ ਹਨ ਅਤੇ ਜਦ ਸੈੱਲ ਵਧਣਾ ਬੰਦ ਹੋ ਜਾਂਦਾ ਹੈ ਤਾਂ ਇਹ ਵਿਸ਼ਿਸ਼ਟ ਹੋ ਜਾਂਦੀਆਂ ਹਨ। ਪ੍ਰਾਣੀ ਸੈੱਲ ਦੀਆਂ ਸੈੱਲ-ਕੰਧਾਂ ਸੀਮਿੰਟ ਵਰਗੀਆਂ ਵਸਤੂਆਂ ਨਾਲ ਘਿਰੀਆਂ ਹੁੰਦੀਆਂ ਹਨ। ਸੈੱਲ-ਕੰਧ ਸੈੱਲ ਦੀ ਪਾਰਗਮਨਸ਼ੀਲਤਾ ਤੇ ਅਸਰ ਨਹੀਂ ਪਾਉਂਦੀ।

          ਪਲਾਜ਼ਮਾ ਝਿੱਲੀ ਇਲੈੱਕਟ੍ਰਾੱਨ ਖ਼ੁਰਦਬੀਨ ਥੱਲੇ ਦੋ ਪਰਤਾਂ ਦੀ ਬਣੀ ਹੋਈ ਪ੍ਰਤੀਤ ਹੁੰਦੀ ਹੈ। ਇਹ ਪ੍ਰੋਟੀਨ ਦੀਆਂ ਸਮਾਂਤਰ ਪਰਤਾਂ ਹੁੰਦੀਆਂ ਹਨ ਜਿਹੜੀਆਂ ਵਿਚੋਂ ਲਿਪਿਡ ਦੀ ਦੂਹਰੀ ਪਰਤ ਦੁਆਰਾ ਵੱਖਰੀਆਂ ਕੀਤੀਆਂ ਹੁੰਦੀਆਂ ਹਨ।

          ਐਂਡੋਪਲਾਜ਼ਮਿਕ ਰੈਟੀਕੁਲਮ––ਸਾਈਟੋਪਲਾਜ਼ਮ ਦੇ ਆਧਾਰੀ ਮਾਦੇ ਦੀ ਬਣਤਰ ਸੂਖ਼ਮ ਹੁੰਦੀ ਹੈ ਜਿਸ ਵਿਚ ਝਿੱਲੀਆਂ ਦੀ ਇਕ ਖ਼ਾਸ ਤਰਤੀਬ ਹੁੰਦੀ ਹੈ। ਇਹ ਸਿਸਟਮ ਐਂਡੋਪਲਾਜ਼ਮਿਕ ਰੈਟੀਕੁਲਮ ਕਹਾਉਂਦਾ ਹੈ। ਬੈਕਟੀਰੀਆ ਵਿਚ ਪਾਏ ਜਾਣ ਵਾਲੇ ਝਿੱਲੀ ਸਿਸਟਮ ਰੈਟੀਕੁਲਮ ਸਿਸਟਮ ਵਰਗੇ ਨਹੀਂ ਵੀ ਹੋ ਸਕਦੇ। ਵੰਡੇ ਜਾ ਰਹੇ ਸੈੱਲਾਂ ਵਿਚ ਝਿੱਲੀ-ਜਾਲ ਜਲਦੀ ਹੀ ਉਘੜਦਾ ਹੈ ਅਤੇ ਖ਼ਤਮ ਹੋ ਜਾਂਦਾ ਹੈ। ਇਸ ਰੈਟੀਕੁਲਮ ਜਾਲ ਵਿਚ ਨਿੱਕੇ ਨਿੱਕੇ ਆਰ ਐਨ ਏ ਕਣ ਹੁੰਦੇ ਹਨ ਜੋ ਝਿਲੀਆਂ ਦੇ ਅੰਦਰਵਾਰ ਜਾਂ ਸਾਈਟੋਪਲਾਜ਼ਮ ਵਿਚ ਸੁਤੰਤਰ ਤਰਦੇ ਹੁੰਦੇ ਹਨ। ਇਸ ਵਿਚ ਮਿਲਣ ਵਾਲੇ ਮਾਈਕ੍ਰੋਸੋਮੇ ਪ੍ਰੋਟੀਨ ਸੰਸ਼ਲੇਸ਼ਣ ਵਿਚ ਅਤੇ ਝਿੱਲੀਆਂ ਸਟੀਰਾੱਇਡਜ਼ ਦੇ ਸੰਸ਼ਲੇਸ਼ਣ ਵਿਚ ਹਿੱਸਾ ਪਾਉਂਦੀਆਂ ਹਨ।

          ਮਾਈਟੋਕੌਂਡ੍ਰੀਆ––ਮਾਈਟੋਕੌਂਡ੍ਰੀਆ ਦੀ ਇਕ ਵਿਸ਼ੇਸ਼ ਬਣਤਰ ਹੈ ਅਤੇ ਇਹ 0.2 ਤੋਂ 3.0 ਮਾਈਕ੍ਰਾੱਨ ਲੰਬਾਈ ਤਕ ਭਿੰਨ ਭਿੰਨ ਆਕਾਰਾਂ ਵਿਚ ਹੁੰਦੇ ਹਨ। ਇਹ ਲਿਪਿਆੱਇਡਲ ਹਨ ਅਤੇ ਰਸਾਇਣਿਕ ਟੈਸਟਾਂ ਵਿਚ ਫ਼ਾੱਸਫ਼ੋਲਿਪਿਡ ਅਤੇ ਐਲਬਿਊਮੈੱਨ ਨਾਲ ਮਿਲਦੇ ਜੁਲਦੇ ਹਨ। ਮਾਈਟੋਕੌਂਡ੍ਰੀਆ, ਜੋ ਸ਼ਕਲ ਅਤੇ ਆਕਾਰ ਵਿਚ ਬਹੁਤ ਜਲਦੀ ਤਬਦੀਲ ਹੁੰਦੇ ਹਨ, ਜਿਗਰ ਅਤੇ ਗੁਰਦੇ ਦੇ ਸੈੱਲਾਂ ਵਿਚ ਬਹੁਤ ਹੁੰਦੇ ਹਨ। ਮਾਈਟੋਕੌਂਡ੍ਰੀਆ ਸੈੱਲ ਦੀ ਊਰਜਾ-ਤਬਦੀਲੀ ਦਾ ਅਹਿਮ ਸਿਸਟਮ ਬਣਾਉਂਦੇ ਹਨ। ਇਹ ਇਕ ਤਰ੍ਹਾਂ ਨਾਲ ਪਾਵਰ ਹਾਊਸ ਦਾ ਕੰਮ ਕਰਦੇ ਹਨ। ਮਾਈਟੋਕੌਂਡ੍ਰੀਆ, ਸਿਵਾਏ ਬੈਕਟੀਰੀਆ ਦੇ, ਸਾਰੇ ਸੈੱਲਾਂ ਵਿਚ ਸਾਹ-ਕਿਰਿਆ ਦੀ ਸੀਟ ਹਨ।

          ਵਰਨਕ ਬਾੱਡੀਆਂ––ਇਨ੍ਹਾਂ ਵਿਚ ਬੂਟਿਆਂ ਦੇ ਪਲਾਸਟਿਡ ਅਤੇ ਪ੍ਰਾਣੀਆਂ ਦੇ ਵਰਨਕ-ਕਣ ਗ੍ਰੈਨਿਊਲ ਆਉਂਦੇ ਹਨ। ਪੌਦਿਆਂ ਵਿਚ ਪਾਏ ਜਾਣ ਵਾਲੇ ਪਿਗਮੈਂਟ ਵਿਚ ਕਲੋਰੋਪਲਾਸਟ ਅਤੇ ਕ੍ਰੋਮੋਪਲਾਸਟ ਹਨ। ਕਲੋਰੋਪਲਾਸਟ ਪ੍ਰਕਾਸ਼-ਸੰਸ਼ਲੇਸ਼ਣ ਵਿਚ ਹਿੱਸਾ ਪਾਉਂਦੇ ਹਨ ਜਦ ਕਿ ਕ੍ਰੋਮੋਪਲਾਸਟ ਪੱਤਿਆਂ ਅਤੇ ਫੁੱਲਾਂ ਨੂੰ ਰੰਗ ਦੇਣ ਦਾ ਕੰਮ ਕਰਦੇ ਹਨ। ਮੈਲਾਨਿਨ ਗ੍ਰੈਨਿਊਲ ਪ੍ਰਾਣੀ ਸੈੱਲਾਂ ਵਿਚ ਵਰਨਕਤਾ ਦਾ ਆਧਾਰ ਹਨ।

