ਲਾਗ–ਇਨ/ਨਵਾਂ ਖਾਤਾ |
+
-
 
ਸੰਦੇਸ਼
ਪੰਜਾਬੀ ਯੂਨੀਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ ਤਾਂ ਹੀ ਬਣਾਇਆ ਜਾ ਸਕਦਾ ਹੈ ਜੇਕਰ ਅਜੋਕੇ ਸਮੇਂ ਵਿਚ ਪੰਜਾਬੀ ਨੂੰ ਸਮੇਂ ਦੇ ਹਾਣ ਦੀ ਭਾਸ਼ਾ ਬਣਾਇਆ ਜਾਵੇ। ਅਜੋਕਾ ਯੁੱਗ ਤਕਨਾਲੋਜੀ ਦਾ ਯੁੱਗ ਹੈ, ਸੰਚਾਰ ਸਾਧਨਾਂ ਦੇ ਵਿਕਸਤ ਹੋਣ ਨਾਲ ਸਮੁੱਚਾ ਸੰਸਾਰ ਵਿਸ਼ਵ ਪਿੰਡ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। 150 ਮੁਲਕਾਂ ਵਿਚ ਪੰਜਾਬੀਆਂ ਦਾ ਵਾਸਾ ਮੰਨਿਆ ਜਾ ਰਿਹਾ ਹੈ। ਇਨ੍ਹਾਂ ਅਲੱਗ ਅਲੱਗ ਮੁਲਕਾਂ ਵਿਚ ਵਸੇ ਪੰਜਾਬੀਆਂ ਤੱਕ ਰਸਾਈ ਦਾ ਸਾਧਨ ਇੰਟਰਨੈੱਟ ਹੈ। ਸੰਚਾਰ ਦੇ ਇਸ ਯੁੱਗ ਵਿਚ ਜ਼ਰੂਰੀ ਹੈ ਕਿ ਆਵਾਸੀ ਅਤੇ ਪਰਵਾਸੀ ਪੰਜਾਬੀਆਂ ਨੂੰ ਗਿਆਨ, ਵਿਗਿਆਨ, ਸਾਹਿਤ ਅਤੇ ਸਭਿਆਚਾਰ ਨਾਲ ਜੋੜਨ ਲਈ ਉਪਰਾਲਾ ਕੀਤਾ ਜਾਵੇ ਅਤੇ ਪੰਜਾਬੀ ਭਾਸ਼ਾ ਵਿਚ ਵੱਧ ਤੋਂ ਵੱਧ ਸਮੱਗਰੀ ਨੂੰ ਕੰਪਿਊਟਰ ਦਾ ਹਾਸਲ ਬਣਾਇਆ ਜਾਵੇ। ਇਸੇ ਮਕਸਦ ਅਧੀਨ ਹੀ ਪੰਜਾਬੀ ਪੀਡੀਆ ਨਾਂ ਦਾ ਪ੍ਰੋਜੈਕਟ ਆਰੰਭਿਆ ਗਿਆ ਹੈ ਕਿਉਂਕਿ ਇਸ ਤਕਨਾਲੋਜੀ ਦੇ ਯੁੱਗ ਵਿਚ ਹੋਰਨਾਂ ਸਮੂਹਾਂ ਵਾਂਗ ਪੰਜਾਬੀ ਭਾਈਚਾਰਾ ਵੀ ਜਾਣਕਾਰੀ ਹਾਸਲ ਕਰਨ ਲਈ ਇਟਰਨੈੱਟ ‘ਤੇ ਆਸ਼ਰਿਤ ਹੁੰਦਾ ਜਾ ਰਿਹਾ ਹੈ। ਇਸ ਲਈ ਇਸ ਪ੍ਰੋਜੈਕਟ ਦਾ ਮਕਸਦ ਇੰਟਰਨੈੱਟ ਨਾਲ ਜੁੜੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਵਿਚ ਵੱਧ ਤੋਂ ਵੱਧ ਭਰੋਸੇਯੋਗ ਗਿਆਨ ਸਮੱਗਰੀ ਪ੍ਰਦਾਨ ਕਰਨਾ ਹੈ।
