ਗੁਰਬਾਣੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਾਣੀ [ਨਾਂਇ] ਸਿੱਖਾਂ ਦੇ ਗੁਰੂ ਸਾਹਿਬਾਨ ਵਲੋਂ ਸਿਰਜੀ ਕਾਵਿ-ਰਚਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1961, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਰਬਾਣੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਾਣੀ ਸੰਗ੍ਯਾ—ਗੁਰੂ ਨਾਨਕਦੇਵ ਅਤੇ ਉਨ੍ਹਾਂ ਦੇ ਰੂਪ ਸਤਿਗੁਰਾਂ ਦੀ ਬਾਣੀ. ਅਕਾਲੀ ਬਾਣੀ , ਜੋ ਗੁਰੂ ਦ੍ਵਾਰਾ ਸਾਨੂੰ ਪ੍ਰਾਪਤ ਹੋਈ ਹੈ. “ਗੁਰਬਾਣੀ ਇਸੁ ਜਗ ਮਹਿ ਚਾਨਣੁ.” (ਸ੍ਰੀ ਅ: ਮ: ੩) “ਗੁਰਬਾਣੀ ਹਰਿਨਾਮ ਸਮਾਇਆ.” (ਗਉ ਮ: ੪) ਦੇਖੋ, ਗੁਰੁਬਾਨੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਬਾਣੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਬਾਣੀ (ਖ. ਤ. ਸ.। ਸੰਸਕ੍ਰਿਤ) ੧. ਉਹ ਬਾਣੀ ਜੋ ਗੁਰ ਜ੍ਯੋਤੀ ਤੋਂ (ਜਦੋਂ ਉਹ ਜੋਤ ਰੂਪ ਹੀ ਸੀ) ਭਗਤ ਜਨਾ ਦੇ ਨਿਰਮਲ ਰਿਦਿਆਂ ਤੋਂ ਉਤਰਦੀ ਰਹੀ ਯਾ ਜੋ ਗੁਰ ਜ੍ਯੋਤ ਨੇ ਦੇਹ ਧਾਰੀ ਹੋ ਕੇ ਆਪ ਉਚਾਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ, ਜੋ ਬਾਣੀ ਉਸ ਵਿਚ ਚੜ੍ਹੀ ਗੁਰਬਾਣੀ। ਇਸੇ ਦਾ ਨਾਮ ਪੱਕੀ ਬਾਣੀ ਹੈ, ਹੋਰ ਬਾਣੀ ਕੱਚੀ ਹੈ। ਇਸ ਬਾਣੀ ਵਿਚ ਅਕਾਲ ਪੁਰਖ ਦਾ ਸ਼ੁੱਧ ਗ੍ਯਾਨ ਵਰਣਿਤ ਹੈ। ਯਥਾ-‘ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ’। ਤਥਾ-‘ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ’। ੨. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਥਾਈਂ ਗੁਰਬਾਣੀ ਤੋਂ ਮੁਰਾਦ ਵਾਹਿਗੁਰੂ ਦੇ ਨਾਮ ਤੋਂ ਹੈ, ਜੋ ਗੁਰੂ ਦੁਆਰਾ ਪ੍ਰਾਪਤ ਹੋਵੇ।  ਦੇਖੋ , ‘ਗੁਰੂ ੫’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗੁਰਬਾਣੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰਬਾਣੀ :  ਸ੍ਰੀ ਗੁਰੂ ਨਾਨਕ ਦੇਵ ਜੀ ਤ ਹੋਰਨਾ ਸਿੱਖ ਗੁਰੂ ਸਾਹਿਬਾਨ ਦੁਆਰਾ ਰਚਿਤ ਕਾਵਿ ਨੂੰ ਗੁਰਬਾਣੀ, ਆਖਿਆ ਜਾਂਦਾ ਹੈ। ਸਿੱਖਾਂ ਵਿਚ ਗੁਰਬਾਣੀ ਨੂੰ ਹੀ ਸੱਚੀ ਬਾਣੀ, ਅਕਾਲੀ ਬਾਣੀ, ਧੁਰ ਕੀ ਬਾਣੀ, ਰੱਬੀ ਬਾਣੀ, ਬਾਣੀਆਂ ਸਿਰ ਬਾਣੀ, ਆਖਣ ਦਾ ਰਿਵਾਜ ਹੈ। ਸੱਚੀ ਬਾਣੀ ਤੋਂ ਮੁਰਾਦ ਸੱਚ ਦਾ ਪ੍ਰਕਾਸ਼ ਦੇਣ ਵਾਲੇ ਉੱਤਮ ਵਚਨ ਹਨ। ਉਹ ਵਚਨ ਜੋ ਝੂਠ ਦਾ ਖੰਡਨ ਕਰਨ ਵਾਲੇ ਤੇ ਸੱਚ ਨੂੰ ਰੁਪਮਾਨ ਕਰਨ ਵਾਲੇ ਹੋਣ, ਸੱਚੀ ਬਾਣੀ ਦੇ ਘੇਰੇ ਵਿਚ ਆ ਜਾਂਦੇ ਹਨ। ਸਿੱਖਾਂ ਲਈ ਇਸ ਸੱਚ ਦੀ ਬਾਣੀ ਨੂੰ ਗਾਉਣ ਅਥਵਾ ਕਮਾਉਣ ਦੀ ਹਦਾਇਤ ਹੈ :

