ਉਪਯੋਗਤਾਵਾਦ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Utilitarianism (ਯੂਟਿਲਿਟੇਅਰਿ ਅਨਇਜ਼ਮ) ਉਪਯੋਗਤਾਵਾਦ: ਇਹ ਇਕ ਨਸਲੀ ਸਿਧਾਂਤ ਹੈ ਜਿਸ ਨੂੰ ਡੇਵਿਡ ਹਯੂਮ (David Hume, 1711-76) ਦੁਆਰਾ ਪੇਸ਼ ਕੀਤਾ ਗਿਆ ਅਤੇ ਜਰੈਮੀ ਬੈਂਥਮ (Jeremy Bentham, 1748-1832) ਨੇ ਪੂਰਾ ਵਿਕਸਿਤ ਕੀਤਾ। ਸਿਧਾਂਤ ਮੁਤਾਬਕ ਬਹੁਤੀ ਗਿਣਤੀ ਦੀ ਅਤਿਅੰਤ ਖ਼ੁਸ਼ੀ ਹੀ ਵੱਡੀ ਗੱਲ ਹੈ। ਇਸ ਲਈ ਇਕ ਕਿਰਿਆ (an action) ਦੀ ਨੈਤਿਕਤਾ ਅਤੇ ਰਾਜਨੀਤਿਕਤਾ ਸਹੀਅਤਾ ਹੈ ਜੋ ਇਸ ਦੀ ਉਪਯੋਗਤਾ (utility) ਦੁਆਰਾ ਨਿਰਧਾਰਿਤ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1625, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਉਪਯੋਗਤਾਵਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉਪਯੋਗਤਾਵਾਦ (Utilitarianism) : ਇਹ ਸਦਾਚਾਰ ਬਾਰੇ ਇਕ ਸਿਧਾਂਤ ਹੈ ਜਿਸ ਅਨੁਸਾਰ ਆਚਰਨ ਕੇਵਲ ਤਾਂ ਹੀ ਸੁੱਚਾ ਤੇ ਸੁਚੱਜਾ ਹੈ ਜੇ ਉਹ ਤੋਂ ਵੱਧ ਲੋਕਾਂ ਨੂੰ ਵੱਧ ਤੋਂ ਵੱਧ ਸੁਖ ਪੁਚਾਉਣ ਵਿਚ ਸਹਾਇਤਾ ਕਰੇ ਰਾਜਨੀਤਕ ਅਤੇ ਦੂਜੇ ਖੇਤਰਾਂ ਵਿਚ ਇਸ ਦਾ ਬਹੁਤਾ ਸਬੰਧ ਬੈਂਥਮ (Bentham 1748-1832) ਅਤੇ ਜਾਨ ਸਟੂਅਰਟ ਮਿਲ (John Stuart Mill 1806-1873) ਨਾਲ ਰਿਹਾ ਹੈ ਪਰ ਇਸਦਾ ਇਤਿਹਾਸ ਹੋਰ ਵੀ ਪੁਰਾਣਾ ਹੈ ਅਤੇ ਇਸਦੇ ਉਪਰ ਹਿਊਮ (Hume) ਵਰਗੇ ਫ਼ਲਾਸਫ਼ਰਾਂ ਦੇ ਵਿਚਾਰਾਂ ਦਾ ਅਸਰ ਪਿਆ ਹੈ ਜੋ ਖੁਲ੍ਹ-ਦਿਲੀ ਨੂੰ ਹੀ ਸਭ ਤੋਂ ਵੱਡਾ ਗੁਣ ਮੰਨਦੇ ਸਨ ਅਤੇ ਕਿਸੇ ਖ਼ਾਸ ਮਨੁੱਖ ਦੇ ਵਿਹਾਰ ਨਾਲ ਦੂਜਿਆਂ ਦੇ ਸੁਖ ਵਿਚ ਜਿੰਨਾ ਵਾਧਾ ਹੁੰਦਾ ਹੈ ਉਸੇ ਨੂੰ ਹੀ ਖੁਲ੍ਹ-ਦਿਲੀ ਦਾ ਮਾਪ ਸਮਝਦੇ ਸਨ

          ਉਪਯੋਗਤਾਵਾਦ ਦੇ ਸਬੰਧ ਵਿਚ ਅਕਸਰ ਕੁਝ ਅਸਪਸ਼ਟ ਜਿਹੇ ਵਿਚਾਰ ਹਨ ਇਸਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸਿਧਾਂਤ ਸੁੰਦਰਤਾ, ਸਦਾਚਾਰ ਅਤੇ ਵਿਸ਼ੇਸ਼ਤਾ ਨੂੰ ਲਾਂਭੇ ਰੱਖ ਕੇ ਕੇਵਲ ਉਪਯੋਗਤਾ ਨੂੰ ਹੀ ਮਹੱਤਵ ਦਿੰਦਾ ਹੈ ਇਨ੍ਹਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਹ ਸਿਰਫ ਲੋਕ ਸਵਾਰਥ ਨੂੰ ਹੀ ਮਹੱਤਤਾ ਦਿੰਦਾ ਹੈ ਪਰ ਇਹੋ ਜਿਹੀ ਆਲੋਚਨਾ ਨੂੰ ਜਾਇਜ਼ ਨਹੀਂ ਆਖਿਆ ਜਾ ਸਕਦਾ

          ਉਪਯੋਗਤਾਵਾਦ ਕਈ ਸਬੰਧਤ ਵਿਚਾਰਾਂ ਨੂੰ ਮਹੱਤਤਾ ਦਿੰਦਾ ਹੈ ਉਦਾਹਰਨ ਵਜੋਂ ਹਰ ਆਦਮੀ ਵੱਧ ਤੋਂ ਵੱਧ ਸੁਖ ਮਾਣਨਾ ਚਾਹੁੰਦਾ ਹੈ ਅਤੇ ਇਹ ਚੰਗਾ ਵੀ ਹੈ ਕਿ ਸੁਖ ਵੱਧ ਤੋਂ ਵੱਧ ਮਾਣਿਆ ਜਾਵੇ ਇਸ ਤੋਂ ਇਹ ਭੁਲੇਖਾ ਪੈਂਦਾ ਹੈ ਕਿ ਕੋਈ ਆਦਮੀ ਦੁੱਖ ਨਹੀਂ ਚਾਹੁੰਦਾ, ਦੁੱਖ ਜਿੰਨਾ ਘਟ ਭੋਗਣਾ ਪਵੇ ਉਨ੍ਹਾਂ ਹੀ ਚੰਗਾ ਹੈ ਇਸ ਦਾ ਮਤਲਬ ਇਹ ਹੈ ਕਿ ਅਖ਼ਲਾਕੀ ਪੱਖ ਤੋਂ ਹਰ ਹਾਲਤ ਵਿਚ ਅਸੀਂ ਅਜਿਹੇ ਆਚਰਨ ਨੂੰ ਹੀ ਚੰਗਾ ਸਮਝਾਂਗੇ, ਜਿਹੜਾ ਕਿਸੇ ਨੇ ਆਪਣੀ ਇੱਛਾ ਅਨੁਸਾਰ ਅਪਣਾਇਆ ਹੋਵੇ ਅਤੇ ਜਿਸ ਤੋਂ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚ ਸਕੇ, ਜਾਂ ਪਹੁੰਚਣਾਂ ਸੰਭਵ ਹੋਵੇ ਜਿਸ ਸੂਰਤ ਵਿਚ ਦੁੱਖ ਦਾ ਹੋਣਾ ਲਾਜ਼ਮੀ ਹੋਵੇ ਉਥੇ ਅਜਿਹੇ ਆਚਰਣ ਨਾਲ ਦੁੱਖ ਨੂੰ ਘਟਾਉਣ ਦਾ ਜਤਨ ਕੀਤਾ ਜਾਣਾ ਚਾਹੀਦਾ ਹੈ

