ਇਟਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਇਟਲੀ: ਦੱਖਣੀ ਯੂਰਪ ਦਾ ਇਕ ਪੁਰਤਾਨ ਦੇਸ਼ ਹੈ ਜੋ ਰੂਮ ਸਾਗਰ ਵਿੱਚ ਪ੍ਰਾਇਦੀਪ ਦੇ ਤੌਰ ਤੇ ਇਕ ਬੂਟ ਦੀ ਸ਼ਕਲ ਵਿੱਚ ਫੈਲਿਆ ਹੋਇਆ ਹੈ। ਇਟਲੀ ਦਾ ਪ੍ਰਾਇਦੀਪ ਰੂਮ ਸਾਗਰ ਵਿਚ ਸਥਿਤ ਤਿੰਨ ਵੱਡੇ ਪ੍ਰਾਇਦੀਪਾਂ ਵਿਚੋਂ ਵਿਚਕਾਰਲਾ ਹੈ। ਇਟਲੀ ਦੇ ਪੱਛਮ ਵਿਚ ਟ੍ਰਿਨੀਅਨ ਸਾਗਰ; ਦੱਖਣ ਵਿਚ ਆਈਓਨੀਅਨ ਸਾਗਰ; ਪੂਰਬ ਵਿਚ ਐਡਰਿਆਟਿਕ ਸਾਗਰ ਹਨ ਅਤੇ ਉੱਤਰ ਵਿੱਚ ਐਲਪਸ ਪਹਾੜੀ ਲੜੀ ਹੈ ਜਿਸ ਨਾਲ ਪੱਛਮ ਤੋਂ ਪੂਰਬ ਨੂੰ ਫਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਯੂਗੋਸਲਾਵੀਆ ਦੇ ਦੇਸ਼ ਲਗਦੇ ਹਨ। ਰੋਮਨ ਸਾਮਰਾਜ ਸਮੇਂ 27 ਈ. ਪੂ. ਤੋਂ 395 ਈ. ਤੱਕ ਸਾਰਾ ਪ੍ਰਇਦੀਪ ਹੀ ਇਟਲੀ ਦੇ ਰਾਜ ਵਿੱਚ ਸ਼ਾਮਲ ਸੀ। 1 ਜਨਵਰੀ, 1948 ਨੂੰ ਇਥੇ ਗਣਤੰਤਰ ਰਾਜ ਸਥਾਪਿਤ ਹੋਇਆ। ਸਿਸਲੀ, ਸਾਰਡੀਨੀਆ ਅਤੇ ਕਈ ਹੋਰ ਛੋਟੇ ਟਾਪੂ ਵੀ ਸ਼ਾਮਲ ਹਨ। ਇਸ ਦਾ ਕੁੱਲ ਖੇਤਰਫਲ 3,01,277 ਵ. ਕਿ. ਮੀ . ਅਤੇ ਕੁੱਲ ਆਬਾਦੀ 57,679,895 (2000) ਹੈ। ਇਸ ਦੀ ਰਾਜਧਾਨੀ ਰੋਮ ਹੈ।

 

ਭੂ–ਆਕ੍ਰਿਤੀ ਵਿਗਿਆਨ

ਧਰਾਤਲ–ਇਟਲੀ ਮੁੱਖ ਤੌਰ ਤੇ ਇਕ ਪਹਾੜੀ ਦੇਸ਼ ਹੈ ਜਿਸ ਦੇ 35 % ਹਿੱਸੇ ਵਿੱਚ 700 ਮੀ. ਤੋਂ ਉੱਚੀਆਂ ਪਰਬਤ ਲੜੀਆਂ, 41 % ਹਿੱਸੇ ਵਿੱਚ ਪਹਾੜੀਆਂ ਅਤੇ ਕੇਵਲ 23% ਹਿੱਸੇ ਵਿੱਚ ਮੈਦਾਨ ਹਨ।ਇਸ ਦੇਸ਼ ਵਿਚ ਦੋ ਪਹਾੜੀ ਸਿਲਸਿਲੇ ਹਨ। ਇਕ ਐਲਪਸ ਪਰਬਤਾਂ ਦਾ ਸਿਲਸਿਲਾ ਹੈ ਜੋ ਇਟਲੀ ਦੀ ਉੱਤਰੀ ਹੱਦਬੰਦੀ ਕਰਦਾ ਹੈ ਅਤੇ ਦੂਜਾ ਐਪੈਨਾਈਨਜ਼ ਪਰਬਤਾਂ ਦਾ ਹੈ ਜੋ ਇਟਲੀ ਦੇ ਸਾਰੇ ਪ੍ਰਾਇਦੀਪ ਅਤੇ ਸਿਸਲੀ ਟਾਪੂ ਵਿੱਚ ਰੀੜ ਦੀ ਹੱਡੀ ਵਾਂਗ ਫੈਲਿਆ ਹੋਇਆ ਹੈ। ਐਲਪਸ ਪਰਬਤ ਜ਼ਿਆਦਾ ਕਰਕੇ ਪੱਛਮ ਤੋਂ ਪੂਰਬ ਵੱਲ ਨੂੰ ਜੈਨੋਵਾ ਦੀ ਖਾੜੀ ਉੱਤੇ ਕਾਦੀਬੋਨਾ ਦੱਰੇ ਤੋਂ ਐਡਰਿਆਟਿਕ ਸਾਗਰ ਦੇ ਉੱਤਰੀ ਸਿਰੇ ਤੱਕ ਫੈਲੇ ਹੋਏ ਹਨ। ਇਟਲੀ ਦੀ ਸਰਹੱਦ ਤੇ ਇਨ੍ਹਾਂ ਪਹਾੜਾਂ ਦੇ ਉੱਚੇ ਭਾਗ ਨੂੰ ਐਪੇਨਾਈਨ ਗਰੁੱਪ ਆਖਦੇ ਹਨ । ਐਲਪਸ ਪਰਬਤ ਤਿੰਨ ਹਿੱਸਿਆਂ – (ੳ) ਪੱਛਮੀ ਐਲਪਸ-ਉੱਤਰ ਤੋਂ ਦੱਖਣ ਨੂੰ ਆਓਸਤਾ ਲੈ ਕੇ ਕਾਦੀ ਬੋਨਾ ਦੱਰੇ ਤੱਕ, (ਅ) ਕੇਂਦਰੀ ਐਲਪਸ –ਪੱਛਮ ਤੋਂ ਪੂਰਬ ਨੂੰ ਪੱਛਮੀ ਐਲਪਸ ਤੋਂ ਬਰੈਨਰ ਦੱਰੇ ਤੱਕ ਅਤੇ (ੲ) ਪੂਰਬੀ ਐਲਪਸ–ਪੱਛਮ ਤੋਂ ਪੂਰਬ ਨੂੰ ਬਰੈਨਰ ਤੋਂ ਈਐਸੱਟ ਤੱਕ, ਵਿਚ ਵੰਡੇ ਹੋਏ ਹਨ। ਇਨਾਂ ਪਰਬਤ ਲੜੀਆਂ ਵਿੱਚ ਚੂਨਾਂ ਪੱਥਰ ਦੀਆਂ ਪਹਾੜੀਆਂ ਵੀ ਹਨ ਜਿਨਾਂ ਵਿਚ ਭੂ-ਗਰਭਕ ਗੁਫ਼ਾਵਾਂ ਅਤੇ ਨਦੀਆਂ ਮਿਲਦੀਆ ਹਨ।ਐਲਪਸ ਪਹਾੜ ਇਟਲੀ ਦੇ ਸਾਰੇ ਹੀ ਪ੍ਰਾਇਦੀਪ ਉੱਤੇ ਲੰਬਾਈ ਦੇ ਰੁਖ ਨੂੰ ਕਾਦੀਬੋਨਾ ਦੱਰੇ ਤੋਂ ਲੈ ਕੇ ਕਾਲੇਬ੍ਰੀਆ ਤੱਕ ਫੈਲੇ ਹੋਏ ਹਨ ਜੋ ਅੱਗੇ ਸਿਸਲੀ ਦੇ ਟਾਪੂ ਤੱਕ ਵੀ ਵੱਧ ਜਾਂਦੇ ਹਨ। ਇਹ ਪਰਬਤ ਲੜੀ ਲਗਭਗ 1,200 ਕਿ. ਮੀ. ਲੰਬੀ ਹੈ ਅਤੇ ਦੋਨਾਂ ਸਿਰਿਆਂ ਤੇ 32 ਕਿ. ਮੀ. ਚੌੜੀ ਹੈ ਜਦੋਂ ਕਿ ਕੇਂਦਰ ਵਿਚ ਇਸ ਦੀ ਚੌੜਾਈ 193 ਕਿ. ਮੀ. ਹੈ। ਉੱਤਰੀ ਸਿਸਲੀ ਦੇ ਪਹਾੜ ਵੀ ਸਿਸਲੀ ਦਾ ਵੱਖਰਾ ਜਵਾਲਾਮੁਖੀ ਪਰਬਤ ਮਾਊਂਟ ਐਟਨਾ ਹੈ ਜ਼ੋ 3,270 ਮੀ . ਊਚਾ ਹੈ।ਸਾਰਡੀਨੀਆ ਵਿਚ ਦੋ ਪਹਾੜੀ ਗਰੁੱਪ ਹਨ ਜਿਨ੍ਹਾਂ ਨੂੰ ਕੈਂਪੀਦਾਨੋ ਦਾ ਮੈਦਾਨ ਵੱਖ ਕਰਦਾ ਹੈ। 

ਮੈਦਾਨ – ਇਟਲੀ ਦਾ ਸਭ ਤੋਂ ਵਿਸ਼ਾਲ ਮੈਦਾਨ ਪੋ ਘਾਟੀ ਦਾ ਹੈ ਜਿਸ ਨੇ ਇਟਲੀ ਦੇ ਕੁੱਲ 69,120 ਵ. ਕਿ . ਮੀ. ਮੈਦਾਨੀ ਖੇਤਰ ਵਿੱਚੋਂ 43,520 ਵ. ਕਿ . ਮੀ. ਥਾਂ ਰੋਕਿਆ ਹੋਇਆ ਹੈ। ਇਹ ਮੈਦਾਨ ਦਰਿਆ ਪੋ ਅਤੇ ਉਸ ਦੀਆਂ ਸਹਾਇਕ ਨਦੀਆਂ ਦੁਆਲੇ ਫੈਲਿਆ ਹੋਇਆ ਹੈ ਅਤੇ ਸਮੁੰਦਰੀ ਤਲ ਤੋਂ 100 ਤੋਂ 540 ਮੀ. ਊੱਚਾ ਹੈ। ਇਸੇ ਤਰ੍ਹਾ ਦਾ ਜਲੋਢ ਮਿੱਟੀ ਦਾ ਦੂਜਾ ਮੈਦਾਨ ਪੂਲਿਆ ਹੈ। ਸਿਸਲੀ ਵਿੱਚ ਕਾਤਾਨੀਆ ਦਾ ਮੈਦਾਨ ਸੰਤਰੇ ਮਾਲਟੇ ਦੇ ਬਾਗ਼ਾਂ ਲਈ ਪ੍ਰਸਿੱਧ ਹੈ।ਇਟਲੀ ਦੇ ਤੱਟੀ ਖੇਤਰ ਵੀ ਕਈ ਤਰਾਂ ਦੇ ਹਨ। ਕਈ ਥਾਵਾਂ ਉੱਤੇ ਸਖ਼ਤ ਚਟਾਨਾਂ ਉਚੇ ਤੱਟ ਹਨ ਅਤੇ ਕਈ ਸਥਾਨਾਂ ਉੱਤੇ

 ਉਤਰੀ ਇਟਲੀ ਦੇ ਐਲਪਾਈਨ ਖੇਤਰ ਵਿੱਚ ਲੁਗਾਨੋ ਝੀਲ ਦਾ ਦ੍ਰਿਸ਼

ਨੀਵੇਂ ਗਰੈਵਲ ਦੇ ਤੱਟ ਹਨ ਜਦੋਂ ਕਿ ਹੋਰ ਕਈ ਭਾਗਾਂ ਵਿਚ ਇਹ ਤੱਟ ਰੇਤ ਦੇ ਟਿੱਲਿਆਂ ਨੇ ਰੋਕੇ ਹੋਏ ਹਨ।

ਜਲ-ਪ੍ਰਵਾਹ – ਇਟਲੀ ਪ੍ਰਇਦੀਪ ਦੇ ਪਰਬਤਾਂ ਤੋਂ ਕਈ ਦਰਿਆ ਨਿਕਲਦੇ ਹਨ ਜਿਹੜੇ ਐਡਰਿਆਟਿਕ ਅਤੇ ਟ੍ਰੀਨੀਅਨ ਸਾਗਰਾਂ ਵਿੱਚ ਡਿੱਗਦੇ ਹਨ। ਇਟਲੀ ਦੇ ਮੁੱਖ ਦਰਿਆ ਪੋ ਆਦੀਜੇ ਆਰਨੋ, ਬਰੈਂਟਾਂ, ਲਿਰ, ਤਾਲੀਆਮੈਟੋਂ, ਤਿਬਰ ਅਤੇ ਵੋਲਤੂਰਨੋ ਹਨ। ਇਨ੍ਹਾਂ ਵਿੱਚੋਂ ਕਾਫ਼ੀ ਮਹੱਤਤਾ ਹੈ। ਬਾਕੀ ਦਰਿਆ ਛੋਟੇ ਪਰ ਤੇਜ਼ ਵਗਣ ਵਾਲੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਈ ਮਿੱਲਾਂ ਚਲਾਉਣ ਤੇ ਪਣ-ਬਿਜਲਈ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਇਨਾਂ ਤੋਂ ਇਲਾਵਾ ਕਈ ਹੋਰ ਬਰਸਾਤੀ ਦਰਿਆ ਵੀ ਹਨ।ਇਟਲੀ ਵਿੱਚ ਐਲਪਸ ਪਰਬਤਾਂ ਉੱਤੇ ਯੂਰਪ ਦੀਆਂ ਕਈ ਵੱਡੀਆ ਝੀਲਾਂ ਸਥਿਤ ਹਨ। ਕਾਮੋ, ਗਾਰਦਾ, ਜੈਓ ਅਤੇ ਲੂਗਾਨੋ ਮੁੱਖ ਐਲਪਸੀ ਝੀਲਾਂ ਹਨ। ਅਲਬਾਨੋ, ਬੋਲਸ਼ੇਨਾ, ਟਰਾਜ਼ੀਮੇਨੋ ਐਪੇਨਾਈਨ ਪਹਾੜਾਂ ਤੇ ਸਥਿਤ ਜਵਾਲਾਮੁਖ ਝੀਲਾਂ ਹਨ।

ਜਲਵਾਯੂ – ਭੂਗੋਲਿਕ ਪੱਖ ਤੋਂ ਇਟਲੀ ਸੀਤ-ੳਸ਼ਣ ਖੰਡ ਵਿਚ ਸਥਿਤ ਹੈ ਪਰ ਇਸ ਦੀ ਬਣਤਰ ਕੁਝ ਅਜਿਹੀ ਹੈ ਕਿ ਇਥੋਂ ਦੇ ਪੌਣ ਪਾਣੀ ਵਿੱਚ ਕਾਫ਼ੀ ਭਿੰਨਤਾ ਪਾਈ ਜਾਂਦੀ ਹੈ । ਐਲਪਸ ਅਤੇ ਐਪੇਨਾਈਨ ਪਹਾੜਾਂ ਦਾ ਜਲਵਾਯੂ ਉੱਤੇ ਕਾਫ਼ੀ ਅਸਰ ਹੈ। ਜਲਵਾਯੂ ਦੇ ਪੱਖੋਂ ਇਟਲੀ ਨੂੰ ਸੱਤ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ । ਉੱਤਰੀ ਹਿੱਸੇ ਵਿੱਚ ਤਾਪਮਾਨ ਨੀਵਾਂ ਰਹਿੰਦਾ ਹੈ। ਸਰਦੀਆਂ ਵਿੱਚ ਬਰਫ਼ ਪੈਂਦੀ ਹੈ ਅਤੇ ਗਰਮੀਆ ਵਿੱਚ ਵਰਖਾ ਹੁੰਦੀ ਹੈ। ਜ਼ਿਆਦਾ ਬਰਫ਼ ਪੂਰਬ ਵਿਚ ਨੀਵੀਆਂ ਪਹਾੜੀਆਂ ਉੱਤੇ ਪੈਦੀ ਹੈ । ਪੋ ਘਾਟੀ ਵਿੱਚ ਗਰਮੀਆਂ ਵਿੱਚ ਤੇਜ਼ ਗਰਮੀ ਅਤੇ ਸਰਦੀਆਂ ਵਿੱਚ ਸਖ਼ਤ ਸਰਦੀ ਪੈਂਦੀ ਹੈ। ਗਰਮੀਆਂ ਔਸਤ ਤਾਪਮਾਨ 24° ਸੈਂ ਅਤੇ ਸਰਦੀਆਂ ਦਾ 0.3° ਸੈਂ . ਹੈ। ਐਪੇਨਾਈਨ ਖੇਤਰ ਦਾ ਜਲਵਾਯੂ ਉਥੋਂ ਦੀ ਉਚਾਈ ਉੱਤੇ ਨਿਰਭਰ ਕਰਦਾ ਹੈ। ਇਥੇ ਦਰਮਿਆਨੇ ਦਰਜੇ ਦੀ ਬਰਫ਼ ਅਤੇ ਵਰਖਾ ਪੈਂਦੀ ਹੈ । ਕਈ ਵੇਰ ਦੱਖਣ ਵਿੱਚ ਚੱਕਰਵਾਤਾਂ ਦੇ ਪ੍ਰਭਾਵ ਹੇਠ ਅਚਾਨਕ ਚੌਖੀ ਮਾਤਰਾ ਵਿੱਚ ਬਰਫ਼ ਡਿਗਦੀ ਹੈ। ਸਿਸਲੀ ਅਤੇ ਸਾਰਡੀਨੀਆ ਦੇ ਚਾਰੇ ਪਾਸੇ ਸਮੁੰਦਰ ਹੋਣ ਕਰਕੇ ਇਥੇ ਦਾ ਤਾਪਮਾਨ ਇਟਲੀ ਦੀ ਮੁੱਖ ਭੂਮੀ ਤੋਂ ਵੱਧ ਰਹਿੰਦਾ ਹੈ । ਇਥੇ ਔਸਤ ਸਾਲਾਨਾ ਤਾਪਮਾਨ 18.2° ਸੈਂ . ਅਤੇ ਵਰਖਾ 56° ਸੈਂ . ਮੀ . ਹੈ। ਸਾਰਡੀਨੀਆ ਦੇ ਮੌਸਮ ਵਿਚ ਆਮ ਤੌਰ ਤੇ ਅਸਿਥਰਤਾ ਵੇਖਣ ਵਿੱਚ ਆਉਂਦੀ ਹੈ।

ਬਨਸਪਤੀ ਅਤੇ ਜੀਵ-ਜੰਤੂ – ਜਲਵਾਯੂ ਦੇ ਵਖਰੇਵੇਂ ਕਾਰਨ ਇਥੋਂ ਦੀ ਬਨਸਪਤੀ ਵੀ ਭਿੰਨ ਭਿੰਨ ਕਿਸਮ ਦੀ ਹੈ। ਪਰਬਤਾਂ ਉੱਤੇ ਕੋਨਧਾਰੀ ਦਰੱਖਤਾਂ ਦੇ ਜੰਗਲ ਹਨ ਜ਼ਿਨਾਂ ਵਿੱਚ ਸਰੂ, ਦਿਉਦਾਰ, ਚੀਲ ਅਤੇ ਫਰ ਮੁੱਖ ਹਨ । ਤੱਟ ਦੇ ਨੀਵੇਂ ਖੇਤਰਾ ਵਿਚ ਕਈ ਸਥਾਨਾਂ ਤੇ ਸਦਾ-ਬਹਾਰ ਜੰਗਲ ਮਿਲਦੇ ਹਨ। ਪੋ ਵਾਦੀ ਵਿਚ ਨਦੀਆਂ ਦੇ ਕੰਢਿਆ ਨਾਲ ਜੰਗਲੀ ਘਾਹ ਮਿਲਦਾ ਹੈ । ਐਪੇਨਾਈਨ ਪਰਬਤਾਂ ਤੇ ਮੁੱਖ ਤੌਰ ਤੇ ਬਲੂਤ ਦਾ ਦਰਖ਼ੱਤ ਪਾਇਆ ਜਾਂਦਾ ਹੈ।ਜਾਨਵਰਾ ਵਿੱਚੋਂ ਕਾਲਾ ਰਿੱਛ ਹੀ ਪਹਾੜਾਂ ਉੱਤੇ ਵੇਖਣ ਵਿਚ ਆਉਂਦਾ ਹੈ । ਛੋਟੇ ਜਾਨਵਰਾਂ ਵਿੱਚੋਂ ਖ਼ਰਗੋਸ਼, ਪਹਾੜੀ ਚੂਹਾ ਅਤੇ ਵਣਬਲਾ ਮਿਲਦੇ ਹਨ। ਸੁਨਹਿਰੀ ਬਾਜ਼ ਅਤੇ ਭਟਿੱਟਰ ਇਥੇ ਦੇ ਮੁੱਖ ਪੰਛੀ ਹਨ।

