ਜ਼ਰਤੁਸਤ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਜ਼ਰਤੁਸਤ : ਜ਼ੋਰਾਸ਼ਟਰੀ ਧਰਮ ਦੁਨੀਆ ਦੇ ਮਹੱਤਵਪੂਰਨ ਅਤੇ ਪੁਰਾਣੇ ਧਰਮਾਂ ਵਿੱਚੋਂ ਇੱਕ ਹੈ। ਇਸ ਦੇ ਮੰਨਣ ਵਾਲੇ ਜ਼ਿਆਦਾਤਰ ਈਰਾਨ ਅਤੇ ਭਾਰਤ ਵਿੱਚ ਮਿਲਦੇ ਹਨ। ਇਹਨਾਂ ਦੀ ਗਿਣਤੀ ਘੱਟ ਰਹੀਆਂ ਧਾਰਮਿਕ ਕੌਮਾਂ ਵਿੱਚ ਆਉਂਦੀ ਹੈ। ਭਾਰਤ ਦੇ ਦੱਖਣ ਪੱਛਮੀ ਹਿੱਸਿਆਂ ਵਿੱਚ ਇਹਨਾਂ ਦੀ ਗਿਣਤੀ ਜ਼ਿਆਦਾ ਹੈ। ਜ਼ੋਰਾਸਟਰੀ ਧਰਮ ਦੇ ਮੁੱਢ ਅਤੇ ਇਸ ਦੇ ਪੈਗ਼ੰਬਰ ਦੇ ਜੀਵਨ ਕਾਲ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲਦੀ। ਕਿਉਂਕਿ ਇਸ ਦੇ ਮੁਢਲੇ ਪਵਿੱਤਰ ਸਾਹਿਤ ਦਾ ਵੱਡਾ ਹਿੱਸਾ ਗੁੰਮ ਹੋ ਚੁੱਕਾ ਹੈ ਪਰ ਫਿਰ ਵੀ ਗਾਥਾਵਾਂ ਜੋ ਕਿ ਪਵਿੱਤਰ ਸਾਹਿਤ ਦਾ ਹਿੱਸਾ ਹਨ ਉਸ ਤੋਂ ਜ਼ਰਤੁਸਤ ਦੇ ਜੀਵਨ ਬਾਰੇ ਅਤੇ ਖ਼ਾਸ ਕਰਕੇ ਉਸ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਕੁਝ ਜਾਣਕਾਰੀ ਮਿਲਦੀ ਹੈ।

ਵਿਦਵਾਨਾਂ ਵਿੱਚ ਜ਼ਰਤੁਸਤ ਦੇ ਜਨਮ ਬਾਰੇ ਕਾਫ਼ੀ ਮੱਤ-ਭੇਦ ਹਨ। ਇੱਕ ਅੰਦਾਜ਼ੇ ਅਨੁਸਾਰ ਉਸ ਦਾ ਜਨਮ ਈਸਾ ਤੋਂ ਪੰਦਰਾਂ ਸੌ ਸਾਲ ਪਹਿਲਾਂ ਹੋਇਆ। ਦੂਜੇ ਅਨੁਸਾਰ ਉਸ ਦਾ ਜਨਮ ਤਕਰੀਬਨ ਤਿੰਨ ਹਜ਼ਾਰ ਸਾਲ ਪਹਿਲਾਂ ਹੋਇਆ ਮੰਨਿਆ ਗਿਆ ਹੈ। ਇੱਕ ਹੋਰ ਅੰਦਾਜ਼ੇ ਅਨੁਸਾਰ ਇਹ ਸਮਾਂ ਛੇ ਹਜ਼ਾਰ ਸਾਲ ਪਹਿਲਾਂ ਦਾ ਬਣਦਾ ਹੈ ਪਰ ਜ਼ੋਰਾਸਟਰੀ ਪਰੰਪਰਾ ਦੇ ਵਿਦਵਾਨ ਇਸ ਕਾਲ ਨੂੰ ਇੱਕ ਹਜ਼ਾਰ ਈਸਾ ਪੂਰਵ ਤੋਂ ਸ਼ੁਰੂ ਕਰਕੇ ਛੇ ਸੌ ਪੰਜਾਹ ਈਸਾ ਪੂਰਵ ਦਾ ਸਮਾਂ ਮੰਨਦੇ ਹਨ। ਜੇ ਇਹ ਤੱਥ ਸਹੀ ਹੈ ਤਾਂ ਜ਼ਰਤੁਸਤ ਸੰਸਾਰ ਦੇ ਬਹੁਤ ਸਾਰੇ ਧਾਰਮਿਕ ਮਹਾਨ ਪੁਰਸ਼ਾਂ ਜਿਵੇਂ ਮਹਾਤਮਾ ਬੁੱਧ, ਕਨਫਿਊਸ਼ਿਅਸ, ਲਾਉ-ਤਜੂ ਅਤੇ ਇਸਰਾਇਲ ਦੇ ਪੈਗ਼ੰਬਰਾਂ ਦਾ ਸਮਕਾਲੀ ਸੀ।

ਇਹ ਮੰਨਿਆ ਜਾਂਦਾ ਹੈ ਕਿ ਜ਼ਰਤੁਸਤ ਦਾ ਜਨਮ ਈਰਾਨ ਵਿੱਚ ਦਾਰਜੀ ਦਰਿਆ ਦੇ ਕੰਢੇ ਵੱਸੇ ਸ਼ਹਿਰ ਰਾਇ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਪੌਰੂਸ਼ਮਪਾ ਸੀ ਜਿਸਦਾ ਸੰਬੰਧ ਸ਼ਾਹੀ ਪਰਵਾਰ ਨਾਲ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਜ਼ਰਤੁਸਤ ਦੇ ਜਨਮ ਤੋਂ ਬਹੁਤ ਪਹਿਲਾਂ ਭਵਿਖ-ਬਾਣੀ ਹੋ ਗਈ ਸੀ ਕਿ ਇੱਕ ਮਹਾਨ ਪੁਰਸ਼ ਪੈਦਾ ਹੋਏਗਾ ਜੋ ਨਵੇਂ ਧਰਮ ਦਾ ਬਾਨੀ ਹੋਵੇਗਾ। ਭਵਿਖ-ਬਾਣੀ ਹੋਈ ਕਿ ਉਹ ਉਸ ਸਮੇਂ ਚੱਲ ਰਹੀ ਬਹੁ-ਦੇਵ ਪੂਜਾ ਨੂੰ ਖ਼ਤਮ ਕਰਕੇ ਇੱਕ ਰੱਬ ਦੀ ਪੂਜਾ ਕਰਾਏਗਾ ਅਤੇ ਉਸ ਸਮੇਂ ਵਿੱਚ ਪ੍ਰਚਲਿਤ ਅਨੈਤਿਕ ਰੀਤੀਆਂ ਨੂੰ ਖ਼ਤਮ ਕਰੇਗਾ। ਜਿਸ ਕਰਕੇ ਉਸ ਨੂੰ ਬਹੁਤ ਪਾਸਿਆਂ ਤੋਂ ਵਿਰੋਧਤਾ ਦਾ ਸਾਮ੍ਹਣਾ ਵੀ ਕਰਨਾ ਪਵੇਗਾ।

