ਅਸ਼ਵਘੋਸ਼ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਸ਼ਵਘੋਸ਼ : ਕਨਿਸ਼ਕ-ਕਾਲ ਦੇ ਅਨੇਕ ਸ਼ਿਲਾਲੇਖਾਂ ਵਿੱਚ ਅਸ਼ਵਘੋਸ਼ ਦਾ ਨਾਂ ਮਿਲਦਾ ਹੈ । ਅਸ਼ਵਘੋਸ਼ ਪ੍ਰਮੁੱਖ ਰੂਪ ਵਿੱਚ ਬੁੱਧ ਧਰਮ ਦੇ ਸਿਧਾਂਤਾਂ ਦਾ ਦਾਰਸ਼ਨਿਕ ਭਾਸ਼ਾ ਵਿੱਚ ਪ੍ਰਚਾਰ ਕਰਨ ਵਾਲਾ ਬੋਧੀ ਵਿਦਵਾਨ ਹੈ । ਉਸ ਨੇ ਬੁੱਧ ਧਰਮ ਦੇ ਉਪਦੇਸ਼ਾਂ ਨੂੰ ਫੈਲਾਉਣ ਲਈ ਕਾਵਿ ਰਚਨਾ ਕੀਤੀ । ਅਸ਼ਵਘੋਸ਼ ਸੰਸਕ੍ਰਿਤ ਭਾਸ਼ਾ ਦਾ ਮਹਾਂਕਵੀ ਅਤੇ ਮਹਾਨ ਦਾਰਸ਼ਨਿਕ ਸੀ । ਸੌਂਦਰਨੰਦ ਮਹਾਂਕਾਵਿ ਦੇ ਅੰਤਿਮ ਸਰਗ ਦੀ ਸਮਾਪਤੀ ਤੇ ਖ਼ੁਦ ਅਸ਼ਵਘੋਸ਼ ਦੁਆਰਾ ਲਿਖੀ ਗਈ ਆਖ਼ਰੀ ਪੰਕਤੀ ਤੋਂ ਪਤਾ ਚੱਲਦਾ ਹੈ ਕਿ ਇਸਦੀ ਮਾਂ ਦਾ ਨਾਂ ਸੁਵਰਣਾਕਸ਼ੀ ਸੀ । ਮੂਲ ਰੂਪ ਵਿੱਚ ਇਹ ਸਾਕੇਤ ਦਾ ਨਿਵਾਸੀ ਸੀ । ਕਿਹਾ ਜਾਂਦਾ ਹੈ ਕਿ ਕਨਿਸ਼ਕ ਨੇ ਪਾਟਲੀਪੁੱਤਰ ਤੇ ਹਮਲਾ ਕਰ ਕੇ ਉਸ ਸਮੇਂ ਦੇ ਮਗਧ ਦੇ ਰਾਜਾ ਨੂੰ ਹਰਾਉਣ ਤੋਂ ਬਾਅਦ ਦੋ ਸ਼ਰਤਾਂ ਤੇ ਛੱਡਿਆ ਸੀ ਜਿਨ੍ਹਾਂ ਵਿੱਚ ਇੱਕ ਸ਼ਰਤ ਇਹ ਸੀ ਕਿ ਉਸ ਦਾ ਰਾਜ ਕਵੀ ਅਸ਼ਵਘੋਸ਼ ਕਨਿਸ਼ਕ ਦੀ ਰਾਜਧਾਨੀ ਪੁਰਸ਼ਪੁਰ ( ਪੇਸ਼ਾਵਰ , ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਪੰਜਾਬ ਦਾ ਇੱਕ ਸ਼ਹਿਰ ) ਵਿੱਚ ਆ ਕੇ ਉਹਦੇ ਦਰਬਾਰ ਵਿੱਚ ਰਹੇ । ਕਨਿਸ਼ਕ ਦਾ ਸਮਾਂ ਈਸਵੀ ਸੰਨ 78 ਤੋਂ ਲੈ ਕੇ 102 ਤੱਕ ਮੰਨਿਆ ਜਾਂਦਾ ਹੈ । ਇਸ ਤਰ੍ਹਾਂ ਅਸ਼ਵਘੋਸ਼ ਦਾ ਸਮਾਂ ਵੀ ਇਹੀ ਹੋਣਾ ਨਿਸ਼ਚਿਤ ਹੈ । ਕਨਿਸ਼ਕ ਸਾਹਿਤ ਤੇ ਸਿੱਖਿਆ ਦਾ ਮਹਾਨ ਸਰਪ੍ਰਸਤ ਸੀ । ਉਸ ਦੇ ਦਰਬਾਰ ਵਿੱਚ ਅਨੇਕ ਵਿਦਵਾਨ ਸਨ ਜਿਨ੍ਹਾਂ ਵਿੱਚ ਅਸ਼ਵਘੋਸ਼ ਦਾ ਸਥਾਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਸੀ ।

