ਪਾਕਿਸਤਾਨ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪਾਕਿਸਤਾਨ :  ਇਹ ਏਸ਼ੀਆ ਮਹਾਂਦੀਪ ਦੇ ਦੱਖਣ ਵਿਚ ਅਤੇ ਭਾਰਤੀ ਉਪ-ਮਹਾਂਦੀਪ ਦੇ ਪੱਛਮੀ ਭਾਗ ਵਿਚ ਸਥਿਤ ਇਕ ਦੇਸ਼ ਹੈ ਜਿਸ ਦੀਆਂ ਹੱਦਾਂ ਦੱਖਣ ਵੱਲ ਅਰਬ ਸਾਗਰ, ਪੱਛਮ ਵੱਲ ਈਰਾਨ, ਉੱਤਰ-ਪੱਛਮ ਵੱਲ ਅਫ਼ਗਾਨਿਸਤਾਨ ਉੱਤਰ-ਪੂਰਬ ਵੱਲ ਚੀਨ ਅਤੇ ਪੂਰਬ ਵੱਲ ਭਾਰਤ ਨਾਲ ਲਗਦੀਆਂ ਹਨ। ਇਸ ਦਾ ਕੁੱਲ ਰਕਬਾ 8, 03, 940 ਵ. ਕਿ. ਮੀ. ਅਤੇ ਆਬਾਦੀ 14,46,17,000(2001) ਹੈ। ਇਥੋਂ ਦੀ ਰਾਜਧਾਨੀ ਇਸਲਾਮਾਬਾਦ ਹੈ।

          ਭੂ–ਆਕ੍ਰਿਤੀ ਵਿਗਿਆਨ

ਧਰਾਤਲ – ਧਰਾਤਲ ਪੱਖੋਂ ਇਸ ਨੂੰ ਦੋ ਖੰਡਾਂ ਵਿਚ ਵੰਡਿਆ ਜਾ ਸਕਦਾ ਹੈ:–

  1. ਟਰਸ਼ਰੀ ਕਾਲ ਵਿਚ ਪਰਬਤੀ ਨਿਰਮਾਣਕਾਰੀ ਹਿਲਜੁਲ ਦੁਆਰਾ ਬਣੇ ਪੱਛਮੀ  ਉੱਚ ਖੇਤਰ
  2. ਕੁਆਰਟਨਰੀ ਕਾਲ ਵਿਚ ਦਰਿਆ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਦੁਆਰਾ ਲਿਆਂਦੇ ਮਲਬੇ ਦਾ ਪੇਤਲੀ ਖਾੜੀਆਂ ਵਿਚ ਜਮਾਉ ਦੁਆਰਾ ਬਣਿਆ ਸਿੰਧ ਦਾ ਮੈਦਾਨ।

() ਪੱਛਮੀ ਉੱਚ ਖੇਤਰ – ਇਹ ਭਾਗ ਦੱਖਣ ਵਿਚ ਮਕਰਾਨ ਤਟ ਤੋਂ ਲੈ ਕੇ ਉੱਤਰ ਵਿਚ ਪੱਛਮੀ ਪਾਮੀਰ ਪਠਾਰ ਤਕ ਫੈਲਿਆ ਹੋਇਆ ਹੈ। ਇਸ ਵਿਚ ਬਲੋਚਿਸਤਾਨ, ਉੱਤਰ-ਪੱਛਮੀ ਸਰਹੱਦੀ ਸੂਬਾ, ਉੱਤਰੀ ਇਲਾਕੇ ਅਤੇ ਪੰਜਾਬ ਦੇ ਕੁਝ ਹਿੱਸੇ ਸ਼ਾਮਲ ਹਨ। ਇਹ ਖੇਤਰ ਹਿਮਾਲਾ ਪਰਬਤ ਬਣਨ ਸਮੇਂ ਟੈਥੀ ਸਾਗਰ (Tethys Sea)  ਵਿਚੋਂ ਪ੍ਰਗਟ ਹੋਏ ਹਨ ਪਰ ਕ੍ਰਿਟੇਸ਼ੀਅਸ ਕਾਲ (Cretaceous Period) ਵਿਚ ਛੁੱਟ-ਪੁੱਟ ਅਗਨੀ ਕਿਰਿਆਵਾਂ ਵੀ ਗਰਮ ਸਨ ਕਿਉਂਕਿ ਕਈ ਪ੍ਰਕਾਰ ਦੀਆਂ ਭੂ-ਆਕ੍ਰਿਤੀਆਂ ਜਵਾਲਾਮੁਖੀ ਕਿਰਿਆ ਦੀ ਗਵਾਹੀ ਪੇਸ਼ ਕਰਦੀਆਂ ਹਨ। ਇਸ ਪੱਛਮੀ ਉੱਚ ਖੇਤਰ ਨੂੰ ਅੱਗੇ ਹੋਰ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ਜਿਵੇਂ 1.ਉੱਤਰੀ ਪਰਬਤੀ ਖੇਤਰ  2. ਸਫੇਦ-ਕੋਹ ਤੇ ਵਜ਼ੀਰਸਤਾਨ ਪਹਾੜੀਆਂ,  3. ਸੁਲੇਮਾਨ ਤੇ ਕਿਰਥਾਰ ਪਰਬਤ  4. ਬਲੋਚਿਸਤਾਨ ਪਠਾਰ, ਅਤੇ   5. ਪੋਟਵਾਰ ਪਠਾਰ ਤੇ ਸਾਲਟ ਸ਼੍ਰੇਣੀਆਂ।

