ਸਿੱਧੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਧੂ. ਇੱਕ ਜੱਟ ਗੋਤ੍ਰ. ਬੈਰਾੜ ਵੰਸ਼ ਇਸੇ ਗੋਤ੍ਰ ਵਿੱਚ ਹੈ. ਇਹ ਸਿੱਧੂ ਨਾਮਕ ਯੋਧਾ ਤੋਂ ਚੱਲਿਆ ਹੈ. ਦੇਖੋ, ਫੂਲ ਵੰਸ਼.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿੱਧੂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਿੱਧੂ :  ਇਹ ਜੱਟਾਂ ਦਾ ਇਕ ਪ੍ਰਸਿੱਧ ਗੋਤ ਹੈ ਜਿਸਦਾ ਮੂਲ ਭੱਟੀ ਰਾਜਪੂਤਾਂ ਨੂੰ ਮੰਨਿਆ ਜਾਂਦਾ ਹੈ ਅਤੇ ਪੰਜਾਬ ਵਿਚ ਗਿਣਤੀ ਪੱਖੋਂ ਇਹ ਪਹਿਲੇ ਨੰਬਰ ਤੇ ਆਉਦਾ ਹੈ। ਯਾਦਵ ਬੰਸੀ ਹੋਣ ਕਾਰਨ ਇਹ ਆਪਣਾ ਪਿਛੋਕੜ ਸ੍ਰੀ ਕ੍ਰਿਸ਼ਨ ਜੀ ਨਾਲ ਜੋੜਦੇ ਹਨ। ਸ੍ਰੀ ਕ੍ਰਿਸ਼ਨ ਜੀ ਦੀ ਕਰਮਵੀਰ ਔਲਾਦ ਸਮੁੱਚੇ ਭਾਰਤ ਵਿਚ ਫੈਲ ਗਈ ਅਤੇ ਇਸੇ ਨਸਲ ਦੀ ਇਕ ਸ਼ਾਖ ਸਿੱਧੂ ਬਰਾੜ ਬੰਸ ਹੈ। ਸਿੱਧੂ ਨਾਲ ਰਾਜਪੂਤ ਤੇ ਜੱਟ ਨਸਲਾਂ ਦੀ ਸਾਂਝ ਤੋਂ ਉਪਜੀ ਹੈ ਅਰਥਾਤ ਇਨ੍ਹਾਂ ਦੇ ਦਾਦਕੇ ਰਾਜਪੂਤ ਅਤੇ ਨਾਨਕੇ ਜੱਟ ਸਨ। ਪੁਰਾਣੇ ਸਮੇਂ ਵਿਚ ਭੱਟੀ ਰਾਜਪੂਤਾਂ ਦਾ ਰਾਜ ਮਥੁਰਾ ਤੋਂ ਗਜ਼ਨੀ ਤਕ ਸੀ। ਬਹੁਤ ਸਮੇਂ ਬਾਅਦ ਬੁਖਾਰੇ ਦੇ ਬਾਦਸ਼ਾਹ ਨੇ ਗਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ ਅਤੇ ਇਹ ਭਟਨੇਰ ਦੇ ਵਿਚ ਆਬਾਦ ਹੋ ਗਏ। ਇਨ੍ਹਾਂ ਵਿਚੋ ਇਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ ਜਿਸ ਦੀ ਬੰਸ ਵਿਚ ਜੈਸਲ ਭੱਟੀ ਬਹੁਤ ਪਰਤਾਪੀ ਰਾਜਾ ਹੋਇਆ। ਇਸ ਨੇ ਜੈਸਲਮੇਰ ਸ਼ਹਿਰ ਵਸਾਇਆ। ਜੈਸਲ ਭੱਟੀ ਦੀ ਛੇਵੀਂ ਪੀੜੀ ਵਿਚ ਖੀਵਾ ਰਾਓ ਹੋਇਆ ਜਿਸ ਦੀ ਰਾਜਪੂਤ ਪਤਨੀ ਤੋਂ ਕੋਈ ਪੁੱਤਰ ਨਾ ਹੋਇਆ ਅਤੇ ਉਸ ਨੇ ਸਰਾਉ ਜੱਟਾਂ ਦੀ ਕੁੜੀ ਨਾਲ ਵਿਆਹ ਕਰ ਲਿਆ। ਭੱਟੀ ਭਾਈਚਾਰੇ ਨੇ ਉਸ ਨੂੰ ਖੀਵਾ ਖੋਟਾ ਕਹਿ ਕੇ ਤਿਆਗ ਦਿੱਤਾ। ਲਗਭਗ 1250 ਈ. ਵਿਚ ਉਸ ਦੇ ਘਰ ਸਿੱਧੂ ਰਾਓ ਦਾ ਜਨਮ ਹੋਇਆ ਜਿਸ ਦੇ ਨਾਂ ਤੋਂ ਸਿੱਧੂ ਗੋਤ ਚਲਿਆ। ਸਿੱਧੂ ਰਾਓ ਦਾ ਵਿਆਹ ਵੀ ਗਿੱਲ ਜੱਟਾਂ ਦੀ ਕੁੜੀ ਨਾਲ ਹੋਇਆ। ਜਿਸ ਤੋਂ ਉਸ ਦੇ ਛੇ ਪੁੱਤਰ ਹੋਏ। ਇਸ ਤਰ੍ਹਾਂ ਸਿੱਧੂ ਰਾਓ ਦੀ ਬੰਸ ਵੀ ਜੱਟ ਬਰਾਦਰੀ ਵਿਚ ਰਲ ਗਈ। ਸਿੱਧੂ ਰਾਓ ਦੇ ਪੁੱਤਰ ਦਾਹੜ ਦੀ ਔਲਾਦ ਕੈਥਲ, ਝੁੰਬੇ ਆਦਿ ਵਾਲੇ ਭਾਈ ਕੇ ਹਨ: ਧਨ ਦੀ ਔਲਾਦ ਪਾਰਕੋਟੀਏ ਹਨ; ਰੂਪ ਦੀ ਔਲਾਦ ਰੋਸੇ ਸਿੱਧੂ-ਪਿੰਡ ਟਹਿਣਾ (ਜ਼ਿਲ੍ਹਾ ਫ਼ਰੀਦਕੋਟ ) ਵਿਚ ਹੈ; ਸੁਰੋ ਦੀ ਔਲਾਦ ਮਹਿਰਮੀਏ ਸਿੱਧੂ ਹਨ; ਮਾਣੋ ਜੀ ਬੰਸ ਮਲਕਾਣੇ ਤੇ ਨੌਰੰਗ ਆਦਿ ਪਿੰਡਾਂ ਵਿਚ ਹੈ; ਛੇਵੇਂ ਪੁੱਤਰ ਭੂਰੇ ਦੀ ਬੰਸ ਵਿਚ ਹਰੀਕੇ ਤੇ ਬਰਾੜ ਸਿੱਧੂ ਹਨ। ਸਿੱਧੂ ਦੇ ਇਕ ਪੁੱਤਰ ਦੀ ਬੰਸ ਦਲਿਤਾਂ ਨਾਲ ਰਿਸ਼ਤੇਦਾਰੀ ਪਾ ਕੇ ਹਰੀਜਨਾਂ ਵਿਚ ਰਲ ਗਈ ਜਿਸ ਕਾਰਨ ਇਹ ਗੋਤ ਨਾਈਆਂ ਅਤੇ ਮਜ੍ਹਬੀ ਸਿੱਖਾਂ ਵਿਚ ਵੀ ਮਿਲਦਾ ਹੈ।

