ਸੰਤਰੇਣ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੰਤਰੇਣ (1741–1871) : ਅਠਾਰ੍ਹਵੀਂ ਸਦੀ ਦਾ ਪ੍ਰਸਿੱਧ ਕਵੀ ਮਹਾਤਮਾ ਸੰਤਰੇਣ ਉਦਾਸੀ ਸੰਪਰਦਾਇ ਨਾਲ ਸੰਬੰਧਿਤ ਹੈ। ਸੰਤਰੇਣ ਦੇ ਜੀਵਨ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਇੱਕ ਪ੍ਰਚਲਿਤ ਰਵਾਇਤ ਅਨੁਸਾਰ ਉਸ ਦਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦਾ ਸੰਗਤਪੁਰਾ ਸੀ। ਪਰ ਇੱਕ ਹੋਰ ਰਵਾਇਤ ਅਨੁਸਾਰ ਉਸ ਦਾ ਜਨਮ ਸ੍ਰੀਨਗਰ (ਕਸ਼ਮੀਰ) ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਪੰਡਤ ਹਰਿਵੱਲਭ ਤੇ ਮਾਤਾ ਦਾ ਨਾਂ ਸਾਵਿਤਰੀ ਦੇਵੀ ਸੀ। ਇਸ ਰਵਾਇਤ ਅਨੁਸਾਰ ਉਸ ਦਾ ਜਨਮ 1741 ਵਿੱਚ ਹੋਇਆ। ਮਹਾਤਮਾ ਸੰਤਰੇਣ ਨੇ ਉਦਾਸੀ ਮਤ ਦੀ ਦੀਖਿਆ ਬਾਬਾ ਸਾਹਿਬ ਦਾਸ ਉਦਾਸੀ ਭੂਦਨ ਵਾਲਿਆਂ ਤੋਂ ਲਈ। ਉਦਾਸੀ ਸੰਪਰਦਾਇ ਸੰਬੰਧੀ ਗਿਆਨ ਤੇ ਗੁਰਮਤਿ ਅਤੇ ਗੁਰ ਇਤਿਹਾਸ ਬਾਰੇ ਜਾਣਕਾਰੀ ਉਸ ਨੇ ਆਪਣੇ ਗੁਰੂ ਬਾਬਾ ਸਾਹਿਬ ਦਾਸ ਤੋਂ ਪ੍ਰਾਪਤ ਕੀਤੀ ਸੀ। ਉਸ ਦੀਆਂ ਰਚਨਾਵਾਂ ਵਿੱਚ ਮਿਲਦੀਆਂ ਗਵਾਹੀਆਂ ਤੋਂ ਪਤਾ ਚੱਲਦਾ ਹੈ ਕਿ ਉਦਾਸੀ ਸਾਧੂ ਬਣ ਕੇ ਉਸ ਨੇ ਕਈ ਤੀਰਥਾਂ ਦਾ ਭ੍ਰਮਣ ਤੇ ਕਠਨ ਤਪ ਕੀਤਾ ਸੀ। ਦਸਿਆ ਜਾਂਦਾ ਹੈ ਕਿ ਭ੍ਰਮਣ ਕਰਦਿਆਂ ਉਹ ਦੱਖਣ ਵੱਲ ਚਲਾ ਗਿਆ। ਕੁਝ ਸਮਾਂ ਉੱਥੇ ਗੁਜ਼ਾਰਿਆ। ਜ਼ਿਲ੍ਹਾ ਅਕੋਲ੍ਹਾ ਵਿੱਚ ਬਾਲਾਪੁਰ ਪੀਠ ਵਿਖੇ ਉਸ ਦਾ ਡੇਰਾ ਹਾਲੀ ਵੀ ਮੌਜੂਦ ਹੈ। ਬਾਅਦ ਵਿੱਚ ਉਹ ਪੰਜਾਬ ਪਰਤ ਕੇ ਮਲੇਰਕੋਟਲੇ ਦੇ ਪਿੰਡ ਭੂਦਨ ਵਿੱਚ ਆ ਟਿਕਿਆ ਅਤੇ ਜੀਵਨ ਦਾ ਬਾਕੀ ਸਮਾਂ ਇੱਥੇ ਹੀ ਬਤੀਤ ਕੀਤਾ। ਦੱਸਿਆ ਜਾਂਦਾ ਹੈ ਕਿ ਸੰਤਰੇਣ ਦਾ ਦਿਹਾਂਤ 130 ਵਰ੍ਹਿਆਂ ਦੀ ਉਮਰ ਵਿੱਚ 1871 ਵਿੱਚ ਭੂਦਨ ਵਿਖੇ ਹੀ ਹੋਇਆ ਸੀ।

     ਸੰਤਰੇਣ ਦੀਆਂ ਰਚਨਾਵਾਂ ਦੀ ਗਿਣਤੀ ਵੱਡੀ ਹੈ। ਮੋਟੇ ਤੌਰ `ਤੇ ਉਸ ਦੀਆਂ ਲਗਪਗ ਬਾਈ ਰਚਨਾਵਾਂ ਉਪਲਬਧ ਹਨ ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ : ਸ੍ਰੀ ਮਤਿ ਨਾਨਕ ਬਿਜੈ ਗ੍ਰੰਥ, ਮਨ ਪ੍ਰਬੋਧ, ਅਨਭੈ ਅੰਮ੍ਰਿਤ, ਸ੍ਰੀ ਗੁਰੂ ਨਾਨਕ ਬੋਧ, ਉਦਾਸੀ ਬੋਧ, ਗੁਰ ਮਹਿਮਾ, ਗੁਰ ਗਿਆਨ ਮਹਾਤਮ, ਵੈਰਾਗ ਛੰਦ, ਗਿਆਨ ਛੰਦ, ਦੋਹਰੇ ਸਾਧ ਰੀਤਿ ਕੇ, ਰਾਜਨੀਤਿ, ਕਾਯਾ ਮਹਾਤਮ, ਦੋਹਰੇ ਸਿਧਾਂਤ ਕੇ, ਸ਼ਬਦ, ਕਬਿੱਤ ਮਗਨ ਰਸ ਭੇਦ ਕੇ, ਰੇਖਤੇ, ਝੂਲਣੇ, ਮਾਝਾਂ, ਸਾਧਾਂ ਦੇ ਲੱਖਣਾਂ ਦੀਆਂ ਮਾਝਾਂ, ਸੀਹਰਫੀਆਂ  ਅਤੇ ਗੁਰਸਿਖ ਸੰਬਾਦ  ਆਦਿ।

     ਕਈ ਰਚਨਾਵਾਂ ਦਾ ਉਲੇਖ ਉਸ ਨੇ ਆਪਣੇ ਗ੍ਰੰਥਾਂ ਵਿੱਚ ਵੀ ਕੀਤਾ ਹੈ। ਨਾਨਕ ਬਿਜੈ ਗ੍ਰੰਥ  ਵਿੱਚ ਮਨ ਪ੍ਰਬੋਧ ਰਚਨਾ ਦਾ ਜ਼ਿਕਰ ਮਿਲਦਾ ਹੈ। ਨਾਨਕ ਬਿਜੈ ਗ੍ਰੰਥ  ਦੇ ਵੱਡ ਆਕਾਰੀ ਹੋ ਜਾਣ ਕਾਰਨ ਉਸ ਨੇ ਗੁਰੂ ਨਾਨਕ ਬੋਧ  ਗ੍ਰੰਥ ਨੂੰ ਵੱਖਰੇ ਰੂਪ ਵਿੱਚ ਰਚਿਆ ਸੀ। ਗੁਰਸਿਖ ਸੰਬਾਦ  ਵਾਰਤਕ ਵਿੱਚ ਲਿਖੀ ਰਚਨਾ ਹੈ। ਬਾਕੀ ਸਾਰੀਆਂ ਕਾਵਿ-ਰਚਨਾਵਾਂ ਹਨ। ਇਸ ਦੇ ਵੀਹ ਖੰਡ ਹਨ ਜੋ 347 ਅਧਿਆਇਆਂ ਵਿੱਚ ਵੰਡੀ ਹੋਈ ਹੈ। ਕੁਝ ਰਚਨਾਵਾਂ ਨੂੰ ਛੱਡ ਕੇ ਬਹੁਤੀਆਂ ਨਿੱਕੀਆਂ ਰਚਨਾਵਾਂ ਹਨ।

