ਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤ[ਨਾਂਪੁ] ਗੁਰਮੁਖੀ ਲਿਪੀ ਦਾ ਇੱਕ੍ਹੀਵਾਂ ਅੱਖਰ , ਤੱਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤ. ਪੰਜਾਬੀ ਵਰਣਮਾਲਾ ਦਾ ਇਕੀਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਦੰਤ (ਦੰਦ) ਹੈ। ੨ ਵ੍ਯ—ਨਿਸ਼ਚੇ ਕਰਕੇ. ਯਕੀਨਨ। ੩ ਨਿਰਾ. ਫ਼ਕ਼ਤ਼. ਕੇਵਲ. “ਬਾਣੀ ਤ ਗਾਵਹੁ ਗੁਰੂ ਕੇਰੀ.” (ਅਨੰਦੁ) ੪ ਤੋ. ਤਾਂ. “ਮੋਤੀ ਤ ਮੰਦਰ ਊਸਰਹਿ.” (ਸ੍ਰੀ ਮ: ੧) ੫ ਤਦ. ਤਬ. “ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ.” (ਵਾਰ ਮਾਝ ਮ: ੧) “ਤ ਧਰਿਓ ਮਸਤਕਿ ਹਥ.” (ਸਵੈਯੇ ਮ: ੨ ਕੇ) ੬ ਔਰ. ਅਤੇ । ੭ ਸੰ. ਸੰਗ੍ਯਾ—ਝੂਠ. ਅਸਤ੍ਯ। ੮ ਰਤਨ । ੯ ਅਮ੍ਰਿਤ। ੧੦ ਨੌਕਾ. ਨਾਵ। ੧੧ ਚੋਰ । ੧੨ ਮਲੇਛ। ੧੩ ਪੂਛ. ਦੁਮ। ੧੪ ਗਰਭ। ੧੫ ਗੋਦ. ਗੋਦੀ । ੧੬ ਤਗਣ ਦਾ ਸੰਖੇਪ ਨਾਮ. ਦੇਖੋ, ਗਣ ੭। ੧੭ ਫ਼ਾ ਸਰਵ—ਤੈਨੂੰ. ਤੇਰਾ। ੧੮ ਪ੍ਰਤ੍ਯ ਸ਼ਬਦ ਦੇ ਅੰਤ ਲਗਕੇ ਇਹ ਧਰਮ ਅਤੇ ਭਾਵ ਬੋਧਕ ਸੰਗ੍ਯਾ ਬਣਾ ਦੇਂਦਾ ਹੈ ਜਿਵੇਂ—ਇਨਸਾਨਿਯਤ, ਲਯਾਕ਼ਤ ਆਦਿ. ਸੰਸਕ੍ਰਿਤ ਵਿਚ ਇਸਦਾ ਰੂਪ ਤ੍ਵ ਅਤੇ ਪੰਜਾਬੀ ਵਿਚ ਪੁਣਾ (ਪਨ) ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤ ਗੁਰਮੁਖੀ ਵਰਣਮਾਲਾ ਦਾ ਇਕ੍ਹੀਵਾਂ ਅੱਖਰ ਤੇ ਅਠਾਰਵਾਂ ਵ੍ਯੰਜਨ ਹੈ। ਤਵਰਗ ਦਾ ਪਹਿਲਾ ਅੱਖਰ ਹੈ। ਪੰਜਾਬੀ ਵਿਚ ਇਕੱਲਾ ਵਰਤਿਆਂ ਨਿਸਚੇ, ਤਾਂ, ਤਦ ਆਦਿ ਅਰਥ ਦੇਂਦਾ ਹੈ।
ਫ਼ਾਰਸੀ ਸੇ ਦਾ ਉਚਾਰਨ ਪੰਜਾਬੀ ਵਾਲੇ ਕਈ ਵੇਰ ਤਾਂ ਸਸੇ ਨਾਲ ਕਰਦੇ ਹਨ, ਜੈਸੇ ਸਾਬਤ ਨੂੰ ਸਾਬਤ। ਅਤੇ ਕਈ ਵੇਰ ਥਥੇ ਨਾਲ ਕਰਦੇ ਹਨ, ਜੈਸੇ-ਸੋਮ ਨੂੰ ਥੋਮ। ਪਰ ਤਤੇ ਨਾਲ ਬੀ -ਸੇ- ਦਾ ਉਚਾਰਨ ਆਯਾ ਹੈ, ਜੈਸੇ-ਸੁਮਰ ਦਾ ਤੂਮਰ। ਇਹ ਤੁਮਰ ਪਦ ਤੂੰਮਰ (=ਫਲ) ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਯਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤ (ਅ.। ਪੰਜਾਬੀ) ੧. ਨਿਸਚੇ ਵਾਚਕ ਅੱਖਰ ਹੈ, ਜ਼ਰੂਰ, ਹੀ। ਯਥਾ-‘ਬਾਣੀ ਤ ਗਾਵਹੁ ਗੁਰੂ ਕੇਰੀ ’ ਗੁਰੂ ਦੀ ਹੀ ਬਾਣੀ ਗਾਵੋ!
੨. ਤਦ। ਯਥਾ-‘ਜਨਮੁ ਤ ਇਹੁ ਸਕਯਥੁ’। ਤਥਾ-‘ਜੇ ਨਿੰਦੈ ਤ ਛੋਡਿ ਨ ਜਾਈ’।
੩. ਤਾਂ। ਯਥਾ-‘ਹਾਥਿ ਤ ਡੋਰ ’ ਹੱਥ ਵਿਚ ਤਾਂ (ਜਾਨਵਰਾਂ ਦੀ) ਡੋਰ ਫੜੀ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਤ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤ : ਇਹ ਗੁਰਮੁਖੀ ਲਿਪੀ ਦਾ 21ਵਾਂ ਅੱਖਰ ਅਤੇ 18ਵਾਂ ਵਿਅੰਜਨ ਹੈ। ਗੁਰੂ ਨਾਨਕ ਦੇਵ ਦੁਆਰਾ ਰਾਗ ਆਸਾ ਵਿਚ ਲਿਖੀ ਬਾਣੀ ‘ਪਟੀ’ ਅਨੁਸਾਰ ਇਹ 19ਵਾਂ ਅੱਖਰ ਹੈ ਅਤੇ ਇਸ ਦਾ ਉਚਾਰਣ ‘ਤੱਤਾ’ ਹੈ। ਜਨਮਸਾਖੀ ਵਿਚ ਜ਼ਿਕਰ ਆਉਂਦਾ ਹੈ ਕਿ ‘ਪਟੀ’ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਰਚਨਾ ਹੈ ਜਿਹੜੀ ਉਨ੍ਹਾਂ ਨੇ ਸੱਤ ਵਰ੍ਹਿਆਂ ਦੀ ਉਮਰ ਵਿਚ ਲਿਖੀ। ਭਾਵ ਇਸ ਦੀ ਰਚਨਾ 1469+7 = 1476 ਈ. ਵਿਚ ਹੋਈ। ਇਸ ਤੋਂ ਇਹ ਵੀ ਅਰਥ ਨਿਕਲਦਾ ਹੈ ਕਿ ਗੁਰਮੁਖੀ ਲਿਪੀ ਅਤੇ ਉਨ੍ਹਾਂ ਅੱਖਰਾਂ ਦਾ ਉਚਾਰਣ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪ੍ਰਚੱਲਤ ਸੀ ਅਤੇ ਅਜੇ ਵੀ ਪ੍ਰਚੱਲਤ ਹੈ।
‘‘ਤਤੈ ਤਾਰੂ ਭਵਜਲੁ ਹੋਆ, ਤਾਕਾ ਅੰਤੁ ਨ ਪਾਇਆ।
ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ।
(ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰ. 433)
ਗਾਉੜੀ ਬਾਵਨ ਅਖਰੀ ਮਹਲ ੫ ਅਨੁਸਾਰ ‘ਤਤਾ’ ਉਚਾਰਣ ਹੈ ( ਤਤਾ ਤਾ ਸਿਉ ਪ੍ਰੀਤਿ ਕਰ) ਅਤੇ ਕਬੀਰ ਜੀ ਦੀ ਬਾਵਨ ਅਖਰੀ ਵਿਚ ਵੀ ਉਚਰਣ ‘ਤਤਾ’ ਹੈ।
‘ਤ’ ਅੱਖਰ ਦੀ ਬਣਾਵਟ ਦਾ ਵਿਕਾਸ ਹੁੰਦਾ ਰਿਹਾ ਹੈ। ਸਿੰਧੂ ਘਾਟੀ ਦੀ ਪ੍ਰਾਪਤ ਲਿਪੀ ਵਿਚੋਂ ਇਹ ਚਿੰਨ੍ਹ ਅਲੋਪ ਹੋ ਗਿਆ ਲਗਦਾ ਹੈ। ਪਾਲੀ ਅਤੇ ਪ੍ਰਾਕ੍ਰਿਤ ਵਿਚ ਇਸ ਦੀ ਬਣਾਵਟ () ਵਰਗੀ ਹੈ। ਇਸ ਦੀ ਵਰਤਮਾਨ ਬਣਾਵਟ ਸ਼ਾਰਦਾ ਅਤੇ ਟਾਕਰੀ ਲਿਪੀਆਂ ਦੇ ਇਤਿਹਾਸ ਵਿਚ ਇਹ ਵਿਕਾਸ ਇੰਜ ਸਮਝਿਆ ਜਾ ਸਕਦਾ ਹੈ।
‘ਤ’ ਵਿਅੰਜਨ ਦਾ ਉਚਾਰਣ ‘ਦੰਤੀ’ ਹੈ। ਜੀਭ, ਦੰਦਾਂ ਨਾਲ ਟਕਰਾ ਕੇ ਇਹ ਧੁਨੀ ਪੈਦਾ ਕਰਦੀ ਹੈ। ਇਹ ਸਪਰਸ਼ੀ ਵਿਅੰਜਨ ‘ਅਘੋਸ਼‘ ਹੈ। ਇਸ ਦੀ ਵਰਤੋਂ ਲਿਪੀ ਵਿਚ ਵੀ ਹੈ ਅਤੇ ਗੁਰਬਾਣੀ ਅੰਦਰ ‘ਸ਼ਬਦ-ਰੂਪ’ ਵਿਚ ਵੀ।
ਖਾਸ ਕਰਕੇ ਗੁਰਬਾਣੀ ਵਿਚ ਇਹ ਵਿਅੰਜਨ ‘ਸ਼ਬਦ’ ਵਾਂਗ ਵਰਤ ਕੇ ਵੱਖ-ਵੱਖ ਅਰਥਾਂ ਨੂੰ ਵਿਅੰਜਤ ਕੀਤਾ ਗਿਆ ਹੈ:–
ਜਪਹੁ ਤ ਏਕੋ ਨਾਮਾ ‖
ਅਵਰਿ ਨਿਰਾਫਲ ਕਾਮਾ ।
ਰਾਗ ਸੂਹੀ ਮਹਲਾ ੧ ।
– ਬਾਣੀ ਤ ਗਾਵਹੁ ਗੁਰੂ ਕੇਰੀ..............