ਇਤਿਹਾਸ – ਇਟਲੀ ਦਾ ਪਹਿਲਾ ਇਤਿਹਾਸ ਰੋਮ ਦੇ ਇਤਿਹਾਸ ਨਾਲ ਹੀ ਸ਼ੁਰੂ ਹੁੰਦਾ ਹੈ। ਇਟਲੀ ਵਿੱਚ ਪਹਿਲਾਂ ਕਈ ਕਬੀਲੇ ਆ ਕੇ ਵਸੇ ਜਿਨ੍ਹਾਂ ਵਿਚ ਇਟਰਸਕਨ, ਆਸਕਨ, ਲਾਤੀਨੀ ਅੰਬ੍ਰਾਈਨ ਅਤੇ ਸਬਾਈਨ ਸ਼ਾਮਲ ਹਨ। ਲਾਤੀਨੀਆਂ ਨੇ ਪਹਿਲਾਂ ਕੇਂਦਰੀ ਹਿੱਸਾ ਰੋਕ ਲਿਆ ਅਤੇ ਬਾਅਦ ਵਿਚ ਸਾਰੇ ਪ੍ਰਾਇਦੀਪ ਤੇ ਹੀ ਕਬਜ਼ਾ ਕਰ ਲਿਆ। ਇਟਲੀ ਦਾ ਰੋਮਨਾਂ ਤੋਂ ਪਿੱਛੋਂ ਦਾ ਇਤਿਹਾਸ 476 ਈ. ਤੋ ਸ਼ੁਰੂ ਹੁੰਦਾ ਹੈ ਜਦੋਂ ਗਾੱਥਿਕ ਹਮਲਾਵਰਾਂ ਨੇ ਓਡੋਂਸਰ ਨੂੰ ਇਟਲੀ ਦੇ ਬਾਦਸ਼ਾਹ ਹੋਣ ਦਾ ਐਲਾਨ ਕੀਤਾ। ਮਹਾਨ ਥੀਆਡਰਿਕ ਜੋ ਆੱਸਟਰੋਗਾਥਾ ਦਾ ਬਾਦਸ਼ਾਹ ਸੀ, ਨੇ 493 ਈ. ਵਿਚ ਇਟਲੀ ਤੇ ਕਬਜ਼ਾ ਕਰਕੇ ਇਕ ਚੰਗਾ ਰਾਜ ਸਥਾਪਿਤ ਕੀਤਾ। ਜਸਤੀਨੀਅਨ ਨੇ 552 ਈ. ਵਿੱਚ ਆੱਸਟਰੋਗਾਥਾ ਦਾ ਖ਼ਾਤਮਾ ਕੀਤਾ ਅਤੇ ਫਿਰ ਕੁਝ ਸਮੇਂ ਲਈ ਇਟਲੀ ਉੱਤੇ ਕੁਸਤੁੱਨੀਆ ਦਾ ਰਾਜ ਵੀ ਰਿਹਾ। ਸੰਨ 568 ਵਿਚ ਜਰਮੇਨਿਕ ਲੰਬਰਡਜ਼ ਨੇ ਇਸ ਉੱਤੇ ਆਪਣਾ ਕਬਜ਼ਾ ਕੀਤਾ ਅਤੇ 800 ਈ. ਵਿੱਚ ਚਾਰਲੇਮੇਨ ਇਥੋਂ ਦਾ ਬਾਦਸ਼ਾਹ ਬਣਿਆ ।ਸੰਨ 962 ਵਿਚ ਜਰਮਨ ਦੇ ਆਟੋ ਪਹਿਲੇ ਦੇ ਇਟਲੀ ਦੇ ਬਾਦਸ਼ਾਹ ਬਣਨ ਤੱਕ ਕੈਰੋਲਿੰਗੀਅਨ ਖ਼ਾਨਦਾਨ ਦੇ ਅੱਠ ਬਾਦਸ਼ਾਹਾਂ ਨੇ ਇਟਲੀ ਤੇ ਰਾਜ ਕੀਤਾ। ਸੰਨ 1806 ਤੀਕ ਨੈਪੋਲੀਅਨ ਦੇ ਖ਼ਾਤਮੇ ਤਕ ਰੋਮਨ ਦੀ 'ਹੋਲੀ ਐਂਪਾਇਰ' ਵਿੱਚ ਜਰਮਨੀ ਅਤੇ ਉੱਤਰੀ ਇਟਲੀ ਸ਼ਾਮਲ ਸਨ ਫ਼ਰਾਂਸ ਇਸ ਵਿਚ ਸਾਮਲ ਨਹੀਂ ਸੀ। ਦੋ ਸਦੀਆਂ ਤੋਂ ਵੀ ਵੱਧ ਸਮਾਂ ਜਰਮਨ ਬਾਦਸ਼ਾਹਾਂ ਨੇ ਲਿਖਤੀ ਤੌਰ ਤੇ ਉੱਤਰੀ ਇਟਲੀ ਰਾਜ ਕੀਤਾ ਸੀ। ਸਮੇਂ ਸਮੇਂ ਉੱਤੇ ਬਾਦਸ਼ਾਹਾਂ, ਪੋਪਾਂ ਅਤੇ ਆਜ਼ਾਦ ਰਿਆਸਤਾਂ ਦਾ ਸਰਦਾਰੀ ਬਾਰੇ ਝਗੜਾ ਚਲਦਾ ਰਿਹਾ। ਬਾਰ੍ਹਵੀਂ ਸਦੀ ਵਿੱਚ ਗਵੈਲਫਸ ਬਾਦਸ਼ਾਹ ਦੇ ਵਿਰੋਧੀਆਂ ਅਤੇ ਗਿਬਲੀਨਾਂ ਬਾਦਸ਼ਾਹਾਂ ਦੇ ਹਾਮੀਆਂ ਵਿਚਕਾਰ ਬਹੁਤ ਝਗੜਾ ਚੱਲਿਆ । ਸੰਨ 1183 ਵਿੱਚ ਲੀਗ ਆਫ਼ ਲੰਬਰਡ ਦੀ ਪੂਰਨ ਜਿੱਤ ਹੋ ਗਈ ਅਤੇ ਜੈਨੋਵਾ, ਵੀਨਸ, ਮਿਲਨ ਅਤੇ ਪੀਸਾ ਆਪਣੀਆਂ ਇੱਛਾਵਾਂ ਅਨੁਸਾਰ ਵਸਣ ਲੱਗੇ ਪਰ 1310 ਈ. ਵਿਚ ਲਕਸਮਬਰਗ ਦੇ ਬਾਦਸ਼ਾਹ ਹੈਨਰੀ ਸੱਤਵੇਂ ਨੇ ਐਲਪਸ ਪਰਬਤ ਪਾਰ ਕਰਕੇ ਗਿਬਲੀਨਾਂ ਨੂੰ ਫਿਰ ਆਸ਼ਾਵਾਦੀ ਬਣਾਇਆ ਪਰ ਛੇਤੀ ਹੀ ਹਾਰ ਗਿਆ। ਇਨ੍ਹਾਂ ਦੋ ਸਦੀਆਂ ਵਿਚ ਜਰਮਨੀ ਦੇ ਬਦਲਦੇ ਹੋਏ ਸ਼ਾਹੀ ਘਰਾਣੇ ਇਟਲੀ ਦੇ ਬਾਦਸ਼ਾਹ ਬਣਦੇ ਰਹੇ।ਪੰਦਰ੍ਹਵੀਂ ਸਦੀ ਦੇ ਅੰਤ ਵਿੱਚ ਥੋੜ੍ਹੇ ਸਮੇਂ ਲਈ ਇਟਲੀ ਬਦੇਸ਼ੀ ਰਾਜ ਤੋਂ ਆਜ਼ਾਦ ਹੋਇਆ ਪਰ 16ਵੀ. ਸਦੀ ਦੇ ਸ਼ੁਰੂ ਵਿਚ ਹੀ ਉਹ ਫਿਰ ਯੂਰਪੀ ਰਾਜਨੀਤੀ ਦੇ ਕਾਬੂ ਵਿਚ ਆ ਗਿਆ। ਸਪੇਨੀ ਤਾਕਤ ਉਨਾਂ ਦਿਨਾਂ ਵਿਚ ਚੜ੍ਹਦੀਆਂ ਕਲਾ ਵਿੱਚ ਸੀ ਅਤੇ ਫ਼ਰਾਂਸ ਨਾਲ ਉਸ ਦੀ ਲੜਾਈ ਜਾਰੀ ਸੀ। ਸਪੇਨ, ਫ਼ਰਾਂਸ ਅਤੇ ਆਸਟਰੀਆ ਦੀ ਆਪਸ ਵਿਚ ਰੋਮ ਦੇ ਇਲਾਕਿਆਂ ਉੱਤੇ ਕਬਜ਼ਾ ਕਰਨ ਲਈ ਖਿਚੋਤਾਣ ਹੋਣ ਲਗ ਪਈ। ਜਦੋ-ਜਹਿਦ ਇਨ੍ਹਾਂ ਵਿਚਕਾਰ ਨੈਪੋਲੀਅਨ ਦੇ ਹਮਲੇ ਤੱਕ ਜਾਰੀ ਰਹੀ।