                   ਆਵਹੁ ਸਿਖਹੁ ਸਤਿਗੁਰੂ ਕੇ ਪਿਆਰਿਹੋ, ਗਾਵਹੁ ਸਚੀ ਬਾਣੀ।

                   ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ।               ––(ਰਾਮਕਲੀ , ਆਨੰਦੁ ਮ. ੩)

ਸੱਚੀ ਬਾਣੀ ਹੀ ‘ ਧੁਰ ਕੀ ਬਾਣੀ’ ਜਾਂ ਰੱਬੀ ਬਾਣੀ ਹੈ ਜਿਸ ਬਾਰੇ ਗੁਰੂ ਅਰਜਨ ਸਾਹਿਬ ਫ਼ੁਰਮਾਉਂਦੇ ਹਨ :

                   ਧੁਰ ਕੀ ਬਾਣੀ ਆਈ। ਜਿਨ ਸਗਲੀ ਚਿੰਤ ਮਿਟਾਈ।   ––( ਸੋਰਠ, ਮ. ੫)

ਗੁਰਬਾਣੀ ਦੇ ਲਫ਼ਜ਼ੀ ਅਰਥ ਗੁਰੂ ਜਾਂ ਗੁਰੂਆਂ ਦੀ ਬਾਣੀ ਹਨ ਅਥਵਾ ਗੁਰਬਾਣੀ ਉਹ ਬਾਣੀ ਹੈ ਜੋ ਗੁਰੂ ਦੀ ਕ੍ਰਿਪਾਲਤਾ ਤੇ ਪ੍ਰਸਾਦਿ ਦੁਆਰਾ ਸਿੱਖ ਨੂੰ ਪ੍ਰਾਪਤ ਹੋਈ ਹੋਵੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਇਸ ਬਾਣੀ ਵੰਲ ਸੰਕੇਤ ਕਰਦੇ ਹੌਏ ਆਖਦੇ ਹਨ :

                   ਗੁਰਬਾਣੀ ਇਸੁ ਜਗ ਮਹਿ ਚਾਨੁਣ ।                             ––(ਸਿਰੀ ਰਾਗ, ਅਸਟਪਦੀਆਂ, ਮ.੩)

ਬਿਲਕੁਲ ਇਹੀ ਵਿਚਾਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਹੈ :

                   ਗੁਰਬਾਣੀ ਹਰਿ ਨਾਮ ਸਮਾਇਆ।                      ––(ਗਾਉੜੀ ਮ. ੪)

ਗੁਰਬਾਣੀ ਲਿਖਤੀ ਜਾਂ ਵਰਣਨਾਤਮਕ ਵੀ ਹੋ ਸਕਦੀ ਹੈ ਤੇ ਮੌਖਿਕ ਜਾਂ ਧ੍ਵਨੀ–ਆਤਮਕ ਵੀ । ਗੁਰੂ ਸਾਹਿਬਾਨ ਦੇ ਮੌਖਿਕ ਜਾਂ ਅਲਿਖਤੀ ਵਚਨ ਵੀ ਗੁਰਬਾਣੀ ਦੇ ਨਾਉਂ ਨੂੰ ਪ੍ਰਾਪਤ ਹੁੰਦੇ ਹਨ, ਜਿਵੇਂ :

                   ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਰੈ।   ––(ਨਟ , ਅਸਟਪਦੀਆਂ , ਮ. ੪)

ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਕਰਤਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਬਾਣੀ ਦੀ ਮਹਿਮਾ ਵਿਚ ਆਪਣੇ ਵਿਚਾਰ ਇੰਜ ਪ੍ਰਗਟ ਕੀਤੇ ਹਨ :

