ਚੜ੍ਹਤ ਸਿੰਘ ਸੁਕਰਚਕੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੜ੍ਹਤ ਸਿੰਘ ਸੁਕਰਚਕੀਆ (1722-1770 ਈ.): ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸ. ਚੜ੍ਹਤ ਸਿੰਘ ਦਾ ਜਨਮ ਸ. ਨੌਧ ਸਿੰਘ ਦੇ ਘਰ ਪਿੰਡ ਸੁਕਰਚਕ ਵਿਚ ਸੰਨ 1722 ਈ. ਵਿਚ ਹੋਇਆ। ਇਸ ਨੇ ਛੋਟੇ ਹੁੰਦਿਆਂ ਤੋਂ ਹੀ ਆਪਣੇ ਪਿਤਾ ਨਾਲ ਜੰਗੀ ਮੁਹਿੰਮਾਂ ਉਤੇ ਜਾਣਾ ਸ਼ੁਰੂ ਕਰ ਦਿੱਤਾ। ਆਪਣੇ ਪਿਤਾ ਦੀ ਮ੍ਰਿਤੂ ਤੋਂ ਬਾਦ ਇਸ ਨੇ ਫੈਜ਼ੁਲਾਪੁਰੀਆ (ਸਿੰਘਪੁਰੀਆ) ਮਿਸਲ ਨਾਲੋਂ ਸੰਬੰਧ ਤੋੜ ਕੇ ਅਤੇ ਆਪਣੇ ਜੱਦੀ ਪਿੰਡ ਸੁਕਰਚਕ ਨੂੰ ਛਡ ਕੇ ਗੁਜਰਾਂਵਾਲੇ ਵਿਚ ਸਦਰ ਮੁਕਾਮ ਬਣਾ ਲਿਆ। ਸੰਨ 1756 ਈ. ਵਿਚ ਚੜ੍ਹਤ ਸਿੰਘ ਨੇ ਸ. ਅਮੀਰ ਸਿੰਘ ਦੀ ਪੁੱਤਰੀ ਮਾਈ ਦੇਸਾਂ ਨਾਲ ਵਿਆਹ ਕਰਕੇ ਆਪਣੀ ਸ਼ਕਤੀ ਕਾਫ਼ੀ ਵਧਾ ਲਈ। ਇਸ ਨੇ ਏਮਨਾਬਾਦ ਅਤੇ ਵਜ਼ੀਰਾਬਾਦ ਉਤੇ ਹਮਲਾ ਕਰਕੇ ਆਪਣੇ ਅਧੀਨ ਕੀਤਾ। ਇਸ ਤੋਂ ਬਾਦ ਇਸ ਨੇ ਸਿਆਲਕੋਟ ਦੇ ਜਰਨੈਲ ਨੂਰੁੱਦੀਨ ਬਾਮੇਜ਼ਈ ਨੂੰ ਖਦੇੜਿਆ। ਲਾਹੌਰ ਦੇ ਸੂਬੇਦਾਰ ਖ਼੍ਵਾਜਾ ਉਬੇਦ ਖ਼ਾਨ ਨੇ ਜਦੋਂ ਗੁਜਰਾਂਵਾਲੇ ਉਤੇ ਹਮਲਾ ਕੀਤਾ ਤਾਂ ਇਸ ਨੇ ਬੜੀ ਦਲੇਰੀ ਨਾਲ ਉਸ ਦਾ ਸਾਹਮਣਾ ਕੀਤਾ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਦੀ ਮਦਦ ਨਾਲ ਉਸ ਨੂੰ ਭਜਾ ਦਿੱਤਾ। ਵੱਡੇ ਘਲੂਘਾਰੇ ਵਿਚ ਵੀ ਇਸ ਨੇ ਆਪਣੀ ਬੀਰਤਾ ਦੀ ਧਾਕ ਜਮਾਈ। ਅਹਿਮਦ ਸ਼ਾਹ ਦੁਰਾਨੀ ਦੇ ਦੇਸ਼ ਪਰਤਦਿਆਂ ਹੀ ਇਸ ਨੇ ਭੰਗੀ ਸਰਦਾਰਾਂ ਨਾਲ ਮਿਲ ਕੇ ਪਹਿਲਾਂ ਅਪ੍ਰੈਲ 1763 ਈ. ਵਿਚ ਕਸੂਰ ਨੂੰ ਜਿਤਿਆ ਅਤੇ ਨਵੰਬਰ 1763 ਈ. ਵਿਚ ਦੁਰਾਨੀ ਦੇ ਸੈਨਾ-ਨਾਇਕ ਜਹਾਨ ਖ਼ਾਨ ਨੂੰ ਤਕੜੀ ਹਾਰ ਦਿੱਤੀ।

            ਚੜ੍ਹਤ ਸਿੰਘ ਨੇ ਧੰਨੀ ਪੁਠੋਹਾਰ ਤਕ ਆਪਣੀ ਸ਼ਕਤੀ ਵਧਾਈ ਅਤੇ ਪਿੰਡ ਦਾਦਨ ਖ਼ਾਨ ਅਤੇ ਖੀਉੜੇ ਦੀਆਂ ਲੂਣ ਦੀਆਂ ਖਾਣਾਂ ਨੂੰ ਆਪਣੇ ਅਧੀਨ ਕੀਤਾ। ਇਸ ਕਰਕੇ ਭੰਗੀ ਸਰਦਾਰਾਂ ਨਾਲ ਵਿਰੋਧ ਪੈਦਾ ਹੋ ਗਿਆ। ਇਸ ਵਿਰੋਧ ਦਾ ਸਿਖਰ ਜੰਮੂ ਰਾਜ-ਪਰਿਵਾਰ ਦੀ ਆਪਸੀ ਲੜਾਈ ਵਿਚ ਵੇਖਣ ਨੂੰ ਮਿਲਿਆ ਜਦੋਂ ਇਨ੍ਹਾਂ ਦੋਹਾਂ ਮਿਸਲਾਂ ਵਾਲਿਆਂ ਨੇ ਜੰਮੂ ਦੇ ਇਕ ਇਕ ਧੜੇ ਨੂੰ ਅਪਣਾ ਲਿਆ। ਦੋਹਾਂ ਦੀਆਂ ਫ਼ੌਜਾਂ ਜੰਮੂ ਵਲ ਵਧੀਆਂ, ਪਰ ਇਸੇ ਦੌਰਾਨ ਕਿਸੇ ਭਿੜੰਤ ਵੇਲੇ ਚੜ੍ਹਤ ਸਿੰਘ ਦੀ ਬੰਦੂਕ ਫਟ ਗਈ ਅਤੇ ਇਸ ਦਾ ਸੰਨ 1770 ਈ. ਵਿਚ ਦੇਹਾਂਤ ਹੋ ਗਿਆ। ਇਸ ਤੋਂ ਬਾਦ ਇਸ ਦੇ ਲੜਕੇ ਮਹਾਂ ਸਿੰਘ ਨੇ ਮਿਸਲਦਾਰੀ ਸੰਭਾਲੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.