ਪੰਜਾਬੀਪੀਡੀਆ ਵੈਬਸਾਈਟ ਰਾਹੀ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਸਾਹਿਤ ਨਾਲ ਸਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਗੁਰਮੁਖੀ ਲਿਪੀ ਵਿਚ ਇਟਰਨੈੱਟ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ, ਕੇਵਲ ਪੰਜਾਬੀ ਸਭਿਆਚਾਰ ਨਾਲ ਹੀ ਨਹੀਂ ਬਲਕਿ ਹੋਰਨਾਂ ਖੇਤਰਾਂ ਜਿਵੇਂ ਕੰਪਿਊਟਰ ਵਿਗਿਆਨ, ਸਰੀਰ ਵਿਗਿਆਨ, ਸਮਾਜ ਵਿਗਿਆਨ, ਭੂਗੋਲ, ਇਤਿਹਾਸ, ਵਾਤਾਵਰਨ ਅਤੇ ਸਿੱਖ ਧਰਮ ਨਾਲ ਸਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਪੰਜਾਬੀਪੀਡੀਆ ਦਾ ਹਾਸਲ ਬਣਾਇਆ ਗਿਆ ਹੈ। ਪੰਜਾਬੀ ਪੀਡੀਆ ਰਾਹੀਂ ਜਾਣਕਾਰੀ ਦੇਣ ਦਾ ਸਰੋਤ ਉੱਚ ਪੱਧਰ ਦੇ ਵਿਦਵਾਨਾਂ ਦੀਆਂ ਲਿਖਤਾਂ ਨੂੰ ਬਣਾਇਆ ਗਿਆ ਹੈ। ਆਰੰਭਲੇ ਪੜਾਅ ਅਧੀਨ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਨੂੰ ਇਸ ਵੈਬਸਾਈਟ ਦੀ ਆਧਾਰ ਸਮੱਗਰੀ ਬਣਾਇਆ ਗਿਆ ਹੈ। ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਹੋਣ ਕਾਰਨ ਅਤੇ ਆਪਣੇ ਖੇਤਰ ਦੇ ਮਾਹਰਾਂ ਦੁਆਰਾ ਰਚਿਤ/ ਸੰਪਾਦਤ ਹੋਣ ਕਾਰਨ ਪੰਜਾਬੀ ਪੀਡੀਏ ਦੇ ਇੰਦਰਾਜਾਂ ਨੂੰ ਮਿਆਰੀ ਤੇ ਭਰੋਸੇਯੋਗ ਮੰਨਿਆ ਜਾ ਸਕਦਾ ਹੈ। ਇਸ ਵੈਬਸਾਈਟ ‘ਤੇ ਹੁਣ ਤੱਕ ਇਨ੍ਹਾਂ ਪ੍ਰਕਾਸ਼ਨਾਵਾਂ ਦੇ 41122 ਇੰਦਰਾਜ਼ ਪੇਸ਼ ਕੀਤੇ ਜਾ ਚੁੱਕੇ ਹਨ। ਹੋਰ ਸਮੱਗਰੀ ਪੰਜਾਬੀ ਪੀਡੀਏ ਦਾ ਹਾਸਲ ਬਣਾਉਣ ਲਈ ਯੂਨੀਵਰਸਿਟੀ ਵੱਲੋਂ ਲਗਾਤਾਰ ਇਸ ਪ੍ਰੋਜੈਕਟ ‘ਤੇ ਕਾਰਜ ਕੀਤਾ ਜਾ ਰਿਹਾ ਹੈ। ਪੰਜਾਬੀ ਪੀਡੀਏ ਦੁਆਰਾ ਇਕ ਕਲਿੱਕ ਨਾਲ ਹੀ ਵਰਤੋਂਕਾਰ ਮਿੰਟਾਂ ਵਿਚ ਹਰ ਜਾਣਕਾਰੀ ਪੰਜਾਬੀ ਭਾਸ਼ਾ ਵਿਚ ਗ੍ਰਹਿਣ ਕਰ ਸਕਦਾ ਹੈ।