ਸੁਧਾ ਕੀ ਤਰੰਗਿਨੀ ਸੀ ਰੋਗ ਭ੍ਰਮ ਭੰਗਨੀ ਹੈ,

ਮਹਾਸ੍ਵੇਤ ਰੰਗਨੀ ਮਹਾਨ ਮਨ ਮਾਨੀ ਹੈ।

ਕਿਥੌਂ ਯਹਿ ਹੰਸਨੀ ਸੀ ਮਾਨਸਵੰਤਸਨੀ ਹੈ,

ਗੁਨਿਨ ਪ੍ਰਸੰਨਨੀ ਸਰਬ ਜਗ ਜਾਨੀ ਹੈ।

ਕਿਥੌਂ ਚੰਦ ਚਾਂਦਨੀ ਸੀ ਮੋਹ ਘਾਮ ਮੰਦਨੀ ਹੈ,

ਰਿਦੈ ਕੀ ਅਨੰਦਨੀ ਸਦੀਵ ਸੁਖਦਾਨੀ ਹੈ।

ਪ੍ਰੇਮ ਪਟਰਾਨੀ ਸਯਾਨੀ ਗਯਾਨ ਕੀ ਜਨਿਨ ਜਾਨੀ,

ਗੁਨੀ ਭਨੀ ਬਾਨੀ ਤਾਂਕੀ ਗੁਰੂ ਗੁਰੁਬਾਨੀ ਹੈ।

          ਗੁਰਬਾਣੀ ਤੇ ਗੁਰਮਤ ਨੂੰ ਕਈ ਵਾਰ ਪਰਿਆਇਵਾਚੀ ਸ਼ਬਦਾਂ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਤੇ ਗੁਰਬਾਣੀ ਤੋਂ ਗੁਰੂ ਦੇ ਸਿਧਾਂਤ ਜਾਂ ਗੁਰੂ ਦੇ ਮੱਤ ਜਾਂ ਉਪਦੇਸ਼ ਆਦਿ ਦੇ ਅਰਥ ਵੀ ਲਏ ਜਾਂਦੇ ਹਨ। ਗੁਰਮਤ ਦੇ ਲਫ਼ਜ਼ੀ ਅਰਥ ਵੀ ਗੁਰੂ ਸਾਹਿਬਾਨ ਦੁਆਰਾ ਥਾਪੇ ਸਿਧਾਂਤ ਜਾਂ ਧਾਰਮਿਕ ਨਿਯਮ ਹਨ। ਗੁਰੂ ਦੀ ਇੱਛਾ, ਗੁਰੂ ਦੁਆਰਾ ਦਿੱਤੀ ਗਈ ਸਿੱਖਿਆ, ਦੀਖਿਆ, ਨਸੀਹਤ ਆਦਿ ਵੀ ਗੁਰਬਾਣੀ ਜਾਂ ਗੁਰਮਤ ਦੇ ਅਰਥ ਦੇਣ ਵਾਲੇ ਹੋਰ ਸ਼ਬਦ ਹਨ। ਮਿਸਾਲ ਦੇ ਤੌਰ ਤੇ ‘ਗੁਰਮਤਿ ਲੇਹੁ ਤਰਹੁ ਭਵ ਦੁਤਰੁ’ (ਮਾਰੂ ਸੋਲਹੇ, ਮ. ੧) ਵਿਚ ਗੁਰਮਤ ਦੇ ਅਰਥ ਗੁਰਬਾਣੀ ਜਾਂ ਉਪਦੇਸ਼, ਸਿੱਖਿਆ, ਨਸੀਹਤ ਆਦਿ ਹਨ। ਇਸ ਸ਼ਬਦ ਦੇ ਇਨ੍ਹਾਂ ਹੀ ਅਰਥਾਂ ਦੀਆਂ ਸੂਚਕ ਹੋਰ ਤੁਕਾਂ ਹੇਠਾਂ ਅੰਕਿਤ ਹਨ :

                   ਗੁਰਮਤ ਪਾਇਆ ਸਹਿਜ ਮਿਲਾਇਆ।                                    ––ਸੂਹੀ,ਛੰਤ, ਮ. ੜ

          ਗੁਰਮਤ–ਦਰਸ਼ਨ ਵਿਚ ਬਾਣੀ ਤੇ ਗੁਰੂ ਸਮਰੂਪ ਤੇ ਪਰਿਆਇਵਾਚੀ ਸ਼ਬਦ ਹਨ, ਅਰਥਾਤ ਗੁਰੂ ਹੀ ਬਾਣੀ ਹੈ ਤੇ ਬਾਣੀ ਹੀ ਗੁਰੂ ਹੈ :
                   ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ।

                   ਗੁਰਬਾਣੀ ਕਹੈ ਸੇਵੁਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।              ––(ਨਟ, ਮ. ੪)

                                                [ਸਹਾ. ਗ੍ਰੰਥ––ਭਾਈ ਜੋਧ ਸਿੰਘ : ‘ਗੁਰਮਤਿ ਨਿਰਯਣ’] 


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਗੁਰਬਾਣੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਰਬਾਣੀ : ਗੁਰਬਾਣੀ ਤੋਂ ਭਾਵ ਗੁਰੂ ਜੀ ਦੇ ਮੁਖੋਂ ਉਚਰੇ ਹੋਏ ਉਨ੍ਹਾਂ ਬਚਨਾਂ ਤੋਂ ਹੈ, ਜੋ ਉਨ੍ਹਾਂ ਦੇ ਅਨੁਭਵ ਦੇ ਜੀਵਨ-ਤਜਰਬੇ ਉਪਰ ਆਧਾਰਿਤ ਹੁੰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਅਥਵਾ ਉਨ੍ਹਾਂ ਦੀ ਜੋਤਿ ਬਾਕੀ ਸਤਿਗੁਰੂ ਅਕਾਲ ਪੁਰਖ ਪ੍ਰਭੂ ਪਰਮਾਤਮਾ ਨਾਲ ਸਦਾ ਇਕਸੁਰ ਹੋ ਵਿਚਰੇ ਸਨ। ਇਸ ਵਿਸਮਾਦਿਤ ਅਵਸਥਾ ਵਿਚ ਵਾਹਿਗੁਰੂ ਦੀ ਪ੍ਰੇਰਣਾ ਨਾਲ ਜੋ ਬਾਣੀ ਉਤਰੀ ਉਸ ਨੂੰ ‘ਗੁਰਬਾਣੀ’ ਦੀ ਸੰਗਿਆ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਦੇ ਨੌਂ ਗੁਰੂ ਸਾਹਿਬਾਨ ਅਤੇ ਗੁਰੂ ਘਰ ਦੇ ਨਿਕਟ-ਵਰਤੀਆਂ, ਜਿਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕੀਤਾ ਗਿਆ ਹੈ, ਨੂੰ ਗੁਰਬਾਣੀ ਕਿਹਾ ਜਾਂਦਾ ਹੈ। ਹੁਣ ਤਾਂ ‘ਬਾਣੀ’ ਦਾ ਅਰਥ ਵੀ ‘ਗੁਰਬਾਣੀ’ ਹੀ ਲਿਆ ਜਾਂਦਾ ਹੈ। ਧੁਰ ਦਰਗਾਹੋਂ ਆਈ, ਸਤਿਗੁਰੂ ਦੇ ਪਰਮ-ਪਵਿੱਤਰ ਤੇ ਨਿਰਮਲ ਹਿਰਦੇ ਉਪਰ ‘ਆਮਦ’ ਉੱਤੇ ਉਤਰੀ ਇਸ ਬਾਣੀ ਨੂੰ ‘ਨਿਰੰਕਾਰੀ ਬਾਬੇ ਕੀ’ ਬਾਣੀ ਆਈ ਕਰਕੇ ਦੱਸਿਆ ਹੈ। ਗੁਰਮਤਿ ਦੇ ਇਸ ਬੁਨਿਆਦੀ ਨੁਕਤੇ ਨੂੰ ਸਪਸ਼ਟ ਕਰਨ ਲਈ ਸਤਿਗੁਰੂ ਦੀ ਆਤਮਾ ਪ੍ਰਮਾਤਮਾ ਨਾਲ ਅਭੇਦ ਸੀ, ਧੁਰ ਦਰਗਾਹੋਂ ਆਈ ਇਹ ਗੁਰਬਾਣੀ ਸਤਿਗੁਰੂ ਦੀ ਆਤਮਾ ਨਾਲ ਅਭੇਦ ਹੈ, ਉਨ੍ਹਾਂ ਦੀ ਆਤਮਾ ਦਾ ਪ੍ਰਕਾਸ਼ ਹੈ, ਸੱਚੀ, ਉਨਮਨ ਤੇ ਇਕਸੁਰਤਾ ਵਿਚ ਰਚਿਆ ‘ਪਾਕ ਕਲਾਮ’ ਹੈ ਅਤੇ ਇਹ ਤੱਥ ਨਿਮਨ ਦਰਜ ਟੂਕਾਂ ਤੋਂ ਸਪਸ਼ਟ ਹੋ ਜਾਂਦਾ ਹੈ :––

          (ੳ)     ਜੈਸੀ ਮੈਂ ਆਵੈ ਖਸਮ ਕੀ ਬਾਣੀ

                   ਤੈਸੜਾ ਕਰੀਂ ਗਿਆਨ ਵੇ ਲਾਲੋ।

                                      (ਤਿਲੰਗ ਮਹਲਾ ੧, ਪੰਨਾ 724)

          (ਅ)     ਸਚ ਕੀ ਬਾਣੀ ਨਾਨਕ ਆਖੈ

                   ਸਚੁ ਸੁਣਾਇਸੀ ਸਚੁ ਕੀ ਬੇਲਾ॥

                                      (ਤਿਲੰਗ ਮਹਲਾ ੧, ਪੰਨਾ 723)

          (ੲ)     ਧੁਰ ਕੀ ਬਾਣੀ ਆਈ॥

                   ਤਿਨ ਸਗਲੀ ਚਿੰਤ ਮਿਟਾਈ॥

                                      (ਸ਼ੋਰਠ ਮਹਲਾ 4, ਪੰਨਾ 628)

          (ਸ)     ਹਉ ਆਪਹੁ ਬੋਲਿ ਨਾ ਜਾਣਦਾ

                   ਮੈ ਕਹਿਆ ਸਭ ਹੁਕਮਾਉ ਜੀਓ॥

                                      (ਸੂਹੀ ਮਹਲਾ 4, ਪੰਨਾ 763)

