ਆਸਟ੍ਰੇਲੀਆ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

          ਆਸਟ੍ਰੇਲੀਆ : ਇਹ ਦੁਨੀਆ ਦਾ ਸਭ ਤੋਂ ਛੋਟਾ ਮਹਾਂਦੀਪ ਹੈ ਜਿਹੜਾ ਪ੍ਰਿਥਵੀ ਦੇ ਦੱਖਣੀ ਅਰਧ ਗੋਲੇ ਵਿਚ ਸਥਿਤ ਹੈ। ਆਸਟ੍ਰੇਲੀਆ ਦੇ ਪੂਰਬ ਵਿਚ ਸ਼ਾਂਤ ਮਹਾਂ ਸਾਗਰ ਅਤੇ ਦੱਖਣ ਵਿਚ ਦੱਖਣੀ ਹਿੰਦੀ ਮਹਾਂ ਸਾਗਰ ਹੈ। ਆਸਟ੍ਰੇਲੀਆ ਦਾ ਰਕਬਾ 7,682,300 ਵ. ਕਿ. ਮੀ. ਅਤੇ ਵਸੋਂ 17,486,300 (1992) ਹੈ। ਪੂਰਬ ਤੋਂ ਪੱਛਮ ਵੱਲ ਇਸ ਦੀ ਵੱਧ ਤੋਂ ਵੱਧ ਲੰਬਾਈ 3340 ਕਿ. ਮੀ. ਅਤੇ ਉੱਤਰ ਤੋਂ ਦੱਖਣ ਵੱਲ ਦੀ ਚੌੜਾਈ 3.152ਕਿ. ਮੀ. ਹੈ। ਇਸ ਦਾ ਸਾਹਿਲ 19,531 ਕਿ. ਮੀ. ਲੰਬਾ ਹੈ ਅਤੇ ਬਹੁਤਾ ਕਟਿਆ-ਵੱਢਿਆ ਨਹੀਂ। ਉੱਤਰ-ਪੂਰਬੀ ਸਾਹਿਲ ਦੇ ਕੋਲ ਮੂੰਗੇ ਦੀਆਂ ਚਟਾਨਾਂ ਬੜੀ ਦੂਰ ਤੱਕ ਫੈਲੀਆਂ ਹੋਈਆਂ ਹਨ, ਜੋ ਗ੍ਰੇਟ ਬੈਰੀਅਰ ਰੀਫ ਦੇ ਨਾਂ ਨਾਲ ਪ੍ਰਸਿੱਧ ਹਨ। ਕੇਨਬਗ ਇਥੋ ਦਾ ਰਾਜਧਾਨੀ-ਸ਼ਹਿਰ ਹੈ।

          ਭੂ-ਆਕ੍ਰਿਤੀ ਵਿਗਿਆਨ

          ਧਰਾਤਲ – ਆਸਟ੍ਰੇਲੀਆ ਮਹਾਂਦੀਪ ਦੀ ਕੁਦਰਤੀ ਬਣਤਰ ਹੋਰਨਾਂ ਮਹਾਂਦੀਪਾਂ ਨਾਲੋਂ ਵੱਖਰੀ ਹੈ। ਇਥੋਂ ਦਾ ਬਹੁਤਾ ਹਿੱਸਾ ਕਦੀਮ ਕਰਿਸਟਲ ਚਟਾਨਾਂ ਦਾ ਬਣਿਆ ਹੋਇਆ ਹੈ। ਟਰਸ਼ਰੀ ਯੁੱਗ ਦੀਆਂ ਵਿਸ਼ਾਲ ਪਰਬਤੀ ਰਚਨਾਤਮਕ ਸ਼ਕਤੀਆਂ ਦਾ ਆਸਟ੍ਰੇਲੀਆ ਉੱਤੇ ਅਸਰ ਨਹੀਂ ਪਿਆ, ਜਿਸ ਕਾਰਨ ਇਸ ਮਹਾਂਦੀਪ ਵਿਚ ਕੋਈ ਵੀ ਅਜਿਹੀ ਪਰਬਤਾਂ ਦੀ ਲੜੀ ਨਹੀਂ, ਜੋ ਹੋਰ ਮਹਾਂਦੀਪਾਂ ਦੀਆਂ ਹਜ਼ਾਰਾਂ ਮੀਟਰ ਉੱਚੀਆਂ ਚੋਟੀਆਂ ਦੀ ਬਰਾਬਰੀ ਕਰ ਸਕੇ। ਇਥੋਂ ਦੀ ਸਭ ਤੋਂ ਉੱਚੀ ਚੋਟੀ ਕੋਸੀਉਸਕੋ 2,232 ਮੀਟਰ ਉੱਚੀ ਹੈ। ਇਹ ਹੀ ਨਹੀਂ ਕਿ ਇਥੋਂ ਦੇ ਪਹਾੜ ਬਹੁਤੇ ਉੱਚੇ ਨਹੀਂ ਹਨ, ਇਥੋਂ ਦਾ ਮੈਦਾਨੀ ਹਿੱਸਾ ਵੀ ਇਸ ਦੇ ਸਾਰੇ ਰਕਬੇ ਦਾ ਕੇਵਲ ਇਕ ਚੌਥਾਈ ਹਿੱਸਾ ਹੈ।

          ਮਹਾਂਦੀਪ ਨੂੰ ਇਨ੍ਹਾਂ ਤਿੰਨ ਕੁਦਰਤੀ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ :-

          ਪੱਛਮੀ ਪਠਾਰ – ਇਸ ਨੇ ਮਹਾਂਦੀਪ ਦਾ ਲਗਭਗ 60 ਫ਼ੀਸਦੀ ਹਿੱਸਾ ਘੇਰਿਆ ਹੋਇਆ ਹੈ। ਆਮ ਤੌਰ ਤੇ ਇਸ ਵਿਚ 135˚ ਪੂਰਬੀ ਲੰਬਕਾਰ ਦਾ ਪੱਛਮੀ ਹਿੱਸਾ ਆਉਂਦਾ ਹੈ। ਇਥੋਂ ਦੀਆਂ ਬਹੁਤੀਆਂ ਚਟਾਨਾਂ ਪੇਲੀਉਜ਼ੋਇਕ ਤੇ ਆਰਕੀਅਨ ਯੁੱਗਾਂ ਦੀਆਂ ਹਨ ਅਤੇ ਬੜੀਆਂ ਸਖ਼ਤ ਹਨ। ਭਾਵੇਂ ਇਥੋਂ ਦੀ ਔਸਤ ਉਚਾਈ ਲਗਭਗ 300 ਮੀ. ਹੈ ਤਾਂ ਵੀ ਕੁਝ ਪਹਾੜੀਆਂ ਜਿਵੇਂ ਹੈਮਰਸਲੇ ਰੇਂਜ ਮਾਊਂਟ ਵੁੱਡਰਾਫ, ਮੈਕਡਾਨਲ ਰੇਂਜ, ਜੇਮਜ ਰੇਂਜ ਆਦਿ 900 ਮੀ. ਤੋਂ ਵਧੇਰੇ ਉੱਚੀਆਂ ਹਨ। ਵਧੇਰੇ ਖੁਸ਼ਕ ਹੋਣ ਦੇ ਕਾਰਨ ਇਸ ਦਾ ਕਾਫੀ ਹਿੱਸਾ ਰੇਤਲਾ ਹੈ। ਸਾਹਿਲ ਦੇ ਨੇੜੇ ਪਠਾਰ ਦੀ ਢਾਲ ਵਧੇਰੇ ਹੈ।

          ਵਿਚਕਾਰਲਾ ਮੈਦਾਨ – ਇਹ ਪੱਛਮੀ ਪਠਾਰ ਦੇ ਪੂਰਬ ਵੱਲ ਹੈ ਅਤੇ ਦੱਖਣ ਦੀ ਐਨਕਾਊਂਟਰ ਖਾੜੀ ਦੇ ਉੱਤਰ ਵੱਲ ਕਾਰਪੈਂਟਰੀਆ ਖਾੜੀ ਤੱਕ ਫੈਲਿਆ ਹੋਇਆ ਹੈ। ਇਸ ਵਿਚ ਮਰੇ-ਡਾਰਲਿੰਗ ਬੇਸਿਨ ਜਾਂ ਰਿਵੇਰੀਨਾ ਅਤੇ ਆਇਰ ਝੀਲ ਦਾ ਬੇਸਿਨ ਤੇ ਕਾਰਪੈਂਟਰੀਆ ਦੀ ਹੇਠਲੀ ਧਰਤੀ ਸ਼ਾਮਲ ਹਨ। ਦੱਖਣ-ਪੱਛਮ ਦੇ ਹਿੱਸੇ ਸਮੁੰਦਰੀ ਤਲ ਤੋਂ ਵੀ ਨੀਵੇਂ ਹਨ। ਆਇਰ ਝੀਲ ਤੇ ਦੂਣ ਬੇਸਿਨ ਦੇ ਦਰਿਆ ਸਮੁੰਦਰ ਤੱਕ ਨਹੀਂ ਪਹੁੰਚਦੇ ਅਤੇ ਉਨ੍ਹਾਂ ਵਿਚ ਪਾਣੀ ਹਮੇਸ਼ਾਂ ਘੱਟ ਰਹਿੰਦਾ ਹੈ। ਗਰਮੀਆਂ ਦੀ ਰੁੱਤ ਵਿਚ ਤਾਂ ਇਹ ਬਿਲਕੁਲ ਹੀ ਸੁੱਕ ਜਾਂਦੇ ਹਨ। ਮਧ ਉੱਤਰੀ ਹਿੱਸੇ ਨੂੰ ਗ੍ਰੇਟ ਆਰਟੀਜ਼ੀਅਨ ਬੇਸਿਨ ਕਹਿੰਦੇ ਹਨ। ਇਥੇ ਬਹੁਤ ਡੂੰਘੇ ਖੂਹਾਂ ਵਿਚੋਂ ਪਾਣੀ ਕੱਢਣਾ ਪੈਂਦਾ ਹੈ। ਮਰੇ-ਡਾਰਲਿੰਗ ਬੇਸਿਨ ਖਾਸ ਤੌਰ ਤੇ ਉਪਜਾਊ ਹੈ।

          ਪੂਰਬੀ ਉੱਚਾ ਹਿੱਸਾ – ਇਹ ਪੂਰਬੀ ਸਾਹਿਲ ਦੇ ਬਰਾਬਰ ਰਾਸ ਯਾਰਕ ਤੋਂ ਵਿਕਟੋਰੀਆ ਤੱਕ ਫੈਲਿਆ ਹੋਇਆ ਹੈ। ਇਹ ਸਾਹਿਲ ਤੋਂ ਸਿੱਧਾ ਉੱਠ ਕੇ ਵਿਚਕਾਰਲੇ ਹੇਠਲੇ ਹਿੱਸੇ ਵੱਲ ਨੂੰ ਹੌਲੀ ਹੌਲੀ ਢਾਲੂ ਹੁੰਦਾ ਜਾਂਦਾ ਹੈ। ਇਥੋਂ ਦੀਆਂ ਪਹਾੜੀਆਂ ਬਹੁਤੀਆਂ ਉੱਚੀਆਂ ਨਹੀਂ ਹਨ। ਭਾਵੇਂ ਇਨ੍ਹਾਂ ਨੂੰ ਗ੍ਰੇਟ ਡਿਵਾਈਡਿੰਗ ਰੇਂਜ ਕਹਿੰਦੇ ਹਨ, ਫਿਰ ਵੀ ਵੱਖ ਵੱਖ ਹਿੱਸਿਆਂ ਵਿਚ ਇਨ੍ਹਾਂ ਦੇ ਵੱਖ ਵੱਖ ਨਾਂ ਹਨ। ਨਿਊ ਸਾਊਥ ਵੇਲਜ਼ ਵਿਚ ਇਹ ਲਗਭਗ 915ਮੀ. ਤੋਂ 1200ਮੀ. ਤੱਕ ਉੱਚੀਆਂ ਅਤੇ ਬਲੀਊ ਮਾਊਂਟੇਨ ਦੇ ਨਾਂ ਨਾਲ ਮਸ਼ਹੂਰ ਹਨ। ਦੱਖਣ-ਪੂਰਬ ਵਿਚ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਮਸ਼ਹੂਰ ਹਨ। ਦੱਖਣ-ਪੂਰਬ ਵਿਚ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕੋਸੀਉਸਕੋ ਹੈ, ਜੋ 2,197 ਮੀ. ਉੱਚੀ ਹੈ। ਵਿਕਟੋਰੀਆ ਵਿਚ ਇਹ ਪਹਾੜੀਆਂ ਪੂਰਬ ਤੋਂ ਪੱਛਮ ਵੱਲ ਨੂੰ ਫੈਲੀਆਂ ਹੋਈਆਂ ਹਨ। ਇਹ ਪੱਛਮ ਵੱਲ ਨੂੰ ਨੀਵੀਆਂ ਹੁੰਦੀਆਂ ਜਾਂਦੀਆਂ ਹਨ। ਮਹਾਂਦੀਪ ਦੇ ਬਹੁਤੇ ਦਰਿਆ ਇਨ੍ਹਾਂ ਹੀ ਪਹਾੜਾਂ ਵਿਚੋਂ ਨਿਕਲਦੇ ਹਨ।

          ਜਲਵਾਯੂ – ਮੱਕਰ ਰੇਖਾ ਇਸ ਮਹਾਂਦੀਪ ਦੇ ਲਗਭਗ ਵਿਚਕਾਰੋਂ ਲੰਘਦੀ ਹੈ। ਇਸ ਕਰਕੇ ਇਸ ਦੇ ਉੱਤਰ ਦਾ ਹਿੱਸਾ ਗਰਮ ਰਹਿੰਦਾ ਹੈ। ਦੱਖਣ ਦਾ ਹਿੱਸਾ ਉੱਚੀਆਂ ਥਾਵਾਂ ਤੋਂ ਇਲਾਵਾ ਹੋਰ ਕਿਧਰੇ ਵੀ ਵਧੇਰੇ ਠੰਢਾ ਨਹੀਂ ਰਹਿੰਦਾ। ਭਾਵੇਂ ਮਹਾਂਦੀਪ ਚੌਹਾਂ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ ਫਿਰ ਵੀ ਇਥੋਂ ਦੇ ਜਲਵਾਯੂ ਨੂੰ ਇਕੋ ਜਿਹਾ ਰੱਖਣ ਵਿਚ ਸਮੁੰਦਰ ਦਾ ਅਸਰ ਬਹੁਤ ਥੋੜ੍ਹਾ ਪੈਂਦਾ ਹੈ। ਇਸ ਦਾ ਕਾਰਨ ਪੂਰਬੀ ਪਹਾੜੀ ਲੜੀਆਂ ਹਨ ਜੋ ਸਮੁੰਦਰ ਦੇ ਅਸਰ ਨੂੰ ਦੇਸ਼ ਦੇ ਵਿਚਕਾਰਲੇ ਹਿੱਸਿਆ ਵਿਚ ਨਹੀਂ ਪਹੁੰਚਣ ਦਿੰਦੀਆਂ।