18 ਮਈ, 1804 ਨੂੰ ਨੈਪੋਲੀਅਨ ਨੇ ਇਟਲੀ ਉੱਤੇ ਆਪਣੇ ਅਧਿਕਾਰ ਦਾ ਐਲਾਨ ਕੀਤਾ ਅਤੇ 26 ਮਈ, 1805 ਨੂੰ ਮਿਲਾਨ ਦੇ ਗਿਰਜੇ ਵਿੱਚ ਨੈਪੋਲੀਅਨ ਨੇ ਇਟਲੀ ਦੇ ਲੰਬਾਰਡ ਬਾਦਸ਼ਾਹਾਂ ਵਾਲਾ ਲੋਹੇ ਦਾ ਤਾਜ ਪਹਿਨਿਆ। ਇਟਲੀ ਊੱਤੇ ਨੈਪੋਲੀਅਨ ਦਾ ਰਾਜ ਭਾਵੇਂ ਥੋੜ੍ਹਾ ਚਿਰ ਹੀ ਰਿਹਾ ਫਿਰ ਵੀ ਨੈਪੋਲੀਅਨ ਦੀ ਹਕੂਮਤ ਨੇ ਇਟਲੀ ਦੀ ਕੌਮ ਵਿੱਚ ਏਕਤਾ ਅਤੇ ਅਨੁਸ਼ਾਸਨ ਦੀ ਅਜਿਹੀ ਭਾਵਨਾ ਪੈਦਾ ਕੀਤੀ ਜੋ ਉਸ ਨੂੰ ਆਜ਼ਾਦ ਹੋਣ ਲਈ ਲਗਾਤਾਰ ਪ੍ਰੇਰਦੀ ਰਹੀ। ਨਵੀਂ ਸੰਧੀ ਅਨੁਸਾਰ ਇਟਲੀ ਭਾਵੇਂ ਆਸਟਰੀਆ ਦੀ ਨਿਗਰਾਨੀ ਹੇਠ ਆ ਗਿਆ ਪਰ ਇਸ ਦੇ ਕਬਜ਼ੇ ਵਿਚੋਂ ਨਿਕਲਣ ਲਈ ਅੰਦਰੂਨੀ ਤੌਰ ਤੇ ਯਤਨ ਕਰਦਾ ਰਿਹਾ।ਸੰਨ 1831 ਵਿੱਚ ਇਟਲੀ ਦੇ ਮਸ਼ਹੂਰ ਦੇਸ਼ ਭਗਤ ਜੋਸਫ਼ ਮੈਜ਼ਿਨੀ ਨੇ ਮਾਰਸੇਲ ਵਿੱਚ ਜਲਾਵਤਨ ਦੇਸ਼-ਭਗਤਾਂ ਦੀ ਇਕ 'ਜਿਓਵਿਨੇ ਇਤਾਲੀਆ' (ਨੌਜਵਾਨ ਇਤਾਲਵੀ) ਨਾਂ ਦੀ ਸੰਸਥਾ ਕਾਇਮ ਕੀਤੀ ਜਿਸ ਦਾ ਟੀਚਾ ਇਟਲੀ ਨੂੰ ਆਜ਼ਾਦ ਕਰਾਉਣਾ ਸੀ।ਮੈਜ਼ਿਨੀ ਦੇ ਆਜ਼ਾਦੀ ਦੇ ਐਲਾਨ ਨੂੰ ਅਸਲ ਰੂਪ ਅਪ੍ਰੈਲ, 1849 ਵਿੱਚ ਜਨਰਲ ਗੈਰੀਬਾਲਦੀ ਨੇ ਦਿੱਤਾ। ਗੈਰੀਬਾਲਦੀ ਦੀ ਅਗਵਾਈ ਹਠ ਹਜ਼ਾਰਾਂ ਨੌਜਵਾਨਾਂ ਨੇ ਫ਼ਰਾਂਸ, ਸਪੇਨ, ਆਸਟਰੀਆ ਅਤੇ ਨੇਪਲਜ਼ ਦੀਆਂ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਭਾਵੇਂ ਇਹ ਦੇਸ਼-ਭਗਤਾਂ ਦੀ ਫ਼ੌਜ ਇਨ੍ਹਾਂ ਬਦੇਸ਼ੀ ਤਾਕਤਾਂ ਨੂੰ ਰੋਕ ਨਾ ਸਕੀ ਅਤੇ ਗੈਰੀਬਾਲਦੀ ਨੂੰ ਆਪਣੀ ਮਾਤ-ਭੂਮੀ ਛੱਡ ਕੇ ਅਮਰੀਕਾ ਭੱਜਣਾ ਪਿਆ ਜਿਥੋਂ ਉਹ 1854 ਈ. ਵਿਚ ਇਟਲੀ ਆਇਆ ਸੀ ਫਿਰ ਵੀ ਆਜ਼ਾਂਦੀ ਦੇ ਇਸ ਅਸਫ਼ਲ ਯਤਨ ਨੇ ਇਟਲੀ ਦੀ ਕੌਮ ਅੰਦਰ ਦੇਸ਼ ਭਗਤੀ ਦੀ ਰੂਹ ਫੂਕ ਦਿੱਤੀ।ਸੰਨ 1859 ਵਿੱਚ ਗੈਰੀਬਾਲਦੀ ਕੁਝ ਹੋਰ ਦੇਸ਼-ਭਗਤਾਂ ਨਾਲ ਅਮਰੀਕਾ ਤੋਂ ਵਾਪਸ ਪਰਤ ਆਇਆ ਅਤੇ ਇਨ੍ਹਾਂ ਦੇਸ਼-ਭਗਤਾਂ ਨੇ ਆਮ ਜਨਤਾ ਦੀ ਸਹਾਇਤਾ ਨਾਲ ਸਿਸਲੀ ਉੱਤੇ ਕਬਜ਼ਾ ਕਰ ਲਿਆ। ਸਿਸਲੀ ਦੀ ਜਿੱਤ ਮਗਰੋਂ 20,000 ਫ਼ੌਜ ਨਾਲ ਗੈਰੀਬਾਲਦੀ ਦੱਖਣੀ ਇਟਲੀ ਵਿੱਚ ਦਾਖ਼ਲ ਹੋਇਆ। ਮਾਰਚ, 1861 ਵਿਕਟਰ ਐਮੇਨੁਅਲ ਨੂੰ ਪਾਰਲੀਮੈਂਟ ਵਿੱਚ ਇਟਲੀ ਦਾ ਬਾਦਸ਼ਾਹ ਮੰਨ ਲਿਆ ਗਿਆ।ਪਹਿਲੇ ਵਿਸ਼ਵ ਯੁੱਧ ਦੌਰਾਨ ਇਟਲੀ ਵੀ ਇਤਿਹਾਦੀਆਂ ਦੇ ਪੱਖ ਵਿੱਚ 1916 ਈ. ਨੂੰ ਲੜਾਈ ਵਿੱਚ ਸ਼ਾਮਲ ਹੋ ਗਿਅ। ਇਸ ਲੜਾਈ ਵਿਚ ਇਟਲੀ ਦੇ ਲਗਭਗ 6 ਲੱਖ ਸਿਪਾਹੀ ਮਾਰੇ ਗਏ ਅਤੇ 10 ਲੱਖ ਬੁਰੀ ਤਰਾਂ ਜ਼ਖ਼ਮੀ ਹੋਏ। ਇਸ ਲੜਾਈ ਤੋਂ ਬਾਅਦ ਦੇਸ਼ ਦੀ ਰਾਜਨੀਤਿਕ ਹਾਲਤ ਕੁਝ ਅਜਿਹੀ ਬਣ ਗਈ ਕਿ ਅਕਤੂਬਰ, 1922 ਨੂੰ ਇਟਲੀ ਵਿੱਚ ਮਸੋਲੀਨੀ ਦੀ ਅਗਵਾਈ ਹੇਠ ਫਾਸਿਸਟ ਵਜ਼ਾਰਤ ਕਾਇਮ ਹੋ ਗਈ। ਦੂਜੇ ਵਿਸ਼ਵ ਯੁੱਧ ਵਿੱਚ ਇਟਲੀ, ਇਤਿਹਾਦੀਆਂ ਦੀਆਂ ਵਿਰੋਧੀ ਤਾਕਤਾਂ ਨਾਲ ਸੀ। ਇਤਿਹਾਦੀਆਂ ਦੀ ਜਿੱਤ ਨਾਲ ਇਟਲੀ ਵਿੱਚੋਂ ਫਾਸਿਸਟ ਤਾਕਤ ਦਾ ਖ਼ਾਤਮਾ ਹੋ ਗਿਆ। ਸੰਨ 1948 ਦੇ ਨਵੇਂ ਵਿਧਾਨ ਅਨੁਸਾਰ ਇਟਲੀ ਨੇ ਵਿਧਾਨਿਕ ਰਾਜਤੰਤਰ ਨੂੰ ਖ਼ਤਮ ਕਰਕੇ ਗਣਤੰਤਰ ਹੋਣ ਦਾ ਐਲਾਨ ਕਰ ਦਿੱਤਾ।