     ਸੰਤਰੇਣ ਨੇ ਗੁਰੂ ਨਾਨਕ ਬਿਜੈ ਗ੍ਰੰਥ  ਲਈ ਬਾਲੇ ਵਾਲੀ ਜਨਮ-ਸਾਖੀ ਦੀਆਂ ਸਾਖੀਆਂ ਦੀ ਵਰਤੋਂ ਕੀਤੀ ਹੈ। ਇਸ ਦੀ ਸ਼ੈਲੀ ਪੁਰਾਣਿਕ ਹੈ ਜੋ ਇਸ ਗੱਲ ਵੱਲ ਸੰਕੇਤ ਹੈ ਕਿ ਉਸ ਦਾ ਮੰਤਵ ਗੁਰੂ ਜੀ ਦੇ ਜੀਵਨ ਨੂੰ ਇਤਿਹਾਸਿਕ ਦ੍ਰਿਸ਼ਟੀ ਤੋਂ ਪੇਸ਼ ਕਰਨਾ ਨਹੀਂ ਸੀ। ਇਸ ਰਚਨਾ ਵਿੱਚ ਗੁਰਮਤਿ ਸਿਧਾਂਤ ਨੂੰ ਪੇਸ਼ ਕਰਨ ਦੀ ਥਾਂ ਕਵੀ ਦਾ ਮੰਤਵ ਉਦਾਸੀ ਸਿਧਾਂਤ ਤੇ ਵੇਦਾਂਤ ਮਤ ਦਾ ਪ੍ਰਤਿਪਾਦਨ ਕਰਨਾ ਜਾਪਦਾ ਹੈ। ਇਸ ਰਚਨਾ ਵਿੱਚ ਗਿਆਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਜੋ ਉਦਾਸੀ ਸਿਧਾਂਤ ਦਾ ਆਧਾਰ ਹੈ। ਉਸ ਅਨੁਸਾਰ ਕਰਮਾਂ ਦਾ ਫਲ ਭਗਤੀ ਹੈ ਤੇ ਭਗਤੀ ਦਾ ਅਰਥ ਗਿਆਨ ਹੈ। ਗਿਆਨ ਪ੍ਰਾਪਤ ਕਰ ਲੈਣ ਨਾਲ ਨਿਰਵਾਣ ਦੀ ਪ੍ਰਾਪਤੀ ਹੁੰਦੀ ਹੈ। ਪੁਰਾਣਿਕ ਸ਼ੈਲੀ ਦੀ ਵਰਤੋਂ ਦਾ ਮੰਤਵ ਸਿੱਖ ਪਰੰਪਰਾ ਨੂੰ ਹਿੰਦੂ ਮਿਥਿਹਾਸ ਪਰੰਪਰਾ ਨਾਲ ਜੋੜਨਾ ਹੈ। ਤੁਲਸੀਦਾਸ ਵਾਂਗ ਕਵੀ ਨੇ ਸਾਰੀ ਕਥਾ ਨੂੰ ਰਿਸ਼ੀ ਵਾਮਦੇਵ ਦੁਆਰਾ ਗੁਰੂ ਅੰਗਦ ਨੂੰ ਸੁਣਾਉਣ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਨਾਨਕ ਬਿਜੈ ਗ੍ਰੰਥ  ਦੇ ਪਾਤਰ ਕਿਸੇ ਨਾ ਕਿਸੇ ਮਿਥਹਾਸਿਕ ਪਾਤਰ ਦੇ ਅਵਤਾਰ ਦੱਸੇ ਗਏ ਹਨ। ਕਾਲੂ ਨੂੰ ਰਿਸ਼ੀ ਕੱਛਪ ਦਾ ਅਵਤਾਰ ਦੱਸਿਆ ਗਿਆ ਹੈ।

