ਹਾਮਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹਾਮਦ : ਅਠਾਰਵੀਂ ਸਦੀ ਦੇ ਕਿੱਸਾਕਾਰ ਹਾਮਦ ਦਾ ਪੂਰਾ ਨਾਂ ਹਾਮਦ ਸ਼ਾਹ ਸੀ, ਜਾਤ ਦਾ ਅੱਬਾਸੀ ਸੱਯਦ ਹੋਣ ਕਰ ਕੇ ਉਸ ਨੂੰ ਹਾਮਦ ਸ਼ਾਹ ਅੱਬਾਸੀ ਵੀ ਕਿਹਾ ਜਾਂਦਾ ਹੈ। ਹਾਮਦ ਦੇ ਪਿਤਾ ਦਾ ਨਾਂ ਸੱਯਦ ਅਤਾਉੱਲਾ ਸੀ। ਹਾਮਦ ਦਾ ਜਨਮ 1748 ਵਿੱਚ ਹੋਇਆ। ਹਾਮਦ ਨੇ ਪਿੰਡ ਚੌਂਤਾ, ਤਹਿਸੀਲ ਪਠਾਨਕੋਟ ਵਿੱਚ ਆਪਣਾ ਨਿਵਾਸ ਰੱਖਿਆ। ਉੱਥੇ ਉਹ ਪਿੰਡ ਦੀ ਮਸਜਿਦ ਵਿੱਚ ਇਮਾਮ ਸੀ।

     ਹਾਮਦ ਨੇ ਆਪਣੀ ਕਾਵਿ-ਰਚਨਾ ਵੀਹ ਸਾਲ ਦੀ ਉਮਰ ਵਿੱਚ ਅਰੰਭ ਕੀਤੀ। ਉਸ ਦੀ ਪਲੇਠੀ ਰਚਨਾ ਜੰਗਿ ਹਾਮਦ ਜਾਂ ਜੰਗਨਾਮਾ ਹਾਮਦ ਹੈ ਜਿਸ ਨੂੰ ਉਸ ਨੇ 1778 (1191 ਹਿਜਰੀ) ਵਿੱਚ ਤੀਹ ਸਾਲ ਦੀ ਉਮਰ ਭਾਵ 10 ਸਾਲ ਵਿੱਚ ਮੁਕੰਮਲ ਕੀਤਾ :

ਕੀਤਾ ਸੀ ਇਹ ਸ਼ੁਰੂ ਜਾਂ ਉਮਰ ਸੀ ਆਹੀ ਵੀਹ,

ਕੀਤਾ ਜਦੋਂ ਤਮਾਮ ਸੀ ਉਮਰ ਆਹੀ ਸੀ ਤੀਹ।

ਹਿਜਰਤ ਬਾਅਦ ਰਸੂਲ ਦੇ ਜਿਸ ਦਿਨ ਥੀਆ ਤਯਾਰ,

            ਆਹਾ ਸੰਨ ਇਕਾਨਵੇਂ ਇੱਕ ਸੌ ਇੱਕ ਹਜ਼ਾਰ।

     ਜੰਗਨਾਮਾ ਤੋਂ ਇਲਾਵਾ ਹੀਰ ਹਾਮਦ, ਅਖ਼ਬਾਰਿ- ਹਾਮਦ, ਗੁਲਜ਼ਾਰਿ-ਹਾਮਦ, ਤਫ਼ਸੀਰਿ-ਹਾਮਦ ਅਤੇ ਫ਼ਕਰਨਾਮਾ ਹਾਮਦ ਉਸ ਦੀਆਂ ਹੋਰ ਰਚਨਾਵਾਂ ਹਨ ਪਰੰਤੂ ਜੰਗਨਾਮਾ ਅਤੇ ਹੀਰ ਹਾਮਦ ਉਸ ਦੀਆਂ ਚਰਚਿਤ, ਪ੍ਰਮਾਣਿਕ ਅਤੇ ਪ੍ਰਾਪਤ ਰਚਨਾਵਾਂ ਹਨ।

