ਸੱਸੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੱਸੀ ਪੁੰਨੂੰ : ਸੱਸੀ ਤੇ ਪੁੰਨੂੰ ਦੀ ਪ੍ਰੀਤ ਕਹਾਣੀ ਇੱਕ ਪ੍ਰਸਿੱਧ ਲੋਕ ਕਹਾਣੀ ਹੈ, ਜਿਸਦਾ ਨਾਇਕ ਪੁੰਨੂੰ ਅਤੇ ਨਾਇਕਾ ਸੱਸੀ ਹੈ। ਇਸ ਪ੍ਰੀਤ ਕਹਾਣੀ ਤੇ ਸਭ ਤੋਂ ਪਹਿਲਾਂ ਹਾਫ਼ਿਜ਼ ਬਰਖ਼ੁਰਦਾਰ ਨੇ ਕਿੱਸਾ ਲਿਖਿਆ ਅਤੇ ਕਿੱਸਾਕਾਰ ਹਾਸ਼ਮ ਨੇ ਕਿੱਸਾ ਲਿਖ ਕੇ ਇਸ ਕਹਾਣੀ ਦੀ ਲੋਕਪ੍ਰਿਅਤਾ ਨੂੰ ਸਿਖਰ ਤੇ ਪਹੁੰਚਾਇਆ। ਪੰਜਾਬ ਦੀ ਲੋਕ-ਸਾਹਿਤਿਕ ਪੰਰਪਰਾ ਵਿੱਚ ਪ੍ਰਚਲਿਤ ਇਸਦੇ ਵਿਭਿੰਨ ਰੂਪਾਂ ਵਿੱਚ ਪ੍ਰਤਿਨਿਧ ਕਥਾ ਇਸ ਪ੍ਰਕਾਰ ਹੈ :

     ਭੰਬੌਰ ਨਗਰ ਦੇ ਬਾਦਸ਼ਾਹ ਆਦਮ ਜਾਨ ਦੇ ਘਰ ਔਲਾਦ ਨਹੀਂ ਸੀ। ਬਹੁਤ ਮੰਨਤਾ ਮਨੌਤਾਂ ਕਰਨ ਪਿੱਛੋਂ ਉਸ ਦੇ ਘਰ ਇੱਕ ਖ਼ੂਬਸੂਰਤ ਲੜਕੀ ਨੇ ਜਨਮ ਲਿਆ। ਪਰ ਜਦ ਨਜੂਮੀਆਂ ਨੇ ਇਸ ਬੱਚੀ ਦੇ ਜਵਾਨ ਹੋਣ ਤੇ ਥੱਲਾਂ ਵਿੱਚ ਜਾ ਕੇ ਮਰਨ ਅਤੇ ਕੁਲ ਨੂੰ ਦਾਗ਼ ਲਾਉਣ ਦੀ ਭਵਿੱਖਬਾਣੀ ਕੀਤੀ ਤਾਂ ਸਾਰੀ ਖ਼ੁਸ਼ੀ ਗ਼ਮੀ ਵਿੱਚ ਬਦਲ ਗਈ। ਰਾਜੇ ਨੇ ਵਜ਼ੀਰਾਂ ਨਾਲ ਸਲਾਹ ਕਰਨ ਪਿੱਛੋਂ ਬੱਚੀ ਨੂੰ ਕਾਫ਼ੀ ਧਨ ਦੌਲਤ ਸਮੇਤ ਇੱਕ ਸੰਦੂਕ ਵਿੱਚ ਬੰਦ ਕਰ ਕੇ ਦਰਿਆ ਵਿੱਚ ਰੋੜ੍ਹ ਦਿੱਤਾ ਤਾਂ ਜੋ ਬੱਚੀ ਦੀ ਪਾਲਣਾ ਕਰਨ ਵਾਲੇ ਨੂੰ ਕੋਈ ਔਕੜ ਨਾ ਆਵੇ। ਅੱਤਾ ਨਾਂ ਦਾ ਧੋਬੀ ਉਸ ਦਰਿਆ ਦੇ ਕੰਢੇ ਕੱਪੜੇ ਧੋ ਰਿਹਾ ਸੀ। ਇਸ ਸੰਦੂਕ ਨੂੰ ਉਸ ਨੇ ਕੱਢ ਲਿਆ। ਉਸ ਦੀ ਆਪਣੀ ਕੋਈ ਸੰਤਾਨ ਨਹੀਂ ਸੀ। ਉਹ ਬੱਚੀ ਨੂੰ ਪ੍ਰਾਪਤ ਕਰ ਕੇ ਬਹੁਤ ਖ਼ੁਸ਼ ਹੋਇਆ। ਉਸ ਨੇ ਹੀ ਇਸ ਬੱਚੀ ਦੀ ਪਾਲਣਾ ਕੀਤੀ। ਜਵਾਨ ਹੋਣ ਤੇ ਇਸ ਖ਼ੂਬਸੂਰਤ ਮੁਟਿਆਰ ਦੀਆਂ ਧੁੰਮਾਂ ਦੂਰ-ਦੂਰ ਤੱਕ ਪੈ ਗਈਆਂ। ਨਗਰ ਦੇ ਬਾਦਸ਼ਾਹ ਨੇ ਉਸਨੂੰ ਆਪਣੀ ਮਲਕਾ ਬਣਾਉਣ ਦੀ ਤਜਵੀਜ਼ ਭੇਜੀ। ਬੱਚੀ ਦੇ ਗਲ ਵਿੱਚ ਪਏ ਤਾਵੀਜ਼ ਨੂੰ ਪਛਾਣਨ ਉਪਰੰਤ ਬਾਦਸ਼ਾਹ (ਸੱਸੀ ਦੇ ਪਿਤਾ) ਨੇ ਉਸਨੂੰ ਮਹਿਲ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਸੱਸੀ ਨਾ ਮੰਨੀ।

