ਖੰਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੰਨਾ 1 [ਨਾਂਪੁ] ਇੱਕ ਗੋਤ 2 [ਨਾਂਪੁ] ਖੜਗ , ਖੰਡਾ; ਰੋਟੀ ਦਾ ਟੁਕੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1030, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੰਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਖੰਨਾ. ਸੰਗ੍ਯਾ—ਖੰਡਾ. ਖੜਗ. ਸਿੰਧੀ. ਖਨੋ. “ਖੰਨਾ ਸਗਲ ਰੇਣ ਛਾਰੀ.” (ਸੋਰ ਮ: ੫) “ਖੰਨਿਅਹੁ ਤਿਖੀ ਵਾਲਹੁ ਨਿਕੀ.” (ਅਨੰਦੁ) ੨ ਖਤ੍ਰੀਆਂ ਦੀ ਇੱਕ ਜਾਤਿ। ੩ ਅੱਧਾ ਖੰਡ (ਟੁਕੜਾ).


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੰਨਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖੰਨਾ [ਸੰ.। ਸੰਸਕ੍ਰਿਤ ਖਨੑ ਧਾਤੂ (=ਚੀਰਨਾ) ਤੋਂ ਪੰਜਾਬੀ ਖੰਡਾ ਬਣਦਾ ਹੈ, ਖੰਡਾਂ ਦਾ ਰੂਪਾਂਤ੍ਰ ਖੰਨਾ ਹੈ] ਇਕ ਪ੍ਰਕਾਰ ਦਾ ਤਿੱਖਾ ਸ਼ਸ਼ਤ੍ਰ, ਦੁਧਾਰੀ ਤਲਵਾਰ। ਯਥਾ-‘ਖੰਨਾ ਸਗਲ ਰੇਨੁ ਛਾਰੀ’ ਸਾਰਿਆਂ ਦੀ (ਰੇਨੁ) ਧੂੜੀ ਹੋਣਾ ਹੀ ਸਾਡਾ ਖੰਡਾ ਹੈ (ਛਾਰੀ) ਛਾਰ ਕਰ ਦੇਣ ਵਾਲਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖੰਨਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੰਨਾ : ਇਹ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦਾ ਇਕ ਪ੍ਰਸਿੱਧ ਵਪਾਰਕ ਕੇਂਦਰ ਹੈ ਜੋ ਸ਼ੇਰ ਸ਼ਾਹ ਸੂਰੀ-ਮਾਰਗ ਉੱਤੇ ਲੁਧਿਆਣਾ ਤੋਂ ਲਗਭਗ 45 ਕਿ. ਮੀ. ਦੀ ਦੂਰੀ ਤੇ ਦੱਖਣ-ਪੂਰਬ ਵੱਲ ਸਥਿਤ ਹੈ।

          ਕਿਹਾ ਜਾਂਦਾ ਹੈ ਕਿ ਇਹ ਸ਼ਹਿਰ ਅੱਜ ਤੋਂ ਲਗਭਗ 150 ਸਾਲ ਪਹਿਲਾਂ ਰਾਣੀ ਦਇਆ ਕੌਰ ਨੇ ਵਸਾਇਆ ਸੀ। ਸ਼ਹਿਰ ਦੀ ਰੌਣਕ ਵਧਾਉਣ ਲਈ ਇਸ ਰਾਣੀ ਨੇ ਸ਼ਹਿਰ ਵਿਚ ਕਈ ਮੇਲੇ ਸ਼ੁਰੂ ਕੀਤੇ। ਇਨ੍ਹਾਂ ਮੇਲਿਆਂ ਵਿਚ ਹਿੱਸਾ ਲੈਣ ਲਈ ਲੋਕਾਂ ਨੂੰ ਜ਼ਬਰਦਸਤੀ ਲਿਆਇਆ ਜਾਂਦਾ ਸੀ। ‘ਗੁਗਾ ਨੌਮੀ’ ਦਾ ਮੇਲਾ ਇਨ੍ਹਾਂ ਮੇਲਿਆਂ ਵਿਚੋਂ ਇਕ ਸੀ ਜਿਸ ਨੂੰ ਲੋਕਾਂ ਨੈ ਜ਼ਬਰਦਸਤੀ ਕੀਤੇ ਜਾਦ ਕਾਰਨ ‘ਧੱਕਮ ਧੱਕੀ’ ਦਾ ਮੇਲਾ ਕਹਿਣਾ ਸ਼ੁਰੂ ਕਰ ਦਿੱਤਾ।