          ਗੁਰਬਾਣੀ ਸਤਿਗੁਰਾਂ ਦੀ ਆਤਮ-ਜੋਤਿ ਹੈ। ਗੁਰਬਾਣੀ ਆਤਮ-ਗਿਆਨ ਦਾ ਸੋਮਾ ਹੈ। ਗੁਰਬਾਣੀ ਤੋਂ ਪ੍ਰਾਪਤ ਸੁਖ-ਸ਼ਾਂਤੀ ਤੇ ਆਤਮਿਕ-ਗਿਆਨ ਇਸ ਸਮੁੱਚੇ ਜਗਤ ਦੇ ਲੋਕਾਂ ਨੂੰ ਸਾਂਝੀਵਾਲ ਬਣਨ ਦਾ ਸੰਦੇਸ਼ ਦਿੰਦਾ ਹੈ। ਗੁਰਬਾਣੀ ਅਨੁਸਾਰ ਅਸਲ ਵਿਚ ਉਹ ਮਨੁੱਖ ਹੀ ਜੀਉਂਦਾ ਹੈ, ਜਿਸ ਦੇ ਮਨ ਵਿਚ ਅਕਾਲ-ਪੁਰਖ ਪ੍ਰਭੂ ਪਰਮਾਤਮਾ ਦਾ ਵਾਸਾ ਹੈ। ਗੁਰਬਾਣੀ ਸੰਸਾਰ ਅੰਦਰ ਅਗਿਆਨ ਦੇ ਅੰਧਕਾਰ ਨੂੰ ਦੂਰ ਕਰਨ ਲਈ ਇਕ ਚਾਣਨ-ਮੁਨਾਰਾ ਹੈ ਅਤੇ ਜਦੋਂ ਮਾਲਕ ਦੀ ਮਿਹਰ ਹੋਵੇ ਤਾਂ ਹੀ ਗੁਰਬਾਣੀ ਮਨੁੱਖ ਦੇ ਅੰਦਰ ਵਸਦੀ ਹੈ ਅਤੇ ਇਸ ਦੇ ਫ਼ਲ-ਸਰੂਪ ਉਸ ਦੇ ਦਿਲ ਦੀ ਮੈਲ ਧੋਈ ਜਾਂਦੀ ਹੈ :––

          ਗੁਰ ਕੀ ਕਾਰ ਕਮਾਇ ਲਾਹਾ ਘਰਿ ਆਇਆ॥

          ਗੁਰਬਾਣੀ ਨਿਰਬਾਣ ਸਬਦਿ ਪਛਾਣਿਆ॥

                                                (ਸੂਹੀ ਮਹਲਾ 2)

          ਗੁਰਬਾਣੀ ਨਾਦ ਤੇ ਵੇਦ ਹੈ, ਜੋ ਅਨਹਦ ਧੁਨੀ ਨਾਲ ਮੇਲ ਕਰਾਉਂਦੀ ਹੈ ਅਤੇ ਉਸ ਦੇ ਰੂਪ ਵਿਚ ਪਰਗਟ ਹੁੰਦੀ ਹੈ। ਜਿਸ ਵਿਅਕਤੀ ਨੇ ਵੀ ਇਸ ਦਾ, ਸੁਣ ਕੇ, ਮਨਨ ਕੀਤਾ ਹੈ, ਉਸ ਨੇ ਹੀ ਅਕਾਲ-ਪੁਰਖ ਪ੍ਰਭੂ ਪ੍ਰਮਾਤਮਾ ਦੀ ਅਕਥ-ਕਥਾ ਨੂੰ ਜਾਣਿਆ ਹੈ ਅਤੇ ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਕੀਤੀ ਹੈ। ਗੁਰੂ ਪਾਸੋਂ ਹੀ ਗੁਰਬਾਣੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰੂ ਦੀ ਬਾਣੀ ਹੀ ਗੁਰੂ ਹੈ ਜਿਸ ਨੂੰ ਮੰਨਣ ਨਾਲ ਨਿਸਤਾਰਾ ਹੁੰਦਾ ਹੈ। ਮਨੁੱਖ ਗੁਰਬਾਣੀ ਰਾਹੀਂ ਸਹਿਜਗਤੀ ਤੇ ਪਰਮਗਤੀ ਨੂੰ ਪ੍ਰਾਪਤ ਹੋ ਸਕਦਾ ਹੈ ਅਤੇ ਮਾਲਕ ਦੇ ਦਰਬਾਰ ਵਿਚ ਸਨਮਾਨ ਪਾਉਂਦਾ ਹੈ।

          ਨਿਰਸੰਦੇਹ ਗੁਰਬਾਣੀ ਸਾਡੇ ਜੀਵਨ ਦਾ ਉਹ ਧੁਰਾ ਉਹ ਮਰਕਜ਼ ਹੈ, ਜਿਸ ਨਾਲ ਸਦਾ ਜੁੜੇ ਰਹਿਣਾ ਹੀ ਸਿੱਖ ਦਾ ਆਦਰਸ਼ ਹੈ, ਜੀਵਨ-ਮਨੋਰਥ ਹੈ ਅਤੇ ਇਸ ਤੋਂ ਵਿਛੋੜਾ ਮੌਤ ਹੈ :––

          ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ॥

          ਜੋ ਦਰਿ ਰਹੇ ਸੁ ਉਬਰੈ ਨਾਨਕ ਅਜਬੁ ਡਿਠ॥

                                      (ਸਲੋਕ ਮਹਲਾ ੧, ਪੰਨਾ 1,42)