          ਗਾੱਲਜੀ ਸਮੂਹ––ਗਾੱਲਜੀ ਬਾੱਡੀਆਂ, ਸਿਵਾਏ ਬੈਕਟਰੀਆ ਦੇ ਸਾਰੇ ਸੈੱਲਾਂ ਵਿਚ ਮਿਲਦੀਆਂ ਹਨ, ਖ਼ਾਸ ਕਰਕੇ ਰਿਸਾਵੀ ਸੈੱਲਾਂ ਵਿਚ ਬਹੁਤ ਹੁੰਦੀਆਂ ਹਨ। ਗਾੱਲਜੀ ਬਾੱਡੀਆਂ ਪੂਰੀ ਤਰ੍ਹਾਂ ਲਿਪਿਡ ਦੀਆਂ ਬਣੀਆਂ ਨਹੀਂ ਹੁੰਦੀਆਂ। ਇਨ੍ਹਾਂ ਦੇ ਕੰਮ ਬਾਰੇ ਅਜੇ ਵੀ ਪੂਰਾ ਪਤਾ ਨਹੀਂ ਲਗ ਸਕਿਆ ਪਰ ਰਿਸਾਵੀ ਸੈੱਲਾਂ ਵਿਚ ਇਨ੍ਹਾਂ ਦੀ ਬਹੁਤਾਤ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਹ ਕਿਸੇ ਕਿਸਮ ਦੇ ਸੰਸ਼ਲੇਸ਼ਣ ਵਿਚ ਹਿੱਸਾ ਪਾਉਂਦੇ ਹਨ।

          ਸੈਂਟ੍ਰਿਓਲ––ਸੈਂਟ੍ਰਿਓਲ ਇਕ ਤਰ੍ਹਾਂ ਦੇ ਕਣ ਹਨ ਜੋ ਤਕਰੀਬਨ 0.5 ਮਾਈਕ੍ਰਾੱਨ ਲੰਮੇ ਹੁੰਦੇ ਹਨ। ਇਹ ਸਾਈਟੋਪਲਾਜ਼ਮ ਵਿਚ ਨਿਊਕਅਸ ਦੇ ਘੇਰੇ ਤੇ ਪਾਏ ਜਾਂਦੇ ਹਨ। ਇਨ੍ਹਾਂ ਦੀ ਰਸਾਇਣਿਕ ਬਣਤਰ ਬਾਰੇ ਬਹੁਤ ਘੱਟ ਪਤਾ ਲੱਗਿਆ ਹੈ, ਪਰ ਸਾਈਟੋਕੈਮੀਕਲ ਟੈਸਟਾਂ ਦੁਆਰਾ ਆਰ ਐਨ ਏ ਅਤੇ ਗਲਾਈਕੋਪ੍ਰੋਟੀਨਾਂ ਦੀ ਹੋਂਦ ਦਾ ਪਤਾ ਲਗ ਸਕਿਆ ਹੈ। ਸੈਂਟ੍ਰਿਓਲ, ਸੈੱਲਾਂ ਦੀ ਵੰਡ ਵੇਲੇ ਅਹਿਮ ਰੋਲ ਅਦਾ ਕਰਦੇ ਹਨ। ਇਲੈੱਕਟ੍ਰਾੱਨ ਖ਼ੁਰਦਬੀਨ ਰਾਹੀਂ ਅਧਿਐਨ ਅਨੁਸਾਰ ਸੈਂਟ੍ਰਿਓਲ ਇਕ ਛੋਟਾ ਜਿਹਾ ਸਿਲਿੰਡਰ ਹੁੰਦਾ ਹੈ ਜਿਹੜਾ ਘੇਰੇ ਵਿਚ 1500A° ਅਤੇ ਲੰਮਾਈ ਵਿਚ 5000A° ਹੁੰਦਾ ਹੈ। ਇਸ ਸਿਲਿੰਡਰ ਦੇ ਪਾਸਿਆਂ ਉਪਰ ਨੌਂ ਸਮਾਂਤਰ ਛੜਾਂ ਹੁੰਦੀਆਂ ਹਨ ਜਿਹੜੀਆਂ ਨੌਂ ਗੋਲ ਮੈਕ੍ਰੋਮਾੱਲੀਕਿਊਲਾਂ ਦੇ ਬੈਂਡਾਂ ਰਾਹੀਂ ਬੱਝੀਆਂ ਹੁੰਦੀਆਂ ਹਨ।

          ਵੈਕਿਓਲ ਅਤੇ ਸੈੱਲ-ਰਸ––ਵੈਕਿਓਲ ਸਾਈਟੋਪਲਾਜ਼ਮ ਦੀਆਂ ਝਿੱਲੀ ਦੁਆਰਾ ਘਿਰੀਆਂ ਹੋਈਆਂ ਉਹ ਥਾਵਾਂ ਹਨ ਜਿਨ੍ਹਾਂ ਵਿਚ ਪਾਣੀ ਵਿਚ ਘੁਲਨਸ਼ੀਲ ਵਸਤੂਆਂ ਹੁੰਦੀਆ ਹਨ। ਵੈਕਿਓਲਾਂ ਦਾ ਪ੍ਰਮੁੱਖ ਕੰਮ ਸਿਰਫ ਸੈੱਲਾਂ ਵਿਚ ਲੋੜੀਂਦਾ (ਅਨੁਕੂਲਤ) ਅੰਦਰੂਨੀ ਦਬਾਓ ਬਣਾਈ ਰਖਣਾ ਹੈ। ਪ੍ਰੋਟੋਜ਼ੋਆਂ ਵਿਚ ਸੁੰਗੜਨਸ਼ੀਲ ਵੈਕਿਓਲ ਸੈੱਲ ਵਿਚੋਂ ਫਾਲਤੂ ਚੀਜ਼ਾਂ ਬਾਹਰ ਕਢਦੇ ਰਹਿੰਦੇ ਹਨ। ਬੂਟਿਆਂ ਦੇ ਪ੍ਰੌੜ੍ਹ ਸੈੱਲਾਂ ਵਿਚ ਵੈਕਿਓਲ ਇੰਨੇ ਵੱਡੇ ਹੋ ਜਾਂਦੇ ਹਨ ਕਿ ਉਹ ਸੈੱਲ ਦਾ ਬਹੁਤਾ ਹਿੱਸਾ ਘੇਰ ਲੈਂਦੇ ਹਨ। ਵੈਕਿਓਲ ਅੰਦਰਲੇ ਸੈੱਲ ਸੈਪ ਬਾਰੇ ਚੰਗੀ ਤਰ੍ਹਾਂ ਨਹੀਂ ਦੱਸਿਆ ਜਾ ਸਕਦਾ, ਪਰ ਰਸਾਇਣਿਕ ਤੌਰ ਤੇ ਇਹ ਇਕ ਮਿਸ਼ਰਿਤ ਪਦਾਰਥ ਹੁੰਦਾ ਹੈ। ਹੋ ਸਕਦਾ ਹੈ ਇਸ ਵਿਚ ਵਰਨਕ ਜਾਂ ਕਈ ਤਰ੍ਹਾਂ ਦੀਆਂ ਗੂੰਦਾਂ, ਬਰੋਜ਼ੇ, ਲੇਟੈਕਸ ਆਦਿ ਬਣਾਉਣ ਵਾਲੇ ਪਦਾਰਥ ਹੋਣ। ਇਸ ਵਿਚ ਪਾਣੀ, ਤੇਜ਼ਾਬ, ਅਕਾਰਬਨੀ ਲੂਣ, ਕਈ ਤਰ੍ਹਾਂ ਦੇ ਕਾਰਬੋਹਾਈਡ੍ਰੇਟ, ਅਤੇ ਨਾਈਟ੍ਰੋਜਨੀ ਯੋਗਿਕ ਆਦਿ ਵੀ ਹੁੰਦੇ ਹਨ।

