ਏਸ਼ੀਆਈ ਖੇਡਾਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਏਸ਼ੀਆਈ ਖੇਡਾਂ: ਖੇਡਾਂ ਦੇ ਮੇਲੇ ਸਾਰੀ ਦੁਨੀਆ ਵਿਚ ਇਲਾਕਾਈ, ਰਾਸ਼ਟਰੀ, ਮਹਾਂਦੀਪੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਇਕ ਸਾਲਾ, ਦੋ-ਸਾਲਾ ਜਾਂ ਚਾਰ-ਸਾਲਾ ਆਧਾਰ ਤੇ ਮਨਾਏ ਜਾਂਦੇ ਹਨ। ਇਸੇ ਤਰ੍ਹਾਂ ਏਸ਼ੀਆਈ ਖੇਡਾਂ ਹਨ ਜਿਹੜੀਆਂ ਏਸ਼ੀਆ ਦੀ ਧਰਤੀ ਤੇ ਖੇਡੀਆਂ ਜਾਂਦੀਆ ਹਨ। ਇਹ ਖੇਡ ਮੁਕਾਬਲਾ ਹੋਰਨਾਂ ਵਿਸ਼ਵ-ਪ੍ਰਸਿੱਧ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਓਲਿੰਪਿਕ ਖੇਡਾਂ, ਕਾਮਨਵੈੱਲਥ ਖੇਡਾਂ, ਯੂਰਪੀਅਨ ਖੇਡਾਂ ਆਦਿ ਵਾਂਗ ਹੀ ਚਾਰ ਸਾਲਾਂ ਮਗਰੋਂ ਕਰਵਾਇਆ ਜਾਂਦਾ ਹੈ। ਏਸ਼ੀਆਈ ਖੇਡਾਂ ਦੀ ਲਹਿਰ ਨੇ ਦੁਨੀਆ ਦੇ ਸਭ ਤੋਂ ਵੱਡੇ ਮਹਾਂਦੀਪ ਦੀ ਲਗਭਗ ਦੋ-ਤਿਹਾਈ ਮਨੁੱਖਤਾ ਨੂੰ ਆਪਣੇ ਘੇਰੇ ਵਿਚ ਲੈ ਲਿਆ ਹੈ। ਇਹ ਵੱਖ-ਵੱਖ ਸਮਾਜਿਕ ਅਤੇ ਆਰਥਿਕ ਢਾਂਚਿਆਂ ਵਿਚ ਪਲੇ ਵੱਖ–ਵੱਖ ਸਭਿਆਚਾਰਕ ਪਿਛੋਕੜ ਵਾਲੇ ਏਸ਼ੀਆ ਦੇ ਸਿਰਕੱਢ ਖਿਡਾਰੀਆਂ ਅਤੇ ਖਿਡਾਰਨਾਂ ਦਾ ਵੱਡਾ ਇਕੱਠ ਹੁੰਦਾ ਹੈ ਜਿਹੜੇ ਮਿੱਤਰਤਾ ਭਰੇ ਵਾਤਾਵਰਣ ਵਿਚ ਖੇਡਾਂ ਦੇ ਵੱਖ-ਵੱਖ ਖੇਤਰਾਂ ਵਿਚ ਆਪਣੇ ਦੇਸ਼ ਦਾ ਨਾਂ ਪੈਦਾ ਕਰਨ ਲਈ ਤਾਣ ਲਾ ਦਿੰਦੇ ਹਨ। ਏਸ਼ੀਆਈ ਖੇਡਾਂ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ। ਜਿਥੇ ਆਧੁਨਿਕ ਓਲਿੰਪਿਕ ਖੇਡਾਂ ਦਾ ਪਿਤਾਮਾ ‘Baron Pierre de Coubertin’ ਨੂੰ ਮੰਨਿਆ ਜਾਂਦਾ ਹੈ, ਉਥੇ ਪ੍ਰਫੋਸਰ ਜੀ. ਡੀ. ਸੋਂਧੀ ਨੂੰ ਏਸ਼ੀਆਈ ਖੇਡਾਂ ਦੀ ਲਹਿਰ ਦਾ ਵਿਚਾਰ ਪੈਦਾ ਹੋਇਆ ਸੀ ਅਤੇ ਸਮਾਂ ਪਾ ਕੇ ਇਸੇ ਵਿਚਾਰ ਨੂੰ ਯਥਾਰਥ ਦਾ ਰੂਪ ਧਾਰਨ ਕਰ ਲਿਆ। ਇਸ ਲਹਿਰ ਨੂੰ ਹੋਰ ਹੱਲਾਸ਼ੇਰੀ ਦੇਣ ਵਾਲੇ ਪਟਿਆਲਾ ਦੇ ਸਵਰਗਵਾਸੀ ਮਹਾਰਾਜ ਯਾਦਵਿੰਦਰ ਸਿੰਘ ਵੀ ਸਨ। ਸ਼ੁਰੂ ਵਿਚ ਖੇਡਾਂ ਦੇ ਸ਼ੌਕੀਨਾਂ ਨੇ ਕਾਮਨਵੈਲਥ ਖੇਡਾਂ ਜਾਂ ਹੋਰਨਾਂ ਅਜਿਹੀਆਂ ਮਹਾਂਦੀਪੀ ਖੇਡਾਂ ਵਾਂਗ ਕੁਝ ਇਲਾਕਾਈ ਖੇਡਾਂ ਕਰਵਾਉਣ ਦੇ ਉਪਰਾਲੇ ਕੀਤੇ ਸਨ ਪਰ ਉਨ੍ਹਾਂ ਨੂੰ ਕੋਈ ਬਹੁਤ ਵੱਡੀ ਕਾਮਯਾਬੀ ਨਹੀਂ ਸੀ ਪ੍ਰਾਪਤ ਹੋਈ। ਏਸ਼ੀਆਈ ਖੇਡਾਂ ਸ਼ੁਰੂ ਕਰਨ ਸਬੰਧੀ ਸਭ ਤੋਂ ਪਹਿਲਾਂ ਵੱਡਾ ਉਪਰਾਲਾ ਦੂਰ ਪੂਰਬੀ ਚੈਂਪੀਅਨਸ਼ਿਪ ਖੇਡਾਂ ਦਾ ਸੀ, ਜਿਹੜੀਆਂ ਮੇਜ਼ਬਾਨ ਮੁਲਕ ਫਿਲਪੀਨ ਦੀ ਰਾਜਧਾਨੀ ਮਨੀਲਾ ਵਿਚ 1913 ਈ. ਵਿਚ ਹੋਈਆਂ ਸਨ। ਇਸ ਮੁਕਾਬਲੇ ਵਿਚ ਸ਼ਾਮਲ ਹੋਣ ਵਾਲੇ ਦੋ ਮੁਲਕ ਚੀਨ ਅਤੇ ਜਾਪਾਨ ਸਨ। ਖੇਡਾਂ ਕਰਵਾਉਣ ਦਾ ਸਥਾਨ ਇਨ੍ਹਾਂ ਦੇਸ਼ਾਂ ਦੀਆਂ ਰਾਜਧਾਨੀਆਂ ਵਿਚਕਾਰ ਹੀ ਵਾਰੋ ਵਾਰੀ ਬਦਲਦਾ ਰਿਹਾ ਸੀ। ਸੰਨ 1913 ਤੋਂ 1934 ਤਕ ਇਹ ਖੇਡਾਂ 10 ਵਾਰ (ਆਖਰੀ ਵੇਰ ਮਨੀਲਾ ਵਿਖੇ) ਹੋਈਆਂ। ਮਨੀਲਾ ਵਿਖੇ ਆਪਣੀ ਅੰਤਿਮ ਝਲਕ ਵਿਖਾਉਣ ਤੋਂ ਬਾਅਦ ਇਹ ਖੇਡਾਂ ਬੰਦ ਹੋ ਗਈਆਂ ਅਤੇ ਦੂਰ ਪੂਰਬੀ ਐਥਲੈਟਿਕ ਐਸੋਸੀਏਸ਼ਨ ਬਰਖ਼ਾਸਤ ਕਰ ਦਿੱਤੀ ਗਈ। ਸੰਨ 1930 ਵਿਚ ਟੋਕੀਓ ਵਿਖੇ ਹੋਈਆਂ ਦੂਰ ਪੂਰਬੀ ਚੈਂਪੀਅਨਸ਼ਿਪ ਖੇਡਾਂ ਵਿਚ ਭਾਰਤ ਨੇ ਵੀ ਇਕ ਐਥਲੈਟਿਕ ਟੀਮ ਭੇਜੀ ਸੀ ਪਰ ਏਸ਼ੀਆ ਦੇ ਜਾਪਾਨ ਅਤੇ ਫ਼ਿਲਪੀਨ ਵਰਗੇ ਤਕੜੇ ਮੁਲਕਾਂ ਦੇ ਮੁਕਾਬਲੇ ਭਾਰਤ ਕੋਈ ਵੀ ਵਰਣਨਯੋਗ ਪ੍ਰਾਪਤੀ ਨਹੀਂ ਸੀ ਕਰ ਸਕਿਆ। ਸੰਨ 1934 ਦੇ ਅਖੀਰਲੇ ਮੁਕਾਬਲੇ ਵਿਚ ਇੰਡੋਨੇਸ਼ੀਆ (ਉਸ ਵੇਲੇ ਦੀ ਇਕ ਡੱਚ ਬਸਤੀ) ਵੀ ਸ਼ਾਮਲ ਹੋਇਆ ਸੀ । ਆਖਰੀ ‘ਦੂਰ ਪੂਰਬੀ ਚੈਂਪੀਅਨਸ਼ਿਪ’ ਵੇਲੇ ਮਨੀਲਾ ਵਿਖੇ ਇਕੱਠੇ ਹੋਏ ਡੈਲੀਗੇਟਾਂ ਨੇ ਅਜਿਹੀਆਂ ਇਲਾਕਾਈ ਖੇਡਾਂ ਨੂੰ ਜਿਉਂਦਿਆਂ ਰੱਖਣ ਲਈ ਇਨ੍ਹਾਂ ਖੇਡਾਂ ਨੂੰ ਪੂਰਬੀ ਚੈਂਪੀਅਨਸ਼ਿਪ ਖੇਡਾਂ ਦੇ ਨਾਂ ਹੇਠ ਚਲਦਿਆਂ ਰੱਖਣ ਲਈ ਬੜਾ ਜ਼ੋਰਦਾਰ ਉਪਰਾਲਾ ਕੀਤਾ ਅਤੇ ਇਹ ਵੀ ਫ਼ੈਸਲਾ ਕੀਤਾ ਕਿ ਪੂਰਬੀ ਚੈਂਪੀਅਨਸ਼ਿਪ ਖੇਡਾਂ 1938 ਵਿਚ ਟੋਕੀਓ (ਜਾਪਾਨ) ਵਿਖੇ ਕਰਵਾਈਆਂ ਜਾਣ ਪਰ ਇਸੇ ਸਮੇਂ ਦੂਜੇ ਵਿਸ਼ਵ ਯੁੱਧ ਦੇ ਬੱਦਲ ਮੰਡਰਾਉਣ ਲਗ ਪਏ, ਜਿਸ ਕਾਰਨ ਇਹ ਖੇਡਾਂ ਨਾ ਹੋ ਸਕੀਆਂ। ਸੰਨ 1934 ਦੇ ਸਾਲ ਵਿਚ ਇਕ ਪਾਸੇ ਇਲਾਕਾਈ ਖੇਡਾਂ ਮਨੀਲਾ ਵਿਚ ਅੰਤਮ ਸਾਹ ਲੈ ਰਹੀਆਂ ਸਨ ਅਤੇ ਦੂਜ਼ੇ ਪਾਸੇ ਨਵੀਆਂ ਇਲਾਕਾਈ ਖੇਡਾਂ ਨਵੀਂ ਦਿੱਲੀ ਵਿਚ ਆਪਣੀ ਸ਼ਕਲ ਧਾਰਨ ਕਰ ਰਹੀਆਂ ਸਨ। ਸੰਨ 1930 ਦੇ ਦਹਾਕੇ ਦੇ ਸ਼ੁਰੂ ਵਿਚ ਹੀ ਖੇਡਾਂ ਨੂੰ ਹੱਲਾਸ਼ੇਰੀ ਦੇਣ ਵਾਲੀ ਮਹਾਨ ਸ਼ਖ਼ਸੀਅਤ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਪ੍ਰੋ. ਸੋਂਧੀ ਨੇ ਓਲਿੰਪਿਕ ਖੇਡਾਂ ਦੀਆਂ ਲੀਹਾਂ ਉੱਤੇ ਏਸ਼ੀਆਈ ਦੇਸ਼ਾਂ ਲਈ ਖੇਡ-ਮੁਕਾਬਲਾ ਕਰਵਾਉਣ ਦੇ ਵਿਚਾਰ ਨੂੰ ਬਹਿਸ ਲਈ ਅੱਗੇ ਲਿਆਂਦਾ। ਆਰੰਭ ਵਿਚ ਇਨਾਂ ਦੋਹਾਂ ਨੇ ਪੱਛਮੀ ਏਸ਼ੀਆ ਦੇ ਰਾਸ਼ਟਰਾਂ ਵਿਚ ਖੇਡ-ਮੁਕਾਬਲੇ ਕਰਵਾਉਣ ਦਾ ਵਿਚਾਰ ਬਣਾਇਆ। ਇਨ੍ਹਾਂ ਦੀ ਅਣਥੱਕ ਮਿਹਨਤ ਨੂੰ ਫਲ ਲੱਗਾ ਅਤੇ ਫਰਵਰੀ 1934 ਨੂੰ ਨਵੀਂ ਦਿੱਲੀ ਵਿਚ ਇੰਡੀਆ ਗੇਟ ਦੇ ਦੂਜੇ ਪਾਸੇ ਇਰਵਿਨ ਐਂਫ਼ੀਥੀਏਟਰ ਵਿਚ ਪਹਿਲੀਆਂ ਪੱਛਮੀ ਏਸ਼ੀਆਈ ਖੇਡਾਂ ਹੋਈਆਂ। ਭਾਰਤ ਤੋਂ ਇਲਾਵਾ ਅਫ਼ਗਾਨਿਸਤਾਨ, ਸ੍ਰੀ ਲੰਕਾ ਅਤੇ ਫ਼ਲਸਤੀਨ ਨੇ ਇਨ੍ਹਾਂ ਖੇਡਾਂ ਵਿਚ ਹਿੱਸਾ ਲਿਆ। ਭਾਰਤ ਨੇ ਤਾਂ ਬੜੀ ਆਸਾਨੀ ਨਾਲ ਹੀ ਇਨਾਂ ਤਿੰਨਾਂ ਦੇਸ਼ਾਂ ਉਪਰ ਆਪਣੀ ਸਰਦਾਰੀ ਕਾਇਮ ਕਰ ਲਈ। ਪੂਰਬੀ ਚੈਂਪੀਅਨਸ਼ਿਪ ਖੇਡਾਂ ਵਾਂਗ 1938 ਵਿਚ ਤੈੱਲਾਵੀਵ ਵਿਖੇ ਹੋਣ ਵਾਲੀਆਂ ਦੂਜੀਆਂ ਪੱਛਮੀ ਏਸ਼ੀਆਈ ਖੇਡਾਂ ਪੱਛਮੀ ਖਿੱਤੇ ਵਿਚ ਛਾਏ ਯੁੱਧ ਦੇ ਬੱਦਲਾਂ ਕਾਰਨ ਬਰਖ਼ਾਸਤ ਹੀ ਕਰਨੀਆਂ ਪਈਆ। ਇਸ ਤਰ੍ਹਾਂ ਇਹ ਨੇਕ ਉਪਰਾਲਾ ਵਿਚੇ ਹੀ ਛੱਡਣਾ ਪਿਆ। ਸੰਨ 1947 ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਪਹਿਲੀ ਏਸ਼ੀਆਈ-ਸੰਪਰਕ ਕਾਨਫਰੰਸ, ਨਵੀਂ ਦਿੱਲੀ ਵਿਚ ਬੁਲਾਈ। ਇਹ ਏਸ਼ੀਆਈ ਸਿਆਸਤਦਾਨਾਂ ਅਤੇ ਨੇਤਾਵਾਂ ਦੀ ਪਹਿਲੀ ਮੀਟਿੰਗ ਸੀ ਜਿਹੜੀ ਏਸ਼ੀਆਈ ਖੇਤਰ ਦੇ ਖਿਡਾਰੀਆਂ ਲਈ ਬਾਕਾਇਦਾ ਮੁਕਾਬਲੇ ਦੀ ਆਰੰਭਕ ਧਾਰਨਾ ਨੂੰ ਮੁੜ ਸੁਰਜੀਤ ਕਰਨ ਲਈ ਇਕ ਸੁਨਹਿਰੀ ਮੌਕਾ ਸੀ। ਬਦਲੇ ਹੋਏ ਹਾਲਾਤਾਂ ਅਤੇ ਨਵੀਂ ਦਿੱਲੀ ਦੀ ਕਾਨਫਰੰਸ ਵਿਚ ਸ਼ਾਮਲ ਹੋਏ ਅਨੇਕਾਂ ਏਸ਼ੀਆਈ ਨੇਤਾਵਾਂ ਦੀ ਹਾਜ਼ਰੀ ਦਾ ਫਾਇਦਾ ਲੈਂਦਿਆਂ ਪ੍ਰੋ. ਜੀ. ਡੀ. ਸੋਂਧੀ ਨੇ ਓਲਿੰਪਿਕ ਖੇਡਾਂ ਦੀਆਂ ਲੀਹਾਂ ਉੱਤੇ ਏਸ਼ੀਆਈ ਖੇਡਾਂ ਦਾ ਮੇਲਾ ਮਨਾਉਣ ਦੇ ਪ੍ਰਸ਼ਨ ਤੇ ਵਿਚਾਰ ਕੀਤੀ ਅਤੇ ਡੈਲੀਗੇਟਾਂ ਕੋਲ ਇਕ ਨੋਟ ਵੀ ਲਿਖ ਕੇ ਭੇਜਿਆ ਜਿਸ ਵਿਚ ਉਸ ਨੇ ਆਪਣੇ ਵਿਚਾਰ ਵੇਰਵੇ ਸਹਿਤ ਭੇਜੇ ਤਾਂ ਕਿ ਸਾਰੇ ਡੈਲੀਗੇਟ ਇਸ ਮਾਮਲੇ ਨੂੰ ਆਪੋ-ਆਪਣੇ ਵਿਚ ਚੰਗੀ ਤਰ੍ਹਾਂ ਵਿਚਾਰ ਸਕਣ। ਸਮੁੱਚੇ ਰੂਪ ਵਿਚ ਸਾਰੇ ਹੀ ਡੈਲੀਗੇਟਾਂ ਨੇ ਇਸ ਤਜਵੀਜ਼ ਦਾ ਪੁਰਜ਼ੋਰ ਸਮਰਥਨ ਕੀਤਾ । ਆਰੰਭ ਵਿਚ ਇਸ ਖੇਡ-ਮੇਲੇ ਦਾ ਨਾਂ ਪ੍ਰੋ. ਸੋਂਧੀ ਨੇ ‘ਏਸ਼ੀਆਟਿਕ ਖੇਡਾਂ’ ਰੱਖਣ ਦੀ ਤਜਵੀਜ਼ ਰੱਖੀ ਪਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਦੇ ਨਾਂ ਵਿਚ ਤਰਮੀਮ ਕੀਤੀ ਅਤੇ ਇਸ ਦਾ ਨਾਂ ‘ਏਸ਼ੀਅਨ ਗੇਮਜ਼’ ਕਰ ਦਿੱਤਾ ਜੋ ਸਵੀਕਾਰ ਕਰ ਲਿਆ ਗਿਆ। ਆਰੰਭ ਵਿਚ ਇਹ ਤਜਵੀਜ਼ ਰੱਖੀ ਗਈ ਕਿ ਪਹਿਲੀਆਂ ਏਸ਼ੀਆਈ ਖੇਡਾਂ ਫ਼ਰਵਰੀ, 1948 ਵਿਚ ਨਵੀਂ ਦਿੱਲੀ ਵਿਚ ਕਰਵਾਈਆਂ ਜਾਣ। ਇਹ ਵੀ ਫੈਸਲਾ ਕੀਤਾ ਗਿਆ ਕਿ ਏਸ਼ੀਆਈ ਖੇਡਾਂ ਨੂੰ ਅੰਤਰਰਾਸ਼ਟਰੀ ਰੂਪ ਦੇਣ ਲਈ ਇਨ੍ਹਾਂ ਖੇਡਾਂ ਵਿਚ ਸਾਰੇ ਹੀ ਸੰਭਵ ਖੇਤਰ ਸ਼ਾਮਲ ਕੀਤੇ ਜਾਣ, ਪਰ ਇਸ ਲਈ ਇੰਡੀਅਨ ਓਲਿੰਪਿਕ ਐਸੋਸੀਏਸ਼ਨ ਅਤੇ ਅਖੀਰ ਨੂੰ ਇੰਟਰਨੈਸ਼ਨਲ ਓਲਿੰਪਿਕ ਕਮੇਟੀ ਦੀ ਪਰਵਾਨਗੀ ਦੀ ਲੋੜ ਸੀ। ਇੰਡੀਅਨ ਓਲਿੰਪਿਕ ਐਸੋਸੀਏਸ਼ਨ ਨੇ ਆਪਣੀ ਲਖ਼ਨਊ ਵਾਲੀ ਮੀਟਿੰਗ (ਜੁਲਾਈ 1947) ਵਿਚ ਇਸ ਮਹਾਨ ਪ੍ਰਾਜਕੈੱਟ ਨੂੰ ਆਪਣੀ ਰਸਮੀ ਪਰਵਾਨਗੀ ਤਾਂ ਦੇ ਦਿੱਤੀ ਪਰ ਇਸ ਪ੍ਰਾਜੈੱਕਟ ਨੂੰ ਅਮਲੀ ਜਾਮਾ ਪਹਿਨਉਣ ਲਈ ਕੋਈ ਵੀ ਅਗਲਾ ਕਦਮ ਨਾ ਪੁਟਿਆ। ਪ੍ਰੋ. ਜੀ. ਡੀ ਸੋਂਧੀ ਦੇ ਮਨ ਇਹ ਡਰ ਪੈਦਾ ਹੋ ਗਿਆ ਕਿ ਏਸ਼ੀਆ ਦਾ ਇੰਨਾ ਵੱਡਾ ਖੇਡ ਮੁਕਾਬਲਾ ਕਿਤੇ ਕੁਦਰਤੀ ਮੌਤ ਹੀ ਨਾ ਮਰ ਜਾਵੇ। ਇਸੇ ਭੈਅ ਦੇ ਪ੍ਰਭਾਵ ਥੱਲੇ ਹੀ ਸੋਂਧੀ ਨੇ ਇਸ ਮਹਾਨ ਪ੍ਰਾਜੈੱਕਟ ਨੂੰ ਬਚਾਉਣ ਦੀ ਸੋਚੀ। ਇੰਡੀਅਨ ਓਲਿੰਪਿਕ ਐਸੋਸੀਏਸ਼ਨ ਦੇ ਉਤਸ਼ਾਹਹੀਣ ਰਵੱਈਏ ਨੂੰ ਸਾਹਮਣੇ ਰੱਖ ਕੇ ਪ੍ਰੋ. ਸੋਂਧੀ ਨੇ ਏਸ਼ੀਆਈ ਐਥਲੈਟਿਕ (ਟ੍ਰੈਕ ਐਂਡ ਫੀਲਡ) ਚੈਂਪੀਅਨਸ਼ਿਪ ਕਰਵਾਉਣ ਦੀ ਯੋਜਨਾ ਬਣਾਈ। ਇਸ ਯੋਜਨਾ ਲਈ ਨਵੀਂ ਬਣੀ ਐਮਿਚਿਉਰ ਐਥਲੈਟਿਕ ਫ਼ੈਡਰੇਸ਼ਨ ਆਫ਼ ਇੰਡੀਆ (ਪ੍ਰੈਜੀਡੈਂਟ ਜੀ. ਡੀ. ਸੋਂਧੀ) ਦੀ ਪਰਵਾਨਗੀ ਲਈ ਜਾਣੀ ਜ਼ਰੂਰੀ ਸੀ। ਫੈਡਰੇਸ਼ਨ ਨੇ ਪ੍ਰੋ. ਸੋਂਧੀ ਦੀ ਤਜਵੀਜ਼ ਨੂੰ ਰਸਮੀ ਪਰਵਾਨਗੀ ਦੇ ਦਿੱਤੀ ਅਤੇ ਨਾਲ ਹੀ ਉਸ ਨੂੰ ਆਪਣੀਆਂ ਯੋਜਨਾਵਾਂ ਅਨੁਸਾਰ ਅੱਗੇ ਵਧਣ ਲਈ ਸਾਰੇ ਹੀ ਅਖ਼ਤਿਆਰ ਸੌਂਪ ਦਿੱਤੇ। ਪਹਿਲੇ ਕਦਮ ਵਜੋਂ ਇੰਡੀਅਨ ਓਲਿੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਮਹਾਰਾਜਾ ਯਾਦਵਿੰਦਰ ਸਿੰਘ ਆਫ਼ ਪਟਿਾਅਲਾਂ ਦੀ ਆਗਵਾਈ ਹੇਠ ਇਕ ਸੰਗਠਨ ਕਮੇਟੀ ਸਥਾਪਤ ਕੀਤੀ ਗਈ ਅਤੇ ਜੁਲਾਈ, 1948 ਨੂੰ ਇਸ ਚੈਂਪੀਅਨਸ਼ਿਪ ਵਿਚ ਸ਼ਾਮਲ ਹੋਣ ਲਈ ਵੱਖ-ਵੱਖ ਦੇਸ਼ਾਂ ਨੂੰ ਸੱਦਾ-ਪੱਤਰ ਭੇਜੇ ਗਏ। ਤਜਵੀਜ਼ ਚੈਂਪੀਅਨਸ਼ਿਪ ਵਿਚ ਸ਼ਾਮਲ ਹੋਣ ਲਈ ਵੱਖ-ਵੱਖ ਮੁਲਕਾਂ ਤੋਂ ਬਹੁਤ ਨਿਰਾਸ਼ਾ ਭਰੇ ਉੱਤਰ ਆਏ। ਮੁੱਖ ਕਾਰਨ ਇਹ ਸੀ ਕਿ ਬਹੁਤ ਸਾਰੇ ਏਸ਼ੀਆਈ ਦੇਸ਼ ਉਸੇ ਸਾਲ (1948) ਵਿਚ ਹੀ ਲੰਡਨ ਵਿਖੇ ਹੋ ਰਹੀਆਂ ਓਲਿੰਪਿਕ ਖੇਡਾਂ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ ਪਰ ਪ੍ਰੋ. ਸੋਂਧੀ ਨੇ ਦਿਲ ਨਾ ਛੱਡਿਆ ਅਤੇ ਲੰਡਨ ਓਲਿੰਪਕਿ ਖੇਡਾਂ ਦੌਰਾਨ ਵੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਦੀ ਧਾਰ ਲਈ। ਇਸੇ ਵਿਚਾਰ ਅਧੀਨ ਹੀ 8 ਅਗਸਤ, 1948 ਨੂੰ ਏਸ਼ੀਆਈ ਖੇਡ ਫੈਡਰੇਸ਼ਨ ਦੀ ਸਥਾਪਨਾ ਬਾਰੇ ਵਿਚਾਰ ਕਰਨ ਲਈ ਲੰਡਨ ਵਿਚ ਇਕ ਮੀਟਿੱਗ ਵਿਚ ਪ੍ਰੋ. ਸੋਂਧੀ ਨੇ ਓਲਿੰਪਿਕ ਖੇਡਾਂ ਵਿਚ ਸ਼ਾਮਲ ਹੋਣ ਵਾਲੇ ਦੱਖਣੀ ਕੋਰੀਆ, ਤੇਵਾਨ, ਫ਼ਿਲਪੀਨ, ਸਿੰਗਾਪੁਰ, ਬਰਮਾ, ਸ੍ਰੀ ਲੰਕਾ, ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਈਰਾਨ, ਇਰਾਕ, ਲੈਬਨਾਨ ਅਤੇ ਸੀਰੀਆ ਜਿਹੇ ਦੇਸ਼ਾਂ ਦੀਆਂ ਓਲਿੰਪਿਕ ਕਮੇਟੀਆਂ ਦੇ ਅਧਿਕਾਰੀਆਂ ਨੂੰ ਸੱਦਾ-ਪੱਤਰ ਭੇਜੇ। ਇਨ੍ਹਾਂ ਸਾਰੇ ਹੀ ਦੇਸ਼ਾਂ ਦੇ ਪ੍ਰਤਿਨਿਧੀਆਂ ਨੇ ਫ਼ਰਵਰੀ, 1949 ਨੂੰ ਨਵੀਂ ਦਿੱਲੀ ਵਿਚ ਪਹਿਲੀਆਂ ਏਸ਼ੀਆਈ ਐਥਲੈਟਿਕ (ਟ੍ਰੈਕ ਅਤੇ ਫੀਲਡ) ਚੈਂਪੀਅਨਸ਼ਿਪ ਕਰਵਾਉਣ ਬਾਰੇ ਭਾਰਤ ਵੱਲੋਂ ਪੇਸ਼ ਕੀਤੀ ਤਜਵੀਜ ਅਤੇ ਏਸ਼ੀਅਨ ਐਮਿਚਿਉਰ ਐਥਲੈਟਿਕ ਫੈਡਰੇਸ਼ਨ ਦੀ ਸਥਾਪਨਾ ਦਾ ਸਰਬ ਸੰਮਤੀ ਨਾਲ ਸਮਰਥਨ ਕੀਤਾ ਪਰ ਕਈ ਛੋਟੇ ਮੋਟੇ ਕਾਰਨਾਂ ਕਰਕੇ ਫ਼ਰਵਰੀ 1949 ਨੂੰ ਹੋਣ ਵਾਲਾ ਖੇਡ ਮੁਕਾਬਲਾ ਨਾ ਹੋ ਸਕਿਆ। ਏਸ਼ੀਆਈ ਖੇਡਾਂ ਵਿਚ ਦਿਲਚਸਪੀ ਲੈਣ ਵਾਲੇ ਮੁਲਕਾਂ ਦੇ ਪ੍ਰਤਿਨਿਧੀਆਂ ਦੀ 12 ਅਤੇ 13 ਫ਼ਰਵਰੀ, 1949 ਨੂੰ ਨਵੀਂ ਦਿੱਲੀ ਵਿਚ ਪਟਿਆਲਾ ਹਾਊਸ ਵਿਖੇ ਇਕ ਮੀਟਿੰਗ ਹੋਈ ਜਿਸ ਵਿਚ ਮਿਆਂਮਾਰ, ਫਿਲਪੀਨ, ਭਾਰਤ ਅਤੇ ਈਰਾਨ ਦੀਆਂ ਓਲਿੰਪਕ ਕਮੇਟੀਆਂ ਦੇ ਪ੍ਰਤਿਨਿਧ ਅਤੇ ਸ੍ਰੀ ਲੰਕਾ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਸਿਆਮ ਦੇ ਨਵੀਂ ਦਿੱਲੀ ਵਿਚ ਸਥਾਪਤ ਅੰਤਰ-ਰਾਜਨੀਤਕ ਮਿਸ਼ਨ ਦੇ ਪ੍ਰਤੀਨਿਧ ਸ਼ਾਮਲ ਹੋਏ। ਇਹ ਮੀਟਿੰਗ ਜਿਸ ਵਿਚ ਏਸ਼ੀਆਈਨ ਖੇਡਾਂ ਦੀ ਪੱਕੇ ਪੈਰੀਂ ਨਹੀਂ ਰੱਖੀ ਜਾਣੀ ਸੀ, ਸਚਮੁੱਚ ਹੀ ਇਕ ਇਤਿਹਾਸਕ ਮੀਟਿੰਗ ਸੀ। ਇਹ ਪਹਿਲਾ ਮੌਕਾ ਸੀ ਜਦੋਂ 9 ਏਸ਼ੀਆਈ ਮੁਲਕਾਂ ਦੇ ਪ੍ਰਤਿਨਿਧ ਸਭ ਤੋਂ ਵੱਧ ਆਬਾਦੀ ਵਾਲੇ ਖੇਤਰ ਵਿਚ ਖੇਡਾਂ ਨੂੰ ਹੱਲਾਸ਼ੇਰੀ ਦੇਣ ਅਤੇ ਵਿਕਸਿਤ ਕਰਨ ਲਈ ਇਕ ਮੰਚ ਤੇ ਇਕੱਠੇ ਹੋਏ ਸਨ। ਪੰਡਿਤ ਜਵਾਹਰ ਲਾਲ ਨਹਿਰੂ ਦੇ ਅਸ਼ੀਰਵਾਦ ਨਾਲ ਏਸ਼ੀਆਈ ਖੇਡ ਫੈਡਰੇਸ਼ਨ ਸਥਾਪਿਤ ਕੀਤੀ ਗਈ। ਮਹਾਰਾਜਾ ਯਾਦਵਿੰਦਰ ਸਿੰਘ ਆਫ਼ ਪਟਿਆਲਾ ਇਸ ਦੇ ਪਹਿਲੇ ਪ੍ਰੈਜ਼ੀਡੈਂਟ ਚੁਣੇ ਗਏ। ਏਸ਼ੀਆਈ ਖੇਡ ਫ਼ੈਡਰੇਸ਼ਨ ਦਾ ਸੰਵਿਧਾਨ ਤਿਆਰ ਕੀਤਾ ਗਿਆ। ਏਸ਼ੀਆਈ ਖੇਡ ਫੈਰਡਰੇਸ਼ਨ ਨੇ ਇਹ ਫ਼ੈਸਲਾ ਕੀਤਾ ਕਿ ਏਸ਼ੀਆਈ ਖੇਡਾਂ ਓਲਿੰਪਿਕ ਖੇਡਾਂ ਵਾਲੇ ਪੈਟਰਨ ਤੇ ਹੀ ਖੇਡੀਆਂ ਜਾਣਗੀਆਂ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਪਹਿਲੀਆਂ ਏਸ਼ੀਆਈ ਖੇਡਾਂ 1950 ਵਿਚ ਨਵੀਂ ਦਿੱਲੀ ਵਿਚ ਅਤੇ ਦੂਜੀਆਂ ਏਸ਼ੀਆਈ ਖੇਡਾਂ 1954 ਵਿਚ ਮਨੀਲਾ ਵਿਖੇ ਕਰਵਾਈਆਂ ਜਾਣਗੀਆਂ।ਸੰਨ 1952 ਤੋਂ 1982 ਤਕ ਨੌਂ ਏਸ਼ੀਆਈ ਖੇਡਾਂ ਹੋ ਚੁਕੀਆਂ ਹਨ ਜਿਨ੍ਹਾਂ ਦਾ ਸੰਖੇਪ ਇਤਿਹਾਸ ਇਹ ਹੈ: - ਪਹਿਲੀਆਂ ਏਸ਼ੀਆਈ ਖੇਡਾਂ (ਨਵੀਂ ਦਿੱਲੀ 1951) - ਜਿਵੇਂ ਪਹਿਲੀਆਂ ਓਲਿੰਪਿਕ ਖੇਡਾਂ ਕਰਵਾਉਣ ਦਾ ਸੁਭਾਗ ਓਲਿੰਪਿਆ ਨੂੰ ਹੋਇਆ ਊਸੇ ਤਰਾਂ ਪਹਿਲੀਆਂ ਏਸ਼ੀਆਈ ਖੇਡਾਂ (ਮਿੰਨੀ ਓਲਿੰਪਿਕਸ) ਕਰਵਾਉਣ ਦਾ ਮਾਣ ਭਾਰਤ ਨੂੰ ਪ੍ਰਾਪਤ ਹੋਇਆ। ਇਹ ਖੇਡਾਂ 4 ਤੋਂ 11 ਮਈ ਵਿਚਕਾਰ 1951 ਨੂੰ ਹੀ ਕਰਵਾਈਆਂ ਗਈਆ। ਨੈਸ਼ਨਲ ਸਟੇਡੀਅਮ ਵਿਚ ਕੋਈ 40,000 ਦਰਸ਼ਕ ਅਤੇ ਖਿਡਾਰੀ ਇਕੱਠੇ ਹੋਏ। ਇਨ੍ਹਾਂ ਖੇਡਾਂ ਦਾ ਉਦਘਾਟਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਨੇ ਕੀਤਾ। ਇਨ੍ਹਾਂ ਖੇਡਾਂ ਵਿਚ 6 ਆਈਟਮ ਤੈਰਾਕੀ ਸਮੇਤ ਟੁੱਭੀ ਮਾਰਨੀ ਅਤੇ ਵਾਟਰਪੋਲੋ, ਟ੍ਰੈਕ ਅਤੇ ਫੀਲਡ ਐਥਲੈਟਿਕਸ (ਮਰਦ ਅਤੇ ਔਰਤਾਂ); ਸਾਈਕਲ ਦੌੜ; ਭਾਰ ਚੁੱਕਣ (ਬਾਲਾ ਕੱਢਣ); ਬਾਸਕਟਬਾਲ (ਮਰਦ ਅਤੇ ਔਰਤਾਂ); ਫੁੱਟਬਾਲ ਸ਼ਾਮਲ ਹਨ। ਇਨ੍ਹਾਂ ਖੇਡਾਂ ਵਿਚ 11 ਦੇਸ਼ ਅਫ਼ਗਾਨਿਸਤਾਨ, ਮ੍ਰਿਆਂਮਾਰ (ਬਰਮਾ) ਸ੍ਰੀ ਲੰਕਾ, ਭਾਰਤ , ਇੰਡੋਨੇਸ਼ੀਆ , ਈਰਾਨ , ਜਪਾਨ , ਨੇਪਾਲ , ਫਿਲਪੀਨ, ਸਿੰਗਾਪੁਰ ਅਤੇ ਥਾਈਲੈਂਡ ਤੋਂ 458 ਖਿਡਾਰੀ ਅਤੇ 31 ਖਿਡਾਰਨਾਂ ਸ਼ਾਮਲ ਹੋਏ। ਇਨਾਂ ਖੇਡਾਂ ਵਿਚ ਈਰਾਨ ਦੇ ਖਿਡਾਰੀ ਹਾਵੀ ਰਹੇ । ਮੇਜ਼ਬਾਨ ਦੇਸ਼ (ਭਾਰਤ) ਨੇ ਫੁੱਟਬਾਲ ਵਿਚ ਪਹਿਲੀ ਥਾਂ ਪ੍ਰਾਪਤ ਕੀਤੀ। ਫ਼ਿਲਪੀਨ ਦੇ ਖਿਡਾਰੀਆਂ ਨੇ ਬਾਸਕਟ ਬਾਲ ਵਿਚ ਆਪਣੀ ਧਾਕ ਜਮਾਈ ਅਤੇ ਈਰਾਨ ਦਾ ਬਾਲਾ ਕੱਢਣ ਦਾ ਚੈਂਪੀਅਨ ਮੁਹੰਮਦ ਨਮਜੂ ਅਤੇ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਕੈਵੀ ਪਿੰਟੋ ਨੂੰ ਇੰਨਾਂ ਖੇਡਾਂ ਦੇ ਉੱਤਮ ਖਿਡਾਰੀ ਕਰਾਰ ਦਿੱਤਾ ਗਿਆ। ਸੋਨੇ ਦੇ ਤਮਗੇ ਜਿੱਤਣ ਵਿਚ ਜਾਪਾਨ ਪਹਿਲੇ ਨੰਬਰ (24) ਭਾਰਤ ਦੂਜੇ ਨੰਬਰ (16) ਅਤੇ ਈਰਾਨ ਤੀਜੇ ਨੰਬਰ ਤੇ ਰਿਹਾ। ਚਾਂਦੀ ਦੇ ਤਮਗੇ ਜਿੱਤਣ ਵਿਚ ਵੀ ਜਾਪਾਨ ਪਹਿਲੇ ਨੰਬਰ (21), ਭਾਰਤ ਦੂਜੇ ਨੰਬਰ (16) ਅਤੇ ਈਰਾਨ ਤੀਜੇ ਨੰਬਰ ਤੇ (7) ਅਤੇ ਕਾਂਸੀ ਦੇ ਤਮਗੇ ਜਿੱਤਣ ਵਿਚ ਭਾਰਤ ਪਹਿਲੇ ਨੰਬਰ (19), ਜਾਪਾਨ ਦੂਜੇ ਨੰਬਰ (15) ਅਤੇ ਈਰਾਨ ਤੀਜੇ ਨੰਬਰ (2) ਤੇ ਰਿਹਾ। 800 ਮੀ. ਦੀ ਦੌੜ ਵਿਚ ਰਣਜੀਤ ਸਿੰਘ, 1500 ਮੀ. ਦੌੜ ਵਿਚ ਨਿੱਕਾ ਸਿੰਘ, ਮੈਰਾਥਨ ਦੌੜ ਵਿਚ ਛੋਟਾ ਸਿੰਘ, 10,000 ਮੀ. ਵਾਕ ਵਿਚ ਬਖਤਾਵਰ ਸਿੰਘ, ਗੋਲਾ ਸੁੱਟਣ ਵਿਚ ਮਦਨ ਲਾਲ ਅਤੇ ਡਿਸਕਸ ਸੁਟਣ ਵਿਚ ਮੱਖਣ ਸਿੰਘ ਨੇ ਸੋਨੇ ਦੇ ਤਮਗੇ ਪ੍ਰਾਪਤ ਕੀਤੇ।

