ਸਫ਼ਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਫ਼ਾਈ [ ਨਾਂਇ ] ਸਾਫ਼ ਹੋਣ ਦਾ ਭਾਵ; ਸੁੱਧਤਾ; ਇਮਾਨਦਾਰੀ , ਬੇਗੁਨਾਹੀ , ਨਿਰਦੋਸ਼ ਹੋਣ ਦਾ ਭਾਵ; ਬਰਬਾਦੀ; ਚਲਾਕੀ , ਹਥਫੇਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਫ਼ਾਈ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Defence _ ਸਫ਼ਾਈ : ਸ਼ਿਕਾਇਤਕਾਰ ਦੀ ਸ਼ਿਕਾਇਤ ਦੀ ਸਚਾਈ ਜਾਂ ਜਾਇਜ਼ਤਾ ਤੋਂ ਇਨਕਾਰ ।

 

            ਸਫ਼ਾਈ ਦਾ ਮਤਲਬ ਅਜਿਹੇ ਕੰਮ ਤੋਂ ਹੈ ਜੋ ਇਕ ਵਿਅਕਤੀ ਉਸ ਦੇ ਖਿਲਾਫ਼ ਦਾਇਰ ਕੀਤੀਆਂ ਕਾਰਵਾਈਆਂ ਦੇ ਪਰਿਣਾਮ ਤੋਂ ਬਚਣ ਲਈ ਕਰਦਾ ਹੈ ।

Defence , dilatory_ ਵਿਲੰਬਕਾਰੀ ਸਫ਼ਾਈ , ਅਗਲੇਰੀ ਕਾਰਵਾਈ ਰੋਕਣ ਲਈ ਤਕਨੀਕੀ ਇਤਰਾਜ਼ ਉਠਾਏ ਜਾਣ ਤਾਂ ਉਸ ਨੂੰ ਵਿਲੰਬਕਾਰੀ ਸਫ਼ਾਈ ਕਿਹਾ ਜਾਂਦਾ ਹੈ । ਇਸ ਤਰ੍ਹਾਂ ਦੀ ਸਫ਼ਾਈ ਵਿਚ ਮਾਮਲੇ ਦੇ ਗੁਣ ਔਗੁਣਾਂ ਦੇ ਆਧਾਰ ਤੇ ਗੱਲ ਨਹੀਂ ਕੀਤੀ ਜਾਂਦੀ ।

Defence , Pre-emptory_

            ਮੁਦਾਲੇ ਦੁਆਰਾ ਮੁਦਈ ਦੇ ਦਾਅਵੇ ਜਾਂ ਸ਼ਿਕਾਇਤ ਦੀ ਸਚਾਈ ਜਾਂ ਜਾਇਜ਼ਤਾ ਤੋਂ ਇਨਕਾਰ ।

 


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਫ਼ਾਈ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਫ਼ਾਈ : ਸਫ਼ਾਈ ਤੋਂ ਭਾਵ ਸਰੀਰ ਅਤੇ ਚੌਗਿਰਦੇ ਨੂੰ ਰੋਗਾਣੂ ਤੇ ਜੀਵਾਣੂ ਰਹਿਤ ਰਖਣਾ ਹੈ । ਸਫ਼ਾਈ ਦਾ ਸਿਹਤ ਨਾਲ ਡੂੰਘਾ ਸੰਬੰਧ ਹੈ । ਸਫ਼ਾਈ ਨਾਲ ਆਦਮੀ ਦੀ ਉਮਰ ਵਧਦੀ ਹੈ ।