ਕਿਹਾ ਜਾਂਦਾ ਹੈ ਕਿ ਜ਼ਰਤੁਸਤ ਬਚਪਨ ਤੋਂ ਹੀ ਅਧਿਆਤਮਿਕ ਰੁਚੀਆਂ ਵਾਲਾ ਸੀ। ਮੁਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਜ਼ਰਤੁਸਤ ਨੂੰ ਪੰਦਰਾਂ ਸਾਲ ਦੀ ਉਮਰ ਵਿੱਚ ਉਸ ਦੇ ਪੁਰਖਿਆਂ ਦੇ ਧਰਮ ਵਿੱਚ ਦਾਖ਼ਲ ਕੀਤਾ ਗਿਆ। ਉਹ ਆਪਣੇ ਮਾਤਾ-ਪਿਤਾ ਦੀ ਆਗਿਆ ਪਾਲਣ ਕਰਨ ਵਾਲਾ, ਦਇਆਵਾਨ ਅਤੇ ਇੱਕ ਹੋਣਹਾਰ ਬੇਟਾ ਸੀ। ਵੀਹ ਸਾਲ ਦੀ ਉਮਰ ਵਿੱਚ ਜ਼ਰਤੁਸਤ ਨੇ ਆਪਣੇ ਅੰਦਰ ਐਸੀ ਅਧਿਆਤਮਿਕ ਖਿੱਚ ਮਹਿਸੂਸ ਕੀਤੀ ਕਿ ਉਹ ਆਪਣੇ ਪਰਵਾਰ ਨੂੰ ਤਿਆਗ ਕੇ ਸੰਸਾਰ ਵਿੱਚ ਭ੍ਰਮਣ ਕਰਨ ਲਈ ਨਿਕਲ ਤੁਰਿਆ ਤਾਂ ਕਿ ਉਸ ਨੂੰ ਉਸ ਦੇ ਸਵਾਲਾਂ ਦੇ ਉੱਤਰ ਮਿਲ ਸਕਣ। ਇੱਕ ਸ੍ਰੋਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਸ ਸਮੇਂ ਦੌਰਾਨ ਉਸ ਨੇ ਇੱਕ ਗੁਫ਼ਾ ਵਿੱਚ ਸੱਤ ਸਾਲ ਦਾ ਮੌਨ ਵੀ ਧਾਰਨ ਕੀਤਾ।

ਸੰਸਾਰ ਭ੍ਰਮਣ ਸਮੇਂ ਉਹ ਬਹੁਤ ਸਾਰੇ ਧਾਰਮਿਕ ਵਿਦਵਾਨਾਂ ਅਤੇ ਮਹਾਂਪੁਰਸ਼ਾਂ ਨੂੰ ਵੀ ਮਿਲਦਾ ਰਿਹਾ। ਜ਼ਰਤੁਸਤ ਇੱਕ ਵਾਰੀ ਇੱਕ ਐਸੇ ਧਾਰਮਿਕ ਇਕੱਠ ਨੂੰ ਮਿਲਿਆ ਜਿੱਥੇ ਲੋਕ ਧਾਰਮਿਕ ਮਾਮਲਿਆਂ ਦੀ ਵਿਚਾਰ ਕਰ ਰਹੇ ਸਨ। ਜ਼ਰਤੁਸਤ ਦੇ ਪੁੱਛਣ ਤੇ ਕਿ ਕਿਹੜੇ ਕੰਮ ਅਧਿਆਤਮਿਕ ਉਨਤੀ ਲਈ ਸਹਾਈ ਹੁੰਦੇ ਹਨ ਤਾਂ ਉਸ ਨੂੰ ਦੱਸਿਆ ਗਿਆ ਕਿ ਗ਼ਰੀਬ ਨੂੰ ਭੋਜਨ ਦੇਣਾ ਅਤੇ ਉਸ ਦੀ ਦੇਖ-ਭਾਲ ਕਰਨੀ, ਪਸੂਆਂ ਨੂੰ ਚਾਰਾ ਦੇਣਾ, ਪਵਿੱਤਰ ਅਗਨੀ ਲਈ ਲਕੜੀ ਲਿਆਉਣਾ, ਪਾਣੀ ਵਿੱਚ ਸੋਮ ਰਸ ਪਾਉਣਾ ਅਤੇ ਵੱਖ-ਵੱਖ ਦੇਵਤਿਆਂ ਦੀ ਪੂਜਾ ਕਰਨਾ ਸ਼ੁੱਭ ਕਰਮ ਹਨ ਪਰ ਜ਼ਰਤੁਸਤ ਨੇ ਦੇਵਤਿਆਂ ਦੀ ਪੂਜਾ ਨੂੰ ਛੱਡ ਕੇ ਬਾਕੀ ਸਾਰੇ ਉਪਰੋਕਤ ਦੱਸੇ ਹੋਏ ਕਰਮ ਕੀਤੇ। ਇਸ ਤੋਂ ਇਹ ਪਤਾ ਚੱਲਦਾ ਹੈ ਕਿ ਜਿਨ੍ਹਾਂ ਕੰਮਾਂ ਨੂੰ ਬਾਕੀ ਸਾਰੇ ਲੋਕ ਧਾਰਮਿਕ ਮੰਨ ਰਹੇ ਸਨ ਉਹਨਾਂ ਸਾਰੇ ਕੰਮਾਂ ਨੂੰ ਜ਼ਰਤੁਸਤ ਨੇ ਅੱਖਾਂ ਬੰਦ ਕਰਕੇ ਨਹੀਂ ਅਪਣਾਇਆ। ਦੂਸਰੇ, ਉਸ ਨੇ ਸਮਾਜ ਭਲਾਈ ਨੂੰ ਵੀ ਪ੍ਰਭੂ-ਪੂਜਾ ਦੇ ਬਰਾਬਰ ਮੰਨਿਆ।

ਜ਼ਰਤੁਸਤ ਜਦੋਂ ਤੀਹ ਸਾਲ ਦਾ ਹੋਇਆ ਤਾਂ ਉਸ ਨੂੰ ਪਹਿਲੀ ਵਾਰੀ ਰੱਬੀ ਇਲਹਾਮ ਹਾਸਲ ਹੋਇਆ। ਇਸ ਇਲਹਾਮ ਕਰਕੇ ਉਹ ਅਹੁਰ-ਮਜ਼ਦਾ ਦਾ ਪੈਗ਼ੰਬਰ ਬਣਿਆ। ਕਿਹਾ ਜਾਂਦਾ ਹੈ ਕਿ ਇੱਕ ਸ਼ਕਲ ਜੋ ਮਨੁੱਖੀ ਆਕਾਰ ਤੋਂ ਨੌ ਗੁਣਾਂ ਵੱਡੀ ਸੀ ਉਸਦੇ ਸਾਮ੍ਹਣੇ ਪ੍ਰਗਟ ਹੋਈ। ਇਹ ਆਕਾਰ ਬਹਿਮਨ ਜਾਂ ਵੋਹੁਮਨਾਂ ਸੀ ਜਿਸ ਨੂੰ ਸ਼ੁੱਭ ਕਰਮਾਂ ਦਾ ਫ਼ਰਿਸ਼ਤਾ ਮੰਨਿਆ ਜਾਂਦਾ ਹੈ। ਕੁਝ ਪ੍ਰਸ਼ਨਾਂ ਤੋਂ ਬਾਅਦ ਜ਼ਰਤੁਸਤ ਨੂੰ ਕਿਹਾ ਗਿਆ ਕਿ ਉਹ ਆਪਣਾ ਸਰੀਰ ਹੇਠਾਂ ਛੱਡ ਦੇਵੇ। ਉਸ ਦੀ ਸ਼ੁੱਧ ਆਤਮਾ ਖ਼ੁਦਾ ਦੀ ਹਾਜ਼ਰੀ ਵਿੱਚ ਲਿਆਂਦੀ ਗਈ ਜਿਸ ਨੂੰ ਸਭ ਤੋਂ ਉੱਚਾ ਅਤੇ ਸਭ ਤੋਂ ਸਿਆਣਾ ਰੱਬ ਮੰਨਿਆ ਜਾਂਦਾ ਹੈ। ਅਹੁਰ-ਮਜ਼ਦਾ ਦਾ ਦਰਬਾਰ ਦੇਵਤਿਆਂ ਨਾਲ ਘਿਰਿਆ ਹੋਇਆ ਸੀ। ਫਿਰ ਜ਼ਰਤੁਸਤ ਨੂੰ ਉਹ ਧਾਰਮਿਕ ਵਿਸ਼ਵਾਸ ਦਿੱਤੇ ਗਏ ਜੋ ਉਸ ਦੇ ਧਰਮ ਪ੍ਰਚਾਰ ਦਾ ਆਧਾਰ ਬਣੇ। ਉਸ ਨੂੰ ਦਿੱਤੇ ਗਏ ਧਾਰਮਿਕ ਵਿਸ਼ਵਾਸ ਸੰਖੇਪ ਵਿੱਚ ਇਹ ਸਨ ਕਿ ਇੱਕ ਰੱਬ ਅਹੁਰ-ਮਜ਼ਦਾ ਦੀ ਪੂਜਾ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ। ਸ਼ੁੱਭ ਕੰਮਾਂ ਨੂੰ ਆਪਣੇ ਧਾਰਮਿਕ ਜੀਵਨ ਦਾ ਆਧਾਰ ਬਣਾ ਕੇ ਮੌਤ ਤੋਂ ਬਾਅਦ ਵਾਲੀ ਜ਼ਿੰਦਗੀ ਲਈ ਸੁੱਖ ਦੀ ਕਾਮਨਾ ਕਰਨੀ। ਅਗਲੇ ਦਸ ਸਾਲ ਤੋਂ ਵੀ ਉੱਪਰ ਸਮਾਂ ਉਸ ਨੂੰ ਇਸ ਤਰ੍ਹਾਂ ਦੇ ਰੱਬੀ ਇਲਹਾਮ ਦੀ ਪ੍ਰਾਪਤੀ ਹੁੰਦੀ ਰਹੀ। ਇਹ ਜਾਂ ਤਾਂ ਅਹੁਰ-ਮਜ਼ਦਾ ਆਪ ਉਸ ਨੂੰ ਦਿੰਦਾ ਜਾਂ ਉਸ ਦੇ ਦਰਬਾਰ ਦੇ ਫ਼ਰਿਸ਼ਤੇ ਦਿੰਦੇ। ਜ਼ਰਤੁਸਤ ਨੂੰ ਇਸ ਤਰ੍ਹਾਂ ਦਾ ਇਲਹਾਮ ਸੱਤ ਵਾਰੀਆਂ ਵਿੱਚ ਦਿੱਤਾ ਗਿਆ। ਘੱਟੋ-ਘੱਟ ਤਿੰਨ ਗਾਥਾਵਾਂ ਵਿੱਚ ਇਸ ਬਾਰੇ ਜ਼ਿਕਰ ਮਿਲਦਾ ਹੈ।

ਜ਼ਰਤੁਸਤ ਨੇ ਅਹੁਰ-ਮਜ਼ਦਾ ਦੇ ਸੰਦੇਸ਼ ਨੂੰ ਲੋਕਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਸ ਦੇ ਵਿਚਾਰਾਂ ਦੀ ਕਾਫ਼ੀ ਵਿਰੋਧਤਾ ਵੀ ਹੋਈ। ਇਸ ਕਰਕੇ ਉਸ ਨੂੰ ਹੁਕਮਰਾਨਾਂ ਨੇ ਕਈ ਵਾਰ ਜੇਲ ਵਿੱਚ ਵੀ ਪਾਇਆ। ਕਿਉਂਕਿ ਇੱਕ ਤਾਂ ਉਹ ਆਪਣੇ ਪੁਰਾਣੇ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਪ੍ਰਤਿ ਬਹੁਤ ਵਫ਼ਾਦਾਰ ਸਨ ਦੂਜੇ ਉਹ ਜ਼ਰਤੁਸਤ ਦੇ ਕਹਿਣ ਤੇ ਨਵਾਂ ਧਰਮ ਅਪਣਾਉਣ ਤੋਂ ਡਰਦੇ ਸਨ ਪਰ ਜ਼ਰਤੁਸਤ ਨੇ ਸਭ ਤੋਂ ਵੱਡੇ ਮਾਲਕ ਅਹੁਰ-ਮਜ਼ਦਾ ਵੱਲੋਂ ਦਿੱਤੇ ਗਏ ਧਾਰਮਿਕ ਵਿਸ਼ਵਾਸਾਂ ਦਾ ਪ੍ਰਚਾਰ ਕਰਨ ਲਈ ਜੀਅ-ਤੋੜ ਕੋਸ਼ਿਸ਼ ਕੀਤੀ। ਤਕਰੀਬਨ ਦਸ ਸਾਲ ਪ੍ਰਚਾਰ ਕਰਨ ਤੋਂ ਬਾਅਦ ਜ਼ਰਤੁਸਤ ਕੇਵਲ ਇੱਕ ਇਨਸਾਨ ਨੂੰ ਧਰਮ ਬਦਲੀ ਲਈ ਪ੍ਰੇਰ ਸਕਿਆ ਤੇ ਉਹ ਉਸ ਦਾ ਆਪਣਾ ਰਿਸ਼ਤੇਦਾਰ ਹੀ ਸੀ। ਇਸ ਸਮੇਂ ਦੌਰਾਨ ਉਸ ਨੂੰ ਬਹੁਤ ਸਾਰੀਆਂ ਵਿਰੋਧਤਾਵਾਂ ਦਾ ਸਾਮ੍ਹਣਾ ਵੀ ਕਰਨਾ ਪਿਆ ਅਤੇ ਉਹਨਾਂ ਲੋਕਾਂ ਦੀ ਨਰਾਜ਼ਗੀ ਵੀ ਸਹਿਣੀ ਪਈ ਜਿਨ੍ਹਾਂ ਪਾਸ ਉਹ ਅਹੁਰ-ਮਜ਼ਦਾ ਦਾ ਪ੍ਰਸਤਾਵ ਲੈ ਕੇ ਗਿਆ। ਹੋਰ ਤਾਂ ਹੋਰ ਐਗਰਾ-ਮੈਨਿਊ ਵਰਗੀਆਂ ਕਈ ਬੁਰੀਆਂ ਆਤਮਾਵਾਂ ਵੀ ਉਸ ਨੂੰ ਉਸ ਦੇ ਰਾਹ ਤੋਂ ਭਟਕਾਉਣ ਲਈ ਉਸ ਕੋਲ ਆਇਆ ਕਰਦੀਆਂ ਸਨ। ਇਸ ਤੋਂ ਬਿਨਾਂ ਇਰਾਨ ਦਾ ਰਾਜਾ ਆਪਣੇ ਦਰਬਾਰ ਵਿੱਚ ਮਤਲਬੀ ਅਤੇ ਜਾਦੂ-ਟੂਣਿਆਂ ਵਾਲੇ ਪੁਜਾਰੀਆਂ ਨਾਲ ਘਿਰਿਆ ਹੋਇਆ ਸੀ। ਇਸ ਕਰਕੇ ਉਹ ਜ਼ਰਤੁਸਤ ਦੇ ਇਲਾਹੀ ਧਰਮ ਦਾ ਰਾਜੇ ਤੇ ਅਸਰ ਹੀ ਨਹੀਂ ਹੋਣ ਦਿੰਦੇ ਸਨ।