          ਅਜਿਹੇ ਵਿਚਾਰਾਂ ਵਿਚ ਦੱਸੇ ਭਾਵਾਂ ਦੀ ਵਿਆਖਿਆ ਇਕ ਪੱਖੀ ਨਹੀਂ ਹੋ ਸਕਦੀ, ਫਿਰ ਵੀ ਸੁਖ ਤੁਛ ਅਤੇ ਦੁੱਖ ਵੱਡਾ ਹੋ ਸਕਦਾ ਹੈ ਅਤੇ ਕੋਈ ਇਹ ਸਾਬਤ ਨਹੀਂ ਕਰ ਸਕਦਾ ਕਿ ਦੁੱਖ ਸਦਾ ਹੀ ਮਾੜਾ ਹੁੰਦਾ ਹੈ ਇਹ ਵੀ ਸਾਫ਼ ਹੈ ਕਿ ‘ਸੁਖ’ ਦੀ ਠੀਕ ਠਾਕ ਵਿਆਖਿਆ ਕਰਨੀ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ ਜਰਮਨ ਫ਼ਲਾਸਫ਼ਰ ਨਿਤਸ਼ੇ ਨੇ ਲਿਖਿਆ ਸੀ ਕਿ ‘‘ ਸੁਖ ਕੌਣ ਚਾਹੁੰਦਾ ਹੈ ? ਕੇਵਲ ਅੰਗਰੇਜ਼’’ ਪਰ ਭਾਰਤੀ ਵਿਚਾਰਾਂ ਵਿਚ ਉਚੱਤਮ ਆਦਰਸ਼ ਦੇ ਤੌਰ ਤੇ ਨਿਰਲੇਪ ਰਹਿਣ ਉੱਤੇ ਹੀ ਜ਼ੋਰ ਦਿੱਤਾ ਗਿਆਹੈ ਯਥਾਰਥਾਵਾਦੀ ਨਜ਼ਰੀਏ ਤੋਂ ਸੁੱਖਾਂ ਦੀ ਪ੍ਰਾਪਤੀ ਨੂੰ ਜੀਵਨ ਦਾ ਇਕ ਵੱਡਾ ਮਨੋਰਥ ਮੰਨਿਆ ਗਿਆ ਹੈ ਇਸ ਸਿਧਾਂਤ ਮੁਤਾਬਕ ਸੁਖ ਕਿਉਂਕਿ ਚਿਰ-ਸਥਾਈ ਨਹੀ ਇਸ ਲਈ ਇਹ ਬੇਅਰਥ ਜਾਪਦਾ ਹੈ ਅਸਲ ਵਿਚ ਉਪਯੋਗਤਾਵਾਦ ਦਾ ਪੂਰੀ ਤਰ੍ਹਾਂ ਸੋਚ ਸਮਝ ਕੇ ਅਤੇ ਪੱਕਾ ਪੈਰੋਕਾਰ ਹੋਣਾ ਸੌਖਾ ਨਹੀਂ, ਫਿਰ ਵੀ ਸਿਧਾਂਤ ਅਤੇ ਅਮਲ ਨੂੰ ਇਕ ਸੁਰ ਰੱਖਣ ਲਈ ਕੀਤੇ ਜਾਣ ਵਾਲੇ ਜਤਨਾਂ ਕਰਕੇ ਅਤੇ ਮਨੁੱਖ ਲਈ ਸਿਹਤਮੰਦ ਅਤੇ ਅਖ਼ਲਾਕੀ ਭਲਾਈ ਦਾ ਰਾਹ ਦੱਸਣ ਵਾਲੇ ਸੁਖ ਨੂੰ ਮਨੁੱਖ ਦੀ ਰਹਿਨੁਮਾਈ ਕਾਰਨ ਉਪਯੋਗਤਾਵਾਦ ਕੁਝ ਖਿੱਚ ਰਖਦਾ ਹੈ, ਅਤੇ ਇਸ ਲਈ ਮੰਨਣ ਯੋਗ ਵੀ ਹੈ

          ਥੈਂਥਮ ਨੇ ਲਿਖਿਆ ਹੈ, ‘ਕੁਦਰਤ ਨੇ ਮਨੁੱਖ ਨੂੰ ਸੁਖ ਅਤੇ ਦੁੱਖ ਦੋਹਾਂ ਦੇ ਅਧੀਨ ਰੱਖਿਆ ਹੈ’ ਸਿਰਫ਼ ਦੁੱਖ ਸੁਖ ਹੀ ਇਹ ਦੱਸ ਸਕਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਅੱਗੇ ਨੂੰ ਕੀ ਕਰਾਂਗੇ ਸੁਖ ਅਤੇ ਦੁੱਖ ਨੂੰ ਇਕ ਪਾਸੇ ਤਾਂ ਮੁਨਾਸਿਬ ਜਾਂ ਨਾ-ਮੁਨਾਸਿਬ ਕਰਾਰ ਦੇਣ ਦਾ ਹੱਕ ਹੈ ਅਤੇ ਦੂਜੇ ਪਾਸੇ ਕਾਰਜ ਅਤੇ ਕਾਰਨ (Cause and effect) ਦਾ ਸਿਲਸਲਾ ਹੈ ਇਸ ਗਲ ਵਿਚ ਕੋਈ ਨੁਕਸ ਕੱਢਿਆ ਜਾ ਸਕਦਾ ਹੈ ਅਸਲ ਵਿਚ ਉਪਯੋਗਤਾਵਾਦੀਆਂ ਦੀ ਸਭ ਤੋਂ ਵੱਡੀ ਕਮੀ ਉਨ੍ਹਾਂ ਦੀ ਦਾਰਸ਼ਨਿਕ ਪਕੜ ਦੀ ਕਮਜ਼ੋਰੀ ਹੀ ਰਹੀ ਹੈ ਪਰ ਇਸ ਰਾਹੀਂ ਅਸਲ ਸੁਧਾਰਾਂ ਨੂੰ ਜੋ ਮਹਾਨਤਾ ਦਿੱਤੀ ਗਈ ਹੈ, ਉਹ ਉਸ ਵੇਲੇ ਦੀਆਂ ਹਾਲਤਾਂ ਵਿਚ ਸਮਾਜਕ-ਚਿੰਤਨ ਦੇ ਖੇਤਰ ਵਿਚ ਯਕੀਨੀ ਤੌਰ ਤੇ ਨਵਾਂ ਕਦਮ ਸੀ ਇਹ ਕਲਪਨਾ ਕੀਤੀ ਗਈ ਕਿ ਸਮਾਜ ਦੀ ਭਲਾਈ ਦਾ ਕੰਮ ਦੂਰ-ਦਰਸ਼ੀ ਅਤੇ ਸਿਆਣੇ ਪ੍ਰਬੰਧਕ ਹੀ ਕਰ ਸਕਦੇ ਹਨ ਬੈਥਮ ਦੇ ਸ਼ਬਦਾਂ ਵਿਚ ਪ੍ਰਬੰਧਕ ਹੀ ਅਕਲ ਅਤੇ ਕਾਨੂੰਨ ਰਾਹੀਂ ਸੁਖ ਪੈਦਾ ਕਰ ਸਕਦਾ ਹੈ