                  ਪਿੰਡੇ ਦੇ ਸਫ਼ਾਈ ਇਸ਼ਨਾਨ ਨਾਲ ਹੁੰਦੀ ਹੈ । ਇਸ਼ਨਾਨ ਸਮੇਂ ਹਰ ਅੰਗ ਦੀ ਸਫ਼ਾਈ ਕਰਨੀ ਚਾਹੀਦੀ ਹੈ । ਅੱਖਾਂ ਚਿਹਰੇ ਦਾ ਪ੍ਰਮੁੱਖ ਅੰਗ ਹਨ । ਸਵੱਛ ਪਾਣੀ ਨਾਲ ਧੋਤਿਆਂ ਇਹ ਸਾਫ਼ ਹੁੰਦੀਆਂ ਹਨ । ਅੱਖਾਂ ਤੇ ਮੂੰਹ ਪੂੰਝਣ ਵਾਲਾ ਤੌਲੀਆ ਜਾਂ ਰੁਮਾਲ ਹਰ ਵਿਅਕਤੀ ਦਾ ਵੱਖਰਾ ਵੱਖਰਾ ਹੋਣਾ ਚਾਹੀਦਾ ਹੈ । ਸਾਂਝੇ ਤੌਲੀਏ ਦੀ ਵਰਤੋਂ ਨਾਲ ਇਕ ਬੰਦੇ ਦੀ ਲਾਗ , ਦੂਜੇ ਦੀਆਂ ਅੱਖਾਂ ਤਕ ਪਹੁੰਚ ਕੇ ਉਸ ਨੂੰ ਬਿਮਾਰ ਕਰ ਦਿੰਦੀ ਹੈ । ਇਵੇਂ ਹੀ ਕੁਕਰਿਆਂ ਦੀ ਲਾਗ ਇਕ ਦੂਜੇ ਤੋਂ ਅੱਗੇ ਅੱਗੇ ਵਧਦੀ ਜਾਂਦੀ ਹੈ ਅਤੇ ਸਾਰੇ ਪਰਿਵਾਰ ਦੀ ਬੀਮਾਰੀ ਦਾ ਕਾਰਨ ਬਣ ਜਾਂਦੀ ਹੈ । ਨੱਕ ਪੂੰਝਣ ਵਾਲੇ ਰੁਮਾਲ ਨਾਲ ਅੱਖਾਂ ਨੂੰ  ਸਾਫ਼ ਨਹੀਂ ਕਰਨਾ ਚਾਹੀਦਾ ।

                  ਨੱਕ ਤੋਂ ਵਗਦੇ ਮਵਾਦ ਵਿਚ ਸੋਜ ਦੇ ਰੋਗਾਣੂ ਤੇ ਵਾਇਰਸ ਹੁੰਦੇ ਹਨ । ਨੱਕ ਸਾਫ਼ ਕਰਨ ਵੇਲੇ ਗੰਦੇ ਮਵਾਦ ਦੇ ਕਣ ਆਲੇ-ਦੁਆਲੇ ਦੀ ਪੌਣ ਵਿਚ ਫੈਲ ਜਾਂਦੇ ਹਨ ਅਤੇ ਸਾਹ ਰਾਹੀਂ ਅੰਦਰ ਜਾ ਕੇ ਨੱਕ , ਗਲ ਤੇ ਸਾਹ-ਪ੍ਰਣਾਲੀ ਵਿਚ ਸੋਜ ਪੈਦਾ ਕਰ ਦਿੰਦੇ ਹਨ । ਨੱਕ ਸਾਫ਼ ਕਰਨ ਲਈ ਹਰੇਕ ਨੂੰ ਆਪਣਾ ਵੱਖਰਾ ਰੁਮਾਲ ਵਰਤਣਾ ਚਾਹੀਦਾ ਹੈ । ਇਸ਼ਨਾਨ ਵੇਲੇ ਇਸ ਨੂੰ ਗਰਮ ਪਾਣੀ ਨਾਲ ਧੋ ਲੈਣਾ ਉਚਿਤ ਹੈ ।

                  ਥਾਂ ਥਾਂ ਥੁਕਣ ਦੀ ਕਿਰਿਆ ਵੀ ਆਲੇ-ਦੁਆਲੇ ਦੀ ਪੌਣ ਨੂੰ ਰੋਗਾਣੂਆਂ ਨਾਲ ਪਲੀਤ ਕਰਦੀ ਹੈ । ਧੁੱਪ ਨਾਲ ਰੋਗਾਣੂ ਮਰਦੇ ਹਨ ਪਰ ਛਾਂ ਵਿਚ ਥੁਕ ਥੁਕ ਕੇ ਇਸ ਦੇ ਜੀਵਾਣੂ ਹਵਾ ਤੇ ਧੂੜ ਵਿਚ ਰਲਦੇ ਹਨ । ਇਸੇ ਲਈ ਧੂੜ ਨਾਲ ਸਾਹ ਦੀਆਂ ਬਿਮਾਰੀਆਂ ਛੇਤੀ ਫੈਲਦੀਆਂ ਹਨ ।