ਪਰ ਜਿਸ ਤਰ੍ਹਾਂ ਦੁਨੀਆ ਦੇ ਮਹਾਨ ਪੁਰਸ਼ ਆਮ ਤੌਰ ’ਤੇ ਇਸ ਤਰ੍ਹਾਂ ਦੀਆਂ ਸ਼ਕਤੀਆਂ ਤੇ ਅਖੀਰ ਵਿੱਚ ਕਾਬੂ ਪਾ ਹੀ ਲੈਂਦੇ ਹਨ ਉਸੇ ਤਰ੍ਹਾਂ ਜ਼ਰਤੁਸਤ ਨੇ ਵੀ ਅੰਤ ਵਿੱਚ ਇਹਨਾਂ ਬੁਰੀਆਂ ਆਤਮਾਵਾਂ ਤੇ ਜਿੱਤ ਪ੍ਰਾਪਤ ਕਰ ਹੀ ਲਈ। ਤਕਰੀਬਨ ਚਾਲੀ ਸਾਲ ਦੀ ਉਮਰ ਵਿੱਚ ਜ਼ਰਤੁਸਤ ਦੋ ਸਾਲ ਦੀ ਸਖ਼ਤ ਮਿਹਨਤ ਅਤੇ ਕਾਫ਼ੀ ਕੋਸ਼ਿਸ਼ਾਂ ਬਾਅਦ ਪੂਰਬੀ ਇਰਾਨ ਦੇ ਰਾਜੇ ਵਿਸ਼ਵਸਪਾ ਨੂੰ ਧਰਮ ਬਦਲੀ ਲਈ ਪ੍ਰੇਰਨ ਵਿੱਚ ਸਫਲ ਹੋ ਗਿਆ। ਇਹ ਇਸ ਕਰਕੇ ਵੀ ਹੋ ਸਕਿਆ ਕਿ ਜ਼ਰਤੁਸਤ ਨੇ ਰਾਜੇ ਦੇ ਬਹੁਤ ਚਹੇਤੇ ਕਾਲੇ ਘੋੜੇ ਨੂੰ ਕਰਾਮਾਤ ਨਾਲ ਕਿਸੇ ਬਿਮਾਰੀ ਤੋਂ ਠੀਕ ਕੀਤਾ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਰਾਜੇ ਦੇ ਸਾਰੇ ਦਰਬਾਰੀ ਅਤੇ ਉਸ ਦੇ ਪਰਵਾਰ ਦੇ ਸਾਰੇ ਮੈਂਬਰਾਂ ਨੇ ਜ਼ਰਤੁਸਤ ਦੇ ਧਰਮ ਨੂੰ ਅਪਣਾ ਲਿਆ। ਇਸ ਦੇ ਫਲਸਰੂਪ ਜ਼ਰਤੁਸਤ ਦਾ ਧਰਮ ਦੂਰ-ਦੂਰ ਤੱਕ ਬੜੀ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ। ਇਸ ਤੋਂ ਅਗਲੇ ਤਕਰੀਬਨ ਵੀਹ ਸਾਲ ਲਗਾਤਾਰ ਜ਼ਰਤੁਸਤ ਇਰਾਨ ਵਿੱਚ ਜ਼ੋਰਾਸਟਰੀ ਧਰਮ ਦੇ ਪ੍ਰਚਾਰ ਲਈ ਸਖ਼ਤ ਮਿਹਨਤ ਕਰਦਾ ਰਿਹਾ। ਜ਼ੋਰਾਸਟਰੀ ਪਰੰਪਰਾ ਵਿੱਚ ਕਿਹਾ ਗਿਆ ਹੈ ਕਿ ਦੁਸ਼ਟ ਤੁਰਾਨੀਆਂ ਦੇ ਵਿਰੁੱਧ ਪੈਗ਼ੰਬਰ ਨੇ ਧਰਮ-ਯੁੱਧ ਵਿੱਚ ਹਿੱਸਾ ਵੀ ਪਾਇਆ। ਉਹ ਦੂਜੇ ਧਰਮ-ਯੁੱਧ ਦੌਰਾਨ ਸਤੱਤਰ ਸਾਲ ਦੀ ਉਮਰ ਵਿੱਚ ਪਵਿੱਤਰ ਅਗਨੀ ਦੇ ਸਾਮ੍ਹਣੇ ਇੱਕ ਫ਼ੌਜੀ ਹੱਥੋਂ ਸ਼ਹੀਦ ਹੋ ਗਿਆ।