          ਬੈਂਥਮ ਨੇ ਨਾ ਸਿਰਫ਼ ਇੰਗਲੈਂਡ ਦੇ ਹੀ ਸਗੋਂ ਯੂਰਪ ਦੇ ਦੂਜੇ ਦੇਸ਼ਾਂ ਦੇ ਵਿਚਾਰਾਂ ਉੱਪਰ ਵੀ ਬਹੁਤ ਅਸਰ ਪਾਇਆ ਜੇਲ੍ਹਾਂ ਦੇ ਸੁਧਾਰ ਵਿਚ, ਨਿਆਂ ਨੂੰ ਸੌਖਾ ਬਣਾਉਣ ਅਤੇ ਅਣਮਨੁੱਖੀ ਅਤੇ ਕੋਈ ਚੰਗਾ ਸਿੱਟਾ ਨਾ ਕੱਢਣ ਵਾਲੀ ਸਜ਼ਾ ਦੇਣ ਦੇ ਢੰਗ ਨੂੰ ਖ਼ਤਮ ਕਰਨ ਵਿਚ ਬੈਂਥਮ ਨੇ ਬਹੁਤ ਮਦਦ ਕੀਤੀ ਜਦੋਂ ਉਸਨੂੰ ਯਕੀਨ ਹੋ ਗਿਆ ਕਿ ਪਾਰਲੀਮੈਂਟ ਦੇ ਸੁਧਾਰ ਤੋਂ ਬਿਨਾਂ ਸੁਧਾਰ ਦਾ ਕੰਮ ਸੰਭਵ ਨਹੀਂ ਤਾਂ ਉਸਨੇ ਇਸ ਪਾਸੇ ਵੱਲ ਵੀ ਧਿਆਨ ਦਿੱਤਾ ਉਪਯੋਗਤਾਵਾਦ ਦੇ ਆਰਥਕ ਉਦੇਸ਼ਾਂ ਨੂੰ ਜੋ ਮੁਖ ਤੌਰ ਤੇ ਵਪਾਰ ਉਪਰੋਂ ਕਾਨੂੰਨੀ ਕੰਟਰੋਲ ਦੇ ਖਾਤਮੇ ਨਾਲ ਸਬੰਧਤ ਹਨ, ਰਿਕਾਰਡੋ (Ricardo) ਦੇ ਸਾਹਿਤ ਵਿਚ ਬੜੇ ਸੁਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ਸਿਧਾਂਤ ਪੇਸ਼ ਕਰਨ ਦੀ ਥਾਂ, ਜੋ ਕਿ ਉਪਯੋਗਤਾਵਾਦ ਦਾ ਕਦੀ ਵੀ ਨਿਸ਼ਾਨਾ ਨਹੀਂ ਰਿਹਾ, ਅੱਜਕਲ ਰਾਜਨੀਤਕ ਪ੍ਰੋਗਰਾਮਾਂ ਨੂੰ ਵਧੇਰੇ ਮਹੱਤਵ ਦਿੱਤਾ ਜਾਣ ਲੱਗਾ ਹੈ ਪਰ ਇਸ ਫ਼ਲਾਸਫੀ ਦੀ ਸਥਾਈ ਦੇਣ ਅਖ਼ਲਾਕੀ ਅਤੇ ਸਮਾਜਕ ਪੱਖਾਂ ਦੇ ਕੰਮ ਵਿਚ ਪਰਤੱਖ-ਸਬੰਧਾਂ ਦਾ ਸਿਧਾਂਤ ਹੈ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-09, ਹਵਾਲੇ/ਟਿੱਪਣੀਆਂ: no

ਉਪਯੋਗਤਾਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਪਯੋਗਤਾਵਾਦ : (Utilitarianism,ਅਫ਼ਾਦੀਅਤ) : ਉਪਯੋਗਤਾਵਾਦ ਨੂੰ ਉਨ੍ਹੀਵੀਂ ਸਦੀ ਈ. ਦੇ ਕੁਝ ਅੰਗ੍ਰੇਗਜ਼ ਚਿੰਤਕਾਂ ਨੇ ਪ੍ਰਤਿਪਾਦਿਤ ਅਤੇ ਸਿਧਾਂਤਬੱਤ ਕੀਤਾ। ਸ਼ਬਦ ਉਪਯੋਗਤਾਵਾਦ (utilitarianism) ਦਾ ਸਰਵ ਪ੍ਰਥਮ ਪ੍ਰਯੋਗ 1871 ਈ. ਵਿਚ ਬੈਂਥਮ (J.Bentham) ਦੁਆਰਾ ਸੁਖ (Pleasure) ਅਤੇ ਦੁਖ (pain) ਤੋਂ ਮੁਕਤੀ ਦੇ ਅਰਥਾਂ ਵਿਚ ਕੀਤਾ ਗਿਆ। ਇਸ ਮੱਤ ਦੇ ਪ੍ਰਮੁੱਖ ਸਿਧਾਂਤਕਾਰਾਂ ਵਿਚ (J.Benthan), ਜੇਮਜ਼ ਮਿਲ (James Mill), ਰਿਕਾਰਡੋ (Ricardo), ਮਿਲ (J.S.Mill), ਆਸਟਿਸ (Austin), ਅਤੇ ਸਿਡਵਿਕ (Sidwick) ਦੇ ਨਾਂ ਉੱਲੇਖਯੋਗ ਹਨ। ਉਪਯੋਗਤਾਵਾਦ ਦਾ ਮੂਲ ਆਧਾਰ ਇਹ ਵਿਚਾਰ ਹੈ ਕਿ ਮਨੁੱਖ ਦਾ ਪ੍ਰਮੁੱਖ ਉਦੇਸ਼ ਸੁਖ (Pleasure) ਦੀ ਪ੍ਰਾਪਤੀ ਅਤੇ ਦੁਖ (pain) ਤੋਂ ਮੁਕਤ ਹੋਣਾ ਹੈ। ਇਸ ਪ੍ਰਕਾਰ ਕੋਈ ਵੀ ਅਜਿਹਾ ਸਿਧਾਂਤ, ਵਿਚਾਰ, ਭਾਵ ਜਾਂ ਕਰਮ ਉਪਯੋਗਤਾਵਾਦ ਦੇ ਅੰਤਰਗਤ ਆ ਜਾਂਦਾ ਹੈ ਜਿਹੜਾ ਵੱਧ ਤੋਂ ਵੱਧ ਮਨੁੱਖਾਂ  ਨੂੰ ਵੱਧ ਤੋਂ ਵੱਧ ਸੁਖ ਜਾਂ ਅਨੰਦ (Pleasure) ਪ੍ਰਦਾਨ ਕਰਦਾ ਹੋਵੇ। ਦੂਸਰੇ ਸ਼ਬਦਾਂ ਵਿਚ ਇਸ ਦੀ ਪਰਿਭਾਸ਼ਾ ਇਉਂ ਵੀ ਦਿੱਤੀ ਜਾ ਸਕਦੀ ਹੈ ਕਿ ਉਪਯੋਗਤਾਵਾਦ ਅਜਿਹਾ ਨੈਤਿਕ ਸਿਧਾਂਤ ਹੈ ਜਿਹੜਾ ਕਾਰਜਾਂ (actions) ਦੀ ਉਚਿਤਤਾ (rightness) ਅਤੇ ਅਨੁਚਿਤਤਾ (wrongness) ਨੂੰ ਉਨ੍ਹਾਂ ਦੇ ਨਤੀਜਿਆਂ ਦੀ ਚੰਗਿਆਈ (goodness) ਅਤੇ ਬੁਰਾਈ (badness) ਦੁਆਰਾ ਨਿਯਚਿਤ ਕਰੇ। ਇਸ ਮੱਤ ਅਨੁਸਾਰ ਮਨੁੱਖ ਦੇ ਹਰ ਕਾਰਜ ਜਾਂ ਚਿੰਤਨ ਦਾ ਅੰਤਿਮ ਲਕਸ਼ ਕਿਸੇ ਇਕ ਵਿਅਕਤੀ ਜਾਂ ਸੀਮਿਤ ਮਾਨਵ–ਸਮੂਹ ਦਾ ਸੁਖ ਨਾ ਹੋ ਕੇ ਸਗੋਂ ਸਰਬੱਤ ਦਾ ਸੁਖ ਜਾਂ ਅਨੰਦ ਹੋਣਾ ਚਾਹੀਦਾ ਹੈ। ਉਹ ਕਾਰਜ, ਵਿਚਾਰ, ਜਾਂ ਭਾਵ ਹੀ ਉਚਿਤ (right) ਹਨ ਜਿਹੜੇ ਵੱਧ ਤੋਂ ਵੱਧ ਗਿਣਤੀ ਨੂੰ ਵੱਧ ਤੋਂ ਵੱਧ ਸੁਖ ਜਾਂ ਆਨੰਦ ਪ੍ਰਦਾਨ ਕਰਦੇ ਹਨ ਅਤੇ ਸੁਖ ਤੋਂ ਉਲਟ ਦੁਖ ਪੈਦਾ ਕਰਨ ਵਾਲੇ ਕਾਰਜ ਅਨੁਚਿਤ (wrong) ਹਨ। ਇਸ ਵਿਚਾਰ ਨੂੰ ਆਧਾਰ ਬਣਾ ਕੇ ਨੀਤੀ, ਧਰਮ, ਰਾਜਨੀਤੀ, ਅਰਥ–ਸ਼ਾਸਤਰ, ਕਾਨੂੰਨ–ਸ਼ਾਸਤਰ ਆਦਿ ਦੇ ਨਵੀਨ ਉਦੇਸ਼ ਨਿਸ਼ਚਿਤ ਕਰਨ ਦੇ ਯਤਨ ਕੀਤੇ ਗਏ, ਪਰੰਤੂ ਇਹ ਮੱਤ ਕੋਈ ਵਿਸ਼ੇਸ਼ ਮਹੱਤਵ ਜਾਂ ਵਿਸਤ੍ਰਿਤਿ ਪ੍ਰਭਾਵ–ਖੇਤਰ ਦਾ ਧਾਰਣੀ ਅਤੇ ਚਿਰ–ਸਥਾਈ ਨਾ ਬਣ ਸਕਿਆ। ਇਸ ਸਿਧਾਂਤ ਨੂੰ ਭਾਵੇਂ ਉਨ੍ਹੀਵੀਂ ਸਦੀ ਈ. ਵਿਚ ਪਹਿਲੀ ਵਾਰ ਇਕ ਸਿਧਾਂਤਿਕ ਰੂਪ ਦੇਣ ਦਾ ਯਤਨ ਕੀਤਾ ਗਿਆ ਪਰੰਤੂ ਉਪਯੋਗਤਾਵਾਦੀ ਦ੍ਰਿਸ਼ਟੀਕੋਣ ਆਦਿ ਕਾਲ ਤੋਂ ਹੀ ਮਨੁੱਖ ਦੇ ਸੁਭਾਅ ਦਾ ਅਨਿੱਖੜ ਅੰਗ ਬਣਿਆ ਰਿਹਾ ਹੈ। ਮਨੁੱਖ ਦੇ ਹਰ ਕਾਰਜ, ਵਿਚਾਰ ਜਾਂ ਭਾਵ ਦਾ ਮੂਲ ਉਸ ਦੇ ਅਸਿਤਤਵ ਜਾਂ ਜੀਵਨ ਨਾਲ ਸੰਬੰਧਿਤ ਕੋਹੀ ਉਪਯੋਗੀ ਲਕਸ਼ ਹੀ ਹੁੰਦਾ ਹੈ। ਦੁਖ ਅਤੇ ਪੀੜਾ ਰਹਿਤ, ਸੁਖ ਅਤੇ ਆਨੰਦ ਭਰਪੂਰ ਜੀਵਨ ਬਿਤਾਉਣ ਲਈ ਕੀਤੇ ਗਏ ਉਪਯੋਗੀ ਕਰਮ ਹੀ ਮਨੁੱਖ ਦੇ ਪਾਸ਼ਵਿਕ ਜੀਵਨ ਤੋਂ ਲੈ ਕੇ ਆਧੁਨਿਕ ਵਿਗਿਆਨਕ ਯੁੱਗ ਤਕ ਦੇ ਵਿਕਾਸ ਦਾ ਮੂਲ ਹਨ।