                  ਮੂੰਹ ਦੀ ਸਫ਼ਾਈ ਹਰ ਬੰਦੇ ਦਾ ਪਰਮ ਧਰਮ ਹੈ । ਕੁਝ ਖਾਣ ਤੋਂ ਪਹਿਲਾਂ ਤੇ ਪਿਛੋਂ ਕੁਰਲੀ ਕਰਨ ਦੀ ਆਦਤ ਬਹੁਤ ਚੰਗੀ ਹੈ । ਸਵੇਰੇ ਤੇ ਰਾਤੀਂ ਦੰਦਾਂ ਨੂੰ ਮੰਜਨ ਨਾਲ ਮਾਂਜਿਆ ਜਾਵੇ । ਉਂਗਲੀ ਨਾਲ ਮਸੂੜਿਆਂ ਦੀ ਮਾਲਸ਼ ਕਰਨੀ ਚਾਹੀਦੀ ਹੈ । ਇਸ ਤਰ੍ਹਾਂ ਕਰਨ ਨਾਲ ਦੰਦਾਂ ਨੂੰ ਕੀੜਾ ਨਹੀਂ ਲਗਦਾ , ਮਸੂੜਿਆਂ ਵਿਚ ਪਾਕ ( ਪਾਇਓਰੀਆ ) ਨਹੀਂ ਪੈਂਦੀ । ਮੂੰਹ ਦੀ ਸਫ਼ਾਈ ਨਾਲ ਸਾਰੀ ਪਾਚਨ-ਪ੍ਰਣਾਲੀ ਅਰੋਗ ਰਹਿੰਦੀ ਹੈ ।

                  ਕੰਨਾਂ ਦੀ ਅੰਦਰਲੀ ਸਫ਼ਾਈ ਤਾਂ ਕੁਦਰਤ ਆਪ ਕਰਦੀ ਹੈ ਅਤੇ ਕੰਨਾਂ ਦੀ ਮੈਲ ਆਪ ਮੁਹਾਰੇ ਹੌਲੀ ਹੌਲੀ ਬਾਹਰ ਆਉਂਦੀ ਰਹਿੰਦੀ ਹੈ । ਜੇ ਕਦੇ ਕਦਾਈਂ ਇਹ ਮੈਲ ਅੰਦਰ ਜੰਮ ਜਾਵੇ ਤਾਂ ਥੋੜ੍ਹਾ ਜਿਹਾ ਤੇਲ ਕੰਨਾਂ ਵਿਚ ਪਾਉਣ ਨਾਲ ਇਹ ਮੈਲ ਘੁਲ ਕੇ ਬਾਹਰ ਨਿਕਲ ਆਉਂਦੀ ਹੈ । ਕੰਨਾਂ ਵਿਚੋਂ ਮੈਲ ਕੰਢਣ ਲਈ ਤੀਲਾ ਨਹੀਂ ਵਰਤਣਾ ਚਾਹੀਦਾ ।

                  ਹੱਥਾਂ ਦੀ ਸਫ਼ਾਈ ਖ਼ਾਸ ਧਿਆਨ ਮੰਗਦੀ ਹੈ । ਹੱਥਾਂ ਦੇ ਨਹੁੰ ਕੱਟ ਕੇ ਰਖਣੇ ਚਾਹੀਦੇ ਹਨ । ਨਹੁੰਆਂ ਵਿਚ ਫਸੀ ਮੈਲ ਨਾਲ ਖਾਣਾ ਖਾਣ ਸਮੇਂ ਸਰੀਰ ਅੰਦਰ ਰੋਗਾਣੂ ਦਾਖ਼ਲ ਹੋ ਜਾਂਦੇ ਹਨ । ਭੋਜਨ ਖਾਣ ਤੋਂ ਪਹਿਲਾਂ ਤੇ ਪਿਛੋਂ , ਗੰਦ ਮੰਦ ਨੂੰ ਹੱਥ ਲਾਉਣ ਮਗਰੋਂ ਅਤੇ ਹੱਥ-ਪਾਣੀ ਕਰਨ ਪਿਛੋਂ ਹੱਥਾਂ ਨੂੰ ਸਾਬਣ ਨਾਲ ਧੋਣਾ ਜ਼ਰੂਰੀ ਹੈ ।