          ਗਰਮ ਇਲਾਕੇ ਵਿਚ ਹੋਣ ਦੇ ਕਾਰਨ ਉੱਤਰੀ ਹਿੱਸੇ ਵਿਚ ਗਰਮੀਆਂ ਦੀ ਰੁੱਤ ਵਿਚ ਮਾਨਸੂਨ ਹਵਾਵਾਂ ਨਾਲ ਮੀਹ ਪੈਂਦਾ ਹੈ। ਉੱਤਰ-ਪੱਛਮੀ ਸਾਹਿਲ ਦੇ ਨੇੜੇ ਦੇ ਇਲਾਕਿਆਂ ਵਿਚ ਵਿਲੀ-ਵਿਲੀ ਨਾਂ ਦੇ ਸਮੁੰਦਰੀ ਵਾਵਰੋਲਿਆਂ ਦਾ ਵੀ ਅਸਰ ਪੈਂਦਾ ਹੈ। ਤੀਹ ਦਰਜੇ ਦੱਖਣੀ ਵਿਥਕਾਰ ਦੇ ਦੱਖਣ ਦਾ ਹਿੱਸਾ ਸਰਦੀ ਦੇ ਮੌਸਮ ਵਿਚ ਪੱਛਮੀ ਹਵਾਵਾਂ ਦੇ ਰਸਤੇ ਵਿਚ ਆ ਜਾਂਦਾ ਹੈ। ਇਨ੍ਹਾਂ ਹਵਾਵਾਂ ਨਾਲ ਮੀਂਹ ਵੀ ਪੈਂਦਾ ਹੈ। ਇਸ ਲੜੀ ਦੇ ਦੱਖਣ-ਪੱਛਮੀ ਹਿੱਸੇ ਵਿਚ ਜਲਵਾਯੂ ਰੂਮ ਸਾਗਰੀ ਹੈ। ਪੂਰਬੀ ਸਾਹਿਲ ਉੱਤੇ ਮੀਂਹ ਲਗਭਗ ਸਾਰਾ ਸਾਲ ਪੈਂਦਾ ਰਹਿੰਦਾ ਹੈ ਪਰ ਮਹਾਂਦੀਪ ਦਾ ਵਿਚਲਾ ਹਿੱਸਾ ਵਧੇਰੇ ਗਰਮ ਹੈ ਅਤੇ ਮੀਂਹ ਵੀ 25 ਸੈਂ. ਮੀ. ਤੋ ਘੱਟ ਪੈਂਦਾ ਹੈ, ਇਸ ਕਾਰਨ ਇਹ ਹਿੱਸਾ ਮਾਰੂਥਲ ਬਣ ਗਿਆ ਹੈ। ਸੰਸਾਰ ਦੇ ਕਿਸੇ ਵੀ ਮਹਾਂਦੀਪ ਵਿਚ ਪਾਣੀ ਦੀ ਇੰਨੀ ਥੁੜ੍ਹ ਨਹੀਂ ਹੈ, ਜਿੰਨੀ ਕਿ ਆਸਟ੍ਰੇਲੀਆ ਵਿਚ ਹੈ। ਦੱਖਣ-ਪੱਛਮੀ ਹਿੱਸੇ ਅਤੇ ਆਰਨਹੈਮਲੈਂਡ ਤੋਂ ਸਿਵਾ ਪੂਰਬੀ ਆਸਟ੍ਰੇਲੀਆ ਹੀ ਅਜਿਹਾ ਹਿੱਸਾ ਹੈ ਜਿੱਥੇ ਮੀਂਹ 63.5 ਸੈਂ. ਮੀ. ਜਾਂ ਇਸ ਤੋਂ ਵਧੇਰੇ ਪੈਂਦਾ ਹੈ। ਬੈਲੇਂਡਰਨਕਰ ਹਿਲਜ਼ ਜੋ 1,500ਮੀ. ਉੱਚੀ ਹੈ, ਉੱਤੇ ਮਹਾਂਦੀਪ ਦੀ ਸਭ ਤੋਂ ਵਧੇਰੇ ਵਰਖਾ ਹੁੰਦੀ ਹੈ।

          ਦੱਖਣੀ ਅਰਧ-ਗੋਲੇ ਵਿਚ ਹੋਣ ਦੇ ਕਾਰਨ ਆਸਟ੍ਰੇਲੀਆ ਵਿਚ ਜਨਵਰੀ ਤੇ ਫ਼ਰਵਰੀ ਗਰਮੀ ਦੇ ਮਹੀਨੇ ਹੁੰਦੇ ਹਨ। ਗਰਮੀ ਦਾ ਵੱਧ ਤੋਂ ਵੱਧ ਤਾਮਪਾਨ ਬੋਰਕੇ ਵਿਚ 49.5˚ ਸੈਂ. ਤੱਕ ਜਨਵਰੀ ਵਿਚ ਹੁੰਦਾ ਹੈ ਘੱਟ ਤੋਂ ਘੱਟ ਤਾਪਮਾਨ ਹੋਬਰਟ (ਤਸਮਾਨੀਆ) ਵਿਚ 7.6 ਸੈਂ. ਤੱਕ ਜੁਲਾਈ ਵਿਚ ਹੁੰਦਾ ਹੈ। ਆਸਟ੍ਰੇਲੀਆ ਵਿਚ ਵੱਧ ਤੋਂ ਵੱਧ ਤਾਪਮਾਨ ਸਟੂਆਰਟ ਵਿਚ 55˚ਸੈਂ. ਰਿਕਾਰਡ ਕੀਤਾ ਗਿਆ ਹੈ ਅਤੇ ਘੱਟ ਤੋਂ ਘੱਟ ਤਾਪਮਾਨ ਕਿਆਂਦਰਾ ਵਿਚ 30.5˚ਸੈਂ. ਹੈ।

          ਜਲਵਾਯੂ ਦੇ ਪੱਖ ਤੋਂ ਆਸਟ੍ਰੇਲੀਆ ਵਿਚ ਗਰਮ ਤੇ ਖੁਸ਼ਕ ਮਹਾਂਦੀਪ ਕਹਿਣਾ ਹੀ ਉਚਿੱਤ ਹੈ।

          ਬਨਸਪਤੀ – ਕੁਦਰਤੀ ਬਨਸਪਤੀ ਮੀਂਹ ਤੇ ਨਿਰਭਰ ਹੁੰਦੀ ਹੈ। ਸ਼ੁਰੂ ਵਿਚ ਮਹਾਂਦੀਪ ਦੇ ਦੱਖਣ-ਪੂਰਬੀ ਅਤੇ ਦੱਖਣ-ਪੱਛਮੀ ਹਿੱਸੇ ਵਿਚ ਸਦਾਬਹਾਰ ਜੰਗਲ ਸਨ ਜਿਥੇ ਵਧੇਰੇ ਕਰਕੇ ਵੱਖ ਵੱਖ ਕਿਸਮਾਂ ਦੇ ਸਫੈਦੇ ਦੇ ਰੁੱਖ ਸਨ। ਪੂਰਬ ਤੇ ਦੱਖਣ ਵਿਚ ਸਵਾਰਨਲੈਂਡ ਕਾਠਰੀ ਨਾਂ ਦਾ ਰੁੱਖ ਸੰਸਾਰ ਦੇ ਬਹੁਤ ਲੰਬੇ ਰੁੱਖਾਂ ਵਿਚੋਂ ਹੈ। ਮਹਾਂਦੀਪ ਦੇ ਵਿਚਕਾਰਲੇ ਹਿੱਸਿਆਂ ਵਿਚ ਮੀਂਹ ਬੜੀ ਤੇਜ਼ੀ ਨਾਲ ਘਟਦਾ ਜਾਂਦਾ ਹੈ। ਇਸ ਲਈ ਜੰਗਲਾਂ ਦੀ ਬਜਾਇ ਇਥੇ ਘਾਹ ਦੇ ਮੈਦਾਨ ਹਨ। ਦੱਖਣ ਵਿਚ ਪਾਣੀ ਦੀ ਕਮੀ ਕਰਕੇ ਗ੍ਰੇਟ ਆਸਟ੍ਰੇਲੀਆ ਬਾਈਟ ਦੇ ਸਾਹਿਲੀ ਇਲਾਕਿਆਂ ਵਿਚ ਮਾਲੀ ਨਾਂ ਦੀਆਂ ਝਾੜੀਆਂ ਹਨ। ਵਿਚਕਾਰਲਾ ਹਿੱਸਾ ਵਧੇਰੇ ਕਰਕੇ ਮਾਰੂਥਲ ਹੈ, ਜਿੱਥੇ ਕੰਡੇਦਾਰ ਝਾੜੀਆਂ ਬਹੁਤ ਹੁੰਦੀਆਂ ਹਨ।

          ਇਤਿਹਾਸ

          ਇਹ ਸੰਸਾਰ ਦੇ ਮਹਾਂਦੀਪਾਂ ਵਿਚੋਂ ਸਭ ਤੋਂ ਛੋਟਾ ਮਹਾਂਦੀਪ ਅਤੇ ਸਭ ਤੋਂ ਵੱਡਾ ਟਾਪੂ ਹੈ। ਯੂਰਪੀਨਾਂ ਨੂੰ ਇਸ ਦਾ ਪਤਾ ਡੱਚਾਂ ਨੇ ਦੱਸਿਆ। ਸਤਾਰ੍ਹਵੀਂ ਸਦੀ ਦੇ ਸ਼ੁਰੂ ਵਿਚ ਡੱਚ ਲੋਕ ਇਸਦੇ ਪੱਛਮੀ ਸਾਹਿਲ ਉੱਤੇ ਪਹੁੰਚੇ। ਉਨ੍ਹਾਂ ਨੇ ਇਸ ਨੂੰ ਨਿਊ ਹਾਲੈਂਡ ਦਾ ਨਾਂ ਦਿੱਤਾ। ਸਭ ਤੋਂ ਮਹੱਤਵਪੂਰਨ ਸਫ਼ਰ 1642ਈ. ਵਿਚ ਏਬਿਲ ਤਸਮਾਨ ਦਾ ਸੀ। ਉਹ ਡੱਚ ਪੂਰਬੀ ਟਾਪੂ-ਸਮੂਹ ਦੇ ਗਵਰਨਰ ਜਨਰਲ ਡੀਮਨ ਦੇ ਹੁਕਮ ਨਾਲ ਇਸ ਮਹਾਂਦੀਪ ਦੀ ਭਾਲ ਵਿਚ ਨਿਕਲਿਆ ਸੀ, ਉਸਦੇ ਸਫ਼ਰ ਨਾਲ ਲਗਭਗ ਇਹ ਗੱਲ ਨਿਸ਼ਚਿਤ ਹੋ ਗਈ ਕਿ ‘ਨਿਊ ਹਾਲੈਂਡ’ ਇਕ ਟਾਪੂ ਹੈ।

ਤਾਪਮਾਨ ਦੇ ਨਿਊਜ਼ੀਲੈਂਡ ਪਹੁੰਚ ਜਾਣ ਕਾਰਨ ਉਸ ਨੂੰ ਮਹਾਂਦੀਪ ਦੇ ਮਹੱਤਤਾ ਵਾਲੇ ਪੂਰਬੀ ਸਾਹਿਲ ਦਾ ਪਤਾ ਨਾ ਲੱਗ ਸਕਿਆ। ਲਗਭਗ 130 ਵਰ੍ਹੇ ਪਿੱਛੋਂ 1770 ਈ. ਵਿਚ ਅੰਗਰੇਜ਼ ਸੈਲਾਨੀ ਜੇਮਜ਼ ਕੁੱਕ ਕਈ ਵਿਗਿਆਨੀਆਂ ਸਮੇਤ ਮਹਾਂਦੀਪ ਦੇ ਪੂਰਬੀ ਸਾਹਿਲ ਦਾ ਪਤਾ ਲਗਾਉਣ ਵਿਚ ਸਫਲ ਹੋਇਆ। ਉਸਨੇ ਹੀ ‘ਹੋਵੇ ਕੇਪ’ ਤੋਂ ਟਾਰੇਸ ਜਲ-ਡਮਰੂ ਮੱਧ ਤੱਕ ਦੇ ਸਾਹਿ ਦਾ ਪਤਾ ਲਾਇਆ ਪਰ ਮਹਾਂ ਦੀਪ ਦੀ ਪਹਿਲੀ ਬਸਤੀ ਦੀ ਨੀਂਹ 1789 ਈ. ਵਿਚ ਰੱਖੀ ਗਈ, ਜਦੋਂ ਕਪਤਾਨ ਫਿਲਿਪ 717 ਕੈਦੀਆਂ ਨੂੰ ਲੈ ਕੇ ਬਾਟਨੀ (ਖਾੜੀ) ਉੱਤੇ ਉਤਰਿਆ। ਇਹ ਬਸਤੀ ਪੋਰਟ ਜੈਕਸਨ ਉੱਤੇ, ਜਿੱਥੇ ਹੁਣ ਸਿਡਨੀ ਹੈ, ਵਸਾਈ ਗਈ ਸੀ। ਮਹਾਂਦੀਪ ਦੀ ਖੋਜ ਕਰਨ ਵਾਲੇ ਸੈਲਾਨੀਆਂ ਵਿਚ ਫਿਲਿੰਡਰਜ਼ ਦਾ ਕੰਮ ਵੀ ਮਹਾਨ ਹੈ। ਇਸ ਨੇ 1801-1803 ਈ. ਵਿਚ ‘ਇਨਵੈਸਟੀਗੇਟਰ’ ਨਾਮੀ ਜਹਾਜ਼ ਵਿਚ ਆਸਟ੍ਰੇਲੀਆ ਦੇ ਚਾਰੇ ਪਾਸੇ ਚੱਕਰ ਲਾਇਆ। ਜਲਵਾਯੂ ਅਤੇ ਧਰਾਤਲ ਦੇ ਪੱਖ ਤੋਂ ਪੂਰਬੀ ਕੰਢੇ ਦੇ ਸਿਵਾ ਹੋਰ ਹਿੱਸੇ ਗੋਰੇ ਲੋਕਾਂ ਦੇ ਮੁਆਫ਼ਕ ਨਹੀਂ ਹਨ। ਇਸ ਵਾਸਤੇ ਬਹੁਤ ਸਮੇਂ ਤੱਕ ਹੋਰ ਕਿਧਰੇ ਨਵੀਂ ਆਬਾਦੀ ਨਾ ਹੋ ਸਕੀ। ਪੂਰਬੀ ਪਹਾੜੀਆਂ ਨੂੰ ਪਾਰ ਕਰਨ ਵਿਚ ਔਖ ਹੋਣ ਕਰਕੇ ਮਹਾਂਦੀਪ ਦੇ ਵਿਚਲੇ ਹਿੱਸੇ ਦੀ ਵੀ ਖ਼ਾਸ ਜਾਣਕਾਰੀ ਨਾ ਹੋ ਸਕੀ। ਸੰਨ 1813 ਵਿਚ ਲਾਸਨ, ਬਲੈਕਸਲੈਂਡ ਅਤੇ ਵੈਂਟਵਰਥ ਨੇ ਇਨ੍ਹਾਂ ਪਹਾੜੀਆਂ ਨੂੰ ਪਾਰ ਕਰਕੇ ਪੱਛਮੀ ਮੈਦਾਨਾਂ ਦੀ ਖੋਜ ਕੀਤੀ। ਸੰਨ 1828 ਵਿਚ ਕਪਤਾਨ ਸਟਰਟ ਨੇ ਦਰਿਆ ਡਾਰਲਿੰਗ ਦੀ ਖੋਜ ਕੀਤੀ। ਆਸਟ੍ਰੇਲੀਆ ਦੀ ਵਸੋਂ ਸ਼ੁਰੂ ਵਿਚ ਬਹੁਤ ਹੌਲੀ ਹੌਲੀ ਵਧੀ। ਸੰਨ 1851 ਵਿਚ ਸੋਨਾ ਮਿਲਣ ਤੋਂ ਪਹਿਲਾਂ ਇਥੋਂ ਦੀ ਵਸੋਂ ਲਗਭਗ 4,00,000 ਸੀ।