          ਗੁਰਬਾਣੀ ਸੰਲੇਸ਼ਆਤਮਕ ਹੈ, ਨਾ ਕਿ ਵਿਆਖਿਆ-ਆਤਮਕ ਹੈ। ਭਾਈ ਗੁਰਦਾਸ ਦੀ ਬਾਣੀ ਵਿਆਖਿਆਤਮਕ ਹੈ। ਗੁਰਬਾਣੀ ਦੇ ਭਾਵ-ਅਰਥ ਸਮਝਣ ਲਈ ਭਾਈ ਗੁਰਦਾਸ ਦੀ ਬਾਣੀ ਬਹੁਤ ਸਹਾਈ ਹੁੰਦੀ ਹੈ। ਇਸੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਦੀ ਬਾਣੀ ਨੂੰ ‘ਗੁਰਬਾਣੀ ਦੀ ਕੁੰਜੀ’ ਕਿਹਾ ਹੈ।

          ਜਦੋਂ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰ ਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ ਤਾਂ ਉਨ੍ਹਾਂ ਦਾ ਵੱਡਾ ਭਰਾ ਪ੍ਰਿਥੀਚੰਦ ਨਰਾਜ਼ ਹੋ ਗਿਆ ਅਤੇ ਉਸ ਨੇ ਤੇ ਉਸ ਦੇ ਪਰਿਵਾਰ, ਵਿਸ਼ੇਸ਼ ਕਰਕੇ ਸੋਢੀ ਮਿਹਰਬਾਨ ਨੇ ਆਪਣੀ ਬਾਣੀ ਰਚਣੀ ਸ਼ੁਰੂ ਕਰ ਦਿੱਤੀ। ਉਸ ਬਾਣੀ ਨੂੰ ਕੱਚੀ ਬਾਣੀ ਕਿਹਾ ਗਿਆ ਹੈ। ਗੁਰਬਾਣੀ ਅਥਵਾ ਪੱਕੀ ਬਾਣੀ ਨੂੰ ਕੱਚੀ ਬਾਣੀ ਤੋਂ ਨਿਖੇੜਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਕੇ ਪੱਕੀ ਬਾਣੀ ਤੇ ਆਪਣੀ ਮੋਹਰ ਲਗਾ ਦਿੱਤੀ।

          ਹ. ਪੁ.––ਗੁ. ਨਾ. ਸ਼. ਰ, 157; ਮ. ਕੋ, ਗੁਰਮਤਿ ਵਿਖਿਆਣ––ਪ੍ਰਿ: ਹਰਭਜਨ ਸਿੰਘ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗੁਰਬਾਣੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਬਾਣੀ : ਗੁਰਬਾਣੀ ਤੋਂ ਭਾਵ ਗੁਰੂ ਜੀ ਦੇ ਮੁਖੋਂ ਉਚਾਰਣ ਹੋਏ ਉਨ੍ਹਾਂ ਬਚਨਾਂ ਤੋਂ ਹੈ ਜੋ ਉਨ੍ਹਾਂ ਦੇ ਅਨੁਭਵ ਅਤੇ ਜੀਵਨ-ਤਜਰਬੇ ਉੱਪਰ ਆਧਾਰਿਤ ਹੁੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਅਥਵਾ ਉਨ੍ਹਾਂ ਦੀ ਜੋਤਿ ਬਾਕੀ ਸਤਿਗੁਰੂ, ਅਕਾਲ ਪੁਰਖ, ਪ੍ਰਭੂ ਪਰਮਾਤਮਾ ਨਾਲ ਸਦਾ ਇਕਸੁਰ ਹੋ ਵਿਚਰੇ ਸਨ। ਇਸ ਵਿਸਮਾਦਿਤ ਅਵਸਥਾ ਵਿਚ ਵਾਹਿਗੁਰੂ ਦੀ ਪ੍ਰੇਰਣਾ ਨਾਲ ਜੋ ਬਾਣੀ ਉਤਰੀ ਉਸ ਨੂੰ ‘ਗੁਰਬਾਣੀ’ ਦੀ ਸੰਗਿਆ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਦੇ ਗੁਰੂ ਸਾਹਿਬਾਨ ਅਤੇ ਗੁਰੂ ਆਸ਼ੇ ਨਾਲ ਮੇਲ ਖਾਂਦੀ ਭਗਤਾਂ ਤੇ ਭੱਟਾਂ ਦੀ ਜਿਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕੀਤਾ ਗਿਆ ਹੈ, ਉਸ ਨੂੰ ਗੁਰਬਾਣੀ ਕਿਹਾ ਜਾਂਦਾ ਹੈ। ਹੁਣ ਤਾਂ ‘ਬਾਣੀ’ ਦਾ ਅਰਥ ਵੀ ‘ਗੁਰਬਾਣੀ’ ਹੀ ਲਿਆ ਜਾਂਦਾ ਹੈ। ਧੁਰ ਦਰਗਾਹੋਂ ਆਈ, ਸਤਿਗੁਰੂ ਦੇ ਪਰਮ-ਪਵਿੱਤਰ ਤੇ ਨਿਰਮਲ ਹਿਰਦੇ ਉੱਪਰ ‘ਆਮਦ’ ਇਸ ਬਾਣੀ ਨੂੰ ‘ਨਿਰੰਕਾਰ ਕੀ’ ਬਾਣੀ ਆਈ ਕਰ ਕੇ ਦੱਸਿਆ ਹੈ। ਗੁਰਮਤਿ ਦੇ ਇਸ ਬੁਨਿਆਦੀ ਨੁਕਤੇ ਨੂੰ ਸਪਸ਼ਟ ਕਰਨ ਲਈ ਸਤਿਗੁਰੂ ਦੀ ਆਤਮਾ ਪ੍ਰਮਾਤਮਾ ਨਾਲ ਅਭੇਦ ਸੀ, ਧੁਰ ਦਰਗਾਹੋਂ ਆਈ ਇਹ ਗੁਰਬਾਣੀ ਸਤਿਗੁਰੂ ਦੀ ਆਤਮਾ ਨਾਲ ਅਭੇਦ ਹੈ, ਉਨ੍ਹਾਂ ਦੀ ਆਤਮਾ ਦਾ ਪ੍ਰਕਾਸ਼ ਹੈ, ਸੱਚੀ, ਉਨਮਨ ਤੇ ਇਕਸੁਰਤਾ ਵਿਚ ਰਚਿਆ ‘ਪਾਕ ਕਲਾਮ’ ਹੈ ਅਤੇ ਇਹ ਤੱਥ ਨਿਮਨ ਦਰਜ ਟੂਕਾਂ ਤੋਂ ਸਪਸ਼ਟ ਹੋ ਜਾਂਦਾ ਹੈ :-

