ਨੱਥ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੱਥ (ਨਾਂ,ਇ) 1 ਵਿੰਨ੍ਹੇ ਹੋਏ ਨੱਕ ਵਿੱਚ ਝਾਲਰ ਲੱਗੇ ਛੱਲੇ ਅਤੇ ਉਸ ਨਾਲ ਟਾਂਕੀ ਜ਼ੰਜੀਰੀ ਦੇ ਗੱਲ੍ਹ ਉੱਤੇ ਫ਼ੈਲ ਕੇ ਕੰਨ ਦੁਆਲੇ ਟੁੰਗੀ ਜਾਣ ਦੇ ਨਮੂਨੇ ਵਾਲਾ ਜ਼ਨਾਨਾ ਗਹਿਣਾ 2 ਪਸ਼ੂ ਦੀ ਨਾਸ ਦੇ ਪਾਸੇ ਵਾਲੇ ਮਾਸ ਵਿੱਚੋਂ ਲੰਘਾਈ ਰੱਸੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਨੱਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੱਥ [ਨਾਂਪੁ] ਇਸਤਰੀਆਂ ਦੇ ਨੱਕ ਵਿੱਚ ਪਾਉਣ ਵਾਲ਼ਾ ਗੋਲਾਕਾਰ ਗਹਿਣਾ; ਪਸ਼ੂਆਂ ਦੇ ਨੱਕ ਵਿੱਚ ਪਾਈ ਜਾਣ ਵਾਲ਼ੀ ਰੱਸੀ; ਕੱਪੜੇ ਸਿਊਂਣ ਵਾਲ਼ੀ ਮਸ਼ੀਨ ਦਾ ਇੱਕ ਪੁਰਜ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨੱਥ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨੱਥ :  ਇਹ ਗਹਿਣਾ ਜੋ ਔਰਤਾਂ ਨੱਕ ਵਿਚ  ਪਹਿਨਦੀਆਂ ਹਨ, ਨੂੰ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਕਈ ਜਾਤੀਆਂ ਦੀਆਂ ਔਰਤਾਂ ਇਸ ਸੁਹਾਗ ਨਿਸ਼ਾਨੀ ਨੂੰ ਸਦਾ ਪਹਿਨ ਕੇ ਰੱਖਦੀਆਂ ਹਨ।

ਨੱਥ ਦੀ ਬਣਤਰ ਇਲਾਕੇ  ਅਤੇ ਜਾਤੀ ਅਨੁਸਾਰ ਭਿੰਨ ਭਿੰਨ ਹੋ ਸਕਦੀ ਹੈ। ਇਹ ਗਹਿਣਾ ਸਾਦੇ ਤੋਂ ਲੈ ਕੇ ਮੋਤੀਆਂ ਦੀ ਜੜਤ ਵਾਲੇ ਗਹਿਣੇ ਤੱਕ ਲੋੜ ਅਤੇ ਸਮਰੱਥਾ ਮੁਤਾਬਕ ਬਣਾ ਲਿਆ ਜਾਂਦਾ ਹੈ ।

ਨੱਥ ਦਾ ਗੋਲਾਈਦਾਰ ਚੱਕਰ ਸੂਰਜ ਦਾ ਪ੍ਰਤੀਕ ਹੈ ਤੇ ਵਾਲੀ ਅੰਦਰ  ਬਣਿਆ ਨਿੱਕਾ ਜਿਹਾ ਖੰਡ ਚੰਨ ਦਾ  ਚਿੰਨ੍ਹ ਹੈ । ਨੱਥ ਵਿਚ ਜੜ੍ਹੇ ਰੰਗ-ਬਰੰਗੇ ਮੋਤੀ ਵੀ ਚੰਦ ਅਤੇ ਸੂਰਜ ਦੇ ਪ੍ਰਤੀਕ ਸਮਝੇ ਜਾਂਦੇ ਹਨ । ਪ੍ਰਚਲਿਤ ਧਾਰਨਾ ਅਨੁਸਾਰ ਨੱਥ ਸੂਰਜ ਤੇ ਚੰਦਰਮਾ ਦੀ ਉਪਜਾਇਕਤਾ ਨੂੰ ਗ੍ਰਹਿਣ ਕਰਨ ਲਈ ਪਹਿਨੀ ਜਾਣ ਲੱਗੀ ਅਤੇ ਹੌਲੀ ਹੌਲੀ ਗਹਿਣੇ ਦਾ ਰੂਪ ਧਾਰਨ ਕਰ ਗਈ । ਇਕ ਹੋਰ ਮੱਤ ਅਨੁਸਾਰ ਨੱਥ ਔਰਤ ਦੀ ਗੁਲਾਮੀ ਦਾ ਪ੍ਰਤੀਕ ਹੈ । ਜਿਸ ਤਰ੍ਹਾਂ ਪਸ਼ੂਆਂ (ਬਲਦ/ਝੋਟਾ/ਰਿੱਛ ਆਦਿ) ਦੇ ਨੱਕ ਵਿਚ ਨਕੇਲ ਪਾ ਕੇ ਉਨ੍ਹਾਂ ਨੂੰ ਪਾਲਤੂ ਤੇ ਆਗਿਆਕਾਰ ਬਣਾਇਆ ਜਾਂਦਾ ਹੈ ਉਸੇ ਤਰ੍ਹਾਂ ਹੀ ਗਹਿਣਾ ਔਰਤ ਨੂੰ ਪਤੀ ਦੀ ‘ਸੇਵਕਾ' ਵਜੋਂ  ਤਿਆਰ ਕਰਦਾ ਹੇੈ ।