          ਆਰਥਿਕਤਾ

          ਖਣਿਜ – ਧਾਤਾਂ ਵਧੇਰੇ ਕਰਕੇ ਪੂਰਵ-ਕੈਂਬਰੀਅਨ ਤੋਂ ਪਹਿਲਾਂ ਦੀਆਂ ਪੇਲੀਉਜ਼ੋਇਕ ਚਟਾਨਾਂ ਵਿਚ ਮਿਲਦੀਆਂ ਹਨ। ਭਾਵੇਂ ਤਾਂਬਾ ਦੱਖਣੀ ਆਸਟ੍ਰੇਲੀਆ ਵਿਚ 1840 ਈ. ਦੇ ਲਗਭਗ ਕਪੁੰਡਾ ਅਤੇ ਬੁਰਬੁਰਾ ਦੀਆਂ ਖਾਣਾਂ ਵਿਚੋਂ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਪੂਰੀ ਮਿਕਦਾਰ ਵਿਚ ਖਣਿਜਾਂ ਦਾ ਉਤਪਾਦਨ 1851 ਈ. ਤੋਂ ਸ਼ੁਰੂ ਹੋਇਆ ਜਦੋਂ ਐਡਵਰਡ ਹਾਰਗਰੇਵ ਨੇ ਬਾਥਰਸਟ ਤੋਂ 32ਕਿ.ਮੀ. ਉੱਤਰ ਵਿਚ ਲੀਵਸ-ਪਾਂਡ ਵਿਖੇ ਆਪਣੇ ਖੇਤਾਂ ਵਿਚੋਂ ਸੋਨਾ ਲੱਭਿਆ। ਉਸ ਤੋਂ ਛੇਤੀ ਹੀ ਪਿੱਛੋਂ ਮੈਲਬੋਰਨ, ਬਾਥਰਸਟ ਅਤੇ ਬੈਂਡਿਗੋ ਵਿਚ ਵੀ ਸੋਨਾ ਮਿਲਣ ਸ਼ੁਰੂ ਹੋ ਗਿਆ। ਪੱਛਮੀ ਆਸਟ੍ਰੇਲੀਆ ਵਿਚ ਸੋਨਾ 1886 ਈ. ਵਿਚ ਕਿੰਬਰਲੇ ਤੋਂ ਮਿਲਿਆ ਤੇ ਅੱਜ ਕੱਲ੍ਹ ਸਭ ਤੋਂ ਵੱਧ ਸੋਨਾ ਉਥੋਂ ਹੀ ਮਿਲਦਾ ਹੈ। ਮਹਾਂਦੀਪ ਦੇ ਬਹੁਤੇ ਖਣਿਜ ਕੁਝ ਹੀ ਥਾਵਾਂ ਤੋਂ ਕੱਢੇ ਜਾਂਦੇ ਹਨ, ਜਿਨ੍ਹਾਂ ਵਿਚੋਂ ਮਸ਼ਹੂਰ ਥਾਵਾਂ ਇਹ ਹਨ- ਪੱਛਮੀ ਆਸਟ੍ਰੇਲੀਆ ਵਿਚ ਸੋਨੇ ਲਈ ਕਾਲਗੁਰਲੀ ਅਤੇ ਕੁਲਗਾਰਡੀ, ਦੱਖਣੀ ਆਸਟ੍ਰੇਲੀਆ ਵਿਚ ਤਾਂਬੇ ਲਈ ਵਲਾਰੂ, ਮੁੰਟਾ ਅਤੇ ਕਪੁੰਡਾ ਅਤੇ ਲੋਹੇ ਲਈ ਆਇਰਨ ਨਾਬ, ਨਿਊ ਸਾਊਥ ਵੇਲਜ਼ ਵਿਚ ਸ਼ੀਸ਼ੇ, ਜਿਸਤ ਤੇ ਚਾਂਦੀ ਲਈ ਬਰੋਕਨ ਹਿਲ, ਕੁਨੀਨਜ਼ਲੈਂਡ ਵਿਚ ਸ਼ੀਸ਼ੇ, ਜਿਸਤ ਅਤੇ ਤਾਂਬੇ ਲਈ ਮਾਊਂਟ ਈਸਾ।

          ਇਨ੍ਹਾਂ ਤੋਂ ਇਲਾਵਾ ਪੇਲੀਉਜ਼ੋਇਕ ਚਟਾਨਾਂ ਵਿਚ ਧਾਤਾਂ ਮਿਲਦੀਆਂ ਹਨ ਜਿਵੇਂ ਹਰਬਰਟਨ ਵਿਚ ਤਾਂਬਾ, ਚਾਰਟਰਜ਼ ਟਾਵਰ ਵਿਚ ਸੋਨਾ, ਮਾਊਂਟ ਮਾਰਗਨ ਕੋਬਾਰ ਵਿਚ ਤਾਂਬਾ, ਬਾਥਰਸਟ ਵਿਚ ਸੋਨਾ ਅਤੇ ਬੈਂਡਿਗੋ, ਬੈਲਾਰੇਂਟ ਅਤੇ ਤਸਮਾਨੀਆ ਦੇ ਪੱਛਮੀ ਹਿੱਸੇ ਦੇ ਮਾਊਂਟ ਜ਼ੀਹਨ ਵਿਚ ਸਿੱਕਾ ਅਤੇ ਜਿਸਤ। ਮਾਊਂਟ ਲਾਇਲ ਵਿਚ ਤਾਂਬਾ ਅਤੇ ਮਾਊਂਟ ਬਿਸਚਾਫ ਵਿਚ ਕਲੀ ਮੁਖ ਰੂਪ ਵਿਚ ਮਿਲਦੀਆਂ ਹਨ।

          ਕੋਲੇ ਦਾ ਉਤਪਾਦਨ ਦਿਨ-ਬਦਿਨ ਵਾਧੇ ਤੇ ਹੈ। ਸਮੁੱਚੇ ਆਸਟ੍ਰੇਲੀਆ ਵਿਚੋਂ ਨਿਕਲਣ ਵਾਲੇ ਕੋਲੇ ਦਾ ਤੀਜਾ ਹਿੱਸਾ ਫਿਰ ਨਿਊ ਸਾਊਥ ਵੇਲਜ਼ ਵਿਚੋਂ ਹੀ ਨਿਕਲਦਾ ਹੈ। ਭੂਰੇ ਕੋਲੇ ਦਾ ਸਭ ਤੋਂ ਵੱਡਾ ਭੰਡਾਰ ਵਿਕਟੋਰੀਆ ਦੇ ਇਲਾਕੇ ਵਿਚ ਹੈ। ਨਿਊ ਕੈਸਲ ਦਾ ਕੋਲੇ ਦਾ ਭੰਡਾਰ ਸਮੁੰਦਰ ਦੇ ਕੋਲ ਹੋਣ ਕਰਕੇ ਬੜੀ ਮਹੱਤਤਾ ਰੱਖਦਾ ਹੈ। ਥੋੜ੍ਹੇ ਜਿਹੇ ਸਾਲਾਂ ਤੋਂ ਸਿੱਕੇ ਅਤੇ ਜਿਸਤ ਦੇ ਉਤਪਾਦਨ ਵਿਚ ਵੀ ਬੜਾ ਵਾਧਾ ਹੋਇਆ ਹੈ, ਖਾਸ ਕਰਕੇ ਬਰਕਨ ਹਿੱਲ ਤੇ ਮਾਊਂਟ ਈਸਾ ਦੀ ਸੂਰਤ ਵਿਚ ਇਹ ਗੱਲ ਵਧੇਰੇ ਠੀਕ ਹੈ। ਅੱਜ ਆਸਟ੍ਰੇਲੀਆ ਸੰਸਾਰ ਵਿਚ, ਸਿੱਕੇ ਦੇ ਉਤਪਾਦਨ ਵਿਚ ਸਭ ਤੋਂ ਅੱਗੇ ਅਤੇ ਜਿਸਤ ਵਿਚ ਤੀਜੇ ਦਰਜੇ ਤੇ ਹੈ। ਤਾਂਬੇ ਦੇ ਉਤਪਾਦਨ ਵਿਚ ਆਸਟ੍ਰੇਲੀਆ ਚੰਗੀ ਉੱਨਤੀ ਕਰ ਰਿਹਾ ਹੈ। ਖਾਸ ਕਰਕੇ ਮਾਊਂਟ ਈਸਾ ਦੀਆਂ ਖਾਣਾਂ ਵਿਚੋਂ ਤਾਂਬਾ ਕਾਫ਼ੀ ਮਾਤਰਾ ਵਿਚ ਮਿਲਦਾ ਹੈ। ਸੋਨੇ ਦੇ ਉਤਪਾਦਨ ਵਿਚ ਭਾਵੇਂ ਆਸਟ੍ਰੇਲੀਆ ਵੱਡੀ ਲੜਾਈ ਤੋਂ ਪਹਿਲਾਂ ਵਾਲੇ ਪੱਧਰ ਤੋਂ ਹੇਠਾਂ ਹੀ ਹੈ, ਫਿਰ ਵੀ ਇਸ ਵਿਚ ਚੋਖਾ ਵਾਧਾ ਹੋ ਗਿਆ। ਕਲੀ ਦੇ ਉਤਪਾਦਨ ਵਿਚ ਆਸਟ੍ਰੇਲੀਆ ਇਸ ਸਮੇਂ ਵਧੇਰੇ ਕਰਕੇ ਤਸਮਾਨੀਆ ਅਤੇ ਕੁਨੀਨਜ਼ਲੈਂਡ ਦੀਆਂ ਖਾਣਾਂ ਉੱਤੇ ਹੀ ਨਿਰਭਰ ਕਰਦਾ ਹੈ ਅਤੇ ਇਹ ਖਾਣਾਂ ਵੀ ਕੇਵਲ ਹੋਰ ਕੁਝ ਇਕ ਸਾਲ ਹੀ ਚੱਲਣਗੀਆਂ। ਜੇ ਕਲੀ ਦੀਆਂ ਹੋਰ ਨਵੀਆਂ ਖਾਣਾਂ ਨਾ ਲੱਭੀਆਂ ਤਾਂ ਆਸਟ੍ਰੇਲੀਆ ਨੂੰ ਇਸ ਵੱਲੋਂ ਇਕ ਨਵੀਂ ਘਾਟ ਦਾ ਸਾਮ੍ਹਣਾ ਕਰਨਾ ਪਵੇਗਾ।

          ਖੇਤੀਬਾੜੀ – ਆਸਟ੍ਰੇਲੀਆ ਵਿਚ ਸਿਰਫ਼ ਦੋ ਕਰੋੜ ਤੀਹ ਲੱਕ ਏਕੜ (ਲਗਭਗ ਇਕ ਫ਼ੀਸਦੀ) ਜ਼ਮੀਨ ਵਿਚ ਖੇਤੀਬਾੜੀ ਹੁੰਦੀ ਹੈ। ਸਭ ਤੋਂ ਵੱਧ ਉਪਜ ਕਣਕ ਦੀ ਹੈ, ਜਿਸ ਦੀ ਖੇਤੀ ਲਗਭਗ 52,61,000 ਹੈਕ. (ਖੇਤੀ ਵਾਲੀ ਧਰਤੀ ਦਾ ਲਗਭਗ 60 ਫ਼ੀਸਦੀ) ਭੋਂ ਵਿਚ ਹੁੰਦੀ ਹੈ। ਕਣਕ ਨੂੰ ਵਧੇਰੇ ਮੀਂਹ ਦੀ ਲੋੜ ਨਹੀਂ ਹੁੰਦੀ। ਇਸੇ ਕਾਰਨ ਇਥੇ ਇਸ ਦੀ ਉਪਜ ਵਧੇਰੇ ਕਰਕੇ ਦੱਖਣੀ ਹਿੱਸੇ ਵਿਚ ਹੁੰਦੀ ਹੈ ਜਿੱਥੇ ਮੀਂਹ ਸਰਦੀਆਂ ਦੀ ਰੁੱਤ ਵਿਚ ਪੈਂਦਾ ਹੈ। ਲਾਚਲਨ ਅਤੇ ਮੱਰੇ ਦਾ ਦੁਆਬ ਅਤੇ ਸਵਾਨਲੈਂਡ ਕਣਕ ਦੀ ਉਪਜ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ। ਕਣਕ ਤੇ ਆਟੇ ਨੂੰ ਬਾਹਰ ਭੇਜਣ ਦੇ ਪੱਖ ਤੋਂ ਆਸਟ੍ਰੇਲੀਆ ਦਾ ਸੰਸਾਰ ਵਿਚ ਚੌਥਾ ਨੰਬਰ ਹੈ। ਆਸਟ੍ਰੇਲੀਆ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਉੱਤਰੀ ਅਰਧ ਗੋਲੇ ਦੇ ਦੇਸ਼ਾਂ ਨੂੰ ਅਜਿਹੇ ਸਮੇਂ ਕਣਕ ਭੇਜਦਾ ਹੈ ਜਦੋਂ ਉਨ੍ਹਾਂ ਦੀਆਂ ਆਪਣੀਆਂ ਫ਼ਸਲਾਂ ਤਿਆਰ ਨਹੀਂ ਹੁੰਦੀਆਂ।