ਦੂਜੀਆਂ ਏਸ਼ੀਆਈ ਖੇਡਾਂ (ਮਨੀਲਾ 1954) – ਇਹ ਖੇਡਾਂ ਫਿਲਪੀਨ ਦੀ ਰਾਜਧਾਨੀ ਮਨੀਲਾ ਵਿਖੇ 1 ਤੋਂ 9 ਮਈ 1954 ਨੂੰ ਹੋਈਆਂ। ਖੇਡਾਂ ਦਾ ਉਦਘਾਟਨ ਦੇਸ਼ ਦੇ ਪ੍ਰੈਜੀਡੈਂਟ ਸ੍ਰੀ ਰਮਨ ਮੈਗਸੇਸ ਨੇ ਕੀਤਾ। ਇਨ੍ਹਾਂ ਖੇਡਾਂ ਵਿਚ 18 ਦੇਸ਼ ਅਫ਼ਗਾਨਿਸਤਾਨ ਮਿਆਂਮਾਰ (ਬਰਮ), ਕੰਬੋਡੀਆ, ਸ੍ਰੀ ਲੰਕਾ, ਹਾਂਗਕਾਂਗ, ਭਾਰਤ, ਇੰਡੋਨੇਸ਼ੀਆ, ਇਸਰਾਈਲ, ਜਾਪਾਨ, ਮਲਾਇਆ, ਨੈਸ਼ਨਲਿਸਟ ਚੀਨ, ਉੱਤਰੀ ਬਰਨੀਓ, ਪਾਕਿਸਤਾਨ, ਸਿੰਗਾਪੁਰ, ਦੱਖਣੀ ਕੋਰੀਆ, ਦੱਖਣੀ ਵੀਅਤਨਾਮ ਅਤੇ ਥਾਈਲੈਂਡ ਸ਼ਾਮਲ ਹੋਏ ਅਤੇ 967 ਖਿਡਾਰੀਆਂ (98 ਔਰਤਾਂ) ਨੇ ਹਿੱਸਾ ਲਿਆ। ਇਨ੍ਹਾਂ ਖੇਡਾਂ ਵਿਚ ਵੀ ਫ੍ਰੀ ਸਟਾਈਲ ਕੁਸ਼ਤੀਆਂ, ਨਿਸ਼ਾਨੇਬਾਜ਼ੀ ਅਤੇ ਮੁੱਕੇਬਾਜ਼ੀ ਨੂੰ ਸ਼ਾਮਲ ਕੀਤਾ ਗਿਆ ਅਤੇ ਸਾਈਕਲ ਦੌੜ ਨੂੰ ਕੱਢ ਦਿੱਤਾ ਗਿਆ। ਇਨ੍ਹਾਂ ਖੇਡਾਂ ਵਿਚ ਪਾਕਿਸਤਾਨ ਪਹਿਲੀ ਵਾਰ ਸ਼ਾਂਮਲ ਹੋਇਆ। ਇਨ੍ਹਾਂ ਖੇਡਾਂ ਵਿਚ ਜਾਪਾਨ ਸਭ ਤੋਂ ਤਕੜੇ ਰਾਸ਼ਟਰ ਵਜੋਂ ਉਭਰ ਕੇ ਸਾਹਮਣੇ ਆਇਆ। ਜਾਪਾਨ ਦੀ ਇੰਨੀ ਵੱਡੀ ਪ੍ਰਾਪਤੀ ਨੂੰ ਵੇਖ ਕੇ ਤਾਂ ਯੂਰਪੀਨ ਅਤੇ ਅਮਰੀਕਨ ਦੇਸ਼ ਵੀ ਦੰਗ ਰਹਿ ਗਏ। ਇਨ੍ਹਾਂ ਖੇਡਾਂ ਵਿਚ ਸੋਨੇ , ਚਾਂਦੀ ਅਤੇ ਕਾਂਸੀ ਦੇ ਤਿੰਨਾਂ ਹੀ ਤਮਗ਼ਿਆ ਨੂੰ ਜਿੱਤਣ ਵਿਚ ਜਾਪਾਨ, ਫਿਲਪੀਨ ਅਤੇ ਦੱਖਣੀ ਕੋਰੀਆ ਕ੍ਰਮ ਅਨੁਸਾਰ ਵਿਚ ਜਾਪਾਨ, ਫ਼ਿਲਪੀਨ ਅਤੇ ਦੱਖਣੀ ਕੋਰੀਆ ਕ੍ਰਮ ਅਨੁਸਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਰਹੇ। ਭਾਰਤ ਦੇ ਸਰਵਨ ਸਿੰਘ, ਅਜੀਤ ਸਿੰਘ ਅਤੇ ਪਰਦੁਮਨ ਸਿੰਘ ਨੇ 110 ਮੀ. ਹਰਡਲਜ਼ , ਉੱਚੀ ਛਾਲ ਅਤੇ ਡਿਸਕਸ ਸੁੱਟਣ ਵਿਚ ਸੋਨੇ ਦੇ ਤਮਗੇ ਜਿੱਤ ਕੇ ਦੇਸ਼ ਦੀ ਲਾਜ ਰੱਖੀ।