ਨੱਥ ਬਾਰੇ ਪ੍ਰਚਲਿਤ ਲੋਕ-ਧਾਰਾਈ ਸੰਕਲਪ ਅਨੁਸਾਰ ਮਰਨ ਸਮੇਂ ਪ੍ਰਾਣੀ ਦੇ ਪ੍ਰਾਣ ਨੱਕ ਵਿਚੋਂ ਵੀ ਨਿਕਲਦੇ ਹਨ । ਜਦੋਂ ਕੋਈ ਵਿਅਕਤੀ ਸਖ਼ਤ ਬਿਮਾਰ ਹੋ ਜਾਂਦਾ ਜਾਂ ਕਿਸੇ ਹੋਰ ਕਾਰਨ ਮਰਨ ਕਿਨਾਰੇ ਪਹੁੰਚਿਆ ਮਹਿਸੂਸ ਹੁੰਦਾ ਤਾਂ ਉਸ ਦੀ ਆਤਮਾ ਨੂੰ ਨੱਥਣ ਲਈ ਟੂਣਾ ਕਰਕੇ ਉਸ ਦੇ ਨੱਕ ਵਿਚ ਨੱਥ ਪਾ ਦਿੱਤੀ ਜਾਂਦੀ ਹੈ। ਸਮਾਂ ਪਾ ਕੇ ਇਹ ਟੂਣੇ ਦੀ ਰਸਮ ਗਹਿਣੇ ਦਾ ਰੂਪ ਧਾਰ ਗਈ ।

ਨੱਥ ਨੂੰ ਬਣਾਉਣ ਲਈ ਸੋਨੇ ਦੀ ਪਤਲੀ ਤਾਰ ਦੀ ਵਰਤੋਂ ਕੀਤੀ ਜਾਂਦੀ ਹੈ  ਜੋ ਠੋਸ ਅਤੇ ਅੰਦਰੋਂ ਖੋਖਲੀ ਦੋਹਾਂ ਤਰ੍ਹਾਂ ਦੀ ਹੀ ਹੋ ਸਕਦੀ ਹੈ । ਇਸ ਤਾਰ ਵਿਚ ਮੋਤੀ ਜਾਂ ਮੂੰਗੇ ਪਰੋਏ ਜਾਂਦੇ ਹਨ । ਗ਼ਰੀਬ ਲੋਕ ਚਾਂਦੀ ਦੀ ਤਾਰ ਦੀ ਵਰਤੋਂ ਵੀ ਕਰ ਲੈਂਦੇ ਹਨ ।

ਪਹਿਲਾਂ ਹਿੰਦੂਆਂ ਵਿਚ ਨੱਥ ਪਹਿਨਣ ਦਾ ਰਿਵਾਜ ਨਹੀਂ ਸੀ । ਪਠਾਣੀ ਸਮੇਂ ਮੁਸਲਮਾਨੀ ਸਭਿਆਚਾਰ ਦੇ ਪ੍ਰਭਾਵ ਹੇਠ ਇਹ ਗਹਿਣਾ ਹਿੰਦੂਆਂ ਵਿਚ ਪ੍ਰਚਲਿਤ ਹੋਇਆ ।

ਅੱਜਕੱਲ੍ਹ ਆਮ ਤੌਰ ਤੇ ਉੱਤੇ ਨੱਥ ਸ਼ਗਨ ਵਜੋਂ ਸਿਰਫ ਵਿਆਹ ਮੌਕੇ ਤੇ ਹੀ ਪਹਿਨੀ ਜਾਂਦੀ ਹੈ, ਬਾਅਦ ਵਿਚ ਇਹ (ਕੁੱਝ ਕੁ ਜਾਤੀਆਂ ਨੂੰ ਛੱਡ ਕੇ) ਘੱਟ ਹੀ ਪਹਿਨੀ ਜਾਂਦੀ ਹੈ।

ਜੇ ਨੱਥ ਵਜ਼ਨ ਵਿਚ ਕੁਝ ਭਾਰੀ ਹੋਵੇ ਤਾਂ ਨੱਕ ਦੀ ਨੋਕ ਤੇ ਦਬਾਅ ਘਟਾਉਣ ਲਈ ਇਸ ਨਾਲ ਸਾਧਾਰਣ ਡੋਰੀ ਜਾਂ ਮੋਤੀਆਂ ਦੀ ਲੜੀ ਬੰਨ੍ਹ ਕੇ ਤੇ ਉਸ ਨੂੰ ਸਿਰ ਤੇ ਵਾਲਾਂ ਨਾਲ ਗੁੰਦ ਕੇ ਨੱਕ ਨੂੰ ਸਹਾਰਾ ਦਿੱਤਾ ਜਾਂਦਾ ਹੈ ।

ਪੰਜਾਬੀ ਸਾਹਿਤ ਵਿਚ ਨੱਥ ਦਾ ਕਾਫ਼ੀ ਵਰਣਨ ਮਿਲਦਾ ਹੈ । ਲੋਕ-ਗੀਤਾਂ ਵਿਚ ਇਸ ਗਹਿਣੇ ਦਾ ਭਰਪੂਰ ਜ਼ਿਕਰ ਉਪਲੱਬਧ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-01-10-15-00, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਲੋ. ਵਿ. ਕੋ. -ਵਣਜਾਰਾ ਬੇਦੀ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.