      (ੳ) ਜੈਸੀ ਮੈ ਆਵੈ ਖਸਮ ਕੀ ਬਾਣੀ

        ਤੈਸੜਾ ਕਰੀਂ ਗਿਆਨੁ ਵੇ ਲਾਲੋ‖

                                       (ਤਿਲੰਗੁ ਮਹਲਾ ੧, ਪੰਨਾ 722)

    (ਅ) ਸਚ ਕੀ ਬਾਣੀ ਨਾਨਕੁ ਆਖੈ

      ਸਚੁ ਸੁਣਾਇਸੀ ਸਚੁ ਕੀ ਬੇਲਾ‖ 

                                        (ਤਿਲੰਗੁ ਮਹਲਾ੧, ਪੰਨਾ 723)

     (ੲ) ਧੁਰਿ ਕੀ ਬਾਣੀ ਆਈ ‖

       ਤਿਨਿ ਸਗਲੀ ਚਿੰਤ ਮਿਟਾਈ‖

                                          (ਸੋਰਠਿ ਮਹਲਾ ੪, ਪੰਨਾ 628)

    (ਸ) ਹਉ ਆਪਹੁ ਬੋਲਿ ਨ ਜਾਣਦਾ

   ਮੈ ਕਹਿਆ ਸਭ ਹੁਕਮਾਉ ਜੀਉ ‖

                                          (ਸੂਹੀ ਮਹਲਾ ੪, ਪੰਨਾ 763)

ਗੁਰਬਾਣੀ ਸਤਿਗੁਰਾਂ ਦੀ ਆਤਮ-ਜੋਤਿ ਹੈ। ਗੁਰਬਾਣੀ ਆਤਮ-ਗਿਆਨ ਦਾ ਸੋਮਾ ਹੈ। ਗੁਰਬਾਣੀ ਤੋਂ ਪ੍ਰਾਪਤ ਸੁਖ-ਸ਼ਾਂਤੀ ਤੇ ਆਤਮਿਕ-ਗਿਆਨ ਇਸ ਸਮੁੱਚੇ ਜਗਤ ਦੇ ਲੋਕਾਂ ਨੂੰ ਸਾਂਝੀਵਾਲ ਬਣਨ ਦਾ ਸੰਦੇਸ਼ ਦਿੰਦਾ ਹੈ। ਗੁਰਬਾਣੀ ਅਨੁਸਾਰ ਅਸਲ ਵਿਚ ਉਹ ਮਨੁੱਖ ਹੀ ਜੀਉਂਦਾ ਹੈ ਜਿਸ ਦੇ ਮਨ ਵਿਚ ਅਕਾਲ ਪੁਰਖ, ਪ੍ਰਭੂ ਪਰਮਾਤਮਾ ਦਾ ਵਾਸਾ ਹੈ। ਗੁਰਬਾਣੀ ਸੰਸਾਰ ਅੰਦਰ ਅਗਿਆਨ ਦੇ ਅੰਧਕਾਰ ਨੂੰ ਦੂਰ ਕਰਨ ਲਈ ਇਕ ਚਾਨਣ-ਮੁਨਾਰਾ ਹੈ ਅਤੇ ਜਦੋਂ ਮਾਲਕ ਦੀ ਮਿਹਰ ਹੋਵੇ ਤਾਂ ਹੀ ਗੁਰਬਾਣੀ ਮਨੁੱਖ ਦੇ ਅੰਦਰ ਵਸਦੀ ਹੈ ਅਤੇ ਇਸ ਦੇ ਫ਼ਲਸਰੂਪ ਉਸ ਦੇ ਦਿਲ ਦੀ ਮੈਲ ਧੋਈ ਜਾਂਦੀ ਹੈ :–

 ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ‖

 ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ‖

                               (ਸੂਹੀ ਮਹਲਾ ੧, ਪੰਨ ੭੫੨)

