ਹਠੂਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਠੂਰ: ਜਗਰਾਉਂ (30°-47’ ਉ, 75°-28’ ਪੂ) ਦੇ ਦੱਖਣ ਵੱਲ 20 ਕਿਲੋਮੀਟਰ ਦੀ ਦੂਰੀ ਤੇ ਪੰਜਾਬ ਦੇ ਲੁਧਿਆਣੇ ਜ਼ਿਲੇ ਵਿਚ ਇਕ ਪਿੰਡ ਹੈ ਜਿਸ ਵਿਚ ਇਕ ਇਤਿਹਾਸਿਕ ਗੁਰਦੁਆਰਾ , “ਗੁਰਦੁਆਰਾ ਛੇਵੀਂ ਪਾਤਸ਼ਾਹੀ” 1634-35 ਵਿਚ ਗੁਰੂ ਹਰਿਗੋਬਿੰਦ ਦੇ ਇੱਥੇ ਪਧਾਰਨ ਦੀ ਯਾਦ ਵਿਚ ਬਣਿਆ ਹੋਇਆ ਹੈ। ਮੌਜੂਦਾ ਪੰਜ ਮੰਜ਼ਲੀ ਇਮਾਰਤ 1980 ਵਿਚ ਬਣਾਈ ਗਈ ਸੀ ਜਿਸਦੀ ਜ਼ਮੀਨੀ ਮੰਜ਼ਲ ਦੇ ਵੱਡੇ ਹਾਲ ਦੇ ਅਖੀਰ ਵਿਚ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦੀ ਸੰਭਾਲ ਸਥਾਨਿਕ ਸੰਗਤ ਰਾਹੀਂ ਕੀਤੀ ਜਾਂਦੀ ਹੈ ਅਤੇ ਪ੍ਰਬੰਧ ਪਿੰਡ ਦੀ ਕਮੇਟੀ ਦੁਆਰਾ ਕੀਤਾ ਜਾਂਦਾ ਹੈ।


ਲੇਖਕ : ਜ.ਜ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹਠੂਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹਠੂਰ :   ਇਹ ਪਿੰਡ ਲੁਧਿਆਣੇ ਜ਼ਿਲ੍ਹੇ ਦੀ ਜਗਰਾਉਂ ਤਹਿਸੀਲ ਵਿਚ, ਜਗਰਾਉਂ ਤੋਂ ਲਗਭਗ 25 ਕਿ.ਮੀ. ਦੂਰੀ ਤੇ ਹੈ। ਮੌਜੂਦਾ ਪਿੰਡ ਉਸ ਥਾਂ ਦੇ ਨੇੜੇ ਵਸਿਆ ਹੋਇਆ ਹੈ ਜਿਥੇ ਪੁਰਾਤਨ ਥੇਹ ਹਨ। ਇਨ੍ਹਾਂ ਥੇਹਾਂ ਤੋਂ ਪਤਾ ਲਗਦਾ ਹੈ ਕਿ ਇਹ ਪੁਰਾਤਨ ਸਮੇਂ ਵਿਚ ਕਾਫ਼ੀ ਵਸੋਂ ਵਾਲੀ ਜਗ੍ਹਾ ਰਹੀ ਹੋਏਗੀ।ਖ਼ਿਆਲ ਕੀਤਾ ਜਾਂਦਾ ਹੈ ਕਿ ਇਹ ਉਹ ਜਗ੍ਹਾ ਹੈ ਜਿਸ ਨੂੰ ਪੁਰਾਤਨ ਸਮੇਂ ਵਿਚ ਅਹੀਚੇਤੀ ਕਿਹਾ ਜਾਂਦਾ ਸੀ। ਇਹ ਉਹ ਥਾਂ ਦੱਸੀ ਜਾਂਦੀ ਹੈ ਜਿਥੇ ਰਾਜਾ ਕਨਕੇਤੂ ਦੇ ਸਮੇਂ ਭਗਵਾਨ ਮਹਾਂਵੀਰ ਜੀ ਨੇ ਚੌਮਾਸਾ ਕੱਟਿਆ ਸੀ। ਥੇਹਵਾਲੀ ਜਗ੍ਹਾ ਤੋਂ ਪੁਰਾਣੇ ਸਿੱਕੇ ਅਤੇ ਚੀਜ਼ਾਂ ਮਿਲੀਆਂ ਹਨ। ਇਥੋਂ ਦੇ ਲੋਕ ਇਸ ਜਗ੍ਹਾ ਦਾ ਨਾਂ ਅਹੀਚਤ ਦਸਦੇ ਹਨ। ਇਥੇ ਇਕ ਨਿੱਕਾ ਮੱਲ ਵਾਲਾ ਮੱਠ ਵੀ ਹੈ ਜੋ ਮੁਗ਼ਲ ਸਮਰਾਟ ਹਮਾਯੂੰ ਦੇ ਸਮੇਂ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਇਸ ਪਿੰਡ ਵਿਚ ਦੋ ਮਸੀਤਾਂ ਹਨ।

          ਪਿੰਡ ਹਠੂਰ ਬਾਰੇ ਇਹ ਅਨੁਮਾਨ ਹੈ ਕਿ ਇਹ ਮੱਧ ਕਾਲ ਵਿਚ ਦਿੱਲੀ ਦੇ ਸੁਲਤਾਨਾਂ ਦੇ ਸਮੇਂ ਵਸਿਆ ਸੀ। ਭਾਰੂ ਰਾਜਪੂਤ ਦਾ ਹਠੂਰ ਉੱਪਰ ਕਬਜ਼ਾ ਰਿਹਾ ਹੈ। ਇਸ ਪਰਿਵਾਰ ਦੇ ਵਿਅਕਤੀ ਦਿੱਲੀ ਦੇ ਸੁਲਤਾਨਾਂ, ਲੋਧੀਆਂ ਅਤੇ ਮੁਗ਼ਲਾਂ ਦੇ ਸਮੇਂ ਇਸ ਪਿੰਡ ਉੱਪਰ ਹਕੂਮਤ ਕਰਦੇ ਰਹੇ ਹਨ।

         ਇਸ ਪਿੰਡ ਵਿਚ ਹਾਈ ਸਕੂਲ, ਸਿਹਤ ਕੇਂਦਰ ਅਤੇ ਪਸ਼ੂ ਹਸਪਤਾਲ ਵੀ ਹੈ। ਇਹ ਪਿੰਡ ਸੜਕਾਂ ਰਾਹੀਂ ਬਰਨਾਲਾ ਅਤੇ ਜਗਰਾਉਂ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।

         ਸਥਿਤੀ -       30o    36’   ਉ.  ਵਿਥ.;   75o     25’    ਪੂ.    ਲੰਬ.

     


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 864, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-03-55-35, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬ ਸਟੇਟ ਡਿਸਟ੍ਰਿਕਟ ਗਜ਼ਟੀਅਰ-ਲੁਧਿਆਣਾ ਡਿਸਟ੍ਰਿਕਟ (1970)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.