ਤੀਜੀਆਂ ਏਸ਼ੀਆਈ ਖੇਡਾਂ (ਟੋਕੀਓ, 1958): ਕਈ ਦਿਨਾ ਤਕ ਲਗਾਤਾਰ ਵਰਖਾ ਹੋਣ ਤੋਂ ਬਾਅਦ ਤੀਜੀਆਂ ਏਸ਼ੀਆਈ ਖੇਡਾਂ ਜਾਪਾਨ ਦੀ ਰਾਜਧਾਨੀ ਟੇਕੀਓ ਵਿਖੇ 24 ਮਈ, 1958 ਨੂੰ ਸ਼ੁਰੂ ਹੋ ਕੇ 1 ਜੂਨ, 1958 ਨੂੰ ਖਤਮ ਹੋਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਦੇਸ਼ ਦੇ ਬਾਦਸ਼ਾਹ ਹੀਰੋਹੀਤੋ ਨੇ ਕੀਤਾ। ਇਨ੍ਹਾਂ ਖੇਡਾਂ ਵਿਚ ਵੀਹ ਦੇਸ਼ਾਂ ਤੋਂ 1422 ਖਿਡਾਰੀ ਸ਼ਾਮਲ ਹੋਏ। ਖੇਡਾਂ ਵਿਚ 13 ਆਈਟਮ ਰੱਖੇ ਗਏ। ਹਾਕੀ, ਲਾਲ ਟੈਨਿਸ, ਟੇਬਲ ਟੈਨਿਸ ਅਤੇ ਵਾਲੀਬਾਲ ਨੂੰ ਏਸ਼ੀਆਈ ਖੇਡਾਂ ਵਿਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ। ਇਥੇ ਸਾਈਕਲਿੰਗ ਫਿਰ ਸ਼ਾਮਲ ਕਰ ਲਈ ਗਈ। ਟੋਕੀਓ ਖੇਡਾਂ ਨੂੰ ਦੁਨੀਆ ਭਰ ਵਿਚ ਮਸ਼ਹੂਰ ਕਰਨ ਵਾਲਾ ਇਥੇ ਖੇਡਿਆ ਗਿਆ ਹਾਕੀ ਮੁਕਾਬਲਾ ਸੀ। ਇਸ ਉਹ ਏਸ਼ੀਆਈ ਖੇਡਾਂ ਸਨ, ਜਦੋਂ ਭਾਰਤ ਦੇ ਵਿਸ਼ਵ ਪ੍ਰਸਿੱਧ ਦੌੜਾਕ ਉਡਣੇ ਸਿੱਖ ਮਿਲਖਾ ਸਿੰਘ ਨੇ 200 ਮੀ. ਅਤੇ 400 ਮੀ. ਦੀ ਦੌੜ ਵਿਚ ਆਪਣੇ ਰਿਕਾਰਡ ਕਾਇਮ ਕੀਤੇ ਅਤੇ ਸੋਨੇ ਦੇ ਤਮਗੇ ਜਿੱਤੇ। ਇਨ੍ਹਾਂ ਖੇਡਾਂ ਵਿਚ ਜਾਪਾਨ ਸੋਨੇ ਦੇ (67), ਚਾਂਦੀ (41) ਅਤੇ ਕਾਂਸੀ ਦੇ (30) ਤਮਗੇ ਜਿੱਤ ਕੇ ਪਹਿਲੇ ਨੰਬਰ ਤੇ ਰਿਹਾ। ਫ਼ਿਲਪੀਨ ਨੇ ਸੋਨੇ ਦੇ 8, ਚਾਂਦੀ ਦੇ 19 ਅਤੇ ਕਾਂਸੀ ਦੇ 22 ਤਮਗੇ ਜਿੱਤ ਕੇ ਦੂਜੀ ਥਾਂ ਪ੍ਰਾਪਤ ਕੀਤੀ ਅਤੇ ਦੱਖਣੀ ਕੋਰੀਆ ਨੇ ਸੋਨੇ ਦੇ 8 ਚਾਂਦੀ ਦੇ 7 ਅਤੇ ਕਾਂਸੀ ਦੇ 12 ਤਮਗੇ ਜਿੱਤ ਕੇ ਤੀਜੀ ਥਾਂ ਪ੍ਰਾਪਤ ਕੀਤੀ। ਭਾਰਤ ਦੇ ਤੀਹਰੀ ਛਾਲ ਵਿਚ ਮਹਿੰਦਰ ਸਿੰਘ, ਗੋਲਾ ਸੁੱਟਣ ਵਿਚ ਪਰਦੁਮਨ ਸਿੰਘ ਅਤੇ ਡਿਸਕਸ ਸੁੱਟਣ ਵਿਚ ਬਲਕਾਰ ਸਿੰਘ ਨੇ ਸੋਨੇ ਦੇ ਤਮਗੇ ਜਿੱਤੇ।

ਚੌਥੀਆਂ ਏਸ਼ੀਆਈ ਖੇਡਾਂ (ਜਕਾਰਤਾ, 1962) – ਚੌਥੀਆਂ ਏਸ਼ੀਆਈ ਖੇਡਾਂ ਦੁਨੀਆ ਦੇ ਸਭ ਤੋਂ ਵੱਡੇ ਦੀਪ-ਸਮੂਹ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ (ਜਾਵਾ) ਵਿਚ 24 ਅਗਸਤ ਤੋਂ 4 ਸਤੰਬਰ, 1962 ਤਕ ਕਰਵਾਈਆਂ ਗਈਆਂ। ਖੇਡਾਂ ਦਾ ਉਦਘਾਟਨ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਸ੍ਰੀ ਸੁਕਰਨੋ ਨੇ ਕੀਤਾ। ਇਨ੍ਹਾਂ ਖੇਡਾਂ ਵਿਚ 17 ਦੇਸ਼ਾਂ ਦੇ ਲਗਭਗ 1700 ਖਿਡਾਰੀਆਂ ਨੇ ਹਿੱਸਾ ਲਿਆ। ਖੇਡ ਮੁਕਾਬਲੇ 15 ਖੇਤਰਾਂ ਵਿਚ ਕਰਵਾਏ ਜਾਣੇ ਸਨ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਦੋ ਨਵੇਂ ਮੁਕਾਬਲੇ ਬੈਡਮਿੰਟਨ ਅਤੇ ਤੀਰ ਅੰਦਾਜ਼ੀ ਸ਼ਾਮਲ ਕੀਤੇ ਗਏ। ਅਸਲ ਵਿਚ ਮੁਕਾਬਲੇ 13 ਹੀ ਖੇਤਰਾਂ ਵਿਚ ਕਰਵਾਏ ਗਏ। ਇਥੇ ਭਾਰ ਚੁੱਕਣ ਦਾ ਮੁਕਾਬਲਾ ਅਸਥਾਈ ਤੌਰ ਬੰਦ ਕਰਵਾ ਦਿੱਤਾ ਗਿਆ। ਸਾਰਾਵਾਕ ਅਤੇ ਬਰੂਨੀ ਏਸ਼ੀਆਈ ਖੇਡ ਫ਼ੈਡਰੇਸ਼ਨ ਦੇ ਨਵੇਂ ਮੈਂਬਰ ਸਨ, ਪਰ ਬਰੂਨੀ ਖੇਡ ਮੁਕਾਬਲਿਆਂ ਵਿਚ ਸ਼ਾਮਲ ਨਾ ਹੋਇਆ। ਪ੍ਰਬੰਧਕ, ਇਸਰਾਈਲ ਅਤੇ ਤੈਵਾਨ ਨੂੰ ਇਨਾਂ ਖੇਡਾ ਵਿਚ ਸ਼ਾਮਲ ਕਰਵਾਉਣ ਤੋਂ ਅਸਮਰਥ ਰਹੇ। ਅੰਤਰਰਾਸ਼ਟਰੀ ਓਲਿੰਪਿਕ ਕਮੇਟੀ ਨੇ ਇਨਾਂ ਖੇਡਾਂ ਤੋਂ ਮਾਨਤਾ ਵਾਪਸ ਲੈ ਲਈ ਅਤੇ ਇਨ੍ਹਾਂ ਖੇਡਾਂ ਦਾ ਦਰਜਾ ਵੀ ਬਦਲ ਦਿੱਤਾ ਪਰ ਸਿਆਸੀ ਵਿਵਾਦ ਖਿਡਾਰੀਆਂ ਦੇ ਰਾਹ ਵਿਚ ਬਹੁਤਾ ਚਿਰ ਨਾ ਅੜ ਸਕਿਆ ਅਤੇ ਖੇਡਾਂ ਜਾਰੀ ਰਹੀਆਂ। ਟ੍ਰੈਕ ਅਤੇ ਫੀਲਡ ਐਥਲੈਟਿਕਸ ਵਿਚ ਜਾਪਾਨ ਨੇ ਫਿਰ ਆਪਣੀ ਰਵਾਇਤੀ ਸਰਦਾਰੀ ਕਾਇਮ ਰੱਖੀ। ਟੀਮ ਮੁਕਾਬਲਿਆਂ-ਫੁਟਬਾਲ ਵਿਚ ਭਾਰਤ ਨੇ ਸੋਨੇ ਦਾ ਤਮਗਾ ਪ੍ਰਾਪਤ ਕੀਤੇ। ਸਮੁੱਚੇ ਰੂਪ ਵਿਚ ਇਨ੍ਹਾਂ ਖੇਡਾਂ ਵਿਚ ਜਾਪਾਨ ਨੇ 73, ਇੰਡੋਨੇਸ਼ੀਆ ਨੇ 11 ਅਤੇ ਭਾਰਤ ਨੇ 9 ਸੋਨੇ ਦੇ ਤਮਗੇ ਪ੍ਰਾਪਤ ਕਰਕੇ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਥਾਂ ਪ੍ਰਾਪਤ ਕੀਤੀ । ਭਾਰਤ ਦੇ ਮਿਲਖਾ ਸਿੰਘ ਨੇ 400 ਮੀ., ਮਹਿੰਦਰ ਸਿੰਘ ਨੇ 1500 ਮੀ., ਤਿਰਲੋਕ ਸਿੰਘ ਨੇ 10000 ਮੀ., 4x100 ਮੀ. ਰੀਲੇ ਦੌੜ ਵਿਚ ਦਲਜੀਤ ਸਿੰਘ, ਜਗਦੀਸ਼ ਸਿੰਘ ਅਤੇ ਮਿਲਖਾ ਸਿੰਘ ਨੇ ਅਤੇ ਡੈਕਾਥਲਨ ਵਿਚ ਗੁਰਬਚਨ ਸਿੰਘ ਨੇ ਸੋਨੇ ਦੇ ਤਮਗੇ ਪ੍ਰਾਪਤ ਕੀਤੇ।

