ਕਾਨੂੰਗੋ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨੂੰਗੋ [ਨਾਂਪੁ] ਮਾਲ ਵਿਭਾਗ ਵਿੱਚ ਪਟਵਾਰੀ ਤੋਂ ਉੱਪਰਲਾ ਅਧਿਕਾਰੀ (ਜਿਸ ਕੋਲ਼ ਇਲਾਕੇ ਦੀ ਜ਼ਮੀਨ ਦਾ ਹਿਸਾਬ ਰਹਿੰਦਾ ਹੈ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਨੂੰਗੋ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਨੂੰਗੋ : ਇਹ ਰਾਜ ਸਰਕਾਰ (ਭਾਰਤ) ਦੇ ਮਾਲ ਦੇ ਮਹਿਕਮੇ ਦਾ ਅਹੁਦੇਦਾਰ ਹੈ ਜੋ ਪਟਵਾਰੀ ਦੇ ਕੰਮਾਂ ਦੀ ਪੜਤਾਲ ਕਰਦਾ ਹੈ। ਮਾਲ ਮਹਿਕਮੇ ਦੀ ਨੀਂਹ ਟੋਡਰ ਮੱਲ (ਅਕਬਰ ਦੇ ਨੌਂ ਰਤਨਾਂ ਵਿਚੋਂ ਇਕ) ਨੇ ਰੱਖੀ ਸੀ। ਕਾਨੂੰਗੋ ਅਰਬੀ ਦੇ ਦੋ ਸ਼ਬਦਾਂ ਕਾਨੂੰਨ+ਗੋ (ਮਾਲ ਦੇ ਨਿਯਮ ਦੱਸਣ ਵਾਲਾ) ਤੋਂ ਬਣਿਆ ਹੈ।

          ਵਰਤਮਾਨ ਪ੍ਰਣਾਲੀ ਅਨੁਸਾਰ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਕਾਨੂੰਗੋ, ਤਹਿਸੀਲ ਪੱਧਰ ਤੇ ਦਫ਼ਤਰੀ ਕਾਨੂੰਗੋ ਅਤੇ ਬਾਕੀ ਫ਼ੀਲਡ ਕਾਨੂੰਗੋ ਹੁੰਦੇ ਹਨ। ਇਨ੍ਹਾਂ ਤੋ ਬਿਨਾਂ ਇਕ ਵਿਸ਼ੇਸ਼ ਕਾਨੂੰਗੋ ਜਾਂ ਪਟਵਾਰੀ ਮੁਕੱਰਰ ਹੁੰਦਾ ਹੈ। ਫ਼ੀਲਡ ਕਾਨੂੰਗੋ ਦੀ ਗਿਣਤੀ ਰਾਜ ਸਰਕਾਰ ਦੀ ਪਰਵਾਨਗੀ ਅਨੁਸਾਰ ਘਟਦੀ ਵਧਦੀ ਰਹਿੰਦੀ ਹੈ। ਲਗਭਗ 20 ਪਟਵਾਰੀਆਂ ਉਪਰ ਇਕ ਫ਼ੀਲਡ ਕਾਨੂੰਗੋ ਹੁੰਦਾ ਹੈ। ਵਿਸ਼ੇਸ਼ ਕਾਨੂੰਗੋ ਦਾ ਇਹ ਫ਼ਰਜ਼ ਹੁੰਦਾ ਹੈ ਕਿ ਉਹ ਅਦਾਲਤ ਸਾਹਮਣੇ ਮਾਲ ਰੀਕਾਰਡ ਪੇਸ਼ ਕਰੇ ਅਤੇ ਜ਼ਿਲ੍ਹਾ ਕਾਨੂੰਗੋ ਦੇ ਦਫ਼ਤਰੀ ਕੰਮ ਵਿਚ ਸਹਾਇਤਾ ਕਰੇ।