      1.ਉੱਤਰੀ ਪਰਬਤੀ ਖੇਤਰ –  ਇਹ ਖੇਤਰ ਪਾਕਿਸਤਾਨ ਦੇ ਉੱਤਰੀ ਭਾਗ ਵਿਚ ਵਾਕਿਆ ਹੈ। ਇਥੇ ਸਅਕਾਂਤਕ ਪਰਬਤੀ ਸ਼੍ਰੇਣੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚਕਾਰ ਤੰਗ ਅਤੇ ਡੂੰਘੀਆਂ ਦਰਿਆਈ ਘਾਟੀਆਂ ਹਨ। ਦਰਿਆ ਸਿੰਧ ਦੇ ਪੂਰਬ ਵੱਲ ਆਮ ਕਰ ਕੇ ਪਰਬਤ ਸ਼੍ਰੇਣੀਆਂ ਦੀ ਸੇਧ (Alignment) ਪੂਰਬ-ਪੱਛਮ ਹੈ ਅਤੇ ਇਸ ਦੇ ਪੱਛਮ ਵੱਲ ਉੱਤਰ-ਦੱਖਣ ਹੈ। ਮਹੱਤਵਪੂਰਨ ਪਰਬਤ ਸ਼੍ਰੇਣੀਆਂ ਹਿਮਾਲਾ, ਕਰਾਕੁਰਮ ਅਤੇ ਹਿੰਦੂਕੁਸ਼ ਹਨ।

        2.ਸਫ਼ੇਦ-ਕੋਹ ਸ਼੍ਰੇਣੀਆਂ ਅਤੇ ਵਜ਼ੀਰਸਤਾਨ ਪਹਾੜੀਆਂ – ਇਨ੍ਹਾਂ ਪਰਬਤ ਸ਼੍ਰੇਣੀਆਂ ਅਤੇ ਉੱਤਰੀ ਪਰਬਤੀ ਖੇਤਰ ਦਾ ਦਰਿਆ ਕਾਬਲ ਹੱਦਬੰਦੀ ਕਰਦਾ ਹੈ। ਸਫ਼ੇਦ ਕੋਹ ਸ਼੍ਰੇਣੀਆਂ ਦਾ ਵਿਸਥਾਰ ਪੂਰਬ-ਪੱਛਮ ਦਿਸ਼ਾ ਵਿਚ ਹੈ ਅਤੇ ਔਸਤਨ ਉਚਾਈ 3,500 ਮੀ. ਤਕ ਹੈ। ਇਹ ਅਕਸਰ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਇਥੇ  ਸਿੱਕਰਮ ਚੋਟੀ ਦੀ ਉਚਾਈ 4,760 ਮੀ. ਹੈ। ਸਫੇਦ ਕੋਹ ਸ਼੍ਰੇਣੀਆਂ ਪੂਰਬ ਵੱਲ ਕੋਹਾਟ ਪਹਾੜੀਆਂ ਵਿਚ ਸ਼ਾਮਲ ਹੋ ਜਾਂਦੀਆਂ ਹਨ ਜਿਨ੍ਹਾਂ ਦੀ ਉਚਾਈ ਲਗਭਗ 1,600 ਮੀ. ਤਕ ਹੈ। ਸਫ਼ੇਦ ਕੋਹ ਸ਼੍ਰੇਣੀਆਂ ਦੇ ਦੱਖਣ ਵਿਚ ਵਜ਼ੀਰਸਤਾਨ ਪਹਾੜੀਆਂ ਹਨ। ਇਨ੍ਹਾਂ ਦੀ ਉਚਾਈ 1,500 ਤੋਂ 3,000 ਮੀ. ਦੇ ਦਰਮਿਆਨ ਹੈ। ਇਹ ਪਹਾੜੀ ਖੇਤਰ ਕ੍ਰਿਟੇਸ਼ੀਅਸ ਕਾਲ ਦੌਰਾਨ ਜਵਾਲਾਮੁਖੀ ਕਿਰਿਆਵਾਂ ਦੁਆਰਾ ਪ੍ਰਭਾਵਤ  ਰਿਹਾ ਹੈ। ਇਸ ਕਰ ਕੇ ਇਹ ਖਣਿਜ ਸੰਪਤੀ ਦਾ ਖੇਤਰ ਹੈ। ਇਨ੍ਹਾਂ ਪਰਬਤ ਸ਼੍ਰੇਣੀਆਂ ਵਿਚ ਖੇਤਰ, ਕੁਰਮ, ਤੋਚੀ ਗੋਮਲ ਮਹੱਤਵਪੂਰਨ ਦੱਰੇ ਹਨ ਜਿਨ੍ਹਾਂ ਦੁਆਰਾ ਲੋਕ, ਫ਼ੌਜੀ ਸਭਿਆਚਾਰ ਭਾਰਤ-ਪਾਕਿ ਉਪ-ਮਹਾਂਦੀਪ ਵਿਚ ਪ੍ਰਵੇਸ਼ ਹੋਏ। 