ਪੰਜਵੀਆਂ ਏਸ਼ੀਆਈ ਖੇਡਾਂ (ਬੈਂਕਾਕ, 1966) – ਥਾਈਲੈਂਡ ਦੁਨੀਆ ਦਾ ਅਜਿਹਾ ਮੁਲਕ ਹੈ ਜੋ ਆਪ ਤਾਂ ਭਾਵੇਂ ਛੋਟਾ ਜਿਹਾ ਹੈ ਪਰ ਥੋੜ੍ਹੇ ਜਿਹੇ ਨੋਟਿਸ ਤੇ ਵੀ ਦੁਨੀਆ ਦੀਆਂ ਵੱਡੀਆਂ ਤੋਂ ਵੱਡੀਆਂ ਖੇਡਾਂ ਕਰਵਾ ਸਕਦਾ ਹੈ। ਸੰਨ 1966 ਪੰਜਵੀਆਂ ਏਸ਼ੀਆਈ ਖੇਡਾਂ ਕਰਵਾਉਣ ਦਾ ਸੁਭਾਗ਼ ਥਾਈਲੈਂਡ ਨੂੰ ਪ੍ਰਾਪਤ ਹੋਇਆ। ਇਹ ਖੇਡਾਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ 9 ਤੋਂ 20 ਦਸੰਬਰ, 1966 ਨੂੰ ਖੇਡੀਆਂ ਗਈਆ। ਇਨ੍ਹਾਂ ਖੇਡਾਂ ਦਾ ਉਦਘਾਟਨ ਥਾਈਲੈਂਡ ਦੇ ਬਾਦਸ਼ਾਹ ਭੂਮੀਜੋਲ ਆਦੁਲਯਾਦੇਜ਼ ਨੇ ਕੀਤਾ। ਬੈਂਕਾਕ ਏਸ਼ੀਆਈ ਖੇਡਾਂ ਵਿਚ ਏਸ਼ੀਆ ਦੇ 18 ਦੇਸ਼ਾਂ ਤੋ ਲਗਭਗ 2000 ਖਿਡਾਰੀ ਭਗ ਲੈਣ ਲਈ ਆਏ ਅਤੇ ਖੇਡ ਮੁਕਾਬਲੇ 14 ਖੇਤਰਾਂ ਵਿਚ ਕਰਵਾਏ ਗਏ। ਭਾਰ ਚੁੱਕਣ (ਵੇਟਲਿਫਟਿੰਗ) ਨੂੰ ਫਿਰ ਸ਼ਾਮਲ ਕਰ ਲਿਆ ਗਿਆ। ਸਮੁੱਚੇ ਰੂਪ ਵਿਚ ਇਸ ਵਾਰ ਫਿਰ ਜਪਾਨ ਸਭ ਤੋਂ ਮੋਹਰੀ ਰਿਹਾ। ਹਾਕੀ ਵਿਚ ਭਾਰਤ ਪਹਿਲੀ ਵਾਰ ਏਸ਼ੀਆਈ ਚੈਂਪੀਅਨ ਬਣਿਆ। ਇਨ੍ਹਾਂ ਖੇਡਾਂ ਵਿਚ ਜਾਪਾਨ, ਦੱਖਣੀ ਕੋਰੀਆ ਤੇ ਥਾਈਲੈਂਡ, ਪਹਿਲੇ, ਦੂਜੇ, ਤੇ ਤੀਜੇ ਨੰਬਰ ਉੱਤੇ ਰਹੇ। ਭਾਰਤ ਦੇ ਅਜਮੇਰ ਸਿੰਘ ਨੇ 400 ਮੀ. ਵਿਚ, ਬੀ. ਐਸ. ਬਰੂਆ ਨੇ 800 ਮੀ. ਦੀ ਦੌੜ ਵਿਚ, ਭੀਮ ਸਿੰਘ ਉੱਚੀ ਛਾਲ ਵਿਚ, ਜ਼ੋਗਿੰਦਰ ਸਿੰਘ ਗੋਲਾ ਸੁੱਟਣ ਵਿਚ ਅਤੇ ਬਾਕਸਿੰਗ (ਹੈਵੀਵੇਟ) ਵਿਚ ਹਵਾ ਸਿੰਘ ਨੇ ਸੋਨੇ ਦੇ ਤਮਗੇ ਪ੍ਰਾਪਤ ਕੀਤੇ।

ਛੇਵੀਆਂ ਏਸ਼ੀਆਈ ਖੇਡਾਂ (ਬੈਂਕਾਕ 1970) – ਜੇ ਭਾਰਤ ਨੂੰ ਪਹਿਲੀਆਂ ਏਸ਼ੀਆਈ ਖੇਡਾਂ ਸ਼ੁਰੂ ਕਰਵਾਉਣ ਦਾ ਮਾਣ ਹਾਸਲ ਹੈ ਤਾਂ ਇਨ੍ਹਾਂ ਨੂੰ ਨਿਰੰਤਰ ਰੂਪ ਵਿਚ ਚਲਦਿਆਂ ਰੱਖਣ ਦਾ ਗੌਰਵ ਥਾਈਲੈਂਡ ਨੂੰ ਪ੍ਰਾਪਤ ਹੈ। ਸੰਨ 1970 ਵਿਚ ਇਨ੍ਹਾਂ ਖੇਡਾਂ ਲਈ ਉਚਿਤ ਸਥਾਨ ਨਾ ਮਿਲਣ ਕਾਰਨ ਇਹ ਥੋੜ੍ਹਾ ਚਿਰ ਰੁਕੀਆਂ ਰਹੀਆਂ। ਮੁੱਢ ਵਿਚ ਛੇਵੀਆਂ ਏਸ਼ੀਆਈ ਖੇਡਾਂ ਦੱਖਣੀ ਕੋਰੀਆ ਦੀ ਰਾਜਧਾਨੀ ਸੀਓਲ ਵਿਖੇ ਕਰਵਾਈਆਂ ਜਾਣ ਜਾ ਫ਼ੈਸਲਾ ਕੀਤਾ ਗਿਆ ਸੀ ਪਰ ਮਈ, 1968 ਵਿਚ ਵਿੱਤੀ ਅਤੇ ਸਿਆਸੀ ਕਾਰਨਾਂ ਕਰਕੇ ਦੱਖਣੀ ਕੋਰੀਆਂ ਨੇ ਇਨ੍ਹਾਂ ਖੇਡਾਂ ਨੂੰ ਕਰਵਾਉਣ ਤੋਂ ਆਪਣੀ ਅਸਮਰੱਥਾ ਜ਼ਾਹਰ ਕਰ ਦਿੱਤੀ। ਕੋਰੀਆ ਦੇ ਮੈਦਾਨ ਛੱਡ ਜਾਣ ਕਾਰਨ ਏਸ਼ੀਆਈ ਖੇਡ ਫ਼ੈਡਰੇਸ਼ਨ ਲਈ ਉਚਿਤ ਸਥਾਨ ਲੱਭਣ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ। ਚੰਗੇ ਭਾਗਾਂ ਨੂੰ ਥਾਈਲੈਂਡ ਵਿਚ ਅੱਗੇ ਵਧਿਆ। ਨਵੰਬਰ, 1969 ਨੂੰ ਏਸ਼ੀਆਈ ਖੇਡ ਫ਼ੈਡਰੇਸ਼ਨ ਨੇ ਫਿਰ ਬੈਂਕਾਕ ਵਿਚ ਹੀ ਇਨ੍ਹਾਂ ਖੇਡਾਂ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ। ਥਾਈਲੈਂਡ ਲਈ ਇੰਨੀਆਂ ਵੱਡੀਆਂ ਖੇਡਾਂ ਦਾ ਸਾਲ ਵਿਚ ਪ੍ਰਬੰਧ ਕਰਨਾ ਇਕ ਵੰਗਾਰ ਸੀ। ਥਾਈਲੈਂਡ ਨੇ ਬੜੀ ਹਿੰਮਤ ਨਾਲ ਇਨ੍ਹਾਂ ਖੇਡਾਂ ਲਈ ਪੂਰੇ ਪ੍ਰਬੰਧ ਕਰ ਲਏ। ਅਖੀਰ 9 ਦਸੰਬਰ ਤੋਂ 20 ਦਸੰਬਰ ਤਕ ਇਹ ਖੇਡਾਂ ਇਥੋਂ ਦੇ ਨੈਸ਼ਨਲ ਸਟੇਡੀਅਮ ਵਿਚ ਕਰਵਾਈਆਂ ਗਈਆਂ। ਖੇਡਾਂ ਦਾ ਉਦਘਾਟਨ ਫਿਰ ਇਥੋਂ ਦੇ ਬਾਦਸ਼ਾਹ ਭੂਮੀਭੋਲ ਆਦੁਲਯਾਦੇਜ ਨੇ ਕੀਤਾ। ਏਸ਼ੀਆ ਦੇ ਅਠਾਰਾਂ ਮੁਲਕਾਂ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿਚ ਹਿੱਸਾ ਲਿਆ। ਯੁੱਧ ਕਾਰਨ ਬਰਬਾਦ ਹੋਇਆ ਕੰਬੋਡੀਆ ਵੀ ਫਿਰ ਸ਼ਾਮਲ ਹੋਇਆ ਪਰ ਅਫ਼ਗਾਨਿਸਤਾਨ ਇਸ ਵਾਰ ਸ਼ਾਮਲ ਨਾ ਹੋਇਆ। ਇਸ ਵਾਰ ਖੇਡ ਮੁਕਾਬਲੇ ਤੇਰਾਂ ਖੇਤਰਾਂ ਵਿਚ ਕਰਵਾਏ ਗਏੇ। ਜਾਪਾਨ ਨੇ ਪਹਿਲੀਆਂ ਏਸ਼ੀਆਈ ਖੇਡਾਂ ਵਾਂਗ ਆਪਣਾ ਪਹਿਲਾ ਸਥਾਨ ਫਿਰ ਬੜੀ ਸ਼ਾਨ ਨਾਲ ਬਰਕਰਾਰ ਰੱਖਿਆ, ਦੱਖਣੀ ਕੋਰੀਆ ਅਤੇ ਥਾਈਲੈਂਡ ਇਨ੍ਹਾਂ ਖੇਤਰਾਂ ਵਿਚ ਦੂਜੇ ਅਤੇ ਤੀਜੇ ਨੰਬਰ ਤੇ ਰਹੇ। ਭਾਰਤ ਦੇ ਮਹਿੰਦਰ ਸਿੰਘ ਗਿੱਲ ਨੇ ਤੀਹਰੀ ਛਾਲ ਵਿਚ, ਜੋਗਿੰਦਰ ਸਿੰਘ ਨੇ ਗੋਲਾ ਸੁੱਟਣ, ਪਰਵੀਨ ਕੁਮਾਰ ਨੇ ਡਿਸਕਸ ਸੁਟਣ, ਚਾਂਦਗੀ ਰਾਮ ਨੇ ਕੁਸ਼ਤੀਆਂ (ਫ੍ਰੀਸਟਾਈਲ-ਹੈਵੀ), ਹਵਾ ਸਿੰਘ ਨੇ ਬਾਕਸਿੰਗ (ਹੈਵੀ) ਵਿਚ ਅਤੇ ਕਮਲਜੀਤ ਸੰਧੂ ਨੇ ਇਸਤਰੀਆਂ ਦੀ 400 ਮੀ. ਦੀ ਦੌੜ ਵਿਚ ਸੋਨੇ ਦੇ ਤਮਗੇ ਜਿੱਤੇ।

ਸੱਤਵੀਆਂ ਏਸ਼ੀਆਈ ਖੇਡਾਂ (ਤਹਿਰਾਨ, 1974) – ਸੱਤਵੀਆਂ ਏਸ਼ੀਆਈ ਖੇਡਾਂ ਈਰਾਨ ਦੀ ਰਾਜਧਾਨੀ ਤਹਿਰਾਨ ਵਿਚ 1 ਤੋਂ 16 ਸਤੰਬਰ, 1974 ਤਕ ਹੋਈਆਂ। ਇਹ ਪਹਿਲਾ ਮੌਕਾ ਸੀ ਜਦੋਂ ਏਸ਼ੀਆਈ ਖੇਡਾਂ ਪੱਛਮੀ ਏਸ਼ੀਆ ਵਿਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੀ ਤਿਆਰੀ ਲਈ ਈਰਾਨ ਨੇ ਨਵੇਂ ਨਵੇਂ ਤਰੀਕਿਆਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਬਹੁਤ ਸਾਰੇ ਅਧਿਕਾਰੀਆਂ ਨੂੰ ਪਹਿਲਾਂ ਹੀ ਪੱਛਮੀ ਜਰਮਨੀ ਭੇਜ ਦਿੱਤਾ। ਈਰਾਨ ਦਾ ਇਹ ਤਜਰਬਾ ਬਹੁਤ ਹੀ ਕਾਮਯਾਬ ਰਿਹਾ। ਖੇਡਾਂ ਦਾ ਉਦਘਾਟਨ ਦੇਸ਼ ਦੇ ਸ਼ਹਿਨਸ਼ਾਹ ਆਰੀਆਮਿਹਰ ਨੇ ਕੀਤਾ। ਇਨ੍ਹਾਂ ਖੇਡਾਂ ਵਿਚ 25 ਦੇਸ਼ਾਂ ਨੇ ਹਿੱਸਾ ਲਿਆ ਅਤੇ ਇਸ ਵਿਚ ਸ਼ਾਮਲ ਹੋਣ ਵਾਲੇ ਖਿਡਾਰੀਆ ਦੀ ਕੁੱਲ ਗਿਣਤੀ 3010 ਸੀ। ਚੀਨ ਪਹਿਲੀ ਵਾਰ ਇਨ੍ਹਾਂ ਖੇਡਾਂ ਵਿਚ ਸ਼ਾਮਲ ਹੋਇਆ। ਇਸ ਨਾਲ ਇਨ੍ਹਾਂ ਖੇਡਾਂ ਨੂੰ ਹੋਰ ਉਤਸ਼ਾਹ ਮਿਲਿਆ । ਇਸ ਸਮੇਂ ਦੁਨੀਆਂ ਦੀ ਲਗਭਗ ਅੱਧੀ ਵਸੋਂ ਦੀ ਇਨ੍ਹਾਂ ਖੇਡਾਂ ਵਿਚ ਨੁਮਾਇੰਦਗੀ ਹੋਈ। ਚੀਨ ਤੋਂ ਇਲਾਵਾ ਇਨ੍ਹਾਂ ਖੇਡਾਂ ਵਿਚ ਸ਼ਾਮਲ ਹੋਣ ਵਾਲੇ ਨਵੇਂ ਮੁਲਕ-ਉੱਤਰੀ ਕੋਰੀਆ, ਮੰਗੋਲੀਆ, ਬਹਿਰੀਨ, ਇਰਾਕ, ਕੁਵੈਤ ਅਤੇ ਲਾਓਸ ਸਨ। ਇਹ ਪਹਿਲੀਆਂ ਏਸ਼ੀਆਈ ਖੇਡਾਂ ਸਨ ਜਿਨ੍ਹਾਂ ਦੇ ਮੁਕਾਬਲਿਆਂ ਲਈ ਸਿੰਥੈਟਿਕ ਪਲਾਸਟਿਕ ਟ੍ਰੈਕ ਬਣਾਏ ਗਏ ਸਨ ਅਤੇ ਜਿਨ੍ਹਾਂ ਵਿਚ ਸਟਾਪ-ਵਾਚ ਬਿਲਕੁਲ ਨਹੀਂ ਵਰਤੀ ਗਈ ਸੀ। ਸਮੁੱਚੇ ਰੂਪ ਵਿਚ ਜਾਪਾਨ ਦੀ ਰਵਾਇਤੀ ਸਰਦਾਰੀ, ਇਸਰਾਈਲੀਆਂ ਵਿਰੁੱਧ ਸਿਆਸੀ ਬਾਈਕਾਟ ਅਤੇ ਚੀਨ ਦਾ ਪ੍ਰਵੇਸ਼ ਇਨ੍ਹਾਂ ਖੇਡਾਂ ਦੀਆਂ ਮੁੱਖ ਘਟਨਾਵਾਂ ਸਨ। ਜਾਪਾਨ ਨੇ ਸੋਨੇ ਦੇ 75, ਈਰਾਨ ਨੇ 36 ਅਤੇ ਚੀਨ ਤਮਗੇ ਜਿੱਤ ਕੇ ਕ੍ਰਮ ਵਾਰ ਪਹਿਲੀ ਦੂਜੀ ਤੇ ਤੀਜੀ ਥਾਂ ਪ੍ਰਾਪਤ ਕੀਤੀ। ਚਾਂਦੀ ਦੇ ਤਮਗੇ ਜਿੱਤਣ ਵਿਚ ਜਾਪਾਨ ਪਹਿਲੇ ਨੰਬਰ (50) ਚੀਨ ਦੂਜੇ ਨੰਬਰ (45) ਅਤੇ ਈਰਾਨ (28) ਤੀਜੇ ਨੰਬਰ ਤੇ ਰਿਹਾ। ਇਸੇ ਤਰ੍ਹਾਂ ਹੀ ਕਾਂਸੀ ਦੇ ਤਮਗੇ ਜਿੱਤਣ ਵਿਚ ਜਾਪਾਨ ਪਹਿਲੇ ਨੰਬਰ (51) ਚੀਨ ਦੂਜੇ ਨੰਬਰ (28) ਅਤੇ ਈਰਾਨ ਤੀਜੇ ਨੰਬਰ (17) ਤੇ ਰਿਹਾ। ਭਾਰਤ ਦੇ ਖਿਡਾਰੀ ਸ੍ਰੀਰਾਮ ਸਿੰਘ ਨੇ 800 ਮੀ. ਦੀ ਦੌੜ ਵਿਚ, ਵਿਜੈ ਸਿੰਘ ਚੌਹਾਨ ਨੇ ਡੈਕਾਥਲਨ ਵਿਚ, ਟੀ. ਸੀ. ਯੋਹਾਨਨ ਨੇ ਲੰਮੀ ਛਾਲ ਵਿਚ ਸੋਨੇ ਦੇ ਤਮਗੇ ਪ੍ਰਾਪਤ ਕੀਤੇ।