ਜ਼ਰਤੁਸਤ ਨੂੰ ਰੱਬੀ ਇਲਹਾਮ ਅਤੇ ਉਸ ਤੇ ਆਧਾਰਿਤ ਜੋ ਜ਼ਰਤੁਸਤ ਨੇ ਵਿਆਖਿਆਵਾਂ ਕੀਤੀਆਂ ਅਤੇ ਆਪਣੀਆਂ ਸਿੱਖਿਆਵਾਂ ਦਾ ਆਧਾਰ ਬਣਾਇਆ ਉਸ ਨੂੰ ਇਕੱਤਰ ਕਰਕੇ ਜ਼ੋਰੋਆਸਟਰੀ  ਧਰਮ ਗ੍ਰੰਥ ਬਣਾਇਆ ਗਿਆ। ਇਸ ਨੂੰ ਜੈ-ਅਵੇਸਤਾ ਦਾ ਨਾਮ ਦਿੱਤਾ ਗਿਆ।

ਇੱਕ ਰੱਬ ਦੀ ਹੋਂਦ ਅਤੇ ਉਪਾਸਨਾ ਵਿੱਚ ਵਿਸ਼ਵਾਸ, ਫ਼ਰਿਸ਼ਤਿਆਂ ਦੀ ਹੋਂਦ ਅਤੇ ਸਤਿਕਾਰ ਵਿੱਚ ਵਿਸ਼ਵਾਸ, ਨੈਤਿਕ ਜੀਵਨ ਢੰਗ ਵਿੱਚ ਵਿਸ਼ਵਾਸ, ਇਲਾਹੀ ਬਾਣੀ ਵਿੱਚ ਵਿਸ਼ਵਾਸ, ਮੌਤ ਤੋਂ ਬਾਅਦ ਦੇ ਮਨੁੱਖੀ ਜ਼ਿੰਦਗੀ ਵਿੱਚ ਕੀਤੇ ਕਰਮਾਂ ਦੇ ਹਿਸਾਬ ਵਿੱਚ ਵਿਸ਼ਵਾਸ, ਮੌਤ ਤੋਂ ਬਾਅਦ ਜ਼ਿੰਦਗੀ ਵਿੱਚ ਵਿਸ਼ਵਾਸ ਆਦਿ ਇਹ ਐਸੇ ਵਿਸ਼ੇ ਹਨ ਜੋ ਇਸ ਗ੍ਰੰਥ ਵਿੱਚ ਵਿਚਾਰੇ ਗਏ ਹਨ। ਅਛਾਈ ਅਤੇ ਬੁਰਾਈ ਦੋ ਉੱਚ ਆਤਮਾਵਾਂ ਦੀ ਹੋਂਦ ਅਤੇ ਉਹਨਾਂ ਦੇ ਵੱਖ-ਵੱਖ ਕਰਮ ਖੇਤਰ ਦਾ ਵਿਸ਼ਵਾਸ ਇਸ ਧਰਮ ਨੂੰ ਇੱਕ ਖ਼ਾਸ ਕਿਸਮ ਦੀ ਰੂਪ-ਰੇਖਾ ਵਿੱਚ ਪੇਸ਼ ਕਰਦਾ ਹੈ।


ਲੇਖਕ : ਰਾਜਿੰਦਰ ਕੌਰ ਰੋਹੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-28-10-17-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.