        ਵਜਰਸੂਚੀ , ਸੂਤਰਾਲੰਕਾਰ , ਮਹਾਯਾਨਸ਼ਰਧੋਤਪਾਦ , ਗੰਡੀਸਤੋਤ੍ਰਗਾਥਾ , ਬੁੱਧਚਰਿਤ , ਸੌਂਦਰਨੰਦ , ਸ਼ਾਰਿਪੁੱਤਰ ਪ੍ਰਕਰਣ , ਰਾਸ਼ਟਰਪਾਲ ਇੱਕ ਪ੍ਰਤੀਕ ਨਾਟਕ ( ਅਵਸ਼ੇਸ਼ ਰੂਪ ਵਿੱਚ ਉਪਲਬਧ ) ਅਤੇ ਇੱਕ ਹੋਰ ਨਾਟਕ ਦਾ ਅਵਸ਼ੇਸ਼ , ਇਹ ਰਚਨਾਵਾਂ ਅਸ਼ਵਘੋਸ਼ ਦੇ ਨਾਂ ਦੇ ਨਾਲ ਜੁੜੀਆਂ ਹੋਈਆਂ ਹਨ । ਪਰੰਤੂ ਬੁੱਧਚਰਿਤ ਅਤੇ ਸੌਂਦਰਨੰਦ ਨਾਮੀ ਦੋ ਮਹਾਂਕਾਵਿ , ਸ਼ਾਰਿਪੁੱਤਰਪ੍ਰਕਰਣ ਅਤੇ ਰਾਸ਼ਟਰਪਾਲ ਨਾਮੀ ਦੋ ਨਾਟਕ ਹੀ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਬਾਰੇ ਨਿਸ਼ਚਿਤ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਇਹਨਾਂ ਦਾ ਲੇਖਕ ਅਸ਼ਵਘੋਸ਼ ਹੈ । ਬਾਕੀ ਰਚਨਾਵਾਂ ਦਾ ਲੇਖਕ ਅਸ਼ਵਘੋਸ਼ ਹੈ ਜਾਂ ਨਹੀਂ ਇਸ ਬਾਰੇ ਵਿਦਵਾਨਾਂ ਵਿੱਚ ਮੱਤ-ਭੇਦ ਹੈ ।

        ਬੁੱਧਚਰਿਤ : ਅਠਾਈ ਸਰਗਾਂ ਵਿੱਚ ਰਚਿਆ ਹੋਇਆ ਉੱਤਮ ਸ਼੍ਰੇਣੀ ਦਾ ਮਹਾਂਕਾਵਿ ਹੈ । ਚੀਨੀ ਅਤੇ ਤਿੱਬਤੀ ਭਾਸ਼ਾਵਾਂ ਵਿੱਚ ਇਸ ਮਹਾਂਕਾਵਿ ਦੇ ਪੂਰੇ ਅਠਾਈ ਸਰਗਾਂ ਦਾ ਅਨੁਵਾਦ ਉਪਲਬਧ ਹੈ ਪਰੰਤੂ ਸੰਸਕ੍ਰਿਤ ਭਾਸ਼ਾ ਦੇ ਆਪਣੇ ਮੂਲ ਰੂਪ ਵਿੱਚ ਇਹ ਮਹਾਂਕਾਵਿ ਅਧੂਰਾ ਹੀ ਮਿਲਦਾ ਹੈ । ਇਸ ਮਹਾਂਕਾਵਿ ਦੇ ਪਹਿਲੇ ਸਰਗ ਦੇ ਸ਼ੁਰੂ ਦੇ ਸਤ ਸਲੋਕ ਅਤੇ 25 ਤੋਂ 40 ਤੱਕ ਦੀ ਸੰਖਿਆ ਦੇ ਸਲੋਕ ਨਹੀਂ ਮਿਲਦੇ । ਦੂਸਰੇ ਸਰਗ ਤੋਂ ਲੈ ਕੇ ਤੇਰ੍ਹਵੇਂ ਸਰਗ ਤੱਕ ਦੇ ਸਲੋਕ ਲਗਪਗ ਪੂਰੇ ਮਿਲਦੇ ਹਨ । ਚੌਦ੍ਹਵੇਂ ਸਰਗ ਦੇ 31 ਸਲੋਕ ਹੀ ਮਿਲਦੇ ਹਨ । ਇਸ ਤੋਂ ਅੱਗੇ ਦੇ ਸਰਗ ਮੂਲ ਸੰਸਕ੍ਰਿਤ ਰੂਪ ਵਿੱਚ ਨਹੀਂ ਮਿਲਦੇ । ਬੁੱਧਚਰਿਤ ਦੀ ਕਥਾ ਵਸਤੂ ਦਾ ਅਰੰਭ ਬੁੱਧ ਦੇ ਜਨਮ ਦੀ ਕਥਾ ਤੋਂ ਹੁੰਦਾ ਹੈ । ਉਸ ਤੋਂ ਬਾਅਦ ਮਹਿਲ ਵਿੱਚ ਰਾਣੀਆਂ ਦੇ ਨਾਲ ਰਾਜਕੁਮਾਰ ਦੇ ਵਿਹਾਰ ਦਾ ਵਰਣਨ , ਇੱਕ ਸਫ਼ੈਦ ਵਾਲਾਂ ਵਾਲੇ ਬੁੱਢੇ ਆਦਮੀ ਨੂੰ , ਇੱਕ ਬਿਮਾਰ ਆਦਮੀ ਨੂੰ ਅਤੇ ਇੱਕ ਸ਼ਵ-ਯਾਤਰਾ ਨੂੰ ਦੇਖ ਕੇ ਕੁਮਾਰ ਦੇ ਮਨ ਵਿੱਚ ਸੰਵੇਗ ਦੀ ਉਤਪਤੀ ਦਾ , ਕੁਮਾਰ ਦੁਆਰਾ ਇਸਤਰੀਆਂ ਨੂੰ ਦੂਰ ਕਰ ਦੇਣ ਦਾ , ਘਰ ਦਾ ਤਿਆਗ ਅਤੇ ਰਾਜਕੁਮਾਰ ਦੁਆਰਾ ਸਾਰਥੀ ਨੂੰ ਵਾਪਸ ਭੇਜ ਕੇ ਤਪੋਵਨ ਵਿੱਚ ਪ੍ਰਵੇਸ਼ ਦਾ ਵਰਣਨ ਹੈ । ਇਹ ਕਥਾ ਰਾਜਕੁਮਾਰ ਦੇ ਬੁੱਧ ਬਣ ਜਾਣ ਤੱਕ ਚੱਲਦੀ ਹੈ ।