          ਇਥੇ ਪੈਦਾ ਹੋਣ ਵਾਲੀਆਂ ਪ੍ਰਮੁੱਖ ਫ਼ਸਲਾਂ ਵਿਚ ਜਵੀ, ਜੌਂ, ਮੱਕੀ, ਤੇ ਚੌਲ ਹਨ। ਜਵੀ ਠੰਡੇ ਦੱਖਣੀ ਇਲਾਕਿਆਂ ਵਿਚ ਹੁੰਦੀ ਹੈ। ਮੱਕੀ ਆਮ ਕਰਕੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੇ ਸਾਹਿਲੀ ਭਾਗਾਂ ਵਿਚ ਪੈਦਾ ਕੀਤੀ ਜਾਂਦੀ ਹੈ। ਕੁਈਨਜ਼ਲੈਂਡ ਦੇ ਪੂਰਬੀ ਕੰਢੇ ਤੇ ਕੇਅਰਨਸ ਅਤੇ ਮੈਕੇ ਨਗਰਾਂ ਦੇ ਲਾਗੇ ਗੰਨਾ ਜ਼ਿਆਦਾ ਪੈਦਾ ਕੀਤਾ ਜਾਂਦਾ ਹੈ। ਇਸ ਇਲਾਕੇ ਨੂੰ ‘ਗੰਨਾ ਖੇਤਰ’ ਆਖਦੇ ਹਨ। ਇਥੋਂ ਦੀ ਧਰਤੀ ਉਪਜਾਊ ਹੈ ਅਤੇ ਮੀਂਹ ਬਹੁਤ ਪੈਂਦਾ ਹੈ। ਇਨ੍ਹਾਂ ਫ਼ਸਲਾਂ ਤੋਂ ਇਲਾਵਾ ਗਰਮ ਹਿੱਸਿਆਂ ਵਿਚ ਕਪਾਹ ਤੇ ਤਮਾਕੂ ਪੈਦਾ ਹੁੰਦੇ ਹਨ। ਗੰਨੇ ਵਾਲੇ ਇਲਾਕੇ ਵਿਚ, ਗਰਮ, ਇਲਾਕੇ ਵਾਲੇ ਫ਼ਲ, ਕੇਲਾ ਅਤੇ ਅਨਾਨਾਸ ਵੀ ਪੈਦਾ ਕੀਤੇ ਜਾਂਦੇ ਹਨ। ਜਲਵਾਯੂ ਵੱਖ ਵੱਖ ਹੋਣ ਦੇ ਕਾਰਨ ਇਸ ਮਹਾਂਦੀਪ ਵਿਚ ਕਈ ਕਿਸਮਾਂ ਦੇ ਫਲ ਹੁੰਦੇ ਹਨ। ਤਸਮਾਨੀਆਂ ਦੀਆਂ ਨਮੀ ਅਤੇ ਖੁਸ਼ਗਵਾਰ ਮੌਸਮ ਵਾਲੀਆਂ ਘਾਟੀਆਂ ਵਿਚ ਬਰਾਮਦ ਕਰਨ ਲਈ ਸੇਬ ਉਗਾਏ ਜਾਂਦੇ ਹਨ। ਡਰਵੈਂਟ ਦੀ ਘਾਟੀ ਵਿਚ ਨਾਸ਼ਪਾਤੀ, ਬੇਰ, ਆੜੂ, ਖੁਰਮਾਨੀ ਅਤੇ ਖ਼ਾਸ ਕਰਕੇ ਸੇਬ ਪੈਦਾ ਕੀਤੇ ਜਾਂਦੇ ਹਨ। ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਦੱਖਣੀ ਆਸਟ੍ਰੇਲੀਆ ਵਿਚ ਵੀ, ਜਿੱਥੇ ਜਿੱਥੇ ਸਿੰਜਾਈ ਦੀ ਸਹੂਲਤ ਹੈ, ਨਾਸ਼ਪਾਤੀ, ਖੁਰਮਾਨੀ ਅਤੇ ਆੜੂ ਹੁੰਦੇ ਹਨ ਅਤੇ ਇਹ ਡੱਬਿਆਂ ਵਿਚ ਬੰਦ ਕਰਕੇ ਯੂਰਪ ਨੂੰ ਭੇਜੇ ਜਾਂਦੇ ਹਨ। ਰੂਮ ਸਾਗਰੀ ਜਲਵਾਯੂ ਵਾਲੇ ਦੱਖਣੀ ਹਿੱਸਿਆਂ ਵਿਚ ਖ਼ਾਸ ਤੌਰ ਤੇ ਵਿਕਟੋਰੀਆ, ਨਿਊ ਸਾਊਥ ਵੇਲਜ਼, ਦੱਖਣੀ ਆਸਟ੍ਰੇਲੀਆ ਅਤੇ ਪੱਛਮੀ ਆਸਟ੍ਰੇਲੀਆ ਦੇ ਕੁਝ ਭਾਗਾਂ ਵਿਚ ਅੰਗੂਰ ਦੀ ਉਪਜ ਹੁੰਦੀ ਹੈ। ਦੱਖਣੀ ਆਸਟ੍ਰੇਲੀਆ ਸ਼ਰਾਬ ਬਣਾਉਣ ਵਿਚ ਬਹੁਤ ਮਸ਼ਹੂਰ ਹੈ। ਵਿਕਟੋਰੀਆ ਤੋਂ ਸੁੱਕੇ ਫ਼ਲ ਬਾਹਰ ਭੇਜੇ ਜਾਂਦੇ ਹਨ। ਸੰਤਰੇ ਸਿਡਨੀ ਦੇ ਨੇੜੇ ਪਾਰਾਮਾਟਾ ਵਿਚ ਬਹੁਤ ਪੈਦਾ ਹੁੰਦੇ ਹਨ।

          ਪਸ਼ੂ–ਪਾਲਣ – ਆਸਟ੍ਰੇਲੀਆ ਵਿਚ ਭੇਡਾਂ, ਗਊਆਂ ਤੇ ਸੂਰ ਪਾਲੇ ਜਾਂਦੇ ਹਨ। ਇਨ੍ਹਾਂ ਦੀ ਗਿਣਤੀ 1,73,000,000 (1985) ਹੈ। ਇਨ੍ਹਾਂ ਵਿਚੋਂ ਕੁਝ ਦੁੱਧ ਲਈ ਤੇ ਬਾਕੀ ਦੇ ਸਭ ਮਾਸ ਲਈ ਪਾਲੇ ਜਾਂਦੇ ਹਨ। ਮਾਸ ਲਈ ਪਾਲੇ ਪਸ਼ੂਆਂ ਵਿਚੋਂ ਲਗਭਗ ਅੱਧੇ ਕੁਈਨਜ਼ਲੈਂਡ ਵਿਚ ਹਨ। ਨਿਊ ਸਾਊਥ ਵੇਲਜ਼ ਵਿਚ ਵੀਹ ਫ਼ੀਸਦੀ, ਨਾਰਥ ਟੈਰਿਟਰੀ ਵਿਚ ਦਸ ਫ਼ੀਸਦੀ ਅਤੇ ਵਿਕਟੋਰੀਆ ਤੇ ਪੱਛਮੀ ਆਸਟ੍ਰੇਲੀਆ ਵਿਚ ਕ੍ਰਮਵਾਰ ਸੱਤ-ਸੱਤ ਫ਼ੀਸਦੀ ਪਸ਼ੂ ਮਾਸ ਲਈ ਪਾਲੇ ਜਾਂਦੇ ਹਨ। ਪੂਰਬੀ ਸਾਹਿਲੀ ਇਲਾਕਿਆਂ ਅਤੇ ਵਿਕਟੋਰੀਆ ਵਿਚ ਜਿੱਥੇ ਚੰਗੀ ਕਿਸਮ ਦੀਆਂ ਚਰਾਗਾਹਾਂ ਹਨ ਅਤੇ ਜਿਥੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਲੋੜ ਵੀ ਵਧੇਰੇ ਹੈ, ਪਸ਼ੂ ਖ਼ਾਸ ਤੌਰ ਤੇ ਪਾਲੇ ਜਾਂਦੇ ਹਨ। ਸਵਾਨਾ ਘਾਹ ਦੇ ਮੈਦਾਨਾਂ ਅਤੇ ਆਰਟੀਜ਼ੀਅਨ ਬੇਸਿਨ ਵਿਚ ਖ਼ਾਸ ਕਰਕੇ, ਪਸ਼ੂ ਮਾਸ ਲਈ ਹੀ ਪਾਲੇ ਜਾਂਦੇ ਹਨ, ਜੋ ਤਿੰਨ ਵਰ੍ਹਿਆਂ ਦੇ ਹੋਣ ਤੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਮੋਟੇ ਤਾਜ਼ੇ ਕਰਨ ਲਈ ਭੇਜ ਦਿੱਤੇ ਜਾਂਦੇ ਹਨ, ਉਥੇ ਹੀ ਉਨ੍ਹਾਂ ਨੂੰ ਵੱਢਿਆ ਜਾਂਦਾ ਹੈ। ਕੁਈਨਜ਼ਲੈਂਡ ਵਿਚ ਟਾਊਨਜ਼ਵਿਲ, ਰਾਕਹੈਂਪਟਨ, ਬਾਵੇਨ, ਗਲੈਡਸਟੋਨ ਤੇ ਬ੍ਰਿਸਬੇਨ ਵਿਚ ਮਾਸ ਤਿਆਰ ਕਰਨ ਦੇ ਕਾਰਖ਼ਾਨੇ ਹਨ। ਮਾਸ ਬਹੁਤਾ ਬਰਤਾਨੀਆ ਨੂੰ ਭੇਜਿਆ ਜਾਂਦਾ ਹੈ।

          ਆਸਟ੍ਰੇਲੀਆ ਦੀ ਮਾਲੀ ਹਾਲਤ ਉੱਤੇ ਪਸ਼ੂ ਪਾਲਣ ਦਾ ਬਹੁਤ ਅਸਰ ਹੈ। ਦੇਸ਼ ਤੋਂ ਬਾਹਰ ਭੇਜੇ ਜਾਣ ਵਾਲੀਆਂ ਚੀਜ਼ਾਂ ਵਿਚੋਂ ਸਭ ਤੋਂ ਜ਼ਿਆਦਾ ਉੱਨ ਹੈ। ਇਥੋਂ ਦੇ ਲੋਕ ਕਹਿੰਦੇ ਹਨ ਕਿ ਆਸਟ੍ਰੇਲੀਆ ਦੇ ਆਰਥਿਕ ਬੋਝ ਨੂੰ ਭੇਡਾਂ ਹੀ ਆਪਣੇ ਉੱਤੇ ਚੁੱਕੀ ਖੜੀਆਂ ਹਨ। ਸੰਨ 1984-85 ਵਿਚ 815 ਮਿਲੀਅਨ ਟਨ ਉੱਨ ਦਾ ਉਤਪਾਦਨ ਹੋਇਆ। ਇਹੀ ਨਹੀਂ, ਸਗੋਂ ਆਸਟ੍ਰੇਲੀਆ ਸੰਸਾਰ ਵਿਚ ਸਭ ਤੋਂ ਵਧੇਰੇ ਉੱਨ ਪੈਦਾ ਕਰਦਾ ਹੈ ਅਤੇ ਇਥੇ ਭੇਡਾਂ ਦੀ ਗਿਣਤੀ ਸਾਰੀ ਦੁਨੀਆਂ ਦੀਆਂ ਭੇਡਾਂ ਦਾ ਛੇਵਾਂ ਹਿੱਸਾ ਹੈ। ਸੰਸਾਰ ਦੀ ਲਗਭਗ 30% ਆਮ ਉੱਨ ਤੇ 73% ਵਧੀਆ ਮੇਰੀਨੋ ਉੱਨ ਇਥੇ ਹੁੰਦੀ ਹੈ। ਸੰਨ 1986 ਵਿਚ ਇਥੇ 155,567 ਭੇਡਾਂ ਸਨ ਪਰ ਇਹ ਗਿਣਤੀ ਖੁਸ਼ਕ ਸਾਲਾਂ ਵਿਚ ਬਹੁਤ ਘਟ ਜਾਂਦੀ ਹੈ। ਭੇਡਾਂ ਵਧੇਰੇ ਕਰਕੇ 37 ਤੋਂ 62 ਸੈਂ. ਮੀ. ਮੀਂਹ ਵਾਲੇ ਇਲਾਕਿਆਂ ਵਿਚ ਪਾਲੀਆਂ ਜਾਂਦੀਆਂ ਹਨ। ਵਧੇਰੇ ਗਰਮੀ ਇਨ੍ਹਾਂ ਲਈ ਹਾਨੀਕਾਰਕ ਹੁੰਦੀ ਹੈ। ਇਸ ਲਈ ਭੇਡਾਂ ਦਰਿਆ ਮਰੇ-ਡਾਰਲਿੰਗ ਦੇ ਮੈਦਾਨਾਂ ਅਤੇ ਆਰਟੀਜ਼ੀਅਨ ਬੇਸਿਨ ਵਿਚ ਵਧੇਰੇ ਪਾਲੀਆਂ ਜਾਂਦੀਆਂ ਹਨ। 70% ਤੋਂ ਵਧੇਰੇ ਭੇਡਾਂ ਮੇਰੀਨੋ ਨਸਲ ਦੀਆਂ ਹਨ। ਉੱਨ ਦਾ ਵਪਾਰ ਵਧੇਰੇ ਕਰਕੇ ਬਰਤਾਨੀਆ, ਫਰਾਂਸ, ਪੱਛਮੀ ਜਰਮਨੀ, ਜਾਪਾਨ, ਇਟਲੀ ਅਤੇ ਬੈਲਜੀਅਮ ਨਾਲ ਹੁੰਦਾ ਹੈ। ਉੱਨ ਤੋਂ ਛੁੱਟ ਭੇਡਾਂ ਦਾ ਮਾਸ ਵੀ ਖ਼ਾਸ ਕਰ ਕੇ ਬਰਤਾਨੀਆ ਤੇ ਅਮਰੀਕਾ ਨੂੰ ਭੇਜਿਆ ਜਾਂਦਾ ਹੈ।

          ਉਦਯੋਗ – ਭਾਵੇਂ ਆਸਟ੍ਰੇਲੀਆ ਸੌ ਤੋਂ ਵੱਧ ਸਾਲਾਂ ਤੱਕ ਕਿਸਾਨਾਂ ਅਤੇ ਸੋਨਾ ਕੱਢਣ ਵਾਲਿਆਂ ਦਾ ਦੇਸ਼ ਰਿਹਾ ਹੈ, ਫਿਰ ਵੀ ਹੁਣ ਖਣਿਜਾਂ ਅਤੇ ਹੋਰ ਕੱਚੇ ਮਾਲ ਤੋਂ ਚੱਲਣ ਵਾਲੇ ਉਦਯੋਗਾਂ ਦੀ ਉੱਨਤੀ ਦਿਨ ਬਦਿਨ ਹੁੰਦੀ ਜਾ ਰਹੀ ਹੈ। ਸਭ ਤੋਂ ਮਹੱਤਵਪੂਰਨ ਉਦਯੋਗ ਲੋਹੇ ਅਤੇ ਫ਼ੌਲਾਦ ਦੇ ਅਤੇ ਇਨ੍ਹਾਂ ਨਾਲ ਹੀ ਸਬੰਧਤ ਹੋਰ ਉਦਯੋਗ ਹਨ।

ਇਹ ਧਾਤਾਂ ਆਮ ਕਰਕੇ ਕੋਲੇ ਦੀਆਂ ਖਾਣਾਂ ਦੇ ਨੇੜੇ ਹੀ ਮਿਲਦੀਆਂ ਹਨ। ਫ਼ੌਲਾਦ ਦਾ ਪਹਿਲਾ ਕਾਰਖ਼ਾਨਾ ਲਿਥਗੋ ਵਿਚ ਨਿਊ ਕਾਸਲ ਨਾਂ ਦੇ ਕੋਲੇ ਦੇ ਖੇਤਰ ਵਿਚ 1907 ਈ. ਵਿਚ ਖੋਲ੍ਹਿਆ ਗਿਆ ਪਰ ਨਵੇਂ ਢੰਗ ਦਾ ਪਹਿਲਾ ਕਾਰਖ਼ਾਨਾ 1915 ਈ. ਵਿਚ ਖੁੱਲ੍ਹਿਆ। ਸਭ ਤੋਂ ਵੱਡਾ ਕਾਰਖ਼ਾਨਾ 1937-41 ਈ. ਵਿਚ ਵਾਇਲਾ (Whyalla) ਵਿਚ ਖੁੱਲ੍ਹਿਆ, ਜਿੱਥੇ ਹੁਣ ਸਮੁੰਦਰੀ ਜਹਾਜ਼ ਬਣਾਉਣ ਦਾ ਇਕ ਵੱਡਾ ਕਾਰਖ਼ਾਨਾ ਵੀ ਹੈ। ਸੰਨ 1985-86 ਵਿਚ 97,700,000 ਟਨ ਲੋਹਾ ਕੱਢਿਆ ਗਿਆ। ਹੰਟਰ ਘਾਟੀ ਆਸਟ੍ਰੇਲੀਆ ਦਾ ਸੱਨਅਤੀ ਕੇਂਦਰ ਹੈ ਜਿਥੇ ਨਿਊ ਕਾਸਲ ਦਾ ਫ਼ੌਲਾਦ ਦਾ ਕਾਰਖ਼ਾਨਾ ਹੈ ਅਤੇ ਕੋਲੇ ਨਾਲ ਸਬੰਧਤ ਕੋਲਤਾਰ, ਬੈਂਜ਼ੋਲ ਅਤੇ ਗੰਧਕ ਦੇ ਤੇਜ਼ਾਬ ਦੀਆਂ ਰਸਾਇਣਕ ਸੱਨਅਤਾਂ ਕਾਇਮ ਹਨ।

