ਸੰਮਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਮਤ (ਨਾਂ,ਪੁ) ਬਿਕਰਮੀ ਸਾਲ ਜੋ ਸੰਨ ਈਸਵੀ ਤੋਂ ਸਤਵੰਜਾ ਸਾਲ ਪਹਿਲਾਂ ਸ਼ੁਰੂ ਹੋਇਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਮਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਮਤ [ਨਾਂਪੁ] ਬਿਕਰਮੀ ਸਾਲ ਜੋ ਸੰਨ ਈਸਵੀ ਤੋਂ 57 ਸਾਲ ਅੱਗੇ ਹੈ, ਸਾਲ, ਵਰ੍ਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਮਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਮਤ. ਸੰ. ਵਿ—ਮਾਨ ਕੀਤਾ ਹੋਇਆ। ੨ ਸਹਿਮਤ. ਰਾਇ ਅਨੁਸਾਰ. “ਯਹ ਸਭ ਸੰਮਤ ਮੇਰੋ ਹੋਈ.” (ਨਾਪ੍ਰ) ੩ ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ “ਸੰਮਤ” ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20072, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਮਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸੰਮਤ : ਸੰਸਾਰ ਦੇ ਵੱਖ ਵੱਖ ਦੇਸ਼ਾਂ ਅਤੇ ਵੱਖ ਵੱਖ ਜਾਤੀਆਂ ਵਿਚ ਕਈ ਤਰ੍ਹਾਂ ਦੇ ਸੰਮਤ ਚਲਦੇ ਹਨ ਅਤੇ ਉਨ੍ਹਾਂ ਦਾ ਵੱਖ ਵੱਖ ਇਤਿਹਾਸਕ ਮਹੱਤਵ ਹੈ। ਪਿਛਲੇਰੇ ਸਮੇਂ ਵਿਚ ‘ਸੰਮਤ’ ਅਤੇ ‘ਸੰਵਤਸਰ‘ ਦੀ ਵਰਤੋਂ ਸਿਰਫ਼ ਬਿਕ੍ਰਮੀ ਸੰਮਤ ਵਾਸਤੇ ਹੁੰਦੀ ਸੀ, ਜਿਹੜਾ 57 ਈ. ਪੂ. ਵਿਚ ਰਾਜਾ ਬਿਕ੍ਰਮਾਦਿੱਤ ਦੇ ਨਾਂ ਤੇ ਚਲਿਆ ਸੀ ਪਰ ਮੋਟੇ ਤੌਰ ਤੇ ਕਿਸੇ ਵੀ ਸਾਲ ਨੂੰ ਸੰਮਤ ਕਿਹਾ ਜਾ ਸਕਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਕਲਜੁਗ ਦੇ 3044ਵੇਂ ਵਰ੍ਹੇ ਵਿਚ ਸਾਲਿਵਾਹਨ ਨਾਲ ਲੜਾਈ ਵਿਚ ਬਿਕ੍ਰਮਾਦਿੱਤ ਦੀ ਮੌਤ ਹੋ ਗਈ ਸੀ ਤੇ ਉਸੇ ਸਮੇਂ ਤੋਂ ਬਿਕ੍ਰਮ ਸੰਮਤ ਸ਼ੁਰੂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਭਾਰਤ ਵਿਚ ਕਈ ਰਾਜਾਂ ਅਤੇ ਸੰਪ੍ਰਦਾਵਾਂ ਦੇ ਆਪਣੇ ਆਪਣੇ ਸੰਮਤ ਚਲਦੇ ਰਹੇ ਪਰ ਉਨ੍ਹਾਂ ਦਾ ਅੱਜ ਬਹੁਤਾ ਮਹੱਤਵ ਨਹੀਂ ਰਿਹਾ।

          ਸੰਮਤ ਦਾ ਹਿਸਾਬ ਲਗਾਉਣ ਦੇ ਦੋ ਆਧਾਰ ਹਨ : ਪਹਿਲਾ ਸੂਰਜ ਦੇ ਗਿਰਦ ਧਰਤੀ ਦੀ ਗਰਦਿਸ਼ ਵਿਚ ਲਗਿਆ ਸਮਾਂ ਅਤੇ ਦੂਜਾ ਚੰਦਰਮਾ ਨੂੰ ਆਪਣੀ ਗਰਦਿਸ਼ ਪੂਰੀ ਕਰਨ ਵਿਚ ਲਗਿਆ ਸਮਾਂ ਬਹੁਤ ਪੁਰਾਣੇ ਸਮੇਂ ਤੋਂ ਕਈ ਦੇਸ਼ਾਂ ਦੇ ਵਿਦਵਾਨ ਇਨ੍ਹਾਂ ਗਰਦਿਸ਼ਾਂ ਦਾ ਠੀਕ ਸਮਾਂ ਜਾਨਣ ਦਾ ਜਤਨ ਕਰਕੇ ਰਹੇ ਹਨ ਪਰ ਉਨ੍ਹਾਂ ਦੇ ਹਿਸਾਬ ਵਿਚ ਥੋੜ੍ਹੀ ਬਹੁਤੀ ਗ਼ਲਤੀ ਰਹਿ ਜਾਂਦੀ ਸੀ, ਜਿਹੜੀ ਸਦੀਆਂ ਵਿਚ ਜਾ ਕੇ ਕਈ ਦਿਨਾਂ ਦਾ ਫ਼ਰਕ ਪਾ ਦਿੰਦੀ ਸੀ। ਮੌਟੇ ਤੌਰ ਤੇ ਹਿਸਾਬ ਲਗਾ ਕੇ ਇਹ ਅਨੁਮਾਨ ਲਾਇਆ ਗਿਆ ਸੀ ਕਿ ਧਰਤੀ ਨੂੰ ਸੂਰਜ ਦੇ ਦੁਆਲੇ ਗਰਦਿਸ਼ ਪੂਰੀ ਕਰਨ ਵਿਚ ਲਗਭਗ 365 ਦਿਨ ਲਗਦੇ ਹਨ ਅਤੇ ਇਸ ਤਰ੍ਹਾਂ 365 ਦਿਨਾਂ ਦਾ ਹੀ ਇਕ ਸੂਰਜੀ ਸਾਲ ਮੰਨਿਆ ਜਾਂਦਾ ਸੀ। ਚੰਦਰਮਾ ਦੀ ਗਰਦਿਸ਼ ਲਗਭਗ 29 ½  ਦਿਨਾਂ ਵਿਚ ਪੂਰੀ ਹੋ ਜਾਂਦੀ ਹੈ ਅਤੇ ਜੇ ਇਕ ਸਾਲ ਵਿਚ ਅਜਿਹੀਆਂ 12 ਗਰਦਿਸ਼ਾਂ ਰੱਖੀਆਂ ਜਾਣ ਤਾਂ ਕੁਲ ਦਿਨ ਲਗਭਗ 354 ਬਣਦੇ ਹਨ। ਇਸ ਤਰ੍ਹਾਂ ਸੂਰਜ ਅਤੇ ਚੰਦਰਮਾ ਦੇ ਸਾਲ ਵਿਚ ਲਗਭਗ 11 ਦਿਨ ਦਾ ਫ਼ਰਕ ਰਹਿ ਜਾਂਦਾ ਹੈ, ਜਿਸਨੂੰ ਪੂਰਾ ਕਰਨ ਅਤੇ ਦੋਹਾਂ ਸੰਮਤਾਂ ਨੂੰ ਇਕਸਾਰ ਰੱਖਣ ਲਈ ਹਰ ਤਿੰਨ ਵਰ੍ਹਿਆਂ ਵਿਚੋਂ ਚੰਦਰਮਾ ਦੇ ਇਕ ਵਰ੍ਹੇ ਵਿਚ ਇਕ ਫਾਲਤੂ ਮਹੀਨਾ ਜੋੜ ਲਿਆ ਜਾਂਦਾ ਸੀ, ਅਰਥਾਤ ਉਹ ਸਾਲ 13 ਮਹੀਨਿਆਂ ਦਾ ਮੰਨਿਆ ਜਾਂਦਾ ਸੀ। ਇਹ ਤਰੀਕਾ ਰੋਮਨ ਸੰਮਤ ਵਿਚ ਚਲਦਾ ਰਿਹਾ ਹੈ ਪਰ 46 ਈ. ਪੂ ਵਿਚ ਜੂਲੀਅਸ ਸੀਜ਼ਰ ਨੇ ਜਦੋਂ ਕੈਲੰਡਰ ਦਾ ਸੁਧਾਰ ਕੀਤਾ ਤਾਂ ਚੰਦਰਮਾ ਦੇ ਵਰ੍ਹੇ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਗਿਆ ਤੇ ਸਾਰੇ ਕੰਮ ਕਾਜ ਸੂਰਜੀ ਸੰਮਤ ਨਾਲ ਹੀ ਚੱਲਣ ਲਗ ਪਏ। ਇਸ ਗੱਲ ਦੇ ਸਬੂਤ ਮਿਲ ਗਏ ਹਨ ਕਿ ਉਨ੍ਹੀਂ ਦਿਨੀਂ ਵਰ੍ਹੇ ਦਾ ਆਰੰਭ 24 ਫਰਵਰੀ ਦੀ ਦੁਪਹਿਰ ਤੋਂ ਹੁੰਦਾ ਸੀ ਤੇ ਜੂਲੀਅਸ ਸੀਜ਼ਰ ਨੇ ਇਸ ਨੂੰ ਪਹਿਲੀ ਜਨਵਰੀ 45 ਈ. ਪੂ. ਤੋਂ ਸ਼ੁਰੂ ਕੀਤਾ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਰਿਹਾ ਹੈ ਕਿ ਜੂਲੀਅਸ ਸੀਜ਼ਰ ਨੇ ਜਨਵਰੀ, ਮਾਰਚ, ਮਈ, ਜੁਲਾਈ, ਸਤੰਬਰ ਅਤੇ ਨਵੰਬਰ ਨੂੰ 31-31 ਦਿਨਾਂ ਦਾ, ਫ਼ਰਵਰੀ ਨੂੰ 29 ਦਿਨਾਂ ਦਾ ਅਤੇ ਬਾਕੀ ਦੇ ਪੰਜਾਂ ਮਹੀਨਿਆਂ ਅਰਥਾਤ ਅਪ੍ਰੈਲ, ਜੂਨ, ਅਗਸਤ, ਅਕਤੂਬਰ ਅਤੇ ਦਸੰਬਰ ਨੂੰ 30-30 ਦਿਨਾਂ ਦਾ ਰਖਿਆ ਸੀ ਮਗਰੋਂ ਆਗਸਟਸ ਨੇ ਆਪਣੇ ਨਾਂ ਨਾਲ ਮਿਲਦੇ ਮਹੀਨੇ ਅਗਸਤ ਨੂੰ ਵੀ 31 ਦਿਨ ਦਾ ਕਰ ਲਿਆ ਪਰ ਇਸ ਦੀ ਪੁਸ਼ਟੀ ਵਿਚ ਕੋਈ ਖ਼ਾਸ ਸਬੂਤ ਨਹੀਂ ਮਿਲਦੇ। ਸੀਜ਼ਰ ਦੇ ਸਮੇਂ ਇਹ ਵੀ ਪਤਾ ਚਲ ਗਿਆ ਸੀ ਕਿ ਧਰਤੀ ਦੀ ਗਰਦਿਸ਼ ਨੂੰ 365 ਦਿਨ ਨਹੀਂ ਸਗੋਂ 365‚ ਦਿਨ ਲਗਦੇ ਹਨ। ਇਸ ਲਈ ਵਰ੍ਹੇ ਨੂੰ ਠੀਕ ਰੱਖਣ ਲਈ ਹਰ ਤਿੰਨਾਂ ਸਾਲਾਂ ਮਗਰੋਂ ਚੌਥੇ ਸਾਲ ਵਿਚ ਇਕ ਦਿਨ ਵਧਾ ਲਿਆ ਜਾਂਦਾ ਸੀ ਤੇ ਇਹ ਵਾਧੂ ਦਾ ਦਿਨ ਫ਼ਰਵਰੀ ਦੇ ਮਹੀਨੇ ਵਿਚ ਜੋੜਿਆ ਜਾਂਦਾ ਸੀ। ਅਜਿਹੇ ਵਰ੍ਹੇ ਨੂੰ ਲੀਪ ਦਾ ਵਰ੍ਹਾ ਕਹਿੰਦੇ ਹਨ।

          ਪਰ ਸਮਾਂ ਬੀਤਣ ਤੇ ਪਤਾ ਚਲਿਆ ਕਿ ਜੂਲੀਅਸ ਸੀਜ਼ਰ ਦੇ ਕੈਲੰਡਰ ਦਾ ਹਿਸਾਬ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ। ਅਸਲ ਵਿਚ ਧਰਤੀ ਨੂੰ ਸੂਰਜ ਦੁਆਲੇ ਘੁੰਮਣ ਵਿਚ 365 ਦਿਨ, 5 ਘੰਟੇ, 48 ਮਿੰਟ ਤੇ 46 ਸੈਕੰਡ ਲਗਦੇ ਹਨ। ਇਸ ਤਰ੍ਹਾਂ ਜੂਲੀਅਸ ਵਰ੍ਹਾ ਅਸਲੀ ਵਰ੍ਹੇ ਨਾਲੋਂ 11 ਮਿੰਟ, 14 ਸੈਕੰਡ ਵੱਡਾ ਸੀ ਜਿਸ ਕਰਕੇ ਲਗਭਗ 128 ਵਰ੍ਹਿਆਂ ਵਿਚ ਇਕ ਦਿਨ ਦਾ ਫ਼ਰਕ ਪੈ ਜਾਂਦਾ ਹੈ। ਇਸ ਗ਼ਲਤੀ ਵੱਲ ਪੋਪ ਗ੍ਰੈਗਰੀ ਤੇਰ੍ਹਵੇਂ ਦਾ ਧਿਆਨ ਗਿਆ ਤੇ ਇਸ ਨੂੰ ਠੀਕ ਕਰਨ ਲਈ ਉਸਨੇ ਇਹ ਨਿਯਮ ਬਣਾਇਆ ਕਿ ਹਰ ਚੌਥਾ ਵਰ੍ਹਾ ਲੀਪ ਦਾ ਹੋਣਾ ਚਾਹੀਦਾ ਹੈ ਪਰ ਸੌਵੇਂ ਵਰ੍ਹੇ ਨੂੰ ਸਾਧਾਰਨ ਵਰ੍ਹਾ ਸਮਝਿਆ ਜਾਏ, ਜਦ ਤਕ ਕਿ ਸਦੀ ਚਾਰ ਸੌ ਤੇ ਤਕਸੀਮ ਨਾ ਹੋ ਜਾਏ। ਇਸ ਤਰ੍ਹਾਂ 4, 8, 12 ਅਦਿ ਲੀਪ ਵਰ੍ਹੇ ਹਨ, 100, 200, 300 ਆਦਿ ਨਹੀਂ ਪਰ 400, 800 ਆਦਿ ਲੀਪ ਵਰ੍ਹੇ ਵੀ ਗਿਣੇ ਜਾਣਗੇ। ਗ੍ਰੈਗਰੀ ਦੇ ਇਸ ਸੁਧਾਰ ਦਾ ਐਲਾਨ 1582 ਈ. ਵਿਚ ਕੀਤਾ ਗਿਆ। ਇਸ ਕੈਲੰਡਰ ਦੀ ਰਚਨਾ ਏਲਾਇਸੀਅਸ ਲੀਲੀਅਸ (Aloysius Lilius) ਨਾਂ ਦੇ ਵਿਦਵਾਨ ਨੇ ਕੀਤੀ ਸੀ ਪਰ ਉਹ ਇਸ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਮਰ ਗਿਆ ਸੀ। ਇਸ ਦੀ ਪ੍ਰੋੜ੍ਹਤਾ ਲਈ ਸਾਰਾ ਹਿਸਾਬ ਕਿਤਾਬ ਲਗਾਉਣ ਅਤੇ ਇਸ ਨੂੰ ਪੂਰੀ ਤਰ੍ਹਾਂ ਸਮਝਾਉਣ ਦਾ ਸਿਹਰਾ ਕਲੇਵੀਅਸ (Clavius) ਦੇ ਸਿਰ ਹੈ। ਸੂਰਜੀ ਕੈਲੰਡਰ ਦੀ ਇਸ ਗ਼ਲਤੀ ਨੂੰ ਦੂਰ ਕਰਨ ਮਗਰੋਂ ਚੰਦਰਮਾ ਦੇ ਸਾਲ ਨੂੰ ਵੀ ਇਸ ਦੇ ਨਾਲ ਨਾਲ ਚਲਾਉਣ ਲਈ ਉਸ ਵਿਚ ਵੀ ਜ਼ਰੂਰੀ ਸੁਧਾਰ ਕੀਤੇ ਗਏ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਹਿਲਾਂ ਵਰ੍ਹੇ ਦਾ ਆਰੰਭ ਮਾਰਚ ਤੋਂ ਹੁੰਦਾ ਸੀ ਅਤੇ ਇਸ ਦਾ ਆਧਾਰ ਅੰਗਰੇਜ਼ੀ ਮਹੀਨਿਆਂ ਦੇ ਨਾਂ ਹਨ : ਸਤੰਬਰ (September) ਅਰਥਾਤ ਸੱਤਵਾਂ ਮਹੀਨਾ, ਅਕਤੂਬਰ (October) ਅਰਥਾਤ ਅੱਠਵਾਂ ਮਹੀਨਾ, ਦਸੰਬਰ (December) ਅਰਥਾਤ ਦਸਵਾਂ ਮਹੀਨਾ। ਪਰ ਹੁਣ ਜਨਵਰੀ ਤੋਂ ਹੀ ਸਭ ਥਾਈਂ ਗ੍ਰੈਗਰੀ ਸਾਲ ਦਾ ਆਰੰਭ ਹੁੰਦਾ ਹੈ ਤੇ ਪਹਿਲੀ ਜਨਵਰੀ ਨੂੰ ਨਵੇਂ ਵਰ੍ਹੇ ਦਾ ਦਿਨ ਕਿਹਾ ਜਾਂਦਾ ਹੈ। ਇਟਲੀ ਵਿਚ ਮਾਰਚ ਤੋਂ ਜਨਵਰੀ ਦੀ ਇਹ ਤਬਦੀਲੀ 153 ਈ. ਪੂ. ਵਿਚ ਹੋ ਗਈ ਸੀ। ਪੋਪ ਗ੍ਰੈਗਰੀ ਵਲੋਂ ਲਾਗੂ ਕੀਤੇ ਜਾਣ ਕਰਕੇ ਇਸ ਨੂੰ ਗ੍ਰੈਗਰੀ ਕੈਲੰਡਰ ਜਾਂ ਨੀਊ ਸਟਾਈਲ ਕਿਹਾ ਜਾਂਦਾ ਹੈ। ਇਸ ਨੂੰ ਈਸਵੀ ਸੰਮਤ ਵੀ ਕਿਹਾ ਜਾਂਦਾ ਹੈ। ਸਭ ਯੂਰਪੀ ਅਤੇ ਬਹੁਤ ਸਾਰੇ ਪੱਛਮੀ ਦੇਸ਼ਾਂ ਵਿਚ ਇਹ ਸੰਮਤ ਹੀ ਪ੍ਰਚਲਤ ਹੈ। ਭਾਰਤ ਵਿਚ ਵੀ ਤੇ ਅੰਗਰੇਜ਼ਾਂ ਦੇ ਅਧੀਨ ਰਹੇ ਹੋਰਨਾਂ ਦੇਸ਼ਾਂ ਵਿਚ ਇਸੇ ਸੰਮਤ ਦੀ ਮਾਨਤਾ ਰਹੀ ਹੈ।

          ਇਸ ਗ੍ਰੈਗਰੀ ਕੈਲੰਡਰ ਦਾ ਹਿਸਾਬ ਲਗਾਉਣ ਤੋਂ ਪਤਾ ਚਲਦਾ ਹੈ ਕਿ 3323 ਵਰ੍ਹਿਆਂ ਵਿਚ ਇਕ ਦਿਨ ਦਾ ਫ਼ਰਕ ਪੈਂਦਾ ਹੈ। ਇਸ ਫ਼ਰਕ ਨੂੰ ਦੂਰ ਕਰਨ ਲਈ ਇਹ ਸੁਝਾ ਦਿੱਤਾ ਗਿਆ ਹੈ ਕਿ ਹਰ 4000ਵਾਂ ਵਰ੍ਹਾ ਲੀਪ ਵਰ੍ਹਾ ਮੰਨਣ ਦੀ ਥਾਂ ਸਾਧਾਰਨ ਵਰ੍ਹਾ ਮੰਨਿਆ ਜਾਏ। ਇਸ ਤਰ੍ਹਾਂ ਹਰ ਚੌਥਾ ਵਰ੍ਹਾ ਲੀਪ ਵਰ੍ਹਾ ਹੈ, ਪਰ ਸਦੀ ਦਾ ਆਖਰੀ ਵਰ੍ਹਾ ਤਾਂ ਹੀ ਲੀਪ ਵਰ੍ਹਾ ਹੈ ਜੇ ਸਦੀ ਚਾਰ ਤੇ ਤਕਸੀਮ ਹੋੁ ਜਾਏ ਅਤੇ 4,000ਵਾਂ, 8,000ਵਾਂ 12,000ਵਾਂ ; 16,000ਵਾਂ ਆਦਿ ਸਾਧਾਰਨ ਵਰ੍ਹਾ ਹੀ ਹੈ। ਇਸ ਸੁਧਾਰ ਨਾਲ 200 ਸਦੀਆਂ ਪਿਛੋਂ ਵੀ ਇਕ ਦਿਨ ਤੋਂ ਵਧੇਰੇ ਫ਼ਰਕ ਨਹੀਂ ਪਵੇਗਾ। ਲੋੜ ਅਨੁਸਾਰ ਉਸ ਸਮੇਂ ਇਸ ਫ਼ਰਕ ਨੂੰ ਦੂਰ ਕੀਤਾ ਜਾ ਸਕੇਗਾ।

          ਸਭ ਰਾਜਸੀ ਅਤੇ ਸਮਾਜਿਕ ਉਦੇਸ਼ਾਂ ਲਈ ਤਾਂ ਸੂਰਜੀ ਕੈਲੰਡਰ ਦੀ ਵਰਤੋਂ ਹੁੰਦੀ ਹੈ ਪਰ ਧਾਰਮਿਕ ਮੰਤਵਾਂ ਲਈ ਚੰਦਰਮਾ ਦੇ ਕੈਲੰਡਰ ਦੀ ਹੀ ਮਾਨਤਾ ਹੈ, ਜਿਸਦਾ ਤਾਲਮੇਲ ਸੂਰਜੀ ਕੈਲੰਡਰ ਨਾਲ ਰੱਖਿਆ ਜਾਂਦਾ ਹੈ। ਇਸੇ ਕਰਕੇ ਮੁੱਖ ਈਸਾਈ ਤਿਉਹਾਰ ਈਸਟਰ ਸਦਾ ਇੱਕੋ ਤਾਰੀਖ ਨੂੰ ਨਹੀਂ ਪੈਦਾ ਸਗੋਂ ਬਦਲਦਾ ਰਹਿੰਦਾ ਹੈ। ਚੰਦਰਮਾ ਦੀ ਕਲਾ ਦੇ ਮੁਤਾਬਕ ਇਹ 22 ਮਾਰਚ ਤੋਂ ਲੈ ਕੇ 25 ਅਪ੍ਰੈਲ ਤਕ ਕਦੇ ਵੀ ਹੋ ਸਕਦਾ ਹੈ।

          ਸਾਰੇ ਹੀ ਸੰਸਾਰ ਵਿਚ ਸਾਲ ਨੂੰ ਗਿਣਨ ਦੀ ਲਗਭਗ ਇਹੋ ਪਰਪਰਾ ਚਲਦੀ ਹੈ ਭਾਵੇਂ ਸਾਲ ਦੇ ਸ਼ੁਰੂ ਹੋਣ ਦੇ ਸਮੇਂ ਅਤੇ ਇਸ ਦੀ ਮਹੀਨਿਆਂ ਤੇ ਹਫ਼ਤਿਆਂ ਵਿਚ ਕੀਤੀ ਵੰਡ ਬਾਰੇ ਫ਼ਰਕ ਨਜ਼ਰ ਆਉਂਦਾ ਹੈ। ਇਹ ਮੰਨੀ ਪਰਮੰਨੀ ਗੱਲ ਹੈ ਕਿ ਬਹੁਤ ਪੁਰਾਣੇ ਸਮੇਂ ਵਿਚ ਜਦ ਵਕਤ ਨੂੰ ਇਸ ਤਰ੍ਹਾਂ ਵਰ੍ਹਿਆਂ ਆਦਿ ਵਿਚ ਨਹੀਂ ਸੀ ਬੰਨ੍ਹਿਆ ਗਿਆ, ਸਮੇਂ ਦਾ ਹਿਸਾਬ ਮੌਸਮ ਨਾਲ ਅਤੇ ਕਿਸੇ ਮੁੱਖ ਘਟਨਾ ਨਾਲ ਜੋੜ ਕੇ ਲਗਾਇਆ ਜਾਂਦਾ ਸੀ। ਅੱਜਕ੍ਹਲ ਵੀ ਕਦੇ ਕਦੇ ਪਿੰਡਾਂ ਵਿਚ ਇਸੇ ਤਰ੍ਹਾਂ ਦਾ ਹਿਸਾਬ ਸੁਣਨ ਵਿਚ ਆਉਂਦਾ ਹੈ। ਕਿਸੇ ਦੀ ਉਮਰ ਪੁੱਛਣ ਤੇ ਉਹ ਦੱਸਦਾ ਹੈ ਕਿ ਜਦ ਹੜ੍ਹ ਆਇਆ ਸੀ, ਉਦੋਂ ਉਹ ਦਸਾਂ ਵਰ੍ਹਿਆਂ ਦਾ ਸੀ। ਜੇ ਕਿਸੇ ਨੂੰ ਪੁੱਛੋ ਕਿ ਉਸ ਨੇ ਮਕਾਨ ਕਦੋਂ ਬਣਾਇਆ ਸੀ ਤਾਂ ਉਹ ਦਸਦਾ ਹੈ ਕਿ ਜਦੋਂ ਟਿੱਡੀ-ਦਲ ਆਇਆ ਸੀ ਉਦੋਂ ਮਕਾਨ ਦੀ ਨੀਂਹ ਰੱਖੀ ਜਾ ਰਹੀ ਸੀ। ਕਿਸੇ ਨੂੰ ਆਪਣੇ ਵਿਆਹ ਦੀ ਤਾਰੀਖ਼ ਪੁੱਛੋ ਤਾਂ ਉਹ ਦਸਦਾ ਹੈ ਕਿ ਜਦ ਪਿੰਡ ਵਿਚ ਰੇਲ ਦੀ ਪਟੜੀ ਵਿਛੀ ਸੀ ਉਦੋਂ ਉਹ ਮਕਲਾਵਾ ਲੈਣ ਗਿਆ ਸੀ, ਆਦਿ ਆਦਿ। ਬਸੰਤ, ਗਰਮੀ, ਵਰਖਾ, ਪਤਝੜ, ਸਰਦੀ ਆਦਿ ਮੌਸਮਾਂ ਦਾ ਜ਼ਿਕਰ ਵੀ ਇਸੇ ਤਰ੍ਹਾਂ ਸਮੇਂ ਦਾ ਹਿਸਾਬ ਲਗਾਉਣ ਵਿਚ ਕੀਤਾ ਜਾਂਦਾ ਹੈ। ਸੰਸਕ੍ਰਿਤ ਦੇ ਸ਼ਲੋਕ ਵਿਚ ਰੱਬ ਤੋਂ ਇਹੀ ਵਰਦਾਨ ਮੰਗਿਆ ਜਾਂਦਾ ਹੈ ਕਿ ਅਸੀਂ ਸੌ ਸਰਦੀਆਂ ਵੇਖੀਏ, ਸੌ ਸਰਦੀਆਂ ਜੀਵੀਏ, ਸੌ ਸਰਦੀਆਂ ਬਿਨਾਂ ਕਸ਼ਟ ਅਤੇ ਦੁਖ ਤੋਂ ਕੱਟੀਏ, ਆਦਿ। ਸੰਸਕ੍ਰਿਤ ਸ਼ਬਦ ‘ਵਰਸ਼’ (वर्ष) ਅਰਥ ‘ਸਾਲ’ ਹੈ ਅਤੇ ਇਸ ਦਾ ਸਬੰਧ ਵੀ ਵਰਖਾ ਦੇ ਮੌਸਮ ਨਾਲ ਹੈ। ਕਿਉਂਕਿ ਵਰਖਾ ਦੇ ਮੌਸਮ ਵਿਚ ਜੀਵਨ ਦੀਆਂ ਸਰਗਰਮੀਆਂ ਬਹੁਤ ਘੱਟ ਜਾਂਦੀਆਂ ਹਨ ਅਤੇ ਜਿੱਥੇ ਠੀਕ ਸੜਕਾਂ ਆਦਿ ਨਾ ਹੋਣ, ਉਥੇ ਆਉਣ-ਜਾਣਾ ਵੀ ਔਖਾ ਹੋ ਜਾਂਦਾ ਹੈ, ਇਸ ਲਈ ਇਸ ਮੌਸਮ ਨੂੰ ਆਰਾਮ ਨਾਲ ਬਹਿ ਕੇ ਸਾਲ ਭਰ ਦਾ ਲੇਖਾ-ਜੋਖਾ ਲਗਾਉਣ ਲਈ ਵਰਤਿਆ ਜਾਂਦਾ ਸੀ। ਇਸੇ ਤੋਂ ‘ਵਰਸ਼’ ਨੇ ਸਾਲ ਦਾ ਅਰਥ ਧਾਰਨ ਕਰ ਲਿਆ। ਪਿੰਡ ਵਿਚ ਬਾਜ਼ਾਰ ਲੱਗਣ ਦੇ ਦਿਨ ਨੂੰ ਕਾਫ਼ੀ ਮਹੱਤਵ ਦੀ ਘਟਨਾ ਸਮਝਿਆ ਜਾਂਦਾ ਰਿਹਾ ਹੈ ਤੇ ਉਸਦੇ ਸਬੰਧ ਤੋਂ ਵੀ ਸਮੇਂ ਦੀ ਗਿਣਤੀ ਹੁੰਦੀ ਰਹੀ ਹੈ। ਸੱਤਾਂ ਦੀ ਜਗ੍ਹਾ ਅੱਠਾਂ ਦਿਨਾਂ ਦਾ ਹਫ਼ਤਾ ਵੀ ਰੋਮ ਵਿਚ ਚਲਦਾ ਰਿਹਾ ਹੈ, ਜਿਨ੍ਹਾਂ ਦੇ ਨਾਂ ਅੱਜਕਲ੍ਹ ਦੇ ਉਸ ਕਿਸਮ ਦੇ ਕੈਲੰਡਰਾਂ ਵਿਚ ਰੋਮਨ ਲਿਪੀ ਦੇ ਪਹਿਲੇ ਅੱਠ ਅੱਖਰਾਂ ਅਰਥਾਤ ਏ (A) ਤੋਂ ਐਚ (H) ਰਾਹੀਂ ਪ੍ਰਗਟ ਕੀਤੇ ਜਾਂਦੇ ਹਨ। ਚੀਨ ਵਿਚ ਸੱਤ ਦਿਨਾਂ ਦੀ ਕੋਈ ਵੰਡ ਨਹੀਂ ਹੈ, ਸਗੋਂ ਦਸ ਦਿਨਾਂ ਦੀ ਹੈ। ਪਰ ਭਾਰਤ ਵਿਚ ਗ੍ਰੈਗਰੀ ਕੈਲੰਡਰ ਵਾਂਗ ਹੀ ਸੱਤਾਂ ਦਿਨਾਂ ਦਾ ਹਫ਼ਤਾ ਅਤੇ ਬਾਰ੍ਹਾਂ ਮਹੀਨਿਆਂ ਦਾ ਵਰ੍ਹਾ ਹੈ।