               ਕਲਾਵਾਂ ਨੂੰ ਆਮ ਤੌਰ ਤੇ ਉਪਯੋਗੀ ਕਲਾ ਅਤੇ ਲਲਿਤ ਜਾਂ ਕੋਮਲ ਕਲਾ ਦੇ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ। ਉਪਯੋਗੀ ਕਲਾਵਾਂ ਅਤੇ ਕੌਮਲ ਕਲਾਵਾਂ ਵਿਚ ਭੇਦ ਕਰਨ ਦਾ ਇਕ ਪ੍ਰਮੁੱਖ ਆਧਾਰ ਇਹ ਵੀ ਹੈ ਕਿ ਕੋਮਲ ਕਲਾਵਾਂ ਦੀ ਉਪਯੋਗੀ ਕਲਾਵਾਂ ਵਾਂਗ ਕੋਈ ਬਹੁਤੀ ਆਰਥਿਕ ਜਾਂ ਸਥੂਲ ਉਪਯੋਗਤਾ ਨਹੀਂ ਮੰਨੀ ਜਾਂਦੀ। ਲਲਿਤ ਕਲਾਵਾਂ ਦਾ ਮੁੱਖ ਆਧਾਰ ਮਨੁੱਖ ਦੀ ਸੌਂਦਰਯ–ਬੋਧ–ਸ਼ਕਤੀ ਹੈ। ਪਰੰਤੂ ਇਹ ਮੰਨਣਾ ਕਠਿਨ ਹੈ ਕਿ ਸੂਖਮ ਕਲਾਵਾਂ ਉਪਯੋਗਤਾ–ਨਿਰਪੇਖ ਹੁੰਦੀਆਂ ਹਨ। ਵਾਸਤਵ ਵਿਚ ਉਪਯੋਗੀ ਕਲਾਵਾਂ ਦੀ ਉਪਯੋਗਤਾ ਸਥੂਲ, ਭੌਤਿਕ ਅਤੇ ਕੋਮਲ ਕਲਾਵਾਂ ਦੀ ਉਪਯੋਗ਼ਤਾ ਅਤਿ–ਅਧਿਕ ਸੂਖਮ ਹੁੰਦੀ ਹੈ।           