ਅੱਠਵੀਆਂ ਏਸ਼ੀਆਈ ਖੇਡਾਂ (ਬੈਂਕਾਕ, 1978) – ਆਰੰਭ ਵਿਚ ਅੱਠਵੀਆਂ ਏਸ਼ੀਆਈ ਖੇਡਾਂ ਕਰਵਾਉਣ ਲਈ ਪਾਕਿਸਤਾਨ ਨੂੰ ਮੇਜ਼ਬਾਨ ਦੇਸ਼ ਚੁਣਿਆ ਗਿਆ। ਅੰਦਰੂਨੀ ਗੜਬੜ ਕਾਰਨ ਪਾਕਿਸਤਾਨ ਨੇ ਇਨ੍ਹਾਂ ਖੇਡਾਂ ਨੂੰ ਕਰਵਾਉਣ ਤੋਂ ਆਪਣੀ ਅਸਮਰੱਥਾ ਜ਼ਾਹਰ ਕੀਤੀ। ਜਾਪਾਨ, ਕੋਰੀਆ ਅਤੇ ਮਲੇਸ਼ੀਆ ਨੂੰ ਇਨ੍ਹਾਂ ਖੇਡਾਂ ਕਰਵਾਉਣ ਬਾਰੇ ਪੁੱਛਿਆ ਪਰ ਹਰੇਕ ਦੇਸ਼ ਨੇ ਹੀ ਇਸ ਭਾਰ ਨੂੰ ਚੁੱਕਣ ਤੋਂ ਕੰਨੀ ਕਤਰਾਈ। ਭਾਰਤ ਨੇ ਵੀ ਬਹੁਤ ਘੱਟ ਦਿਲਚਸਪੀ ਵਿਖਾਈ। ਏਸ਼ੀਆਈ ਖੇਡ ਫ਼ੈਡਰੇਸ਼ਨ ਲਈ ਇਕ ਬਹੁਤ ਵੱਡੀ ਸਮੱਸਿਆ ਆਣ ਖੜੀ ਹੋਈ। ਕੋਈ ਚਾਰਾ ਨਾ ਚਲਦਿਆਂ ਵੇਖ ਕੇ ਫ਼ੈਡਰੇਸ਼ਨ ਨੇ ਇਸ ਏਸ਼ੀਆਈ ਖੇਡ ਲਹਿਰ ਨੂੰ ਜਾਰੀ ਰੱਖਣ ਲਈ ਫਿਰ ਥਾਈ ਓਲਿੰਪਿਕ ਕਮੇਟੀ ਨੂੰ ਬੇਨਤੀ ਕੀਤੀ। ਥਾਈਲੈਂਡ ਜਿਹੜਾ ਪਹਿਲਾਂ ਦੋ ਵਾਰ ਏਸ਼ੀਆਈ ਖੇਡਾਂ (1966 ਅਤੇ 1970) ਕਰਵਾ ਚੁੱਕਾ ਸੀ, ਵੀ ਕਾਫੀ ਚਿਰ ਨਾਂਹ ਨੁਕਰ ਕਰਨ ਤੋਂ ਬਾਅਦ ਇਹ ਖੇਡਾਂ ਕਰਵਾਉਣ ਲਈ ਰਜ਼ਾਮੰਦ ਹੋ ਗਿਆ ਪਰ ਥਾਈਲੈਂਡ ਨੇ ਇਨ੍ਹਾਂ ਖੇਡਾਂ ਲਈ ਮੈਂਬਰ ਦੇਸ਼ਾਂ ਤੋਂ ਵਿੱਤ ਪ੍ਰਾਪਤ ਕਰਨ ਦੀ ਸ਼ਰਤ ਲਾ ਦਿੱਤੀ। ਗਿਆਰ੍ਹਾਂ ਦੇਸ਼ਾਂ ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਸੀ, ਨੇ ਥਾਈਲੈਂਡ ਨੂੰ 2.7 ਮਿਲੀਅਨ ਅਮਰੀਕਲ ਡਾਲਰ ਦੀ ਰਕਮ, ਇਨ੍ਹਾਂ ਖੇਡਾਂ ਦੇ ਖਰਚ ਲਈ ਦੇਣ ਦਾ ਵਚਨ ਦਿੱਤਾ। ਭਾਰਤ ਨੇ ਇਨ੍ਹਾਂ ਖੇਡਾਂ ਲਈ 10,000 ਅਮਰੀਕਨ ਡਾਲਰ ਦਿੱਤੇ। ਥਾਈਲੈਂਡ ਨੇ ਇਨ੍ਹਾਂ ਖੇਡਾਂ ਲਈ ਤਿਆਰੀਆਂ ਅਰੰਭ ਦਿੱਤੀਆਂ। ਅਖੀਰ ਇਹ ਖੇਡਾਂ 9 ਦਸੰਬਰ ਤੋਂ 20 ਦਸੰਬਰ ਤੱਕ ਬੈਂਕਾਕ ਵਿਖੇ ਹੋਈਆਂ। ਇਨ੍ਹਾਂ 20 ਖੇਡ ਮੁਕਾਬਲਿਆ ਵਿਚ 24 ਦੇਸ਼ਾਂ ਨੇ ਭਾਗ ਲਿਆ। ਖੇਡਾਂ ਦਾ ਉਦਘਾਟਨ ਥਾਈਲੈਂਡ ਦੇ ਬਾਦਸ਼ਾਹ ਭੂਮੀਭੋਲ ਆਦੁਲਯਾਦੇਜ ਨੇ ਰਵਾਇਤੀ ਸ਼ਾਨੌ-ਸ਼ੌਕਤ ਨਾਲ ਕੀਤਾ। ਇਨ੍ਹਾਂ ਖੇਡਾਂ ਵਿਚ ਲੈਬਨਾਨ, ਸੀਰੀਆ, ਬੰਗਲਾਦੇਸ਼, ਯੂਨਾਈਟਿਡ ਐਮਿਰੇਟਸ, ਸਾਊਦੀ ਅਰਬ ਅਤੇ ਕਤਾਰ ਪਹਿਲੀ ਵਾਰ ਸ਼ਾਮਲ ਹੋਏ। ਭਾਵੇਂ ਜਾਪਾਨ ਦੀ ਰਵਾਇਤੀ ਠੁੱਕ ਨੂੰ ਚੀਨ ਨੇ ਵੰਗਾਰਿਆ ਸੀ ਫਿਰ ਵੀ ਸਮੁੱਚੇ ਰੂਪ ਵਿਚ ਜਾਪਾਨ ਸਭ ਤੋਂ ਅੱਗੇ ਰਿਹਾ। ਜਾਪਾਨ ਨੇ ਸੋਨੇ ਦੇ 70, ਚੀਨ ਨੇ 51 ਅਤੇ ਦੱਖਣੀ ਕੋਰੀਆ ਨੇ 18 ਤਮਗੇ ਜਿੱਤ ਕੇ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਥਾਂ ਹਾਸਲ ਕੀਤੀ। ਭਾਰਤ ਦੇ ਖਿਡਾਰੀ ਆਰ. ਗਨੇਸਕਰਨ ਨੇ 200 ਮੀ. ਦੀ ਦੌੜ ਵਿਚ, ਸ੍ਰੀਰਾਮ ਸਿੰਘ ਨੇ 800 ਮੀ. ਦੀ ਦੌੜ ਵਿਚ ਹਰੀ ਚੰਦ ਨੇ 5000 ਮੀ. ਅਤੇ 10,000 ਮੀ. ਦੀ ਦੌੜ ਵਿਚ ਸੁਰੇਸ਼ ਬਾਬੂ ਨੇ ਲੰਬੀ ਛਾਲ ਵਿਚ, ਬਹਾਦਰ ਸਿੰਘ ਨੇ ਗੋਲਾ ਸੁੱਟਣ ਵਿਚ, ਹਾਕਮ ਸਿੰਘ ਨੇ 20 ਕਿ. ਮੀ. ਵਾਕ ਵਿਚ, ਰਣਧੀਰ ਸਿੰਘ ਨੇ ਸ਼ੂਟਿੰਗ (ਟ੍ਰੇਪ ਵਿਅਕਤੀਗਤ) ਵਿਚ, ਰਜਿੰਦਰ ਸਿੰਘ ਨੇ ਕੁਸ਼ਤੀਆਂ ਫ੍ਰੀਸਟਾਈਲ (ਵੈਲਟਰ) ਵਿਚ ਸੋਨੇ ਦੇ ਤਮਗੇ ਪ੍ਰਾਪਤ ਕੀਤੇ। ਔਰਤ ਖਿਡਾਰੀਆਂ ਵਿਚ 800 ਮੀ. ਦੀ ਦੌੜ ਵਿਚ ਗੀਤਾ ਜ਼ੁਤਸੀ ਨੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ।

ਨੌਵੀਆਂ ਏਸ਼ੀਆਈ ਖੇਡਾਂ (ਨਵੀਂ ਦਿੱਲੀ, 1982) – ਨੌਂਵੀਆਂ ਏਸ਼ੀਆਈ ਖੇਡਾਂ 31 ਸਾਲਾਂ ਤੋਂ ਬਾਅਦ ਫਿਰ ਏਸ਼ੀਆਈ ਖੇਡਾਂ ਸ਼ੁਰੂ ਕਰਨ ਵਾਲੇ ਦੇਸ਼ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ 10 ਨਵੰਬਰ ਤੋਂ 4 ਦਸੰਬਰ, 1982 ਤਕ ਖੇਡੀਆਂ ਗਈਆਂ। ਇਹ ਏਸ਼ੀਆ ਦੀਆਂ ਸੁਪਰ ਏਸ਼ੀਆਈ ਖੇਡਾਂ ਸਨ। ਇਨ੍ਹਾਂ ਖੇਡਾਂ ਦੇ ਮੁੱਖ ਪ੍ਰਬੰਧਕ ਕੇਂਦਰੀ ਜਹਾਜ਼ਰਾਨੀ ਤੇ ਆਵਾਜਾਈ ਦੇ ਰਾਜ-ਮੰਤਰੀ ਸਰਦਾਰ ਬੂਟਾ ਸਿੰਘ ਸਨ, ਜਿਨ੍ਹਾਂ ਨੂੰ ਇਨ੍ਹਾਂ ਖੇਡਾਂ ਤੋਂ ਬਾਅਦ ਖੇਡਾਂ ਦੀ ਵੱਖਰੀ ਵਜ਼ਾਰਤ ਕਾਇਮ ਕਰਕੇ ਖੇਡਾਂ ਦਾ ਪੂਰਾ ਵਜ਼ੀਰ ਬਣਾ ਦਿੱਤਾ ਗਿਆ। ਇਨ੍ਹਾਂ ਖੇਡਾਂ ਦਾ ਉਦਘਾਟਨ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਕੀਤਾ। ਅੱਪੂ (ਹਾਥੀ ਦਾ ਬੱਚਾ) ਨੂੰ ਇਨ੍ਹਾਂ ਖੇਡਾਂ ਦੇ ਸ਼ੁਭ ਸ਼ਗਨ ਦਾ ਚਿੰਨ੍ਹ ਰੱਖਿਆ ਗਿਆ। ਉਦਘਾਟਨ ਸਮੇਂ ਹੋਰਾਨਾਂ ਚੀਜ਼ਾਂ ਦੇ ਨਾਲ ਪੂਰੇ ਕੱਦ ਦਾ ਇਕ ਅੱਪੂ ਵੀ ਅਸਮਾਨ ਵਿਚ ਭੇਜਿਆ ਗਿਆ। ਇਸ ਤੋਂ ਇਲਾਵਾ ਤੋਪਾਂ ਦੀ ਸਲਾਮੀ ਦਿਤੀ ਗਈ ਹੈ। ਦੋ ਹਜ਼ਾਰ ਕਬੂਤਰ ਅਸਮਾਨ ਵਿਚ ਉਡਾਏ ਗਏ ਅਤੇ ਪੰਜ ਹਜ਼ਾਰ ਗੁਬਾਰੇ ਆਕਾਸ਼ ਵੱਲ ਛੱਡੇ ਗਏ। ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਨੈਸ਼ਨਲ ਸਟੇਡੀਅਮ ਵਿਚ ਮਸ਼ਾਲ ਬਾਲੀ ਜਿਹੜੀ ਮਿਲਖਾ ਸਿੰਘ ਵਰਗੇ ਨਾਮਵਰ ਖਿਡਾਰੀਆਂ ਦੁਆਰਾ ਸਟੇਡੀਅਮ ਲਿਆਂਦੀ ਗਈ ਤੇ ਖੇਡਾਂ ਦੀ ਪਵਿੱਤਰ ਜੋਤੀ ਜਗਾਈ ਗਈ। ਇਸ ਪਿਂਛੋ ਸਾਰੇ ਦੇਸ਼ਾਂ ਦੇ ਖਿਡਾਰੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ ਤੇ ਉਸ ਪਿੱਛੋਂ ਭਾਰਤ ਦੇ ਸਾਰੇ ਰਾਜਾਂ ਵੱਲੋਂ ਉਨ੍ਹਾਂ ਦਾ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ 21 ਖੇਤਰਾਂ ਵਿਚ ਖੇਡ-ਮੁਕਾਬਲੇ ਕਰਵਾਏ ਗਏ ਅਤੇ 30 ਦੇਸ਼ਾਂ ਤੋਂ 5900 ਖਿਡਾਰੀ ਅਤੇ ਅਧਿਕਾਰੀ ਇਸ ਵਿਚ ਸ਼ਾਮਲ ਹੋਏ। ਇਨ੍ਹਾਂ ਖੇਡਾਂ ਵਿਚ ਚਾਰ ਨਵੀਆਂ ਖੇਡਾਂ-ਘੋੜ ਸਵਾਰੀ, ਗੌਲਫ਼, ਹੈਂਡਬਾਲ ਅਤੇ ਚੱਪੂ-ਕਿਸ਼ਤੀ-ਦੌੜ ਸ਼ਾਮਲ ਕੀਤੀਆਂ ਗਈਆਂ। ਇਨ੍ਹਾਂ ਸਾਰੇ ਮੁਕਾਬਲਿਆਂ ਦਾ ਮੁੱਖ ਸਥਾਨ ਤਾਂ ਭਾਵੇਂ ਦਿੱਲੀ ਹੀ ਸੀ, ਪਰ ਕਈ ਮੁਕਾਬਲੇ ਹੋਰਨਾਂ ਸਥਾਨਾਂ ਤੇ ਜਿਵੇਂ ਜੈਪੁਰ ਅਤੇ ਮੁੰਬਈ ਆਦਿ ਵਿਖੇ ਹੀ ਕਰਵਾਏ ਗਏ। ਇਨ੍ਹਾਂ ਖੇਡਾਂ ਦੀ ਖ਼ਾਸ ਗੱਲ ਇਹ ਸੀ ਕਿ ਜਾਪਾਨ ਨੂੰ ਪਹਿਲੀ ਵਾਰ ਆਪਣਾ ਪਹਿਲਾ ਸਥਾਨ ਪ੍ਰਾਪਤ ਕਰਨ ਵਿਚ ਚੀਨ ਦੇ ਹੱਥੋਂ ਸ਼ਿਕਸਤ ਹੋਈ। ਜਿਥੇ ਜਾਪਾਨ ਨੇ ਸੋਨੇ ਦੇ 57 ਤਮਗੇ ਜਿੱਤੇ ਉਥੇ ਚੀਨ ਨੇ 61 ਤਮਗੇ ਜਿੱਤੇ ਪਰ ਚਾਂਦੀ ਤੇ ਕਾਂਸੀ ਦੇ ਤਗਮੇ, ਜਾਪਾਨ ਨੇ ਚੀਨ ਤੋਂ ਵਧੇਰੇ ਜਿੱਤੇ। ਇਸ ਤਰ੍ਹਾਂ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਰਹੇ। ਹਾਕੀ ਵਿਚ ਪਾਕਿਸਤਾਨ ਨੇ ਭਾਰਤ ਨੂੰ ਸੱਤ ਇਕ ਦੇ ਮੁਕਾਬਲੇ ਤੇ ਜਿੱਤ ਕੇ ਬੜੀ ਸ਼ਾਨ ਨਾਲ ਫਿਰ ਏਸ਼ੀਅਨ ਚੈਂਪੀਅਨਸ਼ਿਪ ਹਾਸਲ ਕੀਤੀ ਪਰ ਔੌਰਤਾਂ ਦੀ ਹਾਕੀ ਚੈਂਪੀਅਨਸ਼ਿਪ ਭਾਰਤ ਨੇ ਜਿੱਤੀ। ਘੋੜ-ਸਵਾਰੀ ਟੀਮ ਮੁਕਾਬਲੇ ਵਿਚ ਭਾਰਤ ਦੇ ਰਘਬੀਰ ਸਿੰਘ, ਗੁਲਾਮ ਮੁੰਹਮਦ, ਬਿਸਨ ਸਿੰਘ, ਮਿਲਖਾ ਸਿੰਘ, ਵਿਅਕਤੀਗਤ ਮੁਕਾਬਲੇ ਵਿਚ ਰਘਬੀਰ ਸਿੰਘ ਅਤੇ ਟੈਂਟ ਪੈਂਗਿੰਗ ਵਿਚ ਮੇਜਰ ਰੂਬੀ ਬਰਾੜ ਨੇ ਸੋਨੇ ਦੇ ਤਗਮੇ ਪ੍ਰਾਪਤ ਕੀਤੇ। ਐਥਲੈਟਿਕਸ ਦੇ ਖੇਤਰ ਵਿਚ ਗੋਲਾ ਸੁੱਟਣ ਵਿਚ ਭਾਰਤ ਦੇ ਬਹਾਦਰ ਸਿੰਘ ਨੇ, 20 ਕਿ. ਮੀ. ਤੋਰ ਵਿਚ ਚਾਂਦ ਰਾਮ ਨੇ ਸੋਨੇ ਦੇ ਤਮਗੇ ਪ੍ਰਾਪਤ ਕੀਤੇ। ਭਾਰਤ ਦੀ ਐਮ. ਡੀ. ਵਲਸਾਮਾ ਨੇ 400 ਮੀ. ਹਰਡਲਜ਼ ਵਿਚ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਕੁਸ਼ਤੀ ਮੁਕਾਬਲੇ ਫ੍ਰੀ ਸਟਾਈਲ (100 ਕਿ. ਗ੍ਰਾ) ਵਿਚ ਭਾਰਤ ਦੇ ਸਤਪਾਲ ਸਿੰਘ ਨੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ। ਗੌਲਫ ਦੇ ਟੀਮ ਮੁਕਾਬਲੇ ਵਿਚ ਭਾਰਤ ਪਹਿਲੇ ਨੰਬਰ ਤੇ ਰਿਹਾ ਅਤੇ ਵਿਅਕਤੀਗਤ ਮੁਕਾਬਲੇ ਵਿਚ ਵੀ ਭਾਰਤ ਦੇ ਲਕਸ਼ਮਨ ਸਿੰਘ ਨੇ ਸੋਨੇ ਦਾ ਤਗਮਾ ਹਾਸਲ ਕੀਤਾ।