ਗੁਰਬਾਣੀ ਨਾਦ ਤੇ ਵੇਦ ਹੈ ਜੋ ਅਨਹਦ ਧੁਨੀ ਨਾਲ ਮੇਲ ਕਰਾਉਂਦੀ ਹੈ ਅਤੇ ਉਸ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਜਿਸ ਵਿਅਕਤੀ ਨੇ ਵੀ ਇਸ ਦਾ ਸੁਣ ਕੇ, ਮਨਨ ਕੀਤਾ ਹੈ, ਉਸ ਨੇ ਹੀ ਅਕਾਲ ਪੁਰਖ, ਪ੍ਰਭੂ ਪ੍ਰਮਾਤਮਾ ਦੀ ਅਕਥ-ਕਥਾ ਨੂੰ ਜਾਣਿਆ ਹੈ ਅਤੇ ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਕੀਤੀ ਹੈ। ਗੁਰੂ ਪਾਸੋਂ ਹੀ ਗੁਰਬਾਣੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰ ਦੀ ਬਾਣੀ ਹੀ ਗੁਰੂ ਹੈ ਜਿਸ ਨੂੰ ਮੰਨਣ ਨਾਲ ਨਿਸਤਾਰਾ ਹੁੰਦਾ ਹੈ। ਮਨੁੱਖ ਗੁਰਬਾਣੀ ਰਾਹੀਂ ਸਹਿਜਗਤੀ ਤੇ ਪਰਮਗਤੀ ਨੂੰ ਪ੍ਰਾਪਤ ਹੋ ਸਕਦਾ ਹੈ ਅਤੇ ਮਾਲ ਦੇ ਦਰਬਾਰ ਵਿਚ ਸਨਮਾਨ ਪਾਉਂਦਾ ਹੈ।

ਨਿਰਸੰਦੇਹ ਗੁਰਬਾਣੀ ਸਾਡੇ ਜੀਵਨ ਦਾ ਉਹ ਧੁਰਾ, ਉਹ ਮਰਕਜ਼ ਹੈ ਜਿਸ ਨਾਲ ਸਦਾ ਜੁੜੇ ਰਹਿਣਾ ਹੀ ਸਿੱਖ ਦਾ ਆਦਰਸ਼ ਹੈ, ਜੀਵਨ ਮਨੋਰਥ ਹੈ ਅਤੇ ਇਸ ਤੋਂ ਵਿਛੋੜਾ ਮੌਤ ਹੈ: -

 ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ‖

  ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ‖

                            (ਸਲੋਕ ਮਹਲਾ ੧, ਪੰਨਾ 142)

ਗੁਰਬਾਣੀ ਸੰਸਲੇਸ਼ਾਤਮਕ ਹੈ, ਨਾ ਕਿ ਵਿਆਖਿਆਤਮਕ। ਭਾਈ ਗੁਰਦਾਸ ਦੀ ਬਾਣੀ ਵਿਆਖਿਆਤਮਕ ਹੈ। ਗੁਰਬਾਣੀ ਦੇ ਭਾਵ-ਅਰਥ ਸਮਝਣ ਲਈ ਭਾਈ ਗੁਰਦਾਸ ਦੀ ਬਾਣੀ ਬਹੁਤ ਸਹਾਈ ਹੁੰਦੀ ਹੈ; ਇਸੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਦੀ ਬਾਣੀ ਨੂੰ ‘ਗੁਰਬਾਣੀ ਦੀ ਕੁੰਜੀ’ ਕਿਹਾ ਹੈ।

ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰ ਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ ਤਾਂ ਉਨ੍ਹਾਂ ਦਾ ਵੱਡਾ ਭਰਾ ਪ੍ਰਿਥੀਚੰਦ ਨਰਾਜ਼ ਹੋ ਗਿਆ ਅਤੇ ਉਸ ਨੇ ਤੇ ਉਸ ਦੇ ਪਰਿਵਾਰ, ਵਿਸ਼ੇਸ਼ ਕਰ ਕੇ ਸੋਢੀ ਮਿਹਰਬਾਨ ਨੇ ਆਪਣੀ ਬਾਣੀ ਰਚਣੀ ਸ਼ੁਰੂ ਕਰ ਦਿੱਤੀ। ਉਸ ਬਾਣੀ ਨੂੰ ਕੱਚੀ ਬਾਣੀ ਕਿਹਾ ਗਿਆ ਹੈ। ਗੁਰਬਾਣੀ ਅਥਵਾ ਪੱਕੀ ਬਾਣੀ ਨੂੰ ਕੱਚੀ ਬਾਣੀ ਤੋਂ ਨਿਖੇੜਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰ ਕੇ ਪੱਕੀ ਬਾਣੀ ਤੇ ਆਪਣੀ ਮੋਹਰ ਲਗਾ ਦਿੱਤੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-04-43-16, ਹਵਾਲੇ/ਟਿੱਪਣੀਆਂ: ਹ. ਪੁ. –ਗ. ਨਾ. ਸ਼ਾ. ਰ.: 157; ਮ. ਕੋ.; ਗੁਰਮਤਿ ਵਾਖਿਆਣ–ਪ੍ਰਿੰ. ਹਰਭਜਨ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.