ਪੰਜਾਬੀ ਪੀਡੀਆ ਰਾਹੀਂ ਗੁਰਮੁਖੀ ਵਿਚ ਪੰਜਾਬੀ ਨਾਲ ਸਬੰਧਿਤ ਜਾਣਕਾਰੀ ਮਹੱਈਆ ਹੋਣ ਨਾਲ ਪੰਜਾਬੀ ਭਾਸ਼ਾ ਖੇਤਰੀ ਭਾਸ਼ਾਵਾਂ ਵਿਚੋਂ ਉਨ੍ਹਾਂ ਮੁਹਰਲੀਆਂ ਭਾਸ਼ਾਵਾਂ ਦੀ ਕਤਾਰ ਵਿਚ ਆ ਖੜ੍ਹੀ ਹੋਵੇਗੀ ਜਿਨ੍ਹਾਂ ਦੀ ਸਮੱਗਰੀ ਨੂੰ ਇਟਰਨੈੱਟ ‘ਤੇ ਪਾਇਆ ਗਿਆ ਹੈ। ਕੋਈ ਵੀ ਭਾਸ਼ਾ ਜਾਂ ਭਾਸ਼ਾਈ ਸਮੂਹ ਤਾਂ ਹੀ ਤਰੱਕੀ ਦੀਆਂ ਲੀਹਾਂ ‘ਤੇ ਜਾ ਸਕਦਾ ਹੈ ਜੇਕਰ ਉਹ ਆਪਣੀ ਭਾਸ਼ਾ ਨੂੰ ਪਹਿਲਤਾ ਦੇ ਆਧਾਰ ‘ਤੇ ਅਪਣਾ ਕੇ ਇਸ ਦੀ ਤਰੱਕੀ ਲਈ ਵਚਨਬੱਧ ਹੋਵੇ, ਇਸੇ ਮਕਸਦ ਅਧੀਨ ਹੀ ਪੰਜਾਬੀ ਪੀਡੀਆ ਵੈਬਸਾਈਟ ਦਾ ਆਰੰਭ ਕੀਤਾ ਗਿਆ ਹੈ। ਗਿਆਨ ਹਾਸਲ ਕਰਨ ਲਈ ਆਪਣੀ ਭਾਸ਼ਾ ਤੇ ਲਿਪੀ ਜਿਥੇ ਪੰਜਾਬੀਆਂ ਨੂੰ ਸਹੀ ਮਾਅਨੇ ਵਿਚ ਗਿਆਨਵਾਨ ਕਰੇਗੀ ਉਥੇ ਗਿਆਨ ਹਾਸਲ ਕਰਨ ਲਈ ਦੂਜੀਆਂ ਭਾਸ਼ਾਵਾਂ ਤੇ ਨਿਰਭਰਤਾ ਨੂੰ ਵੀ ਘਟਾਏਗੀ। ਉਮੀਦ ਹੈ ਪੰਜਾਬੀ ਯੂਨੀਵਰਸਿਟੀ ਦੁਆਰਾ ਆਰੰਭਿਆ ਇਹ ਕਾਰਜ ਸਮੂਹ ਪੰਜਾਬੀਆਂ ਲਈ ਗਿਆਨ ਦੇ ਦਰਵਾਜ਼ੇ ਉਨ੍ਹਾਂ ਦੀ ਆਪਣੀ ਭਾਸ਼ਾ, ਲਿਪੀ ਵਿਚ ਖੋਲੇਗਾ ਤੇ ਪੰਜਾਬੀਆਂ ਦਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਭਾਸ਼ਾ ਵਿਚ ਗਿਆਨਵਾਨ ਤੇ ਸੂਝਵਾਨ ਬਣਾਉਣ ਦਾ ਸੁਪਨਾ ਸਾਕਾਰ ਹੋਵੇਗਾ।

ਡਾ. ਜਸਪਾਲ ਸਿੰਘ
ਵਾਈਸ-ਚਾਂਸਲਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