ਕਲਾ ਸੰਬੰਧੀ ਉਪਯੋਗਤਾਵਾਦੀ–ਦ੍ਰਿਸ਼ਟੀਕੋਣ ਪ੍ਰਾਚੀਨ ਕਾਲ ਤੋਂ ਚਲਿਆ ਆ ਰਿਹਾ ਹੈ। ਸੁਕਰਾਤ (Socrates) ਨੇ ਵਸਤੂ ਦੀ ਉਪਯੋਗਤਾ ਨੂੰ ਹੀ ਸੁੰਦਰਤਾ ਮੰਨਿਆ ਹੈ। ਹੌਰੇਸ (Horace) ਦੇ ਅਨੁਸਾਰ ਕਵੀ ਦਾ ਉਦੇਸ਼ ਸਿੱਖਿਆ ਜਾਂ ਆਨੰਦ ਪ੍ਰਦਾਨ ਕਰਨਾ ਹੈ ਅਤੇ ਜਾਂ ਉਹ ਇਨ੍ਹਾਂ ਦੋਹਾਂ ਨੂੰ ਹੀ ਆਪਣੀ ਕਲਾ ਦਾ ਪ੍ਰਯੋਜਨ ਨਿਸ਼ਚਿਤ ਕਰਦਾ ਹੈ। ਡਰਾਇਡਨ (Dryden) ਨੇ ਵੀ ਇਕ ਥਾਂ ਨਾਟਕ ਨੂੰ ਆਨੰਦ ਅਤੇ ਉਪਦੇਸ਼ (instruction) ਦਾ ਮਾਧਿਅਮ ਮੰਨਿਆ ਹੈ। ਗੈਟੇ (Goethe) ਦਾ ਵਿਚਾਰ ਹੈ ਕਿ ਮਹਾਨ ਕਲਾ ਕ੍ਰਿਤੀ ਅਸਾਨੂੰ ਸਿੱਖਿਆ ਨਹੀਂ ਦਿੰਦੀ ਸਗੋਂ ਸਾਡਾ ਵਿਕਾਸਮਈ ਪਰਿਵਰਤਨ ਕਰਦੀ ਹੈ। ਮੈਥਿਊ ਆਰਨਲਡ ਦੇ ਕਥਨ “ਕਲਾ ਜੀਵਨ ਦੀ ਆਲੋਚਨਾ ਹੈ” ਵਿਚ ਕਲਾ ਉਪਯੋਗਤਾਵਾਦੀ ਦ੍ਰਿਸ਼ਟੀਕੋਣ ਨਿਹਿਤ ਹੈ। ਰਸਕਿਲ ਅਤੇ ਟਾਲਸਟਾਇ ਨੇ ਕਲਾ ਦੇ ਧਾਰਮਿਕ ਅਤੇ ਨੈਤਿਕ ਪੱਖ ਉੱਤੇ ਹੀ ਜ਼ੋਰ ਦਿੱਤਾ ਹੈ। ਆਧੁਨਿਕ ਯੁੱਗ ਵਿਚ ਪ੍ਰਗਤੀਸ਼ੀਲ ਜਾਂ ਮਾਰਕਸਵਾਦੀ ਲੇਖਕ ਕਲਾ ਨੂੰ ਸਮਾਜਕ ਪਰਿਵਰਤਨ ਅਤੇ ਉਸ ਦੇ ਉਥਾਨ ਦਾ ਇਕ ਸਫਲ ਮਾਧਿਅਮ ਸਮਝਦੇ ਹਨ। ਸੰਸਕ੍ਰਿਤ ਕਾਵਿ–ਸ਼ਾਸਤਰ ਦੇ ਆਚਾਰਯਾਂ ਵਿਚੋਂ ਆਚਾਰਯ ਭਰਤਮੁਨੀ ਅਨੁਸਾਰ ਕਾਵਿ–ਅਧਿਐਨ ਦੁਆਰਾ ਮਨੁੱਖ ਦਾ ਧਾਰਮਿਕ, ਨੈਤਿਕ, ਅਤੇ ਦਾਰਸ਼ਨਿਕ ਵਿਕਾਸ ਹੁੰਦਾ। ਰੁਦ੍ਰਟ ਨੇ ਕਾਵਿ ਤੋਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋਣੀ ਮੰਨੀ ਹੈ। ਆਚਾਰਯ ਭਾਮਹ ਅਨੁਸਾਰ ਕਾਵਿ ਤੋਂ ਧਰਮ, ਅਰਥ, ਕਾਮ, ਮੋਕਸ਼ ਦੀ ਉਪਲਬਧੀ ਹੁੰਦੀ ਹੈ।

               ਕੋਮਲ ਕਲਾਵਾਂ ਦੇ ਮਨੋਰਥਾਂ ਜਾਂ ਉਦੇਸ਼ਾਂ ਪ੍ਰੀਤ ਅਜਿਹੇ ਦ੍ਰਿਸ਼ਟੀਕੋਣਾਂ ਤੋਂ ਛੁੱਟ ਕਈ ਰੋਮਾਂਟਿਕ ਕਵੀਆਂ ਨੇ ਕਲਾ ਨੂੰ ਸਿੱਖਿਆ ਜਾਂ ਉਪਦੇਸ਼–ਨਿਰਪੇਖ ਅਤੇ ਕੇਵਲ ਆਨੰਦ ਪ੍ਰਾਪਤੀ ਦਾ ਸਾਧਨ ਮੰਨਿਆ ਹੈ। ਉਨ੍ਹੀਵੀਂ ਸਦੀ ਈ. ਦੇ ਅੰਤ ਵਿਚ ਫ਼ਰਾਂਸੀਸੀ ਸਾਹਿੱਤ ਵਿਚ ‘ਕਲਾ ਕਲਾ ਲਈ’ ਦੇ ਸਿਧਾਂਤ ਦਾ ਪ੍ਰਚਾਰ ਵੀ ਹੋਇਆ। ਇਸ ਦੇ ਸਮਰਥਕਾਂ ਨੇ, ਜਿਨ੍ਹਾਂ ਵਿਚੋਂ ਅੰਗ੍ਰੇਜ਼ੀ ਲੇਖਕ ਆਸਕਰ ਵਾਈਲਡ ਪ੍ਰਮੁੱਖ ਹਨ, ਕਲਾ ਦੀ ਇਕ ਸੁਤੰਤਰ ਸੱਤਾ ਸਵੀਕਾਰ ਕਰਦੇ ਹੋਏ ਧਰਮ, ਨੀਤੀ, ਸਦਾਚਾਰ ਜਾਂ ਜੀਵਨ ਆਦਿ ਨੂੰ ਕਲਾ ਦੇ ਖੇਤਰ ਤੋਂ ਬਾਹਰ ਰੱਖਿਆ।

               ਇਸ ਵਿਚ ਕੋਈ ਸੰਦੇਹ ਨਹੀਂ ਕਿ ਕੋਮਲ ਕਲਾਵਾਂ ਦੀ ਕੋਈ ਸਥੂਲ ਭੌਤਿਕ ਉਪਯੋਗਤਾ ਨਹੀਂ ਮੰਨੀ ਜਾ ਸਕਦੀ ਪਰੰਤੂ ਫਿਰ ਵੀ ਭਾਵੇਂ ਕਲਾ–ਉਦੇਸ਼ ਆਨੰਦ ਪ੍ਰਦਾਨ ਕਰਨਾ ਹੀ ਹੋਵੇ ਜਾਂ ਕਲਾ ਦੀ ਸਿਰਜਣਾ ਬਿਨਾ ਕਿਸੇ ਪ੍ਰਯੋਜਨ ਤੋਂ ਹੀ ਕੀਤੀ ਗਈ ਹੋਵੇ, ਉਸ ਵਿਚ ਉਪਯੋਗਤਾ ਦੇ ਅੰਸ਼ ਕਿਸੇ ਨਾ ਕਿਸੇ ਰੂਪ ਵਿਚ ਅਵੱਸ਼ ਵਿਦਮਾਨ ਰਹਿੰਦੇ ਹਨ। ਕਲਾ–ਸਿਰਜਣਾ ਦੁਆਰਾ ਆਤਮ ਪ੍ਰਗਟਾਉ ਜਾਂ ਸੁਹਜ–ਭੁੱਖ ਦੀ ਤ੍ਰਿਪਤੀ ਵੀ ਇਕ ਤਰ੍ਹਾਂ ਕੋਮਲ ਕਲਾਵਾਂ ਦੀ ਇਕ ਸੂਖਮ ਉਪਯੋਗਤਾ ਹੀ ਹੈ।

               ਪੰਜਾਬੀ ਸਾਹਿੱਤ ਵਿਚ ਗੁਰਬਾਣੀ ਅਤੇ ਕਿਸੇ ਹੱਦ ਤਕ ਸੂਫ਼ੀ–ਕਾਵਿ ਮਨੁੱਖ ਦੀ ਅਧਿਆਤਮਿਕ ਉੱਨਤੀ ਲਈ ਪਥ–ਪ੍ਰਦਰਸ਼ਨ ਅਤੇ ਨਿਰਮੂਲ ਸਾਧਨਾ–ਪੱਧਤੀਆਂ ਅਤੇ ਆਤਮਿਕ ਵਿਕਾਸ ਦੇ ਪ੍ਰਤਿਕੂਲ ਸਮਾਜਕ, ਰਾਜਨੀਤਿਕ ਅਤੇ ਧਾਰਮਿਕ ਵਾਤਾਵਰਣ ਦੀ ਤੀਬਰ ਆਲੋਚਨਾ ਦੇ ਉਦੇਸ਼ ਵਜੋਂ ਹੀ ਰਚਿਆ ਗਿਆ ਹੈ। ਉਂਜ ਇਹ ਉਦੇਸ਼ ਕਾਵਿ–ਕਲਾ ਦੀਆਂ ਸੰਭਾਵਨਾਵਾਂ ਦੇ ਅੰਤਰਗਤ ਹੀ ਪ੍ਰਗਟ ਹੋਇਆ ਹੈ। ਆਧੁਨਿਕ ਯੁੱਗ ਵਿਚ ਪ੍ਰਗਤੀਸ਼ੀਲ ਪੰਜਾਬੀ ਸਾਹਿੱਤ ਪਰੋਖ ਜਾਂ ਅਪਰੋਖ ਰੂਪ ਵਿਚ ਸਾਹਿੱਤ ਸੰਬੰਧੀ ਉਪਯੋਗਤਾਵਾਦੀ ਦ੍ਰਿਸ਼ਟੀਕੋਣ ਦੇ ਅੰਤਰਗਤ ਹੀ ਰਚਿਆ ਗਿਆ ਹੈ।                     


ਲੇਖਕ : ਡਾ. ਰਵਿੰਦਰ ਸਿੰਘ ਸਵ.,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-30, ਹਵਾਲੇ/ਟਿੱਪਣੀਆਂ: no

ਉਪਯੋਗਤਾਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਉਪਯੋਗਤਾਵਾਦ : ਨੀਤੀ-ਸ਼ਾਸਤਰ ਦੇ ਸਿਧਾਂਤਾਂ ਦਾ ਮੁੱਖ ਰੂਪ ਵਿੱਚ ਉਦੇਸ਼ਾਤਮਿਕ ਅਤੇ ਨਿਸ਼ਕਾਮ ਦੇ ਸਿਧਾਂਤਾਂ ਵਿੱਚ ਵਰਗੀਕਰਨ ਕੀਤਾ ਗਿਆ ਹੈ। ਉਦੇਸ਼ਵਾਦੀ ਇਸ ਗੱਲ ਉੱਪਰ ਜ਼ੋਰ ਦਿੰਦੇ ਹਨ ਕਿ ਕਿਸੇ ਕਿਰਿਆ ਦੇ ਸਿੱਟੇ ਹੀ ਉਸਦੇ ਨੈਤਿਕ ਮੁੱਲ ਨੂੰ ਨਿਰਧਾਰਿਤ ਕਰਦੇ ਹਨ ਅਤੇ ਉਹ ਕਰਤਾ ਦੇ ਇਰਾਦਿਆਂ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਮੰਨਦੇ ਹਨ ਜਦੋਂ ਕਿ ਨਿਸ਼ਕਾਮਵਾਦੀਆਂ ਦਾ ਮੱਤ ਹੈ ਕਿ ਕਿਰਿਆਵਾਂ ਦੀਆਂ ਕੁਝ ਕਿਸਮਾਂ, ਉਹਨਾਂ ਦੇ ਸਿੱਟਿਆਂ ਤੋਂ ਬਗ਼ੈਰ ਹੀ ਜ਼ਰੂਰੀ ਰੂਪ ਵਿੱਚ ਨੈਤਿਕ ਹੁੰਦੀਆਂ ਹਨ, ਮਿਸਾਲ ਵੱਜੋਂ ਵਾਅਦਾ ਨਿਭਾਉਣਾ ਅਤੇ ਸੱਚ ਬੋਲਣਾ।

ਉਪਯੋਗਤਾਵਾਦ ਅਨੁਸਾਰ ਕਿਸੇ ਕਿਰਿਆ ਦੀ ਚੰਗਿਆਈ ਜਾਂ ਬੁਰਾਈ ਨੂੰ ਉਪਯੋਗਤਾ ਦੇ ਸਿਧਾਂਤ ਦੇ ਪ੍ਰਯੋਗ ਰਾਹੀਂ ਮਾਪਿਆ ਜਾ ਸਕਦਾ ਹੈ। ਇਸਦਾ ਅਰਥ ਇਹ ਹੈ ਕਿ ਦਿੱਤੀਆਂ ਹੋਈਆਂ ਹਾਲਤਾਂ ਵਿੱਚ ਕਿਸੇ ਕਿਰਿਆ ਨੂੰ ਕਰਨ ਦੀ ਸੰਭਾਵਨਾ-ਬਹੁਪੱਖੀ ਹੁੰਦੀ ਹੈ ਅਤੇ ਕਰਤਾ ਨੂੰ ਉਹਨਾਂ ਵਿੱਚੋਂ ਉਸ ਪ੍ਰਕਿਰਿਆ ਨੂੰ ਚੁਣਨਾ ਹੁੰਦਾ ਹੈ, ਜੋ ਅੰਤਰੀਵ ਤੌਰ ’ਤੇ ਇੱਛਤ ਸਿੱਟੇ ਪੈਦਾ ਕਰਦੀ ਹੋਵੇ। ਪਰੰਤੂ ਕਿਹੜੇ ਸਿੱਟੇ ਅੰਤਰੀਵ ਤੌਰ ’ਤੇ ਇੱਛਾਯੋਗ ਹਨ। ਇਹ ਹਰੇਕ ਚਿੰਤਨ ਲਈ ਭਿੰਨ ਹੋ ਸਕਦੇ ਹਨ। ਇਸ ਨੇ ਹੀ ਉਪਯੋਗਤਾਵਾਦ ਦੀਆਂ ਵੱਖ-ਵੱਖ ਕਿਸਮਾਂ ਨੂੰ ਜਨਮ ਦਿੱਤਾ ਹੈ ਜਿਵੇਂ ਸ੍ਵਾਰਥੀ ਸੁੱਖਵਾਦ, ਪਰਉਪਕਾਰੀ ਸੁੱਖਵਾਦ, ਵਿਕਾਸਵਾਦੀ ਸੁੱਖਵਾਦ, ਮਨੋਵਿਗਿਆਨਿਕ ਉਪਯੋਗਤਾਵਾਦ, ਨੈਤਿਕ ਉਪਯੋਗਤਾਵਾਦ, ਅੰਤਰ-ਬੌਧਿਕ ਉਪਯੋਗਤਾਵਾਦ ਆਦਿ। ਬੁਨਿਆਦੀ ਤੌਰ ’ਤੇ ਇਹ ਸਾਰੀਆਂ ਕਿਸਮਾਂ ਉਹਨਾਂ ਸਿੱਟਿਆਂ ਨੂੰ ਲਿਆਉਣਾ ਲੋਚਦੀਆਂ ਹਨ, ਜਿਹੜੇ ਵੱਧ ਤੋਂ ਵੱਧ ਲੋਕਾਂ ਦੀ ਵੱਧ ਤੋਂ ਵੱਧ ਭਲਾਈ ਕਰਦੇ ਹੋਣ।