          ਹੁਣ ਇਹ ਸ਼ਹਿਰ ਪੰਜਾਬ ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਵਿਚੋਂ ਗਿਣਿਆ ਜਾਂਦਾ ਸੀ। ਇਥੇ ਭੋਜਨ ਵਿਚ ਵਰਤੇ ਜਾਣ ਵਾਲੇ ਤੇਲ ਅਤੇ ਘਿਉ ਤਿਆਰ ਕਰਨ ਦੇ ਕਈ ਕਾਰਖ਼ਾਨੇ ਹਨ। ਇਹ ਸ਼ਹਿਰ ਪੰਜਾਬ ਵਿਚ ਮੂੰਗਫ਼ਲੀ ਦੀ ਸਭ ਤੋਂ ਵੱਡੀ ਮੰਡੀ ਹੈ ਅਤੇ ਇਥੇ ਕਪਾਹ ਵੀ ਬਹੁਤ ਆਉਂਦੀ ਹੈ। ਇਥੇ ਪਸ਼ੂਆਂ ਦੀ ਮੰਡੀ ਵੀ ਲਗਦੀ ਹੈ।

          ਇਥੇ ਲੜਕੀਆਂ ਦਾ ਇਕ ਡਿਗਰੀ ਕਾਲਜ, ਏ. ਐੱਸ. ਨਾਂ ਦਾ ਲੜਕਿਆਂ ਦਾ ਇਕ ਡਿਗਰੀ ਕਾਲਜ ਅਤੇ ਕਈ ਸਰਕਾਰੀ ਅਤੇ ਗ਼ੈਰ-ਸਰਕਾਰੀ ਸਕੂਲ ਹਨ। ਇਥੇ ਇਕ ਅੱਖਾਂ ਦਾ ਪ੍ਰਾਈਵੇਟ ਹਸਪਤਾਲ ਹੈ ਜਿਹੜਾ ਆਲੇ-ਦੁਆਲੇ ਦੇ ਇਲਾਕੇ ਵਿਚ ਪ੍ਰਸਿੱਧ ਹੈ। ਇਸ ਸ਼ਹਿਰ ਦੀ ਨਗਰਪਾਲਿਕਾ 1875 ਵਿਚ ਸਥਾਪਿਤ ਹੋਈ ਸੀ।

          ਆਬਾਦੀ – 71,990 (1991)

          30° 42' ਉ. ਵਿਥ. ; 76° 13' ਪੂ. ਲੰਬ.

          ਹ. ਪੁ.– ਇੰਪ. ਗ. ਇੰਡ. 15 : 244; ਡਿਸਟ੍ਰਿਕਟ ਸੈਂਸਸ ਹੈਂਡ ਬੁੱਕ-ਲੁਧਿਆਣਾ ਡਿਸਟ੍ਰਿਕਟ – 1965