     ਜੰਗਨਾਮਾ ਹਾਮਦ ਜਾਂ ਜੰਗਿ-ਹਾਮਦ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸਿਆਂ (ਦੋਹਤਿਆਂ) ਹਜ਼ਰਤ ਇਮਾਮ ਹਸਨ ਅਤੇ ਹੁਸੈਨ ਦੀ ਯਜ਼ੀਦ ਨਾਲ ਕਰਬਲਾ ਵਿਖੇ ਹੋਈ ਜੰਗ ਅਤੇ ਇਮਾਮ ਹੁਸੈਨ ਦੀ ਇਸ ਵਿੱਚ ਹੋਈ ਸ਼ਹਾਦਤ ਦਾ ਬਿਰਤਾਂਤ ਹੈ, ਇਸ ਵਿੱਚ ਕਰੁਣਾ ਰਸ ਪ੍ਰਧਾਨ ਹੈ।

     ਅਖ਼ਬਾਰਿ ਹਾਮਦ ਧਾਰਮਿਕ ਅਤੇ ਦਾਰਸ਼ਨਿਕ ਕਿਸਮ ਦੀ ਰਚਨਾ ਹੈ। ਇਸ ਵਿੱਚ ਦੁਨੀਆ ਦੀ ਤਖ਼ਲੀਕ (ਉਤਪਤੀ) ਆਦਮ ਦੀ ਹੋਂਦ, ਰਸੂਲ ਦੀ ਪੈਦਾਇਸ਼, ਜੰਨਤ (ਸਵਰਗ), ਦੋਜ਼ਖ਼ (ਨਰਕ), ਕਿਆਮਤ (ਦੁਨੀਆ ਦਾ ਖ਼ਾਤਮਾ), ਬਰਜ਼ਖ਼, ਜਜ਼ਾ-ਸਜ਼ਾ ਅਤੇ ਪਾਪ-ਪੁੰਨ ਦੇ ਮਸਲਿਆਂ ਬਾਰੇ ਦਾਰਸ਼ਨਿਕ ਵਿਚਾਰ ਪੇਸ਼ ਕੀਤੇ ਗਏ ਹਨ।      ਆਪਣੀ ਸਭ ਤੋਂ ਵੱਧ ਜ਼ਿਕਰਯੋਗ, ਪ੍ਰਮੁਖ ਅਤੇ ਪ੍ਰਸਿੱਧ ਰਚਨਾ ਹੀਰ ਹਾਮਦ ਉਸ ਨੇ 1807 ਵਿੱਚ ਲਿਖੀ:

ਸੰਨ ਬਾਰਾਂ ਸੌ ਵੀਹ ਸੀ ਖ਼ਾਸ ਹਿਜਰੀ,

ਅਤੇ ਵਾਰ ਜਾਣੋ ਵੀਰਵਾਰ ਮੀਆਂ।

ਰਜਬ ਸਤਵੀਂ ਜਾਣ ਤਰੀਖ਼ ਆਹੀ,

            ਪੂਰਣ ਕਥਾ ਦੀ ਜਾਣ ਹੋਈ ਕਾਰ ਮੀਆਂ।

     ਹਾਮਦ ਨੇ ਹੀਰ ਦਾ ਕਿੱਸਾ ਲਿਖਣ ਲਈ ਆਪਣੇ ਪੂਰਵਕਾਲੀ ਅਤੇ ਸਮਕਾਲੀ ਹੀਰ ਦੇ ਕਿੱਸਾਕਾਰਾਂ ਦੀਆਂ ਰਚਨਾਵਾਂ ਦਾ ਅਧਿਐਨ ਕੀਤਾ ਅਤੇ ਉਹਨਾਂ ਤੋਂ ਪੂਰਾ ਲਾਭ ਉਠਾਇਆ। ਇਸਦਾ ਪ੍ਰਮਾਣ ਉਸ ਦਾ ਇੱਕ ਕਾਵਿ ਬੰਦ ਹੈ :