          ਵਾਯੂ ਸੰਮਿਲਨ––ਸਾਈਟੋਪਲਾਜ਼ਮ ਵਿਚ ਕਈ ਹੋਰ ਚੀਜ਼ਾਂ ਜਿਵੇਂ ਤੇਲ-ਤੁਪਕੇ, ਜ਼ਰਦੀ, ਰਵੇ ਅਤੇ ਨਿੱਕੇ ਕਣ (ਕੈਨਿਓਲ) ਹੁੰਦੇ ਹਨ। ਮਾਈਕ੍ਰੋਸੋਮਾਂ (ਗ੍ਰੈਨਿਓਲਾਂ) ਵਿਚ ਰ੍ਹਾਈਬੋਸੋਮ ਵੀ ਹੁੰਦੇ ਹਨ।

ਸੈੱਲਾਂ ਦੀਆਂ ਕਿਸਮਾਂ

          ਜਣਨਿਕ ਵੰਨਗੀ ਕਾਰਨ ਸੈੱਲ ਬਣਤਰ ਅਤੇ ਫ਼ਿਜ਼ਿਆਲੌਜੀ ਵਿਚ ਆਈ ਭਿੰਨਤਾ ਸੈੱਲਾਂ ਨੂੰ ਸਮੁੱਚਤਾ ਪ੍ਰਦਾਨ ਕਰਦੀ ਹੈ। ਸੈੱਲ ਨੂੰ ਕੰਟਰੋਲ ਕੀਤੇ ਵਾਤਾਵਰਨ ਤੇ ਕਲਚਰ ਵਿਚੋਂ ਪੈਦਾ ਕਰਨ ਨਾਲ ਆਰਗੈਨਿਜ਼ਮ ਵਿਚ ਮਿਲਣ ਵਾਲੀ ਇਹ ਭਿੰਨਤਾ ਅਤੇ ਸੈੱਲ ਕਿਸਮਾਂ ਬਾਰੇ ਹੋਰ ਜਾਣਕਾਰੀ ਮਿਲ ਸਕਦੀ ਹੈ।

ਆਰਗੈਨਿਜ਼ਮ ਵਿੱਚ ਸੈੱਲ ਕਿਸਮਾਂ

          ਭਿੰਨਤਾ––ਸਭ ਤੋਂ ਛੋਟੇ ਆਰਗੈਨਿਜ਼ਮਾਂ ਵਿਚ ਬੈਕਟੀਰੀਆ ਆਉਂਦੇ ਹਨ ਜਿਨ੍ਹਾਂ ਦੀ ਲੰਬਾਈ 0.2 ਤੋਂ 5 ਮਾਈਕ੍ਰਾੱਨ ਹੋ ਸਕਦੀ ਹੈ। ਵੱਡੇ ਸੈੱਲਾਂ ਵਿਚ ਸ਼ੁਤਰ ਮੁਰਗ ਦੇ ਅੰਡੇ ਆਉਂਦੇ ਹਨ। ਸੈੱਲ ਲਗਭਗ 75 ਮਿ. ਮੀ. ਘੇਰੇ ਦੇ ਹੁੰਦੇ ਹਨ ਜਿਹੜੇ ਸਭ ਤੋਂ ਛੋਟੇ ਸੈੱਲ ਤੋਂ 750,000 ਗੁਣਾਂ ਵੱਡੇ ਹੁੰਦੇ ਹਨ। ਸੈੱਲ ਮੈਟਾਬੋਲਿਜ਼ਮ ਸੈੱਲ ਦੇ ਆਕਾਰ ਅਤੇ ਬਣਤਰ ਤੇ ਇੰਨਾਂ ਜ਼ਿਆਦਾ ਅਸਰ ਪਾਉਂਦਾ ਹੈ ਕਿ ਵੱਖ ਵੱਖ ਜਾਤੀਆਂ ਦੇ ਫ਼ਰਕ ਪ੍ਰਤੱਖ ਰੂਪ ਵਿਚ ਉੱਘੜ ਆਉਂਦੇ ਹਨ।

          ਵਿਭੇਦੀਕਰਨ––ਕੰਮ ਵਿਚ ਵੰਡ ਕਾਰਨ ਆਰਗੈਨਿਜ਼ਮ ਦੇ ਹਿੱਸਿਆਂ ਦੀ ਬਣਤਰ ਜਾਂ ਕੰਮਾਂ ਵਿਚ ਆਈ ਤਬਦੀਲੀ ਨੂੰ ਵਿਭੇਦੀਕਰਨ ਕਿਹਾ ਜਾਂਦਾ ਹੈ। ਬਹੁ-ਸੈੱਲ ਆਰਗੈਨਿਜ਼ਮਾਂ ਵਿਚ ਕੰਮ ਦੀ ਮਹਾਰਤ ਵਿਸ਼ਿਸ਼ਟ ਹਿੱਸਿਆਂ ਵਿਚ ਵੰਡ ਕਾਰਨ ਹਾਸਲ ਹੁੰਦੀ ਹੈ। ਇਹ ਹਿੱਸੇ ਖ਼ਾਸ ਕੰਮਾਂ ਵਾਲੇ ਵਿਭੇਦਿਤ ਸੈੱਲਾਂ ਦੇ ਬਣੇ ਹੁੰਦੇ ਹਨ। ਬਹੁਤ ਸਾਰੇ ਪ੍ਰਾਣੀਆਂ ਅਤੇ ਪੌਦਿਆਂ ਵਿਚ ਨਰ ਜਣਨ-ਸੈੱਲ ਇਕ ਖ਼ਾਸ ਵਿਭੇਦੀਕ੍ਰਿਤ ਸੈੱਲ ਹੈ ਜਿਸ ਨੂੰ ਸ਼ੁਕ੍ਰਾਣੂ ਕਹਿੰਦੇ ਹਨ। ਨਾੜੀ ਟਿਸ਼ੂ, ਖ਼ੂਨ ਅਤੇ ਲਸੀਕਾ ਦੇ ਸੈੱਲ ਵਿਭੇਦੀਕਰਨ ਕਿਰਿਆ ਦੁਆਰਾ ਬਣੇ ਹੋਏ ਸੈੱਲਾਂ ਦੀਆਂ ਉਦਾਹਰਨਾਂ ਹਨ।

          ਢਾਹ-ਉਸਾਰ ਕਿਸਮਾਂ––ਸੈੱਲ ਦੀਆਂ ਹੋਰ ਕਿਸਮਾਂ ਪੋਸ਼ਣ ਵਿਧੀ ਤੇ ਨਿਰਭਰ ਕਰਦੀਆਂ ਹਨ। ਸੈੱਲ ਸੰਗਠਨ ਦੀਆਂ ਮੁੱਖ ਦੋ ਢਾਹ-ਉਸਾਰ ਕਿਸਮਾਂ ਮਿਲਦੀਆਂ ਹਨ : (1) ਸਵੈ-ਪੋਸ਼ਿਤ ਆਰਗੈਨਿਜ਼ਮ, ਜਿਨ੍ਹਾਂ ਵਿਚ ਸੈੱਲ ਅਕਾਰਬਨੀ ਮਾਦੇ ਤੋਂ ਆਪਣਾ ਕਾਰਬਨੀ ਭੋਜਨ ਬਣਾ ਲੈਂਦੇ ਹਨ ਅਤੇ (2) ਪਰ-ਆਹਾਰੀ ਆਰਗੈਨਿਜ਼ਮ, ਜਿਨ੍ਹਾਂ ਵਿਚ ਸੈੱਲਾਂ ਨੂੰ ਆਪਣੇ ਭੋਜਨ ਲਈ ਬਾਹਰੀ ਵਾਤਾਵਰਨ ਵਿਚੋਂ ਕਾਰਬਨੀ ਮਾਦੇ ਦੀ ਲੋੜ ਪੈਂਦੀ ਹੈ।