          ਭਾਰਤ ਵਿਚ ਦੋ ਸੰਮਤ ਮੁੱਖ ਤੌਰ ਤੇ ਚਲ ਦੇ ਹਨ : ਬਿਕ੍ਰਮੀ ਅਤੇ ਸ਼ਕ। ਜਿਵੇਂ ਕਿ ਉੱਪਰ ਲਿਖਿਆ ਜਾ ਚੁੱਕਾ ਹੈ ਬਿਕ੍ਰਮੀ ਸੰਮਤ ਦਾ ਆਰੰਭ 57 ਈ. ਪੂ. ਵਿਚ ਰਾਜਾ ਬਿਕ੍ਰਮਾਦਿੱਤ ਦੇ ਨਾਂ ਤੇ ਹੋਇਆ ਸੀ। ਸ਼ਕ ਸੰਮਤ ਸ਼ਕ ਜਾਤੀ ਦੇ ਰਾਜੇ ਸਲਵਾਨ (ਸਾਲਿਵਾਹਨ) ਨੇ ਸੰਨ 78 ਈ. ਵਿਚ ਸ਼ੁਰੂ ਕੀਤਾ ਸੀ। ਮਹਾਭਾਰਤ ਵਿਚ ਲਿਖਿਆ ਹੈ ਕਿ ਸ਼ਕ ਜਾਤੀ ਵਸ਼ਿਸ਼ਠ ਦੀ ਗਊ ਦੇ ਪਸੀਨੇ ਤੋਂ ਪੈਦਾ ਹੋਈ ਇਕ ਗੋਰੀ ਜਾਤੀ ਹੈ ਪਰ ਇਸਦੀ ਗਿਣਤੀ ਮਲੇਛਾਂ ਵਿਚ ਹੀ ਹੁੰਦੀ ਹੈ। ਉੱਤਰੀ ਭਾਰਤ ਵਿਚ ਬਿਕ੍ਰਮੀ ਸੰਮਤ ਹੀ ਵਧੇਰੇ ਚਲਦ ਹੈ ਪਰ ਦੱਖਣੀ ਭਾਰਤ ਵਿਚ ਸ਼ਕ ਸੰਮਤ ਦੀ ਮਾਨਤਾ ਵਧੇਰੇ ਹੈ। ਦੋਹਾਂ ਸੰਮਤਾਂ ਦੇ ਮਹੀਨਿਆਂ ਦੇ ਨਾਂ ਅਤੇ ਆਰੰਭ ਹੋਣ ਜਾਂ ਸਮਾਂ ਵੀ ਇੱਕੋ ਹੈ ਅਤੇ ਵਰ੍ਹੇ ਦਾ ਹਿਸਾਬ ਵੀ ਉਸੇ ਤਰ੍ਹਾਂ ਲਗਦਾ ਹੈ। ਸੂਰਜ ਦੇ ਇਕ ਰਾਸ਼ੀ ਵਿਚ ਪਰਵੇਸ਼ ਕਰਨ ਤੋਂ ਲੈ ਕੇ ਦੂਜੀ ਰਾਸ਼ੀ ਵਿਚ ਪਰਵੇਸ਼ ਕਰਨ ਦੇ ਸਮੇਂ ਤਕ ਇਕ ਮਹੀਨਾ ਹੁੰਦਾ ਹੈ ਅਤੇ ਸੂਰਜ ਦੇ ਰਾਸ਼ੀ ਬਦਲਨ ਦੇ ਸਮੇਂ ਸੰਗਰਾਂਦ ਕਹਿੰਦੇ ਹਨ, ਇਸ ਲਈ ਹਰ ਮਹੀਨੇ ਦਾ ਆਰੰਭ ਸੰਗਰਾਂਦ ਹੁੰਦੀ ਹੈ। ਇਕ ਇਕ ਰਾਸ਼ੀ ਦਾ ਇਕ ਇਕ ਮਹੀਨਾ ਹੈ ਅਤੇ ਬਾਰ੍ਹਾਂ ਰਾਸ਼ੀਆਂ ਦੇ ਬਾਰ੍ਹਾਂ ਮਹੀਨੇ। ਕਿਤੇ ਕਿਤੇ ਰਾਸ਼ੀਆਂ ਦੇ ਨਾਂ ਜਾਂ ਉਨ੍ਹਾਂ ਨਾਵਾਂ ਦੇ ਕੁਝ ਬਦਲੇ ਹੋਏ ਰੂਪ ਹੀ ਮਹੀਨਿਆਂ ਦੇ ਨਾਵਾਂ ਦੇ ਤੌਰ ਤੇ ਵਰਤੇ ਜਾਂਦੇ ਹਨ। ਪਰ ਜਿਹੜੇ ਨਾਂ ਵਧੇਰੇ ਚਲਦੇ ਹਨ, ਉਹ ਇਹ ਹਨ : 1. ਚੇਤ੍ਰ; 2. ਵੈਸ਼ਾਖ, 3. ਜਯੇਸ਼ਠ, 4. ਆਸ਼ਾੜ੍ਹ, 5. ਸ਼੍ਰਾਵਣ, 6. ਭਾਦ੍ਰਪਦ, 7. ਆਸ਼ਿPਨ ਜਾਂ ਅਸ਼ਵਯੁਜ, 8. ਕਾਰਤਿਕ, 9. ਮਾਰਗਸ਼ਿਰ ਜਾਂ ਮਾਰਗਸ਼ੀਰਸ਼ ਜਾਂ ਆਗ੍ਰਾਹਯਣ, 10. ਪੌਸ਼, 11. ਮਾਘ ਅਤੇ 12. ਫਾਲਗੁਣ। ਹਰ ਖੇਤਰ  ਵਿਚ ਆਪਣੀ ਆਪਣੀ ਬੋਲੀ ਅਤੇ ਸਹੂਲਤ ਮੁਤਾਬਕ ਇਨ੍ਹਾਂ ਨਾਵਾਂ ਵਿਚ ਵੀ ਥੋੜ੍ਹਾ ਬਹੁਤ ਫ਼ਰਕ ਮਿਲਦਾ ਹੈ ਜਿਵੇਂ ਪੰਜਾਬੀ ਵਿਚ ਇਹੋ 12 ਨਾਂ ਇਸ ਤਰ੍ਹਾਂ ਮਿਲਦੇ ਹਨ : ਚੇਤ ਜਾਂ ਖੇਤਰ, ਵਿਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ। ਜਿੱਥੇ ਰਾਸ਼ਟਰੀ ਉਤਸਵ ਅਤੇ ਸੰਗਰਾਂਦ ਨਾਲ ਸਬੰਧਤ ਲੋਹੜੀ, ਵਿਸਾਖੀ ਆਦਿ ਤਿਉਹਾਰ ਸੂਰਜੀ ਕੈਲੰਡਰ ਦੇ ਮੁਤਾਬਕ ਮਨਾਏ ਜਾਂਦੇ ਹਨ, ਉਥੇ ਬਹੁਤ ਸਾਰੇ ਧਾਰਮਿਕ ਤਿਉਹਾਰ ਅਤੇ ਧਾਰਮਿਕ ਗੁਰੂਆਂ ਦੇ ਜਨਮ ਦਿਨ ਆਦਿ ਚੰਦਰਮਾ ਦੇ ਹਿਸਾਬ ਨਾਲ ਹੀ ਮਨਾਏ ਜਾਂਦੇ ਹਨ, ਇਸੇ ਲਈ ਇਨ੍ਹਾਂ ਵਿਚ 20-21 ਦਿਨ ਤਕ ਦਾ ਹੇਰ ਫੇਰ ਵੇਖਣ ਨੂੰ ਮਿਲਦਾ ਹੀ ਰਹਿੰਦਾ ਹੈ। ਕਿਸੇ ਸ਼ੁਭ ਕੰਮ, ਯਾਤਰਾ ਆਦਿ ਦਾ ਮਹੂਰਤ ਵੀ ਚੰਦਰਮਾ ਦੇ ਹਿਸਾਬ ਨਾਲ ਹੀ ਲਗਾਇਆ ਜਾਂਦਾ ਹੈ। ਉੱਤਰੀ ਭਾਰਤ ਵਿਚ ਭਾਵੇਂ ਬਿਕ੍ਰਮੀ ਸੰਮਤ ਹੀ ਚਲਦਾ ਹੈ, ਪਰ ਸੁਤੰਤਰਤਾ ਤੋਂ ਪਿੱਛੋਂ ਭਾਰਤ ਨੇ ਆਪਣਾ ਰਾਸ਼ਟਰੀ ਕੈਲੰਡਰ ਬਣਾਉਣ ਦੀ ਸਮੱਸਿਆ ਨੂੰ ਹਲ ਕਰਨ ਲਈ ਕੈਲੰਡਰ ਸੁਧਾਰ ਕਮੇਟੀ ਕਾਇਮ ਕੀਤੀ ਜਿਸ ਨੇ ਸ਼ਕ ਸੰਮਤ ਨੂੰ ਹੀ ਰਾਸ਼ਟਰੀ ਸੰਮਤ ਦੇ ਰੂਪ ਵਿਚ ਪਰਵਾਨ ਕੀਤਾ ਹੈ। ਗ੍ਰੈਗਰੀ ਕੈਲੰਡਰ ਅਤੇ ਸ਼ਕ ਸੰਮਤ ਵਿਚ ਜਿਹੜਾ ਫ਼ਰਕ ਸੀ, ਉਸ ਨੂੰ ਦੂਰ ਕਰਕੇ ਹੁਣ ਸ਼ਕ ਸੰਮਤ ਦਾ ਆਰੰਭ ਲੀਪ ਦੇ ਸਾਲ 21 ਮਾਰਚ ਨੂੰ ਅਤੇ ਸਾਧਾਰਨ ਵਰ੍ਹੇ ਵਿਚ 22 ਮਾਰਚ ਨੂੰ ਕੀਤਾ ਜਾਂਦਾ ਹੈ। ਇਸ ਫ਼ਰਕ ਦਾ ਕਾਰਨ ਇਹ ਸੀ ਕਿ ਭਾਰਤੀ ਗਿਣਤੀ ਦੇ ਮੁਤਾਬਕ ਸਾਲ ਨੂੰ 365 ਦਿਨ, 6 ਘੰਟੇ, 12 ਮਿੰਟ ਅਤੇ 30 ਸੈਕੰਡ ਦਾ ਮੰਨਿਆ ਜਾਂਦਾ ਹੈ, ਜਿਹੜਾ ਪੱਛਮੀ ਹਿਸਾਬ ਨਾਲੋਂ 23 ਮਿੰਟ, 44 ਸੈਕੰਡ ਵਧੇਰੇ ਹੈ। ਇਸੇ ਨੇ ਸਦੀਆਂ ਵਿਚ ਕਈ ਦਿਨਾਂ ਦਾ ਫ਼ਰਕ ਪਾ ਦਿੱਤਾ ਸੀ।

          ਮੁਸਲਿਮ ਸੰਮਤ, ਜਿਸਨੂੰ ਹਿਜਰੀ ਸੰਮਤ ਕਿਹਾ ਜਾਂਦਾ ਹੈ, ਬਾਕੀਆਂ ਨਾਲੋਂ ਕੁਝ ਨਵੇਕਲਾ ਹੈ, ਕਿਉਂਕਿ ਇਹ ਸਿਰਫ਼ ਚੰਦਰਮਾ ਦੀ ਚਾਤ ਤੇ ਹੀ ਆਧਾਰਤ ਹੈ। ਧਰਤੀ ਦੀ ਗਰਦਿਸ਼ ਨਾਲ ਇਸਦਾ ਕੋਈ ਸਬੰਧ ਨਹੀਂ ਹੈ। ਚੰਦਰਮਾ ਦੀਆਂ ਬਾਰ੍ਹਾਂ ਗਰਦਿਸ਼ਾਂ ਦਾ ਇਕ ਸਾਲ ਮੰਨਿਆ ਜਾਂਦਾ ਹੈ ਤੇ ਇਕ ਗਰਦਿਸ਼ ਨੂੰ ਇਕ ਮਹੀਨਾ। ਮਹੀਨਿਆਂ ਦੇ ਨਾਂ ਇਸ ਤਰ੍ਹਾਂ ਹਨ : ਮੁਹੱਰਮ, ਸਫ਼ਰ, ਰਬੀਉਲਅੱਵਲ, ਰਬੀਉਲਸਾੱਨੀ, ਜਮਾਦੀਉਲਅੱਵਲ, ਜਮਾਂਦੀਉਲਸਾੱਨੀ, ਰਜਬ, ਸ਼ਾਬਾਨ, ਰਮਜ਼ਾਨ, ਸ਼ੱਵਾਲ, ਜ਼ਿਕਾਅਦ ਅਤੇ ਜ਼ਿਲਹੱਜ। ਰਬੀਉੱਲਅੱਵਲ ਵਾਸਤੇ ‘ਬਾਰੇ ਵਫ਼ਾਤ’ ਦੀ ਵਰਤੋਂ ਵੀ ਭਾਰਤ ਵਿਚ ਮਿਲਦੀ ਹੈ। ਇਨ੍ਹਾਂ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ, ਸਗੋਂ ਚੰਦਰਮਾ ਦੀ ਗਰਦਿਸ਼ ਦੇ ਹਿਸਾਬ ਨਾਲ ਘਟਦੀ-ਵਧਦੀ ਰਹਿੰਦੀ ਹੈ। ਜਦ ਵੀ ਨਵਾਂ ਚੰਦਰਮਾ ਦਿਖਾਈ ਦਿੰਦਾ ਹੈ ਉਦੋਂ ਤੋਂ ਹੀ ਅਗਲਾ ਮਹੀਨਾ ਸ਼ੁਰੂ ਹੋ ਜਾਏਗਾ। ਇਹ 29 ਦਿਨਾਂ ਮਗਰੋਂ ਵੀ ਹੋ ਸਕਦਾ ਹੈ ਅਤੇ 30 ਦਿਨਾਂ ਮਗਰੋਂ ਵੀ। ਇਸ ਤਰ੍ਹਾਂ ਇਕ ਸਾਲ ਵਿਚ ਅਕਸਰ 354 ਦਿਨਾਂ ਮਗਰੋਂ ਵੀ। ਇਸ ਤਰ੍ਹਾਂ ਇਕ ਸਾਲ ਵਿਚ ਅਕਸਰ 354 ਦਿਨ ਹੁੰਦੇ ਸਨ ਪਰ ਕਿਉਂਕਿ ਚੰਦਰਮਾ ਦੀ ਗਰਦਿਸ਼ ਦਾ ਔਸਤ ਸਮਾਂ 29 ½  ਦਿਨਾਂ ਤੋਂ ਕੁਝ ਵਧੇਰੇ ਹੈ, ਇਸ ਲਈ ਕਦੇ ਕਦੇ 12 ਗਰਦਿਸ਼ਾਂ ਨੂੰ 354 ਦੀ ਬਜਾਏ 355 ਦਿਨ ਵੀ ਲਗ ਜਾਂਦੇ ਹਨ। ਰਮਜ਼ਾਨ ਦਾ ਮਹੀਨਾ ਸਾਰੇ ਇਸਲਾਮ ਵਿਚ ਵਰਤਾਂ (ਰੋਜ਼ਿਆਂ) ਦਾ ਮਹੀਨਾ ਮਨਾਇਆ ਜਾਂਦਾ ਹੈ। ਕਿਉਂਕਿ ਇਹ ਸੰਮਤ ਸਿਰਫ਼ ਚੰਦਰਮਾ ਤੇ ਆਧਾਰਤ ਹੈ ਅਤੇ ਸੂਰਜੀ ਸੰਮਤ ਨਾਲ ਇਸ ਦਾ ਤਾਲਮੇਲ ਨਹੀਂ ਰੱਖਿਆ ਜਾਂਦਾ ਇਸ ਲਈ ਇਸ ਦੇ ਮਹੀਨਿਆਂ ਦਾ ਮੌਸਮ ਹਰ ਸਾਲ ਲਗਭਗ 11 ਦਿਨ ਪੱਛੜ ਜਾਂਦਾ ਹੈ। ਜੇ ਰਮਜ਼ਾਨ ਦਾ ਵਰਤਾਂ ਦਾ ਮਹੀਨਾ ਇਸ ਸਾਲ ਮਾਰਚ ਵਿਚ ਪੈਂਦਾ ਹੈ ਤਾਂ ਤਿੰਨ ਸਾਲ ਮਗਰੋਂ ਇਹ ਫ਼ਰਵਰੀ ਵਿਚ ਹੀ ਆ ਜਾਏਗਾ। ਜਿਸ ਦਿਨ ਹਜ਼ਰਤ ਮੁਹੰਮਦ ਸਾਹਿਬ ਮੱਕਾ ਛੱਡ ਕੇ ਮਦੀਨੇ ਗਏ ਸਨ, ਉਸ ਤੋਂ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ ਨੂੰ ਇਸ ਦਾ ਆਰੰਭ ਕੀਤਾ ਗਿਆ ਸੀ। ਇਹ ਦਿਨ ਈਸਵੀ ਸੰਨ ਦੇ ਮੁਤਾਬਕ 16 ਜੁਲਾਈ 622 ਈ. ਸੀ। ਕਿਉਂਕਿ ਇਸ ਸੰਮਤ ਦਾ ਵਰ੍ਹਾ ਬਾਕੀ ਦੇ ਸੰਮਤਾਂ ਦੋ ਵਰ੍ਹਿਆਂ ਨਾਲੋਂ ਲਗਭਗ 11 ਦਿਨ ਛੋਟਾ ਹੈ, ਇਸ ਲਈ ਹਰ 32 ½  ਵਰ੍ਹਿਆਂ ਵਿਚੋਂ ਇਹ ਲਗਭਗ ਇਕ ਸਾਲ ਵਧ ਜਾਂਦਾ ਹੈ। ਜੇ ਇਹ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇਕ ਦਿਨ ਆਏਗਾ, ਜਦੋਂ ਇਹ ਸੰਮਤ ਸਭ ਤੋਂ ਅੱਗੇ ਵਧ ਜਾਏਗਾ।

ਭਾਰਤ ਵਿਚ ਪ੍ਰਚਲਤ ਸੰਮਤ

          ਭਾਰਤਵਰਸ਼ ਦੇ ਭਿੰਨ ਭਿੰਨ ਭਾਗਾਂ ਅੰਦਰ ਸਮੇਂ ਸਮੇਂ ਭਿੰਨ ਭਿੰਨ ਸੰਮਤ ਚਾਲੂ ਰਹੇ ਜਿਨ੍ਹਾਂ ਦਾ ਹਾਲ ਜਾਣਨਾ ਖੋਜੀਆਂ ਤੇ ਵਿਦਵਾਨਾਂ ਲਈ ਜ਼ਰੂਰੀ ਹੈ।

          1.       ਸਪਤਰਿਸ਼ੀ ਸੰਮਤ––ਸਪਤਰਿਸ਼ੀ ਸੰਮਤ ਨੂੰ ਲੌਕਿਕਕਾਲ, ਲੌਕਿਕ ਸੰਮਤ, ਸ਼ਾਸਤਰ ਸੰਮਤ, ਪਹਾੜੀ ਸੰਮਤ ਜਾਂ ਕੱਚਾ ਸੰਮਤ ਵੀ ਕਹਿੰਦੇ ਹਨ। ਇਹ ਸੰਮਤ 2700 ਵਰ੍ਹਿਆਂ ਦਾ ਇਕ ਫ਼ਰਜ਼ੀ ਚੱਕਰ ਹੈ ਜਿਸਦੇ ਬਾਰੇ ਇਹ ਮੰਨ ਲਿਆ ਗਿਆ ਹੈ ਕਿ ਸਪਤਰਿਸ਼ੀ ਨਾਂ ਦੇ ਸੱਤ ਤਾਰੇ ਅਸ਼ਵਿਨੀ ਤੋਂ ਰੇਵਤੀ ਤਕ 27 ਨਕਸ਼ੱਤਰਾਂ ਵਿਚੋਂ ਹਰ ਇਕ ਉੱਤੇ ਵਾਰੀ ਵਾਰੀ ਸੌ-ਸੌ ਵਰ੍ਹਿਆਂ ਤਕ ਰਹਿੰਦੇ ਹਨ। 2700 ਵਰ੍ਹਿਆਂ ਵਿਚ ਇਕ ਚੱਕਰ ਪੂਰਾ ਹੋ ਕੇ ਦੂਜਾ ਚੱਕਰ ਆਰੰਭ ਹੁੰਦਾ ਹੈ। ਜਿਥੇ ਜਿਥੇ ਇਹ ਸੰਮਤ ਚਾਲੂ ਰਿਹਾ ਹੈ ਜਾਂ ਹੈ, ਉਥੇ ਨਕਸ਼ੱਤਰ ਦਾ ਨਾਂ ਨਹੀਂ ਲਿਖਿਆ ਜਾਂਦਾ। ਕੇਵਲ ਇਕ ਤੋਂ 100 ਤਕ ਵਰ੍ਹੇ ਲਿਖੇ ਜਾਂਦੇ ਹਨ। 100 ਵਰ੍ਹੇ ਪੂਰੇ ਹੋਣ ਤੋਂ ਬਾਅਦ ਸਦੀ ਦਾ ਅੰਕ ਛੱਡ ਕੇ ਫਿਰ ਇਕ ਤੋਂ ਸ਼ੁਰੂ ਕਰਕੇ ਹਨ। ਕਸ਼ਮੀਰ ਦੇ ਪੰਚਾਂਗ ਅਤੇ ਕਈ ਇਕ ਪੁਸਤਕਾਂ ਵਿਚ ਕਿਤੇ ਕਿਤੇ ਆਰੰਭ ਦੇ ਹੀ ਵਰਸ਼ ਲਿਖੇ ਹੋਏ ਮਿਲਦੇ ਹਨ। ਕਸ਼ਮੀਰ ਵਾਲੇ ਇਸ ਸੰਮਤ ਦਾ ਆਰੰਭ ਕਲਜੁਗ ਦੇ 25 ਵਰ੍ਹੇ ਪੂਰੇ ਹੋਣ ਤੋਂ (26ਵੇਂ ਵਰ੍ਹੇ ਤੋਂ) ਮੰਨਦੇ ਹਨ। ਪਰੰਤੂ ਪੁਰਾਣ ਅਤੇ ਜੋਤਿਸ਼ ਦੇ ਗਰੰਥਾਂ ਵਿਚ ਇਸ ਦਾ ਪ੍ਰਚਾਰ ਕਲਜੁਗ ਤੋਂ ਪਹਿਲਾਂ ਹੋਣਾ ਮੰਨਿਆ ਗਿਆ ਹੈ।

          ਸਪਤਰਿਸ਼ੀ ਸੰਮਤ ਦਾ ਆਰੰਭ ਚੈਤ੍ਰ (ਚੇਤ) ਸ਼ੁਕਲ 1 ਤੋਂ ਹੁੰਦਾ ਹੈ ਅਤੇ ਇਸ ਦੇ ਮਹੀਨੇ ਪੂਰਨਮਾਸ਼ੀ ਤੋਂ ਦੂਜੀ ਪੂਰਨਮਾਸ਼ੀ ਤਕ ਦੇ ਹਿਸਾਬ ਵਾਲੇ ਹਨ। ਇਸ ਸੰਮਤ ਦੇ ਵਰ੍ਹੇ ਆਮ ਕਰਕੇ ਵਰਤਮਾਨ ਹੀ ਲਿਖੇ ਜਾਂਦੇ ਹਨ। ਪੁਰਾਣੇ ਜ਼ਮਾਨੇ ਵਿਚ ਇਸ ਸੰਮਤ ਦਾ ਪ੍ਰਚਾਰ ਕਸ਼ਮੀਰ ਅਤੇ ਪੰਜਾਬ ਅੰਦਰ ਸੀ ਪਰੰਤੂ ਅਜਕਲ੍ਹ ਕੇਵਲ ਕਸ਼ਮੀਰ ਤੇ ਉਸ ਦੇ ਆਸ ਪਾਸ ਦੇ ਪਹਾੜੀ ਇਲਾਕਿਆਂ ਵਿਚ ਹੀ ਅਤੇ ਵਿਸ਼ੇਸ਼ ਕਰ ਜੋਤਸ਼ੀਆਂ ਵਿਚ ਰਹਿ ਗਿਆ ਹੈ।