ਆਰਥਿਕਤਾ – ਇਟਲੀ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੀ ਆਰਥਿਕ ਉੱਨਤੀ ਕੀਤੀ ਹੈ। ਇਸ ਲੜਾਈ ਵਿੱਚ ਉਸ ਦੀ ਬਹੁਤ ਸਾਰੀ ਮਸ਼ੀਨਰੀ ਤਬਾਹ ਹੋ ਗਈ ਸੀ।

ਕੁਦਰਤੀ ਸਾਧਨ – ਕੁਦਰਤੀ ਸਾਧਨਾਂ ਪੱਖੋਂ ਇਟਲੀ, ਯੂਰਪ ਦਾ ਸਭ ਤੋਂ ਗਰੀਬ ਮੁਲਕ ਹੈ । ਇਟਲੀ ਵਿੱਚ ਮੁੱਖ ਖਣਿਜ ਭੰਡਾਰ ਗੰਧਕ, ਪਾਰਾ, ਪਹਾੜੀ ਲੂਣ ਅਤੇ ਸੰਗਮਰਮਰ ਦੇ ਹਨ। ਕੋਲੇ, ਕੱਚੇ ਲੋਹੇ, ਤੇਲ ਅਤੇ ਕੁਦਰਤੀ ਗੈਸ ਦੀ ਬਹੁਤ ਘਾਟ ਹੈ। ਇਟਲੀ ਆਪਣੀ ਲੋੜ ਦਾ ਕੇਵਲ 15% ਹਿੱਸਾ ਕੋਲਾ ਪੈਦਾ ਕਰਦਾ ਹੈ । ਤੇਲ ਅਤੇ ਕੁਦਰਤੀ ਗੈਸ ਦੇ ਭੰਡਾਰ ਲਗਭਗ ਖ਼ਤਮ ਹੋ ਚੁਕੇ ਹਨ। ਇਹ ਆਸ ਕੀਤੀ ਜਾਂਦੀ ਹੈ ਕਿ ਸ਼ਾਇਦ ਸਿਸਲੀ ਵਿੱਚ ਕਾਫ਼ੀ ਤੇਲ ਨਿਕਲ ਸਕੇ। ਲੋਹੇ ਦੇ ਉਤਪਾਦਨ ਵਿੱਚ ਇਟਲੀ ਕੇਵਲ 10% ਲੋੜਾਂ ਹੀ ਪੂਰੀਆਂ ਕਰਦਾ ਹੈ। ਇਟਲੀ ਖਣਿਜ ਉਤਪਾਦਨ ਦੇ ਮੁੱਖ ਕੇਂਦਰ ਸਿਸਲੀ, ਸਾਰਡੀਨੀਆ, ਤਸਕਾਨੀ ਅਤੇ ਲੰਬਾਰਡੀ ਹਨ।ਇਟਲੀ ਦੀ ਆਮਦਨ ਦਾ ਇਕ ਹੋਰ ਸਾਧਨ ਇਥੋਂ ਦੇ ਜੰਗਲ ਹਨ । ਇਸ ਤੋਂ ਇਲਾਵਾ ਸਮੁੰਦਰੀ ਮੱਛੀ ਤੋਂ ਵੀ ਕਾਫ਼ੀ ਆਮਦਨ ਹੁੰਦੀ ਹੈ। ਸੰਨ 1990 ਵਿੱਚ ਇਟਲੀ ਨੇ 5,25,200 ਮੀਟ੍ਰਿਕ ਟਨ ਮੱਛੀ ਸਮੁੰਦਰਾਂ ਵਿੱਚੋਂ ਪ੍ਰਾਪਤ ਕੀਤੀ।

ਖੇਤੀਬਾੜੀ – ਸੰਨ 1997 ਵਿੱਚ ਇਟਲੀ ਦੇ ਕੁੱਲ ਰਕਬੇ ਵਿੱਚੋਂ 18,605 ਵ.ਕਿ.ਮੀ. ਖੇਤੀਬਾੜੀ ਅਧੀਨ ਸੀ। ਖੇਤੀਬਾੜੀ ਦਾ ਬਹੁਤ ਕੰਮ ਪੋ ਘਾਟੀ ਵਿੱਚ ਅਤੇ ਤੱਟੀ ਮੈਦਾਨ ਉੱਤੇ ਹੀ ਹੁੰਦਾ ਹੈ। ਇਥੋਂ ਦੀਆਂ ਮੁੱਖ ਫ਼ਸਲਾਂ ਕਣਕ, ਜੌ, ਰਾਈ, ਮੱਕੀ, ਚੌਲ, ਚੁਕੰਦਰ, ਆਲੂ ਅਤੇ ਤੇਲਾਂ ਦੇ ਬੀਜ ਹਨ। ਫ਼ਲਾਂ ਦੀ ਖੇਤੀ ਵੀ ਪਹਾੜਾਂ ਦੇ ਪੈਰਾਂ ਵਿਚ ਪੱਧਰੇ ਮੈਦਾਨਾਂ ਅਤੇ ਸਮੁੰਦਰੀ ਤੱਟਾਂ ਤੇ ਹੀ ਹੁੰਦੀ ਹੈ । ਸੰਤਰਾ-ਮਾਲਟਾ ਇਥੋਂ ਦੇ ਮੁੱਖ ਫ਼ਲ ਹਨ।ਐਲਪਸ ਅਤੇ ਐਪੇਨਾਈਨ ਪਹਾੜਾਂ ਉੱਤੇ ਮੁੱਖ ਕਿੱਤਾ ਪਸ਼ੂ ਪਾਲਣਾ ਹੈ। ਪਸ਼ੂਆਂ ਵਿੱਚੋਂ ਗਊਆਂ, ਸੂਰ, ਭੇਡਾਂ ਬੱਕਰੀਆਂ, ਖੱਚਰਾਂ ਅਤੇ ਘੋੜੇ ਮੁੱਖ ਹਨ।

 ਸੇਟ ਫਰਿਜੀਡੇਨੀਅਨ ਦੁਆਰਾ ਛੇਵੀਂ ਸਦੀ ਵਿੱਚ ਲੁਕਾ ਵਿਖੇ ਸਥਾਪਿਤ ਸੇਨ ਮਾਰਟੀਨੋ ਦੇ ਕੈਥੀਡ੍ਰਲ ਦਾ ਇਕ ਦ੍ਰਿਸ਼

 

ਇਟਲੀ ਦੇ ਸ਼ਹਿਰ ਵੀਨਸ ਵਿਖੇ ਨਹਿਰ ਦੇ ਕੰਢੇ ਵਿਖਾਈ ਦਿੰਦੀ ਚਰਚ ਸੈਂਟਾ ਮਾਰੀਆ ਡੈਲਾ ਸੈਲੂਟ ਦਾ ਇਕ ਦ੍ਰਿਸ਼

 

ਇਟਲੀ ਦੇ ਮਿਲਾਨ ਸ਼ਹਿਰ ਦਾ ਰੇਲਵੇ ਸਟੇਸ਼ਨ

ਇਟਲੀ ਦੇ ਸ਼ਹਿਰ ਵੀਨਸ ਵਿਖੇ ਸੈਨ ਜਾੱਰਜੋ ਮਜੋਰੀ ਦਾ ਗੁੰਬਦਨੁਮਾ ਗਿਰਜਾਘਰ

 