ਸਭ ਤੋਂ ਪਹਿਲਾਂ ਉਪਯੋਗਤਾਵਾਦ ਗੇ ਅਤੇ ਪਾਲੇ ਦੀ ਲਿਖਤਾਂ ਵਿੱਚ ਧਰਮ-ਮੀਮਾਂਸਕ ਆਕਾਰ ਵਿੱਚ ਪ੍ਰਗਟ ਹੋਇਆ ਅਤੇ ਫਿਰ ਐਪੀਕਿਊਰਸ ਅਤੇ ਸੋਟਾਇਕਸ (Epicurus And Stories) ਦੀਆਂ ਲਿਖਤਾਂ ਵਿੱਚ ਇਸ ਨੇ ਮਨੋਵਿਗਿਆਨਿਕ ਸੁਖਵਾਦੀ ਆਕਾਰ ਅਪਣਾ ਲਿਆ। 18ਵੀਂ ਅਤੇ 19ਵੀਂ ਸਦੀ ਦੌਰਾਨ ਇਸ ਦੇ ਤਿੰਨ ਪ੍ਰਮੁਖ ਪੈਰੋਕਾਰ ਜੇ ਬੈਂਥਮ, ਜੇ. ਐੱਸ. ਮਿੱਲ ਅਤੇ ਹੇਨਰੀ ਸਿਜਵਿਕ ਹੋਏ ਹਨ। ਉਹਨਾਂ ਅਨੁਸਾਰ ਖ਼ੁਸ਼ੀ ਹੀ ਅੰਤਰੀਵ ਮੁੱਲ ਰੱਖਦੀ ਹੈ। ਉਹਨਾਂ ਨੇ ਸੁੱਖ ਅਤੇ ਖ਼ੁਸ਼ੀ ਵਿਚਕਾਰ ਅੰਤਰ ਨਹੀਂ ਕੀਤਾ, ਜਿਸ ਕਾਰਨ ਉਹ ਅਰਸਤੂ ਦੇ ਆਤਮਿਕ-ਅਨੰਦਵਾਦ ਤੋਂ ਭਿੰਨ ਹਨ।

ਬੈਂਥਮ ਅਨੁਸਾਰ ਵਿਅਕਤੀ ਉੱਪਰ ਕੁਦਰਤੀ ਤੌਰ ’ਤੇ ਦੋ ਸੰਵੇਗਾਂ-ਸੁੱਖ ਅਤੇ ਦੁੱਖ ਨੇ ਰਾਜ ਕੀਤਾ ਹੈ। ਸਾਰੇ ਵਿਅਕਤੀ ਸੁਭਾਵਿਕ ਤੌਰ ’ਤੇ ਹੀ ਸੁੱਖ ਦੀ ਭਾਲ ਕਰਦੇ ਹਨ। ਇਸ ਲਈ ਸੁੱਖ ਹੀ ਅੰਤਰੀਵ ਤੌਰ ’ਤੇ ਚੰਗਾ ਹੈ। ਬੈਂਥਮ ਅਨੁਸਾਰ ਸੁੱਖਵਾਦੀ ਗਣਨ ਨੂੰ ਸੱਤ ਕਾਰਕ ਬਣਾਉਂਦੇ ਹਨ ਜੋ ਇੰਞ ਹਨ :

1. ਪੈਦਾ ਹੋਏ ਸੁੱਖ ਦੀ ਤੀਬਰਤਾ; 2. ਉਸ ਸੁੱਖ ਦਾ ਅਨੁਭਵ ਕਿੰਨੇ ਲੰਮੇ ਸਮੇਂ ਲਈ ਹੋਇਆ; 3. ਕਿਰਿਆ ਤੋਂ ਪੈਦਾ ਹੋਏ ਸੁੱਖੀ ਅਨੁਭਵ ਦੀ ਨਿਸ਼ਚਿਤਤਾ ਜਾਂ ਸੰਭਵਤਾ; 4. ਸੁੱਖ ਦੇ ਅਨੁਭਵ ਵਿੱਚ ਸਮੀਪਤਾ; 5. ਸੁੱਖੀ ਅਨੁਭਵ ਅੰਦਰ ਹੋਰ ਸੁੱਖੀ ਅਨੁਭਵ ਨੂੰ ਪੈਦਾ ਕਰਨ ਦੀ ਉਪਜਾਊ ਸ਼ਕਤੀ; 6. ਅਨੰਦਾਇਕ ਅਨੁਭਵ ਦੀ ਦੁਖਦਾਈ ਅਨੁਭਵ ਨਾਲ ਮਿਲਾਵਟ ਤੋਂ ਨਿਰੋਲਤਾ ਜਾਂ ਨਿਵੇਕਲਾਪਨ; 7. ਇਸ ਦੁਆਰਾ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਜਾਂ ਵਿਸਥਾਰ।

ਬੈਂਥਮ ਨੇ ਕਦੇ ਵੀ ਸੁੱਖਾਂ ਵਿਚਕਾਰ ਗੁਣਾਤਮਕ ਅੰਤਰ ਨਹੀਂ ਕੀਤਾ। ਉਸਦੇ ਸਿਧਾਂਤ ਅੰਦਰ ਸ੍ਵਾਰਥੀ ਅਤੇ ਪਰਉਪਕਾਰੀ ਦੋਵੇਂ ਪ੍ਰਵਿਰਤੀਆਂ ਹਨ। ਪਹਿਲੇ ਛੇ ਕਾਰਕ ਬੌਧਿਕ ਕਰਤਾ ਖ਼ੁਦ ਦੇ ਸੁੱਖ ਵੱਲ ਇਸ਼ਾਰਾ ਕਰਦੇ ਹਨ ਜਦੋਂ ਕਿ ਸੱਤਵਾਂ ਕਾਰਕ ਪਰਉਪਕਾਰ ਵੱਲ ਸੰਕੇਤ ਹੈ। ਸ੍ਵਾਰਥੀਪਣ ਤੋਂ ਪਰਉਪਕਾਰ ਵੱਲ ਤਬਦੀਲੀ ਚਾਰ ਬਾਹਰੀ ਆਦੇਸ਼ਾਂ ਦੇ ਸੰਦਰਭ ਵਿੱਚ ਸੰਭਵ ਹੈ। ਇਹ ਆਦੇਸ਼ ਹਨ-ਭੌਤਿਕ, ਰਾਜਨੀਤਿਕ, ਨੈਤਿਕ ਅਤੇ ਧਾਰਮਿਕ।

ਜੇ.ਐੱਸ. ਮਿੱਲ ਨੇ ਸੁੱਖਾਂ ਵਿਚਕਾਰ ਗੁਣਾਤਮਕ ਅੰਤਰ ਦੱਸਦੇ ਹੋਏ ਬੈਂਥਮ ਦੇ ਸੁੱਖਵਾਦ ਵਿੱਚ ਸੁਧਾਰ ਕੀਤਾ ਹੈ, ਭਾਵੇਂ ਉਹ ਮਾਤਰਾਤਮਿਕ ਅੰਤਰਾਂ ਨੂੰ ਵੀ ਮੰਨਦਾ ਹੈ। ਮਿੱਲ ਬੈਂਥਮ ਦੇ ਚਾਰ ਬਾਹਰੀ ਆਦੇਸ਼ਾਂ ਦੇ ਨਾਲ-ਨਾਲ ਇੱਕ ਅੰਦਰੂਨੀ ਆਦੇਸ਼ ਦੱਸ ਕੇ ਬੈਂਥਮ ਦੇ ਮਨੋਵਿਗਿਆਨਿਕ ਅਤੇ ਨੈਤਿਕ ਉਪਯੋਗਤਾਵਾਦ ਵਿਚਕਾਰ ਖਾਈ ਨੂੰ ਪੂਰਦਾ ਹੈ। ਅੰਤਰੀਵ ਆਦੇਸ਼ ਵਿਅਕਤੀ ਦੇ ਅੰਦਰੋਂ ਹੋਣ ਕਾਰਨ ਉਹ ਮਹਿਸੂਸ ਕਰਦਾ ਹੈ ਕਿ ਵਿਅਕਤੀ ਦਾ ਸਨਮਾਨ ਨਿਸ਼ਚਿਤ ਤੌਰ ਤੇ ਸਰੀਰਕ ਸੁੱਖਾਂ ਨਾਲੋਂ ਵਧੇਰੇ ਇੱਛਾਯੋਗ ਹੈ। ਇਸ ਤੋਂ ਇਲਾਵਾ ਵਿਅਕਤੀ ਖ਼ੁਦ ਦੀ ਭਲਾਈ ਵੀ ਉਸਦੇ ਸਾਥੀਆਂ ਦੀ ਭਲਾਈ ਵਿੱਚ ਹੁੰਦੀ ਹੈ। ਇੰਞ ਮਿੱਲ ਉਪਯੋਗਤਾਵਾਦ ਦੇ ਸਿਧਾਂਤ ਵਿਰੁੱਧ ਲੱਗੇ ਦੋਸ਼ ਦਾ ਖੰਡਨ ਕਰਦਾ ਹੈ ਕਿ ਇਹ ਸਿਧਾਂਤ ਲਾਲਚੀ ਸਿਧਾਂਤ ਹੈ। ਉਹ ਕਹਿੰਦਾ ਹੈ ਕਿ ਇੱਕ ਸੰਤੁਸ਼ਟ ਸੂਰ ਨਾਲੋਂ ਅਸੰਤੁਸ਼ਟ ਸੁਕਰਾਤ ਵਧੇਰੇ ਚੰਗਾ ਹੈ।