          2.       ਕਲਜੁਗ ਸੰਮਤ––ਕਲਜੁਗ ਸੰਮਤ ਨੂੰ ਮਹਾ ਭਾਰਤ ਯੁਧ-ਸੰਵਤ ਅਤੇ ਯੁਧਿਸ਼ਠਿਰ-ਸੰਮਤ ਵੀ ਕਹਿੰਦੇ ਹਨ। ਇਸ ਸੰਮਤ ਦੀ ਵਿਸ਼ੇਸ਼ ਵਰਤੋਂ ਜੋਤਿਸ਼ ਦੇ ਗਰੰਥਾਂ ਅਤੇ ਪੰਚਾਂਗਾਂ ਵਿਚ ਹੁੰਦੀ ਹੈ ਤਾਂ ਵੀ ਸ਼ਿਲਾਲੇਖਾਂ ਆਦਿ ਵਿਚ ਵੀ ਕਿਤੇ ਕਿਤੇ ਇਸ ਵਿਚ ਦਿੱਤੇ ਹੋਏ ਵਰ੍ਹੇ ਮਿਲਦੇ ਹਨ। ਇਸ ਦਾ ਆਰੰਭ ਈ. ਪੂ. 3102 ਤਾਰੀਖ 18 ਫਰਵਰੀ ਦੀ ਸਵੇਰ ਤੋਂ ਮੰਨਿਆ ਜਾਂਦਾ ਹੈ। ਚੈਤ੍ਰਾਦਿ (ਚੇਤ ਆਦਿ) ਬਿਕ੍ਰਮ ਸੰਮਤ 1975 (ਗਤ) ਅਤੇ ਸ਼ਕ ਸੰਮਤ 1840 (ਗਤ) ਦੇ ਪੰਚਾਂਗ ਵਿਚ ਗਤਕਲਿ 5019 ਲਿਖਿਆ ਹੈ। ਇਸ ਹਿਸਾਬ ਤੋਂ ਚੈਤ੍ਰਾਦਿ ਗਤ ਬਿਕ੍ਰਮ ਸੰਮਤ ਵਿਚ 3044(=50198––1975), ਗਤ ਸ਼ਕ ਸੰਮਤ ਵਿਚ 3179(=5019-1840) ਅਤੇ ਈ. ਸੰਨ ਵਿਚ 3101 ਜੋੜਨ ਨਾਲ ਗਤ ਕਲਜੁਗ ਸੰਮਤ ਆਉਂਦਾ ਹੈ।

          3.       ਵੀਰ ਨਿਰਵਾਣ ਸੰਮਤ––ਜੈਨੀਆਂ ਦੇ ਆਖਰੀ ਤੀਰਥੰਕਰ ਮਹਾਂ ਵੀਰ (ਵੀਰ ਵਰਧਮਾਨ) ਦੇ ਨਿਰਵਾਣ (ਮੁਕਤੀ) ਤੋਂ ਜਿਹੜਾ ਸੰਮਤ ਮੰਨਿਆ ਜਾਂਦਾ ਹੈ ਉਸਨੂੰ ਵੀਰ ਨਿਰਵਾਣ ਸੰਮਤ ਕਹਿੰਦੇ ਹਨ। ਉਸਦਾ ਪ੍ਰਚਾਰ ਆਮ ਕਰਕੇ ਜੈਨ ਗਰੰਥਾਂ ਵਿਚ ਮਿਲਦਾ ਹੈ। ਉਸ ਵਿਚ ਦਿੱਤੇ ਹੋਏ ਵਰ੍ਹੇ ਕਿਤੇ ਕਿਤੇ ਸ਼ਿਲਾਲੇਖਾਂ ਵਿਚ ਵੀ ਮਿਲ ਜਾਂਦੇ ਹਨ।

          ਸ੍ਵੈਤਾਂਬਰ ਮੈਰੁਤੁੰਗ ਸੂਰੀ ਨੇ ਆਪਣੀ ‘ਵਿਚਾਰ ਸ਼੍ਰੇਣੀ’ ਨਾਂ ਦੀ ਪੁਸਤਕ ਵਿਚ ਵੀਰ ਨਿਰਵਾਣ ਸੰਮਤ ਅਤੇ ਬਿਕ੍ਰਮ ਸੰਮਤ ਦੇ ਦਰਮਿਆਨ ਦਾ ਅੰਤਰ 470 ਦਿੱਤਾ ਹੈ। ਇਹ ਹਿਸਾਰ ਵਿਚ ਬਿਕ੍ਰਮ ਵਿਚ 470, ਸ਼ਕ ਸੰਮਤ ਵਿਚ 605 ਅਤੇ ਈ. ਸੰਮਤ ਵਿਚ 527 ਮਿਲਾਨ ਨਾਲ ‘ਵੀਰ ਨਿਰਵਾਣ ਸੰਮਤ’ ਆ ਜਾਂਦਾ ਹੈ।

          4.       ਬੁੱਧ ਨਿਰਵਾਣ ਸੰਮਤ––ਬੋਧੀਆਂ ਵਿਚ ਬੁੱਧ (ਸ਼ਕਯਮੁਨੀ) ਦੇ ਨਿਰਵਾਣ ਤੋਂ ਜਿਹੜਾ ਸੰਮਤ ਮੰਨਿਆ ਜਾਂਦਾ ਹੈ ਉਸ ਨੂੰ ‘ਬੁੱਧ ਨਿਰਵਾਣ ਸੰਮਤ’ ਕਹਿੰਦੇ ਹਨ ਜੋ ਬੋਧੀ ਗਰੰਥਾਂ ਅੰਦਰ ਅਤੇ ਕਿਤੇ ਕਿਤੇ ਸ਼ਿਲਾ ਲੇਖਾਂ ਵਿਚ ਵੀ ਮਿਲਦਾ ਹੈ। ਬੁੱਧ ਦਾ ਨਿਰਵਾਣ ਕਿਸ ਵਰ੍ਹੇ ਵਿਚ ਹੋਇਆ, ਇਸ ਦਾ ਠੀਕ ਠੀਕ ਨਿਰਣਾ ਅਜੇ ਤਕ ਨਹੀਂ ਹੋਇਆ, ਲੰਕਾ, ਬਰ੍ਹਮਾ ਅਤੇ ਸਿਆਮ ਵਿਚ ਬੁੱਧ ਦਾ ਨਿਰਵਾਣ ਈ. ਸੰ. ਤੋਂ 544 ਵਰ੍ਹੇ ਪਹਿਲਾਂ ਹੋਣਾ ਮੰਨਿਆ ਜਾਂਦਾ ਹੈ। ਚੀਨੀ ਯਾਤਰੀ ਫਾਹੀਆਨ, ਜਿਹੜਾ ਈ. ਸੰ. 400 ਵਿਚ ਇਥੇ ਆਇਆ ਸੀ, ਨੇ ਲਿਖਿਆ ਹੈ ਕਿ ਉਸ ਸਮੇਂ ਤਕ ਨਿਰਵਾਣ ਨੂੰ 1497 ਵਰ੍ਹੇ ਬੀਤ ਚੁੱਕੇ ਸਨ। ਇਸ ਤੋਂ ਬੁੱਧ ਦੇ ਨਿਰਵਾਣ ਦਾ ਸਮਾਂ ਈ. ਪੂ. 1097(=1497––400) ਦੇ ਲਗਭਗ ਮੰਨਣਾ ਪੈਂਦਾ ਹੈ। ਚੀਨੀ ਯਾਤਰੀ ਹਿਊਨਸਾਂਗ ਨੇ ਨਿਰਵਾਣ ਤੋਂ 100ਵੇਂ ਵਰ੍ਹੇ ਵਿਚ ਰਾਜਾ ਅਸ਼ੋਕ (ਈ. ਪੂ. 272 ਤੋਂ 232 ਤਕ) ਦਾ ਰਾਜ ਦੂਰ-ਦੂਰ ਫੈਲਿਆ ਦਸਿਆ ਹੈ, ਜਿਸ ਨਾਲ ਨਿਰਵਾਣ ਕਾਲ ਈ. ਪੂ. ਦੀ ਚੌਥੀ ਸਦੀ ਦੇ ਵਿਚਕਾਰ ਆਉਂਦਾ ਹੈ।

          5.       ਮੌਰੀਆ ਸੰਮਤ––ਉਦੇਗਿਰੀ (ਉੜੀਸਾ ਵਿਚ) ਕਟਕ ਦੇ ਕੋਲ ਹੀ ਹਾਥੀ ਗੁਫਾ ਵਿਚ ਜੈਨ ਰਾਜਾ ਖਾਰੇਵਲੇ ਮਹਾ ਮੇਘਵਾਹਨੂੰ ਦਾ ਇਕ ਲੇਖ ਹੈ ਜਿਹੜਾ ਮੌਰੀ ਸੰਮਤ (ਮੌਰੀਆ ਕਾਲ) 165 ਦਾ ਹੈ। ਇਸ ਲੇਖ ਨੂੰ ਛੱਡ ਕੇ ਹੋਰ ਕਿਤੇ ਇਸ ਸੰਮਤ ਦਾ ਜ਼ਿਕਰ ਨਹੀਂ ਮਿਲਦਾ। ਨੰਦ ਵੰਸ਼ ਨੂੰ ਨਸ਼ਟ ਕਰਕੇ ਰਾਜਾ ਚੰਦਰਗੁਪਤ ਨੇ ਈ. ਸੰ. ਪੂਰਬ 321 ਦੇ ਆਸ ਪਾਸ ਮੌਰੀਆ ਰਾਜ ਦੀ ਸਥਾਪਨਾ ਕੀਤੀ ਸੀ। ਇਸ ਲਈ ਅਨੁਮਾਨ ਹੈ ਕਿ ਇਸ ਸੰਮਤ ਦਾ ਆਰੰਭ ਈ. ਪੂ. 321 ਦੇ ਆਸ ਪਾਸ ਹੋਇਆ ਹੋਵੇਗਾ ਪਰੰਤੂ ਇਸਦੇ ਨਾਲ ਕੋਈ ਗਲ ਨਹੀਂ ਕਹੀ ਜਾ ਸਕਦੀ।

          6.       ਸਲੋਕਸ ਸੰਮਤ––ਈ. ਪੂ. 323 ਵਿਚ ਸਿਕੰਦਰ ਮਹਾਨ ਦੀ ਮੌਤ ਤੋਂ ਬਾਅਦ ਉਸ ਦਾ ਸੈਨਾਪਤੀ ਸਲੋਕਸ ਬਾਕੀਆਂ ਨੂੰ ਹਰਾ ਕੇ ਏਸ਼ਿਆਈ ਕੌਂਚਕ ਵਿਚ ਬਾਦਸ਼ਾਹ ਬਣਿਆ। ਈ. ਪੂ. 312 ਵਿਚ ਉਸ ਦਾ ਸੰਮਤ (ਸੰਨ) ਚਲਿਆ ਜਿਹੜਾ ਬਾਖ਼ਤਰ ਵਿਚ ਵੀ ਚਾਲ ਹੋਇਆ। ਇਹ ਸੰਭਵ ਹੈ ਕਿ ਭਾਰਤ ਦੇ ਕਾਬੁਲ ਅਤੇ ਪੰਜਾਬ ਆਦਿ ਹਿੱਸਿਆਂ ਉਪਰ ਬਾਖ਼ਤਰ ਯੂਨਾਨੀਆਂ ਦਾ ਕਬਜ਼ਾ ਹੋਣ ਤੋਂ ਬਾਅਦ ਇਸ ਸੰਮਤ ਦਾ ਪ੍ਰਚਾਰ ਵੀ ਭਾਰਤਵਰਸ਼ ਦੇ ਉਨ੍ਹਾਂ ਹਿੱਸਿਆਂ ਵਿਚ ਕੁਝ ਹੋਇਆ ਹੋਵੇ ਪਰ ਹੁਣ ਤਾਈਂ ਕੋਈ ਅਜਿਹਾ ਲੇਖ ਨਹੀਂ ਮਿਲਿਆ, ਜਿਸ ਵਿਚ ਇਸ ਸੰਮਤ ਦੀ ਵਰਤੋਂ ਨਿਸਚੇ ਨਾਲ ਹੋਈ ਮੰਨੀ ਜਾ ਸਕੇ। ਤਾਂ ਵੀ ਇਸ ਸੰਮਤ ਦੇ ਯੂਨਾਨੀ ਮਹੀਨੇ ਸ਼ਕ ਅਤੇ ਕੋਸ਼ਾਨ ਬੰਸੀ ਸਮੇਂ ਦੇ ਕਈ ਖਰੋਸ਼ਠੀ ਲੇਖਾਂ ਵਿਚ ਮਿਲ ਜਾਂਦੇ ਹਨ ਪਰ ਇਹ ਵਰ੍ਹੇ ਕਿਸ ਸੰਮਤ ਦੇ ਹਨ ਇਸ ਦਾ ਹੁਣ ਤਕ ਨਿਰਣਾ ਨਹੀਂ ਹੋਇਆ। ਸੰਭਵ ਹੈ ਜਿਹੜੇ ਲੋਕ ਬਦੇਸ਼ੀ (ਯੂਨਾਨੀ) ਮਹੀਨੇ ਵਰਤਦੇ ਸਨ ਉਸ ਸੰਮਤ ਵੀ ਬਦੇਸ਼ੀ ਹੀ ਵਰਤਦੇ ਹੋਣਗੇ, ਪਰ ਫਿਰ ਵੀ ਸ਼ਕ ਦੀ ਗੁੰਜਾਇਸ਼ ਹੈ ਕਿ ਇਹ ਸੰਮਤ ਪਾਰਥੀ ਜਾਂ ਕੋਈ ਹੋਰ (ਸ਼ਕ) ਸੰਮਤ ਨਾ ਹੋਵੇ।

          7.       ਬਿਕ੍ਰਮੀ (ਬਿਕ੍ਰਮ) ਸੰਮਤ––ਬਿਕ੍ਰਮੀ ਸੰਮਤ ਨੂੰ ਮਾਲਵ ਸੰਮਤ (ਮਾਲਵ ਕਾਲ) ਵੀ ਕਹਿੰਦੇ ਹਨ। ਇਸ ਬਾਰੇ ਕਹਾਵਤ ਚਲੀ ਆਉਂਦੀ ਹੈ ਕਿ ਮਾਲਵਾ ਦੇ ਰਾਜਾ ਬਿਕ੍ਰਮ ਜਾਂ ਬਿਕ੍ਰਮਦਿੱਤਯ ਨੇ ਸ਼ਕਾਂ ਉਪਰ ਜਿੱਤ ਪ੍ਰਾਪਤ ਕਰਕੇ ਆਪਣੇ ਨਾਂ ਦਾ ਸੰਮਤ ਚਲਾਇਆ। ਧੌਲਪੁਰ ਤੋਂ ਮਿਲੇ ਹੋਏ ਚਾਹਮਾਨ (ਚੌਹਾਨ) ਚੰਡਮਰਸੇਨ ਦੇ ਬਿਕ੍ਰਮ ਸੰਮਤ 898 (ਈ. ਸੰ. 841) ਦੇ ਸ਼ਿਲਾਲੇਖ ਵਿਚ ਸਭ ਤੋਂ ਪਹਿਲਾਂ ਇਸ ਸੰਮਤ ਦੇ ਨਾਲ ਬਿਕ੍ਰਮ ਦਾ ਨਾਂ ਜੁੜਿਆ ਹੋਇਆ ਮਿਲਦਾ ਹੈ।

          ਕੁਝ ਵਿਦਵਾਨਾਂ ਦਾ ਮਤ ਇਹ ਹੈ ਕਿ ਸੰਮਤ ਦਾ ਨਾਂ ਅਸਲ ਵਿਚ ‘ਮਾਲਵ ਸੰਮਤ’ ਵੀ ਸੀ ਪਰੰਤੂ ਪਿਛੋਂ ਸ਼ਾਇਦ ਗੁਪਤ ਬੰਸ ਦੇ ਰਾਜੇ ਚੰਦਰ ਗੁਪਤ (ਦੂਜੇ) ਜਿਸ ਦਾ ਲਕਬ ਬਿਕ੍ਰਮਾਦਿੱਤਯ ਸੀ ਦੇ ਨਾਂ ਤੇ ਹੀ ਇਸ ਦਾ ਨਾਂ ‘ਬਿਕ੍ਰਮ ਸੰਮਤ’ ਕਰ ਦਿੱਤਾ ਗਿਆ। ਇਹ ਕਲਪਨਾ ਤਾਂ ਹੀ ਠੀਕ ਕਹੀ ਜਾ ਸਕਦੀ ਹੈ ਜਦੋਂ ਇਤਿਹਾਸ ਤੋਂ ਇਹ ਸਿੱਧ ਹੋ ਜਾਵੇ ਕਿ ਚੰਦਰਗੁਪਤ ਦੂਜੇ ਦੇ ਨਾਂ ਦਾ ਕੋਈ ਹੋਰ ਪ੍ਰਸਿੱਧ ਰਾਜਾ ਨਹੀਂ ਹੋਇਆ ਪਰੰਤੂ ਹਾਲ (ਸਾਤਵਾਹਨ, ਸ਼ਾਲਿਵਾਹਨ) ਦੀ ‘ਗਾਥਾ ਸਪਤਸ਼ਤੀ’ ਤੋਂ ਇਹ ਪਤਾ ਲਗਦਾ ਹੈ ਕਿ ਇਸ ਪੁਸਤਕ ਦੇ ਰਚਨ ਤੋਂ ਪਹਿਲਾਂ ਬਿਕ੍ਰਮ ਨਾਂ ਦਾ ਇਕ ਰਾਜਾ ਹੋਇਆ ਸੀ। ਹਾਲ ਦਾ ਸਮਾਂ ਦੂਜੀ ਸਦੀ ਈ. ਤੋਂ ਪਹਿਲਾਂ ਦਾ ਸਮਾਂ ਨਹੀਂ ਮੰਨਿਆ ਜਾ ਸਕਦਾ। ਅਜਿਹੀ ਹਾਲਤ ਵਿਚ ਇਹੀ ਮੰਨਣਾ ਪੈਂਦਾ ਹੈ ਕਿ ਜਾਂ ਤਾਂ ਬਿਕ੍ਰਮ, ਜਿਸ ਦਾ ਨਾਂ ਇਹ ਸੰਮਤ ਦੇ ਨਾਲ ਜੁੜਿਆ ਹੈ, ਮਾਲਵ ਜਾਤੀ ਦਾ ਕੋਈ ਮੁਖੀਆ ਜਾਂ ਕੋਈ ਰਾਜਾ ਹੋਵੇ ਜਾਂ ਚੰਦਰਗੁਪਤ (ਦੂਜੇ) ਤੋਂ ਪਹਿਲਾਂ ਇਸ ਨਾਂ ਦਾ ਕੋਈ ਹੋਰ ਰਾਜਾ ਹੋਵੇਗਾ।

          ਬਿਕ੍ਰਮ ਸੰਮਤ ਦਾ ਆਰੰਭ ਕਲਜੁਗ਼ ਸੰਮਤ ਦੇ (5019––1975) 3044 ਵਰ੍ਹੇ ਬਤੀਤ ਹੋਣ ਤੋਂ ਪਿਛੋਂ ਦਾ ਮੰਨਿਆ ਜਾਂਦਾ ਹੈ, ਜਿਸ ਤੋਂ ਇਸ ਦਾ ਗਤ ਵਰਸ਼ 1 ਕਲਜੁਗ ਸੰਮਤ 3045 ਦੇ ਬਰਾਬਰ ਹੁੰਦਾ ਹੈ। ਇਸ ਸੰਮਤ ਵਿਚੋਂ 57 ਜਾਂ 56 ਸਾਲ, ਦੋ ਮਹੀਨੇ ਤੇ ਅਠਾਰਾਂ ਦਿਨ ਘਟਾਉਣ ਨਾਲ ਈਸਵੀ ਸੰਨ ਅਤੇ 135 ਘਟਾਉਣ ਨਾਲ ਸ਼ਕ ਸੰਮਤ ਨਿਕਲ ਆਉਂਦਾ ਹੈ। ਇਸ ਦਾ ਆਰੰਭ ਉੱਤਰੀ ਹਿੰਦੁਸਤਾਨ ਵਿਚ ਚੈਤ੍ਰ ਸ਼ੁਦੀ 1 ਤੋਂ ਅਤੇ ਦੱਖਣ ਵਿਚ ਕਾਰਤਿਕ (ਕੱਤਕ) ਸ਼ੁਦੀ 1 ਤੋਂ ਹੁੰਦਾ ਹੈ ਜਿਸ ਤੋਂ ਉੱਤਰੀ (ਚੈਤ੍ਰਾਦਿ) ਬਿਕ੍ਰਮ ਸੰਮਤ ਦੱਖਣੀ (ਕਾਰਤਿਕਾਦਿ) ਬਿਕ੍ਰਮ ਤੋਂ 7 ਮਹੀਨੇ ਪਹਿਲਾਂ ਆਰੰਭ ਹੁੰਦਾ ਹੈ। ਉੱਤਰੀ ਭਾਰਤ ਵਿਚ ਮਹੀਨਿਆਂ ਦਾ ਆਰੰਭ ਕ੍ਰਿਸ਼ਨ 1 ਤੋਂ ਅਤੇ ਅੰਤ ਸ਼ੁਕਲ 15 ਤੋਂ ਹੁੰਦਾ ਹੈ ਪਰ ਦੱਖਣ ਵਿਚ ਮਹੀਨੇ ਦਾ ਆਰੰਭ ਸ਼ੁਕਲ 1 ਤੋਂ ਅਤੇ ਅੰਤ ਅਮਾਵਸ ਨੂੰ ਹੁੰਦਾ ਹੈ। ਇਸ ਲਈ ਉੱਤਰੀ ਬਿਕ੍ਰਮ ਸੰਮਤ ਦੇ ਮਹੀਨੇ ਪੂਰਣਿਮਾਂਤ ਅਤੇ ਦੱਖਣੀ ਦੇ ਅਮਾਵਸਾਂਤ (ਅਮਾਂਤ ਜਾਂ ਕ੍ਰਿਸ਼ਨਾਂਤ) ਕਹਾਉਂਦੇ ਹਨ। ਸ਼ੁਕਲ ਪੱਖ ਤਾਂ ਉੱਤਰੀ ਅਤੇ ਦੱਖਣੀ ਹਿੰਦੁਸਤਾਨ ਵਿਚ ਇਕ ਹੀ ਹੁੰਦਾ ਹੈ ਪਰੰਤੂ ਉੱਤਰੀ ਹਿੰਦੁਸਤਾਨ ਦਾ ਕ੍ਰਿਸ਼ਨ ਪੱਖ ਦੱਖਣੀ ਤੋਂ ਇਕ ਮਹੀਨਾ ਪਹਿਲਾਂ ਆਉਂਦਾ ਹੈ ਅਰਥਾਤ ਜਿਸ ਪੱਖ ਨੂੰ ਅਸੀਂ ਉੱਤਰੀ ਭਾਰਤ ਵਾਲੇ ਵੈਸਾਖ ਕ੍ਰਿਸ਼ਨ ਕਹਿੰਦੇ ਹਾਂ ਉਸੇ ਨੂੰ ਦੱਖਣ ਵਾਲੇ ਚੈਤ੍ਰ ਕ੍ਰਿਸ਼ਨ ਲਿਖਦੇ ਹਨ। ਕਾਠੀਆਵਾੜ, ਗੁਜਰਾਤ ਅਤੇ ਰਾਜਪੂਤਾਨੇ ਦੇ ਕੁਝ ਭਾਗ ਵਿਚ ਬਿਕ੍ਰਮ ਸੰਮਤ ਦਾ ਆਰੰਭ ਆਸ਼ਾੜ੍ਹ ਸ਼ੁਕਲ 1 (ਅਮਾਂਤ) ਤੋਂ ਵੀ ਹੁੰਦਾ ਸੀ ਜਿਸ ਕਾਰਨ ਉਸਨੂੰ ‘ਆਸੜਾਦਿ’ ਸੰਮਤ ਕਹਿੰਦੇ ਹਨ। ਰਾਜਪੂਤਾਨੇ ਦੇ ਉਦੇਪੁਰ ਆਦਿ ਰਾਜਾਂ ਵਿਚ ਰਾਜਕੀ ਬਿਕ੍ਰਮ ਸੰਮਤ ਅਜਕੱਲ੍ਹ ਸ਼੍ਹਾਵਣ ਕ੍ਰਿਸ਼ਨਾ (ਪੂਰਣਿਮਾਂਤ) ਤੋਂ ਆਰੰਭ ਹੁੰਦਾ ਹੈ।

          8.       ਸ਼ਕ ਸੰਮਤ––ਸ਼ਕ ਸੰਮਤ ਦੇ ਆਰੰਭ ਬਾਰੇ ਇਕ ਪ੍ਰਸਿੱਧ ਹੈ ਕਿ ਦੱਖਣ ਦੀ ਪ੍ਰਤਿਸ਼ਠਾਠ ਪੁਰ (ਪੈਠਣ) ਦੇ ਰਾਜਾ ਸਾਲਿਵਾਹਨ (ਸਾਤਵਾਹਨ, ਹਾਲ) ਨੇ ਇਹ ਸਮਤ ਚਲਾਇਆ। ਕਈ ਇਸਦਾ ਆਰੰਭ ਸਾਲਿਵਾਹਨ ਦੇ ਜਨਮ ਤੋਂ ਮੰਨਦੇ ਹਨ। ਜਿਨਪ੍ਰਭਸੂਰੀ ਆਪਣੀ ‘ਕਲਪਪ੍ਰਦੀਪ’ ਨਾਂ ਦੀ ਪੁਸਤਕ ਵਿਚ ਲਿਖਦਾ ਹੈ ਕਿ ਪ੍ਰਤਿਸ਼ਠਾਨ ਪੁਰ ਵਿਚ ਰਹਿਣ ਵਾਲੇ ਇਕ ਵਿਦੇਸ਼ੀ ਬ੍ਰਾਹਮਣ ਦੀ ਵਿਧਵਾ ਭੈਣ ਤੋਂ ਸਾਤਵਾਹਨ ਨਾਂ ਦਾ ਪੁੱਤਰ ਪੈਦਾ ਹੋਇਆ। ਉਸ ਨੇ ਰਾਜਾ ਬਿਕ੍ਰਮ ਨੂੰ ਹਰਾਇਆ। ਜਿਸ ਤੋਂ ਬਾਅਦ ਉਸਨੇ ਪ੍ਰਤਿਸ਼ਠਾਨ ਪੁਰ ਦਾ ਰਾਜਾ ਬਣ ਕੇ ਤਾਪੀ ਨਦੀ ਤਕ ਦਾ ਦੇਸ ਆਪਣੇ ਅਧੀਨ ਕੀਤਾ ਅਤੇ ਉਥੇ ਆਪਣਾ ਸੰਮਤ ਚਾਲੂ ਕੀਤਾ।

          ਅਲਬਰੂਨੀ ਲਿਖਦਾ ਹੈ ਕਿ ‘ਬਿਕ੍ਰਮਾਦਿੱਤਯ’ ਨੇ ਸ਼ਕ ਰਾਜਾ ਨੂੰ ਜਿੱਤ ਕੇ ਇਹ ਸੰਮਤ ਚਲਾਇਆ। ਇਸ ਤਰ੍ਹਾਂ ਇਸ ਦੇ ਚਾਲੂ ਕੀਤੇ ਜਾਣ ਬਾਰੇ ਵੱਖ ਵੱਖ ਮਤ ਹਨ।