        ਇਸ ਮਹਾਂਕਾਵਿ ਦਾ ਮੁੱਖ ਉਦੇਸ਼ ਮਹਾਤਮਾ ਬੁੱਧ ਦੇ ਜੀਵਨ ਅਤੇ ਉਪਦੇਸ਼ਾਂ ਦਾ ਵਰਣਨ ਹੈ । ਮਹਾਤਮਾ ਬੁੱਧ ਦੇ ਉਪਦੇਸ਼ਾਂ ਅਨੁਸਾਰ ਸੁਰਗ ਪ੍ਰਾਪਤ ਕਰਨ ਲਈ ਜਾਂ ਸਾਰੇ ਸੰਸਾਰ ਦੇ ਸੁੱਖਾਂ ਦੀ ਪ੍ਰਾਪਤੀ ਲਈ ਤਪੱਸਿਆ ਕਰ ਕੇ ਆਪਣੇ ਸਰੀਰ ਨੂੰ ਤਕਲੀਫ਼ ਦੇਣਾ ਠੀਕ ਨਹੀਂ ਹੈ । ਜੋ ਮਨੁੱਖ ਸਰੀਰ ਨੂੰ ਤਕਲੀਫ਼ ਦੇਣ ਵਾਲੀ ਤਪੱਸਿਆ ਕਰ ਕੇ ਸੁੱਖ ਦੀ ਇੱਛਾ ਕਰਦਾ ਹੈ ਉਹ ਤਪੱਸਿਆ ਰੂਪ ਦੁੱਖ ਉਠਾ ਕੇ ਹੋਰ ਦੁੱਖਾਂ ਦੀ ਹੀ ਇੱਛਾ ਕਰਦਾ ਹੈ ਕਿਉਂਕਿ ਜਿਨ੍ਹਾਂ ਨੂੰ ਅਸੀਂ ਸੁੱਖ ਦੇ ਸਾਧਨ ਸਮਝਦੇ ਹਾਂ ਉਹ ਦੁੱਖ ਹੀ ਹੈ ਅਤੇ ਜੇਕਰ ਦੂਸਰਾ ਜੀਵਨ ਮਿਲ ਜਾਵੇ ਤਾਂ ਉਹ ਵੀ ਦੁੱਖ ਹੀ ਹੈ । ਲੋਕੀਂ ਮੌਤ ਤੋਂ ਲਗਾਤਾਰ ਡਰਦੇ ਰਹਿੰਦੇ ਹਨ ਪਰੰਤੂ ਤਪੱਸਿਆ ਕਰ ਕੇ ਦੂਸਰਾ ਜਨਮ ਪ੍ਰਾਪਤ ਕਰਨ ਲਈ ਯਤਨ ਕਰਦੇ ਹਨ ਜਦੋਂ ਕਿ ਦੂਸਰਾ ਜਨਮ ਪ੍ਰਾਪਤ ਹੋਣ ਤੋਂ ਬਾਅਦ ਮਿਰਤੂ ਫੇਰ ਵੀ ਨਿਸ਼ਚਿਤ ਹੁੰਦੀ ਹੈ । ਇਸ ਤਰ੍ਹਾਂ ਜਿਸ ਮਿਰਤੂ ਤੋਂ ਉਹ ਡਰਦੇ ਹਨ ਉਸੀ ਦੇ ਚੱਕਰ ਵਿੱਚ ਬਾਰ-ਬਾਰ ਫਸਦੇ ਰਹਿੰਦੇ ਹਨ ( ਬੁੱਧਚਰਿਤ , 7/21-22-23 ) । ਇਹ ਮਹਾਂਕਾਵਿ ਸਾਰੀ ਦੁਨੀਆਂ ਵਿੱਚ ਅਸ਼ਵਘੋਸ਼ ਦੀ ਕੀਰਤੀ ਦਾ ਸਤੰਭ ਬਣਿਆ ਹੈ ।

        ਸੌਂਦਰਨੰਦ : ਅਠ੍ਹਾਰਾਂ ਸਰਗਾਂ ਵਿੱਚ ਰਚਿਆ ਹੋਇਆ ਇੱਕ ਮਹਾਂਕਾਵਿ ਹੈ । ਇਸ ਮਹਾਂਕਾਵਿ ਦੀ ਕਥਾ ਬੁੱਧ ਦੇ ਸੋਤੇਲੇ ਭਾਈ ਸੁੰਦਰਨੰਦ ਦੁਆਰਾ ਬੁੱਧ ਦੇ ਆਖਣ ਤੋਂ ਘਰ ਛੱਡਣ ਤਕ ਦੀ ਘਟਨਾ ਤੇ ਆਧਾਰਿਤ ਹੈ । ਨੰਦ ਭੋਗ ਵਿਲਾਸ ਵਿੱਚ ਮਗਨ ਰਾਜਕੁਮਾਰ ਹੈ । ਉਸ ਦੀ ਪਤਨੀ ਸੁੰਦਰੀ ਇੱਕ ਬਹੁਤ ਹੀ ਸੁੰਦਰ ਅਤੇ ਪਤੀਵਰਤਾ ਇਸਤਰੀ ਹੈ । ਬੁੱਧ ਨੰਦ ਨੂੰ ਸੰਸਾਰ ਦੀ ਅਸਾਰਤਾ ਦਸ ਕੇ ਘਰ-ਪਰਿਵਾਰ ਨੂੰ ਛੱਡ ਕੇ ਪ੍ਰਵਰਜ਼ਿਯਾ ਗ੍ਰਹਿਣ ਕਰਨ ਦੀ ( ਸੰਨਿਆਸ ਲੈਣ ਦੀ ) ਪ੍ਰੇਰਨਾ ਦਿੰਦੇ ਹਨ । ਨੰਦ ਸੰਸਾਰ ਦੇ ਸੁੱਖਾਂ ਦਾ ਮੋਹ ਛੱਡਣਾ ਨਹੀਂ ਚਾਹੁੰਦਾ । ਉਸ ਦਾ ਮਨ ਭੋਗਵਿਲਾਸ ਵਿੱਚ ਰਮਿਆ ਹੋਇਆ ਸੀ । ਪਰੰਤੂ ਬੁੱਧ ਦੇ ਜ਼ੋਰ ਦੇਣ ਤੇ ਉਸ ਨੂੰ ਪਤਨੀ ਅਤੇ ਘਰ-ਬਾਰ ਛੱਡ ਕੇ ਜਾਣਾ ਪਿਆ । ਇਹ ਇੱਕ ਅਜਿਹੀ ਕਥਾ ਹੈ ਜਿਸ ਵਿੱਚ ਸੰਸਾਰ ਦੇ ਪ੍ਰਤਿ ਆਕਰਸ਼ਣ ਅਤੇ ਸੰਸਾਰ ਦੇ ਤਿਆਗ ਵਿੱਚ ਸੰਘਰਸ਼ ਦਾ ਬੜਾ ਹੀ ਸੁੰਦਰ ਦਿਲ ਨੂੰ ਛੋਹ ਲੈਣ ਵਾਲਾ ਚਿਤਰਨ ਹੈ ।

        ਇਸ ਮਹਾਂਕਾਵਿ ਵਿੱਚ ਬੁੱਧ ਧਰਮ ਦੇ ਉਪਦੇਸ਼ਾਂ ਦਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਵਰਣਨ ਹੈ । ਇਸ ਮਹਾਂਕਾਵਿ ਵਿੱਚ ਅਸ਼ਵਘੋਸ਼ ਨੇ ਜਵਾਨੀ ਅਤੇ ਬੁਢਾਪੇ ਦੀ ਬੜੀ ਹੀ ਸਾਰਥਕ ਵਿਆਖਿਆ ਕੀਤੀ ਹੈ । ਮਨੁੱਖ ਨਸ਼ੇ ਵਾਸਤੇ ਜੇਕਰ ਕੋਈ ਨਸ਼ੀਲੇ ਪਦਾਰਥ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਦਾ ਨਸ਼ਾ ਰਾਤ ਨੂੰ ਬਹੁਤ ਦੇਰ ਬੀਤ ਜਾਣ ਤੋਂ ਬਾਅਦ ਉੱਤਰਦਾ ਹੈ । ਬਲ ਅਤੇ ਜਵਾਨੀ ਦਾ ਨਸ਼ਾ ਬਹੁਤ ਗਹਿਰਾ ਨਸ਼ਾ ਹੁੰਦਾ ਹੈ , ਇਹ ਨਸ਼ਾ ਬੁਢਾਪਾ ਆਉਣ ਤੋਂ ਪਹਿਲਾਂ ਨਹੀਂ ਉੱਤਰਦਾ । ਅਸ਼ਵਘੋਸ਼ ਦਾ ਕਹਿਣਾ ਹੈ ਕਿ ਬੁਢਾਪਾ ਇੱਕ ਇਹੋ ਜਿਹੀ ਮਸ਼ੀਨ ਦੀ ਤਰ੍ਹਾਂ ਹੈ ਜਿਹੜੀ ਜਵਾਨੀ ਦਾ ਸਾਰਾ ਰਸ ਕੱਢ ਦੇਂਦੀ ਹੈ । ਜਿਸ ਤਰ੍ਹਾਂ ਰਸ ਕੱਢੇ ਹੋਏ ਗੰਨੇ ਦੇ ਫੋਕੜ ਨੂੰ ਸੁਕਾ ਕੇ ਫੂਕਣ ਲਈ ਸੁੱਟ ਦਿੱਤਾ ਜਾਂਦਾ ਹੈ , ਇਸੀ ਤਰ੍ਹਾਂ ਬੁਢੇਪੇ ਦੀ ਮਸ਼ੀਨ ਨਾਲ ਨਿਕਲੇ ਹੋਏ ਰਸ ਵਾਲੇ ਮਨੁੱਖਾਂ ਦੇ ਸਰੀਰ ਵੀ ਮਿਰਤੂ ਦੀ ਇੰਤਜ਼ਾਰ ਕਰਦੇ ਹਨ ( ਸੌਂਦਰਨੰਦ , 9/30-31 ) ।