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਖੰਨਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਖੰਨਾ :  ਸ਼ਹਿਰ- ਇਹ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਤਹਿਸੀਲ ਦਾ ਸਦਰ ਮੁਕਾਮ ਹੈ ਜਿਹੜਾ ਲੁਧਿਆਣਾ-ਅੰਬਾਲਾ ਜਰਨੈਲੀ ਸੜਕ (ਸ਼ੇਰ ਸ਼ਾਹ ਸੂਰੀ ਮਾਰਗ) ਉੱਤੇ ਲੁਧਿਆਣਾ ਤੋਂ 42 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਹ ਏਸ਼ੀਆ ਮਹਾਂਦੀਪ ਦੀ ਸਭ ਤੋਂ ਵੱਡੀ ਕਣਕ ਮੰਡੀ ਹੈ। ਖੰਨਾ ਮੰਡੀ ਲਗਭਗ ਸਾਢੇ ਚਾਰ ਸੌ ਸਾਲ ਪੁਰਾਣੀ ਹੈ। ਸ਼ੇਰ ਸ਼ਾਹ ਸੂਰੀ ਨੇ ਜਦੋਂ ਜਰਨੈਲੀ ਸੜਕ ਬਣਵਾਈ ਤਾਂ ਉਸ ਨੇ ਸੜਕ ਉੱਤੇ ਹਰ 12 ਕੋਹ ਉੱਤੇ ਇਕ ਸਰਾਂ ਬਣਵਾਈ ਸੀ। ਖੰਨੇ ਵਾਲੀ ਥਾਂ ਉੱਤੇ ਵੀ ਇਹੋ ਜਿਹੀ ਇਕ ਸਰਾਂ ਬਣੀ ਸੀ। ਇਸ ਸਰਾਂ ਦਾ ਮਾਲਕ ਇਕ ਮੁਸਲਮਾਨ ਰਾਜਪੂਤ ਕਾਲੇ ਖ਼ਾਂ ਸੀ। ਉਸ ਦੇ ਨਾਂ ਉੱਤੇ ਪਹਿਲਾਂ ਸਰਾਂ ਤੇ ਪਿੱਛੋਂ ਬਸਤੀ ਦਾ ਨਾਮ ਪਿਆ ਜਿਹੜਾ ਬਦਲਦਾ ਬਦਲਦਾ ਖੰਨਾ ਬਣ ਗਿਆ।

ਅੰਰਗੇਜ਼ਾਂ ਦਾ ਕਬਜ਼ਾ ਹੋਣ ਤੋਂ ਪਹਿਲਾਂ ਖੰਨਾ 17 ਪਿੰਡਾਂ ਦੀ ਇਕ ਜਾਗੀਰ ਸੀ ਜਿਸ ਉੱਤੇ ਇਕ ਸਰਦਾਰਨੀ ਦਿਆ ਕੌਰ ਜਿਸ ਨੂੰ ਉਸ ਵੇਲੇ ਦੇ ਲੋਕ ਰਾਣੀ ਕਿਹਾ ਕਰਦੇ ਸਨ, ਦਾ ਰਾਜ ਸੀ। ਇਹ ਰਾਣੀ ਸਰਦਾਰ ਦਸੌਂਧਾ ਸਿੰਘ ਮਜੀਠੀਏ ਦੀ ਧੀ ਸੀ। ਉਸ ਦੇ ਕੋਈ ਲੜਕਾ ਨਹੀਂ ਸੀ ਤੇ ਸਿਰਫ ਦਿਆ ਕੌਰ ਲੜਕੀ ਸੀ। ਇਹ ਲੜਕੀ ਜੀਂਦ ਦੇ ਰਾਜੇ ਦੇ ਲੜਕੇ ਨਾਲ ਵਿਆਹੀ ਹੋਈ ਸੀ ਪਰ ਵਿਧਵਾ ਹੋਣ ਤੇ ਆਪਣੇ ਪੇਕੇ ਗਈ ਤੇ ਬਾਪ ਦੀ ਜਾਗੀਰ ਸੰਭਾਲ ਲਈ। ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਉੱਤੇ ਕਬਜ਼ਾ ਕਰ ਲਿਆ ਸੀ। ਅੰਗਰੇਜ਼ਾਂ ਨੇ ਰਾਣੀ ਦਿਆ ਕੌਰ ਨੂੰ ਆਪਣੀ ਜਾਗੀਰ ਦਾ ਪ੍ਰਬੰਧ ਕਰਨ ਦਾ ਹੱਕ ਦੇ ਦਿੱਤਾ ਸੀ। ਸੰਨ 1850 ਵਿਚ ਰਾਣੀ ਦੀ ਮੌਤ ਹੋ ਗਈ ਤੇ ਅੰਗਰੇਜ਼ਾਂ ਨੇ ਰਾਣੀ ਦੇ ਕੋਈ ਔਲਾਦ ਨਾ ਹੋਣ ਕਰ ਕੇ ਇਹ ਜਾਗੀਰ ਖ਼ਤਮ ਕਰ ਕੇ ਲੁਧਿਆਣੇ ਜ਼ਿਲ੍ਹੇ ਵਿਚ ਮਿਲਾ ਦਿੱਤੀ