ਸੈੱਲ ਕਲਚਰ ਵਿਚ ਕਿਸਮਾਂ

          ਜੇਕਰ ਏਸੈੱਲੂਲਰ (ਜਾਂ ਇਕ-ਸੈੱਲੇ) ਆਰਗੈਨਿਜ਼ਮਾਂ ਜਿਵੇਂ ਕਿ ਬੈਕਟੀਰੀਆ, ਪ੍ਰੋਟੋਜ਼ੋਆ ਆਦਿ ਨੂੰ ਕੱਚ ਦੇ ਬਰਤਨਾਂ ਵਿਚ ਪੈਦਾ ਕੀਤਾ ਜਾਵੇ ਤਾਂ ਇਹ ਆਪਣਾ ਕੁਦਰਤੀ ਆਕਾਰ ਪ੍ਰਾਪਤ ਕਰ ਲੈਂਦੇ ਹਨ, ਪਰ ਪੌਦਿਆਂ ਦੇ ਸੈੱਲ ਇਕ ਸਖ਼ਤ ਟਿਸ਼ੂ ਵਾਂਗ ਵਧਦੇ ਹਨ ਜਾਂ ਇਹ ਅੰਗਾਂ ਵਿਚ (ਜਿਵੇਂ ਜੜ੍ਹਾਂ) ਵਧਦੇ ਹਨ ਜਿਹੜੇ ਕਿ ਉਸ ਆਰਗੈਨਿਜ਼ਮ ਦੇ ਅੰਗਾਂ ਵਰਗੇ ਹੀ ਹੁੰਦੇ ਹਨ। ਈ. ਐਨ. ਵਿਲਸੈਰ ਨੇ 1960 ਵਿਚ ਪ੍ਰਾਣੀ ਸੈੱਲਾਂ ਨੂੰ ਤਿੰਨ ਗਰੁੱਪਾਂ ਵਿਚ ਵੰਡਿਆ : ਐਪੀਥੀਲੀਓਸਾਈਟ, ਮੈਕੈਨੋਸਾਈਟ ਅਤੇ ਐਮੀਬੋਸਾਈਟ ਸੈੱਲ। ਇਹ ਤਿੰਨੇ ਕਿਸਮਾਂ ਕਲਚਰ ਵਿਚ ਆਪਣੀ ਮੁਢਲੀ ਬਣਤਰ ਅਤੇ ਵਖਾਵੇ ਕਰਕੇ ਵੱਖ ਵੱਖ ਕੀਤੀਆਂ ਜਾ ਸਕਦੀਆਂ ਹਨ। ਐਪੀਥੀਲੀਓਸਾਈਟ ਸੈੱਲ ਪਰਤਾਂ ਵਿਚ ਵਧਦੇ ਹਨ, ਮੈਕੈਨੋਸਾਈਟ ਇਕ ਖੁੱਲ੍ਹੇ ਜਾਲ ਜਿਹੇ ਵਿਚ ਜੁੜਦੇ ਹਨ ਜਦ ਕਿ ਐਮੀਥੋਸਾਈਟ ਸੈੱਲ ਵੱਖ ਵੱਖ ਹੀ ਵਧਦੇ ਹਨ।

ਸੈੱਲਾਂ ਦਾ ਵਿਕਾਸ

          ਸੈੱਲ ਕਿਸਮਾਂ ਦੇ ਵਿਕਾਸਗਤ ਇਤਿਹਾਸ ਬਾਰੇ ਜਾਣਕਾਰੀ ਸੈੱਲਾਂ ਤੇ ਕੀਤੇ ਗਏ ਸਾਈਟੋਕੈਮੀਕਲ ਅਤੇ ਮਾੱਰਫਾੱਲੌਜੀਕਲ ਦੇ ਅਧਿਐਨ ਤੋਂ ਮਿਲਦੀ ਹੈ। ਇਹ ਆਮ ਤੌਰ ਤੇ ਮੰਨਿਆ ਗਿਆ ਹੈ ਕਿ ਸੈੱਲ ਕਿਸਮਾਂ ਦਾ ਕ੍ਰਮ ਆਰਗੈਨਿਜ਼ਮ ਵਿਚ ਸੈੱਲ ਦੇ ਅੰਦਰ ਅਤੇ ਸੈੱਲਾਂ ਦੇ ਵਿਚਕਾਰ ਸੰਗਠਨ ਦੀਆਂ ਉਲਝਣਾਂ ਅਨੁਸਾਰ ਹੁੰਦਾ ਹੈ ਜਿਵੇਂ ਕੁਝ ਬੈਕਟੀਰੀਆ ਸਵੈ-ਪੋਸ਼ਿਤ ਹਨ ; ਕੁਝ ਪ੍ਰੋਟੋਜ਼ੋਆ ਸਿਲੀਆ ਦੀ ਮਦਦ ਨਾਲ ਚਲਦੇ ਹਨ ਅਤੇ ਪੌਦਿਆਂ ਦੀ ਤਰ੍ਹਾਂ ਪ੍ਰਕਾਸ਼-ਸੰਸ਼ਲੇਸ਼ਣ ਰਾਹੀਂ ਭੋਜਨ ਤਿਆਰ ਕਰਦੇ ਹਨ ਪਰ ਆਪਣੇ ਪ੍ਰੋਟੋਜ਼ੋਅਨ ਤਰੀਕੇ ਰਾਹੀਂ ਵੀ ਖਾਂਦੇ ਹਨ। ਕੁਝ ਵਿਗਿਆਨੀਆਂ ਦਾ ਵਿਚਾਰ ਹੈ ਕਿ ਇਨ੍ਹਾਂ ਸੈੱਲਾਂ ਦੇ ਸੰਗਠਨ ਦੁਆਰਾ ਅਤੇ ਗਤੀ ਦੇ ਘਟਣ ਤੋਂ ਇਨ੍ਹਾਂ ਤੋਂ ਪੌਦਿਆਂ ਦੀ ਉਤਪਤੀ ਹੋਈ।

          ਸੈੱਲਾਂ ਦਾ ਵਿਭਾਜਨ ਅਤੇ ਵਾਧਾ––ਰੁਡੌਲਫ ਵਿਰਚੋ ਪਹਿਲਾ ਵਿਗਿਆਨੀ ਸੀ ਜਿਸ ਨੇ 1858 ਵਿਚ ਇਹ ਪਤਾ ਲਾਇਆ ਕਿ ਸੈੱਲ ਪਹਿਲਾਂ ਹੀ ਹੋਂਦ ਵਿਚ ਆਏ ਹੋਏ ਸੈੱਲਾਂ ਦੇ ਵਿਭਾਜਨ ਤੋਂ ਪੈਦਾ ਹੁੰਦੇ ਹਨ। ਡਬਲਯੂ. ਵਾਨ ਵਾਲਡੇਅਰ ਨੇ 1888 ਵਿਚ ਨਿਊਕਲੀਅਸ ਵਿਚ ਪਾਏ ਜਾਣ ਵਾਲੇ ਗੁਣਸੂਤਰਾਂ ਦੀ ਹੋਂਦ ਬਾਰੇ ਦੱਸਿਆ। ਬਾਅਦ ਵਿਚ ਟਾਮਸ ਹੰਟ ਮਾਰਗਨ ਨੇ ਲੱਭਿਆ ਕਿ ਮਾਈਓਸਿਸ ਵਿਚ ਅਨੁਵੰਸ਼ਿਕ ਲੱਛਣਾਂ ਦੇ ਲਿੰਕੇਜ ਗਰੁੱਪਾਂ ਦੀ ਗਿਣਤੀ ਗੁਣਸੂਤਰਾਂ ਦੀ ਗਿਣਤੀ ਦੇ ਬਰਾਬਰ ਹੁੰਦੀ ਹੈ।