        ਸੌਂਦਰਨੰਦ ਮਹਾਂਕਾਵਿ ਦੇ ਅੰਤਿਮ ਸਲੋਕ ਵਿੱਚ ਆਪਣੀ ਕਾਵਿ ਰਚਨਾ ਦਾ ਉਦੇਸ਼ ਦੱਸਦੇ ਹੋਏ ਅਸ਼ਵਘੋਸ਼ ਨੇ ਕਿਹਾ ਹੈ ਕਿ ਮੋਕਸ਼ ਧਰਮ ਦੀ ਵਿਆਖਿਆ ਨਾਲ ਭਰੀ ਹੋਈ ਇਹ ਰਚਨਾ ਸ਼ਾਂਤੀ ਪ੍ਰਦਾਨ ਕਰਨ ਲਈ ਹੈ , ਆਨੰਦ ਲਈ ਨਹੀਂ ਹੈ । ਜਿਨ੍ਹਾਂ ਦਾ ਮਨ ਸੰਸਾਰ ਵਿੱਚ ਰਮਿਆ ਹੋਇਆ ਹੈ ਅਜਿਹੇ ਲੋਕਾਂ ਨੂੰ ਬੁੱਧ ਧਰਮ ਵੱਲ ਖਿੱਚਣ ਲਈ ਇਹ ਰਚਨਾ ਲਿਖੀ ਗਈ ਹੈ । ਇਸ ਰਚਨਾ ਵਿੱਚ ਮੋਕਸ਼ ਧਰਮ ਤੇ ਵੱਖਰਾ ਜੋ ਕਾਵਿ ਧਰਮ ਦੇ ਅਨੁਸਾਰ ਕਿਹਾ ਗਿਆ ਹੈ ਉਹ ਇਸ ਲਈ ਹੈ ਕਿ ਸ਼ਹਿਦ ਨਾਲ ਮਿਲੀ ਹੋਈ ਕੌੜੀ ਦਵਾਈ ਦੀ ਤਰ੍ਹਾਂ ਇਸ ਨੂੰ ਪੀਣਯੋਗ ਸਰਸ ਬਣਾਇਆ ਜਾ ਸਕੇ ।

        ਸ਼ਾਰਿਪੁੱਤਰਪ੍ਰਕਰਣ : ਪ੍ਰੋਫ਼ੈਸਰ ਲਿਊਡਰਸ ਨੂੰ ਤੁਰਫਾਨ ਵਿੱਚ ਅਤਿ ਪ੍ਰਾਚੀਨ ਸਮੇਂ ਦੇ ਤਾੜ ਪੱਤਰਾਂ ਤੇ ਲਿਖੇ ਹੋਏ ਤਿੰਨ ਨਾਟਕਾਂ ਦੇ ਅਵਸ਼ੇਸ਼ ਮਿਲੇ । ਇਹਨਾਂ ਵਿੱਚ ਇੱਕ ਨਾਟਕ ਦੇ ਅਵਸ਼ੇਸ਼ ਦੇ ਅੰਤਿਮ ਵਾਕ ਤੋਂ ਪਤਾ ਚੱਲਦਾ ਹੈ ਕਿ ਇਸ ਰਚਨਾ ਦਾ ਨਾਂ ਸ਼ਾਰਿਪੁੱਤਰ ਪ੍ਰਕਰਣ ਹੈ , ਇਸਦਾ ਰਚਨਾਕਾਰ ਸੁਵਰਣਾਕਸ਼ੀ ਦਾ ਪੁੱਤਰ ਅਸ਼ਵਘੋਸ਼ ਹੈ ਅਤੇ ਇਹ ਵੀ ਪਤਾ ਚੱਲਦਾ ਹੈ ਕਿ ਇਸ ਦੇ ਨੌਂ ਅੰਕ ਸਨ । ਸੰਸਕ੍ਰਿਤ ਸਾਹਿਤ ਵਿੱਚ ਪ੍ਰਕਰਨ ਨਾਟਕ ਦੀ ਇੱਕ ਵਿਧਾ ਦਾ ਨਾਂ ਹੈ । ਸ਼ਾਰਿਪੁੱਤਰਪ੍ਰਕਰਣ ਅਸ਼ਵਘੋਸ਼ ਦਾ ਲਿਖਿਆ ਹੋਇਆ ਨੌਂ ਅੰਕਾਂ ਦਾ ਇੱਕ ਬਹੁਤ ਹੀ ਸੁੰਦਰ ਪ੍ਰਕਰਨ ( ਨਾਟਕ ) ਹੈ । ਇਸ ਨਾਟਕ ਵਿੱਚ ਮਹਾਤਮਾ ਬੁੱਧ ਦੁਆਰਾ ਮੌਦਗਲਿਆਯਨ ਅਤੇ ਸ਼ਾਰਿਪੁੱਤਰ ਨੂੰ ਦੀਕਸ਼ਾ ਦੇ ਕੇ ਬੋਧ ਬਣਾਉਣ ਦਾ ਵਰਣਨ ਹੈ । ਨਾਟਕ ਵਿੱਚ ਮੌਦਕ-ਲਿਆਯਨ , ਸ਼ਾਰਿਪੁੱਤਰ , ਮਹਾਤਮਾ ਬੁੱਧ ਅਤੇ ਉਹਨਾਂ ਦੇ ਚੇਲੇ ਸੰਸਕ੍ਰਿਤ ਵਿੱਚ ਬੋਲਦੇ ਹਨ । ਵਿਦੂਸ਼ਕ ਪ੍ਰਾਕ੍ਰਿਤ ਵਿੱਚ ਬੋਲਦਾ ਹੈ ।