ਖੰਨਾ ਇਕ ਵੱਡੀ ਮੰਡੀ, ਸੱਨਅਤੀ ਸ਼ਹਿਰ, ਵਿਦਿਅਕ ਕੇਂਦਰ ਤੇ ਰੌਣਕ ਵਾਲਾ ਸ਼ਹਿਰ ਹੈ। ਖੰਨਾ ਦੇ ਆਲੇ ਦੁਆਲੇੇ ਦਾ ਇਲਾਕਾ ਬੜਾ ਜ਼ਰਖੇਜ਼ ਹੈ ਜਿਥੇ ਪੈਦਾਵਾਰ ਬਹੁਤ ਹੁੰਦੀ ਹੈ। ਇਸ ਕਰ ਕੇ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਇਹ ਇਕ ਮੰਡੀ ਬਣ ਚੁੱਕਾ ਸੀ। ਸਰਹਿੰਦ ਨਹਿਰ ਨਿਕਲਣ ਨਾਲ ਇਸ ਇਲਾਕੇ ਵਿਚ ਸਿੰਜਾਈ ਹੋਣ ਨਾਲ ਫ਼ਸਲਾਂ ਦੀ ਪੈਦਾਵਾਰ ਹੋਰ ਵੀ ਵਧ ਗਈ। ਖੰਨਾ ਕਪਾਹ, ਕਣਕ, ਤੇਲ ਦੇ ਬੀਜਾਂ ਆਦਿ ਦੀ ਸਭ ਤੋਂ ਵੱਡੀ ਮੰਡੀ ਬਣ ਗਿਆ। ਦੇਸ਼ ਦੇ ਬਟਵਾਰੇ ਤੋਂ ਪਿੱਛੋਂ ਇਹ ਮੂੰਗਫਲੀ ਦੀ ਸਭ ਤੋਂ ਵੱਡੀ ਮੰਡੀ ਬਣਿਆ। ਇਸ ਵਕਤ ਖੰਨਾ ਮੁੱਖ ਤੌਰ ਤੇ ਕਣਕ ਤੇ ਝੋਨੇ ਦੀ ਮੰਡੀ ਹੈ,ਭਾਵੇਂ ਤੇਲ ਬੀਜ ਤੇ ਹੋਰ ਜਿਨਸਾਂ ਵੀ ਮੰਡੀ ਵਿਚ ਆਉਂਦੀਆਂ ਹਨ। ਪਹਿਲਾਂ ਮੰਡੀ ਜਰਨੈਲੀ ਸੜਕ ਉੱਤੇ ਦੋਵੇਂ ਪਾਸੀਂ ਹੁੰਦੀ ਸੀ ਪਰ 1960 ਈ. ਤੋਂ ਜੀ.ਟੀ. ਰੋਡ ਰੇਲਵੇ ਲਾਈਨ ਅਤੇ ਸਮਰਾਲਾ ਰੋਡ ਦੇ ਦਰਮਿਆਨ ਸਰਕਾਰ ਵੱਲੋਂ ਨਵੀਂ ਮੰਡੀ ਕਾਇਮ ਕੀਤੀ ਗਈ।