          ਸੈੱਲ-ਵਿਭਾਜਨ ਇਕ ਅਜਿਹੀ ਵਿਧੀ ਹੈ ਜਿਸ ਰਾਹੀਂ ਪੁਰਾਣੇ ਸੈੱਲ ਦੋ-ਦੋ ਛੋਟੇ ਸੈੱਲਾਂ ਵਿਚ ਵੰਡੇ ਜਾਂਦੇ ਹਨ। ਸਾਰੇ ਆਰਗੈਨਿਜ਼ਮਾਂ ਦੇ ਸੈੱਲਾਂ ਵਿਚ ਸੈੱਲ-ਵਿਭਾਜਨ ਦਾ ਇਕੋ ਹੀ ਤਰੀਕਾ ਹੈ। ਨਿਊਕਲੀਅਸ ਅਤੇ ਸਾਈਟੋਪਲਾਜ਼ਮ ਦਾ ਵਿਭਾਜਨ ਆਮ ਤੌਰ ਤੇ ਇਕੱਠਾ ਹੀ ਹੁੰਦਾ ਹੈ। ਸੈੱਲ-ਵਿਭਾਜਨ ਦੀਆਂ ਦੋ ਵੱਡੀਆਂ ਕਿਸਮਾਂ ਹਨ, ਮਾਈਟਾੱਸਿਸ ਅਤੇ ਮਾਈਓਸਿਸ।

          ਮਾਈਟਾੱਸਿਸ––ਫਲੈਮਿੰਗ ਨੇ 1882 ਵਿਚ ਨਿਊਕਲੀਅਰ ਵੰਡ ਜੋ ਧਾਗਿਆਂ ਜਾਂ ਗੁਣਸੂਤਰਾਂ ਦੇ ਬਣਨ ਰਾਹੀਂ ਹੁੰਦੀ ਹੈ, ਨੂੰ ਮਾਈਟਾੱਸਿਸ ਦਾ ਨਾਂ ਦਿੱਤਾ। ਮਾਈਟਾੱਸਿਸ ਆਮ ਕਰਕੇ ਬਹੁ-ਸੈੱਲੇ ਜੀਵਾਂ ਦੇ ਸੋਮੈਟਿਕ ਸੈੱਲਾਂ ਵਿਚ ਅਤੇ ਇਕ-ਸੈੱਲੇ ਜੀਵਾਂ (ਜਿਨ੍ਹਾਂ ਵਿਚ ਲਿੰਗੀ ਜਣਨ ਨਹੀਂ ਹੁੰਦਾ) ਵਿਚ ਹੁੰਦੀ ਹੈ।

1. ਮੈਟਾਫ਼ੇਜ਼ 2. ਅਗਲੀ ਐਨਾਫੇਜ਼ 3. ਪਿਛਲੀ ਐਨਾਫ਼ੇਜ਼ 4. ਸੰਤਾਨ ਸੈੱਲ 5. ਟੀਲੋਫ਼ੇਜ਼ 6. ਪਿਛਲੀ ਇੰਟਰਫ਼ੇਜ਼ 7. ਅਗਲੀ ਪ੍ਰੋਫ਼ੇਜ਼ 8. ਪਿਛਲੀ ਪ੍ਰੋਫ਼ੇਜ਼ 9. ਪੋਮੈਟਾਫ਼ੇਜ਼

          ਅਵਸਥਾਵਾਂ––ਮਈਟਾੱਸਿਸ ਦੀ ਆਮ ਵਿਧੀ ਚਾਰ ਅਵਸਥਾਵਾਂ ਵਿਚ ਵੰਡੀ ਹੋਈ ਹੈ। ਭਾਵੇਂ ਇਨ੍ਹਾਂ ਵਿਚ ਬਹੁਤ ਵਖਰੇਵਾਂ ਹੈ ਪਰ ਇਹ ਅਵਸਥਾਵਾਂ ਇਕ ਤੋਂ ਦੂਸਰੀ ਵਿਚ ਹੌਲੀ ਹੌਲੀ ਸਮਾ ਜਾਂਦੀਆਂ ਹਨ।

          ਪ੍ਰੋਫ਼ੇਜ਼––ਪ੍ਰੋਫ਼ੇਜ਼ ਗੁਣਸੂਤਰਾਂ ਦੇ ਧਾਗਿਆਂ ਦੇ ਗੁੱਛੇ ਜਾਂ ਗੋਲੇ ਬਣਨ ਨਾਲ ਸ਼ੁਰੂ ਹੁੰਦੀ ਹੈ। ਇਹ ਪਾਣੀ ਦੀ ਘਾਟ ਕਰਕੇ ਗੁਣਸੂਤਰਾਂ ਦੀ ਘਣਤਾ ਵਧਣੀ ਸ਼ੁਰੂ ਹੁੰਦੀ ਹੈ। ਹੌਲੀ ਹੌਲੀ ਗੁਣਸੂਤਰਾਂ ਵਿਚ ਵੱਟਾਂ ਪੈਣ ਨਾਲ ਇਹ ਛੋਟੇ ਛੋਟੇ ਅਤੇ ਮੋਟੇ ਹੁੰਦੇ ਜਾਂਦੇ ਹਨ। ਠੀਕ ਤਰ੍ਹਾਂ ਤਿਆਰ ਕੀਤੀਆਂ ਸਲਾਈਡਾਂ ਵਿਚ ਇਹ, ਦੋ ਕ੍ਰੋਮੋਨੀਮੇਟ ਆਪਸ ਵਿਚ ਲਪੇਟੇ ਹੋਇਆਂ (ਸੈਂਟਰੋਮੀਅਰ ਦੇ ਖੇਤਰ ਨੂੰ ਛੱਡ ਕੇ) ਦੀ ਹਾਲਤ ਵਿਚ ਦਿਸਦੇ ਹਨ। ਵੰਡ ਵੇਲੇ ਇਨ੍ਹਾਂ ਸੈਂਟਰੋਮੀਅਰਾਂ ਵਿਚ ਸਪਿੰਡਲ ਰੇਸ਼ੇ ਲਗ ਜਾਂਦੇ ਹਨ। ਸੈੱਲਾਂ ਦੇ ਵਿਚ ਮਿਲਣ ਵਾਲੀਆਂ ਡੀ ਐਨ ਏ ਅਤੇ ਆਰ ਐਨ ਏ ਵਰਗੀਆਂ ਵਸਤੂਆਂ ਗੁਣਸੂਤਰਾਂ ਦੁਆਰਾ ਵਿਭਾਜਨ ਦੀ ਅਖ਼ੀਰਲੀ ਅਵਸਥਾ ਤਕ ਪਹੁੰਚ ਜਾਂਦੀਆਂ ਹਨ। ਪ੍ਰੋਫ਼ੇਜ਼, ਆਮ ਕਰਕੇ ਨਿਊਕਲੀਅਰ ਝਿੱਲੀ ਦੇ ਟੁੱਟਣ ਅਤੇ ਸਪਿੰਡਲ ਦੇ ਸੰਗਠਨ ਦੇ ਸ਼ੁਰੂ ਹੋਣ ਤੇ ਖ਼ਤਮ ਹੁੰਦੀ ਹੈ। ਗੁਣਸੂਤਰ ਸਪਿੰਡਲ ਰੇਸ਼ਿਆਂ ਉੱਤੇ ਲਗ ਜਾਂਦੇ ਹਨ ਅਤੇ ਹੌਲੀ ਹੌਲੀ ਸਪਿੰਡਲ ਦੇ ਇਕੁਏਟਰ ਵਲ ਚਲੇ ਜਾਂਦੇ ਹਨ। ਉਹ ਅਵਸਥਾ ਜਿਸ ਵਿਚ ਗੁਣਸੂਤਰ ਸੈੱਲ ਦੇ ਇਕੁਏਟਰ ਵਲ ਜਾਂਦੇ ਹਨ, ਪ੍ਰੋਮੈਟਾਫ਼ੇਜ਼ ਕਹਾਉਂਦੀ ਹੈ।