          ਪਹਿਲਾਂ ਪਹਿਲ ਇਹ ਸੰਮਤ ਕਾਠੀਆਵਾੜ ਅਤੇ ਕੱਛ ਤੋਂ ਮਿਲੇ ਪੱਛਮੀ ਛੱਤ੍ਰਪਾਂ (ਸ਼ਕਾਂ) ਦੇ ਸੰਮਤ 52 ਤੋਂ 143 ਤਕ ਦੇ ਸ਼ਿਲਾਲੇਖਾਂ ਵਿਚ ਅਤੇ ਉਨ੍ਹਾਂ ਦੇ ਸਿੱਕਿਆਂ ਵਿਚ ਜਿਹੜਾ (ਸ਼ਕ) ਸੰਮਤ 100 (ਈ. ਸੰ. 178) ਦੇ ਆਸਵਾਸ ਤੋਂ ਲੈ ਕੇ 310 (ਈ. ਸੰ. 388) ਤੋਂ ਕੁਝ ਪਿਛੋਂ ਤਕ ਦੇ ਹਨ, ਵਿਚ ਮਿਲਦਾ ਹੈ। ਇਨ੍ਹਾਂ ਸ਼ਿਲਾਲੇਖਾਂ ਵਿਚ ਕੇਵਲ ‘ਵਰਸ਼ੇ’ (=ਸ਼ੰਵਤਸਰੇ) ਲਿਖਿਆ ਮਿਲਦਾ ਹੈ। ‘ਸ਼ਕ’ ਆਦਿ ਕੋਈ ਨਾਂ ‘ਵਰਸ਼ੇ’ (ਸੰਮਤ) ਦੇ ਨਾਲ ਜੁੜਿਆ ਹੋਇਆ ਨਹੀਂ ਹੈ ਅਤੇ ਸਿੱਕਿਆਂ ਵਿਚ ਤਾਂ ਅੰਕ ਹੀ ਮਿਲਦੇ ਹਨ (‘ਵਰਸ਼ੇ’ ਵੀ ਨਹੀਂ)।

          ਸੰਸਕ੍ਰਿਤ ਸਾਹਿਤ ਵਿਚ ਇਸ ਸੰਮਤ ਦੇ ਨਾਲ ‘ਸ਼ਕ’ ਨਾਂ ਜੁੜਿਆ ਹੋਇਆ (=ਸ਼ਕ ਕਾਲ) ਪਹਿਲਾਂ ਪਹਿਲ ਵਰਾਹਮਿਹਿਰ ਦੀ ‘ਪੰਚ ਸਿਧਾਂਤਕ’ ਵਿਚ ਸ਼ਕ ਸੰਮਤ 427 (ਈ. ਸੰ. 505) ਦੇ ਸਬੰਧ ਵਿਚ ਮਿਲਦਾ ਹੈ ਅਤੇ ਸ਼ਕ ਸੰਮਤ 500 (ਈ. ਸੰ. 578) ਤੋਂ ਲੈ ਕੇ 1262 (ਈ. ਸੰ. 1340) ਤਕ ਦੇ ਸ਼ਿਲਾਲੇਖਾਂ ਅਤੇ ਦਾਨ-ਪੱਤਰਾਂ ਵਿਚ ‘ਸ਼ਕਨ੍ਰਿਪਤੀ ਰਾਜਯਾਭਿੰਸ਼ੇਕ ਸੰਵਤਸਰ’, ‘ਸ਼ਕਨ੍ਰਿਪਤੀ ਸੰਵਤਸਰ’, ‘ਸ਼ਕਨ੍ਰਿਪਸੰਵਤਸਰ’, ‘ਸ਼ਕਨ੍ਰਿਪਕਾਲ’, ‘ਸ਼ਕਸੰਵਤ’, ‘ਸ਼ਕਵਰਸ਼’, ‘ਸ਼ਕਕਾਲ ਸੰਵਤਸਰ’, ‘ਸ਼ਕ’ ਅਤੇ ‘ਸ਼ਾਕ’ ਸ਼ਬਦਾਂ ਦੀ ਵਰਤੋਂ ਇਸ ਸੰਮਤ ਲਈ ਕੀਤੀ ਗਈ ਮਿਲਦੀ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਈ. ਸੰ. 500 ਦੇ ਨੇੜੇ ਤੇੜੇ ਤੋਂ ਲੈ ਕੇ ਸ਼ਕ ਸੰਮਤ 1262 (ਈ. ਸੰ. 1340) ਤਕ ਤਾਂ ਇਹ ਸੰਮਤ ਕਿਸੇ ਸ਼ਕ ਰਾਜਾ ਦੇ ਰਾਜਤਿਲਕ ਤੋਂ ਚਲਿਆ ਹੋਇਆ ਜਾਂ ਕਿਸੇ ਸ਼ਕ ਰਾਜਾ ਜਾਂ ਸ਼ਕਾਂ ਦੇ ਚਲਾਇਆ ਹੋਇਆ ਮੰਨਿਆ ਜਾਂਦਾ ਸੀ ਅਤੇ ਉਸ ਸਮੇਂ ਤਕ ਸਾਲਿਵਾਹਨ ਦਾ ਨਾਂ ਇਸ ਦੇ ਨਾਲ ਨਹੀਂ ਜੁੜਿਆ ਸੀ।

          ਇਸ ਸੰਮਤ ਦੇ ਨਾਲ ਜੁੜਿਆ ਹੋਇਆ ਸਾਲਿਵਾਹਨ (ਸਾਤਵਾਹਨ) ਦਾ ਨਾਂ, ਸੰਸਕ੍ਰਿਤ ਸਾਹਿਤ ਵਿਚ ਈ. ਸੰ. ਦੀ ਲਗਭਗ 14ਵੀਂ ਸਦੀ ਦੇ ਆਰੰਭ ਅਤੇ ਸ਼ਿਲਾਲੇਖਾਂ ਆਦਿ ਵਿਚ ਪਹਿਲਾਂ ਪਹਿਲ ਹਰੀਹਰਗਾਂਵ ਤੋਂ ਮਿਲੇ ਹੋਏ ਵਿਜੇਨਗਰ ਦੇ ਯਾਦਵ ਰਾਜਾ ਬੁੱਕਾਰਾਏ (ਪਹਿਲੇ) ਦੇ ਸ਼ਕ ਸੰਮਤ 1276 (ਈ. ਸੰ. 1345) ਦੇ ਦਾਨ-ਪੱਤਰ ਵਿਚ ਮਿਲਦਾ ਹੈ; ਇਸ ਦੇ ਪਿੱਛੇ ਸਾਲਿਵਾਹਨ ਦਾ ਨਾਂ ਲਿਖਣ ਦਾ ਰਿਵਾਜ਼ ਵਧਦਾ ਗਿਆ। ਵਿਦਵਾਨ ਰਾਜਾ ਸਾਤਵਾਹਨ (ਸਾਲਿਵਾਹਨ) ਦਾ ਨਾਂ ‘ਗਾਥਾ ਸਪਤਸ਼ਤੀ’ ਅਤੇ ‘ਬ੍ਰਿਹਤਕਥਾ’ ਵਿਚ ਆਉਂਦਾ ਹੈ ਜਿਸ ਕਰਕੇ ਇਹ ਨਾਂ ਪੜ੍ਹੇ ਲਿਖੇ ਲੋਕਾਂ ਵਿਚ ਪ੍ਰਚਲਿਤ ਸੀ। ਇਸ ਲਈ ਸੰਭਵ ਹੈ ਕਿ ਈ. ਸੰ. 14ਵੀਂ ਸਦੀ ਦੇ ਨੇੜੇ ਤੇੜੇ ਦੱਖਣ ਦੇ ਵਿਦਵਾਨਾਂ ਨੇ ਉੱਤਰੀ ਭਾਰਤ ਵਿਚ ਪ੍ਰਚਲਤ ਬਿਕ੍ਰਮੀ ਸੰਮਤ ਦੀ ਪੈਰਵੀ ਕਰਦਿਆਂ ਹੋਇਆਂ ਆਪਣੇ ਦੇਸ਼ ਵਿਚ ਪ੍ਰਚਲਤ ‘ਸ਼ਕ’ (ਸ਼ਕ ਸੰਮਤ) ਦੇ ਨਾਲ ਦੱਖਣ ਦੇ ਰਾਜਾ ਸਾਲਿਵਾਹਨ ਹਾਲ ਦਾ ਨਾਂ ਜੋੜ ਕੇ ‘ਨ੍ਰਿਪਸਾਲਿਵਾਹਨਸ਼ਕ’, ‘ਸਾਲਿਵਾਹਨਸ਼ਕੇ’, ‘ਸਾਲਿਵਾਹਨਸ਼ਕਵਰਸ਼’, ‘ਸਾਲਿਵਾਹਨਸ਼ਕਾਬਦ’ ਆਦਿ ਜੋੜ ਕੇ ਇਸ ਸੰਮਤ ਨੂੰ ਚਾਲੂ ਕਰ ਲਿਆ ਹੋਵੇ।

          ਸਾਲਿਵਾਹਨ, ਸਾਤਵਾਹਨ ਨਾਂ ਦਾ ਵਿਗੜਿਆ ਰੂਪ ਹੈ ਅਤੇ ਸ਼ਾਤਵਾਹਨ ਪੁਰਾਣਾਂ ਦੇ ਆਂਧ੍ਰਭ੍ਰਿਤਯ (आंध्रभृत्य)   ਵੰਸ਼ ਦੇ ਰਾਜਿਆਂ ਦਾ ਰਾਜ ਦੱਖਣ ਵਿਚ ਈ. ਸੰ. ਪੂਰਵ ਦੀ ਦੂਜੀ ਸਦੀ ਤੋਂ ਈ. ਸੰ. 225 ਦੇ ਆਸ ਪਾਸ ਤਕ ਕਾਇਮ ਰਿਹਾ ਸੀ। ਉਨ੍ਹਾਂ ਦੀਆਂ ਰਾਜਧਾਨੀਆਂ ਵਿਚੋਂ ਇਕ ਪ੍ਰਤਿਸ਼ਠਾਨ ਨਰਗ (ਪੈਠਣ, ਗੋਦਾਵਰੀ ਦੇ ਕੰਢੇ) ਸੀ ਅਤੇ ਉਨ੍ਹਾਂ ਅੰਦਰ ਸਾਤਵਾਹਨ (ਸਾਤਕਰਣੀ ਜਾਂ ਹਾਲ) ਰਾਜਾ ਬਹੁਤ ਪ੍ਰਸਿਧ ਸੀ। ਇਸ ਲਈ ਸੰਭਵ ਹੈ ਕਿ ਦੱਖਣ ਦੇ ਵਿਦਵਾਨਾਂ ਨੇ ਉਸੇ ਦਾ ਨਾਂ ਇਸ ਸੰਮਤ ਦੇ ਨਾਲ ਜੋੜਿਆ ਹੋਵੇ। ਪਰੰਤੂ ਇਹ ਨਿਸ਼ਚਾ ਹੈ ਕਿ ਸਾਤਵਾਹਨ ਬੰਸੀਆਂ ਵਿਚੋਂ ਕਿਸੇ ਨੇ ਇਹ ਸੰਮਤ ਨਹੀਂ ਚਲਾਇਆ ਕਿਉਂਕਿ ਉਨ੍ਹਾਂ ਦੇ ਸ਼ਿਲਾਲੇਖਾਂ ਅੰਦਰ ਇਹ ਸੰਮਤ ਨਹੀਂ ਮਿਲਦਾ। ਕੇਵਲ ਭਿੰਨ ਭਿੰਨ ਰਾਜਿਆਂ ਦੇ ਰਾਜਵਰਸ਼ (ਸੰਨ-ਜਲੂਸ) ਹੀ ਮਿਲਦੇ ਹਨ ਅਤੇ ਸਾਤਵਾਹਨ ਬੰਸ ਦਾ ਰਾਜ ਖ਼ਤਮ ਹੋਣ ਤੋਂ ਪਿਛੋਂ ਅੰਦਾਜ਼ਨ 1100 ਵਰ੍ਹਿਆਂ ਤਕ ਸਾਲਿਵਾਹਨ ਦਾ ਨਾਂ ਇਸ ਸੰਮਤ ਦੇ ਨਾਲ ਨਹੀਂ ਜੁੜਿਆ ਸੀ। ਇਸ ਲਈ ਇਹ ਹੀ ਮੰਨਣਾ ਉਚਿਤ ਹੋਵੇਗਾ ਕਿ ਇਹ ਸੰਮਤ ਕਿਸੇ ਵਿਦੇਸ਼ੀ ਰਾਜੇ ਜਾਂ ਸ਼ਕ ਲੋਕਾਂ ਦਾ ਚਲਾਇਆ ਹੋਇਆ ਹੈ।

          ਇਹ ਸੰਮਤ ਕਿਸ ਵਿਦੇਸ਼ੀ ਰਾਜੇ ਨੇ ਚਲਾਇਆ ਇਸ ਬਾਰੇ ਭਿੰਨ ਭਿੰਨ ਅਨੁਮਾਨ ਲਾਏ ਹਨ। ਕਈ ਤੁਰਸ਼ਕ (ਤੁਰਕ, ਕੁਸ਼ਨ) ਬੰਸ ਦੇ ਰਾਜਾ ਕਨਿਸ਼ਕ ਨੂੰ, ਕਈ ਕਸ਼ਹਿਰਾਤ ਠਹਿਪਾਨ ਨੂੰ, ਕਈ ਸ਼ਕ ਰਾਜੇ ਵਨੋਨੀਸ (Vonones) ਨੂੰ ਅਤੇ ਕਈ ਸ਼ਕਰਾਜਾ ਅਯ (ਅਸ=Azes) ਨੂੰ ਉਸ ਦਾ ਮੋਢੀ ਮੰਨਦੇ ਹਨ ਪਰੰਤੂ ਇਹ ਸਾਰੇ ਅਨੁਮਾਨ ਹੀ ਹਨ।

          9.       ਕਲਚੁਰੀ ਸੰਮਤ––ਕਲਚੁਰੀ ਸੰਮਤ ਨੂੰ ‘ਚੇਦੀ ਸੰਮਤ’ ਅਤੇ ‘ਤਰੈਕੂਟਕ ਸੰਮਤ’ ਵੀ ਕਹਿੰਦੇ ਹਨ। ਇਹ ਸੰਮਤ ਕਿਸ ਰਾਜੇ ਨੇ ਚਲਾਇਆ ਇਸਦਾ ਕੁਝ ਵੀ ਪਤਾ ਨਹੀਂ ਚਲਦਾ। ਡਾ. ਭਗਵਾਨ ਲਾਲ ਇੰਦਰਜੀ ਨੇ ਮਹਾਕਸ਼ਤਰਪ ਈਸ਼ਵਰ ਦੱਤ ਨੂੰ ਅਤੇ ਡਾ. ਫਲੀਟ ਨੇ ਅਭੀਰ ਈਸ਼ਵਰ ਦੱਤ ਜਾਂ ਉਸਦੇ ਪਿਤਾ ਸ਼ਿਵਦੱਤ ਨੂੰ ਇਸਦਾ ਮੋਢੀ ਦਸਿਆ ਹੈ। ਰਮੇਸ਼ਚੰਦਰ ਮੌਜਮਦਾਰ ਨੇ ਇਸ ਨੂੰ ਕਨਿਸ਼ਕ ਦਾ ਚਲਾਇਆ ਹੋਇਆ ਸੰਮਤ ਮੰਨ ਕੇ ਕਨਿਸ਼ਕ, ਵਾਸਿਸ਼ਕ, ਹੁਵਿਸ਼ਕ ਅਤੇ ਵਾਸਦੇਵ ਨੇ ਲੇਖਾਂ ਵਿਚ ਦਰਜ ਮਿਤੀਆਂ ਦਾ ਕਲਚੁਰੀ ਸੰਮਤ ਨਾਲ ਸਬੰਧਤ ਹੋਣ ਦਾ ਅਨੁਮਾਨ ਲਾਇਆ ਹੈ।

          ਇਹ ਸੰਮਤ ਦੱਖਦੀ ਗੁਜਰਾਤ, ਕੋਕਣ ਅਤੇ ਮੱਧ ਪਰਦੇਸ਼ ਦੇ ਲੇਖਾਂ ਆਦਿ ਵਿਚ ਮਿਲਦਾ ਹੈ। ਇਹ ਲੇਖ ਗੁਜਰਾਤ ਆਦਿ ਦੇ ਚਾਲੂਕੀਆ ਗੁਰਜਰ, ਕਲਚੁਰੀ ਅਤੇ ਤਰੈਕੂਟਕ ਵੰਸ਼ੀਆਂ ਦੇ ਅਤੇ ਚੇਦੀ ਦੇਸ਼ (ਮੱਧ ਪ੍ਰਦੇਸ਼ ਦੇ ਉੱਤਰੀ ਹਿੱਸੇ) ਉਪਰ ਰਾਜ ਕਰਨ ਵਾਲੇ ਕਲਚੁਰੀ (ਹੈਹਯ) ਵੰਸ਼ੀਆਂ ਦੇ ਰਾਜਿਆਂ ਦੇ ਹਨ। ਇਸ ਸੰਮਤ ਦੇ ਜ਼ਿਆਦਾਤਰ ਲੇਖ ਕਲਚੁਰੀਆਂ ਦੇ ਮਿਲਦੇ ਹਨ ਅਤੇ ਉਨ੍ਹਾਂ ਵਿਚ ਇਸਦਾ ਨਾਂ ‘ਕਲਚੁਰੀ’ ਜਾਂ ‘ਚੇਦੀ’ ਸੰਮਤ ਲਿਖਿਆ ਮਿਲਦਾ ਹੈ ਜਿਸ ਤੋਂ ਇਹ ਵੀ ਸੰਭਵ ਹੈ ਕਿ ਇਹ ਸੰਮਤ ਇਸ ਵੰਸ਼ ਦੇ ਕਿਸੇ ਰਾਜੇ ਨੇ ਚਲਾਇਆ ਹੋਵੇ।

          10.     ਗੁਪਤ ਸੰਮਤ––ਇਸ ਸੰਮਤ ਲਈ ਸ਼ਿਲਾਲੇਖਾਂ ਆਦਿ ਅੰਦਰ ‘ਗੁਪਤਕਾਲ’, ‘ਗੁਪਤਵਰਸ਼’ ਆਦਿ ਸ਼ਬਦ ਲਿਖੇ ਮਿਲਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਇਹ ਸੰਮਤ ਗੁਪਤ ਵੰਸ਼ ਦੇ ਕਿਸੇ ਰਾਜੇ ਨੇ ਚਲਾਇਆ ਹੋਵੇਗਾ। ਇਸ ਸਬੰਧੀ ਕੋਈ ਲਿਖਤੀ ਪਰਮਾਣ ਤਾਂ ਅਜੇ ਤਕ ਨਹੀਂ ਮਿਲਿਆ, ਪਰੰਤੂ ਸਮੁਦਰਗੁਪਤ ਦੇ ਇਲਾਹਾਬਾਦ ਦੇ ਲੇਖ ਵਿਚ ਗੁਪਤਵੰਸ਼ ਦੇ ਦੋ ਪਹਿਲੇ ਰਾਜਿਆਂ ਗੁਪਤ ਅਤੇ ਘਟੋਤਕੱਚ ਦੇ ਨਾਵਾਂ ਦੇ ਨਾਲ ਕੇਵਲ ‘ਮਹਾਰਾਜ’ ਬਿਰੁਧ ਅਤੇ ਘਟੋਤਕੱਚ ਦੇ ਪੁਤਰ ਚੰਦਰਗੁਪਤ (ਪਹਿਲੇ) ਦੇ ਨਾਂ ਦੇ ਨਾਲ ‘ਮਹਾਰਾਜਾਧਿਰਾਜ’ ਬਿਰੁਧ ਅਤੇ ਚੰਦਰਗੁਪਤ (ਪਹਿਲੇ) ਦੇ ਪੋਤੇ ਅਤੇ ਸਮੁਦਰਗੁਪਤ ਦੇ ਪੁਤਰ ਚੰਦਰਗੁਪਤ (ਦੂਜੇ) ਦੇ ਸਮੇਂ ਦੇ ਗੁਪਤ ਸੰਮਤ 82 ਤੋਂ 93 ਤੱਕ ਦੇ ਸ਼ਿਲਾਲੇਖਾਂ ਦੇ ਮਿਲਨ ਤੋਂ ਵਿਦਵਾਨਾਂ ਦਾ ਇਹ ਅਨੁਮਾਨ ਹੈ ਕਿ ਗੁਪਤਵੰਸ਼ ਵਿਚ ਪਹਿਲਾਂ ਪਹਿਲਾਂ ਚੰਦਰਗੁਪਤ (ਪਹਿਲਾ) ਪਰਤਾਪੀ ਰਾਜਾ ਹੋਇਆ ਹੋਵੇਗਾ ਅਤੇ ਉਸਦੇ ਰਾਜਾ ਬਣਨ ਸਮੇਂ ਤੋਂ ਇਹ ਸੰਮਤ ਚਲਿਆ ਹੋਵੇਗਾ। ਚੰਦਰ ਗੁਪਤ ਤੋਂ ਪਿਛੋਂ ਕਾਠੀਆਵਾੜ ਅੰਦਰ ਵਲੱਭੀ ਦੇ ਰਾਜ ਦਾ ਆਰੰਭ ਹੋਇਆ, ਜਿਸਦੇ ਅੰਤ ਹੋਣ ਤੋਂ ਪਿਛੋਂ ਉਥੇ ਗੁਪਤ ਸੰਮਤ ਦਾ ਹੀ ਨਾਂ ‘ਵਲੱਭੀ ਸੰਮਤ’ ਰਖਿਆ ਗਿਆ।

          ਗੁਪਤ ਸੰਮਤ ਦਾ ਆਰੰਭ ਚੈਤ੍ਰ ਸ਼ੁਕਲ 1 ਤੋਂ ਹੁੰਦਾ ਹੈ ਅਤੇ ਉਸਦੇ ਮਹੀਨੇ ਪੂਰਣਮਾਸ਼ੀ ਨੂੰ ਅੰਤ ਹੋਣ ਵਾਲੇ ਹੁੰਦੇ ਹਨ। ਇਸ ਸੰਮਤ ਦੇ ਵਰ੍ਹੇ ਆਮ ਕਰਕੇ ਗਤ ਸੂਰਤ ਵਿਚ ਮਿਲਦੇ ਹਨ ਅਤੇ ਜਿਥੇ ਵਰਤਮਾਨ ਲਿਖਿਆ ਹੁੰਦਾ ਹੈ, ਉਥੇ ਇਕ ਵਰ੍ਹਾ ਜ਼ਿਆਦਾ ਹੁੰਦਾ ਹੈ।

          ਪਹਿਲਾਂ ਇਹ ਸੰਮਤ ਨੇਪਾਲ ਤੋਂ ਲੈ ਕੇ ਕਾਠੀਆਵਾੜ ਤਕ ਚਲਦਾ ਸੀ। ਇਸਦਾ ਅੰਤਮ ਲੇਖ (ਵਲੱਭੀ) ਗੁਪਤ ਸੰਮਤ 945 (ਈ. ਸੰ. 1264) ਦਾ ਹੈ ਜਿਸ ਤੋਂ ਪਿਛੋਂ ਇਸਦਾ ਪ੍ਰਚਾਰ ਬਿਲਕੁਲ ਹੀ ਬੰਦ ਹੋ ਗਿਆ।

          11.      ਗਾਂਗੇਯ ਸੰਮਤ––ਕਾਲਿੰਗ ਨਗਰ (ਮੁਖ ਲਿੰਗ, ਉੜੀਸਾ ਦੇ ਗੰਜਾਮ ਜ਼ਿਲ੍ਹੇ ਅੰਦਰ ਪਰਲਾਕੇ ਮੁੰਡੀ ਤੋਂ 30 ਕਿ. ਮੀ. ਤੇ) ਦੇ ਗੰਗਾ ਵੰਸ਼ੀ ਰਾਜਿਆਂ ਦੇ ਕਈ ਇਕ ਦਾਨ-ਪੱਤਰਾਂ ਵਿਚ ਗਾਂਗੇਯ ਸੰਮਤ ਲਿਖਿਆ ਮਿਲਦਾ ਹੈ। ਇਹ ਸੰਮਤ ਗੰਗਾਵੰਸ਼ ਦੇ ਕਿਸੇ ਰਾਜੇ ਨੇ ਚਲਾਇਆ ਹੋਵੇਗਾ ਪਰੰਤੂ ਇਸ ਦੇ ਚਲਾਉਣ ਵਾਲੇ ਦਾ ਕੁਝ ਵੀ ਪਤਾ ਨਹੀਂ ਚਲਦਾ। ਗੰਗਾ ਵੰਸ਼ੀਆਂ ਦੇ ਦਾਨ-ਪੱਤਰਾਂ ਅੰਦਰ ਕੇਵਲ ਸੰਮਤ, ਮਹੀਨੇ, ਪੱਖ ਅਤੇ ਤਿਥੀਆਂ (ਜਾਂ ਸੂਰਜੀ ਦਿਨ) ਹੀ ਦਿੱਤੀਆਂ ਹੋਈਆਂ ਹਨ ਅਤੇ ਵਾਰ ਕਿਸੇ ਵਿਚ ਨਹੀਂ ਦਿੱਤੇ ਹੋਏ। ਇਸ ਲਈ ਇਸ ਸੰਮਤ ਦੇ ਆਰੰਭ ਦਾ ਠੀਕ ਨਿਸ਼ਚਾ ਨਹੀਂ ਹੋ ਸਕਦਾ।

          ਗਾਂਗੇਯ ਸੰਮਤ ਵਾਲੇ ਦਾਨ-ਪੱਤਰਾਂ ਵਿਚ ਸਭ ਤੋਂ ਪਹਿਲਾ ਗਾਂਗੇਯ ਸੰਮਤ 87 ਦਾ ਅਤੇ ਸਭ ਤੋਂ ਪਿਛਲਾ 351 ਦਾ ਹੈ। ਸੋ ਇਹ ਸੰਮਤ 350 ਵਰ੍ਹਿਆਂ ਤੋਂ ਕੁਝ ਵਧ ਪ੍ਰਚਲਤ ਰਹਿ ਕੇ ਸਮਾਪਤ ਹੋ ਗਿਆ।

          12.      ਹਰਸ਼ ਸੰਮਤ––ਇਹ ਸੰਮਤ ਥਾਨੇਸਰ ਦੇ ਰਾਜਾ ਹਰਸ਼ ਦੇ ਗੱਦੀ ਉੱਤੇ ਬੈਠਣ ਦੇ ਸਮੇਂ ਤੋਂ ਪ੍ਰਚਲਤ ਹੋਇਆ ਮੰਨਿਆ ਜਾਂਦਾ ਹੈ ਪਰੰਤੂ ਕਿਸੇ ਲੇਖ ਵਿਚ ਇਸ ਸੰਮਤ ਦੇ ਨਾਲ ਹਰਸ਼ ਦਾ ਨਾਂ ਜੁੜਿਆ ਹੋਇਆ ਅੱਜ ਤਕ ਨਹੀਂ ਮਿਲਿਆ। ਖ਼ੁਦ ਰਾਜਾ ਹਰਸ਼ ਦੇ ਦੋਹਾਂ ਦਾਨ-ਪੱਤਰਾਂ ਵਿਚ ਵੀ ਕੇਵਲ ‘ਸੰਮਤ’ ਹੀ ਲਿਖਿਆ ਹੈ। ਅਲਬਰੂਨੀ ਲਿਖਦਾ ਹੈ ਕਿ ਮੈਂ ਕਸ਼ਮੀਰ ਦੇ ਇਕ ਪੰਚਾਂਗ ਅੰਦਰ ਪੜ੍ਹਿਆ ਹੈ ਕਿ ਹਰਸ਼ ਬਿਕ੍ਰਮਾਦਿਤਯ ਤੋਂ 664 ਵਰ੍ਹੇ ਪਿਛੋਂ ਹੋਇਆ ਹੈ। ਜੇ ਅਲਬਰੂਨੀ ਦੀ ਇਸ ਗੱਲ ਦਾ ਅਰਥ ਇਹ ਸਮਝਿਆ ਜਾਵੇ ਕਿ ਬਿਕ੍ਰਮੀ ਸੰਮਤ 664 ਤੋਂ ਹਰਸ਼ ਸੰਮਤ ਦਾ ਆਰੰਭ ਹੋਇਆ ਹੈ ਤਾਂ ਹਰਸ਼ ਸੰਮਤ ਵਿਚ 663 ਜੋੜਨ ਨਾਲ ਬਿਕ੍ਰਮੀ ਸੰਮਤ ਅਤੇ 606––07 ਜੋੜਨ ਨਾਲ ਈਸਵੀ ਸੰਨ ਨਿਕਲ ਆਵੇਗਾ।