(ਅਨੰਦ) ਰਾਮਕਾਲੀ ਮਹਲਾ ੩
– ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ‖
– ਸਤਿਗੁਰੂ ਹੋਇ ਦਇਆਲ ਤ ਸਰਧਾ ਪੂਰੀਐ ‖
– ਧਰਤੀ ਤੇ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ‖
(ਵਾਰ ਮਾਝ ਮਹਲਾ ੧)
– ਤ ਧਰਿਓ ਮਸਤਿਕ ਹਥ (ਸਵੈਯੇ ਮਹਲਾ 2 ਕੇ)
ਮਹਾਨ ਕੋਸ਼ ਅਨੁਸਾਰ ‘ਤ’ ਦੇ ਅਨੇਕ ਅਰਥ ਹਨ, ਜਿਵੇ ਤਾਂ, ਕੇਵਲ, ਤਦ, ਅਤੇ ਹੋਰ। ਸੰਸਕ੍ਰਿਤ ਸੰਗਯਾ ਤੇ ਆਧਾਰਿਤ ਕੁਝ ਹੋਰ ਅਰਥਾਂ ਦਾ ਹਵਾਲਾ ਵੀ ਮਿਲਦਾ ਹੈ। ਜਿਵੇਂ :– ਝੂਠ ਅਸੱਤ, ਰਤਨ, ਅੰਮ੍ਰਿਤ ਨੌਕਾ, ਚੋਰ, ਮਲੇਛ, ਪੂਛ, ਗਰਭ, ਗੋਦ, ਤਗਣ ਦਾ ਸੰਖੇਪ ਨਾ ਆਦਿ
‘ਤ’ ਦਾ ਉਚਾਰਣ ‘ਤੱਤਾ’ ਹੈ। ਪੰਜਾਬੀ ਵਿਚ ‘ਤੱਤਾ’ ਇਕ ਸ਼ਬਦ ਹੀ ਹੈ ਜਿਸ ਦਾ ਅਰਥ ‘ਗਰਮ’ ਤੋਂ ਹੈ। ‘ਤ’ ਨੂੰ ਧੁਨੀ ਦੇ ਰੂਪ ਵਿਚ ਵੀ ਦੁਹਰਾਓ ਨਾਲ ਅਰਥਵਾਨ ਕੀਤਾ ਜਾਂਦਾ ਹੈ ਜਿਵੇ ਬਲਦਾਂ ਆਦਿ ਨੂੰ ਹਿੱਕਣ ਆਦਿ ਲਈ ‘ਤ...... ਤ...... ਤ’ ਜਾਂ ‘ਤਤਾ..... ਤਤਾ......ਤਾ’ ਸਾਰਥਕ ਬਣ ਜਾਂਦਾ ਹੈ।
ਪੰਜਾਬੀ ਭਾਸ਼ਾ ਦੇ ਨਵੇਂ ਵਿਆਕਰਣਾਂ ਅਨੁਸਾਰ ‘ਦੰਤੀ ਵਿਅੰਜਨ’ ਦੇ ਉਚਾਰਣ ਸਮੇਂ ਫੇਫੜਿਆਂ ਚੋਂ ਆਉਂਦੀ ਹਵਾ ਨੂੰ ਜੀਭ ਦੀ ਨੋਕ ਦੁਆਰਾ ਉਪਰਲੇ ਦੰਦਾਂ ਦੇ ਪਿਛਲੇ ਪਾਸੇ ਰੋਕਿਆ ਜਾਂਦਾ ਹੈ। ਇਸ ਤਰ੍ਹਾਂ ਪੈਦਾ ਹੋਈਆਂ ਧੁਨੀਆਂ ਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਤ, ਥ, ਦ, ਨ ਤੋਂ ਇਲਾਵਾ ਰ, ਲ, ਸ ਦੰਤੀ ਧੁਨੀਆਂ ਹਨ। ਇਨ੍ਹਾਂ ਵਿਚੋਂ ਤ, ਥ, ਦ ਸ਼ੁੱਧ ਦੰਤੀ ਧੁਨੀਆਂ ਹਨ ਅਤੇ ਇਨ੍ਹਾਂ ਦਾ ਉਚਾਰਣ ‘ਮੁਖ’ ਦੁਆਰਾ ਹੁੰਦਾ ਹੈ। ਜਿਨ੍ਹਾਂ ਵਿਅੰਜਨ ਧੁਨੀਆਂ ਦਾ ਉਚਾਰਣ ਹਵਾ ਨੂੰ ਪੂਰਨ ਰੂਪ ਵਿਚ ਰੋਕ ਕੇ ਇਕ ਦਮ ਛੱਡਣ ਨਾਲ ਹੁੰਦਾ ਹੈ ।ਉਨ੍ਹਾਂ ਨੂੰ ‘ਡੱਕਵੀਆਂ ਵਿਅੰਜਨ ਧੁਨੀਆਂ’ ਕਿਹਾ ਜਾਂਦਾ ਹੈ। ‘ਤ’ ਤੋਂ ਇਲਾਵਾ ‘ਥ’ ਅਤੇ ‘ਦ’ ਨੂੰ ਵੀ ਇਸੇ ਵਰਗ ਵਿਚ ਰਖਿਆ ਗਿਆ ਹੈ। ਮੂਲ ਰੂਪ ਵਿਚ ‘ਤ’ ਦੰਤੀ, ਡੱਕਵਾਂ, ਅਘੋਸ਼, ਅਲਪ-ਪ੍ਰਾਣ ਵਿਅੰਜਨ ਹੈ ਜਿਸ ਦਾ ਉਚਾਰਣ ਮੁਖ ਰਾਹੀਂ ਹੁੰਦਾ ਹੈ।
ਡਾ. ਪ੍ਰੇਮ ਪ੍ਰਕਾਸ਼ ਅਨੁਸਾਰ ‘ਤ’ ਦੰਤੀ, ਡੱਕਵਾਂ, ਸਪਰਸ਼ੀ, ਨਾਦ ਰਹਿਤ ਅਲਪ ਪ੍ਰਾਣ ਵਿਅੰਜਨ ਹੈ। ਜੇ ‘ਤ’ ਨਾਲ ਪੰਜਾਬੀ ਦੀਆਂ ਮਾਤਰਾਵਾਂ ਜੋੜੀਏ ਤਾਂ ਇਸ ਦਾ ਸਰੂਪ ਹੇਠ ਲਿਖੇ ਅਨੁਸਾਰ ਹੋ ਜਾਂਦਾ ਹੈ :–
ਤਾ, ਤਿ, ਤੀ, ਤੁ, ਤੂ, ਤੇ, ਤੈ, ਤੋ, ਤੌ, ਤੰ, ਤੱ, ਤਾਂ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-03-04-42-03, ਹਵਾਲੇ/ਟਿੱਪਣੀਆਂ: ਹ. ਪੁ. – ਪੰ. ਭਾ. ਦਾ. ਵਿਆ (ਭਾਗ-1) ਜੋਗਿੰਦਰ ਸਿੰਘ ਪੁਆਰ, ਸੁਖਵਿੰਦਰ ਸਿੰਘ ਸੰਘਾ, ਬਲਦੇਵ ਸਿੰਘ ਚੀਮਾ, ਮ. ਕੋ. ਸਬਦਾਰਥ. ਸ੍ਰੀ. ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋ. ਗੁ. ਪ੍ਰ. ਕਮੇਟੀ, ਅੰਮ੍ਰਿਤਸਰ ; ਜਨਰਲ ਭਾਸ਼ਾ ਵਿਗਿਆਨ, ਭਾਸ਼ਾ ਤੇ ਲਿਪੀ ; ਡਾ. ੲੀਸ਼ਰ ਸਿੰਘ ਤਾਂਘ : ਸਵਾਲ ਲਿਪੀ ਦਾ ਇਕ ਪ੍ਰਤੀਉਤਰ : ਪ੍ਰੇਮ ਪ੍ਰਕਾਸ਼ ਸਿੰਘ ।