          ਮੈਟਾਫ਼ੇਜ਼––ਮੈਟਾਫ਼ੇਜ਼ ਅਵਸਥਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਗੁਣਸੂਤਰ ਮਧ-ਰੇਖੀ (ਇਕੁਏਟੋਰੀਅਲ) ਪਲੇਟ ਦੇ ਦੁਆਲੇ ਪਹੁੰਚ ਜਾਂਦੇ ਹਨ। ਇਸ ਅਵਸਥਾ ਵਿਚ ਗੁਣਸੂਤਰ ਦੋ ਵੱਖ ਵੱਖ ਸਟਰੈਂਡਾਂ (ਜਿਨ੍ਹਾਂ ਨੂੰ ਕ੍ਰੋਮੈਟਿਡ ਕਿਹਾ ਜਾਂਦਾ ਹੈ), ਦੇ ਬਣੇ ਹੋਏ ਪ੍ਰਤੀਤ ਹੁੰਦੇ ਹਨ ਅਤੇ ਹਰੇਕ ਕ੍ਰੋਮੈਟਿਡ ਸਪਿੰਡਲ ਪੋਲ ਦੇ ਆਮ੍ਹੋ ਸਾਹਮਣੇ ਲੱਗਾ ਪ੍ਰਤੀਤ ਹੁੰਦਾ ਹੈ।

          ਐਨਾਫ਼ੇਜ਼––ਐਨਾਫ਼ੇਜ਼, ਦੋਹਰੇ ਗੁਣਸੂਤਰਾਂ ਦੇ ਦੋ ਸੰਤਾਨ ਗੁਣਸੂਤਰਾਂ ਵਿਚ ਵੰਡੇ ਜਾਣ ਤੇ ਸ਼ੁਰੂ ਹੁੰਦੀ ਹੈ। ਕ੍ਰੋਮੈਟਿਡ, ਜਿਨ੍ਹਾਂ ਨੂੰ ਹੁਣ ਸੰਤਾਨ ਗੁਣਸੂਤਰ ਕਿਹਾ ਜਾਂਦਾ ਹੈ, ਸਪਿੰਡਲ ਧਾਗਿਆਂ ਦੀਆਂ ਉਲਟ ਦਿਸ਼ਾਵਾਂ ਵਲ ਵਧਾਏ ਜਾਂਦੇ ਹਨ। ਸੰਤਾਨ ਗੁਣਸੂਤਰਾਂ ਦੇ ਸਪਿੰਡਲ ਦੇ ਉਲਟ ਧਰੁਵਾਂ ਤੇ ਪਹੁੰਚ ਜਾਣ ਨਾਲ ਇਹ ਅਵਸਥਾ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਧਰੁਵਾਂ ਤੇ ਗੁਣਸੂਤਰਾਂ ਦੇ ਇਹ ਸਮੂਹ ਮੁਢਲੇ ਗੁਣਸੂਤਰੀ ਸੈੱਟ ਦਾ ਠੀਕ ਪ੍ਰਤਿਰੂ ਪਹੁੰਦੇ ਹਨ।

          ਟੀਲੋਫ਼ੇਜ਼––ਟੀਲੋਫ਼ੇਜ਼ ਅਖ਼ੀਰਲੀ ਅਵਸਥਾ ਹੈ ਜਿਸ ਵਿਚ ਧਰੁਵਾਂ ਤੇ ਗੁਣਸੂਤਰ ਸਮੂਹਾਂ ਵਿਚ ਕੁਝ ਤਬਦੀਲੀਆਂ ਹੁੰਦੀਆਂ ਹਨ। ਗੁਣਸੂਤਰ ਲਪੇਟੀ ਹੋਈ ਹਾਲਤ ਤੋਂ ਫਿਰ ਧਾਗਿਆਂ ਦੀ ਸ਼ਕਲ ਅਖ਼ਤਿਆਰ ਕਰ ਲੈਂਦੇ ਹਨ। ਅਖ਼ੀਰ ਵਿਚ ਇਹ ਗੁਣਸੂਤਰ ਨਿਊਕਲੀਅਰ ਝਿੱਲੀ ਵਿਚ ਲਪੇਟੇ ਜਾਂਦੇ ਹਨ ਅਤੇ ਸਾਈਟੋਪਲਾਜ਼ਮੀ ਵਿਭਾਜਨ ਨਿਊਕਲੀਅਸ ਸੰਤਾਨ ਨੂੰ ਦੋ-ਸੰਤਾਨ ਸੈੱਲਾਂ ਵਿਚ ਵੰਡ ਦਿੰਦੀ ਹੈ।

          ਇਸ ਵਿਭਾਜਨ ਸਮੇਂ ਡੀ ਐਨ ਏ ਵਿਚ ਵੀ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ। ਨਿਊਕਲੀਅਸ ਦੇ ਵਿਭਾਜਨ ਤੋਂ ਬਾਅਦ ਸਾਈਟੋਪਲਾਜ਼ਮ ਦਾ ਵੀ ਵਿਭਾਜਨ ਹੋ ਜਾਂਦਾ ਹੈ। ਪੌਦਿਆਂ ਅਤੇ ਪ੍ਰਾਣੀਆਂ ਦੇ ਸੈੱਲਾਂ ਵਿਚ ਅੰਤਰ ਹੋਣ ਕਰਕੇ ਇਹ ਵਿਭਾਜਨ ਵੱਖ ਵੱਖ ਤਰੀਕਿਆਂ ਨਾਲ ਹੁੰਦਾ ਹੈ।

          ਮਾਈਟਾੱਸਿਸ ਦੀ ਮਹੱਤਤਾ––ਸੰਨ 1892 ਵਿਚ ਆਗਸਟ ਵਾਈਸ-ਮਾਨ ਨੇ ਇਹ ਦੱਸਿਆ ਕਿ ਉਹ ਵਸਤੂਆਂ ਜਿਹੜੀਆਂ ਅਨੁਵੰਸ਼ਿਕਤਾ ਲਈ ਜ਼ਰੂਰੀ ਹਨ, ਜ਼ਿਆਦਾ ਠੀਕ ਤਰ੍ਹਾਂ ਦਾ ਵਿਭਾਜਨ ਮੰਗਦੀਆਂ ਹਨ। ਇਸ ਤੋਂ ਬਾਅਦ ਦੀਆਂ ਖੋਜਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਮਾਈਟਾੱਸਿਸ ਇਕ ਅਜਿਹਾ ਸੈੱਲ-ਵਿਭਾਜਨ ਹੈ ਜਿਸ ਰਾਹੀਂ ਸੈੱਲ ਦੇ ਅਨੁਵੰਸ਼ਿਕਤਾ ਦੇ ਅੰਸ਼ (ਗੁਣਸੂਤਰ) ਸੰਤਾਨ ਸੈੱਲਾਂ ਵਿਚ ਬਰਾਬਰ ਦੀ ਮਿਕਦਾਰ ਵਿਚ ਪਹੁੰਚ ਜਾਂਦੇ ਹਨ।

          ਮਾਈਓਸਿਸ––ਇਸ ਨੂੰ ‘ਘਟਾਉਣਕਾਰੀ ਵਿਭਾਜਨ’ ਵੀ ਕਹਿੰਦੇ ਹਨ। ਮਾਈਓਸਿਸ ਵਿਚ ਨਿਊਕਲੀਅਸ ਦਾ ਕ੍ਰਮਵਾਰ ਦੋ ਵਾਰੀ ਵਿਭਾਜਨ ਹੁੰਦਾ ਹੈ ਅਤੇ ਇਸ ਨਾਲ ਇਕ ਵਾਰ ਇਸ ਦੇ ਗੁਣਸੂਤਰ ਵੀ ਵੰਡੇ ਜਾਦੇ ਹਨ। ਇਕ ਮਾਈਓਟਿਕ ਵੰਡੇ ਸਮੇਂ ਪੈਦਾ ਹੋਏ ਚਾਰ ਸੰਤਾਨ ਸੈੱਲਾਂ ਵਿਚ ਗੁਣਸੂਤਰਾਂ ਦੀ ਗਿਣਤੀ ਜਣਨਿਕ ਸੈੱਲ (ਦੋ ਸੂਤਰ ਗੁਣਿਤ ਜਾਂ 2n) ਤੋਂ ਅੱਧੀ (ਇਕ ਸੂਤਰ ਗੁਣਿਤ ਜਾਂ n) ਹੁੰਦੀ ਹੈ। ਇਸ ਤਰ੍ਹਾਂ ਸੈੱਲਾਂ ਵਿਚ ਗੁਣਸੂਤਰਾਂ ਦੇ ਫਲਨ ਵੇਲੇ ਹੋਈ ਦੂਹਰੀ ਗਿਣਤੀ ਅੱਧੀ ਹੋ ਜਾਂਦੀ ਹੈ। ਜੇਕਰ ਇੰਝ ਨਾ ਹੁੰਦਾ ਤਾਂ ਹਰ ਫਲਨ ਸਮੇਂ ਗੁਣਸੂਤਰ ਵਧਦੇ ਜਾਂਦੇ ਅਤੇ ਸੈੱਲਾਂ ਦਾ ਆਕਾਰ ਵਧਦਾ ਜਾਂਦਾ।

          ਮਾਈਓਸਿਸ ਵਿਚ ਅੱਗੋਂ ਦੋ ਵਾਰੀ ਵਿਭਾਜਨ ਹੁੰਦਾ ਹੈ।

          ਪਹਿਲਾ ਵਿਭਾਜਨ––ਮਾਈਓਸਿਸ ਦੇ ਵਿਭਾਜਨ ਸਮੇਂ ਪਹਿਲੇ ਵਿਭਾਜਨ ਦੀ ਪ੍ਰੋਫ਼ੇਜ਼ (ਪ੍ਰੌਫ਼ੇਜ਼-1) ਵਿਚ ਪੰਜ ਵੱਖ ਵੱਖ ਅਵਸਥਾਵਾਂ ਆਉਂਦੀਆਂ ਹਨ।

          ਲੈਪਟੋਟੀਨ––ਲੈਪਟੋਟੀਨ ਮਾਈਓਸਿਸ ਦੀ ਪਹਿਲੀ ਸਪੱਸ਼ਟ ਅਵਸਥਾ ਹੈ। ਲੈਪਟੋਟੀਨ ਗੁਣਸੂਤਰ, ਮਾਈਟਾੱਟਿਕ ਪ੍ਰੋਫ਼ੇਜ਼ ਗੁਣਸੂਤਰਾਂ ਤੋਂ ਭਿੰਨ ਹਨ ਅਤੇ ਦੇਖਣ ਵਿਚ ਇਕਹਿਰੇ ਜਾਪਦੇ ਹਨ। ਗੁਣਸੂਤਰ ਦਾਣੇਦਾਰ ਹੁੰਦੇ ਹਨ ਅਤੇ ਇਨ੍ਹਾਂ ਉਪਰ ਕ੍ਰੋਮੋਮੀਅਰ ਲੜੀ ਵਾਂਗ ਲੱਗੇ ਪ੍ਰਤੀਤ ਹੁੰਦੇ ਹਨ। ਹਰੇਕ ਗੁਣਸੂਤਰ ਉਪਰ ਲੱਗੇ ਕ੍ਰੋਮੋਮੀਅਰਾਂ ਦੀ ਗਿਣਤੀ, ਆਕਾਰ ਅਤੇ ਸਥਿਤੀ ਖ਼ਾਸ ਹੀ ਹੁੰਦੀ ਹੈ।

          ਜ਼ਾਈਗੋਟੀਨ––ਜ਼ਾਈਗੋਟੀਨ ਅਵਸਥਾ ਦੀ ਖ਼ਾਸੀਅਤ ਸਮਜਾਤੀ ਗੁਣਸੂਤਰਾਂ ਦਾ ਜੁੜਨਾ ਹੈ। ਇਹ ਜੋੜ ਗੁਣਸੂਤਰਾਂ ਦੀਆਂ ਇਕ ਜਾਂ ਇਕ ਤੋਂ ਵੱਧ ਥਾਵਾਂ ਤੇ ਸ਼ੁਰੂ ਹੁੰਦਾ ਹੈ ਤੇ ਵਧਦਾ ਜਾਂਦਾ ਹੈ ਅਤੇ ਇਹ ਗੁਣਸੂਤਰ ਇਕ ਦੰਦੇਦਾਰ ਜ਼ੰਜ਼ੀਰ ਵਾਂਗ ਲੱਗੇ ਹੋਏ ਪ੍ਰਤੀਤ ਹੁੰਦੇ ਹਨ।

          ਪੈਕੀਟੀਨ––ਪੈਕੀਟੀਨ ਸਟੇਜ ਉਦੋਂ ਵਾਪਰਦੀ ਹੈ ਜਦੋਂ ਗੁਣਸੂਤਰ ਪੂਰੀ ਤਰ੍ਹਾਂ ਜੁੜ ਜਾਂਦੇ ਹਨ ਅਤੇ ਇਨ੍ਹਾਂ ਦੀ ਗਿਣਤੀ ਹੈਪਲਾੱਇਡ (ਇਕਸੂਤਰ ਗੁਣਿਤ) ਜਾਂ n ਹੁੰਦੀ ਹੈ। ਇਸ ਅਵਸਥਾ ਵਿਚ ਇਨ੍ਹਾਂ ਨੂੰ ਬਾਈਵੇਲੈਂਟ ਕਹਿੰਦੇ ਹਨ। ਪੈਕੀਟੀਨ ਸਟੇਜ ਦੇ ਮੱਧ ਜਿਹੇ ਵਿਚ ਬਾਈਵੇਲੈਂਟ ਲੰਮੇ ਰੁਖ ਚਾਰ ਸਟਰੈਂਡਾਂ ਵਿਚ ਵੰਡੇ ਜਾਂਦੇ ਪ੍ਰਤੀਤ ਹੁੰਦੇ ਹਨ। ਗੁਣਸੂਤਰਾਂ ਦਾ ਇਹ ਗਾੜ੍ਹਾਪਨ ਅਤੇ ਛੋਟਾਪਨ ਇਨ੍ਹਾਂ ਨੂੰ ਹੋਰ ਵੀ ਵੱਖਰਾਪਨ ਦਿੰਦਾ ਹੈ।

          ਡਿਪਲੋਟੀਨ––ਡਿਪਲੋਟੀਨ ਅਵਸਥਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਚਾਰ ਸਟਰੈਂਡਾਂ ਵਾਲੇ ਬਾਈਵੇਲੈਂਟ ਵਿਚ ਮਾਤਰੀ ਅਤੇ ਪਿਤਰੀ ਗੁਣਸੂਤਰ ਵਖਰੇ ਵਖਰੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਸੈਂਟ੍ਰੋਮੀਅਰ (ਗੁਣਸੂਤਰ ਬਿੰਦੂ) ਵੀ ਇਕ ਦੂਜੇ ਤੋਂ ਦੂਰ ਚਲੇ ਜਾਂਦੇ ਹਨ। ਗੁਣਸੂਤਰ ਬਿਲਕੁਲ ਅਲੱਗ ਨਹੀਂ ਹੁੰਦੇ ਸਗੋਂ ਕਈ ਜਗ੍ਹਾ ਤੇ ਜੁੜੇ ਹੋਏ ਲਗਦੇ ਹਨ।

          ਡਾਇਆਕਾਈਨੀਸਿਸ––ਡਿਪਲੋਟੀਨ ਦੇ ਅੰਤ ਅਤੇ ਡਾਇਆਕਾਈਨੀਸਿਸ ਦੇ ਸ਼ੁਰੂ ਹੋਣ ਵਿਚ ਕੋਈ ਖ਼ਾਸ ਅੰਤਰ ਨਹੀਂ ਹੈ। ਡਾਇਆਕਾਈਨੀਸਿਸ ਵਿਚ ਬਾਈਵੇਲੈਂਟ ਛੋਟੇ ਅਤੇ ਗਾੜ੍ਹੇ ਮਹਿਸੂਸ ਹੁੰਦੇ ਹਨ। ਜਦ ਨਿਊਕਲੀਅਰੀ ਝਿੱਲੀ ਅਲੋਪ ਹੋ ਜਾਂਦੀ ਹੈ ਤਾਂ ਡਾਇਆਕਾਈਨੀਸਿਸ ਸਟੇਜ ਖ਼ਤਮ ਹੋ ਜਾਂਦੀ ਹੈ।