     ਇੱਕ ਦਿਨ ਸੱਸੀ ਨੇ ਭੰਬੋਰ ਸ਼ਹਿਰ ਵਿੱਚ ਲੱਗੀ ਨੁਮਾਇਸ਼ ਵਿੱਚ ਇੱਕ ਖ਼ੂਬਸੂਰਤ ਨੌਜਵਾਨ ਦੀ ਤਸਵੀਰ ਦੇਖੀ ਤੇ ਉਸ ਤੇ ਮੋਹਿਤ ਹੋ ਗਈ। ਇਹ ਤਸਵੀਰ ਕੇਚਮ ਸ਼ਹਿਰ ਦੇ ਬਲੋਚ ਸ਼ਹਿਜ਼ਾਦੇ ਪੁੰਨੂੰ ਦੀ ਸੀ। ਸੱਸੀ ਇਸ ਖ਼ੂਬਸੂਰਤ ਸ਼ਹਿਜ਼ਾਦੇ ਨੂੰ ਪਿਆਰ ਕਰਨ ਲੱਗੀ ਤੇ ਵਿਯੋਗ ਵਿੱਚ ਤੜਫਣ ਲੱਗੀ। ਇੱਕ ਦਿਨ ਸੱਸੀ ਨੇ ਕੇਚਮ ਦੇ ਕੁਝ ਸੁਦਾਗਰਾਂ ਨੂੰ ਕੈਦ ਕਰ ਲਿਆ ਤੇ ਉਹਨਾਂ ਨੂੰ ਛੱਡਣ ਲਈ ਇਹ ਸ਼ਰਤ ਰੱਖੀ ਕਿ ਉਹ ਸ਼ਹਿਜ਼ਾਦੇ ਪੁੰਨੂੰ ਨੂੰ ਉਸ ਕੋਲ ਲੈ ਕੇ ਆਉਣ।