          ਮਹਾਂਦੀਪ ਦੀਆਂ ਹੋਰ ਸੱਨਅਤਾਂ ਵਧੇਰੇ ਕਰਕੇ ਪ੍ਰਾਂਤਾਂ ਦੀਆਂ ਰਾਜਧਾਨੀਆਂ ਵਿਚ ਹਨ ਜਿਨ੍ਹਾਂ ਵਿਚ ਊਨੀ, ਸੂਤੀ ਤੇ ਰੇਸ਼ਮੀ ਕੱਪੜੇ ਬੁਣਨ ਦੀਆਂ ਸੱਨਅਤਾਂ, ਹਲਕੀਆਂ ਮਸ਼ੀਨਾਂ, ਮੋਟਰਾਂ, ਟਰੈਕਟਰ, ਹਵਾਈ ਜਹਾਜ਼, ਬਿਜਲੀ ਦਾ ਸਾਮਾਨ, ਖੇਤੀ ਦੇ ਸੰਤ ਤੇ ਮਸ਼ੀਨਾਂ, ਰਸਾਇਣਕ ਚੀਜ਼ਾਂ, ਸ਼ਰਾਬ ਤੇ ਹੋਰ ਚੀਜ਼ਾਂ ਬਣਾਉਣ ਦੀਆਂ ਸੱਨਅਤਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਆਟਾ ਪੀਹਣ ਅਤੇ ਦੁੱਧ ਦੀਆਂ ਚੀਜ਼ਾਂ ਤਿਆਰ ਕਰਨ ਦੀਆਂ ਸੱਨਅਤਾਂ ਕਣਕ ਅਤੇ ਪਸ਼ੂ ਪਾਲਣ ਵਾਲੇ ਖੇਤਰਾਂ ਵਿਚ ਸਥਾਪਤ ਹਨ। ਕੁਈਨਜ਼ਲੈਂਡ ਵਿਚ ਜ਼ਿਆਦਾਤਰ ਮਾਸ ਅਤੇ ਖੰਡ ਦੇ ਕਾਰਖ਼ਾਨੇ ਹਨ। ਅੱਜਕਲ੍ਹ ਲਗਭਗ ਦਸ ਲੱਖ ਬੰਦੇ ਕਾਰਖ਼ਾਨਿਆਂ ਵਿਚ ਕੰਮ ਕਰਦੇ ਹਨ। ਬਹੁਤੇ ਕਾਰਖ਼ਾਨੇ ਛੋਟੇ ਛੋਟੇ ਹੀ ਹਨ।

          ਆਵਾਜਾਈ ਦੇ ਸਾਧਨ – ਉੱਨ੍ਹੀਵੀਂ ਸਦੀ ਦੇ ਅੱਧ ਤੋਂ ਪਹਿਲਾਂ ਜਦੋਂ ਅਜੇ ਰੇਲਾਂ ਨਹੀਂ ਸਨ, ਇਥੇ ਆਵਾਜਾਈ ਦੇ ਵੱਡੇ ਵਸੀਲੇ ਘੋੜੇ, ਊਠ ਤੇ ਬੇੜੀਆਂ ਸਨ ਪਰ ਅੱਜ ਊਠਾਂ ਅਤੇ ਦਰਿਆਵਾਂ ਦੀ ਵਰਤੋਂ ਘਟ ਗਈ ਹੈ, ਅਤੇ ਰੇਲਾਂ ਤੇ ਮੋਟਰਾਂ ਦੀ ਵਰਤੋਂ ਦਿਨ-ਬਦਿਨ ਵਧਦੀ ਜਾ ਰਹੀ ਹੈ। ਆਸਟ੍ਰੇਲੀਆ ਦੇ ਅੰਦਰਲੇ ਹਿੱਸਿਆਂ ਦੇ ਵਿਕਾਸ ਵਿਚ ਆਵਾਜਾਈ ਦੇ ਇਨ੍ਹਾਂ ਸਾਧਨਾਂ ਦੀ ਬਹੁਤ ਮਹੱਤਤਾ ਹੈ। ਆਸਟ੍ਰੇਲੀਆ ਦੀ ਪਹਿਲੀ ਰੇਲ ਦੀ ਪਟੜੀ 1850ਈ. ਵਿਚ ਸਿਡਨੀ ਅਤੇ ਤਾਰਾਮਾਟਾ ਦੇ ਵਿਕਾਰ ਵਿਛਾਈ ਗਈ ਸੀ, ਜੋ 24 ਕਿ. ਮੀ. ਲੰਬੀ ਸੀ। ਸੰਨ 1881 ਈ. ਤੋ ਪਿੱਛੋਂ ਰੇਲਾਂ ਵਿਚ ਬੜੀ ਤੇਜ਼ੀ ਨਾਲ ਵਾਧਾ ਹੋਇਆ। ਮਹਾਂਦੀਪ ਦੀ ਟ੍ਰਾਂਸਕਾਂਟੀਨੈਂਟਲ ਰੇਲਵੇ, ਪੋਰਟ ਪੀਰੀ ਤੋਂ ਕਾਲਗੁਰਲੀ ਤੱਕ 1917ਈ. ਵਿਚ ਵਿਛਾਈ ਗਈ ਸੀ। ਹੁਣ ਤੱਕ ਆਸਟ੍ਰੇਲੀਆ ਵਿਚ ਰੇਲਾਂ ਦੀ ਲੰਬਾਈ 41,989 ਕਿ. ਮੀ. ਹੋ ਗਈ ਹੈ। ਬੇਵਿਉਂਤੇ ਵਿਕਾਸ ਦੇ ਕਾਰਨ ਰੇਲ ਦੀਆਂ ਪਟੜੀਆਂ ਤਿੰਨ ਵੱਖ ਵੱਖ ਕਿਸਮਾਂ ਦੀਆਂ ਹਨ, ਜਿਨ੍ਹਾਂ ਕਾਰਨ ਅੰਤਰ-ਪ੍ਰਾਂਤਿਕ ਆਵਾਜਾਈ ਵਿਚ ਕਾਫ਼ੀ ਤਕਲੀਫ਼ ਹੁੰਦੀ ਹੈ। ਰੇਲਾਂ ਜ਼ਿਆਦਾਤਰ ਬੰਦਰਗਾਹਾਂ ਨੂੰ ਸੁਤੰਤਰ ਰੂਪ ਵਿਚ ਵਿਚਕਾਰਲੇ ਹਿੱਸਿਆਂ ਨਾਲ ਮਿਲਾਉਂਦੀਆਂ ਹਨ। ਵਰਤਮਾਨ ਸਮੇਂ ਵਿਚ ਵਿਚਕਾਰਲੇ ਹਿੱਸਿਆਂ ਨਾਲ ਮਿਲਾਉਂਦੀਆਂ ਹਨ। ਵਰਤਮਾਨ ਸਮੇਂ ਵਿਚ ਰੇਲਾਂ ਦੇ ਮੁਕਾਬਲੇ ਤੇ ਮੋਟਰਕਾਰਾਂ, ਟਰੱਕਾਂ ਅਤੇ ਹਵਾਈ ਜਹਾਜ਼ਾਂ ਦੀ ਮਹੱਤਤਾ ਵਧ ਗਈ ਹੈ। ਵਸੋਂ ਦੇ ਪੱਖ ਤੋਂ ਵੇਖਿਆਂ ਮੋਟਰਕਾਰਾਂ ਅਤੇ ਟਰੱਕਾਂ ਦਾ ਅਨੁਪਾਤ ਇਥੇ ਲਗਭਗ ਉਹੀ ਹੈ, ਜੋ ਅਮਰੀਕਾ ਵਿਚ ਹੈ। ਆਸਟ੍ਰੇਲੀਆ ਨਿਵਾਸੀ ਸੰਸਾਰ ਵਿਚ ਹਵਾਈ ਜਹਾਜ਼ਾਂ ਦੀ ਵਰਤੋਂ ਵੀ ਸਭ ਤੋਂ ਵਧੇਰੇ ਕਰਦੇ ਹਨ। ਸਾਲ 1988 ਵਿਚ ਇਥੇ 107,753ਕਿ. ਮੀ. ਲੰਬੀਆਂ ਮੁੱਖ ਸੜਕਾਂ ਸਨ ਅਤੇ 38,219 ਕਿ.ਮੀ. ਲੰਬੇ ਰਾਜ ਮਾਰਗ ਅਤੇ ਮਹਾਂ ਮਾਰਗ ਸਨ।

          ਵਪਾਰ – ਅਸਟ੍ਰੇਲੀਆ ਇਕ ਵੱਡਾ ਵਪਾਰੀ ਮਹਾਂਦੀਪ ਹੈ ਅਤੇ ਕੱਚਾ ਮਾਲ ਅਤੇ ਖਾਣ ਦੀਆਂ ਚੀਜ਼ਾਂ ਬਹੁਤੀ ਮਿਕਦਾਰ ਵਿਚ ਰੋਮਨ ਦੇਸ਼ਾਂ ਨੂੰ ਭੇਜਦਾ ਹੈ। ਪਹਿਲਾਂ ਨੰਬਰ ਉੱਨ ਦਾ ਹੈ ਅਤੇ ਅੱਜਕਲ੍ਹ ਵਧੀਆਂ ਹੋਈਆਂ ਕੀਮਤਾਂ ਦੇ ਕਾਰਨ ਉੱਨ ਦਾ ਮੁੱਲ ਲਗਭਗ 41.1 ਫ਼ੀਸਦੀ ਹੈ। ਇਨ੍ਹਾਂ ਤੋਂ ਪਿੱਛੋਂ ਕਾਰਖ਼ਾਨਿਆਂ ਵਿਚ ਬਣੀਆਂ ਚੀਜ਼ਾਂ ਅਤੇ ਉਨ੍ਹਾਂ ਤੋਂ ਪਿਛੋਂ ਮੱਖਣ, ਪਨੀਰ, ਅੰਡੇ ਅਤੇ ਮੁਰਗ਼ੀਆਂ ਆਦਿ ਵੀ ਬਾਹਰ ਭੇਜੇ ਜਾਂਦੇ ਹਨ। ਦੇਸ਼ ਦਾ ਸਭ ਤੋਂ ਵਧੇਰੇ ਵਪਾਰਕ ਸਬੰਧ ਬਰਤਾਨੀਆ ਨਾਲ ਹੈ। ਵੱਡੇ ਵੱਡੇ ਖਰੀਦਾਰ ਲੰਕਾ, ਫ਼ਰਾਂਸ, ਜਰਮਨੀ, ਭਾਰਤ, ਬੈਲਜੀਅਮ, ਨਿਊਜ਼ੀਲੈਂਡ ਤੇ ਅਮਰੀਕਾ ਹਨ।

          ਦਰਾਮਦ ਵਾਲੇ ਮਾਲ ਵਿਚ ਧਾਤਾਂ ਤੇ ਉਨ੍ਹਾਂ ਤੋਂ ਬਣੀਆਂ ਚੀਜ਼ਾਂ, ਬਿਜਲੀ ਦਾ ਸਾਮਾਨ, ਮਸ਼ੀਨਾਂ, ਪੈਟਰੋਲ, ਟਰੱਕ, ਕੱਪੜਾ, ਚਾਹ, ਦਵਾਈਆਂ ਅਤੇ ਰਸਾਇਣ ਹਨ ਜੋ ਵਧੇਰੇ ਕਰਕੇ ਬਰਤਾਨੀਆ, ਅਮਰੀਕਾ, ਜਰਮਨੀ, ਫ਼ਰਾਂਸ, ਨਿਊਜ਼ੀਲੈਂਡ, ਜਾਪਾਨ, ਕੈਨੇਡਾ ਅਤੇ ਭਾਰਤ ਤੋਂ ਆਉਂਦੀਆਂ ਹਨ। ਵਿਸ਼ੇਸ਼ ਕਰਕੇ ਚਾਹ ਭਾਰਤ ਤੋਂ ਆਉਂਦੀ ਹੈ।

          ਲੋਕ

          ਆਬਾਦੀ – ਜਲਵਾਯੂ ਦੇ ਅਨੁਕੂਲ ਨਾ ਹੋਣ ਕਾਰਨ ਆਸਟ੍ਰੇਲੀਆ ਇਕ ਵਿਸ਼ਾਲ ਮਹਾਂਦੀਪ ਹੁੰਦੇ ਹੋਏ ਵੀ ਵਸੋਂ ਦੇ ਪੱਖ ਤੋਂ ਬਹੁਤ ਪਛੜਿਆ ਹੋਇਆ ਹੈ। ਸਾਰੇ ਆਸਟ੍ਰੇਲੀਆ ਦੀ ਆਬਾਦੀ ਲਗਭਗ ਉੱਤਨੀ ਹੀ ਹੈ ਜਿੰਨੀ ਕਿ ਇਕੱਲੇ ਨਿਊਯਾਰਕ ਸ਼ਹਿਰ ਦੀ ਹੈ। ਆਸਟ੍ਰੇਲੀਆ ਦੀ ਔਸਤ ਵਸੋਂ 201 ਫ਼ੀ 100ਵ. ਕਿ. ਮੀ. ਹੈ, ਜਿਹੜੀ ਸੰਸਾਰ ਦੀ ਔਸਤ ਆਬਾਦੀ ਨਾਲੋਂ ਘੱਟ ਹੈ। ਮਹਾਂਦੀਪ ਦੀ ਬਹੁਤੀ ਆਬਾਦੀ ਸਾਹਿਲ ਕੋਲ ਹੀ ਹੈ ਅਤੇ ਇਹ ਕੇਵਲ ਪੂਰਬੀ ਸਾਹਿਲ ਉੱਤੇ ਅਤੇ ਦੱਖਣ ਦੇ ਠੰਢੇ ਥਾਵਾਂ ਉੱਤੇ ਹੀ ਬਹੁਤ ਸੰਘਣੀ ਹੈ। ਸ਼ਹਿਰੀ ਵਸੋਂ ਪੇਂਡੂ ਵਸੋਂ ਦੇ ਟਾਕਰੇ ਤੇ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਕੁੱਲ ਵਸੋਂ ਦੇ ਲਗਭਗ 70% ਲੋਕ ਸ਼ਹਿਰਾਂ ਵਿਚ ਰਹਿੰਦੇ ਹਨ।

          ਸੰਨ 1991 ਵਿਚ ਪ੍ਰਾਂਤਾਂ ਦੀਆਂ ਰਾਜਧਾਨੀਆਂ ਦੀ ਅੰਦਾਜ਼ਨ ਵਸੋਂ ਹੇਠ ਲਿਖੇ ਅਨੁਸਾਰ ਸੀ :-

          ਕੇਨਬਰਾ                                       2,78,894

          ਸਿਡਨੀ                              36,98,500

          ਮੈਲਬੋਰਨ                            31,53,500

          ਬ੍ਰਿਸਬੇਨ (ਇਬਸਵਿਚ ਸਮੇਤ)     13,27,000

          ਐਡੀਲੇਡ                             10,23,617

          ਪਰਥ                                11,43,265

          ਹੋਬਰਟ                              1,81,838

          ਗਰੇਟਰ ਡਾਰਵਿਨ                   78,139

          ਆਸਟ੍ਰੇਲੀਆ ਵਿਚ ਗੋਰੇ ਲੋਕਾਂ ਦੇ ਪਹੁੰਚਣ ਸਮੇਂ ਲਗਭਗ ਤਿੰਨ ਲੱਖ ਆਦਿ ਵਾਸੀ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਘੱਟ ਕੇ 55,000 ਰਹਿ ਗਈ ਹੈ।

