ਖ਼ੈਰਾਬਾਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ੈਰਾਬਾਦ: ਅੰਮ੍ਰਿਤਸਰ (31°-38` ਉ, 74°-53` ਪੂ) ਦੇ 5 ਕਿਲੋਮੀਟਰ ਉੱਤਰ-ਪੱਛਮ ਵੱਲ ਸਥਿਤ ਇਕ ਪਿੰਡ ਹੈ। ਇਹ ਪਿੰਡ ਗੁਰੂ ਹਰਿਗੋਬਿੰਦ ਜੀ (1595-1644) ਨਾਲ ਸੰਬੰਧਿਤ ਹੈ ਜੋ ਸ਼ਿਕਾਰ ਕਰਦੇ ਹੋਏ ਇੱਥੇ ਅਕਸਰ ਆਉਂਦੇ ਅਤੇ ਆ ਕੇ ਇਕ ਪਲਾਹ ਦੇ ਦਰਖ਼ਤ ਹੇਠ ਅਰਾਮ ਕਰਦੇ ਸਨ। ਇਸ ਕਰਕੇ ਇਸ ਯਾਦਗਾਰ ਪਵਿੱਤਰ ਅਸਥਾਨ ਦਾ ਨਾਂ ‘ਗੁਰਦੁਆਰਾ ਗੁਰਪਲਾਹ ਪਾਤਸ਼ਾਹੀ ਛੇਵੀਂ’ ਜਾਂ ਸੰਖੇਪ ਵਿਚ ‘ਗੁਰਦੁਆਰਾ ਪਲਾਹ ਸਾਹਿਬ’ ਹੈ। ਅਜੋਕੀਆਂ ਇਮਾਰਤਾਂ ਦੀ ਉਸਾਰੀ 1980 ਵਿਚ ਕੀਤੀ ਗਈ। ਇਸ ਵਿਚ ਸੰਗਮਰਮਰ ਦੇ ਫ਼ਰਸ਼ ਵਾਲਾ ਦੀਵਾਨ ਹਾਲ ਹੈ ਜਿਸ ਦੇ ਵਿਚਕਾਰ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਅਤੇ ਹਾਲ ਦੇ ਆਲੇ-ਦੁਆਲੇ ਵਰਾਂਡਾ ਹੈ। ਹਾਲ ਦੇ ਉੱਤਰ ਵੱਲ ਇਕ ਛੋਟਾ ਜਿਹਾ ਸਰੋਵਰ ਅਤੇ ਹਾਲ ਦੇ ਪੱਛਮ ਵੱਲ ਰਿਹਾਇਸ਼ੀ ਕਮਰੇ ਬਣੇ ਹੋਏ ਹਨ। ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਿਕ ਕਮੇਟੀ ਰਾਹੀਂ ਕੀਤਾ ਜਾਂਦਾ ਹੈ। ਰੋਜ਼ਾਨਾ ਸੇਵਾ ਅਤੇ ਪ੍ਰਮੁਖ ਸਿੱਖ ਪੁਰਬਾਂ ਦੇ ਸਮੇਂ ਦੀਵਾਨਾਂ ਤੋਂ ਇਲਾਵਾ ਇੱਥੇ ਹਰ ਸਾਲ 6 ਅੱਸੂ ਜੋ ਕਿ ਆਮ ਤੌਰ ‘ਤੇ 21 ਸਤੰਬਰ ਨੂੰ ਆਉਂਦਾ ਹੈ, ਨੂੰ ਮੇਲਾ ਲੱਗਦਾ ਹੈ ਅਤੇ ਭਾਰੀ ਗਿਣਤੀ ਵਿਚ ਸ਼ਰਧਾਲੂ ਇੱਥੇ ਆਉਂਦੇ ਹਨ।


ਲੇਖਕ : ਗ.ਨ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.