ਅਖ਼ੀਰ ਸੁਦਾਗਰਾਂ ਨੇ ਆਪਣੀ ਖਲਾਸੀ ਲਈ ਪੁੰਨੂੰ ਨੂੰ ਸੱਸੀ ਦੇ ਸ਼ਹਿਰ ਲਿਆਂਦਾ। ਦੋਵੇਂ ਇੱਕ-ਦੂਜੇ ਦੀ ਸੁੰਦਰਤਾ ਦੇਖ ਕੇ ਇੱਕ-ਦੂਜੇ ਤੇ ਮੋਹਿਤ ਹੋ ਗਏ।ਪੁੰਨੂੰ ਸੱਸੀ ਦੀ ਸੁੰਦਰਤਾ ਦੇਖ ਕੇ ਵਾਪਸ ਆਪਣੇ ਦੇਸ਼ ਜਾਣਾ ਭੁੱਲ ਗਿਆ। ਪੁੰਨੂੰ ਦੇ ਪਿਉ ਨੇ ਪੁੰਨੂੰ ਦੇ ਭਰਾਵਾਂ ਨੂੰ ਭੇਜਿਆ ਕਿ ਜਿਵੇਂ- ਤਿਵੇਂ ਪੁੰਨੂੰ ਨੂੰ ਲੈ ਕੇ ਆਉਣ। ਉਸ ਦੇ ਭਰਾਵਾਂ ਨੇ ਧੋਖੇ ਨਾਲ ਪੁੰਨੂੰ ਨੂੰ ਸ਼ਰਾਬ ਪਿਲਾਈ। ਊਠ ਤੇ ਪੁੰਨੂੰ ਨੂੰ ਲੱਦ ਕੇ ਸੁੱਤੀ ਸੱਸੀ ਤੋਂ ਵਿਛੋੜ ਕੇ ਲੈ ਗਏ। ਸੱਸੀ ਦੀ ਜਦੋਂ ਅੱਖ ਖੁੱਲ੍ਹੀ ਤਾਂ ਆਪਣੇ-ਆਪ ਨੂੰ ਇਕੱਲਿਆਂ ਵੇਖ ਕੇ ਬਹੁਤ ਤੜਪੀ। ਪਾਲਕ ਮਾਤਾ-ਪਿਤਾ ਦੇ ਸਮਝਾਉਣ ਦੇ ਬਾਵਜੂਦ ਨੰਗੇ ਪੈਰੀਂ ਆਪਣੇ ਪ੍ਰੇਮੀ ਪੁੰਨੂੰ ਦੇ ਪਿੱਛੇ-ਪਿੱਛੇ ਉਸ ਦੇ ਦੇਸ਼ ਵੱਲ ਤੁਰ ਪਈ। ਸੁਪ੍ਰਸਿੱਧ ਕਿੱਸਾਕਾਰ ਹਾਸ਼ਮ ਨੇ ਸੱਸੀ ਦੀ ਇਸ ਮਨੋਸਥਿਤੀ ਨੂੰ ਬਿਆਨ ਕਰਦਿਆਂ ਇਉਂ ਲਿਖਿਆ ਹੈ :

ਤੁਰਸਾਂ ਮੂਲ ਨ ਮੁੜਸਾਂ ਰਾਹੋਂ ਜਾਨ ਤਲੀ ਪਰ ਧਰਸਾਂ

            ਜਬ ਲਗ ਸਾਸ ਨਿਰਾਸ ਨਾ ਹੋਵਾਂ ਮਰਨੌਂ ਮੂਲ ਨ ਡਰਸਾਂ।

     ਬਹੁਤ ਤੇਜ਼ ਗਰਮੀ ਕਾਰਨ ਮਾਰੂਥਲ ਤਪ ਰਿਹਾ ਸੀ। ਸੱਸੀ ਪੁੰਨੂੰ-ਪੁੰਨੂੰ ਪੁਕਾਰਦੀ ਰੇਤ ਦੇ ਥਲਾਂ ਵਿੱਚ ਪ੍ਰਾਣ ਤਿਆਗ ਗਈ। ਉਧਰ ਪੁੰਨੂੰ ਨੂੰ ਜਦੋਂ ਹੋਸ਼ ਆਈ ਤਾਂ ਉਹ ਵੀ ਸੱਸੀ ਦੇ ਵਿਯੋਗ ਵਿੱਚ ਤੜਫਦਾ ਹੋਇਆ ਆਪਣੇ ਘਰੋਂ ਤੁਰ ਪਿਆ ਤੇ ਮਾਰੂਥਲ ਵਿੱਚ ਆ ਕੇ ਉਸ ਨੇ ਸੱਸੀ ਦੀ ਕਬਰ ਤੇ ਜਾਨ ਦੇ ਦਿੱਤੀ। ਇਸ ਤਰ੍ਹਾਂ ਇਸ ਪ੍ਰੇਮੀ ਜੋੜੀ ਦੀ ਕਹਾਣੀ ਦਾ ਦੁਖਾਂਤਿਕ ਅੰਤ ਹੋ ਗਿਆ।