          ਨੇਪਾਲ ਦੇ ਰਾਜੇ ਅੰਸ਼ਵਰਮਨ ਨੇ ਲੇਖ ਵਿਚ ਸੰਮਤ ਵਿਚ 34 ਪ੍ਰਥਮ ਪੌਸ਼ ਸ਼ੁਕਲ 2 ਲਿਖਿਆ ਹੈ। ਸੰਭਵ ਹੈ ਕਿ ਇਸ ਲੇਖ ਦਾ ਸੰਮਤ ਹਰਸ਼ ਸੰਮਤ ਹੋਵੇ। ਕੈਂਬ੍ਰਿਜ ਦੇ ਪ੍ਰੋਫੈਸਰ ਐਡਮਜ਼ ਅਤੇ ਵੀਆਨਾ ਦੇ ਡਾਕਟਰ ਸ਼ਾਮ ਨੇ ਹਰਸ਼ ਸੰਮਤ 0=ਈ. ਸੰ. 606 (ਬਿ. ਸੰ. 663) ਮੰਨ ਕੇ ਗਿਣਤੀ ਕੀਤੀ ਤਾਂ ‘ਦ੍ਰਹਮ ਸਿੱਧਾਂਤ’ ਦੇ ਅਨੁਸਾਰ ਈ. ਸੰ. 640 ਅਰਥਾਤ ਬਿ. ਸੰ. 697 ਵਿਚ ਪੋਹ ਦਾ ਮਹੀਨਾ ਜ਼ਿਆਦਾ ਆਉਂਦਾ ਹੈ। ਇਸ ਤੋਂ ਵੀ ਬਿ. ਸੰ. ਅਤੇ ਹਰਸ਼ ਸੰਮਤ ਦਾ ਅੰਤਰ 606 ਆਉਂਦਾ ਹੈ ਜਿਵੇਂ ਕਿ ਉਪਰ ਦੱਸਿਆ ਗਿਆ ਹੈ। ਇਹ ਸੰਮਤ ਆਮ ਕਰਕੇ ਉੱਤਰ ਪ੍ਰਦੇਸ਼ ਅਤੇ ਨੇਪਾਲ ਵਿਚ ਲਗਭਗ 300 ਵਰ੍ਹੇ ਚਲ ਕੇ ਸਮਾਪਤ ਹੋ ਗਿਆ।

          13.      ਭਾਟਿਕ (ਭੱਟੀਕ) ਸੰਮਤ––ਭਾਟਿਕ (ਭੱਟਿਕ) ਸੰਮਤ ਜੈਸਲਮੇਰ ਦੇ ਦੋ ਸ਼ਿਲਾਲੇਖਾਂ ਵਿਚ ਮਿਲਿਆ ਹੈ। ਭੱਟੀ ਜਾਂ ਭੱਟਿਕ ਨਾਂ ਦਾ ਰਾਜਾ ਜੈਸਲਮੇਰ ਦੇ ਰਾਜਿਆਂ ਦਾ ਵਡ ਵਡੇਰਾ ਸੀ, ਜਿਸਦੇ ਨਾਂ ਤੋਂ ਉਸਦੇ ਬੰਸ ਵਾਲਿਆਂ ਨੂੰ ਭਾਟੀ ਆਖਦੇ ਹਨ। ਇਹ ਸੰਮਤ ਰਾਜਾ ਭੱਟਿਕ (ਭਾਟੀ) ਦਾ ਚਲਾਇਆ ਹੋਇਆ ਹੋਵੇਗਾ। ਜੈਸਲਮੇਰ ਦੇ ਲਕਸ਼ਮੀ ਨਰਾਇਣ ਦੇ ਮੰਦਿਰ ਦੇ ਸ਼ਿਲਾਲੇਖ ਵਿਚ ਜਿਹੜਾ ਉਥੋਂ ਦੇ ਰਾਜਾ ਵੈਰੀ ਸਿੰਘ ਦੇ ਸਮੇਂ ਦਾ ਹੈ, ਬਿ. ਸੰਮਤ 1494 ਅਤੇ ਭਾਟਿਕ ਸੰਮਤ 813 ਲਿਖਿਆ ਹੈ ਜਿਸ ਤੋਂ ਬਿ. ਸੰਮਤ ਅਤੇ ਭਾਟਿਕ ਸੰਮਤ ਦਾ ਅੰਤਰ (1494-813) 681 ਆਉਂਦਾ ਹੈ। ਉਥੋਂ ਦੇ ਹੀ ਮਹਾਦੇਵ ਦੇ ਮੰਦਿਰ ਦੇ ਲੇਖ ਵਿਚ ਜਿਹੜਾ ਨਾਵਲ ਭੀਮ ਸਿੰਘ ਦੇ ਸਮੇਂ ਦਾ ਹੈ, ਬਿ. ਸੰ. 1673, ਸ਼ਕ ਸੰਮਤ 1538 ਅਤੇ ਭਾਟਿਕ ਸੰਮਰ 993 ਮਾਰਗਸ਼ੀਰਸ਼ ਮਹੀਨਾ ਲਿਖਿਆ ਹੈ। ਇਸ ਹਿਸਾਬ ਤੋਂ ਬਿ. ਸੰ. ਅਤੇ ਭਾਟਿਕ ਸੰਮਤ ਦੇ ਦਰਮਿਆਨ ਦਾ ਅੰਤਰ (1673-993=) 680 ਆਉਂਦਾ ਹੈ। ਇਨ੍ਹਾਂ ਦੋਹਾਂ ਲੇਖਾਂ ਤੋਂ ਪਤਾ ਲਗਦਾ ਹੈ ਕਿ ਭਾਟਿਕ ਸੰਮਤ ਵਿਚ 680-81 ਜੋੜਨ ਨਾਲ ਬਿਕ੍ਰਮ ਸੰਮਤ ਅਤੇ 623-24 ਜੋੜਨ ਨਾਲ ਈ. ਸੰ. ਬਣ ਜਾਂਦਾ ਹੈ।

          14.      ਕੋਲੱਮ (ਕੋਲੰਬ) ਸੰਮਤ––ਇਸ ਸੰਮਤ ਨੂੰ ਸੰਸਕ੍ਰਿਤ ਲੇਖਾਂ ਵਿਚ ਕੋਲੰਬ ਸੰਮਤ (ਵਰਸ਼) ਅਤੇ ਤਾਮਿਲ ਵਿਚ ‘ਕੋਲੱਮ ਆਂਡੂ’ (ਕੋਲੰਬ=ਪੱਛਮੀ, ਅਤੇ ਆਂਡੂ=ਵਰਸ਼) ਅਰਥਾਤ ਪੱਛਮੀ (ਭਾਰਤ ਦਾ) ਸੰਮਤ ਲਿਖਿਆ ਹੈ। ਇਹ ਸੰਮਤ ਕਿਸ ਨੇ, ਕਿਸ ਘਟਨਾ ਦੀ ਯਾਦਗਾਰ ਵਿਚ ਚਲਾਇਆ, ਇਸ ਬਾਰੇ ਕੁਝ ਵੀ ਲਿਖਿਆ ਹੋਇਆ ਨਹੀਂ ਮਿਲਦਾ। ਇਸ ਦੇ ਵਰ੍ਹਿਆਂ ਨੂੰ ਕਿਤੇ ‘ਕੋਲੱਮ ਵਰਸ਼’ ਅਤੇ ਕਿਤੇ ‘ਕੋਲੱਮ ਉਤਪਤੀ ਤੋਂ ਵਰਸ਼’ ਲਿਖਦੇ ਹਨ, ਜਿਸ ਤੋਂ ਅਨੁਮਾਨ ਹੁੰਦਾ ਹੈ ਕਿ ਭਾਰਤ ਦੇ ਪੱਛਮੀ ਤਟ ਉਪਰਲੇ ਮਾਲਾਬਾਰ ਪ੍ਰਦੇਸ਼ ਦੇ ਕੋਲੱਮ (ਕ੍ਵਿਲੇਨ, ਟ੍ਰਾਵਨਕੋਰ ਰਾਜ ਵਿਚ) ਨਾਂ ਦੇ ਪ੍ਰਾਚੀਨ ਨਗਰ, ਜਿਸਨੂੰ ਸੰਸਕ੍ਰਿਤ ਲੇਖਕ ਕੋਲੰਬਪੱਤਨ ਲਿਖਦੇ ਹਨ, ਨਾਲ ਸਬੰਧ ਰੱਖਣ ਵਾਲੀ ਕਿਸੇ ਘਟਨਾ ਤੋਂ ਸੰਮਤ ਚਲਿਆ ਹੋਵੇਗਾ। ਮਾਲਾਬਾਰ ਦੇ ਲੋਕ ਇਸ ਨੂੰ ‘ਪਰਸੁਰਾਮ ਦਾ ਸੰਮਤ’ ਕਹਿੰਦੇ ਹਨ ਅਤੇ 1000 ਵਰ੍ਹੇ ਪੂਰੇ ਹੋਣ ਤੋਂ ਪਿਛੋਂ ਫਿਰ 1 ਤੋਂ ਦੁਬਾਰਾ ਇਹੀ ਚੱਕਰ ਆਰੰਭ ਹੋ ਜਾਂਦਾ ਹੈ ਅਤੇ ਵਰਤਮਾਨ ਚੱਕਰ ਨੂੰ ਚੌਥਾ ਦਸਦੇ ਹਨ। ਪਰੰਤੂ ਈ. ਸੰ. 1825 ਵਿਚ ਇਸ ਸੰਮਤ ਦੇ ਚੱਕਰ ਦੇ 1000 ਵਰ੍ਹੇ ਪੂਰੇ ਹੋ ਜਾਣ ਤੋਂ ਪਿੱਛੋਂ ਵੀ ਫਿਰ ਉਨ੍ਹਾਂ ਨੇ 1 ਤੋਂ ਦੁਬਾਰਾ ਚੱਕਰ ਸ਼ੁਰੂ ਨਹੀਂ ਕੀਤਾ ਸਗੋਂ 1000 ਤੋਂ ਅੱਗੇ ਲਿਖਦੇ ਜਾ ਰਹੇ ਹਨ, ਸੋ ਇਸ ਸੰਮਤ ਨੂੰ 1000 ਵਰਸ਼ ਦਾ ਚੱਕਰ ਨਹੀਂ ਮੰਨਿਆ ਜਾ ਸਕਦਾ। ਵੀਰ ਰਵੀਵਰਮਨ ਦੇ ਤ੍ਰਿਵੇਂਦ੍ਰਮ ਤੋਂ ਮਿਲੇ ਸ਼ਿਲਾਲੇਖ ਵਿਚ ਕਲਜੁਗ ਸੰਮਤ 4702 (ਵਰਤਮਾਨ = ਗਤ 470) ਅਤੇ ਕੋਲੱਮ ਸੰਮਤ 776 ਦੋਵੇਂ ਲਿਖੇ ਹੋਏ ਹਨ, ਜਿਸ ਤੋਂ ਵੀ ਇਹ ਹੀ ਪਤਾ ਚਲਦਾ ਹੈ ਕਿ ਗਤ ਕਲਜੁਗ ਸੰਮਤ ਅਤੇ ਕੋਲੱਮ ਸੰਮਤ ਦੇ ਵਿਚਕਾਰ ਦਾ ਅੰਤਰ 3925 (=470 I––776) ਹੈ।

          ਇਹ ਸੰਮਤ ਮਾਲਾਬਾਰ ਤੋਂ ਕੰਨਿਆ ਕੁਮਾਰੀ ਤਕ ਅਤੇ ਤਿੰਨੇਵੱਲੀ ਜ਼ਿਲ੍ਹੇ ਵਿਚ ਅੱਜ ਤਕ ਪ੍ਰਚਲਤ ਹੈ। ਉੱਤਰੀ ਮਾਲਾਬਾਰ ਵਿਚ ਇਸਦਾ ਆਰੰਭ ਕੰਨਿਆ ਸੰਕ੍ਰਾਂਤੀ (ਸ਼ੌਰ ਭਾਦ੍ਰਪਦ) ਤੋਂ ਹੁੰਦਾ ਹੈ। ਇਸ ਦਾ ਵਰਸ਼ ਸੂਰਜੀ ਹੈ ਅਤੇ ਮਾਲਾਬਾਰ ਵਿਚ ਮਹੀਨਿਆਂ ਦੇ ਨਾਂ ਸੰਕ੍ਰਾਂਤੀਆਂ ਦੇ ਨਾਂ ਹੀ ਹਨ ਪਰੰਤੂ ਤਿੰਨੇਵੱਲੀ ਜ਼ਿਲ੍ਹੇ ਵਿਚ ਉਨ੍ਹਾਂ ਦੇ ਚੈਤ੍ਰਾਦਿ ਮਹੀਨਿਆਂ ਦੇ ਲੌਕਿਕ ਰੂਪ ਉੱਤੇ ਹਨ (ਚੈਤ੍ਰ ਨੂੰ ‘ਸ਼ਿਤੀਰੈ’ ਜਾਂ ‘ਚਿਤੀਰੈ’ ਕਹਿੰਦੇ ਹਨ)। ਉਥੋਂ ਦਾ ਸੂਰਜੀ ਚੈਤ੍ਰ ਮਾਲਾਬਾਰ ਵਾਲਿਆਂ ਦਾ ‘ਮੇਖ’ ਹੈ। ਇਸ ਸੌਮਤ ਦੇ ਵਰਸ਼ ਆਮ ਕਰਕੇ ਵਰਤਮਾਨ ਹੀ ਲਿਖੇ ਜਾਂਦੇ ਹਨ। ਇਸ ਸੰਮਤ ਦਾ ਸਭ ਤੋਂ ਪੁਰਾਣਾ ਲੇਖ ਕੋਲੱਮ ਸੰਮਤ 149 ਦਾ ਮਿਲਿਆ ਹੈ।

          15.      ਨੇਵਾਰ (ਨੇਪਾਲ) ਸੰਮਤ––ਡਾ. ਭਗਵਾਨ ਲਾਲ ਇੰਦਰ ਜੀ ਨੂੰ ਨੇਪਾਲ ਤੋਂ ਜਿਹੜੀ ਬੰਸਾਵਲੀ ਮਿਲੀ ਹੈ, ਉਸਤੋਂ ਪਤਾ ਲਗਦਾ ਹੈ ਕਿ ਦੂਜੇ ਠਾਕੁਰੀ ਬੰਸ ਦੇ ਰਾਜਾ ਅਭੱਯਮੱਲ ਦੇ ਪੁੱਤਰ ਜ਼ਯਦੇਵਮੱਲ ਨੇ ਨੇਵਾਰ ਸੰਮਤ ਚਲਾਇਆ। ਉਸਨੇ ਕਾਂਤੀਪੁਰ ਅਤੇ ਲਲਿਤ ਪੱਟਨ (Lalit Patan) ਉਪਰ ਰਾਜ ਕੀਤਾ ਤੇ ਉਸਦੇ ਛੋਟੇ ਭਾਈ ਆਨੰਦਮੱਲ ਨੇ ਭਕਤਪੁਰ (ਭਾਟਗਾਂਵ) ਵਸਾਇਆ ਅਤੇ ਉਹੀ ਉਥੇ ਹੀ ਰਿਹਾ। ਇਨ੍ਹਾਂ ਦੋਹਾਂ ਭਰਾਵਾਂ ਦੇ ਸਮੇਂ ਕਰਨਾਟਕ ਨੂੰ ਸਥਾਪਤ ਕਰਨ ਵਾਲੇ ਨਾਨਯਦੇਵ (Nanyadeva) ਦੱਖਣ ਤੋਂ ਆਕੇ ਨੇਪਾਲ ਸੰਮਤ 9 ਜਾਂ ਸ਼ਕ ਸੰਮਤ 811 ਸਾਵਣ ਸ਼ੁਦੀ 7 ਨੂੰ ਸਮਗ੍ਰਦੇਸ਼ (ਨੇਪਾਲ) ਜਿੱਤ ਕੇ ਦੋਹਾਂ ਮੱਲਾਂ (ਜਯਦੇਵਮੱਲ ਅਤੇ ਅਨੰਦਮੱਲ) ਨੂੰ ਤਿਰਹੁਤ (Tirhut) ਵਲ ਭਜਾ ਦਿੱਤਾ। ਇਸ ਕਥਨ ਅਨੁਸਾਰ ਸ਼ਕ ਸੰਮਤ ਅਤੇ ਨੇਵਾਰ ਸੰਮਤ ਵਿਚਕਾਰ ਦਾ ਅੰਤਰ (811–9=) 802 ਅਤੇ ਬਿਕ੍ਰਮ ਸੰਮਤ ਅਤੇ ਨੇਵਾਰ ਸਮਤ ਦੇ ਵਿਚਕਾਰ ਦਾ ਅੰਤਰ (946–9=) 937 ਆਉਂਦਾ ਹੈ।

          16.     ਚਾਲੂਕੀਆਂ ਬਿਕ੍ਰਮ ਸੰਮਤ––ਕਲਿਆਣਪੁਰ (ਕਲਿਆਣੀ ਵਿਚ) ਦੇ ਚਾਲੂਕੀਆ (ਸੋਲੰਕੀ) ਰਾਜਾ ਵਿਕ੍ਰਮਾਦਿੱਤਯ (ਛੇਵੇਂ) ਨੇ ਆਪਣੇ ਰਾਜ ਵਿਚ ਸ਼ਕ ਸੰਮਤ ਹਟਾ ਕੇ ਉਸ ਦੀ ਥਾਂ ਤੇ ਆਪਣੇ ਨਾਂ ਦਾ ਸੰਮਤ ਚਲਾਇਆ। ਮਾਲਵੇ ਦੇ ਪ੍ਰਸਿੱਧ ਬਿਕ੍ਰਮਾਦਿੱਤਯ ਦੇ ਸੰਮਤ ਤੋਂ ਭਿੰਨ ਦੱਸਣ ਲਈ ਸ਼ਿਲਾਲੇਖਾਂ ਅੰਦਰ ਇਸ ਦਾ ਨਾਂ ‘ਚਾਲੂਕੀਆ ਬਿਕ੍ਰਮਕਾਲ’ ਜਾਂ ‘ਚਾਲੂਕੀਆ ਬਿਕ੍ਰਮਵਰਸ਼’ ਵੀ ਲਿਖਿਆ ਮਿਲਦਾ ਹੈ। ਇਹ ਸੰਮਤ ਇਸ ਰਾਜੇ ਦੇ ਰਾਜ ਤਿਲਕ ਦੇ ਵਰ੍ਹੇ ਤੋਂ ਚਲਿਆ ਮੰਨਿਆ ਜਾਂਦਾ ਹੈ।

          ਇਸ ਸੰਮਤ ਦਾ ਆਰੰਭ ਚੈਤ੍ਰਸ਼ੁਕਲ 1 ਤੋਂ ਮੰਨਿਆ ਜਾਂਦਾ ਹੈ। ਇਹ ਸੰਮਤ ਲਗਭਗ 100 ਵਰ੍ਹੇ ਚਲ ਕੇ ਖ਼ਤਮ ਹੋ ਗਿਆ। ਇਸ ਦਾ ਸਭ ਤੋਂ ਪਿਛਲਾ ਲੇਖ ਚਾਲੂਕੀਆ ਬਿਕ੍ਰਮ ਸੰਮਤ 94 ਦਾ ਮਿਲਿਆ ਹੈ।

          17.      ਸਿੰਘ ਸੰਮਤ––ਇਹ ਸੰਮਤ ਕਿਸ ਨੇ ਚਲਾਇਆ, ਇਹ ਅੱਜ ਤਕ ਨਿਸ਼ਚੇ ਨਾਲ ਪਤਾ ਨਹੀਂ ਲਗਿਆ। ਕਰਨਲ ਜੇਮਜ਼ ਟਾਡ ਨੇ ਇਸ ਦਾ ਨਾਂ ‘ਸ਼ਿਵਸਿੰਘ ਸੰਵਤ’ ਲਿਖਿਆ ਹੈ ਅਤੇ ਇਸਨੂੰ ਦੀਣ ਬੈਟ (ਕਾਠੀਆਵਾੜ ਦੇ ਦੱਖਣ ਵਿਚ) ਦੋ ਗੋਹਿਲਆਂ ਦਾ ਚਲਾਇਆ ਹੋਇਆ ਦਸਿਆ ਹੈ। ਇਸ ਤੋਂ ਇਸ ਸੰਮਤ ਦਾ ਚਲਾਉਣ ਵਾਲਾ ਗੋਹਿਲ ਸ਼ਿਵ ਸਿੰਘ ਮੰਨਣਾ ਪੈਂਦਾ ਹੈ। ਭਾਵਨਗਰ ਦੇ ਸਾਬਕਾ ਦੀਵਾਨ ਵਿਜੇਸ਼ੰਕਰ ਗੋਰੀਸ਼ੰਕਰ ਓਝਾ ਨੇ ਲਿਖਿਆ ਹੈ ਕਿ ਸ੍ਰੀ ਸਿੰਘ ਦਾ ਨਾਂ ਪੋਰਬੰਦਰ ਦੇ ਇਕ ਲੇਖ ਵਿਚ ਮਿਲ ਜਾਂਦਾ ਹੈ ਜਿਸ ਅੰਦਰ ਇਸ ਨੂੰ ਸੌਰਾਸ਼ਟਰ ਦਾ ਮੰਡਲੇਸ਼ਵਰ ਲਿਖਿਆ ਹੈ। ਪਰੰਤੂ ਬਾਅਦ ਵਿਚ ਉਸਨੇ ਜ਼ਿਆਦਾ ਸ਼ਕਤੀਸ਼ਾਲੀ ਹੋਣ ਤੇ ਸ਼ਾਇਦ ਬਿਕ੍ਰਮ ਸੰਮਤ 1170 (ਈ. ਸੰ. 1114) ਤੋਂ ਆਪਣੇ ਨਾਂ ਦਾ ਸੰਮਤ ਚਲਾਇਆ ਹੋਵੇ। ਪਰੰਤੂ ਪੋਰਬੰਦਰ ਦਾ ਲੇਖ ਅੱਜ ਤਕ ਖ਼ਾਸ ਪ੍ਰਸਿੱਧੀ ਪ੍ਰਾਪਤ ਨਹੀਂ ਕਰ ਸਕਿਆ ਜਿਸ ਕਾਰਨ ਮੰਡਲੇਸ਼ਵਰ ਸਿੰਘ ਦੇ ਬਾਰੇ ਹੋਰ ਕੁਝ ਵੀ ਨਹੀਂ ਕਿਹਾ ਜਾ ਸਕਦਾ।

          ਡਾ. ਭਗਵਾਨ ਲਾਲ ਇੰਦਰ ਜੀ ਦਾ ਕਹਿਣਾ ਹੈ ਕਿ ਬਹੁਤ ਸੰਭਵ ਹੈ ਕਿ ਈ. ਸੰ. 1113-14 (ਬਿ. ਸੰ. 1169-70) ਵਿਚ (ਚਾਲੂਕੀਆ) ਜੈ ਸਿੰਘ (ਸਿੱਧਰਾਜ) ਨੇ ਸੋਰਠ (ਦੱਖਣੀ ਕਾਠੀਆਵਾੜ) ਦੇ ਰਾਜਾ ਖੈਂਗਾਰ ਨੂੰ ਜਿੱਤ ਕੇ ਆਪਣੀ ਯਾਦਗਾਰ ਵਿਚ ਇਹ ਸੰਮਤ ਚਲਾਇਆ ਹੋਵੇ। ਪਰੰਤੂ ਇਹ ਗਲ ਵੀ ਸਵੀਕਾਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਈ. ਸੰ. 1113-14 ਵਿਚ ਹੀ ਜੈ ਸਿੰਘ ਦੇ ਖੈਂਗਾਰ ਨੂੰ ਜਿੱਤਣ ਦਾ ਕੋਈ ਪ੍ਰਮਾਣ ਨਹੀਂ ਹੈ। ਦੂਜੀ ਸ਼ੰਕਾ ਇਹ ਹੈ ਕਿ ਜੇ ਜੈ ਸਿੰਘ ਨੇ ਇਹ ਸੰਮਤ ਚਲਾਇਆ ਹੁੰਦਾ ਤਾਂ ਇਸਦਾ ਨਾਂ ‘ਜੈ ਸਿੰਘ ਸੰਮਤ’ ਹੋਣਾ ਚਾਹੀਦਾ ਸੀ ਨਾ ਕਿ ‘ਸਿੰਘ ਸੰਮਤ’ ਕਿਉਂਕਿ ਸੰਮਤਾਂ ਦੇ ਨਾਲ ਉਨ੍ਹਾਂ ਦੇ ਚਲਾਉਣ ਵਾਲਿਆਂ ਦੇ ਪੂਰੇ ਨਾਂ ਵੀ ਜੁੜੇ ਹੁੰਦੇ ਹਨ। ਤੀਜੀ ਗੱਲ ਇਹ ਹੈ ਕਿ ਜੇ ਇਹ ਸੰਮਤ ਜੈ ਸਿੰਘ ਨੇ ਚਲਾਇਆ ਹੁੰਦਾ ਤਾਂ ਇਸ ਦੀ ਧਾਰਨਾ ਤੇ ਉਸਦੇ ਪਿਛੋਂ ਬੰਸ ਵਾਲਿਆਂ ਦੇ ਸ਼ਿਲਾਲੇਖਾਂ ਅਤੇ ਦਾਨ-ਪੱਤਰਾਂ ਵਿਚ ਮੁੱਖ ਸੰਮਤ ਇਹੀ ਹੋਣਾ ਚਾਹੀਦਾ ਸੀ। ਪਰੰਤੂ ਅਜਿਹਾ ਨਾ ਹੋਣ ਤੋਂ ਇਹੀ ਸਿੱਧ ਹੁੰਦਾ ਹੈ ਕਿ ਸਿੰਘ ਸੰਮਤ ਜੈ ਸਿੰਘ ਦਾ ਚਲਾਇਆ ਹੋਇਆ ਨਹੀਂ ਹੈ। ਕਾਠੀਆਵਾੜ ਤੋਂ ਬਾਹਰ ਇਸ ਸੰਮਤ ਦਾ ਕਿਤੇ ਚਾਲੂ ਨਾ ਹੋਣਾ ਵੀ ਇਹ ਸਿੱਧ ਕਰਦਾ ਹੈ ਕਿ ਇਹ ਸੰਮਤ ਕਾਠੀਆਵਾੜ ਦੇ ਸਿੰਘ ਨਾਂ ਦੇ ਕਿਸੇ ਰਾਜੇ ਨੇ ਚਲਾਇਆ ਹੋਵੇਗਾ ਜਿਸ ਦਾ ਨਾਂ ਉਸਦੇ ਨਾਲ ਜੁੜਿਆ ਹੋਇਆ ਹੈ ਅਤੇ ਇਹੀ ਵਿਜੇਸ਼ੰਕਰ ਓਝਾ ਦਾ ਅਨੁਮਾਨ ਹੈ।

          18.      ਲਕਸ਼ਮਣਸੇਨ ਸੰਮਤ––ਇਹ ਸੰਮਤ ਬੰਗਾਲ ਦੇ ਸੇਨਬੰਸੀ ਰਾਜਾ ਬੱਲਾਸੇਨ ਦੇ ਪੁੱਤਰ ਲਕਸ਼ਮਣਸੇਨ ਦੇ ਰਾਜ ਤਿਲਕ ਤੋਂ ਚਲਿਆ ਮੰਨਿਆ ਜਾਂਦਾ ਹੈ।