          ਸਭਿਆਚਾਰ ਅਤੇ ਰਹਿਣ–ਸਹਿਣ – ਆਸਟ੍ਰੇਲੀਆ ਦੇ ਸਭਿਆਚਾਰਕ ਜੀਵਨ ਉੱਤੇ ਉਥੋਂ ਦੀ ਭੌਤਿਕ ਦਸ਼ਾ, ਅੰਗਰੇਜ਼ੀ ਰਸਮੋਂ-ਰਿਵਾਜ, ਨਵੇਂ ਦੀਪ ਵਿਚ ਰੋਜ਼ਗਾਰ ਕਮਾਉਣ ਲਈ ਵਧੇਰੇ ਮਿਹਨਤ ਦੀ ਲੋੜ, ਪੁਰਤਨ ਪਰੰਪਰਾਵਾਂ ਦੇ ਨਾ ਹੋਣ, ਸਭਿਆਚਾਰਕ ਬਹੁ-ਗਿਣਤੀਆਂ ਦੇ ਘੱਟ ਹੋਣ, ਯੂਰਪ ਨਾਲ ਸਭਿਆਚਾਰਕ ਬਰਾਬਰਤਾ ਨਾ ਹੋਣ ਆਦਿ ਨੇ ਬਹੁਤ ਪ੍ਰਭਾਵ ਪਾਇਆ ਹੈ। ਲੋਕ ਖੁਸ਼ਹਾਲ ਹਨ। ਰਹਿਣ-ਸਹਿਣ ਦਾ ਮਿਆਰ ਕਾਫ਼ੀ ਉੱਚਾ ਹੈ। ਬੇਰੁਜ਼ਗਾਰੀ ਬਹੁਤ ਘੱਟ ਹੈ। ਸਿੱਖਿਆ ਦੇ ਖੇਤਰ ਵਿਚ ਇਥੇ ਕਾਫ਼ੀ ਉੱਨਤੀ ਹੋਈ ਹੈ : ਵਰਕਰਾਂ ਨੂੰ ਪੜ੍ਹਾਉਣ ਦੇ ਪ੍ਰਬੰਧ ਵੀ ਹਨ। ਫਿਰਤੂ ਲਾਇਬ੍ਰੇਰੀਆਂ ਵੀ ਇਥੇ ਹਨ। ਦੇਸ਼ ਉਦਯੋਗਿਕ ਤੌਰ ਤੇ ਬਹੁਤ ਅੱਗੇ ਨਿਕਲ ਗਿਆ ਹੈ। ਇਥੇ ਤਕਨੀਕੀ ਸਕੂਲਾਂ ਅਤੇ ਕਾਲਜਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿਚ ਵੀ ਬਹੁਤ ਉੱਨਤੀ ਹੋਈ ਹੈ।

          ਰਾਜ ਪ੍ਰਬੰਧ

          ਆਸਟ੍ਰੇਲੀਆ ਵਿਚ ਸੰਘੀ ਸਰਕਾਰ ਹੈ। ਇਸ ਦੀ ਮੁਖੀ ਮਲਕਾ ਹੁੰਦੀ ਹੈ ਜਿਸ ਦੀ ਪ੍ਰਤੀਨਿਧਤਾ ਗਵਰਨਰ ਜਨਰਲ ਕਰਦਾ ਹੈ। ਇਸ ਤੋਂ ਇਲਾਵਾ ਸੰਘੀ ਸੰਸਦ ’ਚ ਸੈਨੇਟ ਅਤੇ ਹਾਊਸ ਆਫ਼ ਰੈਪਰਿਜੈਂਟੇਟਿਵ ਸ਼ਾਮ ਹੁੰਦੇ ਹਨ। ਸੰਵਿਧਾਨ ਦੀਆਂ ਨਿਸ਼ਚਿਤ ਸ਼ਰਤਾਂ ਅਨੁਸਾਰ ਸਾਲ ਵਿਚ ਪਾਰਲੀਮੈਂਟ ਦਾ ਘੱਟੋ ਘੱਟ ਇਕ ਇਜਲਾਸ ਹੋਣ ਜ਼ਰੂਰੀ ਹੈ।

          ਸੈਨੇਟ ਵਿਚ 76 ਸੈਨੇਟਰ ਹੁੰਦੇ ਹਨ ਜੋ ਵੱਖ ਵੱਖ ਰਾਜਾਂ ਦੀ ਪ੍ਰਤੀਨਿਧਤਾ ਕਰਦੇ ਹਨ। ਇਹ ਛੇ ਸਾਲ ਲਈ ਚੁਣੇ ਜਾਂਦੇ ਹਨ ਅਤੇ ਹਰ ਤਿੰਲ ਸਾਲਾਂ ਪਿਛੋਂ ਸੈਨੇਟ ਦਾ 1/2 ਹਿੱਸਾ ਨਵਾਂ ਚੁਣਿਆ ਜਾਂਦਾ ਹੈ ਪਰ ਹਾਊਸ ਆਫ਼ ਰੈਪਰਿਜੈਂਟੇਟਿਵ ਨਾਲ ਮੱਤਭੇਦ ਹੋ ਜਾਣ ਕਾਰਨ ਸਾਰੀ ਸੈਨੇਟ ਭੰਗ ਭੀ ਕੀਤੀ ਜਾ ਸਕਦੀ ਹੈ ਅਤੇ ਸਾਰੀ ਦੀ ਸਾਰੀ ਹੀ ਦੁਬਾਰਾ ਚੁਣੀ ਜਾਂਦੀ ਹੈ। ਸੰਨ 1922 ਤੋਂ ਨਾਰਦਨ ਟੈਰਿਟਰੀ ਦਾ ਇਕ ਮੈਂਬਰ ਹੁੰਦਾ ਸੀ। ਸੰਨ 1947 ਤੋਂ ਆਸਟ੍ਰੇਲੀਅਨ ਕੈਪੀਟਲ ਟੈਰਿਟਰੀ ਦਾ ਇਕ ਮੈਂਬਰ ਪਰ ਅਗਸਤ 1974 ਤੋਂ ਇਨ੍ਹਾਂ ਦੋਹਾਂ ਰਾਜਾਂ ਦੇ 2-2 ਮੈਂਬਰ ਹੁੰਦੇ ਹਨ। ਹਾਊਸ ਆਫ਼ ਰੈਪਰਿਜੈਂਟੇਟਿਵ ਦੀ ਮਿਆਦ ਆਪਣੀ ਪਹਿਲੀ ਮੀਟਿੰਗ ਤੋਂ ਬਾਅਦ ਤਿੰਲ ਸਾਲ ਹੁੰਦੀ ਹੈ।

          ਹਰੇਕ ਸੈਨੇਟਰ ਜਾਂ ਹਾਊਸ ਦੇ ਮੈਂਬਰ ਲਈ ਜ਼ਰੂਰੀ ਹੈ ਕਿ ਉਹ ਮਲਕਾ ਦੀ ਪਰਜਾ ਹੋਵੇ ਅਤੇ ਉਸ ਵਿਚ ਚੋਣਕਾਰਾਂ ਦੀਆਂ ਪੂਰੀਆਂ ਯੋਗਤਾਵਾਂ ਹੋਣ। ਉਸ ਦੀ ਉਮਰ ਸ਼ਰਤਾਂ ਮੁਤਾਬਕ ਪੂਰੀ ਹੋਵੇ ਤੇ ਉਹ ਤਿੰਨ ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿੰਦਾ ਹੋਵੇ। ਦੋਵੇਂ ਹਾਊਸਾਂ ਲਈ ਵੋਟ ਅਧਿਕਾਰ ਇਕੋ ਜਿਹਾ ਹੈ ਭਾਵ 18ਸਾਲ ਦੀ ਹਰ ਇਸਤਰੀ ਤੇ ਪੁਰਖ ਨੂੰ ਵੋਟ ਦਾ ਅਧਿਕਾਰ ਹੈ। ਜੇ ਕੋਈ ਰਾਜ ਵਿਧਾਨ ਸਭਾ ਦਾ ਮੈਂਬਰ ਸੰਘੀ ਚੋਣ ਵਿਚ ਮੈਂਬਰ ਬਣਨਾ ਚਾਹੇ ਤਾਂ ਉਸ ਲਈ ਜ਼ਰੂਰੀ ਹੈ ਕੇ ਉਹ ਪਹਿਲਾਂ ਆਪਣੀ ਸਟੇਟ-ਸੀਟ ਤੋਂ ਅਸਤੀਫ਼ਾ ਦੇਵੇ।

          ਆਸਟ੍ਰੇਲੀਆ ਵਿਚ ਕਾਰਜਕਾਰੀ ਅਧਿਕਾਰ ਗਵਰਨਰ-ਜਨਰਲ ਕੋਲ ਹੁੰਦੇ ਹਨ ਅਤੇ ਇਸ ਦੀ ਸਲਾਹਕਾਰ ਕਾਰਜਕਾਰੀ ਕੌਂਸਲ ਹੁੰਦੀ ਹੈ। ਗਵਰਨਰ-ਜਨਰਲ ਕੌਸਲ ਦੀ ਪ੍ਰਧਾਨਗੀ ਕਰਦਾ ਹੈ ਅਤੇ ਮੈਂਬਰਾਂ ਨੂੰ ਆਪਣੀ ਮਰਜ਼ੀ ਨਾਲ ਅਹੁਦੇ ਦਿੰਦਾ ਹੈ। ਲੋਅਰ ਹਾਊਸ ਵਿਚ ਬਹੁਮਤ ਪਾਰਟੀ ਦੇ ਸਾਰੇ ਰਾਜ ਦੇ ਮੰਤਰੀ ਕਾਰਜਕਾਰੀ ਕੌਂਸਲ ਦੇ ਮੈਂਬਰ ਹੁੰਦੇ ਹਨ। ਮੀਟਿੰਗਾ ਦੀਆਂ ਕਾਰਵਾਈਆਂ ਦਾ ਰਿਕਾਰਡ ਕੌਸਲ ਦਾ ਸੈਕਟਰੀ ਰੱਖਦਾ ਹੈ। ਮੰਤਰੀ ਮੰਡਲ ਦੇ ਫ਼ੈਸਲਿਆਂ ਨੂੰ ਕਾਨੂੰਨ ਮੰਨਿਆ ਜਾਂਦਾ ਹੈ।

          ਆਸਟ੍ਰੇਲੀਆ ਵਿਚ ਮੰਤਰੀ ਮੰਡਲ ਦੀ ਨੀਤੀ ਅਮਲੀ ਰੂਪ ਵਿਚ ਰਾਜ ਦੇ ਮੰਤਰੀ ਆਪਣੀਆਂ ਮੀਟਿੰਗਾਂ ਵਿਚ ਨਿਸ਼ਚਿਤ ਕਰਦੇ ਹਨ। ਇਸ ਗਰੁੱਪ ਨੂੰ ਕੈਬਿਨਟ ਕਰਕੇ ਜਾਣਿਆ ਜਾਂਦਾ ਹੈ। ਕੈਬਿਨਟ ਦੀਆਂ 11 ਸਥਾਈ ਕਮੇਟੀਆਂ ਹਨ ਜੋ ਕੈਬਿਨਟ ਅਤੇ ਗ਼ੈਰ-ਕੈਬਿਨਟ ਵਜ਼ੀਰਾਂ ਦੀਆਂ ਹੁੰਦੀਆਂ ਹਨ। ਲੇਬਰ ਸਰਕਾਰਾਂ ਵਿਚ ਸਾਰੇ ਮੰਤਰੀ ਕੈਬਨਿਟ ਦੇ ਮੈਂਬਰ ਹੁੰਦੇ ਹਨ। ਲਿਬਰਲ ਤੇ ਨੈਸ਼ਨਲ ਕੰਟਰੀ ਪਾਰਟੀ ਸਰਕਾਰ ਵਿਚ ਸਿਰਫ਼ ਸੀਨੀਅਰ ਮੰਤਰੀ ਹੁੰਦੇ ਹਨ। ਕੈਬਿਨਟ ਦੀਆਂ ਮੀਟਿੰਗਾਂ ਪ੍ਰਾਈਵੇਟ ਹੁੰਦੀਆਂ ਹਨ ਅਤੇ ਇਥੇ ਪੂਰੀ ਤਰ੍ਹਾਂ ਵਿਚਾਰ ਵਟਾਂਦਰਾਂ ਕੀਤਾ ਜਾਂਦਾ ਹੈ ਪਰ ਮੀਟਿੰਗਾਂ ਦਾ ਰਿਕਾਰਡ ਸਰਬਜਨਕ ਨਹੀਂ ਬਣਾਇਆ ਜਾਂਦਾ ਹੈ। ਕੈਬਿਨਟ ਦੇ ਫ਼ੈਸਲੇ ਭਾਵੇਂ ਕਾਨੂੰਨੀ ਅਸਰ ਨਹੀਂ ਕਰਦੇ ਪਰ ਮੂਲ ਰੂਪ ਵਿਚ ਪਾਰਲੀਮੈਂਟਰੀ ਕਾਰਵਾਈਆਂ ਉੱਤੇ ਪੂਰਾ ਕੰਟਰੋਲ ਕਰਦੀ ਹੈ। ਅਸਲ ਵਿਚ ਕੈਬਿਨਟ ਮੰਤਰੀ ਕਾਰਜਕਾਰਨੀ ਕੌਂਸਲ ਦੇ ਮੈਂਬਰ ਹੋਣ ਕਰਕੇ ਦੇਸ਼ ਦੀ ਕਾਰਜਕਾਰਨੀ ਸਰਕਾਰ ਵਿਚ ਅਹਿਮ ਸਥਾਨ ਰਖਦੇ ਹਨ।

          ਫੈਡਰਲ ਪਾਰਲੀਮੈਂਟ ਦੀਆਂ ਵਿਧਾਨਕ ਸ਼ਕਤੀਆਂ ਵਿਚ ਵਪਾਰ, ਜਹਾਜ਼ਰਾਨੀ ਕਰ, ਵਿੱਤ, ਬੈਂਕ, ਕਰੰਸੀ, ਬੀਮਾ, ਸੁਰੱਖਿਆ, ਬਦੇਸ਼ੀ ਮਾਮਲੇ, ਆਵਾਜ਼, ਪਰਵਾਸ, ਮਰਦਮਸ਼ੁਮਾਰੀ, ਨਾਪ-ਤੋਲ, ਸਮਾਜਕ ਸੇਵਾਵਾਂ, ਵਿਆਹ, ਤਲਾਕ ਆਦਿ ਦੀਆਂ ਕਾਰਵਾਈਆਂ ਸ਼ਾਮਲ ਹਨ।

          ਆਸਟ੍ਰੇਲੀਆ ਐਕਟ, 1986 ਅਨੁਸਾਰ ਆਸਟ੍ਰੇਲੀਆ ਵਿਚੋਂ ਬਰਤਾਨੀਆ ਦੇ ਸਾਰੇ ਅਧਿਕਾਰ ਖ਼ਤਮ ਕਰ ਦਿੱਤੇ। ਜੁਲਾਈ, 1981 ਵਿਚ ਇਥੋਂ ਦੀ 35 ਵੀਂ ਪਾਰਲੀਮੈਂਟ ਦੀ ਚੋਣ ਹੋਈ।