          ਫ਼ੀਲਡ ਕਾਨੂੰਗੋ ਆਪਣੇ ਅਧੀਨ ਪਟਵਾਰੀਆਂ ਦੇ ਕੰਮਾਂ ਅਤੇ ਆਚਰਣ ਦਾ ਜ਼ਿੰਮੇਵਾਰ ਹੁੰਦਾ ਹੈ; ਉਨ੍ਹਾਂ ਦੇ ਕੰਮ ਦੀ ਰੀਪੋਰਟ ਤਹਿਸੀਲਦਾਰ ਨੂੰ ਦਿੰਦਾ ਹੈ; ਹਰ ਮਹੀਨੇ ਪਟਵਾਰੀ ਦੇ ਹਲਕੇ ਦੀ ਚੈਕਿੰਗ ਕਰਦਾ ਹੈ। ਦਫ਼ਤਰੀ ਕਾਨੂੰਗੋ ਜ਼ਰਾਇਤੀ ਅੰਕੜਿਆਂ ਦਾ ਡੈਟਾ ਅਤੇ ਫ਼ੀਲਡ ਕਾਨੂੰਗੋ ਤੇ ਪਟਵਾਰੀਆਂ ਦੇ ਕੰਮਾਂ ਦੀ ਪ੍ਰਗਤੀ ਰੀਪੋਰਟ ਤਹਿਸੀਲਦਾਰ ਅੱਗੇ ਪੇਸ਼ ਕਰਦਾ ਹੈ ਜੋ ਅਗੋਂ ਯੋਗ ਪ੍ਰਣਾਲੀ ਰਾਹੀਂ ਡਿਪਟੀ ਕਮਿਸ਼ਨਰ ਨੂੰ ਭੇਜਦਾ ਹੈ।

          ਤਹਿਸੀਲ ਵਿਚ ਵਰਖਾ ਰੀਕਾਰਡ ਕਰਨ ਦਾ ਕੰਮ ਦਫ਼ਤਰੀ ਕਾਨੂੰਗੋ ਦਾ ਹੁੰਦਾ ਹੈ। ਜ਼ਿਲ੍ਹਾ ਕਾਨੂੰਗੋ ਅਤੇ ਦਫ਼ਤਰੀ ਕਾਨੂੰਗੋ ਪਾਸ ਮਾਲ ਵਿਭਾਗ ਸਬੰਧੀ ਹਵਾਲਾ ਪੁਸਤਕਾਂ ਵੀ ਹੁੰਦੀਆਂ ਹਨ।

          ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਕਾਨੂੰਗੋ ਤਹਿਸੀਲ ਪੱਧਰ ਤੇ ਕਾਨੂੰਗੋਆਂ ਅਤੇ ਪਟਵਾਰੀਆਂ ਵਲੋਂ ਭੇਜੀਆਂ ਗਈਆਂ ਰੀਟਰਨਾਂ ਤੇ ਰੀਕਾਰਡ ਪ੍ਰਾਪਤ ਕਰਦਾ ਹੈ ਅਤੇ ਇਨ੍ਹਾਂ ਨੂੰ ਡਿਪਟੀ ਕਮਿਸ਼ਨਰ ਜਾਂ ਮਾਲ ਵਿਭਾਗ ਦੇ ਉੱਚ ਅਧਿਕਾਰੀ ਦੇ ਹੁਕਮ ਤੇ ਪੇਸ਼ ਕਰਦਾ ਹੈ। ਇਹ ਵਿਭਾਗ ਨਾਲ ਸਬੰਧਤ ਅੰਕੜਿਆਂ ਸਬੰਧੀ ਬਿਆਨ ਵੀ ਤਿਆਰ ਕਰਦਾ ਹੈ ਜੋ ਡਿਪਟੀ ਕਮਿਸ਼ਨਰ ਨੂੰ ਲੋੜੀਂਦੇ ਹੁੰਦੇ ਹਨ। ਇਸ ਤੋਂ ਬਿਨਾ ਇਹ ਪਟਵਾਰੀਆਂ, ਫ਼ੀਲਡ ਕਾਨੂੰਗੋਆਂ ਦੇ ਦਫ਼ਤਰੀ ਕਾਨੂੰਗੋਆਂ ਦਿਆਂ ਕੰਮਾਂ ਦਾ ਮੁਆਇਨਾ ਵੀ ਕਰਦਾ ਹੈ।