ਖੰਨਾ ਇਕ ਸੱਨਅਤੀ ਸ਼ਹਿਰ ਵੀ ਹੈ ਤੇ ਇਸ ਵਿਚ ਪਹਿਲੀ ਰੂੰ ਵੇਲਣ ਦੀ ਮਿੱਲ 1902 ਈ. ਵਿਚ ਲਗੀ ਸੀ ਅਤੇ ਦੂਜੀ ਮਿੱਲ 1904 ਈ. ਵਿਚ ਲਗੀ ਸੀ। ਲੋਹੇ ਦੇ ਗਾਡਰ, ਸਰੀਆ, ਐਂਗਲ ਪੱਤੀ ਆਦਿ ਦੇ ਕਾਰਖ਼ਾਨੇ ਵੀ ਹਨ। ਸੰਨ 1987 ਵਿਚ ਇਥੇ 24 ਤੇਲ ਦੀਆਂ ਮਿੱਲਾਂ ਸਨ। ਫਾਊਂਡਰੀ ਅਤੇ ਲੋਹੇ ਦੀਆਂ ਰੋਲਿੰਗ ਮਿਲਾਂ ਵੀ ਹਨ। ਪਹਿਲੀ ਫਾਊਂਡਰੀ 1930-31 ਈ. ਵਿਚ ਲਗੀ। ਸੰਨ 1987 ਵਿਚ ਇਥੇ 12 ਫਾਊਂਡਰੀਆਂ ਅਤੇ 82 ਰੋਲਿੰਗ ਮਿੱਲਾਂ ਸਨ।

ਇਥੇ ਪਲਾਸਟਿਕ ਦੀਆਂ ਪਾਈਪਾਂ ਬਣਾਉਣ ਦੀਆਂ ਸੱਨਅਤੀ ਇਕਾਈਆਂ ਵੀ ਹਨ। ਸਰਕਾਰ ਵੱਲੋਂ ਸੱਨਅਤੀ ਫ਼ੋਕਲ ਪੁਆਇੰਟ 77 ਏਕੜ ਜ਼ਮੀਨ ਉੱਤੇ ਬਣਾਇਆ ਗਿਆ ਹੈ ਜਿਸ ਵਿਚ 113 ਸੱਨਅਤੀ ਇਕਾਈਆਂ ਹਨ। ਟਾਇਰਾਂ ਤੇ ਰਬੜ ਚੜ੍ਹਾਉਣ, ਆਟਾ ਪੀਸਣ, ਪਸ਼ੂ ਖੁਰਾਕ ਤਿਆਰ ਕਰਨ, ਬਿਜਲੀ ਦਾ ਸਮਾਨ ਬਣਾਉਣ ਅਤੇ ਸੱਨਅਤੀ ਔਜ਼ਾਰ ਤੇ ਸੰਦ ਬਣਾਉਣ ਦਾ ਕੰਮ ਹੁੰਦਾ ਹੈ। ਪਸ਼ੂ ਖੁਰਾਕ ਬਣਾਉਣ ਦਾ ਪਹਿਲਾ ਕਾਰਖ਼ਾਨਾ 1971 ਈ. ਵਿਚ ਲੱਗਾ ਸੀ ਅਤੇ 1987 ਈ. ਵਿਚ 13 ਹੋਰ ਕਾਰਖਾਨੇ ਲਗ ਗਏ ਸਨ ਜਿਨ੍ਹਾਂ ਵਿਚੋਂ ਇਕ ਸਰਕਾਰੀ ਸੀ। ਸਰਕਾਰੀ ਅਦਾਰੇ ਦਾ ਸੋਹਣਾ ਬਨਸਪਤੀ ਘੀ ਬਣਾਉਣ ਦਾ ਕਾਰਖ਼ਾਨਾ ਵੀ ਇਥੇ ਸਥਿਤ ਹੈ। ਇਥੇ ਸਾਬਣ ਬਣਾਉਣ ਦੇ ਕਾਰਖ਼ਾਨੇ ਵੀ ਹਨ ਅਤੇ ਹੈਂਡਲੂਮਾਂ ਤੇ ਕੱਪੜਾ ਬਣਿਆ ਜਾਂਦਾ ਹੈ। ਸੰਨ 1972 ਵਿਚ 34 ਬਦੇਸ਼ੀ ਗਊਆਂ ਨਾਲ ਸਰਕਾਰ ਵੱਲੋਂ ਇਥੇ ਇਕ ਫ਼ਾਰਮ ਕਾਇਮ ਕੀਤਾ ਗਿਆ।