ਨੌਵੀਂ ਸਦੀ ਵਿੱਚ ਰੋਮਨ ਬਾਜ਼ਨਤੀਨੀ ਸ਼ੈਲੀ ਬਣੇ ਸੇਂਟ ਮਾਰਕ ਚਰਚ ਦੇ ਸਾਹਮਣੇ ਸੇਂਟ ਮਾਰਕ ਚੌਕ ਵਿੱਚ ਕਬੂਤਰਾਂ ਨੂੰ ਦਾਣਾ ਪਾਉਂਦੇ ਕੁਝ ਲੋਕ

 

ਸੰਨ 1860 ਵਿੱਚ ਟੇਆਨੋ ਦੇ ਪੁਲ ਉੱਤੇ ਵਿਕਟਰ ਇਮੈਨੂਅਲ ਦੂਜੇ ਅਤੇ ਗੈਰੀਬਾਲਡੀ ਦੀ ਮੁਠਭੇੜ ਦਾ ਇਕ ਦ੍ਰਿਸ਼

 ਸੱਨਅਤਾ – ਕਪੜਾ ਉਦਯੋਗ ਇਟਲੀ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਉਦਯੋਗ ਹੈ। ਸੰਨ 1950 ਤੋਂ ਲੋਹਾ ਤੇ ਫ਼ੌਲਾਦ ਉਦਯੋਗ ਨੇ ਵੀ ਕਾਫ਼ੀ ਤਰੱਕੀ ਕੀਤੀ ਹੈ। ਰਿਫ੍ਰੱਜਰੇਟਰ, ਬਿਜਲੀ ਦਾ ਸਮਾਨ ਤੇ ਮੋਟਰਕਾਰਾਂ ਦਾ ਵੱਡੀ ਮਾਤਰਾ ਵਿੱਚ ਉਤਪਾਦਨ ਹੁੰਦਾ ਹੈ। ਇਸ ਤੋਂ ਇਲਾਵਾ ਇਥੇ ਰਸਾਇਣਿਕ ਪਦਾਰਥ ਦੇ ਅਤੇ ਖੰਡ ਦੇ ਕਾਫ਼ੀ ਕਾਰਖਾਨੇ ਹਨ।

ਆਵਾਜਾਈ –ਦੇਸ਼ ਵਿਚ ਆਵਾਜਾਈ ਰੇਲਾਂ, ਸੜਕਾਂ ਤੇ ਸਮੁੰਦਰੀ ਤਿੰਨਾਂ ਮਾਰਗਾਂ ਰਾਹੀਂ ਹੁੰਦੀ ਹੈ। ਰੇਲਾਂ ਬਹੁਤ ਦੇਰ ਦੀਆਂ ਚਲਦੀਆ ਹਨ ਪਰ ਦੂਜੇ ਵਿਸ਼ਵ ਯੁੱਧ ਵਿੱਚ ਇਸ ਦਾ ਬਹੁਤ ਸਾਰਾ ਹਿੱਸਾ ਤਬਾਹ ਹੋ ਗਿਆ ਸੀ ਜਿਹੜਾ ਦੁਬਾਰਾ ਆਧੁਨਿਕ ਢੰਗਾਂ ਨਾਲ ਉੱਨਤ ਕੀਤਾ ਗਿਆ ਹੈ। ਵੱਖ ਵੱਖ ਕਿਸਮ ਦੇ ਮਾਰਗਾਂ ਦੀ ਲੰਬਾਈ ਇਸ ਤਰ੍ਹਾਂ ਹੈ -ਸੜਕਾਂ- 6,54,676 ਕਿ.ਮੀ. (1997); ਰੇਲਾਂ-19,485 ਕਿ.ਮੀ.(1995) ਹੈ। ਦੇਸ਼ ਅੰਦਰ 30 ਹਵਾਈ ਅੱਡੇ ਹਨ ਜਿੱਥੋਂ ਹਵਾਈ ਜਹਾਜ਼ ਲਗਾਤਾਰ ਉਡਾਣਾਂ ਭਰਦੇ ਹਨ।ਸੰਨ 1990 ਵਿੱਚ ਇਟਲੀ ਵਿੱਚ 14,464 ਡਾਕਖ਼ਾਨੇ ਅਤੇ 32,037 ਟੈਲੀਫ਼ੋਨ ਸੈੱਟ ਸਨ।