          ਅਬੁਫਜ਼ਲ ਨੇ ‘ਅਕਬਰਨਾਮੇ’ ਵਿਚ ਤਾਰੀਖ ਇਲਾਹੀ ਦੇ ਪ੍ਰਸੰਗ ਵਿਚ ਲਿਖਿਆ ਹੈ ਕਿ ‘ਬੰਗ’ (ਬੰਗਾਲ) ਵਿਚ ਲਛਮਨਸੇਨ (ਲਕਸ਼ਮਣਸੇਨ) ਦੇ ਰਾਜ ਦੇ ਆਰੰਭ ਤੋਂ ਸੰਮਤ ਗਿਣਿਆ ਜਾਂਦਾ ਹੈ। ਉਸ ਸਮੇਂ ਤੋਂ ਅੱਜ ਤਕ 465 ਵਰ੍ਹੇ ਹੋਏ ਹਨ। ਗੁਜਰਾਤ ਅਤੇ ਦੱਖਣ ਵਿਚ ਸਾਲਿਵਾਹਨ ਦਾ ਸੰਮਤ ਪ੍ਰਚਲਤ ਹੈ ਜਿਸਦੇ ਇਸ ਸਮੇਂ ਤਕ 1506 ਵਰ੍ਹੇ ਬਤੀਤ ਹੋਏ ਹਨ। ਮਾਲਵਾ ਅਤੇ ਦਿੱਲੀ ਆਦਿ ਵਿਚ ਬਿਕ੍ਰਮੀ ਸੰਮਤ ਚਲਦਾ ਹੈ ਜਿਸਦੇ 1641 ਵਰ੍ਹੇ ਬਤੀਤ ਹੋ ਚੁੱਕੇ ਹਨ। ਇਸ ਤੋਂ ਸ਼ਕ ਸੰਮਤ ਅਤੇ ਲਕਸ਼ਮਣਸੇਨ ਸੰਮਤ ਦੇ ਵਿਚਕਾਰ ਦਾ ਅੰਤਰ (1506–465=) 1041 ਆਉਂਦਾ ਹੈ।

          ਇਹ ਸੰਮਤ ਪਹਿਲਾਂ ਬੰਗਾਲ, ਬਿਹਾਰ ਅਤੇ ਮਿਥਿਲਾ ਵਿਚ ਚਾਲੂ ਸੀ ਅਤੇ ਅੱਜਕਲ੍ਹ ਮਿਥਿਲਾ ਵਿਚ ਇਸ ਦਾ ਕੁਝ ਪ੍ਰਚਾਰ ਹੈ, ਜਿਥੇ ਇਸ ਦਾ ਆਰੰਭ ਮਾਘ ਸ਼ੁਕਲ ਤੋਂ ਮੰਨਿਆ ਜਾਂਦਾ ਹੈ।

          19.     ਪੁਡੂਵੈਪੂ ਸੰਮਤ––ਈ. ਸੰ. 1341 ਵਿਚ ਕੋਚੀਨ ਦੇ ਉੱਤਰ ਵਿਚ ਇਕ ਟਾਪੂ (13 ਮੀਲ ਲੰਮਾ ਅਤੇ 1 ਮੀਲ ਚੌੜਾ) ਸਮੁੰਦਰ ਵਿਚੋਂ ਨਿਕਲ ਆਇਆ, ਜਿਸ ਨੂੰ ‘ਬਿਪੀਨ’ ਕਹਿੰਦੇ ਹਨ। ਉਸ ਦੀ ਯਾਦਗਾਰ ਵਿਚ ਉਥੇ ਇਕ ਨਵਾਂ ਸੰਮਤ ਚਲਿਆ ਜਿਸ ਨੂੰ ਉਸ ਦੀ ਯਾਦਗਾਰ ਵਿਚ ਉਥੇ ਇਕ ਨਵਾਂ ਸੰਮਤ ਚਲਿਆ ਜਿਸ ਨੂੰ ਪੁਡੂਵੈਪੂ (ਪੁਡੂ=ਨਵੀਂ, ਵੈਪੂ=ਆਬਾਦੀ ; ਮਲਿਆਲਮ ਭਾਸ਼ਾ ਵਿਚ ਕਹਿੰਦੇ ਹਨ। ਕੋਚੀਨ ਰਾਜ ਅਤੇ ਡੱਚ ਈਸਟ ਇੰਡੀਆ ਕੰਪਨੀ ਦੇ ਵਿਚਕਾਰ ਜਿਹੜੀ ਸੰਧੀ ਹੋਈ, ਉਹ ਤਾਂਬੇ ਦੇ ਪੰਜ ਪੱਤਰਿਆਂ ਉਪਰ ਉਕਰੀ ਮਿਲਦੀ ਹੈ, ਜਿਸ ਵਿਚ ਪੁਡੂਵੈਪੂ ਸੰਮਤ 322 ; 14 ਮੀਨ (ਮੀਨ ਸੰਕ੍ਰਾਂਤੀ ਦਾ 14ਵਾਂ ਦਿਨ=ਈ. ਸੰ. 1633 ਤਾਰੀਖ਼ 22 ਮਾਰਚ) ਲਿਖਿਆ ਹੈ। ਇਹ ਸੰਮਤ ਕੋਚੀਨ ਰਾਜ ਵਿਚ ਕੁਝ ਹੱਦ ਤਕ ਚਲਦਾ ਰਿਹਾ ਪਰੰਤੂ ਅਜਕਲ੍ਹ ਉਸਦਾ ਰਿਵਾਜ ਨਹੀਂ ਰਿਹਾ।

          20.     ਰਾਜ ਅਭਿਸ਼ੇਕ ਸੰਮਤ––ਰਾਜ ਅਭਿਸ਼ੇਕ ਸੰਮਤ, ਜਿਸਨੂੰ ਦੱਖਣੀ ਲੋਕ ‘ਰਾਜ ਅਭਿਸ਼ੇਕ’ ਜਾਂ ‘ਰਾਜਸ਼ਕ’ ਕਹਿੰਦੇ ਹਨ, ਮਰਾਠਾ ਰਾਜ ਦੇ ਮੋਢੀ ਸ਼ਿਵਾ ਜੀ ਦੇ ਰਾਜ ਤਿਲਕ ਦੇ ਦਿਨ ਅਰਥਾਤ ਗਤ ਸ਼ਕ ਸੰਮਤ 1596 (ਗਤ ਚੈਤ੍ਰਾਦਿ ਬਿ. ਸੰ. 1731) ਆਨੰਦ ਸੰਵਤਸਰ ਜਯੇਸ਼ਠ ਸ਼ੁਕਲ (16 ਤਾਰੀਖ਼ ਜੂਨ ਈ. ਸੰ. 1674) ਤੋਂ ਚਲਿਆ ਸੀ। ਇਸਦਾ ਵਰਸ਼ ਜਯੇਸ਼ਠ ਸ਼ੁਕਲ 13 ਤੋਂ ਪਲਟਦਾ ਸੀ ਅਤੇ ਵਰਤਮਾਨ ਹੀ ਲਿਖਿਆ ਜਾਂਦਾ ਸੀ। ਇਸ ਦਾ ਰਿਵਾਜ ਮਰਾਠਾ ਰਾਜ ਵਿਚ ਰਿਹਾ ਪਰੰਤੂ ਅੱਜਕਲ੍ਹ ਇਹ ਨਹੀਂ ਵਰਤਿਆ ਜਾਂਦਾ।

          21.      ਬਾਰਹਸਪਤਯ ਸੰਵਤਸਰ (12 ਵਰ੍ਹਿਆਂ) ਦਾ)––ਇਹ ਬਾਰਹਸਪਤਯ ਸੰਵਤਸਰ 12 ਵਰ੍ਹਿਆਂ ਦਾ ਚੱਕਰ ਹੈ, ਇਸਦਾ ਸਬੰਧ ਬ੍ਰਹਸਪਤ ਦੀ ਚਾਲ ਨਾਲ ਹੈ। ਇਸ ਦੇ ਵਰ੍ਹਿਆਂ ਦੇ ਨਾਂ ਕਾਰਤਿਕਾਦਿ 12 ਮਹੀਨਿਆਂ ਅਨੁਸਾਰ ਹਨ, ਪਰੰਤੂ ਕਦੇ ਕਦੇ ਮਹੀਨਿਆਂ ਦੇ ਨਾਵਾਂ ਤੋਂ ਪਹਿਲਾਂ ‘ਮਹਾ’ ਲਿਖਿਆ ਜਾਂਦਾ ਹੈ ਜਿਵੇਂ ਕਿ ‘ਮਹਾਚੈਤ੍ਰ’, ‘ਮਹਾਵੈਸਾਖ’ ਆਦਿ।    

          ਸੂਰਜ ਨੇੜੇ ਹੋਣ ਕਾਰਨ ਬ੍ਰਹਸਪਤ ਅਸਤ ਹੋ ਜਾਂਦਾ ਹੈ ਅਤੇ ਨਜ਼ਰ ਨਹੀਂ ਆਉਂਦਾ, ਪਰ ਜਦੋਂ ਸੂਰਜ ਉਸ ਤੋਂ ਅੱਗੇ ਨਿਕਲ ਜਾਂਦਾ ਹੈ ਤਾਂ (25 ਤੋਂ 31 ਦਿਨਾਂ ਤੋਂ ਪਿਛੋਂ) ਜਿਸ ਨਕਸ਼ੱਤਰ ਉਪਰ ਫਿਰ ਬ੍ਰਹਸਪਤ ਉਦੇ ਹੁੰਦਾ ਹੈ, ਉਸ ਨਕਸ਼ੱਤਰ ਉਪਰ ਫਿਰ ਬ੍ਰਹਸਪਤ ਉਦੇ ਹੁੰਦਾ ਹੈ, ਉਸ ਨਕਸ਼ੱਤਰ ਅਨੁਸਾਰ ਸੰਵਤਸਰ (ਵਰਸ਼) ਦਾ ਨਾਂ ਹੇਠ ਲਿਖੇ ਕ੍ਰਮ ਅਨੁਸਾਰ ਰਖਿਆ ਜਾਂਦਾ ਹੈ :

          ਜੇ ਉਹ ਕ੍ਰਿਤਿਕਾ ਜਾਂ ਰੋਹਿਣੀ ਉਪਰ ਉਦੇ ਹੋਵੇ ਤਾਂ ਮਹਾਕਾਰਤਿਕ (ਕਾਰਤਿਕ); ਮ੍ਰਿਗਸ਼ਿਰ ਜਾਂ ਆਰਦਾ ਉਪਰ ਮਹਾ ਮਾਰਗਸ਼ੀਰਸ਼ (ਮਾਰਗਸ਼ੀਰਸ਼); ਪੁਨਰਵਸੂ ਜਾਂ ਪੁਸ਼ਯ ਉਪਰ ਮਹਾਂਪੌਸ਼; ਅਸ਼ਲੇਸ਼ਾ ਜਾਂ ਮਾਘ ਉਪਰ ਮਹਾਮਾਘ; ਪੂਰਵਾਫਾਲਗੁਨੀ, ਉਤਰਾਫ਼ਾਲਗੁਨੀ ਜਾਂ ਹਸਤ ਉਪਰ ਮਹਾਫਾਲਗੁਨ; ਚਿਤ੍ਰਾ ਜਾਂ ਸਵਾਤੀ ਉਪਰ ਮਹਾਚੈਤ; ਵਿਸ਼ਾਖਾ ਜਾਂ ਅਨੁਰਾਧਾ ਉਪਰ ਮਹਾਵੈਸ਼ਾਖ; ਜਯੇਸ਼ਠਾ ਜਾਂ ਮੂਲ ਉਪਰ ਮਹਾ ਜਯੇਸ਼ਠ, ਪੂਰਵਸ਼ਾੜ੍ਹਾ ਜਾਂ ਉਤਰਾਸ਼ਾੜ੍ਹਾ ਉਪਰ ਮਹਾਆਸ਼ਾੜ੍ਹਾ; ਸ਼੍ਰਾਵਣ ਜਾਂ ਧਨਿਸ਼ਠਾ ਉਪਰ ਮਹਾਸ਼੍ਰਾਵਣ; ਸ਼ਤਭਿਸ਼ਜ ਪੂਰਵਭਾਦ੍ਰਪਦ ਜਾਂ ਉਤਰਭਾਦ੍ਰਪਦ ਉਪਰ ਮਹਾਭਾਦ੍ਰਪਦ ਅਤੇ ਰੇਵਤੀ, ਅਸ਼ਵਿਨੀ ਜਾਂ ਭਰਣੀ ਉਪਰ ਉਦੇ ਹੋਵੇ ਤਾਂ ਮਹਾਆਸਯੁਜ (ਆਸ਼ਵਿਨ) ਸੰਵਤਸਰ ਅਖਵਾਉਂਦਾ ਹੈ। ਇਸ ਚੱਕਰ ਵਿਚ 12 ਵਰ੍ਹਿਆਂ ਅੰਦਰ ਇਕ ਸੰਵਤਸਰ ਖ਼ਤਮ ਹੋ ਜਾਂਦਾ ਹੈ। ਪ੍ਰਾਚੀਨ ਸ਼ਿਲਾਲੇਖਾਂ ਅਤੇ ਦਾਨ-ਪੱਤਰਾਂ ਵਿਚ ਬਾਰਹਸਪਤਯ ਸੰਵਤਸਰ ਦਿੱਤੇ ਹੋਏ ਮਿਲਦੇ ਹਨ, ਜਿਹੜੇ ਸਾਰੇ ਦੇ ਸਾਰੇ ਈ. ਸੰ. ਦੀ 7ਵੀਂ ਸਦੀ ਤੋਂ ਪਹਿਲਾਂ ਦੇ ਹਨ। ਉਸ ਤੋਂ ਬਾਅਦ ਇਸ ਦਾ ਰਿਵਾਜ ਆਮ ਵਰਤੋਂ ਵਿਚ ਨਹੀਂ ਰਿਹਾ ਅਤੇ ਕੇਵਲ ਪੰਚਾਗਾਂ ਅੰਦਰ ਵਰ੍ਹੇ ਦਾ ਨਾਂ ਦੱਸਣ ਲਈ ਹੀ ਰਹਿ ਗਿਆ ਜਿਹੜਾ ਅਜ ਤਕ ਚਲਿਆ ਆਉਂਦਾ ਹੈ।

          22.     ਬਾਰਹਸਪਤਯ ਸੰਵਤਸਰ (60 ਵਰ੍ਹਿਆਂ ਦਾ ਜਾਂ ‘ਸਠਿ’ ਸੰਬਤ)––ਇਹ ਬਾਰਹਸਪਤਯ ਸੰਵਤਸਰ 60 ਵਰ੍ਹਿਆਂ ਦਾ ਚੱਕਰ ਹੈ। ਇਸ ਅੰਦਰ ਵਰ੍ਹਿਆਂ ਦੀ ਸੰਖਿਆ ਨਹੀਂ, ਬਲਕਿ 1 ਤੋਂ 60 ਤਕ ਦੇ ਨਿਯਮ ਕੀਤੇ ਨਾਂ ਹੀ ਲਿਖੇ ਜਾਂਦੇ ਹਨ। ਬ੍ਰਹਸਪਤ ਦੇ ਇਕ ਰਾਸ਼ੀ ਉਪਰ ਰਹਿਣ ਦੇ ਔਸਤ ਸਮੇਂ ਨੂੰ ‘ਬਾਰਹਸਪਤਯ ਸੰਵਤਸਰ’ (ਵਰਸ਼) ਕਹਿੰਦੇ ਹਨ, ਜਿਹੜਾ 361 ਦਿਨ, 2 ਘੜੀ ਅਤੇ 5 ਪਲ ਦਾ ਹੁੰਦਾ ਹੈ। ਪਰ ਸੌਰਵਰਸ਼ 365 ਦਿਨ, 15 ਘੜੀ, 31 ਪਲ, 30 ਵਿਪਲ ਦਾ ਹੁੰਦਾ ਹੈ। ਇਸ ਲਈ ਬਾਰਹਸਪਤਯ ਸੰਵਤਸਰ ਸੌਰਵਰਸ਼ ਤੋਂ 4 ਦਿਨ, 13 ਘੜੀ ਅਤੇ 26 ਪਲ ਦੇ ਲਗਭਗ ਛੋਟਾ ਹੁੰਦਾ ਹੈ। ਇਸ ਤਰ੍ਹਾਂ ਹਰ 85 ਵਰ੍ਹਿਆਂ ਵਿਚ ਇਕ ਸੰਵਤਸਰ ਖ਼ਤਮ ਹੋ ਜਾਂਦਾ ਹੈ। ਇਸ ਚੱਕਰ ਦੇ 60 ਵਰ੍ਹਿਆਂ ਦੇ ਨਾਂ ਇਹ ਹਨ :

          1. ਪ੍ਰਭਵ, 2. ਵਿਭਵ, 3. ਸ਼ੁਕਲ, 4. ਪ੍ਰਮੋਦ, 5. ਪ੍ਰਜਾਪਤੀ, 6. ਅੰਗਿਰਾ, 7. ਸ੍ਰੀਮੁਖ, 8. ਭਾਵ, 9. ਯੂਵਾ, 10. ਧਾਤਾ, 11. ਈਸ਼ਵਰ, 12. ਬਹੁਧਾਨਯ, 13. ਪ੍ਰਮਾਥੀ, 14. ਬਿਕ੍ਰਮ, 15. ਵ੍ਰਿਸ਼, 16. ਚਿਤ੍ਰਭਾਨੂ, 17. ਸੁਭਾਨੂੰ, 18. ਤਾਰਣ, 19. ਪਾਰਥਿਵ, 20. ਵਿਯਯ, 21. ਸਰਵਜਿਤ, 22. ਸਰਵਧਾਰੀ, 23. ਵਿਰੋਧੀ, 24. ਵਿਕ੍ਰਿਤੀ, 25. ਖਰ, 26. ਨੰਦਨ, 27. ਵਿਜਯ, 28. ਜਯ, 29. ਮਨਮਥ, 30. ਦੁਰਮੁਖ, 31. ਹੇਮਲੰਬ, 32. ਫਿਲਬੀ, 33. ਵਿਕਾਰੀ, 34. ਸ਼ਾਰਵਰੀ, 35. ਪੁਲਵ, 36. ਸੁਭਕ੍ਰਿਤ, 37. ਸ਼ੋਬਨ, 38. ਕੋਧੀ, 39. ਵਿਸ਼ਵਾਵਸੂ, 40. ਪਰਾਭਾਵ, 41. ਪਲਵੰਗ, 42. ਕੀਲਕ, 43. ਸੌਮਯ, 44. ਸਾਧਾਰਣ, 45. ਵਿਰੋਧਕ੍ਰਿਤ, 46. ਪਰੀਧਾਵੀ, 47. ਪ੍ਰਮਾਦੀ, 48. ਅਨੰਦ, 49. ਰਾਕਸ਼ਸ਼, 50. ਅਨਲ; 51. ਪਿੰਗਲ, 52. ਕਾਲਯੁਕਤ, 53. ਸਿੱਧਾਰਥੀ, 54. ਰੌਦ੍ਰ, 55. ਦਰਮਤੀ, 56. ਦੁੰਦਭੀ, 57. ਰੁਧੀਰੋਦਗਾਰੀ, 58. ਰਕਤਾਕਸ਼, 59. ਕਧਨ ਅਤੇ 60. ਕਸ਼ਯ।

          ਵਰਾਹਮਿਹਿਰ ਨੇ ਕਲਯੁਗ ਦਾ ਪਹਿਲਾ ਵਰ੍ਹਾ ਵਿਜੇ ਸੰਵਤਸਰ ਮੰਨਿਆ ਹੈ ਪਰੰਤੂ ‘ਜਯੋਤਿਸ਼ਤਤਵ’ ਦੇ ਲੇਖਕ ਨੇ ਪ੍ਰਭਾਵ ਮੰਨਿਆ ਹੈ। ਉੱਤਰੀ ਹਿੰਦੁਸਤਾਨ ਵਿਚ ਇਹ ਸੰਵਤਸਰ ਦਾ ਆਰੰਭ ਬ੍ਰਹਸਪਤ ਦੇ ਰਾਸ਼ੀ ਬਦਲਣ ਤੋਂ ਮੰਨਿਆ ਜਾਂਦਾ ਹੈ ਪਰੰਤੂ ਵਰਤੋਂ ਵਿਚ ਚੈਤ੍ਰ ਸ਼ੁਕਲ 1 ਤੋਂ ਹੀ ਉਸਦਾ ਆਰੰਭ ਗਿਣਿਆ ਜਾਂਦਾ ਹੈ। ਉੱਤਰੀ ਬਿਕ੍ਰਮ ਸੰਮਤ 1975 ਦੇ ਪੰਚਾਂਗ ਵਿਚ ‘ਪ੍ਰਮੋਦ’ ਸੰਵਤਸਰ ਲਿਖਿਆ ਹੈ ਜਿਹੜਾ ਪੂਰਾ ਵਰ੍ਹਾ ਮੰਨਿਆ ਜਾਵੇਗਾ। ਪਰੰਤੂ ਉਸ ਪੰਚਾਂਗ ਅੰਦਰ ਇਹ ਵੀ ਲਿਖਿਆ ਹੈ ਕਿ ਮੇਖਾਰਕ ਦੇ ਸਮੇਂ (ਚੈਤ੍ਰਸ਼ੁਕਲ 3 ਨੂੰ) ਉਸਦੇ 10 ਮਹੀਨੇ, 16 ਦਿਨ, 42 ਘੜੀ ਅਤੇ 15 ਪਲ ਬਤੀਤ ਹੋ ਚੁਕੇ ਸਨ ਅਤੇ 1 ਮਹੀਨਾ, 16 ਦਿਨ, 17 ਘੜੀ ਅਤੇ 45 ਪਲ ਬਾਕੀ ਰਹੇ ਸਨ।

          ਉਪਰੋਕਤ 60 ਵਰ੍ਹਿਆਂ ਨੂੰ ‘ਸਠਿ ਸੰਮਤ’ ਵੀ ਕਹਿ ਦਿੱਤਾ ਜਾਂਦਾ ਹੈ। ਇਹ ਸੱਠ ਵਰ੍ਹੇ ਜੋਤਿਸ਼ ਅਨੁਸਾਰ ਵੀਹ ਵੀਹ ਕਰ ਕੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਤਿੰਨ ਦੇਵਤਿਆਂ ਵਿਚ ਵੰਡੇ ਹੋਏ ਹਨ, ਜੋਤਿਸ਼ ਤੱਤਵ ਵਿਵੇਕ ਅਨੁਸਾਰ ਇਨ੍ਹਾਂ ਸੱਠ ਵਰ੍ਹਿਆਂ ਦੇ ਵੱਖੋ ਵੱਖ ਫਲ ਹੁੰਦੇ ਹਨ ਤੇ ਕਿਸੇ ਵੀ ਸਾਲ ਦੇ ਸ਼ੁਭ ਜਾਂ ਅਸ਼ੁਭ ਹੋਣ ਦਾ ਇਨ੍ਹਾਂ ਸੱਠ ਸੰਮਤਾਂ ਰਾਹੀਂ ਹੀ ਪਤਾ ਲਗਦਾ ਹੈ। ਵੀਹ ਵੀਹ ਦੀ ਇਕਾਈ ਦਾ ਚੱਕਰ ਦੇਵਤਿਆਂ ਦੇ ਗੁਣਾਂ ਅਨੁਸਾਰ ਚਲਦਾ ਰਹਿੰਦਾ ਹੈ।

          23.     ਗ੍ਰਹਿਪਰਿਵ੍ਰਿਤੀ ਸੰਵਤਸਰ––ਗ੍ਰਹਿਪਰਿਵ੍ਰਿਤੀ ਸੰਵਤਸਰ 90 ਵਰ੍ਹਿਆਂ ਦਾ ਚੱਕਰ ਹੈ, ਜਿਸਦੇ 90 ਵਰ੍ਹੇ ਪੂਰੇ ਹੋਣ ਤੋਂ ਬਾਅਦ ਫਿਰ ਵਰ੍ਹਾ 1 ਤੋਂ ਲਿਖਣਾ ਸ਼ੁਰੂ ਕਰਦੇ ਹਨ। ਇਸਦਾ ਪ੍ਰਚਾਰ ਆਮ ਕਰਕੇ ਤਾਮਿਲਨਾਡੂ ਰਾਜ ਦੇ ਮਦੁਰਾ ਜ਼ਿਲ੍ਹੇ ਵਿਚ ਹੈ। ਇਸਦਾ ਆਰੰਭ ਵਰਤਮਾਨ ਕਲਜੁਗ ਸੰਮਤ 3079 (ਈ. ਸੰ. ਪੂਰਵ 24) ਤੋਂ ਹੋਣਾ ਦਸਦੇ ਹਨ। ਵਰਤਮਾਨ ਕਲਜੁਗ ਸੰਮਤ ਵਿਚ 72 ਜੋੜ ਕੇ 90 ਨਾਲ ਭਾਗ ਦੇਣ ਤੋਂ ਜਿਹੜਾ ਬਾਕੀ ਬੱਚੇ ਉਹ ਇਸ ਦੇ ਚੱਕਰ ਦਾ ਵਰਤਮਾਨ ਵਰ੍ਹਾ ਹੁੰਦਾ ਹੈ ਜਾਂ ਵਰਤਮਾਨ ਸ਼ਕ ਸੰਮਤ ਵਿਚ 11 ਜੋੜ ਕੇ 90 ਨਾਲ ਭਾਗ ਦੇਣ ਨਾਲ ਜਿਹੜਾ ਬਾਕੀ ਬਚੇ ਵਰਤਮਾਨ ਸੰਵਤਸਰ ਹੁੰਦਾ ਹੈ। ਇਸ ਅੰਦਰ ਸਪਤਰਸ਼ੀ ਸੰਵਤ ਦੀ ਸੰਖਿਆ ਹੀ ਲਿਖੀ ਜਾਂਦੀ ਹੈ।