     ਸੰਤਰੇਣ ਦੀਆਂ ਸਾਰੀਆਂ ਰਚਨਾਵਾਂ ਕਿਸੇ ਨਾ ਕਿਸੇ ਰੂਪ ਵਿੱਚ ਵੇਦਾਂਤ ਮਤ ਦਾ ਹੀ ਪ੍ਰਤਿਪਾਦਨ ਕਰਦੀਆਂ ਹਨ। ਉਸ ਦੀ ਰਚਨਾ ਅਨਭੈ ਅੰਮ੍ਰਿਤ  ਦਾ ਉਦੇਸ਼ ਹੀ ਵੇਦਾਂਤ ਮਤ ਬਾਰੇ ਚਾਨਣਾ ਪਾਉਣਾ ਹੈ। ਇਸ ਦੇ ਨਾਲ ਹੀ ਸੰਤਰੇਣ ਉਦਾਸੀ ਮਤ ਨੂੰ ਵੀ ਪੇਸ਼ ਕਰਦਾ ਹੋਇਆ ਇਸ ਦੀ ਸ੍ਰੇਸ਼ਠਤਾ ਦਾ ਗਾਇਨ ਕਰਦਾ ਹੈ। ਆਪਣੀ ਰਚਨਾ ਉਦਾਸੀ ਬੋਧ ਵਿੱਚ ਉਹ ਕਹਿੰਦਾ ਹੈ ਕਿ ਨਾਨਕ ਪੰਥ ਬਾਰੇ ਉਸ ਨੇ ਜੋ ਲਿਖਿਆ ਹੈ ਉਹ ਹੀ ਉਦਾਸੀ ਮਤ ਹੈ।

     ਉਦਾਸੀ ਕਵੀ ਸੰਤਰੇਣ ਅਠਾਰ੍ਹਵੀਂ ਸਦੀ ਦਾ ਮਹੱਤਵਪੂਰਨ ਕਵੀ ਸੀ। ਉਸ ਦੀਆਂ ਰਚਨਾਵਾਂ ਵਿੱਚ ਅਠਾਰ੍ਹਵੀਂ ਸਦੀ ਵਿੱਚ ਸਿੱਖ ਪੰਥ ਪ੍ਰਤਿ ਉਦਾਸੀਆਂ ਦੀ ਦ੍ਰਿਸ਼ਟੀ ਦਾ ਪਤਾ ਚੱਲਦਾ ਹੈ। ਉਸ ਦੀ ਭਾਸ਼ਾ ਸਰਲ ਸਾਧੂ ਭਾਸ਼ਾ ਹੈ ਪਰ ਕਈ ਥਾਵਾਂ `ਤੇ ਨਿਰੋਲ ਪੰਜਾਬੀ ਦੀ ਵਰਤੋਂ ਵੀ ਕੀਤੀ ਹੈ। ਆਪਣੇ ਸਮੇਂ ਦੇ ਕਵੀਆਂ ਵਾਂਗ ਉਸ ਨੇ ਪੰਜਾਬੀ ਛੰਦ ਦੀ ਵੀ ਕਿਤੇ-ਕਿਤੇ ਵਰਤੋਂ ਕੀਤੀ ਹੈ। ਸੰਤਰੇਣ ਵਿਦਵਾਨ ਕਵੀ ਸੀ। ਉਸ ਨੇ ਸੰਸਕ੍ਰਿਤ ਤੇ ਹਿੰਦੀ ਦੇ ਗ੍ਰੰਥਾਂ ਦਾ ਗਹਿਨ ਅਧਿਐਨ ਕੀਤਾ ਸੀ। ਉਸ ਦੇ ਕਾਵਿ ਦਾ ਸੰਤ ਸਾਹਿਤ ਪਰੰਪਰਾ, ਵਿਸ਼ੇਸ਼ ਰੂਪ ਵਿੱਚ ਉਦਾਸੀ ਪਰੰਪਰਾ ਵਿੱਚ ਵਿਸ਼ੇਸ਼ ਸਥਾਨ ਹੈ।


ਲੇਖਕ : ਸਬਿੰਦਰਜੀਤ ਸਿੰਘ ਸਾਗਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.