          ਹ. ਪੁ.– ਐਨ. ਬ੍ਰਿ. ਮੈ. 2:381; ਸਟੈਟਸਮੈਨ ਯੀਅਰ ਬੁਕ 1988-89


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਆਸਟ੍ਰੇਲੀਆ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਆਸਟ੍ਰੇਲੀਆ : ਆਸਟ੍ਰੇਲੀਆ ਇੱਕ ਅਜਿਹਾ ਦੇਸ ਹੈ, ਜੋ ਇੱਕ ਮਹਾਂਦੀਪ (ਸਭ ਤੋਂ ਛੋਟਾ) ਵੀ ਹੈ। ਇਸ ਨੂੰ ਸੰਸਾਰ ਦਾ ਸਭ ਤੋਂ ਵੱਡਾ ਦੀਪ (Island) ਵੀ ਕਿਹਾ ਜਾ ਸਕਦਾ ਹੈ। ਇਹ ਬਹੁਤ ਪੁਰਾਣੇ ਮਹਾਂਦੀਪ ਗੌਂਡਵਾਨਾ ਲੈਂਡ ਦਾ ਇੱਕ ਭਾਗ ਸੀ। ਇਹ ਥੈਲੀ ਵਾਲੇ ਪਸੂਆਂ, ਜਿਵੇਂ ਕਿ ਕੰਗਾਰੂ ਆਦਿ ਲਈ ਪ੍ਰਸਿੱਧ ਹੈ। ਕੈਪਟਨ ਕੁੱਕ ਨੇ ਸੰਨ 1778 ਵਿੱਚ ਇਸ ਦੀ ਖੋਜ ਕੀਤੀ ਸੀ ਅਤੇ ਸੰਨ 1809 ਵਿੱਚ ਇੰਗਲੈਂਡ ਦੇ ਕੈਦੀਆਂ ਦੀ ਇੱਕ ਅਬਾਦੀ ਦੇ ਰੂਪ ਵਿੱਚ ਇੱਥੇ ਵੱਸੋਂ ਦਾ ਅਰੰਭ ਹੋਇਆ ਸੀ। ਸੰਨ 1901 ਵਿੱਚ ਇੱਥੇ ਛੇ ਅਬਾਦੀਆਂ (Colonies) ਬਣਾਈਆਂ ਗਈਆਂ ਜੋ ਦੇਸ ਦੇ ਛੇ ਰਾਜ ਵੀ ਬਣਾਏ ਗਏ। ਉੱਤਰੀ ਰਾਜ (Northern Territiry) ਸੰਨ 1911 ਵਿੱਚ ਬਣਾਇਆ ਗਿਆ ਸੀ। ਹੁਣ ਇੱਥੇ ਬਹੁ-ਪਾਰਟੀ ਵਾਲੇ ਲੋਕਰਾਜੀ ਸੰਘ ਦੀ ਸਰਕਾਰ ਕਾਇਮ ਹੈ।

ਸਥਿਤੀ: ਆਸਟ੍ਰੇਲੀਆ ਦੱਖਣੀ ਅਰਧ-ਗੋਲੇ ਵਿੱਚ 10° 41’ ਦੱਖਣੀ ਅਕਸ਼ਾਂਸ਼ ਤੋਂ 43°39’ ਦੱਖਣੀ ਅਕਸ਼ਾਂਸ਼ ਤੱਕ ਅਤੇ 113° 9’ ਪੂਰਬੀ ਰੇਖ਼ਾਂਸ਼ ਤੋਂ 153° 39’ ਪੂਰਬੀ ਰੇਖ਼ਾਂਸ਼ ਤੱਕ ਫੈਲਿਆ ਹੋਇਆ ਹੈ। ਮਕਰ ਰੇਖਾ ਇਸ ਦੇ ਮੱਧ ਉੱਤਰ ਵਿੱਚੋਂ ਲੰਘਦੀ ਹੈ। ਇਸਦਾ ਖੇਤਰਫਲ 76.78 ਲੱਖ ਵਰਗ ਕਿਲੋਮੀਟਰ ਹੈ। ਤਸਮਾਨੀਆ (Tasmania) ਜੋ ਆਸਟ੍ਰੇਲੀਆ ਦਾ ਵੱਡਾ ਦੀਪ ਹੈ, ਸਮੇਤ ਇਹ ਦੇਸ ਛੇ ਰਾਜਾਂ ਅਤੇ ਇੱਕ ਉੱਤਰੀ ਖੇਤਰ ਵਿੱਚ ਵੰਡਿਆ ਹੋਇਆ ਹੈ। ਕੈਨਬਰਾ (Canberra) ਆਸਟ੍ਰੇਲੀਆ ਦੀ ਰਾਜਧਾਨੀ ਹੈ। ਉੱਤਰ ਵਿੱਚ ਕਾਰਪੈਂਟਰੀਆ (Carpentaria) ਦੀ ਵੱਡੀ ਖਾੜੀ ਅਤੇ ਪੂਰਬ ਵਿੱਚ ਤਟ ਨੇੜੇ ਸੰਸਾਰ ਪ੍ਰਸਿੱਧ ਸੁੰਦਰ ਗ੍ਰੇਟ ਬੈਰੀਅਰ ਰੀਫ (Great Barrier Reef) ਸਥਿਤ ਹੈ। ਹਿੰਦ ਮਹਾਂਸਾਗਰ ਅਤੇ ਸ਼ਾਂਤ ਮਹਾਂਸਾਗਰ ਨੇ ਇਸ ਮਹਾਂਦੀਪ ਨੂੰ ਘੇਰਿਆ ਹੋਇਆ ਹੈ।

ਭੌਤਿਕ ਸਰੂਪ : ਅਫ਼ਰੀਕਾ ਦੀ ਤਰ੍ਹਾਂ ਆਸਟ੍ਰੇਲੀਆ ਵੀ ਇੱਕ ਵਿਸ਼ਾਲ ਪੁਰਾਣੀ ਪਠਾਰ ਦਾ ਭਾਗ ਹੈ। ਪੂਰਬ ਵਿੱਚ ਕੁਝ ਨੀਵੇਂ ਮੋੜਦਾਰ ਪਰਬਤ ਗ੍ਰੇਟ ਡਿਵਾਈਡਿੰਗ ਰੇਂਜ਼ (Great Dividing Range) ਤਟ ਦੇ ਸਮਾਨੰਤਰ ਚੱਲਦੇ ਹਨ। ਇਸ ਵਿੱਚ ਬਲੂ ਜਾਂ ਨੀਲਾ (Blue Mountains) ਅਤੇ ਆਸਟ੍ਰੇਲੀਅਨ ਐਲਪਸ (Australian Alps) ਸ਼ਾਮਲ ਹਨ। ਸਭ ਤੋਂ ਉੱਚੀ ਚੋਟੀ (2,227 ਮੀਟਰ) ਮਾਊਂਟ ਕੋਸਕੁਈਸਕੋ (Mount Kosciuisko) ਇੱਥੇ ਹੀ ਸਥਿਤ ਹੈ। ਇਸ ਤੋਂ ਪੱਛਮ ਵੱਲ ਮੱਧਵਰਤੀ ਨੀਵਾਂ ਮੈਦਾਨ ਹੈ, ਜਿਸ ਦਾ ਪੂਰਬੀ ਭਾਗ ਮਰੇ-ਡਾਰਲਿੰਗ (Murray-Darling) ਦਾ ਬੇਸਿਨ  ਅਤੇ ਪੱਛਮੀ ਭਾਗ ਝੀਲ ਏਅਰੀ (Lake Eyre) ਦਾ ਬੇਸਿਨ ਹੈ। ਆਸਟ੍ਰੇਲੀਆ ਦਾ ਪੱਛਮੀ ਪਠਾਰੀ ਭਾਗ ਲਗਪਗ 350 ਮੀਟਰ ਉੱਚਾ ਹੈ। ਇੱਥੇ ਕਈ ਥਾਂਵਾਂ ਉੱਤੇ ਸਖ਼ਤ ਚਟਾਨਾਂ ਪਰਬਤ ਸ਼੍ਰੇਣੀਆਂ ਦੇ ਰੂਪ ਵਿੱਚ ਖੜੀਆਂ ਹਨ, ਜਿਨ੍ਹਾਂ ਦੀ ਉਚਾਈ 1,200 ਤੋਂ 1,450 ਮੀਟਰ ਤੱਕ ਹੈ। ਇਹ ਵਿਸ਼ਾਲ ਕੰਕਰੀਲਾ ਅਤੇ ਰੇਤਲਾ ਮਾਰੂਥਲੀ ਖੇਤਰ ਹੈ। ਮਰੇ ਡਾਰਲਿੰਗ, ਮੁਰੱਮਬਿਡਗੀ (Murrumbidgee) ਅਤੇ ਲਚਲਾਨ (Lachlan) ਆਦਿ ਆਸਟ੍ਰੇਲੀਆ ਦੀਆਂ ਮੁੱਖ ਨਦੀਆਂ ਹਨ। ਖ਼ੁਸ਼ਕ ਭਾਗਾਂ ਵਿੱਚ ਬਹੁਤ ਸਾਰੇ ਅਸਥਾਈ ਦਰਿਆ ਵੀ ਹਨ। ਮਰੇ-ਡਾਰਲਿੰਗ ਬੇਸਿਨ ਵਿੱਚ ਉਪਜਾਊ ਜਲੌਢੀ ਮਿੱਟੀ ਮਿਲਦੀ ਹੈ।

ਜਲ-ਵਾਯੂ : ਆਸਟ੍ਰੇਲੀਆ ਇੱਕ ਗਰਮ ਅਤੇ ਖ਼ੁਸ਼ਕ ਜਲ-ਵਾਯੂ ਵਾਲਾ ਮਹਾਂਦੀਪ ਹੈ। ਕੇਵਲ ਤਸਮਾਨੀਆ, ਵਿਕਟੋਰੀਆ (Victoria) ਅਤੇ ਨਿਊ ਸਾਊਥਵੇਲਜ਼ (New South Wales) ਰਾਜਾਂ ਵਿੱਚ ਸ਼ੀਤੋਸ਼ਣ ਜਲ-ਵਾਯੂ ਮਿਲਦਾ ਹੈ। ਗਰਮੀਆਂ ਦਾ ਔਸਤ ਤਾਪਮਾਨ ਰੇਤਲੇ ਮਾਰੂਥਲ ਵਿੱਚ 32° ਸੈਂਟੀਗ੍ਰੇਡ ਤੋਂ ਲੈ ਕੇ ਦੱਖਣ-ਪੂਰਬ ਵਿੱਚ 19.4° ਸੈਂਟੀਗ੍ਰੇਡ ਤੱਕ ਅਤੇ ਸਰਦੀਆਂ ਦਾ 20° ਸੈਂਟੀਗ੍ਰੇਡ ਤੋਂ ਲੈ ਕੇ 9.4° ਸੈਂਟੀਗ੍ਰੇਡ ਤੱਕ ਹੁੰਦਾ ਹੈ। ਰੁੱਤਾਂ ਭਾਰਤ ਦੇ ਉਲਟ ਹੁੰਦੀਆਂ ਹਨ ਅਰਥਾਤ ਜਦੋਂ ਭਾਰਤ ਵਿੱਚ ਗਰਮੀਆਂ ਦੀ ਰੁੱਤ ਹੁੰਦੀ ਹੈ ਤਾਂ ਆਸਟ੍ਰੇਲੀਆ ਵਿੱਚ ਉਸ ਸਮੇਂ ਸਰਦੀਆਂ ਹੁੰਦੀਆਂ ਹਨ। ਜਦੋਂ ਭਾਰਤ ਵਿੱਚ ਸਰਦੀਆਂ ਦੀ ਰੁੱਤ ਹੁੰਦੀ ਹੈ ਤਾਂ ਆਸਟ੍ਰੇਲੀਆ ਵਿੱਚ ਗਰਮੀਆਂ ਦੀ ਰੁੱਤ ਹੁੰਦੀ ਹੈ, ਕਿਉਂਕਿ ਭਾਰਤ ਉੱਤਰੀ ਗੋਲਾਰਧ ਵਿੱਚ ਅਤੇ ਆਸਟ੍ਰੇਲੀਆ ਦੱਖਣੀ ਗੋਲਾਰਧ ਵਿੱਚ ਸਥਿਤ ਹੈ। ਬਹੁਤੀ ਵਰਖਾ ਪੂਰਬੀ ਉੱਚ ਪ੍ਰਦੇਸ਼ ਦੇ ਪੂਰਬੀ ਭਾਗਾਂ ਅਤੇ ਉੱਤਰੀ ਤਟਵਰਤੀ ਭਾਗਾਂ ਵਿੱਚ (75 ਸੈਂਟੀਮੀਟਰ) ਹੁੰਦੀ ਹੈ। ਵਰਖਾ ਅੰਦਰ ਵੱਲ ਜਾਂਦਿਆਂ ਘਟਦੀ ਜਾਂਦੀ ਹੈ। ਮਾਰੂਥਲਾਂ ਵਿੱਚ ਵਰਖਾ 10 ਸੈਂਟੀਮੀਟਰ ਪ੍ਰਤਿ ਸਾਲ ਤੋਂ ਵੀ ਘੱਟ ਹੁੰਦੀ ਹੈ। ਦੱਖਣ-ਪੱਛਮੀ ਅਤੇ ਦੱਖਣੀ ਭਾਗਾਂ ਦਾ ਜਲ-ਵਾਯੂ ਰੂਮਸਾਗਰੀ ਹੈ।

ਬਨਸਪਤੀ : ਸਫ਼ੈਦਾ (ਵਿਭਿੰਨ ਆਕਾਰਾਂ ਦਾ) ਆਸਟ੍ਰੇਲੀਆ ਦਾ ਸਭ ਤੋਂ ਵੱਧ ਮਹੱਤਵਪੂਰਨ ਦਰਖ਼ਤ ਹੈ। ਮਾਰੂਥਲੀ ਖੇਤਰਾਂ ਵਿੱਚ ਕੰਡੇਦਾਰ ਝਾੜੀਆਂ ਅਤੇ ਗੁੱਛੇਦਾਰ ਘਾਹ ਪੈਦਾ ਹੁੰਦੀ ਹੈ। ਉੱਤਰੀ ਅਤੇ ਉੱਤਰ-ਪੂਰਬੀ ਗਰਮ ਅਤੇ ਸਿੱਲ੍ਹੇ ਭਾਗਾਂ ਵਿੱਚ ਸਿੱਲ੍ਹੇ ਊਸ਼ਣ ਖੰਡੀ ਜੰਗਲ ਮਿਲਦੇ ਹਨ। ਉੱਤਰੀ-ਮੱਧਵਰਤੀ ਮੈਦਾਨ ਵਿੱਚ ਗਰਮ ਸਵਾਨਾ ਘਾਹ ਅਤੇ ਦੱਖਣੀ ਭਾਗਾਂ ਵਿੱਚ ਸ਼ੀਤੋਸ਼ਣ ਘਾਹ ਡਾਊਨਜ਼ (Downs) ਮਿਲਦਾ ਹੈ। ਦੱਖਣ-ਪੂਰਬੀ ਪਹਾੜਾਂ ਅਤੇ ਤਸਮਾਨੀਆ ਵਿੱਚ ਚੀੜ੍ਹ (ਕੌਰੀ ਅਤੇ ਹੂਰੋਂ ਚੀੜ੍ਹ) ਦੇ ਜੰਗਲ ਮਿਲਦੇ ਹਨ।