          24.     ਸੂਰਜੀ ਸਾਲ (ਸੌਰ ਵਰਸ਼)––ਸੂਰਜ ਦੇ ਮੇਖ ਤੋਂ ਮੀਨ ਤਕ 12 ਰਾਸ਼ੀਆਂ ਵਿਚ ਚੱਕਰ ਲਾਉਣ ਦੇ ਸਮੇਂ ਨੂੰ ਸੌਰ ਵਰਸ਼ ਕਹਿੰਦੇ ਹਨ। ਸੌਰ ਵਰਸ਼ ਆਮ ਕਰਕੇ 365 ਦਿਨ, 15 ਘੜੀ, 31 ਪਲ ਅਤੇ 30 ਵਿਪਲ ਦਾ ਮੰਨਿਆ ਜਾਂਦਾ ਹੈ, ਭਾਵੇਂ ਇਸ ਸਬੰਧ ਵਿਚ ਕੁਝ ਮਤਭੇਦ ਵੀ ਹਨ। ਸੌਰ ਵਰਸ਼ ਦੇ 12 ਭਾਗ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਸੌਰ ਮਹੀਨੇ ਕਿਹਾ ਜਾਂਦਾ ਹੈ। ਸੂਰਜ ਦੇ ਇਕ ਰਾਸ਼ੀ ਤੋਂ ਦੂਜੀ ਵਿਚ ਪ੍ਰਵੇਸ਼ ਨੂੰ ਸੰਕ੍ਰਾਂਤੀ (ਮੇਖ ਤੋਂ ਮੀਨ ਤਕ) ਕਹਿੰਦੇ ਹਨ। ਹਿੰਦੂਆਂ ਦੀਆਂ ਜੰਤਰੀਆਂ ਅੰਦਰ ਮਹੀਨਿਆਂ, ਪੱਖਾਂ ਅਤੇ ਤਿਥੀਆਂ ਆਦਿ ਦੀ ਗਿਣਤੀ ਤਾਂ ਚਾਂਦ੍ਰ (ਚੰਦ ਨਾਲ ਸਬੰਧਤ) ਹੈ। ਬੰਗਾਲ, ਪੰਜਾਬ ਆਦਿ ਦੇ ਉੱਤਰੀ ਪਹਾੜੀ ਇਲਾਕਿਆਂ ਅਤੇ ਦੱਖਣ ਦੇ ਉਨ੍ਹਾਂ ਹਿੱਸਿਆਂ ਵਿਚ, ਜਿਥੇ ਕੋਲੱਮ ਸੰਮਤ ਦਾ ਪ੍ਰਚਾਰ ਹੈ, ਆਮ ਕਰਕੇ ਸੌਰ ਵਰਸ਼ ਹੀ ਵਰਤੇ ਜਾਂਦੇ ਹਨ। ਕਿਤੇ ਮਹੀਨਿਆਂ ਦੇ ਨਾਂ ਸੰਕ੍ਰਾਂਤ ਵਾਲੇ ਹੀ ਹਨ, ਕਿਤੇ ਚੈਤ੍ਰਾਦਿ ਨਾਵਾਂ ਦਾ ਪ੍ਰਚਾਰ ਹੈ। ਜਿਥੇ ਚੈਤ੍ਰਾਦਿ ਦੀ ਵਰਤੋਂ ਹੁੰਦੀ ਹੈ, ਉਥੇ ਮੇਖ ਨੂੰ ਵਿਸਾਖ, ਬ੍ਰਿਖ ਨੂੰ ਜੇਠ ਆਦਿ ਕਹਿੰਦੇ ਹਨ। ਸੌਰ ਮਹੀਨਿਆਂ ਵਿਚ 1 ਤੋਂ 29, 30, 31 ਜਾਂ 32 ਤਕ ਦਿਨਾਂ ਦੀ ਵਰਤੋਂ ਹੁੰਦੀ ਹੈ, ਤਿੱਥੀਆਂ ਦੀ ਨਹੀਂ।

          25.     ਚਾਂਦ੍ਰਵਰਸ਼––ਦੋ ਚਾਂਦ੍ਰ ਪੱਖਾਂ ਦਾ ਇਕ ਚਾਂਦ੍ਰ ਮਹੀਨਾ ਹੁੰਦਾ ਹੈ। ਉੱਤਰੀ ਭਾਰਤ ਵਿਚ ਕ੍ਰਿਸ਼ਨ 1 ਤੋਂ ਸ਼ੁਕਲ 15 ਤਕ (ਪੂਰਨਿਮਾਤ) ਅਤੇ ਨਰਮਦਾ ਦੋਂ ਦੱਖਣ ਵਿਚ ਸ਼ੁਕਲ 1 ਤੋਂ ਅਮਾਵਸ ਤਕ (ਅਮਾਂਤ) ਇਕ ਚਾਂਦ੍ਰ ਮਹੀਨਾ ਮੰਨਿਆ ਜਾਂਦਾ ਹੈ। ਅਜਿਹੇ 12 ਚਾਂਦ੍ਰ ਮਹੀਨਿਆਂ ਨੂੰ ਇਕ ਚਾਂਦ੍ਰਵਰਸ਼ ਕਹਿੰਦੇ ਹਨ। ਚਾਂਦ੍ਰਵਰਸ਼ 354 ਦਿਨ, 22 ਘੜੀ, 1 ਪਲ ਅਤੇ 24 ਵਿਪਲ ਦੇ ਲਗਭਗ ਹੁੰਦਾ ਹੈ। ਹਿੰਦੂਆਂ ਦੀਆਂ ਜੰਤਰੀਆਂ ਵਿਚ ਮਹੀਨੇ, ਪੱਖ, ਤਿਥੀਆਂ ਆਦਿ ਚੰਦ ਦੇ ਹਿਸਾਬ ਨਾਲ ਹੁੰਦੇ ਹਨ। ਚਾਂਦ੍ਰਵਰਸ਼ ਸੌਰਵਰਸ਼ ਤੋਂ 10 ਦਿਨ, 53 ਘੜੀ, 30 ਪਲ ਅਤੇ 6 ਵਿਪਲ ਛੋਟਾ ਹੁੰਦਾ ਹੈ। ਸੌਰਮਾਨ ਚਾਂਦ੍ਰਮਾਨ ਵਿਚ ਕਰੀਬ 32 ਮਹੀਨਿਆਂ ਅੰਦਰ 1 ਮਹੀਨੇ ਦਾ ਅੰਤਰ ਪੈ ਜਾਂਦਾ ਹੈ। ਹਿੰਦੂਆਂ ਦੇ ਸ਼ੁੱਧ ਚਾਂਦ੍ਰਵਰਸ਼ ਨਹੀਂ, ਬਲਕਿ ਚਾਂਦ੍ਰਸੌਰ ਹਨ ਅਤੇ ਚਾਂਦ੍ਰ ਮਹੀਨਿਆਂ ਅਤੇ ਰੁੱਤਾਂ ਦਾ ਸਬੰਧ ਬਣਾਈ ਰੱਖਣ ਲਈ ਅਤੇ ਚਾਂਦ੍ਰ ਨੂੰ ਸੌਰਮਾਨ ਦੇ ਨਾਲ ਮਿਲਾਉਣ ਦੇ ਲਈ ਹੀ, ਜਿਸ ਚਾਂਦ੍ਰ ਮਹੀਨੇ ਨੂੰ ਕੋਈ ਸੰਕ੍ਰਾਂਤ ਨਾ ਹੋਵੇ ਉਸ ਨੂੰ ਮੂਲ ਜਾਂ ਲੌਂਦ ਮਹੀਨਾ ਅਤੇ ਜਿਸ ਚਾਂਦ੍ਰ ਮਹੀਨੇ ਵਿਚ ਦੋ ਸੰਕ੍ਰਾਂਤੀਆਂ ਹੋਣ ਉਸ ਨੂੰ ਕਸ਼ਯ ਮਹੀਨੇ ਮੰਨਣ ਦੀ ਰੀਤੀ ਕੱਢੀ ਹੈ। ਹਿੰਦੂਆਂ ਦੇ ਸ਼੍ਰਾਧ, ਬਰਤ ਆਦਿ ਧਰਮ ਕਾਰਜ ਤਿਥੀਆਂ ਦੇ ਹਿਸਾਬ ਨਾਲ ਹੀ ਹੁੰਦੇ ਹਨ, ਇਸ ਲਈ ਬੰਗਾਲ ਆਦਿ ਵਿਚ ਜਿਥੇ ਸੌਰਵਰਸ਼ ਦਾ ਪਰਚਾਰ ਹੈ, ਉਥੇ ਵੀ ਧਰਮ ਕਾਰਜ ਲਈ ਚੰਦ੍ਰਮਾਨ ਦੀਆਂ ਤਿਥੀਆਂ ਆਦਿ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਕਾਰਨ ਹੀ ਉਥੋਂ ਦੀਆਂ ਜੰਤਰੀਆਂ ਵਿਚ ਸੌਰ ਦਿਨਾਂ ਦੇ ਨਾਲ ਚਾਂਦ੍ਰ ਮਹੀਨੇ, ਪੱਖ, ਤਿਥੀਆਂ ਅਦਿ ਵੀ ਲਿਖੀਆਂ ਹੁੰਦੀਆਂ ਹਨ।

          26.     ਹਿਜਰੀ ਸੰਨ––ਹਿਜਰੀ ਸੰਨ ਦਾ ਆਰੰਭ ਮੁਸਲਮਾਨ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਮੱਕੇ ਤੋਂ ਭੱਜ ਕੇ ਮਦੀਨੇ ਨੂੰ ਕੂਚ ਕਰਨ ਦੇ ਦਿਨ ਤੋਂ ਮੰਨਿਆ ਜਾਂਦਾ ਹੈ। ਅਰਬੀ ਵਿਚ ਹਿਜਰ ਧਾਤੂ ਦਾ ਅਰਥ ‘ਅਲਗ ਹੋਣਾ’, ‘ਛਡਣਾ’ ਆਦਿ ਹੈ। ਇਸੇ ਲਈ ਇਸ ਸੰਨ ਨੂੰ ਹਿਜਰੀ ਸੰਨ ਕਹਿੰਦੇ ਹਨ। ਹਜ਼ਰਤ ਦੀ ਮਿਰਤੂ ਵਾਲੇ ਦਿਨ ਤੋਂ ਹੀ ਇਸ ਸੰਨ ਦਾ ਪਰਚਾਰ ਨਹੀਂ ਹੋਇਆ, ਪਰੰਤੂ ਮੁਸਲਮਾਨ ਪਹਿਲਾਂ ਪੈਗ਼ੰਬਰ ਦੇ ਕੰਮਾਂ ਦੇ ਨਾਵਾਂ ਤੋਂ ਵਰ੍ਹਿਆਂ ਦਾ ਹਿਸਾਬ ਕਰਦੇ ਸਨ ਜਿਵੇਂ ਕਿ ਪਹਿਲੇ ਵਰ੍ਹੇ ਨੂੰ ‘ਯਜਨ’ ਅਰਥਾਤ ‘ਆਗਿਆ’ (ਮੱਕੇ ਤੋਂ ਮਦੀਨੇ ਜਾਣ ਦੀ) ਦਾ ਵਰ੍ਹਾ, ਦੂਜੇ ਨੂੰ ਹੁਕਮ ਦਾ ਵਰ੍ਹਾ (ਉਸ ਵਰ੍ਹੇ ਵਿਚ ਕਾਫ਼ਰ ਹੋਣ ਵਾਲਿਆਂ ਨਾਲ ਲੜਨ ਦਾ ਹੁਕਮ ਹੋਣਾ ਮੰਨਿਆ ਜਾਂਦਾ ਹੈ, ਆਦਿ)। ਖ਼ਲੀਫਾ ਉਮਰਬ (ਈ. ਸੰ. 634 ਤੋਂ 644 ਤਕ) ਦੇ ਸਮੇਂ ਯਮਨ ਦੇ ਹਾਕਿਮ ਅਬੂਮੂਸਾ ਅਸ਼ਅਰੀ ਨੇ ਖ਼ਲੀਫੇ ਨੂੰ ਅਰਜ਼ੀ ਭੇਜੀ ਕਿ ਦਰਗਾਹ ਤੋਂ (ਸ੍ਰੀ ਮਾਨ ਜੀ ਪਾਸੋਂ) ਸ਼ਾਬਾਨ  ਦੇ ਮਹੀਨੇ ਦੀਆਂ ਲਿਖੀਆਂ ਚਿੱਠੀਆਂ ਆਈਆਂ ਹਨ ਪਰੰਤੂ ਉਨ੍ਹਾਂ ਤੋਂ ਇਹ ਪਤਾ ਨਹੀਂ ਲਗਦਾ ਕਿ ਕਿਹੜਾ (ਕਿਸ ਵਰ੍ਹੇ ਦਾ) ਸ਼ਾਬਾਨ ਹੈ ? ਸੋ ਖ਼ਲੀਫੇ ਨੇ ਕੋਈ ਸੰਨ ਮੁਕੱਰਰ ਕਰਨ ਲਈ ਵਿਦਵਾਨਾਂ ਦੀ ਸਲਾਹ ਲਈ ਅਤੇ ਅੰਤ ਵਿਚ ਇਹ ਫੈਸਲਾ ਹੋਇਆ ਕਿ ਪੈਗ਼ੰਬਰ ਦੇ ਮੱਕਾ ਛੱਡਣ ਦੇ ਸਮੇਂ ਤੋਂ (ਅਰਥਾਤ ਤਾਰੀਖ਼ 15 ਜੁਲਾਈ ਈ. ਸੰ. 622 ਬਿ. ਸੰ. 679 ਸ੍ਰਾਵਣ ਸ਼ੁਕਲ 2 ਦੀ ਸ਼ਾਮ ਤੋਂ) ਇਸ ਸੰਨ ਦਾ ਆਰੰਭ ਹੋਣਾ ਮੰਨਿਆ ਜਾਵੇ। ਇਹ ਫੈਸਲਾ ਹਜ਼ਰਤ ਉਮਰ ਨੇ ਹਿ. ਸੰ. 17 ਵਿਚ ਕੀਤਾ ਸੀ।

          ਹਿਜਰੀ ਸੰਨ ਦਾ ਸਾਲ ਨਰੋਲ ਚਾਂਦ੍ਰਵਰਸ਼ ਹੈ। ਇਸ ਦੇ ਹਰ ਇਕ ਮਹੀਨੇ ਦਾ ਆਰੰਭ ਚੰਦ ਵੇਖ ਕੇ (ਹਿੰਦੂਆਂ ਦੇ ਹਰ ਇਕ ਮਹੀਨੇ ਦੀ ਸ਼ੁਕਲ-2 ਤੋਂ ਹੁੰਦਾ ਹੈ ਅਤੇ ਦੂਜੇ ਮਹੀਨੇ ਦੇ ਚੰਦ ਦੇ ਵਿਖਾਈ ਦੇਣ ਤਕ ਮਹੀਨਾ ਮੰਨਿਆ ਜਾਂਦਾ ਹੈ) ਹਰ ਇਕ ਤਾਰੀਖ਼ ਦਿਨ ਦੀ ਸ਼ਾਮ ਤੋਂ ਆਰੰਭ ਹੋ ਕੇ ਦੂਜੇ ਦਿਨ ਦੇ ਸ਼ਾਮ ਤਕ ਮੰਨੀ ਜਾਂਦੀ ਹੈ। ਇਸ ਸੰਨ ਦੇ ਬਾਰ੍ਹਾਂ ਮਹੀਨਿਆਂ ਦੇ ਨਾਂ ਇਹ ਹਨ :

1. ਮੁਹੱਰਮ, 2. ਸਫ਼ਰ, 3. ਰਬੀਉਲਅੱਵਲ, 4. ਰਬੀਉਲ ਆਖਿਰ ਜਾਂ ਰਬੀ, ਉਲਸਾਨੀ, 5. ਜਮਾਦੀਉਲ ਅੱਵਲ, 6. ਜਮਾਦੀਉਲ ਆਖ਼ਿਰ ਜਾਂ ਜਮਾਦੀ ਉਲਸਾਨੀ, 7. ਰਜਬ, 8. ਸ਼ਾਬਾਨ, 9. ਰਮਜ਼ਾਨ 10. ਸ਼ੱਵਾਲ, 11. ਜ਼ਿਕਾਅਦ ਅਤੇ 12. ਜਿਲਹੱਜ। ਚਾਂਦ੍ਰਮਾਸ 29 ਦਿਨ, 31 ਘੜੀ, 50 ਪਲ ਅਤੇ 7 ਵਿਪਲ ਦੇ ਕਰੀਬ ਹੋਣ ਤੋਂ ਚਾਂਦ੍ਰਵਰਸ਼ ਸੌਰਵਰਸ਼ ਤੋਂ 10 ਦਿਨ, 53 ਘੜੀ, 30 ਪਲ ਅਤੇ 6 ਵਿਪਲ ਦੇ ਕਰੀਬ ਘੱਟ ਹੁੰਦਾ ਹੈ। ਇਸ ਹਿਸਾਬ ਨਾਲ 100 ਸੌਰ ਵਰ੍ਹਿਆਂ ਵਿਚ 3 ਚਾਂਦ੍ਰ ਵਰ੍ਹੇ, 24 ਦਿਨ ਅਤੇ 9 ਘੜੀਆਂ ਵੱਧ ਜਾਂਦੀਆਂ ਹਨ। ਅਜਿਹੀ ਦਸ਼ਾ ਵਿਚ ਈਸਵੀ ਸੰਨ (ਜਾਂ ਬਿਕ੍ਰਮ ਸੰਮਤ) ਅਤੇ ਹਿਜਰੀ ਸੰਨ ਦਾ ਕੋਈ ਨਿਸ਼ਚਿਤ ਅੰਤਰ ਨਹੀਂ ਰਹਿੰਦਾ। ਉਸ ਦਾ ਫੈਸਲਾ ਗਿਣਤੀ ਤੋਂ ਹੀ ਹੁੰਦਾ ਹੈ।

          ਹਿੰਦੁਸਤਾਨ ਵਿਚ ਮੁਸਲਮਾਨਾਂ ਦਾ ਕਬਜ਼ਾ ਹੋਣ ਤੋਂ ਇਸ ਸੰਨ ਦਾ ਪਰਚਾਰ ਇਸ ਦੇਸ਼ ਵਿਚ ਹੋਇਆ ਅਤੇ ਕਿਤੇ ਕਿਤੇ ਸੰਸਕ੍ਰਿਤ ਲੇਖਾਂ ਵਿਚ ਵੀ ਇਹ ਸੰਨ ਮਿਲ ਜਾਂਦਾ ਹੈ। ਇਸਦੀ ਸਭ ਤੋਂ ਪਹਿਲੀ ਉਦਾਹਰਨ ਮਹਿਮੂਦ ਗ਼ਜਨਵੀ ਦੇ ਮਹਿਮੂਦਪੁਰ (ਲਾਹੌਰ) ਦੇ ਸਿੱਕਿਆਂ ਉਪਰ ਦੇ ਦੂਜੀ ਤਰਫ਼ ਦੇ ਸੰਸਕ੍ਰਿਤ ਲੇਖਾਂ ਵਿਚ ਮਿਲਦਾ ਹੈ। ਇਹ ਸਿੱਕੇ ਹਿਜਰੀ ਸੰਨ 418 (ਈ. ਸੰ. 1027 ਅਤੇ 1028) ਦੇ ਹਨ।

          27.     ਸ਼ਹੂਰ ਸੰਨ––ਸ਼ਹੂਰ ਸੰਨ ਨੂੰ ‘ਸੂਰ ਸੰਨ’ ਅਤੇ ‘ਅਰਬੀ ਸੰਨ’ ਵੀ ਕਹਿੰਦੇ ਹਨ। ‘ਸ਼ਹੂਰ ਸੰਨ’ ਨਾਂ ਦੀ ਉਤਪਤੀ ਦਾ ਠੀਕ ਪਤਾ ਨਹੀਂ ਲਗਦਾ ਪਰੰਤੂ ਅਨੁਮਾਨ ਹੈ ਕਿ ਅਰਬੀ ਭਾਸ਼ਾ ਵਿਚ ਮਹੀਨੇ ਨੂੰ ‘ਸਹਰ’ ਕਹਿੰਦੇ ਹਨ ਅਤੇ ਉਸ ਦਾ ਬਹੁਵਚਨ ‘ਸ਼ਹੂਰ’ ਹੁੰਦਾ ਹੈ, ਜਿਸ ਤੋਂ ‘ਸ਼ਹੂਰ’ ਸ਼ਬਦ ਦੀ ਉਤਪਤੀ ਹੋਈ ਹੋਵੇਗੀ। ਇਹ ਇਕ ਕਿਸਮ ਦਾ ਹਿਜਰੀ ਸੰਨ ਹੀ ਹੈ। ਹਿਜਰੀ ਸੰਨ ਦੇ ਚਾਂਦ੍ਰ ਮਹੀਨੇ ਇਸ ਵਿਚ ਸੌਰ ਮੰਨੇ ਗਏ ਹਨ ਜਿਸ ਤੋਂ ਇਸ ਸੰਨ ਦਾ ਵਰਸ਼ ਸੌਰ-ਵਰਸ਼ ਦੇ ਬਰਾਬਰ ਹੁੰਦਾ ਹੈ ਅਤੇ ਇਸ ਅੰਦਰ ਮੌਸਮ ਅਤੇ ਮਹੀਨਿਆਂ ਦਾ ਸੰਬੰਧ ਬਣਿਆ ਰਹਿੰਦਾ ਹੈ। ਇਸ ਸੰਨ ਵਿਚ 599-600 ਜੋੜਨ ਨਾਲ ਈ. ਸੰ. ਅਤੇ 656-57 ਜੋੜਨ ਨਾਲ ਬਿ. ਸੰ. ਬਣਦਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਤਾਰੀਖ਼ ਮੁਹੱਰਮ ਹਿਜਰੀ ਸੰਨ 745 (ਈਸਵੀ ਸੰਨ 1344 ਤਾਰੀਖ਼ 15 ਮਈ ਬਿਕ੍ਰਮੀ-ਸੰਮਤ 1401 ਜਯੇਸ਼ਠ ਸ਼ੁਕਲ 2) ਤੋਂ ਜਦੋਂ ਸੂਰਜ ਮ੍ਰਿਗਸ਼ਿਰ ਨਕਸ਼ੱਤਰ ਉਪਰ ਆਇਆ ਸੀ, ਇਸ ਦਾ ਆਰੰਭ ਹੋਇਆ ਹੈ। ਇਸ ਦਾ ਨਵਾਂ ਵਰ੍ਹਾ ਸੂਰਜ ਦੇ ਮ੍ਰਿਗਸ਼ਿਰ ਨਕਸ਼ੱਤਰ ਉਪਰ ਆਉਣ ਤੋਂ (ਮਿਰਗੇ ਰਵੀ) ਦਿਨ ਤੋਂ ਚਲਦਾ ਹੈ, ਜਿਸ ਤੋਂ ਇਸ ਦੇ ਵਰ੍ਹੇ ਨੂੰ ਮਿਰਗ ਸਾਲ ਵੀ ਕਹਿੰਦੇ ਹਨ। ਇਸ ਦੇ ਮਹੀਨਿਆਂ ਦੇ ਨਾਂ ਹਿਜਰੀ ਸੰਨ ਦੇ ਮਹੀਨਿਆਂ ਦੇ ਅਨੁਸਾਰ ਹੀ ਹਨ। ਇਹ ਸੰਨ ਕਿਸੇ ਨੇ ਚਲਾਇਆ, ਇਸ ਦਾ ਠੀਕ ਠੀਕ ਪਤਾ ਨਹੀਂ ਚਲਦਾ, ਪਰੰਤੂ ਸੰਭਵ ਹੈ ਕਿ ਦਿੱਲੀ ਦੇ ਸੁਲਤਾਨ ਮੁਹੰਮਦ ਤੁਗਲਕ (ਈ. ਸੰ. 1325-1351) ਨੇ, ਜਿਸ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਬਦਲ ਕੇ ਦੇਵਗਿਰੀ (ਦੌਲਤਾਬਾਦ) ਵਿਚ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਦੋਹਾਂ ਫ਼ਸਲਾਂ (ਰਬੀ ਅਤੇ ਖ਼ਰੀਫ਼) ਦੀ ਪੈਦਾਵਾਰ ਦਾ ਲਗਾਨ ਨਿਯਤ ਮਹੀਨਿਆਂ ਵਿਚ ਲਏ ਜਾਣ ਲਈ ਇਸ ਨੂੰ ਦੱਖਣ ਵਿਚ ਚਲਾਇਆ ਹੋਵੇ। ਜਿਵੇਂ ਕਿ ਬਾਅਦ ਵਿਚ ਅਕਬਰ ਬਾਦਸ਼ਾਹ ਨੇ ਆਪਣੇ ਰਾਜ ਅੰਦਰ ਫ਼ਸਲੀ ਸੰਨ ਚਲਾਇਆ। ਇਸ ਸੰਨ ਦੇ ਵਰ੍ਹੇ ਅੰਕਾਂ ਵਿਚ ਨਹੀਂ ਬਲਕਿ ਅੰਕ-ਸੂਚਕ ਅਰਬੀ ਸ਼ਬਦਾਂ ਅੰਦਰ ਹੀ ਲਿਖੇ ਜਾਂਦੇ ਹਨ। ਮਰਾਠਿਆਂ ਦੇ ਰਾਜ ਵਿਚ ਇਸ ਸੰਨ ਦਾ ਪ੍ਰਚਾਰ ਰਿਹਾ, ਪਰੰਤੂ ਅੱਜ ਕਲ੍ਹ ਤਾਂ ਇਸ ਦਾ ਨਾਂ ਹੀ ਰਹਿ ਗਿਆ ਹੈ ਅਤੇ ਮਰਾਠੀ ਜੰਤਰੀਆਂ ਵਿਚ ਹੀ ਇਸ ਦਾ ਜ਼ਿਕਰ ਮਿਲਦਾ ਹੈ।

          28.     ਫ਼ਸਲੀ ਸੰਨ––ਹਿੰਦੁਸਤਾਨ ਅੰਦਰ ਮੁਸਲਮਾਨਾਂ ਦਾ ਰਾਜ ਹੋਣ ਕਾਰਨ ਹਿਜਰੀ ਸੰਨ ਉਨ੍ਹਾਂ ਦਾ ਸਰਕਾਰੀ ਸੰਨ ਸੀ, ਪਰੰਤੂ ਉਸਦਾ ਵਰਸ਼ ਨਿਰੋਲ ਚੰਦ ਦੇ ਹਿਸਾਬ ਨਾਲ ਹੋਣ ਕਾਰਨ ਸੌਰਵਰਸ਼ ਤੋਂ ਉਹ ਕਰੀਬ 11 ਦਿਨ ਛੋਟਾ ਸੀ, ਇਸ ਲਈ ਮਹੀਨਿਆਂ ਅਤੇ ਫ਼ਸਲਾਂ ਵਿਚਕਾਰ ਕੋਈ ਸੰਬੰਧ ਨਾ ਰਿਹਾ। ਦੋਹਾਂ ਫ਼ਸਲਾਂ ਦਾ (ਰਬੀ ਅਤੇ ਖ਼ਰੀਫ਼) ਦਾ ਲਗਾਨ ਨਿਯਤ ਮਹੀਨਿਆਂ ਵਿਚ ਲੈਣ ਦੀ ਸਹੂਲਤ ਨੂੰ ਦੇਖ ਕੇ ਬਾਦਸ਼ਾਹ ਅਕਬਰ ਨੇ ਹਿਜਰੀ ਸੰਨ 971 (ਈ. ਸੰ. 1563, ਬਿ. ਸੰ. 1620) ਤੋਂ ਇਹ ਮਹੀਨੇ ਸੌਰ (ਜਾਂ ਚਾਂਦ੍ਰਸੌਰ) ਬਣਾ ਦਿਤੇ, ਜਿਸ ਤੋਂ ਇਸਦਾ ਵਰਸ਼ ਸੌਰ (ਜਾਂ ਚਾਂਦ੍ਰਸੌਰ) ਵਰਸ਼ ਦੇ ਬਰਾਬਰ ਹੋ ਗਿਆ। ਇਸ ਲਈ ਫ਼ਸਲੀ ਸੰਨ ਵੀ ਸ਼ਹੂਰ ਸੰਨ ਦੀ ਤਰ੍ਹਾਂ ਇਕ ਕਿਸਮ ਦਾ ਹਿਜਰੀ ਸੰਨ ਹੀ ਹੈ। ਪਹਿਲਾਂ ਇਸ ਸੰਨ ਦਾ ਪ੍ਰਚਾਰ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਹੋਇਆ ਅਤੇ ਬਾਅਦ ਵਿਚ ਜਦੋਂ ਬੰਗਾਲ ਆਦਿ ਇਲਾਕੇ ਅਕਬਰ ਦੇ ਰਾਜ ਵਿਚ ਮਿਲੇ ਉਸ ਸਮੇਂ ਤੋਂ ਉਥੇ ਵੀ ਇਸ ਦਾ ਰਿਵਾਜ਼ ਸ਼ੂਰੂ ਹੋ ਗਿਆ। ਦੱਖਣ ਵਿਚ ਇਸਦਾ ਰਿਵਾਜ਼ ਸ਼ਾਹਜਹਾਨ ਬਾਦਸ਼ਾਹ ਦੇ ਸਮੇਂ ਵਿਚ ਹੋਇਆ। ਹੁਣ ਇਹ ਸੰਨ ਥੋੜ੍ਹਾ ਬਹੁਤ ਹੀ ਚਲਦਾ ਹੈ ਪਰੰਤੂ ਭਿੰਨ ਭਿੰਨ ਹਿੱਸਿਆਂ ਵਿਚ ਇਸ ਦੀ ਗਿਣਤੀ ਵਿਚ ਅੰਤਰ ਹੈ।