          ਮੈਟਾਫ਼ੇਜ਼-I-ਮੈਟਾਫ਼ੇਜ਼-I ਵਿਚ ਹਰੇਕ ਬਾਈਵੇਲੈਂਟ ਸਪਿੰਡਲ ਦੀ ਮੱਧਵਰਤੀ ਸਤ੍ਹਾ ਦੇ ਉਪਰ ਅਤੇ ਥੱਲੇ ਇਕੋ ਜਿਹੇ ਫ਼ਾਸਲੇ ਤੇ ਸੈਂਟ੍ਰੋਮੀਅਰਾਂ ਰਾਹੀਂ ਜੁੜੇ ਹੁੰਦੇ ਹਨ। ਸਪਿੰਡਲ ਉਪਰ ਬਾਈਵੇਲੈਂਟ ਦਾ ਦਿਸ਼ਾਮਾਨ ਕਿਸੇ ਖ਼ਾਸ ਨਿਸ਼ਚਿਤ ਵਿਧੀ ਦੁਆਰਾ ਨਹੀਂ ਹੁੰਦਾ।

          ਐਨਾਫ਼ੇਜ਼-I-ਜੁੜੇ ਹੋਏ ਕ੍ਰੋਮੇਟਿਡਾਂ ਨੂੰ ਧਰੁਵਾਂ ਵਲ ਖਿਚਦੇ ਹੋਏ, ਸੈਂਟ੍ਰੋਮੀਅਰ ਵੱਖ ਹੋ ਜਾਂਦੇ ਹਨ। ਪੂਰੇ ਗੁਣਸੂਤਰ ਦੋ ਹੈਪਲਾੱਇਡ ਗਰੁੱਪਾਂ ਵਿਚ ਵਖਰੇ ਹੋ ਜਾਂਦੇ ਹਨ। ਇਸ ਤਰ੍ਹਾਂ ਗੁਣਸੂਤਰਾਂ ਦੀ ਗਿਣਤੀ ਘਟਣ ਨਾਲ ਪਹਿਲੀ ਮਾਈਓਟਿਕ ਵੰਡ ਪੂਰੀ ਹੋ ਜਾਂਦੀ ਹੈ।

          ਟੀਲੋਫ਼ੇਜ਼-I-ਟੀਲੋਫ਼ੇਜ਼-I ਉਨ੍ਹਾਂ ਆਰਗੈਨਿਜ਼ਮਾਂ ਦੀ ਮਾਈਟਾੱਸਿਸ ਟੀਲੋਫ਼ੇਜ਼ ਨਾਲ ਮਿਲਦੀ-ਜੁਲਦੀ ਹੈ ਜਿਨ੍ਹਾਂ ਵਿਚ ਇੰਟਰਫੇਜ਼ ਨਿਊਕਲੀਆਈ ਬਣਦੇ ਹਨ।

          ਦੂਜਾ ਵਿਭਾਜਨ––ਦੂਜੀ ਵੰਡ ਇਕ ਸਾਧਾਰਨ ਮਾਈਟਾੱਸਿਸ ਹੀ ਹੈ, ਜਿਸ ਵਿਚ ਸੈਂਟ੍ਰੋਮੀਅਰ ਮੈਟਾਫ਼ੇਜ਼-II ਤੇ ਦੋਹਰੇ ਹੋ ਜਾਂਦੇ ਹਨ। ਐਨਾਫ਼ੇਜ਼-II ਤੇ ਕ੍ਰੋਮੇਟਿਡ ਹੈਪਲਾੱਇਡ ਗਰੁੱਪਾਂ ਵਿਚ ਵੱਖਰੇ ਹੋ ਜਾਂਦੇ ਹਨ। ਮਾਈਓਸਿਸ ਵਿਚ ਬਣੇ ਚਾਰ ਹੈਪਲਾੱਇਡ ਨਿਊਕਲੀਆਈ ਚਾਰ ਸੰਤਾਨ ਸੈੱਲਾਂ ਵਿਚ ਵੰਡੇ ਜਾਂਦੇ ਹਨ। ਇਨ੍ਹਾਂ ਚਾਰਾਂ ਵਿਚੋਂ ਜਾਂ ਤਾਂ ਸਾਰੇ ਹੀ ਯੁਗਮਕਾਂ ਵਿਚ ਬਦਲ ਜਾਂਦੇ ਹਨ (ਜਿਵੇਂ ਸ਼ੁਕ੍ਰਾਣੂ ਬਣਨ ਵਿਚ) ਜਾਂ ਕੇਵਲ ਯੁਗਮਕ ਬਣਦਾ (ਜਿਵੇਂ ਅੰਡਾ ਬਣਨ ਵਿਚ) ਹੈ।

          ਮਾਈਓਸਿਸ ਦੀ ਮਹੱਤਤਾ––ਮਾਈਓਸਿਸ ਦੀ ਸਭ ਤੋਂ ਵੱਡੀ ਜ਼ਰੂਰਤ ਲਿੰਗ ਉਤਪਤੀ ਕਰਨ ਵਾਲੇ ਆਰਗੈਨਿਜ਼ਮਾਂ ਵਿਚ ਗੁਣਸੂਤਰਾਂ ਦੇ ਦੋਹਰੇ ਹੋਣ ਦੀ ਗਿਣਤੀ ਨੂੰ ਘਟਾਉਣਾ ਹੈ ਮਾਈਓਸਿਸ ਰਾਹੀਂ ਜਣਨਕ ਉਤਪਤੀ ਵਿਚ ਵਖਰੇਵਾਂ ਆਉਂਦਾ ਹੈ। ਮਾਈਓਸਿਸ ਵਿਚ ਗੁਣਸੂਤਰਾਂ ਦਾ ਵਤੀਰਾ ਅਨੁਵੰਸ਼ਿਕਤਾ ਵਿਚ ਜੀਨਾਂ ਦੇ ਸੰਚਾਰ ਦੇ ਸਮਾਂਤਰ ਹੀ ਹੁੰਦਾ ਹੈ।

          ਹ. ਪੁ.––ਐਨ. ਬ੍ਰਿ. 6:961; ਮੈਕ. ਐਨ. ਸ. ਟ. 2:587; ਮੈਕ. ਐਨ. ਸ. ਟ. (1977) 3:709; ਐਨ. ਐਮ. 8.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਸੈੱਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੈੱਲ, (ਅੰਗਰੇਜ਼ੀ) / ਪੁਲਿੰਗ : ੧.  ਬਿਜਲੀ ਦੀ ਬੈਟਰੀ ਦਾ ਇੱਕ ਭਾਗ ਜਿਸ ਵਿੱਚ ਤੇਜਾਬ ਹੁੰਦਾ ਹੈ; ੨. ਹਥ-ਟਾਰਚਾਂ ਜਾਂ ਬੈਟਰੀਆਂ ਦਾ ਬੰਦ ਮਸਾਲਾ; ੩. ਪਦਾਰਥ ਵਿਗਿਆਨ / ਪੁਲਿੰਗ : ਕੱਪ ਜਾਰ ਜਾਂ ਕੋਈ ਹੋਰ ਬਰਤਨ ਜਿਸ ਵਿੱਚ ਰਸਾਇਣਕ ਕਿਰਿਆ ਦੁਆਰਾ ਬਿਜਲੀ ਪੈਦਾ ਕਰਨ ਲਈ) ਅਲੈਕਟਰੋਡ (ਬਿਜਲੀ ਦੁਆਰ) ਅਤੇ ਬਿਜਲੀ ਵਿਛੇਦਨ ਦ੍ਰੱਵ ਪਾਕੇ ਰੱਖੇ ਹੁੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-12-09-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.