                  ਮਨੁੱਖ ਦੀ ਚਮੜੀ ਵਿਚ ਅਣਗਿਣਤ ਮੁਸਾਮ ਹਨ । ਇਹ ਸਰੀਰ ਅੰਦਰਲੀ ਮੈਲ ਨੂੰ ਖਾਰਜ ਕਰਦੇ ਹਨ । ਇਨ੍ਹਾਂ ਮੁਸਾਮਾਂ ਨੂੰ ਚੰਗੀ ਤਰ੍ਹਾਂ ਸਾਫ਼ ਰਖਿਆ ਜਾਵੇ ਤਦ ਇਹ ਆਪਣਾ ਕੰਮ ਨਿਰਵਿਘਨ ਨਿਭਾਉਂਦੇ ਰਹਿੰਦੇ ਹਨ । ਮਿੱਟੀ ਘੱਟੇ ਤੇ ਗੰਦੀਆਂ ਥਾਵਾ ਵਿਚ ਕਿਰਤ ਕਰਨ ਵਾਲੇ ਬੰਦੇ ਨੂੰ ਇਸ਼ਨਾਨ ਵੇਲੇ ਸਾਬਣ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ । ਸਰੀਰ ਦੀ ਸਫ਼ਾਈ ਅੰਦਰ ਕੇਸਾਂ ਦੀ ਸਫ਼ਾਈ ਵੀ ਸ਼ਾਮਲ ਹੈ । ਹਫ਼ਤੇ ਵਿਚ ਇਕ ਦੋ ਵਾਰ ਕੇਸ ਸਾਬਣ ਜਾਂ ਰੀਠਿਆਂ ਨਾਲ ਧੋਤੇ ਜਾਣ ਤਾਂ ਬਹੁਤ ਚੰਗਾ ਹੈ ।

                  ਸਰੀਰ ਨੂੰ ਸਾਫ਼ ਰਖਣ ਮਗਰੋਂ ਕਪੜਿਆ ਦੀ ਸਫ਼ਾਈ ਜ਼ਰੂਰੀ ਹੈ । ਅੰਦਰੂਨੀ ਚਮੜੀ ਨਾਲ ਲੱਗੇ ਰਹਿਣ ਵਾਲੇ ਵਸਤਰਾਂ ਦੀ ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ । ਅਜਿਹੇ ਕਪੜੇ ਸੂਤੀ ਤੇ ਚਿੱਟੇ ਹੋਣ ਤਾਂ ਚੰਗਾ ਹੈ ।

                  ਪਹਿਨਣ ਵਾਲੇ ਕਪੜਿਆਂ ਤੋਂ ਛੁੱਟ ਬਿਸਤਰਾ ਵੀ ਸਾਫ਼ ਰਖਣਾ ਚਾਹੀਦਾ ਹੈ । ਜੂੰਆਂ ਮੈਲੇ ਤੇ ਗੰਦੇ ਕਪੜਿਆਂ ਵਿਚ ਪੈਂਦੀਆਂ ਹਨ , ਜੋ ਨਾ ਸਿਰਫ਼ ਖਾਜ ਹੀ ਪੈਦਾ ਕਰਦੀਆਂ ਹਨ , ਸਗੋਂ ਕਈ ਰੋਗਾਂ ਦਾ ਵੀ ਕਾਰਨ ਬਣਦੀਆਂ ਹਨ ਜਿਵੇਂ ਕਿ ਚਮੜੀ ਦੀ ਇਕ ਬਿਮਾਰੀ ਸਕੇਬੀਜ਼ ਹੈ । ਜਰਾਸੀਮ ਵੀ ਕਪੜਿਆਂ ਦੀਆਂ ਸੀਊਣਾਂ ਵਿਚ ਲੁਕੇ ਰਹਿੰਦੇ ਹਨ ।