     ਪਿਆਰ ਦੀ ਇਸ ਅਮਰ ਕਹਾਣੀ ਦੇ ਪੰਜਾਬੀ ਕਾਵਿ ਸਾਹਿਤ ਵਿੱਚ ਅਨੇਕ ਸੰਕੇਤ ਮਿਲਦੇ ਹਨ। ਹਾਸ਼ਮ ਦੇ ਕਿੱਸਾ ਲਿਖਣ ਤੋਂ ਪਹਿਲਾਂ ਭਾਈ ਗੁਰਦਾਸ ਨੇ ਪੀਰ ਅਤੇ ਮੁਰਾਦ ਦੇ ਪਰਸਪਰ ਪ੍ਰੇਮ ਸੰਬੰਧ ਵਿੱਚ ਇਸ ਪ੍ਰੀਤ ਜੋੜੇ ਵੱਲ ਸੰਕੇਤ ਕਰਦਿਆਂ ਲਿਖਿਆ ਹੈ

            ਸੱਸੀ ਪੁੰਨੂੰ ਦੋਸਤੀ ਹੋਇ ਜਾਤ ਅਜਾਤੀ।

     ਦਸਮ ਗ੍ਰੰਥ ਵਿੱਚ ਸੱਸੀ ਪੁੰਨੂੰ ਦੀ ਲੋਕ ਕਹਾਣੀ ਨੂੰ ਮਿਥਿਹਾਸਿਕ ਕਥਾ ਦੇ ਰੂਪ ਵਿੱਚ ਪੇਸ਼ ਕਰ ਕੇ ਇੱਕ ਅਲੌਕਿਕ ਕਥਾ ਬਣਾ ਕੇ ਪੇਸ਼ ਕੀਤਾ ਗਿਆ ਹੈ। ਇਸ ਅਲੌਕਿਕ ਕਥਾ ਦੀ ਸੱਸੀ ਕਪਿਲ ਮੁਨੀ ਤੇ ਰੰਭਾ ਅਪਸਰਾ ਦੀ ਭੋਗ ਸੰਤਾਨ ਸੀ। ਇਸ ਨੂੰ ਸਿੰਧ ਦਰਿਆ ਵਿੱਚੋਂ ਕੱਢ ਕੇ ਇਸ ਦਾ ਪਾਲਣ-ਪੋਸ਼ਣ ਕੀਤਾ। ਇਸ ਦਾ ਨਾਂ ਸਮਿਯਾ ਰੱਖਿਆ ਗਿਆ। ਜਦੋਂ ਇਹ ਜੁਆਨ ਹੋਈ ਤਾਂ ਰਾਜੇ ਨੇ ਪੁੰਨੂੰ ਪਾਤਸ਼ਾਹ ਵੱਲ ਦੂਤ ਭੇਜੇ ਕਿ ਤੂੰ ਇਸ ਨੂੰ ਵਰ ਲੈ। ਬੜੀ ਸ਼ਾਨੋ-ਸ਼ੌਕਤ ਨਾਲ ਵਿਆਹ ਹੋਇਆ। ਜਦੋਂ ਪੁੰਨੂੰ ਅਤੇ ਸੱਸੀ ਆਪਣੇ ਮੁਲਕ ਪੁੱਜੇ ਤਾਂ ਪੁੰਨੂੰ ਦੀ ਪਹਿਲੀ ਪਤਨੀ ਨੂੰ ਸੱਸੀ ਦੇ ਆਉਣ ਦਾ ਬਹੁਤ ਦੁੱਖ ਲੱਗਾ। ਉਸ ਨੇ ਕਈ ਜਾਦੂ ਟੂਣੇ ਕੀਤੇ ਕਿ ਪੁੰਨੂੰ ਸੱਸੀ ਤੋਂ ਟੁੱਟ ਜਾਵੇ ਪਰ ਉਸ ਦੀ ਕੋਈ ਵਾਹ ਨਾ ਚੱਲੀ। ਅਖੀਰ ਉਸ ਨੇ ਪੁੰਨੂੰ ਨੂੰ ਹੀ ਮਰਵਾ ਦਿੱਤਾ। ਸੱਸੀ ਵੀ ਪੁੰਨੂੰ ਦੀ ਕਬਰ ਤੇ ਢੇਰੀ ਹੋ ਗਈ।