       3.ਸੁਲੇਮਾਨ-ਕਿਰਥਾਰ ਪਰਬਤ – ਇਹ ਪਰਬਤ ਦਰਿਆ ਗੋਮਲ ਤੋਂ ਵਧਦੇ ਹੋਏ ਬਲੋਚਿਸਤਾਨ ਪਠਾਰ ਅਤੇ ਸਿੰਧ ਦੇ ਮੈਦਾਨਾਂ ਵਿਚਕਾਰ ਪਾਏ ਜਾਂਦੇ ਹਨ। ਇਨ੍ਹਾਂ ਪਰਬਤਾਂ ਦੀ ਹੋਂਦ ਹਿਮਾਲਾ ਪਰਬਤ ਦੇ ਜਨਮ ਨਾਲ ਹੀ ਸਬੰਧਤ ਹੈ। ਇਹ ਦਰਿਆ ਗੋਮਲ ਦੇ ਦੱਖਣ ਵੱਲ ਵਿਸਥਾਰਤ ਹਨ। ਇਹ ਮਾੜੀ-ਬੁਗਤੀ ਪਹਾੜੀਆਂ ਤੇ ਪਹੁੰਚ ਕੇ ਉੱਤਰ ਵੱਲ ਕੋਟਾ ਤਕ ਪਹੁੰਚ ਜਾਂਦੇ ਹਨ ਅਤੇ ਕੋਟਾ ਨੇੜੇ ਤਰਤੀਬ ਵਿਚ ਦੱਖਣ ਵੱਲ ਮੁੜ ਕੇ ਨਾਗਨ ਸ਼੍ਰੇਣੀ ਵਿਚ ਸ਼ਾਮਲ ਹੋ ਜਾਂਦੇ ਹਨ। ਦੱਖਣ ਵੱਲ ਹੋਰ ਅੱਗੇ ਕਿਰਥਾਰ ਪਰਬਤਾਂ ਵਿਚ ਮਿਲ ਜਾਂਦੇ ਹਨ। ਕੋਹਿਸਤਾਨ ਖੇਤਰ ਪੂਰਬ ਵੱਲ ਦਰਿਆ ਸਿੰਧ ਤਕ ਅਤੇ ਦੱਖਣ ਵੱਲ ਅਰਬ ਸਾਗਰ ਤਕ ਪਹੁੰਚ  ਜਾਂਦਾ ਹੈ। ਕਿਰਥਾਰ  ਪਰਬਤਾਂ ਪਿੱਛੇ ਕੇਂਦਰੀ ਬਰੂਹੀ ਅਤੇ ਪਾਬ ਸ਼੍ਰੇਣੀਆਂ ਸਥਿਤ ਹਨ। ਸੁਲੇਮਾਨ ਪਰਬਤਾਂ ਦੀ ਔਸਤਨ ਉਚਾਈ ਲਗਭਗ 600 ਮੀ. ਹੈ। ਇਨ੍ਹਾਂ ਦੀ ਦੱਖਣ ਵੱਲ ਉਚਾਈ ਘਟਦੀ ਚਲੀ ਜਾਂਦੀ ਹੈ ਪਰ ਅਰਬ ਸਾਗਰ ਦੇ ਨੇੜੇ ਇਹ ਕੇਵਲ 300 ਮੀ. ਹੀ ਰਹਿ ਜਾਂਦੀ ਹੈ ਪਰ ਕਈ ਚੋਟੀਆਂ ਦੀ ਉਚਾਈ ਵਰਣਨਯੋਗ ਹੈ ਜਿਵੇਂ ਕਿ ਤਖ਼ਤ-ਏ-ਸੁਲੇਮਾਨ (3,487 ਮੀ.) ਅਤੇ ਤਾਕਾਤੂ (3,470 ਮੀ.)