ਚਾਵਲ ਆਪਣੇ ਮੰਗ ਕੇ ਮੁਕਬਲੇ ਤੋਂ ,

ਲੂਣ ਅਹਿਮਦੇ ਦਾ ਵਿੱਚ ਪਾਵਸਾਂ ਮੈਂ।

ਘਿਓ ਹੱਟ ਗੁਰਦਾਸ ਦਾ ਵਿੱਚ ਪਾਵਾਂ,

            ਖਿਚੜੀ ਜੋੜਕੇ ਦੇਗ ਰਿਝਾਵਸਾਂ ਮੈਂ।

     ਕਿਉਂਕਿ ਹਾਮਦ ਮਸਜਿਦ ਦਾ ਇਮਾਮ, ਨਮਾਜ਼ੀ ਤੇ ਪਰਹੇਜ਼ਗਾਰ ਬੰਦਾ ਸੀ, ਇਸ ਲਈ ਉਸ ਦੇ ਮਨ ਵਿੱਚ ਹੀਰ-ਰਾਂਝੇ ਦੀ ਪ੍ਰੇਮ-ਕਹਾਣੀ ਬਾਰੇ ਇਹ ਬਦਗੁਮਾਨੀ ਸੀ ਕਿ ਇਹਨਾਂ ਦਾ ਪਿਆਰ ਲੌਕਿਕ ਅਤੇ ਸਰੀਰਕ ਹਵਸ ਪੂਰਤੀ ਹੀ ਸੀ। ਇਸ ਲਈ ਉਹ ਦਿਲੋਂ ਇਹਨਾਂ ਨੂੰ ਚੰਗੇ ਨਹੀਂ ਸਮਝਦਾ ਸੀ ਅਤੇ ਬੁਰਾ ਭਲਾ ਵੀ ਕਿਹਾ ਕਰਦਾ ਸੀ :

ਮੈਨੂੰ ਜ਼ਿੱਦ ਮੁੱਢੋਂ ਰਾਂਝੇ ਹੀਰ ਦੀ ਸੀ,

ਨਿੱਤ ਬੋਲਦਾ ਬੁਰੀ ਜ਼ੁਬਾਨ ਮੀਆਂ।

ਜੱਟੀ ਜੱਟ ਉਧਾਲ ਲੈ ਗਿਆ ਸੀ ਜੀ,

            ਮੰਦੇ ਕਰਮ ਸੀ ਵਿੱਚ ਜਹਾਨ ਮੀਆਂ।

     ਪਰੰਤੂ ਹਾਮਦ ਲਿਖਦਾ ਹੈ ਕਿ ਇੱਕ ਵਾਰ ਸ਼ਾਮ ਦੇ ਸਮੇਂ ਉਹ ਕਿਸੇ ਉਜਾੜ ਬੀਆਬਾਨ ਰਸਤੇ `ਤੇ ਜਾ ਰਿਹਾ ਸੀ, ਅਚਾਨਕ ਉਸ ਨੂੰ ਦੋ ਬਿਜਲੀ ਵਾਂਗ ਚਮਕਦੀਆਂ ਸ਼ਕਲਾਂ ਦਿਖਾਈ ਦਿੱਤੀਆਂ ਅਤੇ ਉਹਨਾਂ ਨੇ ਹਾਮਦ ਨੂੰ ਸੰਬੋਧਿਤ ਕਰਦਿਆਂ ਆਖਿਆ :

ਨਿੱਤ ਜੀਭ ਤਲਵਾਰ ਚਲਾਂਵਦਾ ਏਂ,

ਸਾਨੂੰ ਦੇਂ ਗਾਲੀ ਇਹ ਕਾਰ ਜਾਣੋ।

ਭਲੇ ਬੁਰੇ ਦਾ ਰੱਬ ਨਿਆਂ ਕਰਦਾ,

            ਕੇਹੀ ਨਾਲ ਸਾਡੇ ਬੱਧੀ ਖ਼ਾਰ ਜਾਣੋ।

     ਹਾਮਦ ਇਹ ਸੁਣ ਕੇ ਹੈਰਾਨ ਪਰੇਸ਼ਾਨ ਹੋਇਆ, ਉਹਨਾਂ `ਤੇ ਸਵਾਲ ਕਰਦਾ ਹੈ, ‘ਮੈਨੂੰ ਪਤਾ ਦਿਓ ਕੌਣ ਤੁਸੀਂ।’ ਦੋਵੇਂ ਹਾਮਦ ਨੂੰ ਜਵਾਬ ਦਿੰਦੇ ਹਨ :