          ਇਸ ਤਰ੍ਹਾਂ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਇਸ ਅਮਰ ਪ੍ਰੀਤ ਕਹਾਣੀ ਦਾ ਮਹੱਤਵਪੂਰਨ ਸਥਾਨ ਹੈ ਜਿਸਦਾ ਸਪਸ਼ਟ ਪ੍ਰਮਾਣ ਹਾਫ਼ਿਜ਼ ਬਰਖ਼ੁਰਦਾਰ ਅਤੇ ਹਾਸ਼ਮ ਤੋਂ ਇਲਾਵਾ ਮੁਨਸ਼ੀ ਸੁੰਦਰ ਦਾਸ ਆਰਾਮ, ਬਹਿਬਲ ਅਤੇ ਆਡਤ ਆਦਿ ਕਵੀਆਂ ਦੇ ਲਿਖੇ ਕਿੱਸੇ ਹਨ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੱਸੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਸੀ (ਨਾਂ,ਇ) ਪੁੰਨੂ ’ਤੇ ਆਸ਼ਿਕ ਹੋਈ ਅਤੇ ਉਸ ਦੇ ਵਿਯੋਗ ਕਾਰਨ ਤਪਦੇ ਥਲਾਂ ਵਿੱਚ ਤੜਫ਼ ਤੜਫ਼ ਕੇ ਮੋਈ ਭੰਬੋਰ ਸ਼ਹਿਰ ਦੀ ਇੱਕ ਪ੍ਰਸਿੱਧ ਮੁਟਿਆਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੱਸੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਸੀ [ਨਾਂਇ] ਸੱਸੀ-ਪੁੰਨੂੰ ਪ੍ਰੀਤ-ਕਹਾਣੀ ਦੀ ਨਾਇਕਾ; ਚੰਦਰਮਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਸੀ. ਵਿ—ਸ਼੍ਵੇਤ-ਸ਼੍ਯਾਮ. ਕਰੜਬਰ੍ਹੜੀ. ਚਿੱਟੀ ਕਾਲੀ. “ਸੱਸੀਏ ਦਾੜੀਏ ਚਿੱਟੀਏ ਪੱਗੇ.” (ਗੁਪ੍ਰਸੂ) ੨ ਸੰਗ੍ਯਾ—ਪੁੰਨੂ ਦੀ ਪ੍ਰੇਮਪਾਤ੍ਰਾ, ਜਿਸ ਬਾਬਤ ਚਰਿਤ੍ਰਾਂ ਵਿੱਚ ਕਥਾ ਹੈ ਕਿ ਕਪਿਲਮੁਨਿ ਦਾ ਰੰਭਾ ਅਪਸਰਾ ਨੂੰ ਦੇਖਕੇ ਵੀਰਯ ਡਿਗਿਆ, ਜਿਸ ਤੋਂ ਰੰਭਾ ਦੇ ਉਦਰੋਂ ਸੱਸੀ ਪੈਦਾ ਹੋਈ. ਦੇਖੋ, ਚਰਿਤ੍ਰ ੧੦੮, ਸਸਿਯਾ ੧ ਅਤੇ ਪੁੰਨੂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਸੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਸੀ, ਇਸਤਰੀ ਲਿੰਗ  : ੧. ਲੇਲੀ; ੨. ਭੰਬੋਰ ਸ਼ਹਿਰ ਦੀ ਇੱਕ ਪ੍ਰਸਿੱਧ ਇਸਤਰੀ ਜੋ ਪੁੰਨੂੰ ਉੱਤੇ ਆਸ਼ਕ ਹੋ ਗਈ ਸੀ

–ਸੱਸੀ ਪੁੰਨੂੰ, ਇਸਤਰੀ ਲਿੰਗ : ੧. ਇਕ ਕਿੱਸੇ ਦਾ ਨਾਉਂ; ੨. ਸੱਸੀ ਅਤੇ ਪੁੰਨੂੰ ਨਾਉਂ ਦੇ ਪ੍ਰੇਮੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-26-04-29-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.