। ਇਹ ਸ਼੍ਰੇਣੀਆਂ ਪਾਰ ਕਰਨੀਆਂ ਮੁਸ਼ਕਲ ਹਨ। ਕੋਟਾ ਅਤੇ ਸੀਬੀ ਸ਼ਹਿਰ ਕੇਵਲ ਬੋਲਨ ਦੱਰੇ ਦੁਆਰਾ ਜੁੜੇ ਹੋਏ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-16-03-08-27, ਹਵਾਲੇ/ਟਿੱਪਣੀਆਂ: ਹ. ਪੁ. – ਸੀ. ਆਈ. ਏ. ਵਰਲਡ ਫੈਕਟ ਬੁੱਕ-ਏ. ਬੀ. ਸੀ. ਨਿਊਜ਼, ਇੰਟਰਨੋਟ ਵੈਂਚਰਜ਼ (1996); ਇਸਲਾਮਿਕ ਕਲਚਰ ਇਨ ਦੀ ਇੰਡੀਅਨ ਐਨਵਾਇਰਨਮੈਂਟ–ਅਹਿਮਦ ਏ. (1964); ਪਖਤੂਨ ਇਕਾਨਮੀ ਐਂਡ ਸੋਸਾਇਟੀ-ਅਹਿਮਦ, ੲੇ. ਐਸ. (1980); ਦੀ ਲੋਕਲ ਰੂਟਸ ਆਫ਼ ਇੰਡੀਅਨ ਪਾਲਿਟਿਕਸ, (ਅਲਾਹਾਬਾਦ 1880-1920)–ਬੇਲੀ, ਸੀ.ੲੇ. (1975); ਦੀ ਸਟੋਰੀ ਆਫ਼ ਪੰਜਾਬ ਯੈਸਟਰਡੇ ਐਂਡ ਟੂਡੇ (1) -ਗਰੋਵਰ, ਵੀ. (1994); ਜੀਓਗ੍ਰਾਫੀ ਆਫ਼ ਪਾਕਿਸਤਾਨ- ਖ਼ਾਨ ਐਫ. ਕੇ. (1991); ਦੀ ਕੈਂਬਰਿਜ ਐਨਸਾਈਕਲੋਪੀਡੀਆ ਆਫ. ਇੰਡੀਆ, ਪਾਕਿਸਤਾਨ, ਬੰਗਲਾ ਦੇਸ਼, ਸ੍ਰੀਲੰਕਾ-ਰਾਬਿੰਨਸਨ ਐਫ. (1989); ਮਾਨਸੂਨ ਏਸ਼ੀਆ, ਰਾਬਿਨਸਨ, ਐਚ. (1979); ਹਿਸਟਰੀ ਐਂਡ ਕਲਚਰ ਆਫ਼ ਦੀ ਪੰਜਾਬ-ਕਿਰਪਾਲ ਸਿੰਘ; ਇੰਡੀਆ ਐਂਡ ਪਾਕਿਸਤਾਨ-ਓ.ਐਚ. ਕੇ. ਸਪੋਟ; ਕੰਪਟੀਸ਼ਨ ਸਕਸੈਸ ਯੀ. ਬੁ. (1998); ਐਨ. ਅਮੈ. 21:133; ਸਟੈ. ਯੀ. ਬੁ. 2002:1251

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.