ਇੱਕ ਅਵਾਜ਼ ਹੋਈ ਮੈਂ ਹਾਂ ਸਿਆਲਾਂ ਦੀ ਧੀ,

ਜਿਸ ਨੂੰ ਦਿੱਤੀ ਹੈ ਗਾਲ ਹਜ਼ਾਰ ਬਾਲਾ।

ਦੂਜੇ ਕਿਹਾ ਮੈਂ ਤਖ਼ਤ ਹਜ਼ਾਰਿਓਂ ਹਾਂ,

ਜਿਸ ਨੂੰ ਦੇਂਦਾ ਹੈਂ ਬੋਲ ਆਜ਼ਾਰ ਬਾਲਾ।

ਖ਼ਾਦਮ ਦੋਵੇਂ ਅਸੀਂ ਪੰਜ ਪੀਰ ਦੇ ਹਾਂ,

            ਜਗਤ ਨਾਲ ਨਾਹੀਂ ਸਾਨੂੰ ਕਾਰ ਬਾਲਾ।

     ਇਸ ਘਟਨਾ ਉਪਰੰਤ ਹਾਮਦ ਦੇ ਹੀਰ ਰਾਂਝੇ ਦੇ ਇਸ਼ਕ ਸੰਬੰਧੀ ਵਿਚਾਰ ਬਦਲ ਗਏ। ਹਾਮਦ ਨੇ ਹੁਣ ਇਹਨਾਂ ਦੇ ਇਸ਼ਕ ਨੂੰ ਸੱਚੇ-ਸੁੱਚੇ ਇਸ਼ਕ ਦੇ ਰੂਪ ਵਿੱਚ ਵੇਖਿਆ, ਸਮਝਿਆ, ਪ੍ਰਵਾਨ ਕੀਤਾ ਅਤੇ ਇਹਨਾਂ ਦਾ ਕਿੱਸਾ ਲਿਖ ਆਪਣੇ ਵਿਚਾਰਾਂ ਦੀ ਤਸਦੀਕ ਕੀਤੀ।

     ਹਾਮਦ ਦੀ ਹੀਰ ਦਾ ਬਿਰਤਾਂਤ ਦਮੋਦਰ ਅਤੇ ਅਹਿਮਦ ਦੀ ਹੀਰ ਦੇ ਨਾਲ ਕਾਫ਼ੀ ਸਮਾਨਤਾ ਰੱਖਦਾ ਹੈ। ਹਾਮਦ ਦੇ ਕਿੱਸੇ ਵਿੱਚ ਕਹਾਣੀ ਵਿੱਚ ਚੌਖਾ ਵਿਸਤਾਰ ਹੈ। ਹਾਮਦ ਅਨੁਸਾਰ ਸਹਿਤੀ ਅਲੀ ਖਾਂ ਦੀ ਵਿਧਵਾ ਧੀ ਸੀ। ਜਦੋਂ ਰਾਂਝਾ ਹੀਰ ਦੇ ਸਹੁਰੇ ਪਿੰਡ ਪਹੁੰਚਦਾ ਹੈ ਤਾਂ ਰਾਮੂ ਬ੍ਰਾਹਮਣ ਸਹਿਤੀ ਅਤੇ ਰਾਂਝੇ ਦੀ ਸੁਲਾਹ ਕਰਵਾਉਂਦਾ ਹੈ। ਰਾਂਝਾ ਸਹਿਤੀ ਦੀ ਸਹਾਇਤਾ ਨਾਲ ਹੀਰ ਨੂੰ ਝੰਗ ਸਿਆਲ ਲੈ ਆਉਂਦਾ ਹੈ ਅਤੇ ਅਖ਼ੀਰ ਦੋਵੇਂ ਉੱਥੇ ਮਰ ਜਾਂਦੇ ਹਨ। ਵਾਰਿਸ ਸ਼ਾਹ ਵਾਂਗ ਹਾਮਦ ਦਾ ਕਿੱਸਾ ਵੀ ਦੁਖਾਂਤਿਕ ਹੀ ਹੈ। ਹਾਮਦ ਨੇ ਕਿੱਸੇ ਵਿੱਚ ਕੁਝ ਨਵੇਂ ਪਾਤਰ ਵੀ ਲਿਆਂਦੇ ਹਨ ਅਤੇ ਕੁਝ ਦੇ ਨਾਵਾਂ ਵਿੱਚ ਹੋਰ ਕਿੱਸਿਆਂ ਨਾਲੋਂ ਅੰਤਰ ਹੈ ਜਿਵੇਂ ਅਦਲੀ ਰਾਜੇ ਦੀ ਥਾਂ ਇਸ ਨੇ ਆਲੀ ਖ਼ਾਨ ਪਠਾਨ ਸਾਮ੍ਹਣੇ ਹੀਰ-ਰਾਂਝੇ ਨੂੰ ਪੇਸ਼ ਕੀਤਾ ਹੈ।