          ਪੰਜਾਬ, ਉੱਤਰ ਪ੍ਰਦੇਸ਼ ਅਤੇ ਬੰਗਾਲ ਵਿਚ ਇਸਦਾ ਆਰੰਭ ਆਸ਼ਵਿਨ ਕ੍ਰਿਸ਼ਣ 1 (ਪੂਰਣਿਮਾਂਤ) ਤੋਂ ਮੰਨਿਆ ਜਾਂਦਾ ਹੈ, ਜਿਸ ਤੋਂ ਇਸ ਵਿਚ 592-93 ਜੋੜਨ ਨਾਲ ਈ. ਸੰ. ਅਤੇ 649-50 ਜੋੜਨ ਨਾਲ ਬਿਕ੍ਰਮ ਸੰਮਤ ਬਣਦਾ ਹੈ।

          ਦੱਖਣ ਵਿਚ ਇਸ ਦਾ ਪ੍ਰਚਾਰ ਬਾਦਸ਼ਾਹ ਸ਼ਾਹਜਹਾਨ ਦੇ ਸਮੇਂ ਹਿਜਰੀ ਸੰਨ 1046 (ਈ. ਸੰ. 1636, ਬਿ. ਸੰ. 1693) ਤੋਂ ਹੋਇਆ ਅਤੇ ਉਥੇ ਇਸਦਾ ਆਰੰਭ ਵੀ ਇਸੇ ਸਮੇਂ ਤੋਂ ਮੰਨਿਆ ਗਿਆ ਜਿਸ ਕਾਰਨ ਉੱਤਰੀ ਅਤੇ ਦੱਖਣੀ ਫ਼ਸਲੀ ਸੰਨਾਂ ਵਿਚਕਾਰ ਕਰੀਬ ਕਰੀਬ ਸਵਾ ਸੌ ਵਰ੍ਹੇ ਦਾ ਅੰਤਰ ਪੈ ਗਿਆ। ਬੰਬਈ ਪ੍ਰਦੇਸ਼ ਵਿਚ ਇਸਦਾ ਆਰੰਭ ਸ਼ਹੂਰ ਸੰਨ ਦੀ ਤਰ੍ਹਾਂ ਸੂਰਜ ਦੇ ਮ੍ਰਿਗਸ਼ਿਰ ਨਕਸ਼ੱਤਰ ਉਪਰ ਆਉਣ ਦੇ ਦਿਨ ਤੋਂ (ਤਾਰੀਖ 5, 6 ਜਾਂ 7 ਜੂਨ ਤੋਂ) ਮੰਨਿਆ ਜਾਂਦਾ ਹੈ ਅਤੇ ਮਹੀਠਿਆਂ ਦੇ ਨਾਂ ਮੁਹੱਰਮ ਆਦਿ ਹੀ ਹਨ। ਮਦਰਾਸ ਪ੍ਰਦੇਸ਼ ਅੰਦਰ ਇਸ ਸੰਨ ਦਾ ਆਰੰਭ ਪਹਿਲਾਂ ਤਾਂ ਆਡੀ (ਕਰਕ) ਸੰਕ੍ਰਾਂਤੀ ਤੋਂ ਹੀ ਹੁੰਦਾ ਰਿਹਾ ਪਰੰਤੂ ਈ. ਸੰ. 1800 ਦੇ ਆਸਪਾਸ ਤੋਂ ਤਾਰੀਖ 13 ਜੁਲਾਈ ਤੋਂ ਮੰਨਿਆ ਜਾਣ ਲਗ ਪਿਆ ਅਤੇ ਈ. ਸੰ. 1855 ਤੋਂ ਤਾਰੀਖ਼ 1 ਜੁਲਾਈ ਤੋਂ ਆਰੰਭ ਹੋਣਾ ਮੰਨ ਲਿਆ ਗਿਆ ਹੈ। ਦੱਖਣ ਦੇ ਫ਼ਸਲੀ ਸੰਨ ਵਿਚ 590-91 ਜੋੜਨ ਨਾਲ ਈਸਵੀ ਸੰਨ ਅਤੇ 747-48 ਜੋੜਨ ਨਾਲ ਬਿਕ੍ਰਮੀ ਸੰਮਤ ਬਣਦਾ ਹੈ।

          29.     ਵਿਲਾਇਤੀ ਸੰਨ––ਵਿਲਾਇਤੀ ਸੰਨ ਇਕ ਤਰ੍ਹਾਂ ਨਾਲ ਬੰਗਾਲ ਦੇ ਫ਼ਸਲੀ ਸੰਨ ਦਾ ਹੀ ਦੂਜਾ ਨਾਂ ਹੈ। ਇਸਦਾ ਪ੍ਰਚਾਰ ਉੜੀਸਾ ਅਤੇ ਬੰਗਾਲ ਦੇ ਕੁਝ ਹਿੱਸਿਆਂ ਵਿਚ ਹੈ। ਇਸ ਦੇ ਮਹੀਨੇ ਅਤੇ ਵਰ੍ਹੇ ਸੌਰ ਹਨ ਅਤੇ ਮਹੀਨਿਆਂ ਦੇ ਨਾਂ ਚੈਤ੍ਰਾਦਿ ਨਾਵਾਂ ਦੇ ਹਨ। ਇਸਦਾ ਆਰੰਭ ਸੌਰ ਆਸ਼ਵਿਨ ਅਰਥਾਤ ਕੰਨਿਆਂ ਸੰਕ੍ਰਾਂਤੀ ਤੋਂ ਹੁੰਦਾ ਹੈ ਅਤੇ ਜਿਸ ਦਿਨ ਸੰਕ੍ਰਾਂਤੀ ਦਾ ਪ੍ਰਵੇਸ਼ ਹੁੰਦਾ ਹੈ ਉਸਨੂੰ ਮਹੀਨੇ ਦਾ ਪਹਿਲਾ ਦਿਨ ਮੰਨਦੇ ਹਨ। ਇਸ ਸੰਨ ਵਿਚ 592-93 ਜੋੜਨ ਨਾਲ ਈ. ਸੰ. ਅਤੇ 649-50 ਜੋੜਨ ਨਾਲ ਬਿ. ਸੰ. ਬਣਦਾ ਹੈ।

          30.     ਅਮਲੀ ਸੰਨ––ਅਮਲੀ ਸੰਨ ਵਿਲਾਇਤੀ ਸੰਨ ਦੇ ਸਮਾਨ ਹੀ ਹੈ। ਇਸ ਵਿਚ ਅਤੇ ਵਿਲਾਇਤੀ ਸੰਨ ਵਿਚ ਅੰਤਰ ਕੇਵਲ ਇਤਨਾ ਹੀ ਹੈ ਕਿ ਇਸਦੇ ਨਵੇਂ ਵਰ੍ਹੇ ਦਾ ਆਰੰਭ ਭਾਦ੍ਰਪਦ ਸ਼ੁਕਲ 12 ਤੋਂ ਅਤੇ ਵਿਲਾਇਤੀ ਦਾ ਕੰਨਿਆ ਸੰਕ੍ਰਾਂਤੀ ਤੋਂ ਹੁੰਦਾ ਹੈ। ਇਸ ਸੰਮਤ ਦੇ ਪੱਖ ਦੇ ਮੱਧ ਤੋਂ ਹੀ ਆਰੰਭ ਹੋਣ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇਸ ਤਿਥੀ ਨੂੰ ਉੜੀਸਾ ਦੇ ਰਾਜਾ ਇੰਦਰਦਮਨ ਦਾ ਜਨਮ ਹੋਇਆ ਸੀ। ਇਸ ਸੰਨ ਨੂੰ ਉੜੀਸਾ ਦੇ ਵਿਉਪਾਰੀ ਵਰਤਦੇ ਹਨ ਅਤੇ ਉਥੇ ਦੀਆਂ ਕਚਹਿਰੀਆਂ ਵਿਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

          31.      ਬੰਗਾਲੀ ਸੰਨ––ਬੰਗਾਲੀ ਸੰਨ ਨੂੰ ‘ਬੰਗਾਬਦ’ ਵੀ ਕਹਿੰਦੇ ਹਨ। ਇਹ ਵੀ ਇਕ ਤਰ੍ਹਾਂ ਦਾ ਬੰਗਾਲੀ ਫ਼ਸਲੀ ਸੰਨ ਹੀ ਹੈ। ਬੰਗਾਲੀ ਸੰਨ ਅਤੇ ਇਸ ਵਿਚ ਅੰਤਰ ਇੰਨਾ ਹੀ ਹੈ ਕਿ ਇਸ ਦਾ ਆਰੰਭ ਆਸ਼ਵਿਨ (ਅਸੂ) ਕ੍ਰਿਸ਼ਣ 1 ਤੋਂ ਨਹੀਂ ਬਲਕਿ ਉਸ ਤੋਂ ਸੱਤ ਮਹੀਨੇ ਬਾਅਦ ਮੇਖ ਸੰਕ੍ਰਾਂਤੀ (ਸੌਰ ਵੈਸਾਖ) ਤੋਂ ਹੁੰਦਾ ਹੈ ਅਤੇ ਮਹੀਨੇ ਸੌਰ ਹਨ ਇਸ ਲਈ ਇਨ੍ਹਾਂ ਵਿਚ ਪੱਖ ਅਤੇ ਤਿਥੀਆਂ ਨਹੀਂ ਹਨ। ਜਿਸ ਦਿਨ ਸੰਕ੍ਰਾਂਤੀ ਦਾ ਪ੍ਰਵੇਸ਼ ਹੁੰਦਾ ਹੈ ਉਸ ਤੋਂ ਦੂਜੇ ਦਿਨ ਨੂੰ ਪਹਿਲਾ ਦਿਨ ਮੰਨਿਆ ਜਾਂਦਾ ਹੈ। ਇਸ ਸੰਨ ਵਿਚ 593-94 ਜੋੜਨ ਨਾਲ ਈ. ਸੰ. ਅਤੇ 650-51 ਜੋੜਨ ਨਾਲ ਬਿ. ਸੰ. ਬਣਦਾ ਹੈ।

          32.     ਮਗੀ ਸੰਨ––ਮਗੀ ਸੰਨ ਆਮ ਕਰ ਕੇ ਬੰਗਾਲੀ ਸੰਨ ਵਰਗਾ ਹੀ ਹੈ। ਅੰਤਰ ਕੇਵਲ ਇੰਨਾ ਹੀ ਹੈ ਕਿ ਇਸ ਦਾ ਆਰੰਭ ਬੰਗਾਲੀ ਸੰਨ ਤੋਂ 45 ਵਰ੍ਹੇ ਪਿਛੋਂ ਦਾ ਮੰਨਿਆ ਜਾਂਦਾ ਹੈ। ਇਸ ਲਈ ਇਸ ਵਿਚ 638-39 ਜੋੜਨ ਨਾਲ ਈ. ਸੰ. ਅਤੇ 695-96 ਜੋੜਨ ਨਾਲ ਬਿ. ਸੰ. ਬਣਦਾ ਹੈ। ਇਸ ਦਾ ਪ੍ਰਚਾਰ ਬੰਗਾਲ ਦੇਸ਼ ਦੇ ਚਿਟਾਗਾਂਗ ਜ਼ਿਲ੍ਹੇ ਅੰਦਰ ਹੈ। ਅਨੁਮਾਨ ਹੁੰਦਾ ਹੈ ਕਿ ਉਥੋਂ ਵਾਲਿਆਂ ਨੇ ਫ਼ਸਲੀ ਸੰਨ ਦਾ ਪ੍ਰਚਾਰ ਹੋਣ ਤੋਂ 45 ਵਰ੍ਹੇ ਪਿਛੋਂ ਇਸ ਨੂੰ ਅਪਣਾਇਆ ਸੀ। ਇਸ ਸੰਨ ਦੇ ਮਗੀ ਸੰਨ ਅਖਵਾਉਣ ਦਾ ਠੀਕ ਕਾਰਨ ਤਾਂ ਪਤਾ ਨਹੀਂ ਲਗਦਾ, ਪਰੰਤੂ ਅਜਿਹਾ ਸੰਨ ਮੰਨ ਲਿਆ ਗਿਆ ਹੈ ਕਿ ਅਰਾਕਾਨ ਦੇ ਰਾਜਾ ਨੇ ਈ. ਸੰ. ਦੀ 9ਵੀਂ ਸਦੀ ਵਿਚ ਚਿਟਾਗਾਂਗ ਜ਼ਿਲ੍ਹਾ ਜਿੱਤਿਆਂ ਸੀ ਜਿਸਨੂੰ ਈ. ਸੰ. 1666 ਵਿਚ ਮੁਗ਼ਲਾਂ ਦੇ ਰਾਜ ਵਿਚ ਮਿਲਾ ਲਿਆ ਗਿਆ ਸੀ। ਉਸ ਸਮੇਂ ਤੱਕ ਉਥੇ ਅਰਾਕਾਨੀਆਂ ਅਰਥਾਤ ਮਗਾਂ ਦਾ ਅਧਿਕਾਰ ਕਿਸੇ ਨਾ ਕਿਸੇ ਪ੍ਰਕਾਰ ਬਣਿਆ ਰਿਹਾ ਸੀ। ਸੰਭਵ ਹੈ ਕਿ ਮਗਾਂ ਦੇ ਨਾਂ ਤੋਂ ਇਸ ਦਾ ਇਹ ਨਾਂ ਪੈ ਗਿਆ ਹੋਵੇ।

          33.     ਇਲਾਹੀ ਸੰਨ––ਬਾਦਸ਼ਾਹ ਅਕਬਰ ਦੇ ਧਰਮ ਸਬੰਧੀ ਵਿਚਾਰਾਂ ਵਿਚ ਪਰਿਵਰਤਨ ਆਇਆ ਅਤੇ ਉਸ ਨੇ ‘ਦੀਨੇ-ਇਲਾਹੀ’ ਨਾਂ ਦਾ ਨਵਾਂ ਧਰਮ ਚਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਪਿਛੋਂ ਉਸ ਨੇ ‘ਇਲਾਹੀ ਸੰਨ’ ਚਲਾਇਆ। ਅਬਦੁਲ-ਕਾਦਿਰ ਬਦਾਯੂਨੀ, ‘ਮੁੰਤਖਿਬ-ਤਵਾਰੀਖ਼’ ਵਿਚ ਲਿਖਦਾ ਹੈ ਕਿ ਬਾਦਸ਼ਾਹ ਅਕਬਰ ਨੇ ਹਿਜਰੀ ਸੰਨ ਦੀ ਥਾਂ ਤਾਰੀਖ਼ੇ-ਇਲਾਰਹੀ ਨਾਂ ਦਾ ਨਵਾਂ ਸੰਨ ਚਲਾਇਆ ਜਿਸ ਦਾ ਪਹਿਲਾ ਵਰ੍ਹਾ ਅਕਬਰ ਦੀ ਗੱਦੀ-ਨਸ਼ੀਨੀ ਦਾ ਵਰ੍ਹਾ ਸੀ। ਅਸਲ ਵਿਚ ਇਹ ਸੰਨ ਬਾਦਸ਼ਾਹ ਅਕਬਰ ਦੇ ਰਾਜਵਰਸ਼ 29ਵੇਂ ਅਰਥਾਤ ਹਿਜਰੀ ਸੰਨ 992 (ਈ. ਸੰ. 1584) ਤੋਂ ਚਲਿਆ ਪਰੰਤੂ ਪਹਿਲਾਂ ਦੇ ਵਰ੍ਹਿਆਂ ਦਾ ਹਿਸਾਬ ਲਾ ਕੇ ਇਸ ਦਾ ਆਰੰਭ ਅਕਬਰ ਦੀ ਗੱਦੀਨਸ਼ੀਨੀ ਤਾਰੀਖ਼ 2 ਰਬੀਉਲਸਾਨੀ ਹਿਜਰੀ ਸੰਨ 963 (ਈ. ਸੰ. 1556 ਤਾਰੀਖ਼ 14 ਫ਼ਰਵਰੀ, ਬਿਕ੍ਰਮੀ ਸੰਮਤ 1612 ਫਗਣ ਕ੍ਰਿਸ਼ਣ 4) ਨੂੰ ਹੋਇਆ ਸੀ ਪਰ ਇਸ ਦਿਨ ਤੋਂ ਇਸ ਦਾ ਆਰੰਭ ਨਹੀਂ ਮੰਠਿਆ ਗਿਆ ਬਲਕਿ ਉਸ ਤੋਂ 25 ਦਿਨ ਪਿਛੋਂ ਤਾਰੀਖ਼ 28 ਰੱਬੀਉਲਸਾਨੀ ਹਿਜਰੀ ਸੰਨ 963 (ਈ. ਸੰ. 1556 ਤਾਰੀਖ਼ 11 ਮਾਰਚ, ਬਿ. ਸੰ. 1612 ਚੈਤ੍ਰ ਕ੍ਰਿਸ਼ਣ ਅਮਾਵਸ) ਤੋਂ ਜਿਸ ਦਿਨ ਕਿ ਈਰਾਨੀਆਂ ਦੇ ਵਰ੍ਹੇ ਦਾ ਪਹਿਲਾ ਮਹੀਨਾ ਫਰਵਰਦੀਨ ਸ਼ੁਰੂ ਹੋਇਆ ਮੰਨਿਆ ਗਿਆ ਹੈ। ਇਸ ਸੰਨ ਦੇ ਵਰ੍ਹੇ ਸੌਰ ਹਨ ਅਤੇ ਮਹੀਨਿਆਂ ਅਤੇ ਦਿਨਾਂ (ਤਾਰੀਖ਼ਾਂ) ਦੇ ਨਾਂ ਈਰਾਨੀ ਹੀ ਹਨ। ਇਸ ਵਿਚ ਦਿਨਾਂ (ਤਾਰੀਖ਼ਾਂ) ਦੀ ਸੰਖਿਆ ਨਹੀਂ ਬਲਕਿ 1 ਤੋਂ 32 ਤਕ ਦੇ ਦਿਨਾਂ ਦੇ ਨਿਯਤ ਨਾਂ ਹੀ ਲਿਖੇ ਜਾਂਦੇ ਹਨ।

          ਇਸ ਸੰਨ ਵਿਚ 1555-56 ਮਿਲਾਉਣ ਨਾਲ ਈ. ਸੰਨ ਅਤੇ 1612 ਜੋੜਨ ਨਾਲ ਬਿਕ੍ਰਮ ਸੰਮਤ ਬਣਦਾ ਹੈ।

          ਇਹ ਸੰਨ ਅਕਬਰ ਅਤੇ ਜਹਾਂਗੀਰ ਦੇ ਸਮੇਂ ਤਕ ਚਲਦਾ ਰਿਹਾ, ਪਰੰਤੂ ਸ਼ਾਹਜਹਾਨ ਨੇ ਗੱਦੀ ਉੱਪਰ ਬੈਠਣ ਪਿਛੋਂ (ਈ. ਸੰ. 1628) ਇਸ ਸੰਨ ਨੂੰ ਮਿਟਾ ਦਿੱਤਾ। ਇਹ ਸੰਨ ਕੇਵਲ 72 ਸਾਲ ਦੇ ਕਰੀਬ ਹੀ ਪ੍ਰਚਲਤ ਰਿਹਾ ਅਤੇ ਅਕਬਰ ਤੇ ਜਹਾਂਗੀਰ ਸਮੇਂ ਦੀਆਂ ਲਿਖਤਾਂ, ਸਿੱਕਿਆਂ ਅਤੇ ਇਤਿਹਾਸ ਦੀਆਂ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ।

          34.     ਈਸਵੀ ਸੰਨ––ਈਸਵੀ ਸਨ ਈਸਾਈ ਧਰਮ ਦੇ ਮੋਢੀ ਹਜ਼ਰਤ ਈਸਾ ਮਸੀਹ (ਜੀਸਸ ਕ੍ਰਾਇਸਟ) ਦੇ ਜਨਮ ਦੇ ਵਰ੍ਹੇ ਤੋਂ ਚਲਿਆ ਹੋਇਆ ਮੰਨਿਆ ਜਾਂਦਾ ਹੈ ਅਤੇ ਈਸਾ ਮਸੀਹ ਦੇ ਨਾਂ ਤੋਂ ਹੀ ਇਸ ਨੂੰ ਈਸਵੀ ਸੰਨ ਕਹਿੰਦੇ ਹਨ। ਈ. ਸੰ. ਦੀ ਪੰਜਵੀਂ ਸਦੀ ਤਕ ਤਾਂ ਇਸ ਸੰਨ ਨੂੰ ਕੋਈ ਨਹੀਂ ਸੀ ਜਾਣਦਾ। ਈ. ਸੰ. 527 ਦੇ ਆਸਪਾਸ ਰੋਮ ਨਗਰ (ਇਟਲੀ) ਦੇ ਰਹਿਣ ਵਾਲੇ ਡਾਇਉਨੀਸੀਅਸ ਐਕਸ਼ੀਗੂਆਸ (Dionysius Exiguus) ਨਾਂ ਦੇ ਵਿਦਵਾਨ ਪਾਦਰੀ ਨੇ ਧਾਰਮਕ ਸੰਨ ਚਲਾਉਣ ਦੇ ਵਿਚਾਰ ਤੋਂ ਹਿਸਾਬ ਲਾ ਕੇ 194ਵੇਂ ਓਲਿੰਪੀਆਡ (Olympiad) ਦੇ ਚੌਥੇ ਵਰ੍ਹੇ, ਅਰਥਾਤ ਰੋਮਨਗਰ ਦੀ ਸਥਾਪਨਾ ਤੋਂ 795 ਵਰ੍ਹੇ ਵਿਚ ਈਸਾ ਮਸੀਹ ਦਾ ਜਨਮ ਹੋਣਾ ਨਿਸਚਿਤ ਕੀਤਾ ਅਤੇ ਉੱਥੋਂ ਤੋਂ ਲੈ ਕੇ ਆਪਣੇ ਸਮੇਂ ਤਕ ਵਰ੍ਹਿਆਂ ਦੀ ਸੰਖਿਆ ਮੁਕਰਰ ਕਰ ਕੇ ਈਸਾਈਆਂ ਅੰਦਰ ਇਸ ਸੰਨ ਦੇ ਪ੍ਰਚਾਰ ਕਰਨ ਦਾ ਜਤਨ ਕੀਤਾ। ਈਸਵੀ ਸੰਨ ਦੀ ਛੇਵੀਂ ਸਦੀ ਵਿਚ ਇਟਲੀ ਅੰਦਰ, ਅਠਵੀਂ ਸਦੀ ਵਿਚ ਇੰਗਲੈਂਡ ਅੰਦਰ, ਅਠਵੀਂ ਅਤੇ ਨੌਂਵੀ ਸਦੀਆਂ ਵਿਚ ਫਰਾਂਸ, ਬੈਲਜੀਅਮ, ਜਰਮਨੀ ਅਤੇ ਸਵਿਟਜ਼ਰਲੈਂਡ ਵਿਚ ਅਤੇ ਈ. ਸੰ. 1000 ਦੇ ਆਸਪਾਸ ਤਕ ਯੂਰਪ ਦੇ ਸਾਰੇ ਈਸਾਈ ਦੇਸ਼ਾਂ ਅੰਦਰ ਇਸ ਦਾ ਪ੍ਰਚਾਰ ਹੋ ਗਿਆ, ਜਿਨ੍ਹਾਂ ਵਿਚ ਸਮੇਂ ਨੂੰ ਗਿਣਨ ਦੀ ਪ੍ਰਥਾ ਪਹਿਲਾਂ ਭਿੰਨ ਭਿੰਨ ਪ੍ਰਕਾਰ ਦੀ ਸੀ। ਅੱਜਕਲ੍ਹ ਆਮ ਕਰ ਕੇ ਸਾਰੀ ਦੁਨੀਆ ਉੱਪਰ ਇਸ ਦਾ ਕਿਤੇ ਘੱਟ ਕਿਤੇ ਵੱਧ ਪ੍ਰਚਾਰ ਹੈ। ਸੰਨ ਦੇ ਅੰਕਾਂ ਨੂੰ ਛੱਡ ਕੇ ਬਾਕੀ ਸਾਰੀਆਂ ਗੱਲਾਂ ਵਿਚ ਇਹ ਰੋਮਨ ਲੋਕਾਂ ਦਾ ਹੀ ਵਰ੍ਹਾ ਹੈ। ਰੋਮਨ ਲੋਕਾਂ ਦੀ ਜੰਤਰੀ ਪਹਿਲਾਂ ਜੂਲੀਅਸ ਸੀਜ਼ਰ ਨੇ ਬਣਾਈ ਅਤੇ ਠੀਕ ਕੀਤੀ ਸੀ। ਉਸ ਤੋਂ ਪਿਛੋਂ ਜਿਹੜਾ ਅੰਤਰ ਪਿਆ, ਉਸ ਨੂੰ ਪੋਪ ਗ੍ਰੈਗਰੀ ਨੇ ਠੀਕ ਕਰ ਦਿੱਤਾ। ਇਸ ਸੰਨ ਦੇ ਵਰ੍ਹੇ ਸੌਰ ਹਨ ਜਿਸ ਦਾ ਆਰੰਭ ਤਾਰੀਖ਼ 1 ਜਨਵਰੀ ਤੋਂ ਹੁੰਦਾ ਹੈ ਅਤੇ ਜਿਹੜਾ 365 ਦਿਨਾਂ ਦੇ 12 ਮਹੀਨਿਆਂ ਵਿਚ ਵੰਡਿਆ ਹੋਇਆ ਹੈ। ਹਰ ਚੌਥੇ ਵਰ੍ਹੇ 1 ਦਿਨ ਫ਼ਰਵਰੀ ਮਹੀਨੇ ਵਿਚ ਵਧਾ ਦਿੱਤਾ ਜਾਂਦਾ ਹੈ। ਇਸ ਸੰਨ ਦਾ ਦਿਨ (ਤਾਰੀਖ਼) ਅੱਧੀ ਰਾਤ ਤੋਂ ਆਰੰਭ ਹੋ ਕੇ ਦੂਜੇ ਦਿਨ ਦੀ ਅੱਧੀ ਰਾਤ ਤਕ ਮੰਨਿਆ ਜਾਂਦਾ ਹੈ। ਇਸ ਸੰਨ ਵਿਚ 57-56 ਜੋੜਨ ਨਾਲ ਬਿ. ਸੰ. ਬਣਦਾ ਹੈ।

          ਹਿੰਦੁਸਤਾਨ ਵਿਚ ਅੰਗਰੇਜਾਂ ਦੇ ਰਾਜ ਕਾਰਨ ਇਸ ਦਾ ਪ੍ਰਚਾਰ ਇਸ ਦੇਸ਼ ਵਿਚ ਹੀ ਹੋਇਆ ਅਤੇ ਇਥੋਂ ਦਾ ਸਰਕਾਰੀ ਸੰਨ ਇਹੀ ਹੈ। ਲੋਕਾਂ ਦੀ ਆਮ ਵਰਤੋਂ ਵਿਚ ਵੀ ਇਸ ਦਾ ਪ੍ਰਚਾਰ ਬਹੁਤ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 16736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਸੰਮਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਮਤ, (ਸੰਸਕ੍ਰਿਤ) / ਪੁਲਿੰਗ : ਸਾਲ, ਬਿਕਰਮੀ ਸਾਲ ਜੋ ਸੰਨ ਈ. ਤੋਂ ੫੭ ਸਾਲ ਪਹਿਲਾਂ ਚਾਲੂ ਹੋਇਆ ਸੀ (ਲਾਗੂ ਕਿਰਿਆ : ਹੋਣਾ, ਚੜ੍ਹਨਾ, ਲੱਗਣਾ)

–ਸੰਮਤ ਬੰਨ੍ਹਣਾ, ਮੁਹਾਵਰਾ : ਕੋਈ ਵੱਡਾ ਕੰਮ ਕਰ ਕੇ ਆਪਣੀ ਪਰਸਿੱਧੀ ਕਾਇਮ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-01-57-58, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.