          ਕਾਲ, ਔੜ ਅਤੇ ਹੜ੍ਹ ਪੀੜਤ ਇਲਾਕਿਆਂ ਦੇ ਨੁਕਸਾਨ ਆਦਿ ਦਾ ਜਾਇਜ਼ਾ ਵੀ ਇਨ੍ਹਾਂ ਦੀ ਮਦਦ ਨਾਲ ਹੀ ਲਿਆ ਜਾਂਦਾ ਹੈ। ਮਰਦਮਸ਼ੁਮਾਰੀ ਅਤੇ ਚੋਣਾਂ ਸਮੇਂ ਸਰਕਾਰ ਨੂੰ ਇਨ੍ਹਾਂ ਦੀ ਬੜੀ ਲੋੜ ਹੁੰਦਾ ਹੈ। ਜਨਮ ਤੇ ਮੌਤ ਦਾ ਰੀਕਾਰਡ ਵੀ ਇਨ੍ਹਾਂ ਪਾਸ ਹੁੰਦਾ ਹੈ। ਜੇ ਅਸਲ ਪੁਛਿਆ ਜਾਵੇ ਤਾਂ ਸਰਕਾਰ ਤੇ ਲੋਕਾਂ ਵਿਚਕਾਰ ਇਹ ਇਕ ਕੜੀ ਦਾ ਕੰਮ ਕਰਦੇ ਹਨ। ਸਰਕਾਰ ਨੂੰ ਦਿਹਾਤ ਬਾਰੇ ਲਗਭਗ ਹਰ ਤਰ੍ਹਾਂ ਦੀਆਂ ਸੂਚਨਾਵਾਂ ਦਾ ਪਤਾ ਇਨ੍ਹਾਂ ਦੁਆਰਾ ਹੀ ਲਗਦਾ ਹੈ। ਦਿਹਾਤ ਵਿਚ ਕਿਸੇ ਤਰ੍ਹਾਂ ਦੀ ਸਕੀਮ ਚਾਲੂ ਕਰਨ ਲਈ ਇਨ੍ਹਾਂ ਦੀ ਅਤੀ ਲੋੜ ਪੈਂਦੀ ਹੈ।

          ਹ. ਪੁ.––ਪੰਜਾਬ ਲੈਂਡ ਰੀਕਾਰਡਜ਼ ਮੈਨੂਅਲ 1974; ਮ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਨੂੰਗੋ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਨੂੰਗੋ, (ਫ਼ਾਰਸੀ : ਕਾਨੂੰਨਗੋ) \ ਪੁਲਿੰਗ : ੧. ਪਟਵਾਰੀਆਂ ਦਾ ਅਫ਼ਸਰ; ੨. ਮਾਲ ਦੇ ਮਹਿਕਮੇ ਦਾ ਇੱਕ ਕਰਮਚਾਰੀ ਜਿਸ ਕੋਲ ਇਲਾਕੇ ਦੀ ਜ਼ਮੀਨ ਦਾ ਹਿਸਾਬ ਰਹਿੰਦਾ ਹੈ; ੩. ਕਾਨੂੰਣ ਛਾਂਟਣ ਵਾਲਾ, ਚਲਾਕ; ੪.(ਖਾਲਸਾਈ ਬੋਲਾ) ਖੰਡਾ; ਸਲੋਤਰ, ੫. ਸ਼ੇਖਾਂ ਦਾ ਇੱਕ ਗੋਤ

–ਕਾਨੂੰਗੋਇਣ, ਕਾਨੂੰਗੋਣੀ, ਇਸਤਰੀ ਲਿੰਗ

–ਕਾਨੂੰਗੋਈ, ਇਸਤਰੀ ਲਿੰਗ : ਕਾਨੂੰਗੋ ਦਾ ਕੰਮ ਜਾਂ ਹੁੱਦਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 69, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-10-12-52-48, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.