ਹੇਨਰੀ ਸਿਜਵਿਕ ਨੇ ਅੰਤਰਬੌਧਿਕ ਆਕਾਰ ਵਿੱਚ ਉਪਯੋਗਤਾਵਾਦ ਦਾ ਬੌਧਿਕ ਵਿਸ਼ਲੇਸ਼ਣ ਕੀਤਾ ਹੈ। ਜਿੱਥੇ ਬੈਂਥਮ ਅਤੇ ਮਿੱਲ ਅਨੁਸਾਰ ਨੈਤਿਕ ਸਚਾਈਆਂ ਅੰਤਰਬੋਧੀ ਨਹੀਂ ਹਨ ਸਗੋਂ ਸਮਾਨੀਕਰਨ ਜਾਂ ਵਿਗਿਆਨਿਕ-ਵਿਸ਼ਵਾਸ ਹਨ, ਉੱਥੇ ਸਿਜਿਵਕ ਅਨੁਸਾਰ ਸ੍ਵਾਰਥਵਾਦ ਅਤੇ ਪਰਉਪਕਾਰਵਾਦ ਨੂੰ ਜ਼ਰੂਰ ਹੀ ਅੰਤਰਬੋਧ ਦੁਆਰਾ ਪ੍ਰਾਪਤ ਸ੍ਵੈ-ਸਿੱਧ ਸਿਧਾਂਤਾਂ ਉੱਪਰ ਨਿਰਭਰ ਹੋਣਾ ਚਾਹੀਦਾ ਹੈ। ਭਾਵੇਂ ਉਹ ਮੰਨਦਾ ਹੈ ਕਿ ਕਿਸੇ ਵਿਸ਼ੇਸ਼ ਵਿਅਕਤੀ ਦਾ ਸੁੱਖ ਮੁਢਲੀ ਗੱਲ ਹੈ ਪਰੰਤੂ ਦੂਜਿਆਂ ਦਾ ਸੁੱਖ ਵੀ ਜ਼ਰੂਰੀ ਹੈ। ਉਹ ਤਰਕ ਦੇ ਆਦੇਸ਼ਾਂ ਨੂੰ ਮੰਨਦਾ ਹੈ ਭਾਵੇਂ ਬਟਲਰ ਵਾਂਗ ਆਤਮ-ਪ੍ਰੇਮ ਦੇ ਸਿਧਾਂਤ ਅਤੇ ਪਰਉਪਕਾਰ ਦੇ ਸਿਧਾਂਤ ਨੂੰ ਵੀ ਮੰਨਦਾ ਹੈ।

ਬਾਅਦ ਵਿੱਚ ਜੀ. ਈ. ਮੂਰ, ਐੱਚ ਰੈਸਡਲ ਅਤੇ ਜੇ ਲੇਅਰਡ ਨੇ ਅੰਤਰਬੌਧਿਕ ਵਿਚਾਰ ਦਾ ਵਿਕਾਸ ਕੀਤਾ ਜਿਵੇਂ ਇਹਨਾਂ ਸਾਰਿਆਂ ਦਾ ਇਹ ਮੱਤ ਸੀ ਕਿ ਸੁੱਖ ਤੋਂ ਬਿਨਾਂ ਹੋਰ ਵੀ ਕੁਝ ਵਸਤੂਆਂ ਹਨ, ਜੋ ਅੰਤਰੀਵ ਤੌਰ ’ਤੇ ਚੰਗੀਆਂ ਹਨ। ਆਰ. ਐੱਮ, ਹੇਅਰ ਬੈਂਥਮ ਦੇ ‘ਕਿਰਿਆ ਉਪਯੋਗਤਾਵਾਦ’ ਅਤੇ ਮਿੱਲ ਦੇ ‘ਨਿਯਮ-ਉਪਯੋਗਤਾਵਾਦ’ ਨੂੰ ਮਿਲਾਉਂਦੇ ਹੋਏ ਮੰਨਦਾ ਹੈ ਕਿ ਇਸ ਤੋਂ ਬਿਨਾਂ ਕਿਸੇ ਕਿਰਿਆ ਦੀ ਜਾਂਚ-ਪੜਤਾਲ ਜਾਂ ਮੁਲਾਂਕਣ ਕਰਨਾ ਸੰਭਵ ਨਹੀਂ ਹੈ।

ਸਧਾਰਨ ਤੌਰ ’ਤੇ ਉਪਯੋਗਤਾਵਾਦ ਲਈ ਨਿਯਮਾਂ ਦੀ ਪਾਲਣਾ ਕੁਝ ਨਿਸ਼ਚਿਤ ਉਦੇਸ਼ਾਂ ਦੀ ਪ੍ਰਾਪਤੀ ਲਈ ਸਾਧਨਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਕਿਸੇ ਕਿਰਿਆ ਦਾ ਉਚਿਤਤਾ ਜਾਂ ਅਨੁਚਿਤਤਾ ਦੀ ਪੁਸ਼ਟੀ ਲਈ ਸਾਨੂੰ ਕੁਝ ਦਲੀਲਾਂ ਉੱਪਰ ਨਿਰਭਰ ਹੋਣਾ ਪਵੇਗਾ, ਜੋ ਸਾਡੇ ਨਿਰਨਿਆਂ ਨੂੰ ਸਰਬ-ਵਿਆਪੀ ਬਣਾਉਂਦੇ ਹਨ ਅਤੇ ਸਾਨੂੰ ਸਮਾਨ ਸਥਿਤੀਆਂ ਨੂੰ ਸਮਾਨ ਢੰਗਾਂ ਨਾਲ ਨਜਿੱਠਣ ਲਈ ਬਚਨਬੱਧ ਕਰਦੇ ਹਨ ਅਤੇ ਇਸਦਾ ਅਰਥ ਇਹ ਵੀ ਹੈ ਕਿ ਕੋਈ ਵੀ ਦੂਜਾ ਵਿਅਕਤੀ ਸਮਾਨ ਹਾਲਤਾਂ ਨਾਲ ਸਮਾਨ ਢੰਗ ਨਾਲ ਨਜਿੱਠਣ ਲਈ ਪੁਸ਼ਟੀਯੋਗ ਹੋਵੇਗਾ।


ਲੇਖਕ : ਵੀਣਾ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-22-10-27-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.