ਤ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਤ ਇਹ ਪੰਜਾਬੀ ਵਰਣਮਾਲਾ ਦਾ ਇੱਕੀਵਾਂ ਤੇ ਤਵਰਗ ਦਾ ਪਹਿਲਾ ਅੱਖਰ ਹੈ। ਇਸ ਦਾ ਉਚਾਰਣ ਸਥਾਨ ਦੰਤ (ਦੰਦ ) ਹੈ। ਜੀਭ ਦੀ ਨੋਕ ਉਪਰਲੇ ਦੰਦਾਂ ਦੇ ਅੰਦਰਲੇ ਪਾਸੇ ਨਾਲ ਟਕਰਾਉਣ ਤੇ ਇਹ ਧੁਨੀ ਉਤਪੰਨ ਹੁੰਦੀ ਹੈ। ਇਹ ਅਘੋਸ਼ ਅਲਪਪ੍ਰਾਣ ਧੁਨੀ ਹੈ। ਸੰਗਿਆ ਦੇ ਤੌਰ ਤੇ ਇਹ ਅੱਖਰ ਰਤਨ, ਨੌਕਾ, ਚੋਰ, ਮਲੇਛ, ਗਰਭ, ਗੋਦ ਆਦਿ ਦੇ ਅਰਥ ਦਿੰਦਾ ਹੈ।
ਇਸ ਅੱਖਰ ਦਾ ਰੂਪ ਸ਼ਾਰਦਾ ਤੇ ਟਾਕਰੀ ਲਿਪੀ ਨਾਲ ਸਮਾਨਤਾ ਰਖਦਾ ਹੈ। ਇਹ ਲਿਪੀ ਦਸਵੀਂ ਸਦੀ ਦੇ ਨੇੜੇ ਤੇੜੇ ਉਤਪੰਨ ਮੰਨੀ ਜਾਂਦੀ ਹੈ। ਇਸ ਸਮੇਂ ਇਸ ਅੱਖਰ ਦਾ () ਰੂਪ ਵੇਖਣ ਵਿਚ ਆਉਂਦਾ ਹੈ ਜੋ ਇਸ ਦੇ ਅਜੋਕੇ ਰੂਪ ਦੇ ਕੁਝ ਨੇੜੇ ਹੈ ਜਦੋਂ ਕਿ ਪੰਜਵੀਂ ਛੇਵੀਂ ਸਦੀ ਵਿਚ ਇਹ ਅੱਖਰ () ਰੂਪ ਵਿਚ ਵੇਖਣ ਵਿਚ ਆਉਂਦਾ ਹੈ ਜੋ ਮੰਦਸੋਰ ਦੇ ਸ਼ਿਲਾਲੇਖ ਦੀ ਲਿਪੀ ਹੈ। 12ਵੀਂ ਸਦੀ ਵਿਚ ਕਾਂਗੜੇ ਦੇ ਬੈਜਨਾਥ ਦੇ ਇਕ ਮੰਦਰ ਦੀ ਪ੍ਰਸ਼ਸਤੀ ਤੋਂ ਇਸ ਅੱਖਰ ਦਾ ਰੂਪ ਲਗਭਗ ਪਹਿਲਾਂ ਵਾਲਾ ਹੀ ਵੇਖਣ ਵਿਚ ਆਉਂਦਾ ਹੈ। ਸੋਲ੍ਹਵੀਂ ਸਦੀ ਵਿਚ ਕੁੱਲੂ ਦੇ ਰਾਜਾ ਬਹਾਦਰ ਸਿੰਘ ਦੇ ਦਾਨ ਪੱਤਰਾਂ ਤੋਂ ਇਸ ਅੱਖਰ ਦਾ ਰੂਪ ਲਗਭਗ ਅਜੋਕੇ ਰੂਪ ਦੇ ਨਾਲ ਹੀ ਆ ਮਿਲਦਾ ਹੈ।ਹੁਣ ਇਹ () ਰੂਪ ਵਿਚ ਆ ਗਿਆ ਜੋ ਉਕਤ ਬਾਰ੍ਹਵੀਂ ਸਦੀ ਦੇ ਰੂਪ ਨਾਲੋਂ ਕਾਫ਼ੀ ਵਿਕਸਿਤ ਰੂਪ ਹੈ। ਇਸ ਤਰ੍ਹਾਂ ਅੱਖਰ ਵਿਕਾਸ ਕ੍ਰਮ ਦੀਆਂ ਮੰਜ਼ਲਾਂ ਪਾਰ ਕਰਦਾ ਹੋਇਆ ਅਜੋਕੇ ਪੂਰਨ ਤੌਰ ਤੇ ਵਿਕਸਿਤ ਰੂਪ ਤਕ ਪਹੁੰਚਿਆ ਜੋ ਉੱਨੀਵੀਂ ਸਦੀ ਦਾ ਲੁਧਿਆਣੇ ਦੇ ਪਾਦਰੀਆਂ ਵਾਲਾ ਟਾਈਪ ਹੈ। ਇਹ ਪੂਰਨ ਰੂਪ ਵਿਚ ਗੁਰਮੁਖੀ ਅੱਖਰਾਂ ਦਾ ਵਿਕਸਿਤ ਰੂਪ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਪਟੀ ਸਿਰਲੇਖ ਹੇਠ ਰਚੀ ਗਈ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੇ ਰਾਗ ਆਸਾ ਵਿਚ ਦਰਜ ਹੈ, ਅਨੁਸਾਰ ਇਹ ਉੱਨੀਵਾਂ ਅੱਖਰ ਹੈ। ਗੁਰਮੁਖੀ ਲਿਪੀ ਦੇ ਵਿਕਾਸ ਤੇ ਉਤਪਤੀ ਦੀ ਜਾਣਕਾਰੀ ਲਈ ਇਹ ਬਾਣੀ ਵਿਸ਼ੇਸ਼ ਤੌਰ ਤੇ ਲਾਹੇਵੰਦ ਸਾਬਤ ਹੁੰਦੀ ਹੈ। ਇਹ ਬਾਣੀ ਪੈਂਤੀ ਸਲੋਕਾਂ ਵਿਚ ਹੈ ਅਤੇ ਹਰੇਕ ਸਲੋਕ ਸਬੰਧਤ ਵਰਣਮਾਲਾ ਦੇ ਅੱਖਰ ਨਾਲ ਹੀ ਸ਼ੁਰੂ ਹੁੰਦਾ ਹੈ।
“ਤਤੈ ਤਾਰੂ ਭਵਜਲੁ ਹੋਆ ਤਾਂ ਕਾ ਅੰਤੁ ਨਾ ਪਾਇਆ॥"
ਪਹਿਲਾਂ ਦਿੱਤੇ ਲਿਪੀ ਚਿੱਤਰ ਵਿਚ ਦੱਸਵੀਂ ਸਦੀ ਤੋਂ ਪਹਿਲਾਂ ਇਸ ਅੱਖਰ ਦਾ ਸਰੂਪ ਅਜੋਕੇ ਰੂਪ ਨਾਲ ਕਾਫ਼ੀ ਭਿੰਨਤਾ ਦਰਸਾਉਂਦਾ ਹੈ ਪਰ ਚੰਬਾ ਰਾਜ ਦੇ ਸਰਾਹਾਂ ਦੇ ਲੇਖ ਦੀ ਲਿਪੀ ਤੋਂ ਲੈ ਕੇ ਅਜੋਕੇ ਰੂਪ ਤਕ ਇਹ ਲਗਾਤਾਰ ਬਣਤਰ ਵਿਕਾਸ ਵਿਚ ਸਫ਼ਰ ਕਰਦਾ ਰਿਹਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-46-43, ਹਵਾਲੇ/ਟਿੱਪਣੀਆਂ: ਹ. ਪੁ. –ਪ੍ਰਾ. ਲਿ. ਮਾ. ਭਾ. ਵਿ. ਪੰ. ਗੁ. ਲਿ. ਵਿ. ਅ. –ਈਸ਼ਰ ਸਿੰਘ ਤਾਂਘ; ਮ. ਕੋ. ; ਸਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ-ਪੋਥੀ ਦੂਜੀ
ਵਿਚਾਰ / ਸੁਝਾਅ
Please Login First