ਦਸਵੀਆਂ ਏਸ਼ੀਆਈ ਖੇਡਾਂ (ਸਿਓਲ 1986) –ਏਸ਼ੀਆਈ ਖੇਡਾਂ ਆਪਣੇ ਸਫ਼ਰ ਦੇ 10ਵੇ ਪੜ੍ਹਾਅ ਵਿਚ ਦੱਖਣੀ ਕੋਰੀਆ ਪਹੁੰਚੀਆਂ। ਇਹ ਖੇਡਾਂ 20 ਸਤੰਬਰ ਤੋਂ 5 ਅਕਤੂਬਰ 1986 ਤੱਕ ਸਿਓਲ ਵਿਚ ਕਰਵਾਈਆਂ ਗਈਆਂ। ਏਸ਼ੀਆਈ ਖੇਡ ਇਤਿਹਾਸ ਵਿਚ ਇਹ ਹੁਣ ਤੱਕ ਦਾ ਸੱਭ ਤੋਂ ਵੱਡਾ ਆਯੋਜਿਨ ਸੀ। ਇਨ੍ਹਾਂ ਖੇਡਾਂ ਵਿਚ ਮੇਜ਼ਬਾਨ ਦੇਸ਼ ਨੇ ਆਪਣੀਆਂ ਪ੍ਰੰਪਰਾਗਤ ਖੇਡਾਂ ਜੂਡੋ, ਤਲਵਾਰਬਾਜ਼ੀ, ਅਤੇ ਗਰੀਕੋ ਰੋਮਨ ਕੁਸ਼ਤੀ ਨੂੰ ਫਿਰ ਤੋਂ ਸ਼ਾਮਲ ਕਰ ਲਿਆ ਅਤੇ ਕੁੱਲ 25 ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਨਵੀਂ ਦਿੱਲੀ ਦੀਆਂ ਨੌਵੀਆਂ ਏਸ਼ੀਆਈ ਖੇਡਾਂ ਵਿਚ 61 ਸੋਨੇ ਦੇ ਤਮਗੇ ਜਿੱਤਣ ਵਾਲੇ ਚੀਨ ਨੇ ਇਸ ਵਾਰ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਦਿਆਂ 94 ਸੋਨੇ, 82 ਚਾਂਦੀ ਅਤੇ 46 ਕਾਂਸੀ ਤਮਗੇ ਜਿੱਤੇ ਅਤੇ ਉਹ ਮੈਡਲ ਸੂਚੀ ਵਿਚ ਪਹਿਲੇ ਸਥਾਨ ਤੇ ਰਿਹਾ। ਮੇਜ਼ਬਾਨ ਦੱਖਣੀ ਕੋਰੀਆ ਨੇ ਚੀਨ ਨੂੰ ਜ਼ਬਰਦਸਤ ਟੱਕਰ ਦਿੱਤੀ, ਪਰ ਉਹ ਇਕ ਤਮਗੇ ਨਾਲ ਪਛੜ ਕੇ ਕੁੱਲ 93 ਸੋਨੇ, 55 ਚਾਂਦੀ ਅਤੇ 76 ਕਾਂਸੀ ਤਮਗੇ ਜਿੱਤ ਕੇ ਦੂਸਰੇ ਸਥਾਨ ਤੇ ਰਿਹਾ, ਅਤੇ 58 ਸੋਨੇ, 76 ਚਾਂਦੀ ਅਤੇ 77 ਕਾਂਸੀ ਤਮਗੇ ਆਪਣੇ ਨਾਂ ਕਰਦਿਆਂ ਜਾਪਾਨ ਨੂੰ ਇਸ ਵਾਰ ਤੀਸਰੇ ਸਥਾਂਨ ਤੇ ਹੀ ਸੰਤੋਖ਼ ਕਰਨਾ ਪਿਆ। ਇਨ੍ਹਾਂ ਖੇਡਾਂ ਵਿਚ ਭਾਰਤ ਦੀ ਸਭ ਤੋਂ ਵੱਡੀ ਪ੍ਰਾਪਤੀ ਉਡਣਪਰੀ ਪੀ. ਟੀ. ਊਸ਼ਾ ਦੀ ਚਾਰ ਸੋਨ ਤਮਗੇ ਜਿੱਤਣਾ ਰਹੀ, ਉਸ ਨੇ 200 ਮੀ. 400 ਮੀ. ਅੜਿੱਕਾ ਦੌੜ ਸਮੇਤ 400x 4 ਮੀ. ਰਿਲੇਅ ਦੌੜ ਵਿਚ ਸੋਨੇ ਦਾ ਤਮਗਾ ਜਿੱਤ ਕੇ ਭਾਰਤੀ ਖੇਡ ਇਤਿਹਾਸ ਦੀ ਗੌਰਵ ਗਾਥਾ ਦਾ ਨਵਾਂ ਪੰਨਾ ਲਿਖਿਆ। ਕਿਸੇ ਵੀ ਮਹਿਲਾ ਦੁਆਰਾ ਅੰਤਰ ਰਾਸ਼ਟਰੀ ਪ੍ਰਤੀਯੋਗਤਾ ਵਿਚ 4 ਸੋਨ ਤਮਗੇ ਅਤੇ ਇਕ ਚਾਂਦੀ ਦਾ ਤਮਗਾ ਜਿੱਤਣਾ ਆਪਣੇ ਆਪ ਵਿਚ ਇਕ ਗੌਰਵਮਈ ਪ੍ਰਾਪਤੀ ਹੈ। ਚੀਨੀ ਜਿਮਨਾਸਟ ਲੀ ਨਿਗ ਨੇ ਵੀ ਇਨ੍ਹਾਂ ਖੇਡਾਂ ਵਿਚ ਚਾਰ ਸੋਨੇ ਦੇ ਤਮਗੇ ਜਿੱਤੇ। ਕੁਸ਼ਤੀ ਵਿਚ ਵੀ ਭਾਰਤੀ ਪਹਿਲਵਾਨ ਕਰਤਾਰ ਸਿੰਘ ਨੇ ਸੋਨੇ ਦੇ ਤਮਗਾ ਜਿੱਤਿਆਂ। ਇਨ੍ਹਾਂ ਖੇਡਾਂ ਵਿਚ ਭਾਰਤ ਪੰਜ ਸੋਨੇ, 9 ਚਾਂਦੀ ਅਤੇ 23 ਕਾਂਸੀ ਤਮਗੇ ਜਿੱਤ ਕੇ ਪੰਜਵੇਂ ਸਥਾਨ ਤੇ ਰਿਹਾ।

ਗਿਆਰਵੀਆਂ ਏਸ਼ੀਆਈ ਖੇਡਾਂ (ਬੀਜਿੰਗ, 1990) – ਗਿਆਰਵੀਆਂ ਏਸ਼ੀਆਈ ਖੇਡਾਂ ਪਹਿਲੀ ਵਾਰ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਕਰਵਾਈਆਂ ਗਈਆਂ। ਇਹ ਖੇਡਾਂ 22 ਸਤੰਬਰ ਤੋਂ 7 ਅਕਤੂਬਰ 1990 ਤੱਕ ਆਯੋਜਿਤ ਕੀਤੀਆਂ ਗਈਆ। ਏਸ਼ੀਆ ਮਹਾਂਦੀਪ ਦੇ 37 ਦੇਸ਼ਾਂ ਦੇ 6117 ਦੇ ਕਰੀਬ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿਚ ਹਿੱਸਾ ਲਿਆ ਅਤੇ ਵੱਖ-ਵੱਖ 27 ਖੇਡਾਂ ਦਾ ਮੁਕਾਬਲੇ ਇਸ ਵਾਰ ਕਰਵਾਏ ਗਏ। ਖੇਡਾਂ ਲਈ ਬਣਾਏ ਗਏ ਮੁੱਖ ਕੇਂਦਰ ਬਕਰਸਰ ਸਟੇਡੀਅਮ ਵਿਚ ਇਨ੍ਹਾਂ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਭਾਰਤ ਖੇਡ ਪ੍ਰੇਮੀਆਂ ਲਈ ਆਪਣੇ ਵਿਚ ਇਹ ਸਮਾਚਾਰ ਬਹੁਤ ਹੀ ਸੁਖਦ ਰਿਹਾ, ਕਿ ਪਿੰਡ ਵਿਚ ਖੇਡੀ ਜਾਣ ਵਾਲੀ ਕਬੱਡੀ ਨੂੰ ਏਸ਼ੀਆਈ ਖੇਡਾਂ ਵਿਚ ਸ਼ਾਮਲ ਕਰ ਲਿਆ ਗਿਆ। ਇਸ ਤਰ੍ਹਾਂ ਕਬੱਡੀ ਨੇ ਸਾਰੀਆਂ ਹੱਦਾਂ ਪਾਰ ਦਿਆਂ ਅੰਤਰ ਰਾਸ਼ਟਰੀ ਖੇਡਾਂ ਵਿਚ ਥਾਂ ਬਣਾ ਲਈ। ਕਬੱਡੀ ਨੂੰ ਪਹਿਲੀ ਵਾਰ ਇਕ ਮਾਨਤਾ ਪ੍ਰਾਪਤ ਖੇਡ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ। ਕੁੱਲ 308 ਦਾਅ ਲੱਗੇ ਸੋਨ ਤਗਮਿਆਂ ਨੂੰ ਹਥਿਆਉਣ ਲਈ ਏਸ਼ੀਆ ਮਹਾਂਦੀਪ ਦੇ ਖਿਡਾਰੀਆਂ ਵਿਚ ਜ਼ਬਰਦਸਤ ਮਹਾਂਸੰਗਰਾਮ ਹੋਇਆ, ਪਰ ਇਨ੍ਹਾਂ ਖੇਡਾਂ ਵਿਚ ਚੀਨ ਪੂਰੀ ਤਰ੍ਹਾਂ ਛਾਇਆ ਰਿਹਾ ਅਤੇ ਲਗਭਗ ਹਰ ਖੇਡ ਮਕਾਬਲੇ ਵਿਚ ਉਸ ਨੇ ਆਪਣਾ ਦਬਦਬਾ ਕਾਇਮ ਰੱਖਿਆ। ਚੀਨ ਨੇ 183 ਸੋਨੇ, 107 ਚਾਂਦੀ ਅਤੇ 51 ਕਾਂਸੀ ਤਮਗਿਆਂ ਸਮੇਤ ਕੁੱਲ 341 ਤਮਗੇ ਜਿੱਤ ਕੇ ਪਹਿਲਾ ਸਥਾਨ ਮੱਲਿਆ। ਦੱਖਣੀ ਕੋਰੀਆ 54 ਸੋਨੇ, 54 ਚਾਂਦੀ ਅਤੇ 73 ਕਾਂਸੀ ਤਮਗੇ ਜਿੱਤ ਕੇ ਦੂਜੇ ਸਥਾਨ ਤੇ ਰਿਹਾ। ਜਾਪਾਨ ਦਾ ਪ੍ਰਦਰਸ਼ਨ ਇਥੇ ਬਹੁਤਾ ਚੰਗਾ ਨਾ ਰਿਹਾ, ਉਹ ਸਿਰਫ 38 ਸੋਨੇ, 60 ਚਾਂਦੀ ਅਤੇ 76 ਕਾਂਸੀ ਤਮਗੇ ਜਿੱਤੇ ਕੇ ਤੀਸਰੇ ਸਥਾਨ ਤੇ ਰਿਹਾ। ਕਤਰ ਦੇ ਤਲਾਲ ਮੰਸੂਰ ਨੇ 100 ਮੀ. ਦੌੜ ਵਿਚ ਸੋਨੇ ਦਾ ਤਮਗਾ ਜਿੱਤਿਆ। ਹੁਣ ਤੱਕ ਹੋਈਆਂ ਏਸ਼ੀਆਈ ਖੇਡਾਂ ਦੇ ਮੁਕਾਬਲੇ ਭਾਰਤ ਦਾ ਪ੍ਰਦਰਸ਼ਨ ਇਸ ਵਾਰ ਸੱਭ ਤੋਂ ਘਟੀਆ ਰਿਹਾ। ਭਾਰਤ ਸਿਰਫ ਕਬੱਡੀ ਵਿਚ ਹੀ ਸੋਨੇ ਦਾ ਤਮਗਾ ਜਿੱਤ ਸਕਿਆ। ਉਂਜ ਭਾਰਤ ਇਕ ਸੋਨੇ, 8 ਚਾਂਦੀ ਅਤੇ 14 ਕਾਂਸੀ ਤਗਮਿਆਂ ਨਾਲ ਗਿਆਰਵੇਂ ਸਥਾਨ ਤੇ ਰਿਹਾ। ਗੁਆਂਢੀ ਦੇਸ਼ ਪਾਕਿਸਤਾਨ 4 ਸੋਨੇ ਦੇ ਤਮਗੇ ਜਿੱਤ ਕੇ ਛੇਵੇਂ ਸਥਾਨ ਤੇ ਰਿਹਾ।