     ਦਮੋਦਰ ਅਤੇ ਵਾਰਿਸ ਸ਼ਾਹ ਵਾਂਗ ਹਾਮਦ ਨੇ ਵੀ ਪਰਾਸਰੀਰਕ ਜਾਂ ਗ਼ੈਬੀ ਸ਼ਕਤੀਆਂ ਦੀਆਂ ਕਰਾਮਾਤਾਂ ਦਾ ਵਰਣਨ ਕੀਤਾ ਹੈ ਅਤੇ ਉਹ ਹੀਰ ਰਾਂਝੇ ਦੇ ਇਸ਼ਕ ਨੂੰ ਪਾਕ ਮੁਹੱਬਤ ਮੰਨਦਾ ਹੈ। ਹਾਮਦ ਨੇ ਕਿੱਸਾਕਾਰੀ ਵਿੱਚ ਇੱਕ ਨਵੀਂ ਪਿਰਤ ਪਾਈ। ਉਸ ਨੇ ਹੋਰ ਕਿੱਸਾਕਾਰਾਂ ਵਾਂਗ ਕਿੱਸੇ ਦੀਆਂ ਵੱਖ-ਵੱਖ ਘਟਨਾਵਾਂ ਦੇ ਸਿਰਲੇਖ ਫ਼ਾਰਸੀ ਜਾਂ ਪੰਜਾਬੀ ਵਾਰਤਕ ਵਿੱਚ ਦੇਣ ਦੀ ਬਜਾਏ ਪੰਜਾਬੀ ਵਿੱਚ ਇੱਕ ਕਾਵਿ-ਟੋਟਾ ਹੀ ਸਿਰਲੇਖ ਵਜੋਂ ਦੇ ਦਿੱਤਾ ਹੈ ਜਿਸ ਵਿੱਚ ਅੱਗੇ ਆਉਣ ਵਾਲੇ ਬਿਰਤਾਂਤ ਦਾ ਸਾਰੰਸ਼ ਪੇਸ਼ ਕੀਤਾ ਗਿਆ ਹੈ।

     ਭਾਵੇਂ ਹੀਰ-ਕਾਵਿ ਵਿੱਚ ਜਿਸ ਬੁਲੰਦੀ `ਤੇ ਵਾਰਿਸ ਪਹੁੰਚਿਆ ਹੈ, ਕੋਈ ਨਹੀਂ ਪਹੁੰਚ ਸਕਿਆ, ਪਰ ਛੰਦਾ-ਬੰਦੀ ਪੱਖੋਂ ਹਾਮਦ ਨੂੰ ਵੀ ਨਿਪੁੰਨ ਕਿਹਾ ਜਾ ਸਕਦਾ ਹੈ। ਤੋਲ-ਤੁਕਾਂਤ ਵਿੱਚ ਬਹੁਤ ਘੱਟ ਊਣਤਾਈਆਂ ਕੀਤੀਆਂ ਹਨ। ਕਿੱਸੇ ਦਾ ਛੰਦ ਵਧੇਰੇ ਚੌਤੁਕੀਆ ਬੈਂਤ ਵਰਤਿਆ ਹੈ। ਸਿਰਲੇਖ ਵਜੋਂ ਦਿੱਤੀਆਂ ਕਾਵਿ-ਪੰਕਤੀਆਂ ਦਾ ਛੰਦ ਦੋਹਰਾ ਜਾਂ ਚੌਪਈ ਹੈ। ਹਾਮਦ ਦੇ ਕਿੱਸੇ ਦੀ ਭਾਸ਼ਾ ਸਰਲ, ਸੁਭਾਵਿਕ ਆਮ ਬੋਲ-ਚਾਲ ਵਾਲੀ ਠੇਠ ਪੰਜਾਬੀ ਹੈ। ਕਿਧਰੇ-ਕਿਧਰੇ ਉਸ ਦੀ ਭਾਸ਼ਾ ਹਿੰਦੀ-ਨੁਮਾ ਵੀ ਹੋ ਜਾਂਦੀ ਹੈ।

ਮੱਧ-ਕਾਲ ਦੇ ਉਸਤਾਦ ਕਿੱਸਾਕਾਰਾਂ ਵਿੱਚੋਂ ਹਾਮਦ ਅੰਤਲਾ ਕਵੀ ਹੈ ਜਿਸਨੇ ਅਠਾਰ੍ਹਵੀਂ ਸਦੀ ਵਿੱਚ ਹੀਰ-ਰਾਂਝੇ ਦਾ ਕਿੱਸਾ ਲਿਖਿਆ। ਹਾਮਦ ਪਿੱਛੋਂ ਸ਼ਾਇਦ ਇਸ ਕਿੱਸੇ ਨੂੰ ਕੋਈ ਉਸਤਾਦ ਕਵੀ ਨਹੀਂ ਮਿਲਿਆ।


ਲੇਖਕ : ਰਘਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.