        ਸਿੱਧ ਤੋਂ ਦਸਵੀਂ ਪੀੜੀ ਤੇ ਬਰਾੜ ਹੋਇਆ ਜਿਹੜਾ ਵੱਡਾ ਧਾੜਵੀ ਅਤੇ ਸੂਰਬੀਰ ਸੀ। ਇਸ ਨੇ ਭੱਟੀਆਂ ਨੂੰ ਹਰਾ ਕੇ ਬਠਿੰਡੇ ਦੇ ਇਲਾਕੇ ਤੇ ਦੁਬਾਰਾ ਕਬਜ਼ਾ ਕਰ ਲਿਆ ਅਤੇ ਦਿੱਲੀ ਸਰਕਾਰ ਵਿਰੁੱਧ ਵੀ ਬਗਾਵਤ ਕੀਤੀ। ਇਕ ਵਾਰ ਸਿੱਧੂ ਬਰਾੜਾਂ ਨੇ ਤੈਮੂਰ ਨੂੰ ਟੋਹਾਣੇ ਇਲਾਕੇ ਵਿਚ ਲੁਟਿਆ। ਇਨ੍ਹਾਂ ਦੇ ਪਰਿਵਾਰ ਲੁਟਮਾਰ ਕਰ ਕੇ ਝਾੜਾਂ ਵਿਚ ਲੁਕ ਜਾਂਦੇ। ਤੈਮੂਰ ਨੇ ਗੁੱਸੇ ਵਿਚ ਆ ਕੇ ਸਾਰੇ ਝਾੜ ਤੇ ਕਰੀਰ ਵਢਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਹੋਠੋਂ ਭੋਰਿਆਂ ਵਿਚੋਂ ਸਿੱਧੂ ਬਰਾੜ, ਪਰਿਵਾਰ ਸਮੇਂ ਨਿਕਲਦੇ। ਉਸ ਸਮੇਂ ਇਕ ਕਹਾਵਤ ਪ੍ਰਚਲਿਤ ਹੋਈ ਸੀ, ਕਿ 'ਇਕ ਝਾੜ ਵਢਿਆ, ਸੌ ਸਿੱਧੂ ਕਢਿਆ।'