        ਸ਼ਾਰਿਪੁੱਤਰਪ੍ਰਕਰਣ ਦੇ ਨਾਲ ਜਿਹੜੇ ਹੋਰ ਦੋ ਰਚਨਾਵਾਂ ਦੇ ਅਵਸ਼ੇਸ਼ ਮਿਲੇ ਹਨ , ਉਹਨਾਂ ਬਾਰੇ ਵੀ ਮੰਨਿਆ ਜਾਂਦਾ ਹੈ ਕਿ ਇਹਨਾਂ ਦਾ ਰਚਨਾਕਾਰ ਵੀ ਅਸ਼ਵਘੋਸ਼ ਹੀ ਹੋਵੇਗਾ । ਇਹਨਾਂ ਵਿੱਚ ਇੱਕ ਪ੍ਰਤੀਕ ਨਾਟਕ ਹੈ । ਬੁੱਧੀ , ਕੀਰਤੀ ਅਤੇ ਧਰਿਤੀ ਦੇ ਨਾਲ ਮਹਾਤਮਾ ਬੁੱਧ ਵੀ ਇਸਦੇ ਪਾਤਰਾਂ ਵਿੱਚ ਹਨ । ਇਹ ਸਾਰੇ ਸੰਸਕ੍ਰਿਤ ਵਿੱਚ ਗੱਲਾਂ ਕਰਦੇ ਹਨ । ਇਸ ਨਾਟਕ ਦੇ ਨਾਂ ਦਾ ਪਤਾ ਨਹੀਂ ਚੱਲਦਾ । ਇਸਦੇ ਅਵਸ਼ੇਸ਼ ਬਹੁਤ ਘੱਟ ਹਨ ।

        ਦੂਜੇ ਨਾਟਕ ਵਾਂਗ ਤੀਜੇ ਨਾਟਕ ਦੇ ਨਾਂ ਦਾ ਵੀ ਪਤਾ ਨਹੀਂ ਹੈ । ਇਸਦੇ ਅਵਸ਼ੇਸ਼ ਵੀ ਬਹੁਤ ਘੱਟ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਨਾਟਕ ਦੀ ਕਥਾ-ਵਸਤੂ ਵੀ ਬੁੱਧ ਧਰਮ ਤੇ ਆਧਾਰਿਤ ਹੈ ਅਤੇ ਇਹ ਇੱਕ ਸਮਾਜਿਕ ਨਾਟਕ ਹੈ ।

        ਰਾਸ਼ਟਰਪਾਲ : ਅਸ਼ਵਘੋਸ਼ ਦੁਆਰਾ ਰਚਿਤ ਇੱਕ ਨਾਟਕ ਰਾਸ਼ਟਰਪਾਲ ਬਾਰੇ ਜਾਣਕਾਰੀ ਮਿਲਦੀ ਹੈ । ਜੈਨ ਧਰਮ ਦੇ ਵਿਦਵਾਨ ਅਕਲੰਕ ਨੇ ਆਪਣੇ ਗ੍ਰੰਥ ਨਿਆਇਵਿ ਨਿਸ਼ਚਯ ਵਿੱਚ ਧਰਮਕੀਰਤੀ ਦੇ ਕਥਨਾਂ ਦੀ ਚਰਚਾ ਕੀਤੀ ਹੈ । ਇਹਨਾਂ ਕਥਨਾਂ ਨੂੰ ਪੜ੍ਹ ਕੇ ਪ੍ਰਾਪਤ ਹੋਣ ਵਾਲੇ ਪ੍ਰਮਾਣਾਂ ਦੇ ਆਧਾਰ ਤੇ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਅਸ਼ਵਘੋਸ਼ ਇੱਕ ਪ੍ਰਸਿੱਧ ਨਾਟਕਕਾਰ ਸੀ ਅਤੇ ਉਸ ਦੇ ਇੱਕ ਨਾਟਕ ਦਾ ਨਾਂ ਰਾਸ਼ਟਰਪਾਲ ਸੀ । ਇਹ ਨਾਟਕ ਆਪਣੇ ਯੁੱਗ ਵਿੱਚ ਖ਼ਾਸਾ ਪ੍ਰਸਿੱਧ ਸੀ । ਇਸ ਨਾਟਕ ਦੀ ਕਥਾ-ਵਸਤੂ ਆਦਿ ਬਾਰੇ ਸਿਰਫ਼ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਇਹ ਬੁੱਧ ਧਰਮ ਤੇ ਆਧਾਰਿਤ ਸੀ ।

        ਅਸ਼ਵਘੋਸ਼ ਉੱਚੇ ਦਰਜੇ ਦਾ ਦਾਰਸ਼ਨਿਕ ਅਤੇ ਬੁੱਧ ਧਰਮ ਦਾ ਉਪਦੇਸ਼ਕ ਤੇ ਪ੍ਰਚਾਰਕ ਸੀ । ਧਰਮ-ਪ੍ਰਚਾਰਕ ਕਵਿਤਾ ਦੁਆਰਾ ਧਰਮ ਅਤੇ ਦਰਸ਼ਨ ਦੀਆਂ ਉਹ ਗੱਲਾਂ ਲੋਕਾਂ ਦੇ ਦਿਲਾਂ ਵਿੱਚ ਡੂੰਘਾਈ ਤੱਕ ਅਸਾਨੀ ਨਾਲ ਪਹੁੰਚਾ ਦਿੰਦੇ ਹਨ ਜਿਹੜੀਆਂ ਸਧਾਰਨ ਤੌਰ ਤੇ ਸਮਝਾਉਣ ਤੇ ਲੋਕੀਂ ਨਹੀਂ ਸਮਝ ਪਾਉਂਦੇ । ਅਸ਼ਵਘੋਸ਼ ਨੇ ਕਾਵਿ ਦੇ ਇਸ ਮਹੱਤਵ ਨੂੰ ਸਮਝਦੇ ਹੋਏ ਆਪਣੀਆਂ ਕਾਵਿ ਰਚਨਾਵਾਂ ਦੁਆਰਾ ਬੁੱਧ ਧਰਮ ਦੇ ਡੂੰਘੇ ਉਪਦੇਸ਼ਾਂ ਨੂੰ ਜਨਤਾ ਤੱਕ ਪਹੁੰਚਾਇਆ ਸੀ । ਅਸ਼ਵਘੋਸ਼ ਦੀਆਂ ਸਾਰੀਆਂ ਰਚਨਾਵਾਂ ਦੇ ਅਧਿਐਨ ਤੋਂ ਇਹ ਗੱਲ ਉੱਭਰ ਕੇ ਸਾਮ੍ਹਣੇ ਆਉਂਦੀ ਹੈ ਕਿ ਅਸ਼ਵਘੋਸ਼ ਮੂਲ ਰੂਪ ਵਿੱਚ ਸ਼ਾਂਤ ਰਸ ਦਾ ਕਵੀ ਹੈ । ਇਸ ਦੇ ਨਾਲ ਹੀ ਅਸ਼ਵਘੋਸ਼ ਦੇ ਦੋਨੋਂ ਮਹਾਂਕਾਵਾਂ ਵਿੱਚ ਵੀਰ , ਕਰੁਣਾ ਅਤੇ ਸ਼ਿੰਗਾਰ ਰਸਾਂ ਦਾ ਵੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਵਰਣਨ ਹੋਇਆ ਹੈ । ਹਾਲਾਂਕਿ ਸ਼ਿੰਗਾਰ ਰਸ ਵਰਣਨ ਅਸ਼ਵਘੋਸ਼ ਦਾ ਉਦੇਸ਼ ਨਹੀਂ ਫਿਰ ਵੀ ਉਸ ਨੇ ਨਾਰੀ ਦੀ ਸੁੰਦਰਤਾ ਦਾ ਵਰਣਨ ਇੱਕ ਸ਼ਾਂਤ ਅਤੇ ਵਿਰਾਗੀ ਵਿਅਕਤੀ ਦੀ ਤਰ੍ਹਾਂ ਨਹੀਂ ਕੀਤਾ । ਵਿਦਵਾਨ ਲੋਕ ਅਸ਼ਵਘੋਸ਼ ਦੀ ਕਾਵਿ ਸ਼ੈਲੀ ਦੀ ਤੁਲਨਾ ਕਾਲੀਦਾਸ ਦੀ ਕਾਵਿ ਸ਼ੈਲੀ ਨਾਲ ਕਰਦੇ ਹਨ ।


ਲੇਖਕ : ਮਹੇਸ਼ ਗੌਤਮ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਸ਼ਵਘੋਸ਼ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸ਼ਵਘੋਸ਼ : ਇਹ ਇਕ ਬੋਧੀ ਮਹਾਂ ਕਵੀ ਤੇ ਦਾਰਸ਼ਨਿਕ ਸੀ ਅਤੇ ਮਹਾਰਾਜਾ ਕਨਿਸ਼ਕ ਦਾ ਸਮਕਾਲੀ ਸੀ । ਇੰਜ ਇਸ ਦਾ ਸਮਾਂ ਪਹਿਲੀ ਸਦੀ ਈ. ਦਾ ਅੰਤਰ ਅਤੇ ਦੂਜੀ ਸਦੀ ਈ. ਦਾ ਆਰੰਭ ਹੈ । ਇਹ ਵਿਦਵਾਨ ਸਵਰਨਾਕਸ਼ੀ ਦਾ ਪੁੱਤਰ ਸੀ ਤੇ ਸਾਕੇਤ ( ਅਜੁੱਧਿਆ ) ਦਾ ਰਹਿਣ ਵਾਲਾ ਸੀ । ਚੀਨੀ ਰਵਾਇਤ ਅਨੁਸਾਰ ਮਹਾਰਾਜਾ ਕਨਿਸ਼ਕ ਪਾਟਲੀਪੁੱਤਰ ਦੇ ਰਾਜੇ ਨੂੰ ਜਿੱਤਣ ਮਗਰੋਂ ਅਸ਼ਵਾਘੋਸ਼ ਨੂੰ ਆਪਣੀ ਰਾਜਧਾਨੀ ਪੁਰਸ਼ਪੁਰ ( ਪਿਸ਼ਾਵਰ ) ਲੈ ਗਿਆ ਸੀ । ਮਹਾਰਾਜਾ ਕਨਿਸ਼ਨਕ ਨੇ ਜਿਹੜੀ ਬੋਧੀਆਂ ਦੀ ਚੌਥੀ ਕਾਨਫਰੰਸ ਬੁਲਾਈ ਸੀ , ਉਸ ਦੀ ਪ੍ਰਧਾਨਗੀ ਇਕ ਪਰੰਪਰਾ ਅਨੁਸਾਰ ਮਹਾ ਸਥਿਰ ਪਾਰਸ਼ਵ ਨੇ ਅਤੇ ਦੂਜੀ ਰਵਾਇਤ ਅਨੁਸਾਰ ਇਸੇ ਮਹਾਂਕਵੀ ਅਸ਼ਵਘੋਸ਼ ਨੇ ਕੀਤੀ ਸੀ । ਅਸ਼ਵਘੋਸ਼ ਇਕ ਬੌਧ ਆਚਾਰੀਆ ਸੀ । ਇਸ ਦਾ ਇਕ ਸਬੂਤ ਇਹ ਵੀ ਹੈ ਕਿ ਸਰਵਾਸਤੀ ਵਾਦੀ ‘ ਵਿਭਾਸ਼ਾ’ ਦੀ ਰਚਨਾ ਵਿਚ ਵੀ ਇਸ ਦਾ ਜ਼ਿਕਰ ਮਿਲਦਾ ਹੈ । ਇਹ ਦੂਜੇ ਮੱਤਾਂ ਨੂੰ ਹਰਾਉਣ ਵਾਲਾ ਮਹਾਨ ਦਾਰਸ਼ਨਿਕ ਸੀ । ਇਸ ਤੋਂ ਇਲਾਵਾ ਇਹ ਆਪਣੀ ਕਵਿਤਾ ਰਾਹੀਂ ਲੋਕਾਂ ਨੂੰ ਬੁੱਧ ਧਰਮ ਵੱਲ ਪ੍ਰੇਰਣ ਵਾਲਾ ਮਹਾਂ– ਕਵੀ ਸੀ ।

                  ਮਹਾਂ– ਕਵੀ ਅਸ਼ਵਘੋਸ਼ ਦੇ ਨਾਂ ਤੇ ਰਚੀਆਂ ਕਈ ਪੁਸਤਕਾਂ ਮਿਲਦੀਆਂ ਹਨ ਪਰ ਇਸ ਦੀਆਂ ਸਿਰਫ਼ ਚਾਰ ਕਿਰਤਾਂ ਹੀ ਪ੍ਰਮਾਣੀਕ ਮੰਨੀਆਂ ਜਾਂਦੀਆਂ ਹਨ ( 1 ) ਬੁੱਧ ਚਰਿਤ ; ( 2 ) ਸੌਂਦਰਾਨੰਦ; ( 3 ) ਗੰਡੀ ਸਤੋਤਰ ਗਾਥਾ ਅਤੇ ( 4 ) ਸ਼ਾਰਿ ਪੁੱਤਰ ਪ੍ਰਕਰਣ । ਹੋ ਸਕਦਾ ਹੈ ਕਿ ‘ ਸੂਤ੍ਰਾ– ਲੰਕਾਰ’ ਇਸ ਦੀ ਰਚਨਾ ਹੋਵੇ । ‘ ਬੱਧ ਚਰਿਤ’ ਦਾ ਤਿੱਬਤੀ ਤੇ ਚੀਨੀ ਬੋਲੀਆਂ ਵਿਚ ਅਨੁਵਾਦ ਪੂਰਾ 28 ਕਾਂਡਾਂ ਵਿਚ ਮਿਲਦਾ ਹੈ , ਪਰ ਮੂਲ ਸੰਸਕ੍ਰਿਤ ਵਿਚ ਹੁਣ ਤਕ ਕੇਵਲ ਇਸ ਦੇ 17 ਕਾਂਡ ਹੀ ਮਿਲਦੇ ਹਨ । ਇਸ ਪੁਸਤਕ ਵਿਚ ਧਾਰਮਕ ਵਿਧੀ ਅਨੁਸਾਰ ਮਹਾਤਮਾ ਬੁੱਧ ਦੇ ਜੀਵਨ ਤੇ ਉਪਦੇਸ਼ ਨੂੰ ਬੜੇ ਸੁਆਦੀ ਢੰਗ ਨਾਲ ਕਈ ਛੰਦਾਂ ਵਿਚ ਬਿਆਨ ਕੀਤਾ ਗਿਆ ਹੈ । ਸੌਂਦਰਾਨੰਦ ( 18 ਕਾਂਡ ) ਵਿਚ ਸਿਧਾਰਥ ਦੇ ਭਰਾ ਨੰਦ ਦੁ ਦੁਨੀਆਦਾਰੀ ਤੋਂ ਮੂੰਹ ਮੋੜ ਕੇ ਸੰਘ ਵਿਚ ਸ਼ਾਮਲ ਹੋਣ ਦਾ ਵਰਣਨ ਹੈ । ਕਵਿਤਾ ਦੇ ਪੱਖ ਤੋਂ ਵੇਖਿਆਂ ਇਹ ‘ ਬੁੱਧ ਚਰਿਤ’ ਨਾਲੋਂ ਵਧੇਰੇ ਕੋਮਲ ਅਤੇ ਸੁੰਦਰ ਹੈ ।   ‘ ਗੰਡੀ ਸਤੋਤਰ ਗਾਥਾ’ ਗੀਤ– ਕਾਵਿ ਹੈ । ‘ ਸ਼ਾਰਿ– ਪੁੱਤਰ ਪ੍ਰਕਰਣ’ ਅਧੂਰਾ ਹੋਣ ਦੇ ਬਾਵਜੂਦ ਵੀ ਮਹਾਨ ਰੂਪਕ ਹੈ । ਬਹੁਤ ਸਾਰੇ ਆਲੋਚਕ ਅਸ਼ਵਘੋਸ਼ ਨੂੰ ਹੀ ਮਹਾਂ– ਕਵੀ ਕਾਲੀ ਦਾਸ ਦੀ ਪ੍ਰੇਰਣਾ ਦਾ ਸੋਮਾ ਮੰਨਦੇ ਹਨ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.