ਖੰਨਾ ਵਿਦਿਆ ਦਾ ਇਕ ਵੱਡਾ ਕੇਂਦਰ ਹੈ। ਇਥੇ ਆਰੀਆ ਸਮਾਜ ਵਿਦਿਅਕ ਕਮੇਟੀ ਵੱਲੋਂ 1916 ਈ. ਵਿਚ ਐਂਗਲੋ ਸੰਸਕ੍ਰਿਤ ਹਾਈ ਸਕੂਲ ਖੋਲ੍ਹਿਆ ਗਿਆ। ਬਾਅਦ ਵਿਚ ਏ.ਐਸ. ਕਾਲਜ (1946); ਏ.ਐਸ. ਗਰਲਜ਼ ਕਾਲਜ (1970) ਅਤੇ ਏ.ਐਸ. ਮਾਡਰਨ ਸਕੂਲ ਇਸੇ ਕਮੇਟੀ ਨੇ ਸਥਾਪਤ ਕੀਤੇ। ਸਰਸਵਤੀ ਸੰਸਕ੍ਰਿਤ ਕਾਲਜ 1907 ਈ. ਤੋਂ ਇਥੇ ਚਲ ਰਿਹਾ ਹੈ। ਲੜਕਿਆਂ ਤੇ ਲੜਕੀਆਂ ਦੇ ਚਾਰ ਹੋਰ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਚਾਲੂ ਹਨ। ਮਿਉਂਸਪਲ ਕਮੇਟੀ ਵੱਲੋਂ 1953 ਈ. ਤੋਂ ਇਕ ਲਾਇਬ੍ਰੇਰੀ ਚਲਾਈ ਜਾ ਰਹੀ ਹੈ।

ਇਹ ਸ਼ਹਿਰ ਸੜਕਾਂ ਦਾ ਵੀ ਕੇਂਦਰ ਹੈ। ਜਰਨੈਲੀ ਸੜਕ ਤੋਂ ਇਲਾਵਾ ਇਥੋਂ ਇਕ ਸੜਕ ਸਮਰਾਲਾ ਤੋਂ ਅੱਗੇ ਮਾਛੀਵਾੜੇ ਨੂੰ ਤੇ ਇਕ ਹੋਰ ਸੜਕ ਮਲੇਰਕੋਟਲੇ ਨੂੰ ਜਾਂਦੀ ਹੈ। ਦਿਹਾਤੀ ਸੜਕਾਂ ਨਾਲ ਇਹ ਚਾਰੇ ਪਾਸੇ ਦੇ ਪਿੰਡਾਂ ਨਾਲ ਜੁੜਿਆ ਹੋਇਆ ਹੈ। ਇਥੇ ਵਪਾਰ ਤੇ ਸੱਨਅਤੀ ਤਰੱਕੀ ਹੋਣ ਨਾਲ ਬਹੁਤ ਸਾਰੇ ਬੈਂਕ ਹਨ, ਵਪਾਰ ਮੰਡਲ ਦਾ ਇਕ ਕੇਂਦਰੀ ਸੰਗਠਨ ਹੈ ਤੇ ਵੱਖ ਵੱਖ ਵਪਾਰ ਅਤੇ ਸੱਨਅਤਾਂ ਦੇ 14 ਵੱਖ ਵੱਖ ਮੰਡਲ ਹਨ। ਇਥੇ ਇਕ ਸਰਕਾਰੀ ਹਸਪਤਾਲ, ਡਾ. ਸ਼ਮਸ਼ੇਰ ਸਿੰਘ ਦਾ ਮਸ਼ਹੂਰ ਹਸਪਤਾਲ ਅਤੇ ਕਈ ਨਰਸਿੰਗ ਹੋਮ ਹਨ। ਰੋਟਰੀ ਕਲੱਬ, ਡਾਇਮੰਡ ਕਲੱਬ ਤੇ ਲਾਇਨਜ਼ ਕਲੱਬ ਇਥੇ ਕਾਇਮ ਹਨ। ਸ਼ਹਿਰ ਦਾ ਪ੍ਰਬੰਧ ਮਿਉਂਸਪਲ ਕਮੇਟੀ ਕਰਦੀ ਹੈ ਜਿਸ ਦੀ ਸਥਾਪਨਾ 1875 ਈ. ਵਿਚ ਹੋਈ ਸੀ। ਸ਼ਹਿਰ ਬਹੁਤ ਤਰੱਕੀ ਕਰ ਰਿਹਾ ਹੈ ਤੇ ਵਧਦਾ ਵਧਦਾ ਇਕ ਪਾਸੇ ਗੋਬਿੰਦਗੜ੍ਹ ਨਾਲ ਜਾ ਲਗਿਆ ਹੈ ਤੇ ਦੂਜੇ ਪਾਸੇ ਸਮਰਾਲਾ ਰੋਡ, ਲੁਧਿਆਣੇ ਵਾਲੇ ਪਾਸੇ ਤੇ ਮਲੇਰਕੋਟਲਾ ਸੜਕ ਵੱਲ ਵੱਧ ਰਿਹਾ ਹੈ।

