ਖ਼ੁਸ਼ਹਾਲ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ੁਸ਼ਹਾਲ ਸਿੰਘ (ਅ.ਚ. 1795): ਦਲ ਖ਼ਾਲਸਾ ਦੇ ਮੁਖੀ ਨਵਾਬ ਕਪੂਰ ਸਿੰਘ ਦੇ ਛੋਟੇ ਭਰਾ ਦਾਨ ਸਿੰਘ ਦਾ ਸੁਪੁੱਤਰ ਸੀ ਜਿਹੜਾ ਨਵਾਬ ਕਪੂਰ ਸਿੰਘ ਪਿੱਛੋਂ ਸਿੰਘਪੁਰੀਆ ਮਿਸਲ ਦਾ ਮੁਖੀ ਬਣਿਆ। ਖ਼ੁਸ਼ਹਾਲ ਸਿੰਘ ਨੇ ਆਪਣੀ ਰਿਆਸਤ ਵਿਚ ਬਹਰਾਮਪੁਰ ਅਤੇ ਨੂਰਪੁਰ ਆਦਿ ਕਈ ਸ਼ਹਿਰ ਅਤੇ ਪਰਗਣੇ ਸ਼ਾਮਲ ਕੀਤੇ ਸਨ। ਜਲੰਧਰ ਦੁਆਬ ਦੇ ਫ਼ੌਜਦਾਰ ਆਦੀਨਾ ਬੇਗ ਦੀ ਮੌਤ ਤੋਂ ਬਾਅਦ ਖ਼ੁਸ਼ਹਾਲ ਸਿੰਘ ਨੇ ਸ. ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲ ਕੇ 1759 ਵਿਚ ਦੀਵਾਨ ਬਿਸ਼ੰਭਰ ਮੱਲ ਤੇ ਹਮਲਾ ਕਰ ਦਿੱਤਾ ਅਤੇ ਜਲੰਧਰ ਅਤੇ ਕਈ ਨਾਲ ਲੱਗਦੇ ਇਲਾਕਿਆਂ ਉੱਪਰ ਕਬਜ਼ਾ ਕਰ ਲਿਆ ਸੀ। ਆਹਲੂਵਾਲੀਆ ਸਰਦਾਰ ਨੇ ਖ਼ੁਸ਼ਹਾਲ ਸਿੰਘ ਨੂੰ ਜਲੰਧਰ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਉਣ ਦੀ ਆਗਿਆ ਦੇ ਦਿੱਤੀ। ਖ਼ੁਸ਼ਹਾਲ ਸਿੰਘ ਨੇ ਕਸੂਰ ਦੇ ਪਠਾਣ ਮੁਖੀ ਤੋਂ ਹੈਬਤਪੁਰ ਅਤੇ ਪੱਟੀ ਦੇ ਪਰਗਣੇ ਖੋਹ ਲਏ ਅਤੇ ਆਪਣੇ ਪੁੱਤਰ ਬੁੱਧ ਸਿੰਘ ਦੇ ਅਧੀਨ ਕਰ ਦਿੱਤੇ ਸਨ। ਸਿੱਖਾਂ ਦੁਆਰਾ ਜਨਵਰੀ 1764 ਦੀ ਸਿਰਹਿੰਦ (ਸਰਹਿੰਦ) ਦੀ ਜਿੱਤ ਸਮੇਂ ਇਸ ਨੇ ਭਰਤਗੜ੍ਹ , ਮਛਲੀ , ਘਨੌਲੀ, ਮਨੌਲੀ ਅਤੇ ਹੋਰ ਕਈ ਪਿੰਡ ਨੂੰ ਆਪਣੀ ਲੁੱਟ ਦੇ ਹਿੱਸੇ ਵਜੋਂ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਇਹ ਆਪਣੇ ਹੋਰ ਸਿੱਖ ਸਰਦਾਰਾਂ ਨਾਲ, ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ, ਅਹਮਦ ਸ਼ਾਹ ਦੁੱਰਾਨੀ ਦੀਆਂ ਅਫ਼ਗ਼ਾਨ ਫ਼ੌਜਾਂ ‘ਤੇ ਗੁਰੀਲਾ ਹਮਲੇ ਕਰ ਦਿੰਦੇ ਸਨ। ਖ਼ੁਸ਼ਹਾਲ ਸਿੰਘ ਅਤੇ ਪਟਿਆਲੇ ਦੇ ਰਾਜਾ ਅਮਰ ਸਿੰਘ ਨੇ ਰਾਇਕੋਟ ਦੇ ਨਵਾਬ ਤੋਂ ਛੱਤ ਅਤੇ ਬਨੂੜ ਦੇ ਆਲੇ- ਦੁਆਲੇ ਦੇ 23 ਪਿੰਡ ਖੋਹ ਲਏ ਸਨ। ਜਿਨ੍ਹਾਂ ਉੱਤੇ ਇਹਨਾਂ ਦੋਹਾਂ ਦਾ ਕਾਫ਼ੀ ਦੇਰ ਸਾਂਝਾ ਕਬਜ਼ਾ ਰਿਹਾ ਸੀ। ਖ਼ੁਸ਼ਹਾਲ ਸਿੰਘ ਨੇ ਅੰਮ੍ਰਿਤਸਰ ਵਿਖੇ ਇਕ ਕਟੜਾ ਸਿੰਘਪੁਰੀਆਂ ਨਾਂ ਦਾ ਬਜ਼ਾਰ ਉਸਾਰਿਆ ਸੀ ਜਿਸ ਨੂੰ ਅੱਜ-ਕੱਲ੍ਹ ‘ਬਜ਼ਾਰ ਕਸੇਰਿਆਂ` ਕਹਿੰਦੇ ਹਨ। ਖ਼ੁਸ਼ਹਾਲ ਸਿੰਘ 1795 ਵਿਚ ਅਕਾਲ ਚਲਾਣਾ ਕਰ ਗਿਆ ਸੀ। ਇਸ ਦੇ ਬਾਰੀ ਦੁਆਬ ਇਲਾਕੇ ਵਿਚੋਂ ਦੋ ਲੱਖ, ਜਲੰਧਰ ਦੁਆਬ ਤੋਂ ਇਕ ਲੱਖ ਅਤੇ ਸਿਰਹਿੰਦ (ਸਰਹਿੰਦ) ਸੂਬੇ ਤੋਂ ਡੇਢ ਲੱਖ ਦੀ ਸਲਾਨਾ ਆਮਦਨ ਹੁੰਦੀ ਸੀ।
ਲੇਖਕ : ਸ.ਸ.ਭ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First