ਸੰਸਾਧਨ ਅਤੇ ਅਰਥ-ਵਿਵਸਥਾ : ਆਸਟ੍ਰੇਲੀਆ ਇੱਕ ਵਿਕਸਿਤ ਦੇਸ ਹੈ।ਇਸ ਦਾ ਅਰਥਚਾਰਾ ਮੁੱਖ ਤੌਰ ’ਤੇ ਇਸਦੇ ਖਣਿਜ ਪਦਾਰਥਾਂ, ਪਸੂ ਅਤੇ ਪਸੂ ਪਦਾਰਥਾਂ, ਕੁਝ ਹੱਦ ਤੱਕ ਖੇਤੀ-ਬਾੜੀ ਪਦਾਰਥਾਂ, ਸੈਰ-ਸਪਾਟਾ ਅਤੇ ਕੁਝ ਉਦਯੋਗਿਕ-ਪਦਾਰਥਾਂ ਦੇ ਉਤਪਾਦਨ ਅਤੇ ਨਿਰਯਾਤ ਉੱਤੇ ਨਿਰਭਰ ਕਰਦਾ ਹੈ। ਆਸਟ੍ਰੇਲੀਆ ਵਿੱਚ ਬਾਕਸਾਈਟ, ਤਾਂਬਾ, ਸੋਨਾ, ਕੱਚਾ ਲੋਹਾ, ਸਿੱਕਾ, ਯੁਰੇਨੀਅਮ ਅਤੇ ਨਿੱਕਲ ਆਦਿ ਦੇ ਵੱਡੇ ਭੰਡਾਰ ਅਤੇ ਉੱਚਾ ਉਤਪਾਦਨ ਹੈ। ਆਸਟ੍ਰੇਲੀਆ ਸੰਸਾਰ ਵਿੱਚ ਬਾਕਸਾਈਟ ਅਤੇ ਹੀਰਿਆਂ ਦਾ ਸਭ ਤੋਂ ਵੱਡਾ ਅਤੇ ਸੋਨੇ ਦਾ ਤੀਜਾ ਵੱਡਾ ਉਤਪਾਦਨ ਅਤੇ ਨਿਰਯਾਤਕ ਦੇਸ ਹੈ। ਕੋਲਾ ਮੁੱਖ ਤੌਰ ’ਤੇ ਸਿਡਨੀ (Sydeny) ਅਤੇ ਕੁਈਨਜ਼ਲੈਂਡ (Queensland) ਵਿੱਚ, ਲੋਹਾ ਪੱਛਮੀ ਆਸਟ੍ਰੇਲੀਆ, ਅਤੇ ਸਪੈਂਸਰ ਖਾੜੀ (Spencer Gulf) ਖੇਤਰ ਵਿੱਚ ਮਿਲਦਾ ਹੈ। ਸੋਨਾ ਕਾਲਗੂਰਲੀ (Kalgoorlie) ਅਤੇ ਕੂਲਗਾਰਡੀ (Coolgardie) ਖੇਤਰਾਂ ਵਿੱਚ ਅਤੇ ਬਾਕਸਾਈਟ ਕਾਰਪੈਂਟਰੀਆ (Carpentaria) ਖਾੜੀ ਦੇ ਤਟਵਰਤੀ ਭਾਗਾਂ ਵਿੱਚ ਮਿਲਦਾ ਹੈ।

ਖੇਤੀ-ਬਾੜੀ ਮੁੱਖ ਤੌਰ ’ਤੇ ਮਰੇ-ਡਾਰਲਿੰਗ ਬੇਸਿਨ ਅਤੇ ਤਟਵਰਤੀ ਭਾਗਾਂ ਵਿੱਚ ਕੀਤੀ ਜਾਂਦੀ ਹੈ। ਸਾਰੀ ਵੱਸੋਂ ਦਾ ਕੇਵਲ 8.5 ਪ੍ਰਤਿਸ਼ਤ ਹੀ ਖੇਤੀ ਕਰਦਾ ਹੈ। ਸਾਰੀ ਭੂਮੀ ਦਾ ਕੇਵਲ 6.5 ਪ੍ਰਤਿਸ਼ਤ ਹੀ ਖੇਤੀ ਅਧੀਨ ਹੈ। ਪਾਣੀ ਦੀ ਘਾਟ ਹੈ। ਆਸਟ੍ਰੇਲੀਆ ਵਿੱਚ ਆਰਟੀਜ਼ੀਅਨ ਖੂਹਾਂ (Artesian Wells) ਦੇ ਵਿਸ਼ਾਲ ਬੇਸਿਨ ਮਿਲਦੇ ਹਨ, ਪਰੰਤੂ ਪਾਣੀ ਖਾਰਾ ਹੈ। ਵਰਖਾ ਘੱਟ ਅਤੇ ਅਨਿਯਮਤ ਹੈ। ਕਣਕ ਸਭ ਤੋਂ ਵੱਧ ਮਹੱਤਵਪੂਰਨ ਫ਼ਸਲ ਹੈ ਜੋ ਮਰੇ-ਡਾਰਲਿੰਗ ਬੇਸਿਨ ਵਿੱਚ ਪੈਦਾ ਕੀਤੀ ਜਾਂਦੀ ਹੈ। ਇਹ ਨਿਰਯਾਤ ਵੀ ਕੀਤੀ ਜਾਂਦੀ ਹੈ। ਦੱਖਣੀ ਆਸਟ੍ਰੇਲੀਆ ਦੇ ਰਾਜਾਂ ਅਤੇ ਰੂਮ ਸਾਗਰੀ ਜਲ-ਵਾਯੂ ਵਾਲੇ ਭਾਗਾਂ ਵਿੱਚ ਕਣਕ, ਖੱਟੇ ਫਲ, ਸੰਤਰੇ, ਅੰਗੂਰ ਆਦਿ ਪੈਦਾ ਕੀਤੇ ਜਾਂਦੇ ਹਨ। ਕੁਈਨਜ਼ਲੈਂਡ ਅਤੇ ਨਿਊ ਸਾਊਥਵੇਲਜ਼ ਦੇ ਗਰਮ ਅਤੇ ਸਿੱਲ੍ਹੇ ਤਟਵਰਤੀ ਭਾਗਾਂ ਵਿੱਚ ਮੱਕੀ, ਚਾਵਲ, ਗੰਨਾ ਅਤੇ ਕਪਾਹ ਪੈਦਾ ਕੀਤੇ ਜਾਂਦੇ ਹਨ।

ਪਸੂ ਪਾਲਣ ਆਸਟ੍ਰੇਲੀਆ ਦਾ ਇੱਕ ਬਹੁਤ ਮਹੱਤਵਪੂਰਨ ਕਿੱਤਾ ਹੈ। ਮੁੱਖ ਤੌਰ ’ਤੇ ਵਿਸ਼ਾਲ ਮੱਧਵਰਤੀ ਮੈਦਾਨਾਂ ਵਿੱਚ ਜਿੱਥੇ ਸਵਾਨਾ ਅਤੇ ਡਾਊਨਜ਼ ਸ਼ੀਤੋਸ਼ਣ ਘਾਹ ਮਿਲਦਾ ਹੈ ਅਤੇ ਆਰਟੀਜ਼ੀਅਨ ਖੂਹਾਂ ਤੋਂ ਚਰਾਗਾਹਾਂ ਦੀ ਸਿੰਜਾਈ ਹੁੰਦੀ ਹੈ, ਵੱਡੇ ਪੈਮਾਨੇ ਉੱਤੇ ਗਊਆਂ ਅਤੇ ਭੇਡਾਂ ਪਾਲੀਆਂ ਜਾਂਦੀਆਂ ਹਨ। ਆਸਟ੍ਰੇਲੀਆ ਗਊ ਦਾ ਮਾਸ, ਖੱਲਾਂ ਅਤੇ ਡੇਅਰੀ ਪਦਾਰਥ ਯੂਰਪ ਨੂੰ ਨਿਰਯਾਤ ਕਰਦਾ ਹੈ। ਉੱਤਰੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਅਜਿਹੀ ਪੈਦਾਵਾਰ ਅਤੇ ਨਿਰਯਾਤ ਲਈ ਮਹੱਤਵਪੂਰਨ ਹਨ। ਆਸਟ੍ਰੇਲੀਆ ਸੰਸਾਰ ਵਿੱਚ ਉੱਨ (Wool) ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਸੇ ਕਰਕੇ, ਭੇਡਾਂ ਦੇ ਮਾਸ ਦੇ ਉਤਪਾਦਨ ਵਿੱਚ ਆਸਟ੍ਰੇਲੀਆ ਦਾ ਦੂਜਾ ਨੰਬਰ ਹੈ। ਪਸੂ ਪਾਲਣ ਦੇਸ ਲਈ ਆਮਦਨ ਅਤੇ ਵਪਾਰ ਦਾ ਮੁੱਖ ਸੋਮਾ ਹਨ। ਆਸਟ੍ਰੇਲੀਆ ਇਹ ਸਭ ਪਦਾਰਥ ਨਿਰਯਾਤ ਕਰਦਾ ਹੈ।

ਆਸਟ੍ਰੇਲੀਆ ਵਿੱਚ ਸੰਨ 1950 ਤੋਂ ਬਾਅਦ ਉਦਯੋਗਿਕ ਵਿਕਾਸ ਤੇਜ਼ੀ ਨਾਲ ਹੋਇਆ ਹੈ। ਇੱਥੇ ਲੋਹਾ ਅਤੇ ਇਸਪਾਤ, ਆਟੋ-ਮੋਬਾਈਲ, ਕਾਗਜ਼, ਖੇਡ, ਰਸਾਇਣਿਕ ਪਦਾਰਥ ਅਤੇ ਸੂਤੀ ਅਤੇ ਉੱਨੀ ਕੱਪੜੇ ਬਣਾਉਣ ਦੇ ਉਦਯੋਗ ਮਹੱਤਵਪੂਰਨ ਹਨ। ਕੁਝ ਉਦਯੋਗਿਕ ਪਦਾਰਥ, ਜਿਵੇਂ ਕਿ ਲੋਹਾ ਅਤੇ ਇਸਪਾਤ ਆਦਿ ਨਿਰਯਾਤ ਵੀ ਕੀਤੇ ਜਾਂਦੇ ਹਨ। ਨਿਰਯਾਤ ਆਯਾਤ ਤੋਂ ਜ਼ਿਆਦਾ ਹੈ। ਦੇਸ ਵਿੱਚ ਕਈ ਵੱਡੇ ਰੇਲ ਅਤੇ ਸੜਕ ਮਾਰਗ ਹਨ।

ਲੋਕ ਅਤੇ ਸੱਭਿਆਚਾਰਿਕ ਸਰੂਪ : ਆਸਟ੍ਰੇਲੀਆ ਇੱਕ ਬਹੁਤ ਵਿਰਲਾ ਵੱਸਿਆ ਹੋਇਆ ਦੇਸ ਹੈ। ਸੰਨ 2001 ਅਨੁਸਾਰ ਦੇਸ ਦੀ ਕੁੱਲ ਵੱਸੋਂ 1 ਕਰੋੜ, 95 ਲੱਖ ਅਰਥਾਤ ਪੰਜਾਬ ਤੋਂ ਵੀ ਘੱਟ ਅਤੇ ਵੱਸੋਂ ਘਣਤਾ 3 ਵਿਅਕਤੀ ਪ੍ਰਤਿ ਵਰਗ ਕਿਲੋਮੀਟਰ ਸੀ। ਆਸਟ੍ਰੇਲੀਆ ਵਿੱਚ ਸੰਸਾਰ ਦੀ ਕੇਵਲ 0.32 ਪ੍ਰਤਿਸ਼ਤ ਵੱਸੋਂ ਸੰਸਾਰ ਦੇ 5.2 ਪ੍ਰਤਿਸ਼ਤ ਖੇਤਰਫਲ ਵਿੱਚ ਰਹਿੰਦੀ ਹੈ। ਵੱਸੋਂ ਵਾਧਾ ਦਰਮਿਆਨਾ ਅਰਥਾਤ 1.2 ਪ੍ਰਤਿਸ਼ਤ ਪ੍ਰਤਿ ਸਾਲ ਹੈ। ਦੇਸ ਦੀ ਜ਼ਿਆਦਾਤਰ ਵੱਸੋਂ ਤਟਵਰਤੀ ਭਾਗਾਂ, ਵਿਸ਼ੇਸ਼ ਕਰਕੇ ਰਾਜਧਾਨੀ ਸ਼ਹਿਰਾਂ ਵਿੱਚ ਰਹਿੰਦੀ ਹੈ। ਸਿਡਨੀ (Sydeny), ਮੈਲਬਾਰਨ (Melbourne), ਬਰਿਸਬੇਨ (Brisbane), ਐਡੀਲੇਡ (Adelaide), ਪਰਥ (Perth), ਨਿਊਕਾਸਲ (New castle) ਅਤੇ ਕੈਨਬਰਾ (Canberra) ਪ੍ਰਮੁਖ ਸ਼ਹਿਰ ਹਨ। ਦੇਸ ਦੀ ਜ਼ਿਆਦਾਤਰ ਵੱਸੋਂ ਨਿਊ ਸਾਊਥਵੇਲਜ਼ (ਦੇਸ ਦੀ 33.9 ਪ੍ਰਤਿਸ਼ਤ ਵੱਸੋਂ), ਵਿਕਟੋਰੀਆ (24.8 ਪ੍ਰਤਿਸ਼ਤ) ਅਤੇ ਕੁਈਨਜ਼ਲੈਂਡ ਰਾਜਾਂ ਵਿੱਚ ਵੱਸੀ ਹੋਈ ਹੈ। ਦੇਸ ਦੇ 91 ਪ੍ਰਤਿਸ਼ਤ ਲੋਕ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿੰਦੇ ਹਨ।

ਆਸਟ੍ਰੇਲੀਆ ਦੇ ਮੂਲ ਵਾਸੀ ਕਾਲੇ ਰੰਗ, ਘੁੰਗਰਾਲੇ ਵਾਲਾਂ ਅਤੇ ਦਰਮਿਆਨੇ ਕੱਦ ਦੇ ਅੰਧਵਿਸ਼ਵਾਸੀ ਲੋਕ ਹਨ। ਇਹ ਮੁੱਖ ਤੌਰ ’ਤੇ ਉੱਤਰ ਵਿੱਚ ਅਰੂਹੈੱਮਲੈਂਡ (Aruhemland) ਵਿੱਚ ਰਹਿੰਦੇ ਹਨ। ਦੇਸ ਦੀ 98 ਪ੍ਰਤਿਸ਼ਤ ਵੱਸੋਂ ਯੂਰਪੀਅਨ, ਵਿਸ਼ੇਸ਼ ਕਰਕੇ ਅੰਗਰੇਜ਼ੀ ਗੋਰਿਆਂ ਦੀ ਹੈ। ਕੁਝ ਚੀਨੀ, ਜਪਾਨੀ, ਭਾਰਤੀ ਆਦਿ ਏਸ਼ੀਆਈ ਲੋਕ ਵੀ ਮਿਲਦੇ ਹਨ। ਆਸਟ੍ਰੇਲੀਆ ਦੇ ਜ਼ਿਆਦਾਤਰ ਲੋਕ ਈਸਾਈ (30 ਪ੍ਰਤਿਸ਼ਤ ਰੋਮਨ ਕੈਥੋਲਿਕ) ਹਨ। ਕੁੱਲ ਵੱਸੋਂ ਵਿੱਚੋਂ ਕੇਵਲ 3.5 ਪ੍ਰਤਿਸ਼ਤ ਲੋਕ ਹੋਰ ਧਰਮਾਂ ਨੂੰ ਮੰਨਣ ਵਾਲੇ ਹਨ। ਅੰਗਰੇਜ਼ੀ, ਸਰਕਾਰੀ ਅਤੇ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ, ਪਰੰਤੂ ਇਸ ਵਿੱਚ ਮੂਲ ਲੋਕਾਂ ਦੁਆਰਾ ਬੋਲੇ ਜਾਂਦੇ ਸ਼ਬਦ ਵੀ ਸ਼ਾਮਲ ਹਨ। ਮੂਲ ਲੋਕਾਂ ਦੀਆਂ ਆਪਣੀਆਂ ਭਾਸ਼ਾਵਾਂ ਹਨ। ਇਸ ਮਹਾਂਦੀਪ ਦੀ 99 ਪ੍ਰਤਿਸ਼ਤ ਵੱਸੋਂ ਪੜ੍ਹੀ ਲਿਖੀ ਹੈ।


ਲੇਖਕ : ਡੀ.ਐੱਸ.ਮਣਕੂ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-25-03-00-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.