                  ਮੁੱਖੀ ਰੋਗ-ਲਾਗ ਫੈਲਾਉਂਦੀ ਹੈ । ਇਸ ਲਈ ਖਾਣ ਪੀਣ ਵਾਲੀ ਚੀਜ਼ ਸਦਾ ਢੱਕ ਕੇ ਰਖਣੀ ਚਾਹੀਦੀ ਹੈ । ਮੱਛਰ ਨਾਲ ਮਲੇਰੀਆ ਤੇ ਫਲੇਰੀਆ ਫੈਲਦਾ ਹੈ । ਖੁਲ੍ਹੀਆਂ ਨਾਲੀਆਂ ਤੇ ਟੋਇਆਂ ਵਿਚ ਗੰਦਾ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਤਾਂ ਜੋ ਮੱਛਰਾਂ ਨੂੰ ਪਲਰਨ ਦਾ ਮੌਕਾ ਹੀ ਨਾ ਮਿਲੇ ।

                  ਘਰ ਦਾ ਗੰਦਾ ਪਾਣੀ , ਬੰਦ ਢਕੀਆਂ ਹੋਈਆਂ ਨਾਲੀਆਂ ਥਾਣੀ ਬਾਹਰ ਜਾਣਾ ਚਾਹੀਦਾ ਹੈ । ਮੱਲ ਮੂਤਰ ਨੂੰ ਸਾਂਭਣ ਲਈ ਫਲੱਸ਼ ਸਿਸਟਮ ਸਭ ਤੋਂ ਚੰਗਾ ਸਾਧਨ ਹੈ । ਪਿੰਡਾਂ ਤੇ ਮੇਲਿਆਂ ਵਿਚ ਪਾਣੀ ਵਾਲੀਆਂ ਟੱਟੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਬਿਹਤਰ ਹੈ । ਖੁਲ੍ਹੇ ਖੇਤਾਂ ਵਿਚ ਟੱਟੀ ਜਾਣ ਨਾਲ ਪੇਂਡੂਆਂ ਅੰਦਰ ਮਲ੍ਹਪਾਂ ਦੀ ਬਿਮਾਰੀ ਫੈਲਦੀ ਹੈ ।

                  ਵਗਦੇ ਪਾਣੀ ਤੇ ਕੰਢੇ ਹਾਜਤ ਰਫਾ ਕਰਨ ਦੀ ਆਦਤ ਬਹੁਤ ਹੀ ਮਾੜੀ ਹੈ । ਟੱਟੀਆਂ ਦਾ ਪ੍ਰਬੰਧ ਹਮੇਸ਼ਾਂ ਪਾਣੀ ਦੇ ਸੋਮੇ ਤੋਂ ਬਹੁਤ ਦੂਰ ਹੋਣਾ ਚਾਹੀਦਾ ਹੈ ।

                  ਸਵੱਛ ਪੌਣ ਤੇ ਸਾਫ਼ ਪਾਣੀ ਹਰ ਪ੍ਰਾਣੀ ਦਾ ਕੁਦਰਤੀ ਹੱਕ ਹੈ । ਪੌਣ ਤੇ ਪਾਣੀ ਨੂੰ ਪਵਿਤਰ ਰਖਣ ਲਈ ਸਾਂਝੇ ਯਤਨਾਂ ਦੀ ਲੋੜ ਹੈ । ਇਹ ਤਾਂ ਹੀ ਸੰਭਵ ਹੈ ਜੇ ਹਰ ਵਿਅਕਤੀ ਸਫ਼ਾਈ ਦੇ ਨਿਯਮਾਂ ਨੂੰ ਜਾਣੇ ਤੇ ਉਨ੍ਹਾਂ ਦੀ ਪਾਲਨਾ ਕਰੇ ।