ਬਾਰਵੀਆਂ ਏਸ਼ੀਆਈ ਖੇਡਾਂ (ਹੀਰੋਸ਼ੀਮਾ, 1994) – ਬਾਰਵੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਨੂੰ ਚੁਣਿਆ ਗਿਆ। ਖੇਡ ਇਤਿਹਾਸ ਵਿਚ ਇਹ ਪਹਿਲੀ ਵਾਰ ਸੀ ਕਿ ਏਸ਼ੀਆਈ ਖੇਡਾਂ ਆਪਣੀ ਪਰੰਪਰਾ ਤੋਂ ਪਰ੍ਹੇ ਹੱਟ ਕੇ ਕਿਸੇ ਰਾਜਧਾਨੀ ਤੋਂ ਬਾਹਰ ਦੂਸਰੇ ਸ਼ਹਿਰ ‘ਚ ਕਰਵਾਈਆਂ ਗਈਆ ਹੋਣ। ਪਹਿਲੇ ਪ੍ਰਮਾਣੂ ਬੰਬ ਦੀ ਤਰਾਸਦੀ ਨੂੰ ਪਿੰਡੇ ਤੇ ਹੰਢਾਉਣ ਵਾਲੇ ਸ਼ਹਿਰ ਹੀਰੋਸ਼ੀਮਾ ਵਿਚ 42 ਦੇਸ਼ਾਂ ਦੇ 6, 828 ਖਿਡਾਰੀਆਂ ਨੇ ਸੋਨੇ, ਚਾਂਦੀ ਅਤੇ ਕਾਂਸੀ ਤਮਾਗਿਆਂ ਲਈ ਜ਼ੋਰ-ਅਜਮਾਈ ਕੀਤੀ। ਇਸ ਵਾਰ ਕੁੱਲ 34 ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਨਵੇਂ ਆਜ਼ਾਦ ਹੋਏ ਦੇਸ਼ਾਂ, ਤਜਾਕਿਸਤਾਨ, ਕਜ਼ਾਕਿਸਤਾਨ, ਤੁਰਕਮੇਨਿਸਤਾਨ, ਊਜਬੇਕਿਸਤਾਨ ਆਦਿ ਦੇ ਵੀ ਇਨ੍ਹਾਂ ਖੇਡਾਂ ਵਿਚ ਸ਼ਮੂਲੀਅਤ ਕੀਤੀ। ਮੇਜ਼ਬਾਨ ਹੋਣ ਦੇ ਨਾਤੇ ਜਾਪਾਨ ਨੂੰ ਇਸ ਵਾਰ ਸਿਖਰ ਤੇ ਪਹੁੰਚਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਿਹਾ। ਚੀਨ ਇਕ ਵਾਰ ਫਿਰ 125 ਸੋਨੇ, 92 ਚਾਂਦੀ ਅਤੇ 60 ਕਾਂਸੀ ਤਮਗਿਆਂ ਤੇ ਕਬਜ਼ਾ ਕਰਕੇ ਮੋਹਰੀ ਰਿਹਾ, ਕੋਰੀਆ ਦੇ ਹਿੱਸੇ 63 ਸੋਨੇ, 53 ਚਾਂਦੀ ਅਤੇ 63 ਕਾਂਸੀ ਦੇ ਤਮਗੇ ਆਏ ਅਤੇ ਮੈਡਲ ਸੂਚੀ ਵਿਚ ਉਸ ਨੂੰ ਦੂਸਰਾ ਸਥਾਨ ਮਿਲਿਆ। ਜਾਪਾਨ 59 ਸੋਨੇ, 68 ਚਾਂਦੀ ਅਤੇ 80 ਕਾਂਸੀ ਤਮਗੇ ਜਿੱਤ ਕੇ ਤੀਸਰੇ ਸਥਾਨ ਰਿਹਾ। ਏਸ਼ੀਆਈ ਹਾਕੀ ਕੇ ਇਤਿਹਾਸ ਵਿਚ ਦੱਖਣੀ ਕੋਰੀਆ, ਮਹਿਲਾ, ਅਤੇ ਪੁਰਸ਼ ਹਾਕੀ ਵਿਚ ਨਵੀਂ ਸ਼ਕਤੀ ਬਣ ਕੇ ਉਭਰਿਆ। ਭਾਰਤ ਵੀ ਇਸ ਵਾਰ ਵੱਡੀਆਂ ਉਮੀਦਾਂ ਨਾਲ ਮੈਦਾਨ ਵਿਚ ਉਤਰਿਆ ਪਰ ਉਹ ਆਪਣੀ ਦਾਅਵੇਦਾਰੀ ਸਿਰਫ ਚਾਰ ਸੋਨੇ ਤਮਗਿਆਂ ਤੱਕ ਹੀ ਸੀਮਤ ਰੱਖ ਸਕਿਆ। ਭਾਰਤ ਦੇ ਲੇਂਇਡਰ ਪੇਸ ਨੇ ਟੈਨਿਸ ਵਿਚ ਸੋਨ ਤਮਗਾ ਜਿੱਤਿਆ ਅਤੇ ਉਸ ਨੇ ਇਕ ਚਾਂਦੀ ਦਾ ਤਮਗਾ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ। ਕਬੱਡੀ ਵਿਚ ਭਾਰਤ ਨੇ ਇਸ ਬਾਰ ਫਿਰ ਲਗਾਤਾਰ ਦੂਸਰੀ ਵਾਰ ਸੋਨੇ ਦਾ ਤਮਗਾ ਹਾਸਲ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ। ਇਸ ਵਾਰ ਐਥਲੈਟਿਕ ਵਿਚ ਭਾਰਤ ਨੂੰ ਕੋਈ ਖਾਸ ਸਫਲਤਾ ਨਾ ਮਿਲੀ ਪਰ ਨਿਸ਼ਾਨੇਬਾਜ਼ੀ ਵਿਚ ਭਾਰਤ ਸੋਨ ਤਮਗਾ ਜਿੱਤਣ ਵਿਚ ਸਫਲ ਰਿਹਾ। ਇਸ ਵਾਰ ਤਮਗਾ ਸੂਚੀ ਵਿਚ ਭਾਰਤ ਨੂੰ ਅੱਠਵਾਂ ਸਥਾਨ ਮਿਲਿਆ। ਭਾਰਤ ਨੇ ਚਾਰ ਸੋਨੇ, 3 ਚਾਂਦੀ ਅਤੇ 15 ਕਾਂਸੀ ਤਗਮਿਆਂ ਸਮੇਤ ਕੁੱਲ 22 ਤਮਗੇ ਹਾਸਲ ਕੀਤੇ। 

ਤੇਰਵੀਆਂ ਏਸ਼ੀਆਈ ਖੇਡਾਂ (ਬੈਂਕਾਕ, 1998) – 6 ਦਸੰਬਰ ਤੋਂ 20 ਦਸੰਬਰ, 1998 ਤੱਕ ਤੇਰ੍ਹਵੇਂ ਏਸ਼ਿਆਡ ਲਈ ਏਸ਼ੀਆ ਮਹਾਂਦੀਪ ਦੇ 43 ਦੇਸ਼, 38 ਖੇਡਾਂ ਵਿਚ ਦਾਅ ਤੇ ਲੱਗੇ 377 ਸੋਨ ਤਮਗਿਆਂ ਦੀ ਦਾਅਵੇਦਾਰੀ ਲਈ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਚ ਇਕੱਠੇ ਹੋਏ। ਇਸ ਸਦੀ ਦੇ ਅੰਤਮ ਅਤੇ ਸਭ ਤੋਂ ਵੱਡੇ ਖੇਡ ਮੇਲੇ ਦਾ ਉਦਘਾਟਨ ਥਾਈਲੈਂਡ ਦੇ ਸਮਰਾਟ ਭੂਮੀ ਬੋਲ ਅਦੁਲਿਆਦੇਜ਼ ਨੇ ਬੈਂਕਾਕ ਚ ਰਾਜਮੰਗਲਾ ਸਟੇਡੀਅਮ ਵਿਚ ਕੀਤਾ। ਇਸ ਸਮੇਂ ਅੰਤਰ ਰਾਸ਼ਟਰੀ ਉਲੰਪਿਕ ਮਹਾਂਸੰਘ ਦੇ ਪ੍ਰਧਾਨ ਜੁਆਨ ਐਨਟਨਿਉ ਸਮਾਂਰਾਂਚ ਵੀ ਮੌਜੂਦ ਸਨ। ਬੈਂਕਾਕ ਨੇ ਰਿਕਾਰਡ ਚੌਥੀ ਵਾਰ ਏਸ਼ੀਆਈ ਖੇਡਾਂ ਕਰਵਾਉਣ ਦਾ ਫਖ਼ਰ ਹਾਸਲ ਕੀਤਾ। ਇਸ ਤੋਂ ਪਹਿਲਾਂ ਬੈਂਕਾਕ ਨੇ 1966 ਅਤੇ 1978 ਵਿਚ ਵੀ ਏਸ਼ੀਆਈ ਖੇਡਾਂ ਨੂੰ ਸਫਲਤਾ ਪੂਰਬਕ ਨੇਪਰੇ ਚਾੜ੍ਹਿਆ ਸੀ। ਇਸ ਤਰਾਂ ਬੈਂਕਾਕ ਹੁਣ ਤੱਕ ਸਭ ਤੋਂ ਜ਼ਿਆਦਾਵਾਰ ਇਨ੍ਹਾਂ ਖੇਡਾਂ ਦਾ ਮੇਜ਼ਬਾਨ ਸ਼ਹਿਰ ਬਣ ਗਿਆ। ਇਸ ਵਾਰ ਕੁੱਲ ਛੇ ਹਜ਼ਾਰ ਤੋਂ ਵੀ ਜ਼ਿਆਦਾ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿਚ ਹਿੱਸਾ ਲਿਆ । ਸੰਨ 1986 ਦੀਆਂ ਏਸ਼ੀਆਈ ਖੇਡਾਂ ਤੋਂ ਬਾਅਦ ਲਗਾਤਾਰ ਨਵੀਂ ਸ਼ਕਤੀ ਬਣ ਕੇ ਉਭਰੇ ਚੀਨ ਦੀ ਇਸ ਵਾਰ ਵੀ ਸਰਦਾਰੀ ਰਹੀ। ਚੀਨ ਕੁੱਲ 129 ਸੋਨੇ, 78 ਚਾਂਦੀ, ਅਤੇ 67 ਤਮਗਿਆਂ ਨਾਲ ਪਹਿਲੇ ਸਥਾਨ ਤੇ ਬਣਿਆ ਰਿਹਾ ਜਦ ਕਿ ਦੱਖਣੀ ਕੋਰੀਆ ਨੇ 65 ਸੋਨੇ, 46 ਚਾਂਦੀ ਅਤੇ 53 ਕਾਂਸੀ ਤਮਗੇ ਜਿੱਤਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ। ਜਾਪਾਨ ਇਸ ਵਾਰ ਫਿਰ 52 ਸੋਨੇ, 61 ਚਾਂਦੀ ਅਤੇ 68 ਕਾਂਸੀ ਤਗਮਿਆਂ ਨਾ ਤੀਜੇ ਸਥਾਨ ਤੇ ਰਿਹਾ। ਕੁੱਲ ਮਿਲਾ ਕੇ ਭਾਰਤ ਨੇ 7 ਸੋਨੇ, 11 ਚਾਂਦੀ ਅਤੇ 17 ਕਾਂਸੀ ਤਮਗੇ ਜਿੱਤ ਕੇ ਨੌਵਾਂ ਸਥਾਨ ਹਾਸਲ ਕੀਤਾ। ਭਾਰਤ ਦੀ ਜ਼ੋਤੀ ਮੇ ਸਿਕਦਰ ਨੇ 800 ਮੀ. ਅਤੇ 1500 ਮੀ. ਦੌੜ ਵਿਚ ਦੋ ਸੋਨੇ ਦੇ ਤਮਗੇ ਜਿੱਤੇ। 800 ਮੀ. ਵਿਚ ਭਾਰਤ ਨੂੰ 20 ਸਾਲ ਦੀ ਲੰਬੀ ਇੰਤਜ਼ਾਰ ਤੋਂ ਪਿੱਛੋਂ ਗੋਲਡ ਮੈਡਲ ਨਸੀਬ ਹੋਇਆ। ਇਸ ਤੋਂ ਪਹਿਲਾਂ 1978 ਦੀਆਂ ਏਸ਼ੀਆਈ ਖੇਡਾਂ ਵਿਚ ਗੀਤਾ ਜੁਤਸ਼ੀ ਨੇ ਗੋਲਡ ਮੈਡਲ ਜਿੱਤਿਆ ਸੀ। ਕਾਫ਼ੀ ਵਾਦ ਵਿਵਾਦ ਤੇ ਬਾਅਦ ਭਾਰਤੀ ਟੀਮ ਵਿਚ ਸ਼ਾਮਲ ਕੀਤੇ ਗਏ ਮੁੱਕੇਬਾਜ਼ ਡਿਕੋ ਸਿੰਘ ਨੇ ਵੀ ਭਾਰਤ ਨੂੰ ਸੋਨ ਤਮਗੇ ਨਾਲ ਨਵਾਜਿਆ। ਬਿਲੀਅਰਡ ਵਿਚ ਗੀਤ ਸੇਠੀ ਅਤੇ ਅਸ਼ੋਕ ਛਾਡਿਆਲ ਨੇ ਦੋ ਸੋਨੇ ਤਮਗੇ ਭਾਰਤ ਦੀ ਝੋਲੀ ਪਾਏ। “ਝਾਕਦੀ ਦੇ ਅੱਖ ਥੱਕ ਗਈ, ਕਦੇ ਪਾ ਵਤਨਾਂ ਵੱਲ ਫੇਰ" ਕੁਝ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਭਾਰਤੀ ਖੇਡ ਪ੍ਰੇਮੀ ਵੀ ਆਪਣੀ ਹਾਕੀ ਟੀਮ ਤੋਂ ਸੋਨ ਤਮਗੇ ਦੀ ਵਤਨ ਵਾਪਸੀ ਦੀ ਬੜੇ ਲੰਬੇ ਅਰਸੇ ਤੱਕ ਆਸ ਲਗਾਈ ਬੈਠੇ ਆ ਰਹੇ ਸਨ। ਆਖਰ 1966 ਦੀਆਂ ਬੈਂਕਾਕ ਖੇਡਾ ਦੀ ਜਿੱਤ ਤੋਂ 32 ਵਰਿਆਂ ਬਾਅਦ ਭਾਰਤ ਇਸ ਵਾਰ ਫਿਰ ਬੈਂਕਾਕ ਦੇ ਮੈਦਾਨ ਵਿਚ ਹੀ ਹਾਕੀ ਦਾ ਸੋਨ ਤਮਗਾ ਜਿੱਤ ਕੇ ਭਾਰਤੀ ਖੇਡ ਪ੍ਰੇਮੀਆਂ ਦੀਆਂ ਆਸਾਂ ਤੇ ਖਰਾ ਉਤਰਿਆ। ਇਸ ਤਰ੍ਹਾਂ ਤੇਰਵੀਆਂ ਏਸ਼ਿਆਈ ਖੇਡਾਂ ਭਾਰਤ ਲਈ ਯਾਦਗਾਰ ਪਲ ਬਣ ਗਈਆਂ।

ਕਬੱਡੀ ਵਿਚ ਵੀ ਭਾਰਤ ਨੇ ਲਗਾਤਾਰ ਤੀਜਾ ਗੋਲਡ ਮੈਂਡਲ ਜਿੱਤਿਆ। ਕੁਵੈਤ ਨੂੰ ਹਰਾ ਕੇ ਈਰਾਨ ਫੁੱਟਬਾਲ ਚੈਂਪੀਅਨ ਬਣਿਆ। ਜਦ ਕਿ ਬਾਸਕਟਬਾਲ ਦਾ ਸੋਨ ਤਮਗਾ ਦੱਖਣੀ ਕੋਰੀਆ ਨੂੰ ਹਰਾ ਕੇ ਚੀਨ ਨੇ ਹਥਿਆਇਆ।

ਚੌਦਵੀਆਂ ਏਸ਼ੀਆਈ ਖੇਡਾਂ (ਬੁਸਾਨ, 2002) – 21 ਵੀਂ ਸਦੀ ਦੀਆਂ ਪਹਿਲੀਆਂ ਅਤੇ ਕੁੱਲ ਮਿਲਾ ਕੇ' ਚੌਦਵੀਆਂ ਏਸ਼ੀਆਈ ਖੇਡਾਂ ਦੱ. ਕੋਰੀਆ ਦੇ ਬੁਸਾਨ ਸ਼ਹਿਰ ‘ਚ 29 ਅਕਤੂਬਰ ਤੋਂ 14 ਅਕਤੂਬਰ ਤੱਕ ਕਰਵਾਈਆਂ ਗਈਆ। ਉਂਜ ਤਾਂ ਇਨ੍ਹਾਂ ਖੇਡਾਂ ਦੇ ਫੁੱਟਬਾਲ ਮੁਕਾਬਲੇ 27 ਸਤੰਬਰ ਤੋਂ ਹੀ ਸ਼ੁਰੂ ਹੋ ਗਏ ਸਨ ਪਰ ਰਸਮੀ ਉਦਘਾਟਨ 29 ਸਤੰਬਰ ਨੂੰ ਹੋਇਆ। ਦੱਖਣੀ ਕੋਰੀਆ ਦੁਆਰਾ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਇਹ ਦੂਸਰਾ ਮੌਕਾ ਸੀ। ਇਸ ਤੋਂ ਪਹਿਲਾਂ 1986 ‘ਚ ਸਿਓਲ ਨੇ ਇਨ੍ਹਾਂ ਖੇਡਾਂ ਦੇ ਮੇਜ਼ਬਾਨੀ ਕੀਤੀ ਸੀ। ਬੁਸਾਲ ਦੇ ਇਸ ਵਾਰ 38 ਖੇਡਾਂ ਮੁਕਾਬਲੇ ਕਰਵਾਏ ਗਏ ਇਨ੍ਹਾਂ ਖੇਡਾਂ ਵਿਚ ਇਸ ਵਾਰ ਕੁੱਲ 427 ਸੋਨੇ ਦੇ ਤਮਗੇ ਜੇਤੂ ਖਿਡਾਰੀਆਂ ਨੂੰ ਵੰਡੇ ਗਏ। ਏਸ਼ੀਆਈ ਖੇਡਾਂ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ 44 ਦੇਸ਼ਾਂ ਦੇ ਰਿਕਾਰਡ ਖਿਡਾਰੀ ਅਤੇ ਅਧਿਕਾਰੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਪਹੁੰਚੇ। 20 ਮਈ, 2002 ਨੂੰ ਇੰਡੋਨੇਸ਼ੀਆ ਦੇ ਕਬਜ਼ੇ ‘ਚੋਂ ਆਜ਼ਾਦ ਹੋਇਆ ਸਭ ਤੋਂ ਨਵਾਂ ਦੇਸ਼ ਪੂਰਬੀ ਤਿਮੋਰ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲਾ 44 ਵਾਂ ਦੇਸ਼ ਬਣਿਆ ਅਤੇ ਇਨ੍ਹਾਂ ਖੇਡਾਂ ਦੀ ਵਜਾਅ ਨਾਲ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਕਾਰ ਉਸਰੀ ਨਫ਼ਰਤ ਦੀ ਦੀਵਾਰ ਉਸ ਵੇਲੇ ਢਹਿ ਗਈ ਜਦੋਂ ਉੱਤਰੀ ਕੋਰੀਆ ਨੇ ਵੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ। ਬਾਡੀ ਬਿਲਡਿੰਗ ਖੇਡ ਨੂੰ ਪਹਿਲੀ ਵਾਰ ਏਸ਼ੀਆਈ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਜਦ ਕਿ ਮਾਰਡਰਨ ਪੈਟਾਥਲਿਨ ਨੂੰ ਦੁਬਾਰਾ ਖੇਡਾਂ ਦੀ ਸੂਚੀ ਵਿਚ ਰੱਖਿਆ ਗਿਆ। ਏਸ਼ੀਆਈ ਖੇਡਾਂ ਵਿਚ ਸੁਪਰਪਾਵਰ ਬਣੇ ਚੀਨ, ਦੱਖਣੀ ਕੋਰੀਆ ਅਤੇ ਜਾਪਾਨ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਿਆਂ ਦੇ ਅੰਬਾਰ ਲਗਾਏ। ਚੀਨ 150 ਸੋਨੇ, 84 ਚਾਂਦੀ ਅਤੇ 74 ਕਾਂਸੀ ਤਮਗਿਆ ਸਮੇਤ ਕੁੱਲ 308 ਤਮਗੇ ਜਿੱਤ ਕੇ ਪਹਿਲੇ ਨੰਬਰ ਤੇ ਬਰਕਰਾਰ ਰਿਹਾ। ਇਹ ਚੀਨ ਦਾ ਏਸ਼ੀਆਈ ਖੇਡ ਇਤਿਹਾਸ ਵਿਚ ਆਪਣਾ ਦੂਸਰਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ। ਸੰਨ 1990 ਬੀਜਿੰਗ ਏਸ਼ਿਆਡ ਸਮੇਂ ਮੇਜ਼ਬਾਨੀ ਕਰਦਿਆਂ ਚੀਨ ਨੇ 183 ਸੋਨ ਤਮਗੇ ਜਿੱਤੇ ਸਨ। ਮੇਜ਼ਬਾਨ ਦੱਖਣੀ ਕੋਰੀਆ ਦੇ ਹਿੱਸੇ ਇਸ ਵਾਰ 96 ਸੋਨੇ, 80 ਚਾਂਦੀ ਅਤੇ 84 ਕਾਂਸੀ ਤਮਗੇ ਆਏ ਅਤੇ ਊਹ ਦੂਜੇ ਸਥਾਨ ਤੇ ਰਿਹਾ, ਜਾਪਾਨ 44 ਸੋਨੇ, 74 ਚਾਂਦੀ ਅਤੇ 72 ਕਾਂਸੀ ਦੇ ਤਮਗਿਆ ਨਾਲ ਤੀਜੇ ਨੰਬਰ ਤੇ ਰਿਹਾ। ਭਾਰ ਤੋਲਣ ਵਿਚ ਇਸ ਵਾਰ 18 ਨਵੇਂ ਵਿਸ਼ਵ ਰਿਕਾਰਡ ਅਤੇ 9 ਏਸ਼ੀਆਈ ਰਿਕਾਰਡ ਬਣੇ। ਤੈਰਾਕੀ ਵਿਚ ਚੀਨ ਪੂਰੀ ਤਰ੍ਹਾਂ ਛਾਂਇਆ ਰਿਹਾ। ਇਨ੍ਹਾਂ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਵੀ ਤਸੱਲੀਬਖਸ਼ ਪ੍ਰਦਰਸ਼ਨ ਕੀਤਾ। ਭਾਰਤ ਨੇ ਕੁੰਲ 11 ਸੋਨੇ, 12 ਚਾਂਦੀ, ਅਤੇ 14 ਕਾਂਸੀ ਤਮਗੇ ਜਿੱਤ ਕੇ ਸੱਤਵਾ ਸਥਾਨ ਪ੍ਰਾਪਤ ਕੀਤਾ। ਇਕੱਲੇ ਐਥਲੈਟਿਕ ਵਿਚ ਭਾਰਤ ਨੇ 20 ਤਮਗੇ ਜਿੱਤੇ । ਭਾਰਤ ਦੀ ਅੰਜੂ ਬੀ ਜਾਰਜ ਨੇ ਲੰਬੀ ਛਾਲ, ਸ਼ਿਵ ਕੁਮਾਰ ਨੇ ਗੋਲਫ਼ ਵਿਚ, ਬਹਾਦਰ ਸਿੰਘ ਨੇ ਗੋਲਾ ਸੁੱਟਣ ਚ, ਸੁਨੀਤਾ ਰਾਣੀ 1500 ਮੀ ਵਿਚ (4.06.03 ਸੈਕੰਡ ਨਵਾਂ ਰਿਕਾਰਡ), ਨੀਲਮ ਜਸਵੰਤ ਸਿੰਘ ਨੇ ਡਿਸਕਸ ਥਰੋਅ ਵਿਚ (64, 55 ਮੀਟਰ ਨਵਾਂ ਰਿਕਾਰਡ), ਸਰਸਵਤੀ ਸਾਹਾ ਨੇ 200 ਮੀ. ਵਿਚ, 4x400 ਮੀ. ਰਿਲੇਅ ਦੌੜ ਮਹਿਲਾ ਵਰਗ ਵਿਚ, ਜਾਸੀਨ ਮਰਚੈਟ ਅਤੇ ਹਬੀਬ ਰਫਾਥ ਨੇ (ਸਨੂਕਰ ਡਬਲ) ਵਿਚ, ਅਤੇ ਟੈਨਿਸ ਚ ਲੇਂਇਡਰ ਪੇਸ ਅਤੇ ਮਹੇਸ ਭੂਪਤੀ ਦੀ ਜੋੜੀ ਨੇ ਸੋਨੇ ਤਮਗੇ ਜਿੱਤੇ ਕਬੱਡੀ ਵਿਚ ਲਗਾਤਾਰ ਚੌਥੀ ਵਾਰ ਸੋਨ ਤਮਗਾ ਜਿੱਤ ਕੇ ਭਾਰਤ ਨੇ ਬੁਸਾਨ ਤੋਂ ਸ਼ਾਨਦਾਰ ਵਾਪਸੀ ਕੀਤੀ। ਹਾਕੀ (ਪੁਰਸ਼) ਵਿਚ ਭਾਰਤ ਇਸ ਵਾਰ ਚਾਂਦੀ ਦਾ ਤਮਗਾ ਹੀ ਜਿੱਤ ਸਕਿਆ, ਜਦ ਕਿ ਸੋਨ ਤਮਗਾ ਕੋਰੀਆ ਨੇ ਜਿੱਤਿਆ। ਮੇਜ਼ਬਾਨ ਕੋਰੀਆ ਨੇ ਦੋ ਦਹਾਕਿਆਂ ਤੋਂ ਡਟੇ ਰਹੇ ਚੀਨ ਨੂੰ ਹਰਾ ਕੇ ਬਾਸਕਟਬਾਲ ਦਾ ਖਿਤਾਬ ਜਿੱਤਿਆ ਜਦ ਕਿ ਜਾਪਾਨ ਨੂੰ ਹਰਾ ਕੇ ਈਰਾਨ ਨੇ ਫੁਟਬਾਲ ਦਾ ਸੋਨ ਤਮਗਾ ਆਪਣੇ ਨਾ ਕੀਤਾ। ਨਵੀਂ ਸਦੀ ਦੀਆਂ ਪਹਿਲੀਆਂ ਏਸ਼ੀਆਈ ਖੇਡਾਂ ਭਾਰਤੀ ਖੇਡ ਪ੍ਰੇਮੀਆਂ ਲਈ ਉਸ ਵੇਲੇ ਦੁਖਦ ਪਲ ਬਣ ਗਈਆਂ, ਜਦੋਂ ਇਨ੍ਹਾਂ ਖੇਡਾਂ ਦੋਰਾਨ ਹੀ ਭਾਰਤੀ ਦੌੜਾਕ ਸੁਨੀਤਾ ਰਾਣੀ ਦੇ ਨਾਂ ਨਾਲ ਡੋਪਿੰਗ ਵਿਵਾਦ ਜੁੜ ਗਿਆ। ਅੰਤਮ ਫੈਸਲਾ ਹੋਣ ਤੱਕ ਉਸ ਦੇ ਜੇਤੂ ਤਮਗੇ ਵਾਪਸ ਲੈ ਲਏ ਗਏ। ਸੱਚ ਤਾਂ ਆਖਰ ਸੱਚ ਹੈ ਨਿਤਰ ਆਵੇਗਾ, ਤੇ ਵਿਸ਼ਵਾਸ ਕਰਕੇ, ਸੁਨੀਤਾ ਰਾਣੀ, ਐਥਲੈਟਿਕ ਸੰਘ ਅਤੇ ਉਲੰਪਿਕ ਸੰਘ ਨੇ ਇਸ ਫੈਸਲੇ ਨੂੰ ਜ਼ੋਰਦਾਰ ਚੁਣੌਤੀ ਦਿੱਤੀ ਅਤੇ ਆਖਰ ਇਨਸਾਫ ਦੇ ਟਰੈਕ ਤੇ ਸੁਨੀਤਾ ਰਾਣੀ ਸ਼ਾਨਦਾਰ ਜਿੱਤ ਹੋਈ। ਉਸ ਦੇ ਜੇਤੂ ਤਮਗੇ ਵਾਪਸ ਦੇ ਦਿੱਤੇ ਗਏ ਜਿਸ ਨਾਲ ਭਾਰਤ ਅਤੇ ਸੁਨੀਤਾ ਰਾਣੀ ਦੇ ਵਿਹੜੇ ਮੁੜ ਖੁਸ਼ੀਆਂ ਪਰਤ ਆਈਆਂ। 15 ਵੀਂਆਂ ਏਸ਼ੀਆਈ ਖੇਡਾਂ ਦੋਹਾ (ਕਤਰ) ਵਿਚ 2006 ਵਿਚ ਕਰਵਾਉਣ ਦਾ ਰਸਮੀ ਐਲਾਨ ਕੀਤਾ ਗਿਆ।

- ਸੀਤਲ ਸਿੰਘ ਪਲਾਹੀ

1951 ਤੋਂ 1982 ਤਕ ਭਾਰਤ ਦੇ 'ਸੁਨਹਿਰੀ ਤਮਗਾ' ਜੇਤੂ 

 

ਸਾਲ

ਨਾਂ

ਇਵੈਂਟ

1951

ਐੱਲ .ਪਿੰਟੋ

100 ਮੀਟਰ ਦੌੜ

 

ਐੱਲ .ਪਿੰਟੋ

200 ਮੀਟਰ ਦੌੜ

 

ਰਣਜੀਤ ਸਿੰਘ

800 ਮੀਟਰ ਦੌੜ

 

ਛੋਟਾ ਸਿੰਘ

ਮੈਰਾਥਨ

 

ਮੱਖਣ ਸਿੰਘ

ਡਿਸਕਸ ਥਰੋਅ

 

ਮਦਨ ਲਾਲ

ਗੋਲਾਬਾਜ਼ੀ

 

ਸਚਨ ਠਾਗ

100 ਮੀ. ਫ੍ਰਿ-ਸਟਾਈਲ (ਤੈਰਾਕੀ)

 

ਕੇ.ਪੀ.ਠਾਕਰ

ਸਪਰਿੰਗ ਬੋਰਡ (ਡਾਈਵਿੰਗ)

 

ਕੇ.ਪੀ. ਠਾਕਰ

ਹਾਈ ਬੋਰਡ (ਡਾਈਵਿੰਗ)

 

ਪਾਰੀਮਲ ਰਾਇ

ਬਿਲਡਿੰਗ

 1954

ਸਵਰਣ ਸਿੰਘ

110 ਮੀ. ਹਰਡਲਜ਼

 

ਅਜੀਤ ਸਿੰਘ

ਉੱਚੀ ਛਾਲ

 

ਪਰਦੁਮਨ ਸਿੰਘ

ਡਿਸਕਸ ਥਰੋਅ

 

ਪਰਦੁਮਨ ਸਿੰਘ

ਗੋਲਾਬਾਜ਼ੀ

 1958

ਮਿਲਖਾ ਸਿੰਘ

200 ਮੀ. ਦੌੜ

 

ਮਹਿੰਦਰ ਸਿੰਘ ਗਿੱਲ

ਤੀਹਰੀ ਛਾਲ

 

ਬਲਕਾਰ ਸਿੰਘ

ਡਿਸਕਸ ਥਰੋਅ

 

ਪਰਦੁਮਨ ਸਿੰਘ

ਗੋਲਾਬਾਜ਼ੀ

 1962

ਮਹਿੰਦਰ ਸਿੰਘ

1500 ਮੀ. ਦੌੜ

 

ਤ੍ਰਿਲੋਕ ਸਿੰਘ

10,000 ਮੀ.

 

ਗੁਰਬਚਨ ਸਿੰਘ

ਡੈਕਾਥਲਨ

 

ਪਦਮ ਬਹਾਦੁਰ ਮੱਲ

ਮੁੱਕੇਬਾਜ਼ੀ (ਲਾਈਟ ਵੇਟ੍ਹ)

 

ਮਾਰੂਤੀ ਮਾਨੇ

ਫ੍ਰੀ-ਸਟਾਈਲ ਕੁਸ਼ਤੀ (ਲਾਈਟ ਹੈਵੀ)

 

ਗਨਪਤ ਅੰਦਲਕਰ

ਗ੍ਰੀਕੋ-ਰੋਮਨ ਸਟਾਈਲ ਕੁਸ਼ਤੀ (ਹੈਵੀ)

 1966

ਬੀ.ਐਸ. ਬਰੂਆ

800 ਮੀਟਰ ਦੌੜ

 

ਭੀਮ ਸਿੰਘ

ਉੱਚੀ ਛਾਲ

 

ਪਰਵੀਨ ਕੁਮਾਰ

ਡਿਸਕਸ ਥਰੋਅ

 

ਜੋਗਿੰਦਰ ਸਿੰਘ

ਗੋਲਾਬਾਜ਼ੀ

 

ਹਵਾ ਸਿੰਘ

ਮੁੱਕੇਬਾਜ਼ੀ (ਹੈਵੀ ਵ੍ਹੇਟ)

 1970

ਮਹਿੰਦਰ ਸਿੰਘ ਗਿੱਲ

ਤੀਹਰੀ ਛਾਲ

 

ਪਰਵੀਨ ਕੁਮਾਰ

ਡਿਸਕਸ ਥਰੋਅ

 

ਕਮਲਜੀਤ ਸੰਧੂ

400ਮੀ. ਦੌੜ

 

ਹਵਾ ਸਿੰਘ

ਮੁੱਕੇਬਾਜ਼ੀ (ਹੈਵੀ ਵ੍ਹੇਟ)

 

ਚਾਂਦਗੀ ਰਾਮ

ਫ੍ਰੀ-ਸਟਾਈਲ ਕੁਸ਼ਤੀ (ਹੈਵੀ ਵ੍ਹੇਟ)

 1974

ਸ੍ਰੀ ਰਾਮ ਸਿੰਘ

800 ਮੀ. ਦੌੜ

 

ਸ਼ਿਵ ਨਾਥ ਸਿੰਘ

5000 ਮੀ. ਦੌੜ

 

ਟੀ . ਸੀ. ਯੋਹਾਨਨ

ਲੰਬੀ ਛਾਲ

 

ਟੀ . ਸੀ. ਚੌਹਾਨ

ਡੈਕਾਥਲਨ

 1978

ਆਰ. ਗਨੇਸਕਰਨ

200 ਮੀ. ਦੌੜ

 

ਸ੍ਰੀ ਰਾਮ ਸਿੰਘ

800 ਮੀ. ਦੌੜ

 

ਹਰੀ ਚੰਦ

5000 ਮੀ. ਦੌੜ

 

ਹਰੀ ਚੰਦ

10,000 ਮੀ. ਦੌੜ

 

ਸੁਰੇਸ਼ ਬਾਬੂ

ਲੰਬੀ ਛਾਲ

 

ਬਹਾਦਰ ਸਿੰਘ ਚੌਹਾਨ

ਗੋਲਾਬਾਜ਼ੀ

 

ਹਾਕਮ ਸਿੰਘ

20 ਕਿ. ਮੀ. ਵਾਕ

 

ਗੀਤਾ ਜ਼ੁਤਸ਼ੀ

800 ਮੀ. ਦੌੜ (ਇਸਤਰੀਆਂ)

 

ਰਣਧੀਰ ਸਿੰਘ

ਸ਼ੁਟਿੰਗ ਟ੍ਰੈਪ (ਵਿਅਕਤੀਗਤ)

 

ਰਾਜਿੰਦਰ ਸਿੰਘ

ਫ੍ਰੀ -ਸਟਾਈਲ ਕੁਸ਼ਤੀਆਂ (ਵੈਲਟਰ ਵ੍ਹੇਟ)

 

ਕਰਤਾਰ ਸਿੰਘ

ਫ੍ਰੀ-ਸਟਾਈਲ ਕੁਸ਼ਤੀਆਂ (ਲਾਈਟ ਵ੍ਹੇਟ)

 1982

ਬਹਾਦਰ ਸਿੰਘ ਚੌਹਾਨ

ਗੋਲਾਬਾਜ਼ੀ

 

ਚਾਂਦ ਰਾਮ

20 ਕਿ. ਮੀ. ਵਾਕ

 

ਐਮ. ਡੀ. ਵਲਸੱਮਾ

400 ਮੀ. ਹਾਰਡਲਜ਼

 

ਸਤਪਾਲ ਸਿੰਘ

ਫ੍ਰੀ-ਸਟਾਈਲ ਕੁਸ਼ਤੀ (100 ਕਿ. ਗ੍ਰਾਮ)

 

ਕੌਰ ਸਿੰਘ

ਮੁੱਕੇਬਾਜ਼ੀ (ਹੈਵੀ ਵ੍ਹੇਟ)

 

ਲਕਸ਼ਮਣ ਸਿੰਘ

ਗੌਲਫ (ਵਿਅਕਤੀਗਤ)

 

ਰਘਬੀਰ ਸਿੰਘ

ਘੋੜ-ਸਵਾਰੀ (ਵਿਅਕਤੀਗਤ)

 

ਮੇਜਰ ਰੂਬੀ ਬਰਾੜ

ਘੋੜ-ਸਵਾਰੀ (ਟੈਂਟ ਪੈਂਗਿੰਗ)

 

 

 


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.