ਅਬਾਦੀ- 72,140(1991)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 663, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-03-04-10-11, ਹਵਾਲੇ/ਟਿੱਪਣੀਆਂ: ਹ. ਪੁ. –ਡਿਸ. ਗਜ਼. ਲੁਧਿਆਣਾ-664; ਇੰਪ. ਗ. ਇੰਡ. 15:244

ਖੰਨਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੰਨਾ, ਪੁਲਿੰਗ : ੧. ਖੱਤਰੀਆਂ ਦੀ ਇੱਕ ਜਾਤ ; ੨. ਲੁਧਿਆਣੇ ਤੇ ਸਰਹਿੰਦ ਵਿਚਕਾਰ ਇੱਕ ਮੰਡੀ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-12-41-51, ਹਵਾਲੇ/ਟਿੱਪਣੀਆਂ:

ਖੰਨਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੰਨਾ, (ਸੰਸਕ੍ਰਿਤ : खण्ड=ਟੁਕੜਾ) : ੧. ਖੰਡਾ, ਖੜਗ : ‘ਖੰਨਾ ਸਗਲ ਰੇਣ ਛਾਰੀ’ (ਸੋਰਠ ਮਹਲਾ ੫); ੨. ਰੋਟੀ ਦਾ ਅੱਧਾ ਹਿੱਸਾ

–ਖੰਨਾ ਕੁ, ਵਿਸ਼ੇਸ਼ਣ : ਅੱਧੇ ਦੇ ਲਗਭਗ, ਥੋੜਾ ਜੇਹਾ, ਚੁੱਪਾ ਕੁ

–ਖੰਨੀ, ਇਸਤਰੀ ਲਿੰਗ : ੧. ਚੱਪਾ ਰੋਟੀ; ੨. ਰੋਟੀ

–ਖੰਨੀਆਂ ਭੰਨਣਾ, ਮੁਹਾਵਰਾ : ਰੋਟੀਆਂ ਖਾਣਾ

–ਖੰਨੀ ਖੰਨੀ ਤੋਂ ਮੁਥਾਜ ਹੋਣਾ, ਮੁਹਾਵਰਾ : ਅਤਿ ਗ਼ਰੀਬੀ ਦੀ ਹਾਲਤ ਵਿੱਚ ਹੋਣਾ

–ਖੰਨੀ ਖਾਈਏ ਸਾਰੀ ਦੱਸੀਏ, ਅਖੌਤ : ਜਦ ਕੋਈ ਆਪਣੀ ਥੋੜੀ ਸਮਰੱਥਾ ਜਾਂ ਇੱਜ਼ਤ ਵੀ ਵਧਾ ਕੇ ਦੱਸੇ ਤਾਂ ਕਹਿੰਦੇ ਹਨ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-12-42-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.