                  ਡੰਗਰਾਂ ਨੂੰ ਮਨੁੱਖੀ ਵਸੋਂ ਤੋਂ ਦੂਰ ਬਣੇ ਕੋਠਿਆਂ ਵਿਚ ਰਖਣਾ ਉਚਿਤ ਹੈ । ਪਸ਼ੂ ਸਿਰਫ਼ ਪੌਣ ਹੀ ਗੰਦੀ ਨਹੀਂ ਕਰਦੇ , ਸਗੋਂ ਬਿਮਾਰੀਆਂ ਵੀ ਫੈਲਾਉਂਦੇ ਹਨ । ਡੰਗਰਾਂ ਵਾਲੇ ਮਕਾਨ ਦੀ ਸਫ਼ਾਈ ਵਸੋਂ ਵਾਲੇ ਘਰ ਵਾਂਗ ਹੀ ਜ਼ਰੂਰੀ ਹੈ । ਡੰਗਰਾਂ ਦਾ ਮਲ ਮੂਤਰ ਘਰ ਦੇ ਨੇੜੇ ਰੂੜੀਆਂ ਵਿਚ ਜਮ੍ਹਾਂ ਨਹੀਂ ਕਰਨਾ ਚਾਹੀਦਾ । ਪਸ਼ੂਆਂ ਦੇ ਮਲ ਮੂਤਰ ਨੂੰ ਸਾਂਭਣ ਲਈ ਖੇਤਾਂ ਵਿਚ ਡੂੰਘੇ ਟੋਏ ਪੁਟੇ ਜਾਣ ਤੇ ਹਰ ਵਾਰ ਉਸ ਵਿਚ ਕੂੜਾ ਸੁਟ ਕੇ ਉਸ ਨੂੰ ਮਿੱਟੀ ਨਾਲ ਢੱਕ ਦਿੱਤਾ ਜਾਵੇ । ਇਉਂ ਸੰਭਾਲੀ ਰੂੜੀ ਤੋਂ ਚੰਗੀ ਖਾਦ ਬਣਦੀ ਹੈ ।

                  ਕਿਸੇ ਰੋਗ ਨੂੰ ਫੈਲਣ ਤੋਂ ਰੋਕਣ ਲਈ ਰੋਗੀ ਦੀ ਸਫ਼ਾਈ ਵਲ ਸਾਧਾਰਨ ਤੋਂ ਵਧ ਧਿਆਨ ਦੇਣਾ ਜ਼ਰੂਰੀ ਹੈ । ਉਸ ਦੀ ਉਲਟੀ , ਥੁੱਕ ਤੇ ਮਲ ਮੂਤਰ ਨੂੰ ਖਾਣ ਪੀਣ ਦੀਆਂ ਵਸਤਾਂ ਤੋਂ ਦੂਰ ਲਿਜਾ ਕੇ ਡੂੰਘਾ ਦਬਾਉਣਾ ਜਾਂ ਜਲਾਉਣਾ ਚਾਹੀਦਾ ਹੈ । ਅਰੋਗ ਮਨੁੱਖ ਨੂੰ ਰੋਗੀ ਦੇ ਲਾਗ ਵਾਲੇ ਭਾਂਡੇ ਤੇ ਕਪੜਿਆਂ ਦੀ ਛੋਹ ਤੋਂ ਵੀ ਬਚ ਕੇ ਰਹਿਦਾ ਚਾਹੀਦਾ ਹੈ । ਇਸ ਮੰਤਵ ਲਈ ਕਿਰਮਨਾਸ਼ਕ ( ਪੋਟਾਸ਼ ਜਾਂ ਲਾਇਸੋਲ ) ਲੋਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ । ਭਾਂਡਿਆਂ ਨੂੰ ਮਾਂਜਣਾ ਅਤੇ ਕਪੜਿਆਂ ਨੂੰ ਸੁਕਾ ਕੇ ਧੋਬੀ ਨੂੰ ਦੇਣਾ ਜ਼ਰੂਰੀ ਹੈ ।


ਲੇਖਕ : ਜਸਵੰਤ ਗਿੱਲ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.