ਵਪਾਰ – ਇਟਲੀ ਬਦੇਸ਼ਾਂ ਨੂੰ ਫ਼ਲ, ਸਬਜ਼ੀਆਂ, ਕਪੜਾ, ਮਸ਼ੀਨਰੀ ਅਤੇ ਪੈਟਰੋਲ ਦੀਆਂ ਸਹਿ-ਉਪਜਾਂ ਭੇਜਦਾ ਹੈ ਅਤੇ ਅਨਾਜ, ਉੱਨ, ਕੋਲਾ ਪੈਟਰੋਲ, ਕਾਗਜ਼, ਲੋਹਾ, ਫੌਲਾਦ ਅਤੇ ਮੋਟਰਾਂ ਬਾਹਰੋਂ ਮੰਗਵਾਉਂਦਾ ਹੈ। ਇਟਲੀ ਦਾ ਮੁੱਖ ਵਪਾਰ ਅਰਜਨਟੀਨਾ, ਆਸਟ੍ਰੇਲੀਆ, ਆਸਟਰੀਆ, ਫ਼ਰਾਂਸ, ਜਰਮਨੀ, ਜਾਪਾਨ, ਸੰਯੁਕਤ ਰਾਜ ਅਮਰੀਕਾ ਅਤੇ ਬੈਲਜੀਅਮ ਨਾਲ ਹੁੰਦਾ ਹੈ।ਲੋਕ ਇਤਿਹਾਸ ਕਾਲ ਵਿੱਚ ਇਸ ਪ੍ਰਾਇਦੀਪ ਦੀ ਵਸੋਂ ਬਹੁਤ ਘੱਟ ਸੀ। ਹੁਣ ਵੀ ਪਹਾੜੀ ਧਰਤੀ ਅਤੇ ਸੱਨਅਤੀ ਵਿਕਾਸ ਘੱਟ ਹੋਣ ਕਰਕੇ ਯੂਰਪ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਇਥੇ ਵਸੋਂ ਘੱਟ ਹੈ। ਇਥੋਂ ਦੇ ਲੋਕ ਜ਼ਿਆਦਾ ਕਰਕੇ ਸਾਂਵਲੇ ਰੰਗ ਅਤੇ ਮਧਰੇ ਕੱਦ ਦੇ ਹਨ। ਉੱਤਰੀ ਇਟਲੀ ਵਿੱਚ ਬਹੁਤੇ ਲੋਕ ਜਰਮਨ ਗਰੁੱਪ ਦੇ ਹਨ ਅਤੇ ਦੱਖਣੀ ਇਟਲੀ ਦੇ ਬਹੁਤੇ ਲੋਕਾਂ ਦਾ ਸਬੰਧ ਯੂਨਾਨੀ ਬਸਤੀਵਾਦਾਂ ਨਾਲ ਹੈ।ਇਟਲੀ ਵਿੱਚ ਰਹਿਣ ਵਾਲੇ ਬਦੇਸ਼ੀਆਂ ਵਿੱਚ ਫ਼ਰਾਂਸੀਸੀ, ਅਲਬਾਨੀ, ਯੂਨਾਨੀ, ਜਰਮਨ ਅਤੇ ਸਪੇਨੀ ਸ਼ਾਮਲ ਹਨ। ਇਥੋਂ ਦੇ ਲੋਕਾਂ ਦਾ ਧਰਮ ਮੁੱਖ ਤੌਰ ਤੇ ਰੋਮਨ ਕੈਥੋਲਿਕ ਹੈ ਪਰ ਇਸ ਤੋਂ ਬਿਨਾ ਕਈ ਹੋਰ ਧਰਮਾਂ ਦੇ ਲੋਕ ਵੀ ਇਥੇ ਰਹਿੰਦੇ ਹਨ।ਇਟਲੀ ਦੇ ਲੋਕਾਂ ਦੀ ਭਾਸ਼ਾ ਵੀ ਪੁਰਾਤਨ ਰੋਮਨ ਲੋਕਾਂ ਵਾਲੀ ਲਾਤੀਨੀ ਹੀ ਹੈ। ਕੌਮੀ ਭਾਸ਼ਾ ਵਿੱਚ ਸਥਾਨਕ ਫ਼ਰਕ ਕਾਫ਼ੀ ਵੇਖਣ ਵਿੱਚ ਆਉਂਦਾ ਹੈ । ਇਥੋਂ ਦੀ ਸਾਹਿਤਕ ਭਾਸ਼ਾ, ਫਲੋਰਿਨਟਾਈਨ ਉਪ-ਭਾਸ਼ਾ ਉੱਤੇ ਅਧਾਰਿਤ ਹੈ । ਰੋਮ ਜੋ ਇਟਲੀ ਦੀ ਰਾਜਧਾਨੀ ਹੈ, ਇਥੋਂ ਦਾ ਸਭ ਤੋਂ ਵੱਡਾ ਸ਼ਹਿਰ ਹੈ। ਦੂਜੇ ਮਹੱਤਵਪੂਰਨ ਸ਼ਹਿਰ ਮਿਲਾਨ, ਨੇਪਲਜ਼, ਤੂਰਿਨ, ਜੈਨੋਵਾ, ਫਲੋਰੈਂਸ ਤੇ ਵੀਨਸ ਹਨ।ਸਿੱਖਿਆ - ਛੇ ਤੋਂ ਚੌਦਾਂ ਸਾਲ ਤੱਕ ਵਿਦਿਆ ਲਾਜ਼ਮੀ ਹੈ । ਇਹ ਜ਼ਰੂਰੀ ਵਿਦਿਆ ਦੋ ਭਾਗਾਂ–ਪ੍ਰਇਮਰੀ ਅਤੇ ਜੂਨੀਅਰ ਸੈਕੰਡਰੀ ਵਿੱਚ ਦਿੱਤੀ ਜਾਂਦੀ ਹੈ। ਸੈਕੰਡਰੀ ਸਿੱਖਿਆ, ਕਲਾਸੀਕਲ ਵਿਗਿਆਨਕ, ਤਕਨੀਕੀ, ਸਨੱਅਤੀ, ਖੇਤੀਬਾੜੀ, ਅਧਿਆਪਕ ਸਿਖਲਾਈ ਆਦਿ ਸੰਸਥਾਵਾਂ ਵਿੱਚ ਵੰਡੀ ਹੋਈ ਹੈ। ਉੱਚ ਪੱਧਰ ਦੀ ਸਿਖਿਆ ਯੂਨੀਵਰਸਿਟੀਆਂ ਵਿੱਚ ਦਿੱਤੀ ਜਾਂਦੀ ਹੈ।ਦੇਸ਼ ਵਿਚ ਰੋਜ਼ਾਨਾ ਛੱਪਣ ਵਾਲੇ ਅਖ਼ਬਾਰਾਂ ਦੀ ਗਿਣਤੀ 73 ਹੈ। ਇਨ੍ਹਾਂ ਵਿੱਚੋਂ ਇਕ ਇਕ ਜਰਮਨੀ, ਸਲੋਵੀਨ ਅਤੇ ਅੰਗਰੇਜ਼ੀ ਵਿਚ ਛਪਦਾ ਹੈ।

ਰਾਜ ਪ੍ਰਬੰਧ – 10 ਜੂਨ, 1946 ਨੂੰ ਕੋਰਟ ਆਫ਼ ਸਸੇਸ਼ਨ (Court of Cassation) ਨੇ ਲੋਕਾਂ ਦੀ ਬਹੁਗਿਣਤੀ ਦੇ ਆਧਾਰ ਤੇ ਇਟਲੀ ਦੇ ਗਣਤੰਤਰ ਹੋਣ ਦਾ ਐਲਾਨ ਕੀਤਾ। 22 ਦਸੰਬਰ, 1947 ਨੂੰ ਸੰਵਿਧਾਨ ਸਭਾ ਨੇ ਨਵਾਂ ਵਿਧਾਨ ਬਣਾਇਆ ਜਿਹੜਾ 1 ਜੂਨ, 1948 ਨੂੰ ਲਾਗੂ ਹੋਇਆ। ਇਸ ਵਿਧਾਨ ਅਨੁਸਾਰ ਇਟਲੀ ਨੂੰ ਲੋਕਰਾਜ ਗਣਤੰਤਰ ਦੱਸਿਆ ਗਿਆ ਅਤੇ ਪਾਰਲੀਮੈਂਟ ਵਿੱਚ ਚੈਂਬਰ ਆਫ਼ ਡਿਪੀਟਜ਼ ਅਤੇ ਸੈਨਟ ਸ਼ਾਮਲ ਕੀਤੇ ਗਏ। ਚੈਂਬਰ ਅਤੇ ਸੈਨਟ ਪੰਜਾ ਸਾਲਾਂ ਲਈ ਬਣਾਏ ਜਾਂਦੇ ਹਨ। ਗਣਤੰਤਰ ਦੇ ਪ੍ਰਧਾਨ ਨੂੰ ਇਹ ਦੋਵੇਂ ਸਦਨ ਚੁਣਦੇ ਹਨ। ਪ੍ਰਧਾਨ ਦੀ ਉਮਰ 50 ਸਾਲ ਤੋਂ ਉਪਰ ਚਾਹੀਦੀ ਹੈ ਅਤੇ ਉਹ ਆਪਣੇ ਅਹੁਦੇ ਉੱਤੇ 7 ਸਾਲ ਲਈ ਰਹਿ ਸਕਦਾ ਹੈ। ਫ਼ਾਸਿਸਟ ਪਾਰਟੀ ਨੂੰ ਮੁੜ ਸੰਗਠਿਤ ਕਰਨ ਦੀ ਮਨਾਹੀ ਕਰ ਦਿੱਤੀ । ਬਾਦਸ਼ਾਹ ਵਿਕਟਰ ਐਮੈਨੁਅਲ ਦੇ ਸਾਰੇ ਪੁਰਸ਼ ਉੱਤਰਧਿਕਾਰੀਆਂ ਨੂੰ ਸਰਕਾਰੀ ਦਫ਼ਤਰਾਂ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਨਾਂ ਦਾ ਵੋਟ ਪਾਉਣ ਦਾ ਅਧਿਕਾਰ ਖ਼ਤਮ ਕਰ ਦਿੱਤਾ ਗਿਆ।ਕਰੰਸੀ – ਇਸ ਦੀ ਕਰੰਸੀ ਲੀਰਾ ਹੈ। ਇਥੋਂ ਦੇ ਮਾਪ-ਤੋਲ ਦੀ ਪ੍ਰਣਾਲੀ ਮੀਟ੍ਰਿਕ ਹੈ।ਝੰਡਾ- ਇਟਲੀ ਦਾ ਕੌਮੀ ਝੰਡਾ ਤਿੰਨ ਰੰਗਾ ਦਾ ਹੈ ਜਿਸ ਵਿਚ ਹਰੇ, ਚਿੱਟੇ ਤੇ ਲਾਲ ਰੰਗ ਦੀਆਂ ਤਿੰਨ ਲੰਬਕਾਰ ਪੱਟੀਆ ਹਨ। ਹ. ਪੁ. -ਐਨ. ਬ੍ਰਿ . ਮੈ .9; ਕੋਲੀ. ਐਨ .10: 521 ; ਐਨ. ਅਮੈ. 15; ਐਵ. ਐਨ .: 7 

 

 

 

 

 

 

 

 

 

 


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.