        ਦੇਸ਼-ਵੰਡ ਤੋਂ ਪਹਿਲਾਂ ਵੀ ਇਸ ਬੰਸ ਦਾ ਮੂਲ ਸਥਾਨ ਮਾਲਵਾ ਰਿਹਾ ਹੈ ਜਿਥੇ ਹੁਣ ਵੀ ਇਹ ਭਾਰੀ ਗਿਣਤੀ ਵਿਚ ਵਸਦੇ ਹਨ। ਸਿੱਧੂ ਬਰਾੜਾਂ ਦੀਆਂ ਪੰਜ ਇਤਿਹਾਸਕ ਰਿਆਸਤਾਂ ਪਟਿਆਲਾ, ਨਾਭਾ, ਜੀਂਦ, ਕੈਥਲ ਅਤੇ ਫ਼ਰੀਦਕੋਟ ਸਨ। ਇਸ ਬੰਸ ਵਿਚੋਂ ਬਾਬਾ ਆਲਾ ਸਿੰਘ ਸੰਤ ਸਿਪਾਹੀ ਹੋਣ ਕਰ ਕੇ, ਮਹਾਰਾਜਾ ਹੀਰਾ ਸਿੰਘ (ਨਾਭਾ) ਉਦਾਰ ਅਤੇ ਪਰਉਪਕਾਰੀ ਭਾਵਨਾ ਕਰ ਕੇ ਅਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਕੌਮੀ ਅਣਖ਼ ਅਤੇ ਗ਼ੈਰਤ ਕਰ ਕੇ ਪੰਜਾਬ ਦੇ ਇਤਿਹਾਸ ਵਿਚ ਅਮਰ ਪਦਵੀਆਂ ਦੇ ਮਾਲਕ ਹਨ।

        ਸਿੰਧੂ ਬਰਾੜ ਹੁਣ ਲਗਭਗ ਸਾਰੀ ਦੁਨੀਆਂ ਵਿਚ ਹੀ ਫ਼ੈਲੇ ਹੋਏ ਹਨ ਅਤੇ ਪੰਜਾਬ ਵਿਚ ਸਾਰੇ ਜੱਟਾਂ ਨਾਲੋਂ ਇਨ੍ਹਾਂ ਦੀ ਗਿਣਤੀ ਸਭ ਤੋਂ ਵੱਧ ਹੈ। ਸੰਨ 1991 ਦੀ ਜਨਗਣਨਾ ਅਨੁਸਾਰ ਇਨ੍ਹਾਂ ਦੀ ਕੁੱਲ ਗਿਣਤੀ ਲਗਭਗ 30 ਲੱਖ ਸੀ।

        ਇਸ ਗੋਤ ਦੇ ਜੱਟ ਭਾਵੇਂ ਹੁਣ ਹਰ ਤਰ੍ਹਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿਚ ਕੰਮ ਕਰ ਰਹੇ ਹਨ ਪਰ ਮੁੱਖ ਤੌਰ ਤੇ ਇਨ੍ਹਾਂ ਦਾ ਕਿੱਤਾ ਫ਼ੌਜੀ ਸੇਵਾ ਅਤੇ ਖੇਤੀਬਾੜੀ ਹੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-03-18-38, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ.; ਗ. ਟ੍ਰਾ. ਕਾ. : 421; ਜ. ਦ. ਇ. (ਜੱਟਾ ਇਤਿਹਾਸ)– ਹੁਸ਼ਿਆਰ ਸਿੰਘ ਦੁਲੇਹ : 31-36

ਵਿਚਾਰ / ਸੁਝਾਅ

ਸਿੱਧੂ ਗੋਤ ਬਾਰੇ ਬਹਿਤ ਵਧੀਆ ਜਾਣਕਾਰੀ ਦਿੱਤੀ ਹੈ ਜੀ , ਏਸ ਦੇ ਵਿੱਚ ਸਿੱਧ ਤਿਲਕ ਰਾਉ ਜੀ ਦਾ ਜਿਕਰ ਨਹੀ ਕੀਤਾ ਗਿਆ ਹੈ ਜੀ । ਸਿੱਧ ਤਿਲਕ ਰਾਉ ਜੀ ਦੀ ਸਮਾਧ ਬਣੀ ਹੋਈ ਹੈ ਜੀ ਪਿੰਡ ਚੱਕ ਦਾਨੇਕਾ ਗਿੱਦੜਬਾਹਾ ਤਹਿਸੀਲ ਜਿਲਾ ਸ਼੍ਰੀ ਮੁਕੱਤਸਰ ਸਾਹਿਬ ਵਿਖੇ।


Gurpreet Singh Sidhu, ( 2020/06/30 02:4819)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.